Tuesday, 25 October 2016

ਸਿਆਸਤ ਦੀ ਭੁੱਖ ਕਾਰਨ ਅਕਾਲੀਆਂ ਨੇ ਲਿਆ ਪੰਜਾਬੀ ਸੂਬਾ –ਭੱਠਲ

ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਸਿਆਸੀ ਸਟੰਟ

ਪਾਣੀਆਂ, ਚੰਡੀਗੜ ਤੇ ਪੰਜਾਬੀ ਬੋਲਦੇ ਇਲਾਕੇ ਦਾ ਵਿਵਾਦ ਅਕਾਲੀ ਦਲ ਦੀ ਦੇਣ
ਚੰਡੀਗੜ• 25 ਅਕਤੂਬਰ (ਜੈ ਸਿੰਘ ਛਿੱਬਰ) : ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਮੰਤਰੀ ਮੰਡਲ ਵਲੋਂ 27 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਫੈਸਲੇ ਨੂੰ ਸਿਆਸੀ ਸਟੰਟ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ 9 ਸਾਲ ਪਹਿਲਾਂ ਕੱਚੇ ਮੁਲਾਜਮ ਕਿਉਂ ਨਹੀਂ ਦਿਖੇ? ਅੱਜ ਸਪੋਕਸ਼ਮੈਨ ਨਾਲ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਬੇਰੁੱਜਗਾਰਾਂ ਤੇ ਕੱਚੇ ਮੁਲਾਜ਼ਮਾਂ ਨੂੰ ਧੋਖਾ ਦੇਣ ਵਾਲਾ ਹੈ, ਕਿਉਂਕਿ ਜੇਕਰ ਸਹੀ ਮਾਅਨੇ ਵਿੱਚ ਅੱਜ ਤੋਂ ਵੀ ਰੈਗੂਲਰ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਵੀ ਚੋਣਾਂ ਤੱਕ ਸਿਰੇ ਨਹੀਂ ਲੱਗੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬਾਕੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਿਉਂ ਨਹੀਂ ਕਰ ਰਹੀ? ਸਰਕਾਰ ਨੇ ਜਾਣਬੁੱਝ ਅਜਿਹਾ ਫੈਸਲਾ ਕੀਤਾ ਹੈ ਤਾਂ ਕਿ ਕਿਸੇ ਨਾ ਕਿਸੀ ਤਰ•ਾਂ ਕਾਨੂੰਨੀ ਅੜਚਣ ਪੈਦਾ ਕੀਤੀ ਜਾਵੇ।
ਬੀਬੀ ਭੱਠਲ ਨੇ ਪੰਜਾਬੀ ਸੂਬੇ ਦੀ ਵਰੇਗੰਢ ਮਨਾਉਣ 'ਤੇ ਅਕਾਲੀ ਦਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਕਾਲੀਆਂ ਨੇ ਆਪਣੀ ਸੱਤਾ ਦੀ ਭੁੱਖ ਲਈ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦਾ ਇਲਾਕਾ ਬਾਹਰ ਕਢਵਾਇਆ। ਉਹਨਾਂ ਕਿਹਾ ਕਿ ਜੇਕਰ ਪੰਜਾਬੀ ਸੂਬਾ ਨਾ ਬਣਦਾ ਤਾਂ ਅੱਜ ਪਾਣੀਆਂ, ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ ਵਰਗਾ ਮੁੱਦਾ ਪੈਦਾ ਨਾ ਹੁੰਦਾ, ਕਿਉਂਕਿ ਮਹਾਂ ਪੰਜਾਬ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਲ ਸਨ। ਅਕਾਲੀਆਂ ਦੀ ਗਲਤੀ ਕਾਰਨ ਹੀ ਸਾਰੀ ਇੰਡਸਟਰੀ ਹਿਮਾਚਲ ਪ੍ਰਦੇਸ਼ ਤੇ ਫਰੀਦਬਾਦ, ਗੜਗਾਉਂ ਵਿੱਚ ਗਈ ਹੈ। ਬੀਬੀ ਭੱਠਲ ਨੇ ਬਾਦਲ 'ਤੇ ਪੈਪਸੂ ਰੋਡਵੇਜ ਦੀਆਂ 117 ਬੱਸਾਂ ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾਂ ਲਈ ਭੇਜਣ 'ਤੇ ਆਪਣਾ ਨਿੱਜੀ ਲਾਭ ਉਠਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਖਾਲੀ ਰੂਟਾਂ 'ਤੇ ਬਾਦਲ ਪਰਿਵਾਰ ਦੀਆਂ ਕੰਪਨੀਆਂ ਵਾਲੀਆਂ ਬੱਸਾ ਚੱਲ ਰਹੀਆਂ ਹਨ ਜਦੋਂਕਿ ਸਰਕਾਰੀ ਰੂਟ ਬੰਦ ਹੋ ਗਏ ਹਨ। ਉਪ ਮੁੱਖ ਮੰਤਰੀ ਵਲੋਂ ਡੌਪ ਟੈਸਟ ਦੇ ਦਿੱਤੇ ਅੰਕੜਿਆਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ ਤੇ ਲੋਕੀਂ ਚੋਣਾਂ ਦੀ ਤਾਰੀਖ ਦਾ ਇੰਤਜਾਰ ਕਰ ਰਹੇ ਹਨ।
ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 9 ਸਾਲਾਂ ਵਿੱਚ ਕਿਸਾਨਾਂ ਨੂੰ ਫਸਲ ਵੇਚਣ ਲਈ ਮੰਡੀਆਂ ਵਿੱਚ ਦਿਨ ਰਾਤ ਰੁਲਣਾ ਪਿਆ ਹੈ। ਸ਼੍ਰੀ ਮਤੀ ਭੱਠਲ ਨੇ ਕਿਹਾ ਕਿ ਹਰਿਆਣਾ ਵਿੱਚ 21 ਫ਼ੀਸਦੀ ਨਮੀ ਵਾਲਾ ਝੋਨਾ ਵਿਕ ਰਿਹਾ ਹੈ, ਪਰ ਪੰਜਾਬ 'ਚ 17 ਫੀ ਸਦੀ ਨਮੀ ਵਾਲਾ ਝੋਨਾ ਖ੍ਰੀਦਣ ਲਈ ਵੀ ਖ੍ਰੀਦ ਅਧਿਕਾਰੀ ਆਨਾਕਾਨੀ ਕਰ ਰਹੇ ਹਨ।
ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਨਾਲ ਕੀਤਾ ਜਾਂਦਾ ਮਤਰੇਈ ਮਾਂ ਵਾਲਾ ਸਲੂਕ ਹੁਣ ਕਿਉਂ ਨਹੀਂ ਦਿਖ ਰਹਾ। ਉਹਨਾਂ ਕਿਹਾ ਕਿ ਪੰਜਾਬ ਚੋਣਾਂ ਸਿਰ 'ਤੇ ਹਨ, ਪਰ ਲੁਧਿਆਣਾ ਦੌਰੇ ਮੌਕੇ ਪ੍ਰਧਾਨ ਮੰਤਰੀ ਨੇ  ਪੰਜਾਬ ਲਈ ਕੁੱਝ ਨਹੀਂ ਕੀਤਾ। ਜਦੋਂਕਿ ਚੋਣਾਂ ਤੋਂ ਪਹਿਲਾਂ ਅਕਾਲੀ ਆਗੂ ਟਰੱਕਾਂ 'ਚ ਨੋਟ ਆਉਣ ਦਾ ਦਾਅਵਾ ਕਰਦੇ ਸਨ।

ਪੁਲਿਸ ਨੌਕਰੀ ਤੋਂ ਅਸਤੀਫਾ ਦੇਣ ਵਾਲੇ ਐਸ.ਐਸ.ਪੀ ਜਲੰਧਰ ਹਰਮੋਹਨ ਸਿੰਘ ਸੰਧੂ ਫਿਰ ਜੁਆਇਨ ਕਰਨਗੇ ਡਿਊਟੀ


ਚੰਡੀਗੜ• 25 ਅਕਤੂਬਰ ( ਜੈ ਸਿੰਘ ਛਿੱਬਰ) : ਆਗਾਮੀ ਵਿਧਾਨ ਸਭਾ ਚੋਣਾਂ 'ਚ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ (ਰਾਖਵੇਂ) ਤੋਂ ਚੋਣ ਲੜਨ ਲਈ ਕਰੀਬ ਦੋ ਹਫ਼ਤੇ ਪਹਿਲਾਂ ਐਸ.ਐਸ.ਪੀ ਦੇ ਅਹੁੱਦੇ ਤੋਂ ਅਸਤੀਫਾ ਦੇਣ ਵਾਲੇ ਜਲ•ੰਧਰ ਦਿਹਾਤੀ ਦੇ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਨੇ ਆਪਣਾ ਫੈਸਲਾ ਬਦਲ ਲਿਆ ਹੈ। ਸਿਆਸਤ ਵਿੱਚ ਆਉਣ ਦੀ ਬਜਾਏ ਸ੍ਰੀ ਸੰਧੂ ਨੇ ਮੁੜ ਤੋਂ ਨੌਕਰੀ ਜੁਆਇਨ ਕਰਨ ਲਈ ਉਚ ਅਧਿਕਾਰੀਆਂ ਨੂੰ ਕਹਿ ਦਿੱਤਾ ਹੈ। ਐਸ.ਐਸ.ਪੀ ਦਿਹਾਤੀ ਜਲੰਧਰ ਦਫ਼ਤਰ ਦੇ ਕੁੱਝ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਦੱਸਿਆਂ ਕਿ “ਸਾਹਬ ਵਿਦੇਸ਼ ਗਏ ਹੋਏ ਹਨ ਅਤੇ ਦੋ -ਤਿੰਨ ਦਿਨਾਂ ਵਿੱਚ ਉਹ ਮੁੜ ਜੁਆਇੰਨ ਕਰਨਗੇ। ” ਇਸ ਸਮੇਂ ਐਸ.ਐਸ.ਪੀ ਜਲੰਧਰ ਦਾ ਕਾਰਜਭਾਰ ਐਸ.ਐਸ.ਪੀ ਕਪੂਰਥਲਾਂ ਨੂੰ ਦਿੱਤਾ ਹੋਇਆ ਹੈ।
ਸਾਬਕਾ ਮੰਤਰੀ ਅਤੇ ਸ੍ਰ ਹਰਮੋਹਨ ਸਿੰਘ ਸੰਧੂ ਦੀ ਮਾਤਾ ਬੀਬੀ ਸਤਵੰਤ ਕੌਰ ਸੰਧੂ ਨੇ ਕਿਹਾ ਕਿ ਹਰਮੋਹਨ ਸਿੰਘ ਵਿਦੇਸ਼ ਗਏ ਹੋਏ ਹਨ ਤੇ ਕਈ ਦਿਨਾਂ ਤੋ ਕੋਈ ਗੱਲ ਨਹੀਂ ਹੋਈ। ਵੈਸੇ ਉਹਨਾਂ ਮੰਨਿਆਂ ਕਿ ਪਹਿਲਾਂ ਵਾਲੀ ਸਿਆਸਤ ਨਹੀਂ ਰਹੀ ਅਤੇ ਲੋਕਾਂ ਦੀ ਅਵਾਜ਼ ਕਈ ਵਾਰ ਸੱਚ ਹੁੰਦੀ ਹੈ। ਯਾਨੀ ਉਹਨਾਂ ਅਸਿੱਧੇ ਤੌਰ 'ਤੇ ਮੰਨ ਲਿਆ ਕਿ ਸ੍ਰ ਹਰਮੋਹਨ ਸਿੰਘ ਸੰਧੂ ਸਿਆਸਤ ਵਿੱਚ ਨਹੀਂ ਆਉਣਗੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰ ਸੰਧੂ ਨੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਸਮੇਂ ਤੋਂ ਪਹਿਲਾਂ ਪੁਲਿਸ ਵਿਭਾਗ ਤੋਂ ਰਿਟਾਇਰਮੈਂਟ (ਵੀ.ਆਰ.ਐਸ) ਲੈਣ ਲਈ ਪੱਤਰ ਦਿੱਤਾ ਸੀ ਅਤੇ ਲੰਬੀ ਛੁੱਟੀ ਲਈ ਸੀ। ਪਰ ਸੂਤਰ ਦੱਸਦੇ ਹਨ ਕਿ ਅਕਾਲੀ ਦਲ ਵਲੋਂ ਉਹਨਾਂ ਨੂੰ ਬਸੀ ਪਠਾਣਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਨ ਲਈ ਕਿਹਾ ਗਿਆ। ਇਸਤੋਂ ਇਲਾਵਾ ਸ੍ਰ ਸੰਧੂ ਨੂੰ ਉਹਨਾਂ ਦੇ ਬਹੁਤ ਸਾਰੇ ਦੋਸਤਾਂ ਮਿੱਤਰਾਂ, ਜਾਣਕਾਰ, ਰਿਸ਼ਤੇਦਾਰਾਂ ਨੇ ਵੀ ਨੌਕਰੀ ਤੋਂ ਅਸਤੀਫਾ ਦੇਣ ਦੇ ਫੈਸਲੇ ਨੂੰ ਗਲਤ ਦੱਸਦਿਆਂ ਡਿਊਟੀ ਜੁਆਇਨ ਕਰਨ ਦੀ ਸਲਾਹ ਦਿੱਤੀ ਹੈ ਕਿ ਉਹਨਾਂ ਦੀ ਅੱਠ ਦਸ ਸਾਲਾਂ ਦੀ ਨੌਕਰੀ ਅਜੇ ਬਾਕੀ ਪਈ ਹੈ। ਜਿਸ ਕਾਰਨ ਉਹਨਾਂ ਆਪਣਾ ਮਨ ਬਦਲ ਲਿਆ ਹੈ। ਸੰਧੂ ਪਰਵਾਰ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਅਤੇ ਲੰਬੇ ਸਮੇਂ ਤੋਂ ਮੋਰਿੰਡਾ ਤੇ ਚਮਕੌਰ ਸਾਹਿਬ ਹਲਕੇ ਦੀ ਰਹਿਨਮਾਈ ਕਰਦਾ ਰਿਹਾ ਹੈ। ਇਸਤੋਂ ਪਹਿਲਾ ਜਮਗੀਤ ਕੌਰ ਸੰਧੂ ਜੋ ਕਿ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਦੀ ਭਾਬੀ ਹੈ, ਵਲੋਂ ਹਲਕਾ ਇੰਚਾਰਜ ਵਲੋਂ ਵੋਟਰਾਂ ਨਾਲ ਸੰਪਰਕ ਬਣਾਇਆ ਹੋਇਆ ਸੀ, ਪਰ ਸਰਕਾਰ ਨੇ ਜਗਮੀਤ ਕੌਰ ਸੰਧੂ ਨੂੰ ਸੇਵਾ ਦਾ ਅਧਿਕਾਰ ਕਮਿਸ਼ਨ ਨਿਯੁਕਤ ਕਰ ਦਿੱਤਾ ਗਿਆ ਹੈ।
ਅਕਾਲੀ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਐਮ.ਪੀ ਸਤਵਿੰਦਰ ਕੌਰ ਧਾਲੀਵਾਲ ਆਪਣੇ ਬੇਟੇ ਨੂੰ ਟਿਕਟ ਦਿਵਾਉਣ ਲਈ ਯਤਨਸ਼ੀਲ ਹੈ। ਪਰ ਬੀਬੀ ਸਤਵੰਤ ਕੌਰ ਸੰਧੂ ਹਲਕੇ ਵਿੱਚੋਂ ਆਪਣੀ ਦਾਅਵੇਦਾਰੀ ਛੱਡਣਾ ਨਹੀਂ ਚਾਹੁੰਦੇ। ਹਰਮੋਹਨ ਸਿੰਘ ਸੰਧੂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਹਨਾਂ  ਨਾਲ ਜੁੜੇ ਕਈ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸ੍ਰ ਸੰਧੂ ਵਲੋਂ ਜ਼ਲਦ ਨੌਕਰੀ ਜੁਆਇਨ ਕਰਨ ਦੀ ਪੁਸ਼ਟੀ ਕੀਤੀ ਹੈ।

ਹਾਸ਼ੀਏ 'ਤੇ ਗਏ ਅਕਾਲੀ ਦਲ 1920 ਦਾ ਪਿਆ ਭੋਗ

ਅਕਾਲੀ ਦਲ ਬਾਦਲ ਨੂੰ ਖ਼ੋਰਾ ਲਾਉਣ ਲਈ ਅਖੰਡ ਅਕਾਲੀ ਦਲ ਗਠਿਤ
ਰਵੀਇੰਦਰ ਸਿੰਘ ਦੁੱਮਣਾ ਬਣੇ ਪ੍ਰਧਾਨ, ਸੁਖਦੇਵ ਭੌਰ ਨੂੰ ਸੌਂਪੀ ਕਾਰਜਕਾਰੀ ਪ੍ਰਧਾਨ ਦੀ ਜਿਮੇਵਾਰੀ

ਚੰਡੀਗੜ 25 ਅਕਤੂਬਰ ( ਜੈ ਸਿੰਘ ਛਿੱਬਰ) : ਅਕਾਲੀ ਦਲ 1920 ਅੱਜ ਅਕਾਲੀ ਸਿਆਸਤ 'ਚੋ ਮਨਫ਼ੀ ਹੋ ਗਿਆ ਹੈ ਅਤੇ ਇੱਕ ਨਵਾਂ ਦਲ “ਅਖੰਡ ਅਕਾਲੀ ਦਲ” ਨੇ ਜਨਮ ਲੈ ਲਿਆ ਹੈ। ਪਿਛਲੇ ਕਈ ਸਾਲਾਂ ਤੋਂ ਸਿਆਸਤ ਦੇ ਹਾਸ਼ੀਏ 'ਤੇ ਗਏ ਸਾਬਕਾ ਸਪੀਕਰ ਅਤੇ ਦਲ ਦੇ ਪ੍ਰਧਾਨ ਰਵੀਇੰਦਰ ਸਿੰਘ ਦੁੱਮਣਾ ਨੇ ਰੋਜਾਨਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਵਿਰੋਧੀ ਆਗੂਆਂ ਨੂੰ ਇੱਕ ਮੰੰਚ 'ਤੇ ਇਕੱਠਾ ਕਰਨ ਲਈ “ਅਖੰਡ ਅਕਾਲੀ ਦਲ” ਗਠਿਤ ਕੀਤਾ ਗਿਆ ਹੈ। ਹਾਲਾਂਕਿ ਸ੍ਰ ਦੁੱਮਣਾ ਨਵੇਂ ਬਣੇ ਅਖੰਡ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ, ਪਰ ਪੂਰੀ ਕਮਾਂਡ ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਤੇ ਬਾਦਲ ਦਲ ਤੋਂ ਬਾਗੀ ਹੋਏ ਜਥੇਦਾਰ ਸੁਖਦੇਵ ਸਿੰਘ ਭੌਰ ਨੂੰ ਕਾਰਜਕਾਰੀ ਪ੍ਰਧਾਨ ਬਣਾਕੇ ਸੌਂਪੀ ਗਈ ਹੈ। ਜਦੋਂਕਿ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ ਨੂੰ ਸਰਪ੍ਰਸਤ ਬਣਾਇਆ ਗਿਆ ਹੈ।
ਸ੍ਰ ਦੁੱਮਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵਲੋਂ ਏਕਤਾ ਦੇ ਸੰਕਲਪ ਅਤੇ ਸੰਤਾਂ -ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਪੰਜਾਬ ਅਤੇ ਪੰਥ ਦੇ ਭਲੇ ਲਈ ਅਕਾਲੀ ਦਲ 1920, ਪੰਥਕ ਅਕਾਲੀ ਅਤੇ ਇੰਟਰਨੈਸ਼ਨਲ ਅਕਾਲੀ ਦਲ ਨੇ ਤਿਆਗ ਦੀ ਭਾਵਨਾ ਨੂੰ ਮੁੱਖ ਰਖਦਿਆ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਅੰਖਡ ਅਕਾਲੀ ਦਲ ਗਠਿਤ ਕੀਤਾ ਹੈ। ਉਹਨਾਂ ਕਿਹਾ ਕਿ ਚੋਣਾਂ ਦੀ ਘੋਸ਼ਣਾਂ ਹੋਣ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਅਕਾਲੀ ਦਲ ਬਾਦਲ ਵਿਚੋਂ ਆਗੂ ਉਹਨਾਂ ਨਾਲ ਜੁੜਨਗੇ ਜਿਹਨਾਂ ਦੇ ਨਾਮ ਦਾ ਖੁਲਾਸਾ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ। ਉਹਨਾਂ ਕਿਹਾ ਬਾਦਲ ਪਰਵਾਰ ਨੇ ਲੰਬਾਂ ਸਮਾ ਸੱਤਾ ਵਿੱਚ ਰਹਿਕੇ ਸਿੱਖ ਸੰਸਥਾਵਾਂ, ਸਿੱਖ ਪ੍ਰੰਪਰਾਵਾਂ, ਸ੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਸਰਬ ਉਚ ਅਸਥਾਨ ਦੀ ਮਾਣ ਮਰਿਆਦਾ ਤੋੜ ਦਿੱਤੀ ਹੈ। ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆਂ ਨੂੰ ਇਕ ਮੰਚ 'ਤੇ ਸੁਰਜੀਤ ਕਰਨ ਲਈ ਪੰਥਕ ਜਥੇਬੰਦੀ ਭਾਵ ਨਵਾਂ ਅਕਾਲੀ ਦਲ ਬਣਾਉਣਾ ਜਰੂਰੀ ਸੀ।
ਇਸ ਮੌਕੇ 'ਤੇ ਜਥੇਦਾਰ ਜਰਨੈਲ ਸਿੰਘ ਪੁਰੇਵਾਲ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸੀਨੀਅਰ ਅਕਾਲੀ ਆਗੂ ਕੈਨੇਡਾ ਵਾਸੀ ਵੀ ਬਾਦਲ ਦਲ ਨੂੰ ਛੱਡ ਅਖੰਡ ਅਕਾਲੀ ਦਲ ਦਾ ਹਿੱਸਾ ਬਣੇ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ, ਨਿਰਮਲੇ ਸੰਪਰਦਾ ਦੇ ਮੁਖੀ ਸੰਤ ਪਿਆਰਾ ਸਿੰਘ, ਏਕਨੂਰ ਖ਼ਾਲਸਾ ਫ਼ੌਜ ਦੇ ਮੁਖੀ ਹਰਜਿੰਦਰ ਸਿੰਘ ਤੇ ਰੁਪਿੰਦਰ ਸਿੰਘ, ਪੰਜਾਬ ਆਰਗੇਨਾਈਜ਼ੇਸ਼ਨ ਆਫ਼ ਸਟੂਡੈਂਟ ਦੇ ਮੁਖੀ ਸ. ਅੰਮ੍ਰਿਤਪਾਲ ਸਿੰਘ ਹਲਵਾਰਾ ਅਤੇ ਦਿਆ ਸਿੰਘ ਧਨੋਆ, ਦੇਗ ਤੇਗ ਫ਼ਤਿਹ ਸਿੰਘ ਸਜੋ ਲਹਿਰ ਦੇ ਮੁਖੀ ਸ. ਭਰਪੂਰ ਸਿੰਘ ਧਾਦਰਾ, ਸ਼ਾਨ-ਏ-ਖ਼ਾਲਸਾ ਦਸਤਾਰ ਫ਼ੈਡਰੇਸ਼ਨ ਦੇ ਮੁਖੀ ਨਵਜੋਤ ਸਿੰਘ ਸਿੱਧੂ, ਪੰਥਕ ਪੰਚਾਇਤ ਦੇ ਮੁਖੀ ਸ. ਨਰਿੰਜਣ ਸਿੰਘ ਪ੍ਰੇਮੀ, ਸਿੱਖ ਸਿਟੀਜਨ ਕੌਂਸਲ ਦੇ ਮੁਖੀ ਸ. ਬੇਅੰਤ ਸਿੰਘ ਖਿਆਲਾ (ਭਰਾਤਾ ਸ਼ਹੀਦ ਜਨਰਲ ਸੁਬੇਗ ਸਿੰਘ ਜੀ), ਮੀਰੀ ਪੀਰੀ ਸੇਵਾ ਸੁਸਾਇਟੀ ਰਜਿ. ਦੇ ਮੁਖੀ ਕਰਤਾਰ ਸਿੰਘ ਝੱਬਰ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਭਾਈ ਸਤਨਾਮ ਸਿੰਘ ਆਦਿ ਮੁਖੀਆਂ ਨੇ ਅਖੰਡ ਅਕਾਲੀ ਦਲ ਨੂੰ ਪੂਰਨ ਭਰੋਸਾ ਦਿੰਦਿਆਂ ਸ. ਰਵੀਇੰਦਰ ਸਿੰਘ ਪ੍ਰਧਾਨ ਅਤੇ ਜਥੇ. ਬਲਵੰਤ ਸਿੰਘ ਨੰਦਗੜ• ਨੂੰ ਹਰ ਤਰ•ਾਂ ਦੇ ਸਹਿਯੋਗ ਦੇਣ ਦਾ ਪ੍ਰਣ ਕੀਤਾ।

Sunday, 16 October 2016

ਐਸ.ਐਸ.ਪੀ ਜਲੰਧਰ ਵਲੋਂ ਨੌਕਰੀ ਤੋਂ ਅਸਤੀਫਾ !

ਚਮਕੌਰ ਸਾਹਿਬ ਤੋਂ ਚੋਣ ਲੜਨ ਲਈ ਅਸਤੀਫਾ ਦੇਣ ਦੀ ਚਰਚਾ
ਮੈਨੂੰ  ਕੁੱਝ ਨਹੀਂ ਪਤਾ -ਬੀਬੀ ਸਤਵੰਤ ਕੌਰ ਸੰਧੂ
ਚੰਡੀਗੜ• 12 ਅਕਤੂਬਰ ( ਜੈ ਸਿੰਘ ਛਿੱਬਰ) : ਜਲ•ੰਧਰ ਦਿਹਾਤੀ ਦੇ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਵਲੋਂ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇਣ ਦੀ ਖ਼ਬਰ ਪੁਲਿਸ ਹੈਡਕੁਆਟਰ ਤੇ ਸਿਵਲ ਸਕੱਤਰੇਤ ਦੇ ਗਲਿਆਰੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਰਚਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਰਮੋਹਨ ਸਿੰਘ ਸੰਧੂ ਨੂੰ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਹਨ। ਚਮਕੌਰ ਸਾਹਿਬ ਹਲਕੇ ਦੀ ਲੰਬਾਂ ਸਮਾ ਰਹਿਨਮਾਈ ਕਰਨ ਵਾਲੀ ਸਾਬਕਾ ਅਕਾਲੀ ਮੰਤਰੀ ਅਤੇ ਸ੍ਰੀ ਹਰਮੋਹਨ ਸਿੰਘ ਸੰਧੂ ਦੀ ਮਾਤਾ ਬੀਬੀ ਸਤਵੰਤ  ਕੌਰ ਸੰਧੂ ਨੇ ਰੋਜਾਨਾਂ ਸਪੋਕਸਮੈਨ  ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਉਹਨਾਂ ਨੂੰ ਕੁੱਝ ਨਹੀਂ ਪਤਾ .ਮੈਂ ਤਾਂ ਇਸ ਮਾਮਲੇਂ 'ਚ ਉਸਨੂੰ (ਬੇਟੇ) ਫਰੀ ਛੱਡਿਆ ਹੋਇਆ ਹੈ। ”
ਇੱਥੇ ਦੱਸਿਆ ਜਾਂਦਾ ਹੈ ਕਿ ਸੰਧੂ ਪਰਵਾਰ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ, ਚਮਕੌਰ ਸਾਹਿਬ ਹਲਕੇ ਦੀ ਰਹਿਨਮਾਈ ਕਰਦਾ ਰਿਹਾ ਹੈ। ਸਾਲ 2007 ਤੇ 2012 ਦੀਆਂ ਚੋਣਾਂ ਵਿੱਚ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਅਤੇ ਉਹਨਾਂ ਦੀ ਨੂੰਹ ਜਗਮੀਤ    ਕੌਰ ਸੰਧੂ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਕੋਲ•ੋ ਹਾਰ ਖਾ ਚੁੱਕੇ ਹਨ। ਹੁਣ ਵੀ ਜਮਗੀਤ ਕੌਰ ਸੰਧੂ  ਜੋ ਕਿ ਹਲਕਾ ਇੰਚਾਰਜ ਵਜੋਂ ਹਲਕੇ ਵਿੱਚ ਵਿਚਰ ਰਹੇ ਹਨ, ਚੋਣ ਲੜਨ ਦੀ ਤਿਆਰੀ ਕਰ ਰਹੇ ਸਨ। ਪਰੰਤੂ ਸਰਕਾਰ ਵਲੋਂ ਜਗਮੀਤ ਕੌਰ ਸੰਧੂ ਨੂੰ ਸੇਵਾ ਦਾ ਅਧਿਕਾਰ ਕਮਿਸ਼ਨ ਨਿਯੁਕਤ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਹਨਾਂ ਦੇ ਚੋਣ ਲੜਨ ਦੀਆਂ ਸੰਭਾਵਨਾਵਾਂ ਮੱਧਮ ਹੋ ਗਈਆਂ ਹਨ। ਅਕਾਲੀ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਐਮ.ਪੀ ਸਤਵਿੰਦਰ ਕੌਰ ਧਾਲੀਵਾਲ ਆਪਣੇ ਬੇਟੇ ਨੂੰ ਟਿਕਟ ਦਿਵਾਉਣ ਲਈ ਯਤਨ ਕਰ ਰਹੀ ਹੈ। ਪਰ ਸੰਧੂ ਪਰਵਾਰ ਖਾਸਕਰਕੇ ਬੀਬੀ ਸਤਵੰਤ ਕੌਰ ਸੰਧੂ ਹਲਕੇ ਵਿੱਚੋਂ ਆਪਣੀ ਦਾਅਵੇਦਾਰੀ ਨਹੀਂ  ਛੱਡ ਰਹੇ। ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਹਰਮੋਹਨ ਸਿੰਘ ਸੰਧੂ ਲੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਦੱਸਿਆਂ ਜਾਂਦਾ ਹੈ ਕਿ ਪਰਵਾਰਕ ਤੇ ਕੁੱਝ ਰਿਸ਼ਤੇਦਾਰਾਂ ਵਲੋਂ ਹਰਮੋਹਨ ਸਿੰਘ ਸੰਧੂ 'ਤੇ ਨੌਕਰੀ ਤੋਂ ਅਸਤੀਫਾ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਵਾਰ ਵਾਰ ਸੰਪਰਕ ਕਰਨ 'ਤੇ ਐਸ.ਐਸ.ਪੀ ਜਲੰਧਰ ਦਿਹਾਤੀ ਹਰਮੋਹਨ ਸਿੰਘ ਸੰਧੂ ਨਾਲ ਸੰਪਰਕ ਨਹੀਂ ਹੋ ਸਕਿਆ।
ਉਧਰ ਕਈ ਸਿਆਸੀ ਪੰਡਤਾਂ ਨੇ ਹਰਮੋਹਨ ਸਿੰਘ ਸੰਧੂ ਵਲੋਂ ਸਰਕਾਰੀ ਨੌਕਰੀ ਖਾਸਕਰਕੇ ਪੁਲਿਸ ਪ੍ਰਸ਼ਾਸਨ ਵਿੱਚ ਵੱਡੀ ਪੋਸਟ ਤੋਂ ਅਸਤੀਫਾ ਦੇਣ ਦੀ ਘਟਨਾਂ ਨੂੰ ਉਸਦੀ (ਸੰਧੂ) ਦੀ ਵੱਡੀ ਭੁੱਲ ਦੱਸਦਿਆਂ ਕਿਹਾ ਕਿ ਜੇਕਰ ਉਹ (ਸ੍ਰੀ ਸੰਧੂ) ਚੋਣ ਲੜਨ ਲਈ ਅਸਤੀਫਾ ਦਿੰਦੇ ਹਨ ਤਾਂ ਇਹ ਉਹਨਾਂ ਦੀ ਵੱਡੀ ਭੁੱਲ ਤੇ ਗਲਤੀ ਹੋਵੇਗੀ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵੋਟਰਾਂ ਨੇ ਕਦੇ ਵੀ ਸਰਕਾਰੀ ਅਧਿਕਾਰੀਆਂ ਨੂੰ ਸੱਤਾਂ ਦੀ ਕੁਰਸੀ 'ਤੇ ਨਹੀਂ ਬਿਠਾਇਆ ਇਸਤੋਂ ਪਹਿਲਾ ਸਾਬਕਾ ਆਈ.ਏ.ਅਧਿਕਾਰੀ ਦਰਬਾਰਾ ਸਿੰਘ ਗੁਰੂ, ਸਾਬਕਾ ਪੁਲਿਸ ਮੁਖੀ ਪਰਮਦੀਪ ਸਿੰਘ ਗਿੱਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵਲੋਂ ਪਹਿਲਾਂ ਹੀ ਨਾਪਸੰਦ ਕੀਤਾ ਜਾ ਚੁੱਕਾ ਹੈ ਜਦੋਂਕਿ ਇੱਕ ਹੋਰ ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਨੂੰ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਵੀ ਸਾਥ ਨਹੀਂ ਦਿੱਤਾ ਸੀ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਅਧਿਕਾਰੀਆਂ ਨੂੰ ਆਪਣੀ ਕੁਰਸੀ 'ਤੇ ਬੈਠਕੇ ਨਿਆਂ ਕਰਨਾ  ਚਾਹੀਦਾ ਹੈ।