Sunday, 1 July 2018

ਸਥਾਨਕ ਸਰਕਾਰਾਂ ਵਿਭਾਗ ਦਾ ਹਰ ਕੰਮ ਪੰਜਾਬੀ ਵਿਚ ਹੋਵੇਗਾ : ਨਵਜੋਤ ਸਿੱਧੂ


---ਚੰਡੀਗੜ੍ਹ ਵਿੱਚ ਪੰਜਾਬੀ ਹਿਤੈਸ਼ੀਆਂ ਵੱਲੋਂ ਲਗਾਈ ਗਈ ਪੰਚਾਇਤ
---ਮਾਂ ਬੋਲੀ ਦੀ ਕੀਮਤ 'ਤੇ ਕਿਸੇ ਹੋਰ ਭਾਸ਼ਾਵਾਂ ਨੂੰ ਸਵਿਕਾਰ ਨਹੀਂ ਕੀਤਾ ਜਾ ਸਕਦਾ: ਸੁਰਜੀਤ ਪਾਤਰ
---ਛੋਟਾ ਬੱਚਾ ਸਭ ਤੋਂ ਸੌਖਿਆ ਮਾਂ ਬੋਲੀ ਵਿੱਚ ਹੀ ਸਿੱਖ ਸਕਦਾ: ਜੋਗਾ ਸਿੰਘ

ਜੈ ਸਿੰਘ ਛਿੱਬਰ, 
ਚੰਡੀਗੜ੍ਹ -ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਪੰਜਾਬੀ ਹਿਤੈਸ਼ੀਆਂ ਵਲੋਂ ਕਲਾ ਭਵਨ ਵਿਖੇ ਆਯੋਜਿਤ ਪੰਚਾਇਤ ਵਿਚ ਭਰੋਸਾ ਦਿੱਤਾ ਕਿ ਸਥਾਨਕ ਸਰਕਾਰਾਂ ਵਿਭਾਗ ਵਿਚ ਹਰ ਹੁਕਮ, ਕੰਮ ਪੰਜਾਬੀ ਭਾਸ਼ਾ ਵਿਚ ਕੀਤਾ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬੀ ਭਾਸ਼ਾਂ ਨੂੰ ਪਹਿਲੀ ਭਾਸ਼ਾਂ ਵਜੋਂ ਲਾਗੂ ਕਰਨ ਲਈ ਲੇਖਕਾਂ, ਸਾਹਿਤਕਾਰਾਂ, ਪਿੰਡਾਂ ਦੀ ਪੰਚਾਇਤਾਂ, ਧਾਰਮਿਕ ਸਭਾਵਾਂ ਅਤੇ ਪੰਜਾਬੀ  ਹਿਤੈਸ਼ੀਆਂ ਵਲੋਂ ਪੰਚਾਇਤ ਆਯੋਜਿਤ ਕੀਤੀ ਗਈ । 

ਇਕੱਠ ਨੂੰ  ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿੱਚ ਪੰਜਾਬੀ ਮਾਂ ਬੋਲੀ ਦਾ ਖੁੱਸਿਆ ਵੱਕਾਰ ਹਾਸਲ ਕਰਨ ਲਈ ਲੋਕ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਰੋਹ ਅੱਗੇ ਸਰਕਾਰ ਜਾਂ ਪ੍ਰਸ਼ਾਸਨ ਨੂੰ ਝੁਕਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਇਥੇ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਖੁਦ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਸਿੱਧੂ ਨੇ ਦੁਨੀਆਂ ਦੇ ਕਈ ਮੁਲਕਾਂ ਦੀਆਂ ਉਦਾਹਰਨਾਂ ਦਿੰਦਿਆਂ ਦੱਸਿਆ ਕਿ ਕੋਈ ਵੀ ਮੁਲਕ ਕਿੰਨੀ ਵੀ ਤਰੱਕੀ ਕਰ ਲਵੇ ਪਰ ਉਥੋਂ ਦੇ ਵਸਨੀਕਾਂ ਨੇ ਮਾਂ ਬੋਲੀ ਨੂੰ ਕਦੇ ਵੀ ਅਣਗੌਲਿਆ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਕਾਰਟੂਨਾਂ ਦੇ ਪ੍ਰਭਾਵ ਨਾਲ ਪੰਜਾਬੀ ਮਾਂ ਬੋਲੀ ਤੋਂ ਕਿਨਾਰਾ ਕਰ ਰਹੀ ਹੈ ਜਿਸ ਲਈ ਸਾਨੂੰ ਲੋੜ ਹੈ ਕਿ ਪੰਜਾਬੀ ਵਿੱਚ ਕਾਰਟੂਨ ਬਣਾਏ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪੰਜਾਬੀ ਦੇ ਨਾਮਵਰ ਲੇਖਕਾਂ ਜਿਵੇਂ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਨਾਨਕ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ ਆਦਿ ਦੇ ਜੱਦੀ ਘਰਾਂ ਨੂੰ ਜੋੜਦਾ ਸਰਕਟ ਬਣਾਇਆ ਜਾਵੇਗਾ ਅਤੇ ਬਾਹਰੋਂ ਆਉਣ ਵਾਲੇ ਪੰਜਾਬੀਆਂ ਨੂੰ ਇਨ੍ਹਾਂ ਥਾਵਾਂ ਨੂੰ ਦਿਖਾਉਣ ਲਈ ਉਪਰਾਲਾ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀ ਪੀੜ੍ਹੀ ਵੱਡੇ ਲੇਖਕਾਂ ਦੀ ਜੀਵਨ ਤੋਂ ਕੋਈ ਸੇਧ ਲੈ ਸਕੇ। ਉਨ੍ਹਾਂ ਕਿਹਾ ਕਿ ਜੇਕਰ ਇੰਗਲੈਂਡ ਵਿੱਚ ਵਿਲੀਅਮ ਸ਼ੈਕਸਪੀਅਰ ਦਾ ਘਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੋ ਸਕਦਾ ਹੈ ਤਾਂ ਸਾਡੇ ਕਿਸੇ ਪੰਜਾਬੀ ਲੇਖਕ ਦਾ ਘਰ ਕਿਉਂ ਨਹੀਂ। 
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਬੋਲਦਿਆਂ ਕਿਹਾ ਕਿ ਉਹ ਕਿਸੇ ਵੀ ਦੂਜੀ ਭਾਸ਼ਾ ਦਾ ਵਿਰੋਧ ਨਹੀਂ ਕਰਦੇ ਸਗੋਂ ਸਭ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਨ ਪ੍ਰੰਤੂ ਮਾਂ ਬੋਲੀ ਪੰਜਾਬੀ ਦੀ ਕੀਮਤ 'ਤੇ ਕਿਸੇ ਦੂਜੀ ਭਾਸ਼ਾ ਨੂੰ ਅਪਣਾਉਣ ਦਾ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮਾਂ ਬੋਲੀ ਦੀ ਕੀਮਤ 'ਤੇ ਕਿਸੇ ਹੋਰ ਭਾਸ਼ਾਵਾਂ ਨੂੰ ਸਵਿਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਉਦਾਹਰਨਾਂ ਸਮੇਤ ਦੱਸਿਆ ਕਿ ਜੇਕਰ ਪਹਿਲਾ ਬੱਚਾ ਪੰਜਾਬੀ ਪੜ੍ਹੇ ਅਤੇ ਫੇਰ ਅੰਗਰੇਜ਼ੀ ਜਾਂ ਹੋਰ ਭਾਸ਼ਾ ਸਿੱਖੇ ਤਾਂ ਉਹ ਵਧੀਆ ਭਾਸ਼ਾਵਾਂ ਸਿੱਖ ਸਕਦਾ ਹੈ।
ਮੁੱਖ ਬੁਲਾਰੇ ਵਜੋਂ ਬੋਲਦਿਆਂ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਨੇ ਸਾਨੂੰ ਭਾਸ਼ਾਈ ਗੁਲਾਮੀਆਂ ਦੀਆਂ ਜੰਜ਼ੀਰਾਂ ਵਿੱਚ ਬੰਨ੍ਹਿਆ ਗਿਆ ਜਿਸ ਨੂੰ ਤੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਪ੍ਰਸ਼ਾਸਨ ਦੀ ਭਾਸ਼ਾ ਮਾਂ ਬੋਲੀ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਲਈ ਜ਼ਰੂਰੀ ਹੈ ਕਿ ਪ੍ਰਸ਼ਾਸਨਿਕ ਕੰਮਕਾਰ ਸਿਰਫ ਪੰਜਾਬੀ ਭਾਸ਼ਾ ਵਿੱਚ ਹੋਵੇ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਾਡੀ ਸੰਸਦ, ਵਿਧਾਨ ਸਭਾਵਾਂ ਅਤੇ ਅਦਾਲਤਾਂ ਦਾ ਕੰਮਕਾਰ ਅੰਗਰੇਜ਼ੀ ਭਾਸ਼ਾ ਵਿੱਚ ਹੁੰਦਾ ਹੈ ਜੋ ਕਿ ਸਾਡੇ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁਲਕ ਵੱਖ-ਵੱਖ ਸੱਭਿਆਤਾਵਾਂ ਅਤੇ ਭਾਸ਼ਾਈ ਵਿਭਿੰਨਤਾਵਾਂ ਵਾਲਾ ਹੈ ਜਿਸ ਕਰ ਕੇ ਹਰ ਖਿੱਤੇ ਤੇ ਸੂਬੇ ਦੀ ਆਪਣੀ ਸਥਾਨਕ ਭਾਸ਼ਾ ਵਿੱਚ ਕੰਮਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਇਸ ਮੁੱਦੇ 'ਤੇ ਸਾਰੀਆਂ ਧਿਰਾਂ ਦੀ ਸਾਂਝੀ ਮੀਟਿੰਗ ਦਾ ਸੱਦਾ ਵੀ ਦਿੱਤਾ ਜਾਵੇ ਜਿਸ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਕਰ ਕੇ ਸਾਂਝੀ ਰਾਏ ਬਣਾਈ ਜਾਵੇ।
ਭਾਸ਼ਾ ਮਾਹਿਰ ਡਾ.ਜੋਗਾ ਸਿੰਘ ਨੇ ਕਿਹਾ ਕਿ ਭਾਸ਼ਾ ਵਿਗਿਆਨੀ ਇਹ ਸਿੱਧ ਕਰ ਚੁੱਕੇ ਹਨ ਕਿ ਛੋਟਾ ਬੱਚਾ ਸਭ ਤੋਂ ਸੌਖਿਆ ਮਾਂ ਬੋਲੀ ਵਿੱਚ ਹੀ ਸਿੱਖ ਸਕਦਾ ਹੈ। ਉਨ੍ਹਾਂ ਤਰਕ ਦਿੰਦਿਆਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਬਣਾ ਕੇ ਚੰਡੀਗੜ੍ਹ ਪ੍ਰਸ਼ਾਸਨ ਸਥਾਨਕ ਲੋਕਾਂ ਨਾਲ ਵਿਤਕਰਾ ਕਰਦਾ ਹੈ। ਪੱਤਰਕਾਰ ਤਰਲਚੋਨ ਸਿੰਘ ਨੇ ਕਿਹਾ ਕਿ ਕਿੰਨੇ ਸਿਤਮ ਵਾਲੀ ਗੱਲ ਹੈ ਕਿ ਦੇਸ਼ ਦੇ 29 ਸੂਬਿਆਂ ਅਤੇ ਚੰਡੀਗੜ੍ਹ ਨੂੰ ਛੱਡ ਕੇ ਬਾਕੀ 6 ਕੇਂਦਰ ਸਾਸ਼ਿਤ ਪ੍ਰਦੇਸ਼ ਵਿੱਚ ਕਿਤੇ ਵੀ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਹਾਸਲ ਨਹੀਂ ਜਦੋਂ ਕਿ ਇਹ ਧੱਕਾ ਸਿਰਫ ਚੰਡੀਗੜ੍ਹ ਨਾਲ ਕੀਤਾ ਹੈ ਅਤੇ ਇਸੇ ਖਿਲਾਫ ਉਨ੍ਹਾਂ ਅੱਜ ਇਹ ਪੰਚਾਇਤ ਸੱਦੀ ਹੈ। ਚੰਡੀਗੜ੍ਹ ਪੰਜਾਬੀ ਮੰਚ ਦੇ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ 13 ਲੱਖ ਵਸੋਂ ਵਾਲੇ ਸ਼ਹਿਰ ਚੰਡੀਗੜ੍ਹ ਵਿੱਚ ਅੰਗਰੇਜ਼ੀ ਭਾਸ਼ਾ ਧੱਕੇ ਨਾਲ ਥੋਪੀ ਗਈ ਹੈ ਜੋ ਕਿ ਅਸੰਵਿਧਾਨਕ ਹੈ ਕਿਉਂਕਿ ਸਾਡੇ ਸੰਵਿਧਾਨ ਵਿੱਚ ਦਰਜ 22 ਭਾਸ਼ਾਵਾਂ ਵਿੱਚ ਅੰਗਰੇਜ਼ੀ ਦਾ ਨਾਮ ਨਹੀਂ ਆਉਂਦਾ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡਾ.ਸਰਬਜੀਤ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਮੁੱਦਾ ਭਾਵੁਕ ਮੁੱਦਾ ਨਹੀਂ ਬਲਕਿ ਸਾਡੇ ਅਮੀਰ ਸੱਭਿਆਚਾਰ, ਪਿਛੋਕੜ ਅਤੇ ਸਾਡੀਆਂ ਜੜ੍ਵਾਂ ਦਾ ਮਾਮਲਾ ਹੈ ਅਤੇ ਸਾਨੂੰ ਮਿਲ ਕੇ ਲੜਨਾ ਪਵੇਗਾ। ਚੰਡੀਗੜ੍ਹ ਦੇ ਇਕ ਬਜ਼ਰੁਗ ਸਾਧੂ ਸਿੰਘ ਨੇ ਆਪਣੀਆਂ ਦਲੀਲਾਂ ਦਿੰਦੇ ਕਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਮਾਂ ਬੋਲੀ ਤੇ ਮਾਪਿਆਂ ਦੋਵਾਂ ਤੋਂ ਹੀ ਦੂਰ ਜਾ ਰਹੀ ਹੈ। ਰਘੁਬੀਰ ਸਿੰਘ ਨੇ ਸਮੂਹ ਗੁਰਦੁਆਰਾ ਸੰਗਠਨਾਂ ਵੱਲੋਂ ਬੋਲਦਿਆਂ ਇਸ ਸੰਘਰਸ਼ ਵਿੱਚ ਪੂਰਨ ਹਮਾਇਤ ਦੇਣ ਦੇ ਭਰੋਸਾ ਦਿਵਾਇਆ।

No comments:

Post a Comment