Sunday, 30 September 2018

ਨਾ ਉਹ ਵਿਧਵਾਵਾਂ , ਨਾ ਸੁਹਾਗਣਾ

-- ਵਾਦੀ 'ਚ ਪੰਜ ਹਜ਼ਾਰ ਹਾਫ ਵਿਡੋ ਗੁਰਬਤ ਦਾ ਜੀਵਨ ਬਿਤਾ ਰਹੀਆਂ : ਐਂਬਰੀਨ
--ਵੱਖ ਵੱਖ ਸੂਬਿਆਂ ਤੋਂ ਚੱਲਿਆ ਅਮਨ ਦਾ ਕਾਫਲਾ ਚੰਡੀਗੜ੍ਹ ਪੁੱਜਿਆ 
--13 ਅਕਤੂਬਰ ਨੂੰ ਰਾਜਧਾਨੀ ਦਿੱਲੀ 'ਚ ਪੁੱਜੇਗਾ

ਜੈ ਸਿੰਘ ਛਿੱਬਰ
 ਚੰਡੀਗੜ ;ਏਸ਼ੀਆਂ ਦੇ ਸੁੰਦਰ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਦੇ ਸੈਕਟਰ 17 ਵਿਚ ਜਦੋਂ ਕਰੀਬ ਪੈਂਤੀਸ ਸਾਲਾਂ ਲੜਕੀ ਨੇ ਭੀੜ ਨੂੰ “ਹਾਫ ਵਿਡੋ” ਬਾਰੇ ਸਵਾਲ ਪੁੱਛਿਆ ਤਾਂ ਸਾਰੇ ਸੁੰਨ ਹੋ ਗਏ। ਜਵਾਬ ਨਾ ਮਿਲਣ 'ਤੇ ਉਸਨੇ ਦੱਸਿਆ ਕਿ ਜੰਮੂ ਕਸ਼ਮੀਰ ਵਿਚ ਪੰਜ ਹਜ਼ਾਰ ਦੇ ਕਰੀਬ ਅਜਿਹੀਆਂ ਔਰਤਾਂ ਨੇ ਜਿਨ੍ਹਾਂ ਦੇ ਪਤੀਆ ਦਾ ਕੁੱਝ ਪਤਾ ਨਹੀਂ ਲੱਗ ਰਿਹਾ। ਅਜਿਹੇ ਹਾਲਾਤਾਂ ਵਿਚ ਨਾ ਉਹ ਵਿਧਵਾਵਾਂ ਹਨ, ਨਾ ਸੁਹਾਗਣਾ ਹਨ, ਇਸ ਤਰ੍ਹਾਂ ਇਹ ਔਰਤਾਂ ਦੂਸਰਾ ਵਿਆਹ ਨਹੀਂ ਕਰਵਾ ਸਕਦੀਆਂ। ਅਗਰ ਕੋਈ ਔਰਤ ਦੂਸਰਾ ਵਿਆਹ ਕਰਵਾ ਲੈਂਦੀ ਹੈ ਤਾਂ ਸੱਤ ਸਾਲ ਤੱਕ ਸਰਕਾਰ ਮਾਨਤਾ ਨਹੀਂ ਦਿੰਦੀ ਹੈ। ਕਸ਼ਮੀਰ ਤੋਂ ਪੁੱਜੀ ਐਂਬਰੀਨ ਰਸ਼ੀਦ ਸਾਵਲ ਦੇ ਮੂੰਹੋਂ ਨਿਕਲੇ ਇਨ੍ਹਾਂ ਸ਼ਬਦਾਂ ਨਾਲ ਚਾਰੇ ਪਾਸੇ ਚੁੱਪ ਪਸਰ ਗਈ।  
ਲੰਬੇ ਸਮੇਂ ਤੋਂ ਹਿੰਸਾ ਦਾ ਸ਼ਿਕਾਰ ਔਰਤਾਂ ਦਾ ਵੱਖ ਵੱਖ ਸੂਬਿਆਂ ਦੀਆਂ ਬੀਬੀਆਂ ਵਲੋਂ ਜੰਮੂ ਕਸ਼ਮੀਰ ਤੋਂ ਸ਼ੁਰੂ ਕੀਤਾ “ਅਮਨ ਦਾ ਕਾਫਲਾਂ ” ਅੱਜ ਚੰਡੀਗੜ੍ਹ ਪੁੱਜਿਆ। ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਪੰਜ 'ਅਮਨ ਦਾ ਕਾਫਲੇ' ਚਲ ਰਹੇ ਹਨ ਜਿਹੜੇ 13 ਅਕਤੂਬਰ ਨੂੰ ਰਾਜਧਾਨੀ ਨਵੀਂ ਦਿੱਲੀ ਵਿਚ ਪਹੁੰਚਣਗੇ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਐਂਬਰੀਨ ਰਸ਼ੀਦ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੰਮੂ ਕਸ਼ਮੀਰ ਵਿਚ 47 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂਕਿ ਪੰਜ  ਹਜ਼ਾਰ ਅਜਿਹੇ ਹਨ ਜਿਨ੍ਹਾਂ ਦਾ ਕੁੱਝ ਪਤਾ ਨਹੀਂ ਲੱਗ ਰਿਹਾ। ਬੀਬੀ ਐਂਬਰੀਨ ਨੇ ਕਿਹਾ ਕਿ ਵਾਦੀ ਵਿਚ ਔਰਤਾਂ ਨਾਲ ਹੋ ਰਹੇ ਅਤਿਆਚਾਰ ,ਜ਼ੁਲਮ ਮੀਡੀਆਂ ਵਿਚ ਨਹੀਂ ਉਭਰਦੇ। ਉਨ੍ਹਾਂ ਦੀ ਨਿਆਂਪਾਲਿਕਾ ਵਿਚ ਸੁਣਵਾਈ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜ ਹਜਾਰ ਹਾਫ ਵਿਡੋ ਔਰਤਾਂ ਨਾ ਸਹਾਗਣਾ ਅਤੇ ਨਾ ਹੀ ਵਿਧਵਾਵਾਂ ਹਨ। ਉਨ੍ਹਾਂ ਦੇ ਪਤੀ ਲਾਪਤਾ ਹੋ ਜਾਂਦੇ ਹਨ ਤੇ ਸੱਤ ਸਾਲ ਤਕ ਉਨ੍ਹਾਂ ਦੇ ਘਰ ਪਰਤਣ ਦੀ ਉਡੀਕ ਕਰਨੀ ਪੈਂਦੀ ਹੈ ਤੇ ਇਹ ਸੱਤ ਸਾਲ ਪਹਾੜ ਤੋਂ ਵੱਡੇ ਸਾਬਤ ਹੁੰਦੇ ਹਨ।  ਉਨ੍ਹਾਂ ਸਰਕਾਰ ਨਾਲ ਸ਼ਿਕਵਾ ਕਰਦਿਆਂ ਕਿਹਾ ਕਿ ਸ੍ਰੀ ਨਗਰ ਭਾਰਤ ਦਾ ਹਿੱਸਾ ਹੈ ਤਾਂ ਉਥੇ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੀ ਚਾਹੀਦੀ ਹੈ। 
ਮਹਾਂਰਾਸ਼ਟਰ ਦੀ ਐਡਵੋਕੇਟ ਮੰਜੂ ਸ਼ਾਹ ਨੇ ਕਿਹਾ ਕਿ ਸ਼ੋਸ਼ਲ ਮੀਡੀਏ ਤੇ ਅਮਨ ਦੇ ਕਾਫਲੇ ਮੰਤਵ ਦੀ ਚਰਚਾ ਸੁਣਨ ਤੋਂ ਬਾਅਦ ਇਸ ਵਿਚ ਸ਼ਾਮਲ ਹੋ ਗਈ ਸੀ,ਉਸ ਨੇ ਦਸਿਆ ਕਿ ਉਸ ਦਾ ਇਸ ਕਾਫਲੇ ਦੀ ਪ੍ਰਬੰਧਕ ਕੌਮੀ ਭਾਰਤੀ ਮਹਿਲਾ ਫੈਡਰੇਸ਼ਨ ਨਾਲ ਕੋਈ ਸਬੰਧ ਨਹੀਂ ਹੈ । ਉਸ ਨੇ ਕਿਹਾ 'ਹਮ ਲੈ ਕੇ ਰਹੇਗੇਂ ਆਜ਼ਾਦੀ' ਦਾ ਨਾਅਰਾ ਹਕੀਕੀ ਰੂਪ ਵਿਚ ਸਕਾਰ ਹੋਣਾ ਚਾਹੀਦਾ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੂਪਾਲ ਤੋਂ ਕਾਫਲੇ ਵਿਚ ਸ਼ਾਮਲ ਹੋਈ ਸਹਾਇਕ ਪ੍ਰੋਫੈਸਰ ਕੁਮਦ ਨੇ ਕਿਹਾ ਕਿ ਉਸ ਨੇ ਆਪਣੀ ਨੌਕਰੀ ਛੱਡ ਦਿਤੀ ਹੈ ਤੇ ਸਮਾਜ ਵਿਚ ਔਰਤਾਂ ਖਿਲਾਫ ਵੱਧ ਰਹੇ ਅਨਿਆਂ ਖਿਲਾਫ ਲੜਣ ਲਈ ਸੰਘਰਸ਼ ਦੇ ਮੈਦਾਨ ਵਿਚ ਡਟੀ ਹੋਈ ਹੈ। 
ਭਾਰਤੀ ਮਹਿਲਾ ਫੈਡਰੇਸ਼ਨ ਦੀ ਕੌਮੀ ਸਕੱਤਰ ਤੇ ਕਾਫਲੇ ਦੀ ਸੰਚਾਲਕ ਪ੍ਰੋ.ਕੰਵਲਜੀਤ ਢਿਲੋਂ ਨੇ ਕਾਫਲੇ ਨੂੰ ਲੋਕਾਂ ਵਲੋਂ ਦਿਤੇ ਭਰਪੂਰ ਹੁੰਗਾਰੇ ਚਰਚਾ ਕਰਦਿਆ ਕਿਹਾ ਕਿ ਲੋਕ ਹਜ਼ੂਮੀ ਭੀੜਾਂ ਦੁਆਰਾਂ ਕੀਤੇ ਜਾ ਰਹੇ ਕਤਲਾਂ ਵਿਰੁਧ ਆਵਾਜ਼ ਉਠਾਉਣ ਲਈ ਲਈ ਤਿਆਰ ਹਨ। ਇਸ ਮੌਕੇ 'ਤੇ ਪ੍ਰੋ.ਅਮੀਰ ਸੁਲਤਾਨਾ,ਐਡਵੋਕੇਟ ਅਸ਼ਵਨੀ ਬਖਸ਼ੀ,  ਪ੍ਰੋ .ਸੁਖਦੇਵ ਸਿੰਘ ਸਿਰਸਾ,ਸ਼ੁਸ਼ੀਲ ਦੋਸਾਂਝ,ਟਰੇਡ ਯੂਨੀਅਨ ਆਗੂ ਸੱਜਣ ਸਿੰਘ,ਕਲਾਕਾਰ ਬਲਕਾਰ ਸਿੰਘ, ਪੰਜਾਬ ਯੂਨੀਵਰਸਿਟੀ ਕੌਂਸਲ ਦੀ ਪ੍ਰਧਾਨ ਕਨੂੰ ਪ੍ਰਿਯਾ ਸਮੇਤ ਕਈ ਬੀਬੀਆਂ ਨੇ ਸੰਬੋਧਨ ਕੀਤਾ।

Sunday, 23 September 2018

ਡੀ.ਐਲ ਤੇ ਆਰ.ਸੀ ਬਣਾਉਣ 'ਚ ਪੰਜਾਬੀਆਂ ਦੀ ਹੋਈ ਲੱਖਾਂ ਦੀ ਲੁੱਟ


---ਕੰਪਨੀ ਨੇ ਛਤੀਸਗੜ 'ਚ ਆਰ.ਸੀ 74.70 ਰੁਪਏ ਤੇ ਪੰਜਾਬ ਵਿਚ 136.35 ਰੁਪਏ 'ਚ ਬਣਾਈ 
--- ਰੋਡ  ਸੇਫਟੀ ਮਾਹਿਰ ਕਮਲ ਸੋਈ ਨੇ ਮੰਗੀ ਸੀਬੀਆਈ ਜਾਂਚ ਦੀ ਮੰਗ 
--- ਲੋਕਾਂ ਤੋਂ ਵਸੂਲੇ ਵਾਧੂ ਪੈਸੇ ਕੰਪਨੀ ਤੋਂ ਕੀਤੇ ਜਾਣ ਬਰਾਮਦ 

ਜੈ ਸਿੰਘ ਛਿੱਬਰ
 ਚੰਡੀਗੜ੍ਹ :ਰੋਡ ਸੇਫਟੀ ਕੌਂਸਲ ਦੇ ਸਾਬਕਾ ਚੇਅਰਮੈਨ ਡਾ ਕਮਲ ਸੋਈ ਨੇ ਤਤਕਾਲੀ ਸਰਕਾਰ ਦੌਰਾਨ ਗੱਡੀਆਂ ਦੀ ਆਰ.ਸੀ (ਰਜਿਸਟਰੇਸ਼ਨ ਕਾਪੀ) ਅਤੇ ਡਰਾਇਵਿੰਗ ਲਾਇਸੈਂਸ ਬਣਾਉਣ ਲਈ ਇਕ ਕੰਪਨੀ ਨਾਲ ਕੀਤੇ ਗਏ ਇਕਰਾਰ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਜਾਂ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। 
ਸੋਈ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਵਲੋਂ ਕੰਪਨੀ ਨਾਲ ਕੀਤਾ ਗਿਆ ਠੇਕਾ (ਕੰਟਰੈਕਟ) ਇਕ ਜੂਨ 2018 ਨੂੰ ਰੱਦ ਕਰ ਦਿੱਤਾ ਹੈ। ਪਰ ਕੰਪਨੀ ਨੇ ਸਰਕਾਰ ਤੋਂ 45 ਕਰੋੜ ਰੁਪਿਆ ਵਸੂਲਣ ਲਈ ਅਦਾਲਤ ਵਿਚ ਸਰਕਾਰ ਖਿਲਾਫ਼ ਕੇਸ ਦਾਇਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੋਈ ਨੇ ਦਾਅਵਾ ਕੀਤਾ ਕਿ ਡਰਾਇਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਕਾਪੀ ਬਣਾਉਣ ਦੇ ਨਾਮ 'ਤੇ ਵੱਡਾ ਘਪਲਾ ਹੋਇਆ ਹੈ ਅਤੇ ਪੰਜਾਬ ਦੇ ਲੋਕਾਂ ਤੋਂ ਕਰੀਬ 100 ਕਰੋੜ ਰੁਪਿਆ ਵਾਧੂ ਵਸੂਲ ਕੀਤਾ ਗਿਆ ਹੈ ਅਤੇ ਕੰਪਨੀ ਵਲੋਂ ਜੋ ਵਾਧੂ ਪੈਸੇ ਵਸੂਲੇ ਹਨ ਉਹ ਵਾਪਸ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਇਕ ਕੰਪਨੀ ਛਤੀਸਗੜ 'ਚ ਆਰ.ਸੀ 74.70 ਪੈਸੇ ਦਾ ਠੇਕਾ ਕਰਦੀ ਹੈ ਪਰ ਪੰਜਾਬ ਵਿਚ ਉਹ ਕੰਪਨੀ 136.35 ਦਾ ਠੇਕਾ ਕੀਤਾ ਜਾਂਦਾ। ਇਸੀ ਤਰ੍ਹਾਂ ਕੰਪਨੀ ਵਲੋਂ ਗੁਜਰਾਤ ਵਿਚ ਡਰਾਇਵਿੰਗ ਲਾਇਸੈਂਸ ਬਣਾਉਣ ਦਾ ਠੇਕਾ 49.59 ਰੁਪਏ ਅਤੇ ਪੰਜਾਬ ਵਿਚ 65 ਰੁਪਏ 'ਚ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਕ ਲਾਇਸੈਂਸ 'ਚ ਲੋਕਾਂ ਤੋਂ 16 ਰੁਪਏ ਅਤੇ ਆਰ.ਸੀ ਦੇ ਨਾਂਅ 'ਤੇ 62 ਰੁਪਏ ਦੇ ਕਰੀਬ ਵਾਧੂ ਵਸੂਲ ਕੀਤੇ ਗਏ ਹਨ। 
ਉਨ੍ਹਾਂ ਦੱਸਿਆ ਕਿ ਆਵਾਜਾਈ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ 1 ਜੂਨ 2015 ਨੂੰ ਪੱਤਰ ਨੰਬਰ ਪੀਐਸਟੀਐਸ 18749 ਰਾਹੀਂ ਪੰਜ ਸਾਲ ਲਈ ਠੇਕੇ ਦੀ ਮਿਆਦ ਹੋਰ ਵਧਾ ਦਿੱਤੀ ਗਈ। ਜਦੋਂ ਕਿ ਸ਼ੁਰੂਆਤੀ ਨਿਵੇਸ਼ ਤੋਂ ਬਾਅਦ ਠੇਕੇਦਾਰ / ਕੰਪਨੀ 'ਤੇ ਲਾਗਤ ਦਾ ਕੋਈ ਫਾਲਤੂ ਬੋਝ ਨਹੀਂ ਪੈਣਾ ਸੀ ਅਤੇ ਕੰਪਨੀ ਨਾਲ ਘੱਟ ਰੇਟ 'ਤੇ ਇਕਰਾਰ ਕਰਨਾ ਬਣਦਾ ਸੀ ਅਤੇ ਲੋਕਾਂ ਤੋਂ ਘੱਟ ਪੈਸੇ ਵਸੂਲਣੇ ਚਾਹੀਦੇ ਸਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੰਪਨੀ ਦਾ ਇਕਰਾਰ ਰੱਦ ਕਰਨ ਤੋਂ  ਬਾਅਦ ਕੰਪਨੀ ਤੋਂ ਵਾਧੂ ਪੈਸੇ ਬਰਾਮਦ ਕਰਨ ਅਤੇ ਮਾਮਲੇ ਦੀ ਵਿਜੀਲੈਂਸ ਜਾਂ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸੋਈ ਨੇ ਕਿਹਾ ਕਿ ਸੀਬੀਆਈ ਵਲੋਂ ਟਰਾਂਸਪੋਰਟ ਵਿਭਾਗ ਦੇ ਸਾਬਕਾ ਅਧਿਕਾਰੀ ਦੇ ਖਿਲਾਫ਼ ਪਹਿਲਾਂ ਹੀ ਕਾਰਵਾਈ ਕਰਦਿਆਂ ਸੰਪਤੀ ਅਟੈਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਘਪਲੇ ਵਿਚ ਹੋਰ ਵੀ ਅਧਿਕਾਰੀਆਂ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।  

ਬਾਕਸ 
ਕੇਂਦਰ ਸਰਕਾਰ ਦੀ ਕੰਪਨੀ ਵਸੂਲ ਕਰਦੀ ਹੈ 45 ਰੁਪਏ 
ਗੱਡੀਆਂ ਦੀ ਆਰ.ਸੀ ਤੇ ਡਰਾਇਵਿੰਗ ਲਾਇਸੈਂਸ ਬਣਾਉਣ ਲਈ ਕੇਂਦਰ ਸਰਕਾਰ ਦੀ ਕੰਪਨੀ ਐਨ.ਆਈ.ਸੀ.ਐਸ.ਆਈ ਵਲੋਂ ਕੇਵਲ 45 ਰੁਪਏ ਵਸੂਲ ਕੀਤੇ ਜਾਂਦੇ ਹਨ। ਜਦੋਂ ਕਿ ਪੰਜਾਬ ਸਰਕਾਰ ਨਾਲ 27.9.2011 ਨੂੰ ਕੰਪਨੀ ਨਾਲ ਡਰਾਇਵਿੰਗ ਲਾਇਸੈਂਸ ਦਾ 65 ਅਤੇ ਆਰ.ਸੀ ਦਾ 136.35 ਦਾ ਇਕਰਾਰ ਕੀਤਾ  ਗਿਆ ਸੀ। 

ਬਾਕਸ --
10 ਲੱਖ ਤੋਂ ਵੱਧ ਗੱਡੀਆਂ ਦੀ ਹੁੰਦੀ ਹੈ ਵਿਕਰੀ 
ਸੋਈ ਨੇ ਦੱਸਿਆ ਕਿ ਪੰਜਾਬ 'ਚ ਹਰੇਕ ਸਾਲ ਦਸ ਲੱਖ ਤੋਂ ਵੱਧ ਗੱਡੀਆਂ ਵਿਕਦੀਆਂ ਹਨ। ਨਵੀਂਆਂ ਗੱਡੀਆਂ ਤੋਂ ਇਲਾਵਾ ਪੁਰਾਣੀਆਂ ਗੱਡੀਆਂ ਦੀ ਰਜਿਸਟਰੇਸ਼ਨ ਵੀ ਹੁੰਦੀ ਹੈ।

Tuesday, 18 September 2018

ਸਿੱਧੂ ਦੀ ਸੁਖਬੀਰ ਤੇ ਹਰਸਿਮਰਤ ਨੂੰ ਸਲਾਹ---ਕਰਤਾਰਪੁਰ ਲਾਂਘਾ 'ਤੇ ਸਿਆਸਤ ਨਹੀਂ ਪ੍ਰਧਾਨ ਮੰਤਰੀ ਤੋਂ ਫੋਨ ਕਰਵਾਓ




ਜੈ ਸਿੰਘ ਛਿੱਬਰ
 ਚੰਡੀਗੜ੍ਹ : ਸਭਿਆਚਾਰ ਮਾਮਲੇ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਅਕਾਲੀ ਆਗੂਆਂ ਨੂੰ ਸਿਆਸਤ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਫੋਨ ਕਰਵਾਉਣ ਤੇ ਪੱਤਰ ਭਿਜਵਾਉਣ ਦੀ ਸਲਾਹ ਦਿੱਤੀ ਹੈ। 
ਬੁੱਧਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਸਿੱਖਾਂ, ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ, ਇਸ ਮੁੱਦੇ 'ਤੇ ਸਿਆਸਤ ਕਰਨ ਦੀ ਬਜਾਏ ਸੁਖਬੀਰ ਤੇ ਹਰਸਿਮਰਤ ਕੌਰ ਬਾਦਲ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਫੋਨ ਕਰਵਾਉਣਾ ਚਾਹੀਦਾ ਹੈ, ਜਿਵੇਂ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਾ ਫੋਨ ਕੀਤਾ ਸੀ। ਸਿੱਧੂ ਨੇ ਕਿਹਾ ਕਿ ਪਾਕਿਸਤਾਨ 'ਚ ਸਰਕਾਰ ਬਦਲੀ ਹੈ ਤੇ ਸਰਕਾਰ ਦਾ ਰਵੱਈਆ ਵੀ ਬਦਲਾ ਹੈ, ਇਸ ਤਰ੍ਹਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਬਲਕਿ ਰੰਗ 'ਚ ਭੰਗ ਪਾਉਣ ਦੀ ਬਜਾਏ ਸਹਿਯੋਗੀ ਬਣਕੇ ਅੱਗੇ ਆਉਣਾ ਚਾਹੀਦਾ ਹੈ। 
ਸੁਖਬੀਰ ਬਾਦਲ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਸਿੱਖ ਪੰਥ ਦੇ ਖੈਰ ਖਵਾਹ ਬਣਨ ਵਾਲਿਆਂ ਦੇ ਰਾਜ ਵਿਚ ਸਿੱਖਾਂ 'ਤੇ ਗੋਲੀਆਂ ਚੱਲੀਆਂ, ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਉਨ੍ਹਾਂ ਕਿਹਾ ਕਿ ਜੇ ਲੰਬੇ ਸਮੇਂ ਬਾਅਦ ਪਾਕਿਸਤਾਨ ਲਾਂਘਾ ਖੋਲ੍ਹਣ ਲਈ ਰਾਜ਼ੀ ਹੋਇਆ ਹੈ ਤਾਂ ਪਾਕਿਸਤਾਨ ਤੋਂ ਭੈਡੂ ਲਿਆਉਣ ਵਾਲੇ ਅੱਜ ਹੋਛੀ ਰਾਜਨੀਤੀ ਕਰਦੇ ਹੋਏ ਉਸਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾ ਰਹੇ ਹਨ।  
ਸਿੱਧੂ ਨੇ ਕਿਹਾ ਕਿ ਉਹ ਸਿੱਖਾਂ ਨਾਲ ਜੁੜੇ ਇਸ ਮੁੱਦੇ 'ਤੇ ਸਿਰ ਝੁਕਾ ਕੇ ਪਿੱਛੇ ਲੱਗਣ ਨੂੰ ਤਿਆਰ ਹੈ  ਅਤੇ ਸੁਖਬੀਰ  ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਰਾਜਨੀਤੀ ਕਰਨ ਦੀ ਬਜਾਏ ਸੜਕਾਂ 'ਤੇ ਉਤਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਿਰਕੂ ਗੱਲਾਂ ਨੂੰ ਲੋਕ ਸਮਝ ਚੁੱਕੇ ਹਨ ਇਸ ਲਈ ਸਿੱਖ ਪੰਥ ਦਾ ਖੈਰ ਖਵਾਹ ਬਣਨ ਵਾਲਿਆਂ ਨੂੰ ਕੌਮ ਲਈ ਵੱਡਾ ਪੁੰਨ ਦਾ ਕੰਮ ਕਰਨਾ ਚਾਹੀਦਾ ਹੈ। 
ਆਪ ਦੇ ਬਾਗੀ ਨੇਤਾ ਸੁਖਪਾਲ ਖਹਿਰਾ ਵਲੋਂ ਸਰਬ ਪਾਰਟੀ ਮੀਟਿੰਗ ਬਲਾਉਣ ਦੇ ਮੁੱਦੇ 'ਤੇ ਕਿਹਾ ਕਿ ਉਹ ਇਸ ਮੁੱਦੇ 'ਤੇ ਪਾਰਟੀ ਪ੍ਰਧਾਨ ਨਾਲ ਗੱਲਬਾਤ ਕਰਕੇ ਫੈਸਲਾ ਲੈਣਗੇ। 


ਬਾਕਸ --
ਜੱਫੀ ਸਾਜਿਸ਼ ਨਹੀਂ 
ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਪਾਕਿ ਸੈਨਾ ਮੁਖੀ ਨੂੰ ਜੱਫੀ ਪਾਉਣਾ ਸਾਜਿਸ਼ ਨਹੀਂ। ਜੱਫੀ ਰਾਫੇਲ ਡੀਲ ਨਹੀਂ, ਜੱਫੀ ਸਿੱਖਾਂ 'ਤੇ ਚੱਲਣ ਵਾਲੀ ਗੋਲੀ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਾਫੀ ਸਾਲਾਂ ਬਾਅਦ ਭਾਰਤ ਪਾਕਿਸਤਾਨ ਦਾ ਮੈਚ ਹੋਣ ਜਾ ਰਿਹਾ ਕੀ ਹੁਣ ਭਾਰਤੀ ਖਿਡਾਰੀ ਜਾਂ ਹੋਰ ਜੱਫੀ ਪਾਉਣ ਦੀ ਬਜਾਏ ਪਿੱਠ ਮੋੜਕੇ ਖੜਨਗੇ?

Monday, 17 September 2018

ਪੰਜਾਬ ਦਾ ਕੋਈ ਜ਼ਿਲ੍ਹਾ ਤੰਬਾਕੂ ਮੁਕਤ ਨਹੀਂ


--ਨੈਸ਼ਨਲ ਤੰਬਾਕੂ ਕੰਟਰੌਲ ਪ੍ਰੋਗਰਾਮ (ਸਿਹਤ ਵਿਭਾਗ) ਦੀ ਵੈਬਸਾਈਟ 'ਤੇ 22 ਜਿਲ੍ਹੇ
ਹਨ ਤੰਬਾਕੂ ਮੁਕਤ
--2012 'ਚ ਐਲਾਨਿਆਂ ਸੀ ਮੋਹਾਲੀ ਨੂੰ ਪੰਜਾਬ ਦਾ ਪਹਿਲਾ ਤੰਬਾਕੂ ਮੁਕਤ ਜ਼ਿਲ੍ਹਾ

ਜੈ ਸਿੰਘ ਛਿੱਬਰ
 ਚੰਡੀਗੜ੍ਹ
ਗੁਰੂਆਂ, ਪੀਰਾਂ, ਔਲੀਆਂ, ਫ਼ਕੀਰਾਂ ਦੀ ਚਰਨ ਛੋਹ ਧਰਤੀ ਪੰਜਾਬ ਦਾ ਕੋਈ ਵੀ ਜ਼ਿਲ੍ਹਾ
ਤੰਬਾਕੂ ਮੁਕਤ ਨਹੀਂ ਹੈ। ਸਿਹਤ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਦਸ ਸਾਲਾਂ ਦੌਰਾਨ
ਵਿਭਾਗ ਵਲੋਂ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਵੇਚਣ, ਵਰਤਣ ਵਾਲਿਆਂ 1,55,836
ਵਿਅਕਤੀਆਂ
ਖਿਲਾਫ਼ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਦਿਲਚਸਪ 'ਤੇ ਹੈਰਾਨ ਕਰਨ ਵਾਲੀ
ਗੱਲ ਹੈ ਕਿ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਸਟੇਟ ਪ੍ਰੋਗਰਾਮ
ਅਫ਼ਸਰ ਤੰਬਾਕੂ ਕੰਟਰੌਲ ਸੈਲ ਵਲੋਂ ਸੂਚਨਾ ਅਧਿਕਾਰ ਐਕਟ ਤਹਿਤ ਜੋ ਸੂਚਨਾ ਉਪਲਬਧ
ਕਰਵਾਈ ਗਈ ਹੈ, ਉਸ ਮੁਤਾਬਿਕ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਤੰਬਾਕੂ ਮੁਕਤ ਨਹੀਂ ਹੈ।
ਪਰ, ਸਿਹਤ ਵਿਭਾਗ ਦੀ ਵੈਬਸਾਈਟ 'ਤੇ ਨੈਸ਼ਨਲ ਤੰਬਾਕੂ ਕੰਟਰੌਲ ਪ੍ਰੋਗਰਾਮ ਦਾ ਵੇਰਵਾ
ਦਿੰਦਿਆਂ ਸਪਸ਼ਟ ਲਿਖਿਆ ਗਿਆ ਹੈ ਕਿ ਅਪ੍ਰੈਲ 2016 ਤੋਂ ਮਾਰਚ 2017 ਤੱਕ ਪੰਜਾਬ ਵਿਚ
26909 ਚਾਲਾਨ ਕੱਟੇ ਗਏ ਹਨ। ਲੜੀ ਨੰਬਰ ਦੋ 'ਤੇ ਦਰਜ਼ ਹੈ ਕਿ ਪੰਜਾਬ ਨੂੰ ਤੰਬਾਕੂ
ਮੁਕਤ ਬਣਾਉਣ ਲਈ ਚਲਾਈ ਗਈ ਮੁਹਿੰਮ ਤਹਿਤ, ਪੀ.ਜੀ.ਆਈ ਦੀ ਸਟਡੀ ਅਨੁਸਾਰ, ਪੰਜਾਬ ਦੇ
ਸਾਰੇ 22 ਜਿਲ੍ਹਿਆਂ ਨੂੰ ਤੰਬਾਕੂ ਮੁਕਤ ਘੋਸ਼ਿਤ ਕੀਤਾ ਗਿਆ ਹੈ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵਲੋਂ ਫਰਵਰੀ 2012 ਵਿਚ ਮੋਹਾਲੀ ਨੂੰ
ਪੰਜਾਬ ਦਾ ਪਹਿਲਾ ਤੰਬਾਕੂ ਮੁਕਤ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀ। ਸਿਹਤ ਵਿਭਾਗ ਦੇ
ਤਤਕਾਲੀ ਪ੍ਰਿੰਸੀਪਲ ਸੈਕਟਰੀ ਸਤੀਸ਼ ਚੰਦਰਾਂ ਨੇ ਫਰਵਰੀ 2012 ਵਿਚ ਮੋਹਾਲੀ ਨੂੰ
ਤੰਬਾਕੂ ਮੁਕਤ ਜ਼ਿਲ੍ਹਾ ਘੋਸ਼ਿਤ ਕਰਦਿਆਂ ਕਿਹਾ ਸੀ ਕਿ 31 ਮਈ 2011 ਨੂੰ ਵਿਸ਼ਵ
ਤੰਬਾਕੂ ਦਿਵਸ ਮੌਕੇ 'ਤੇ ਸਰਕਾਰ ਨੇ ਮੋਹਾਲੀ ਨੂੰ ਤੰਬਾਕੂ ਮੁਕਤ ਜ਼ਿਲ੍ਹਾ ਬਣਾਉਣ ਦਾ
ਫੈਸਲਾ ਕੀਤਾ ਸੀ। ਤਤਕਾਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਕਈ ਤਤਕਾਲੀ ਮੰਤਰੀਆਂ ਅਤੇ
ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਕਈ ਹੋਰ ਜ਼ਿਲ੍ਹਿਆਂ ਨੂੰ ਵੀ ਤੰਬਾਕੂ ਮੁਕਤ
ਘੋਸ਼ਿਤ ਕਰਨ ਦੇ ਦਾਅਵਾ ਕਰਦਾ ਹੋਏ ਅਖ਼ਬਾਰਾਂ ਦੀ ਸੁਰਖੀਆਂ ਬਟੋਰੀਆਂ ਸਨ। ਹੁਣ ਸੂਚਨਾ
ਅਧਿਕਾਰ ਐਕਟ ਤਹਿਤ ਵਿਭਾਗ ਵਲੋਂ ਪ੍ਰਾਪਤ ਅੰਕੜੇ ਕੁੱਝ ਹੋਰ ਅਤੇ ਵਿਭਾਗ ਦੀ ਵੈਬਸਾਈਟ
'ਤੇ ਅਖ਼ਬਾਰਾਂ ਦੀਆਂ  ਸੁਰਖੀਆਂ ਕੁੱਝ ਹੋਰ ਬਿਆਨ ਕਰਦੀਆਂ ਹਨ। ਜਿਸਤੋ ਸਪਸ਼ਟ ਹੁੰਦਾ
ਹੈ ਕਿ ਸਰਕਾਰਾਂ ਅਤੇ ਅਧਿਕਾਰੀ ਜ਼ਮੀਨੀ ਪੱਧਰ 'ਤੇ ਕੰਮ ਕਰਨ ਪ੍ਰਤੀ ਗੰਭੀਰ ਨਹੀਂ ਹਨ
ਅਤੇ ਅੰਕੜਿਆਂ ਤੇ ਬਿਆਨਬਾਜ਼ੀ ਦੀ ਖੇਡ ਹੀ ਖੇਡਦੇ ਹਨ।



ਦਸ ਵਰ੍ਹਿਆਂ 'ਚ 1,55,836 ਖਿਲਾਫ਼ ਕੀਤੀ ਕਾਰਵਾਈ
ਅੰਕੜੇ ਦੱਸਦੇ ਹਨ ਕਿ ਅਕਤੂਬਰ 2008 ਤੋਂ 31 ਦਸੰਬਰ 2018 ਤੱਕ ਸੂਬੇ ਦੇ 20
ਜ਼ਿਲ੍ਹਿਆਂ ਵਿਚ 1848,ਸਾਲ 2011 ਵਿਚ 1831 ਵਿਅਕਤੀਆਂ ਦੇ ਚਾਲਾਨ ਕੱਟੇ ਗਏ ਸਨ। ਪਰ
ਸਾਲ 2012 ਵਿਚ ਸਰਕਾਰ ਵਲੋਂ ਸਮੋਕ ਮੁਕਤ ਜ਼ਿਲਾ ਐਲਾਨ ਕਰਨ ਦੀ ਕਾਰਵਾਈ ਆਰੰਭ ਕੀਤੀ
ਗਈ ਜਿਸ ਤਹਿਤ ਵਿਭਾਗ ਵਲੋਂ ਚਾਲਾਨ ਕੱਟਣ ਦੀਆਂ ਗਤਿਵਿਧੀਆਂ ਤੇਜ਼ ਕੀਤੀਆਂ ਗਈਆਂ ਹਨ
ਤੇ ਇਹ ਅੰਕੜਾ ਵੱਧਕੇ 13090 ਤੱਕ ਪੁੱਜ ਗਿਆ।
ਇਸੀ ਤਰ੍ਹਾਂ ਸਾਲ 2013 ਵਿਚ 23968, ਸਾਲ 2014 ਵਿਚ 22834 ਅਤੇ 2015'ਚ ਪਹਿਲੇ
ਤਿੰਨ ਮਹਿਨਿਆਂ ਵਿਚ 7589, ਵਿੱਤੀ ਸਾਲ 2015-16 ਵਿਚ 25247, ਸਾਲ 2016-17 ਵਿਚ
26909, ਸਾਲ 2017-18 ਵਿਚ 25139 ਅਤੇ ਇੱਕ ਅਪ੍ਰੈਲ 2018 ਤੋਂ ਜੁਲਾਈ 19 ਤੱਕ 7651
ਚਾਲਾਨ ਕੱਟੇ ਗਏ ਹਨ।

ਬਾਕਸ --
ਧਾਰਮਿਕ ਮਹੱਤਤਾ ਵਾਲੇ ਜ਼ਿਲ੍ਹਿਆਂ ਦਾ ਹਾਲ
ਹਾਲਾਂਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਇਤਿਹਾਸਕ ਸਥਾਨ ਹਨ, ਪਰ ਸਿੱਖ ਧਰਮ 'ਚ
ਵੱਧ ਇਤਿਹਾਸਕ ਮਹੱਤਤਾ ਰੱਖਣ ਵਾਲੇ ਜ਼ਿਲ੍ਹਿਆਂ ਸ੍ਰੀ ਅੰਮ੍ਰਿਤਸਰ, ਸ੍ਰੀ ਫਤਿਹਗੜ੍ਹ
ਸਾਹਿਬ, ਸ੍ਰੀ ਮੁਕਤਸਰ ਸਾਹਿਬ ਅਤੇ ਰੂਪਨਗਰ, (ਸ਼੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ
ਸਾਹਿਬ, ਸ੍ਰੀ ਪਰਿਵਾਰ ਵਿਛੋੜਾ ਤੇ ਸ੍ਰੀ ਭੱਠਾ ਸਾਹਿਬ ਅਸਥਾਨ ) ਜ਼ਿਲ੍ਹਿਆਂ ਵਿਚ ਵੀ
ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੈ। ਵਿਭਾਗ ਦੇ ਅੰਕੜੇ ਦੱਸਦੇ
ਹਨ ਕਿ ਦਸ ਸਾਲਾ ਦੌਰਾਨ ਸ੍ਰੀ ਅੰਮ੍ਰਿਤਸਰ ਵਿਖੇ 8780, ਸ਼੍ਰੀ ਫਤਿਹਗੜ ਸਾਹਿਬ ਵਿਖੇ
4511, ਸ੍ਰੀ ਮੁਕਤਸਰ ਸਾਹਿਬ ਵਿਖੇ 5902 ਅਤੇ ਰੂਪਨਗਰ ਵਿਖੇ 9978 ਚਾਲਾਨ ਕੀਤੇ ਗਏ
ਹਨ।

ਬਾਕਸ --
ਤਿੰਨ ਜ਼ਿਲ੍ਹਿਆਂ 'ਚ ਨਹੀਂ ਕੱਟਿਆ ਚਾਲਾਨ
ਸਾਲ 2011 ਦੌਰਾਨ ਦੌਰਾਨ ਸਿਹਤ ਵਿਭਾਗ ਵਲੋਂ ਜਲੰਧਰ, ਕਪੂਰਥਲਾ ਤੇ ਮੋਗਾ ਜ਼ਿਲ੍ਹੇ
ਵਿਚ ਤੰਬਾਕੂ ਵੇਚਣ ਵਾਲੇ ਜਾਂ ਪੀਣ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਨ੍ਹਾਂ ਤਿੰਨ ਜ਼ਿਲ੍ਹਿਆਂ ਬਾਰੇ ਵਿਭਾਗ ਕੋਲ੍ਹ ਅੰਕੜਾ ਨਹੀਂ ਹੈ ਜਾਂ ਫਿਰ ਵਿਭਾਗ ਨੂੰ
ਕੋਈ ਤੰਬਾਕੂ ਵੇਚਦਾ ਜਾਂ ਪੀਂਦਾ ਨਜ਼ਰ ਨਹੀਂ ਆਇਆ ਹੈ, ਇਹ ਅਲਗ ਵਿਸ਼ਾ ਹੈ। ਪਰ ਵਿਭਾਗ
ਇਨ੍ਹਾਂ ਜ਼ਿਲ੍ਹਿਆਂ ਦੀ ਸੂਚਨਾ ਉਪਲਬਧ ਨਹੀਂ ਕਰਵਾ ਸਕਿਆ।

ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ 402 ਉਮੀਦਵਾਰ ਬਿਨਾਂ ਮੁਕਾਬਲੇ ਜੈਤੂ

ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ 402 ਉਮੀਦਵਾਰ ਬਿਨਾਂ ਮੁਕਾਬਲੇ ਜੈਤੂ 
--ਗੁਰਦਾਸਪੁਰ ਜਿਲ੍ਹੇ 'ਚ ਸੱਭਤੋਂ ਵੱਧ ਬਿਨਾਂ ਮੁਕਾਬਲੇ ਚੁਣੇ ਨੁਮਾਇੰਦੇ 
--22 ਜ਼ਿਲ੍ਹਾ ਪਰਿਸ਼ਦ ਲਈ 855 
---150 ਪੰਚਇਤ ਸੰਮਤੀਆਂ ਲਈ 6028 ਉਮੀਦਵਾਰ ਚੋਣ ਮੈਦਾਨ 'ਚ 

ਜੈ ਸਿੰਘ ਛਿੱਬਰ, 
ਚੰਡੀਗੜ : 18 ਸਤੰਬਰ 


19 ਸਤੰਬਰ ਨੂੰ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਹੋਣ ਵਾਲੀਆਂ ਵੋਟਾਂ ਲਈ ਕੁੱਲ 6883 ਉਮੀਦਵਾਰ ਚੋਣ ਮੈਦਾਨ ਵਿਚ ਨਿਤਰ ਗਏ ਹਨ। ਜਿਨ੍ਹਾਂ ਵਿਚ 22 ਜਿਲ੍ਹਾ ਪਰਿਸ਼ਦ ਲਈ 855 ਅਤੇ 150 ਪੰਚਾਇਤ ਸੰਮਤੀ ਲਈ 6028 ਉਮੀਦਵਾਰ ਹਨ। ਜਦੋਂ ਕਿ 402 ਉਮੀਦਵਾਰ ਬਿਨਾਂ ਮੁਕਾਬਲੇ ਚੋਣ ਜਿੱਤ ਗਏ ਹਨ। ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਪਰਿਸ਼ਦ ਦੇ 33 ਅਤੇ ਪੰਚਾਇਤ ਸੰਮਤੀ ਦੇ 369 ਉਮੀਦਵਾਰ ਬਿਨ੍ਹਾਂ ਮੁਕਾਬਲੇ ਜਿੱਤ ਗਏ ਹਨ।
ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅੰਤਿਮ ਦਿਨ ਕੁੱਲ 3734 ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਗਏ ਹਨ,  ਜਿਨ੍ਹਾਂ ਵਿੱਚੋਂ ਜ਼ਿਲ੍ਹਾ ਪਰਿਸ਼ਦ ਦੇ 446 ਅਤੇ ਪੰਚਾਇਤ ਸੰਮਤੀਆ ਦੇ 3288 ਉਮੀਦਵਾਰ ਸ਼ਾਮਲ ਹਨ। ਰਿਟਰਨਿੰਗ ਅਧਿਕਾਰੀਆਂ ਵਲੋਂ 6883 ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਜਿਲ੍ਹਾ ਪਰਿਸ਼ਦ ਦੇ 321 ਜੋਨ ਅਤੇ ਪੰਚਾਇਤ ਸੰਮਤੀ ਦੇ 2628 ਜੋਨਾਂ ਵਿਚ ਉਮੀਦਵਾਰ ਮੈਦਾਨ ਵਿਚ ਹਨ। ਜਿਆਦਾਤਰ ਸੀਟਾਂ 'ਤੇ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚ ਸਿੱਧਾ ਮੁਕਾਬਲਾ ਹੈ। ਕੁੱਝ ਜਿਲ੍ਹਿਆਂ ਵਿਚ ਆਪ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਸਾਂਝੇ ਤੌਰ 'ਤੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ। 


ਇਹ ਚੁਣੇ ਗਏ 33 ਜਿਲ੍ਹਾ ਪਰਿਸ਼ਦ ਦੇ ਮੈਂਬਰ  ਪੰਜਾਬ ਰਾਜ ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਜਿਲ੍ਹੇ ਦੇ ਸੱਭ ਤੋਂ ਵੱਧ 13 ਉਮੀਦਵਾਰ 
ਬਿਨਾਂ ਮੁਕਾਬਲੇ ਜਿਲ੍ਹਾ ਪਰਿਸ਼ਦ ਦੇ ਮੈਂਬਰ ਚੁਣੇ ਗਏ ਹਨ। ਇਸੀ ਤਰ੍ਹਾਂ ਫਿਰੋਜਪੁਰ ਦੇ 10, ਸ਼੍ਰੀ ਫਤਿਹਗੜ ਸਾਹਿਬ ਦੇ 4, ਪਟਿਆਲਾ ਤੋਂ 2 ਅਤੇ ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ, ਸੰਗਰੂਰ ਤੇ ਨਵਾਂਸ਼ਹਿਰ ਤੋਂ ਇੱਕ ਇੱਕ ਮੈਂਬਰ ਜੈਤੂ ਰਿਹਾ ਹੈ। 

369 ਪੰਚਾਇਤ ਸੰਮਤੀ ਚੁਣੇ ਗਏ 
ਅੰਕੜੇ ਅਨੁਸਾਰ ਗੁਰਦਾਸਪੁਰ ਜਿਲ੍ਹੇ ਵਿਚ ਸੱਭਤੋਂ ਵੱਧ 143 ਉਮੀਦਵਾਰ ਬਿਨ੍ਹਾਂ ਮੁਕਾਬਲੇ ਚੋਣ ਜਿੱਤ ਗਏ ਹਨ। ਜਾਣਕਾਰੀ ਅਨੁਸਾਰ ਪੰਚਾਇਤ ਸੰਮਤੀ ਦੇ ਅੰਮ੍ਰਿਤਸਰ ਜਿਲ੍ਹੇ ਵਿਚ 44, ਬਠਿੰਡਾ ਵਿਚ 4, ਫਿਰੋਜੁਪਰ 97, ਫਰੀਦਕੋਟ 2, ਸ੍ਰੀ ਫਤਿਹਗੜ ਸਾਹਿਬ 17, ਗੁਰਦਾਸਪੁਰ 143, ਹੁਸ਼ਿਆਰਪੁਰ 3, ਜਲੰਧਰ 4, ਕਪੂਰਥਲਾ 2, ਲੁਧਿਆਣਾ 8, ਸ੍ਰੀ ਮੁਕਤਸਰ ਸਾਹਿਬ 7, ਪਟਿਆਲਾ 9, ਪਠਾਨਕੋਟ 1, ਰੂਪਨਗਰ 8, ਸੰਗਰੂਰ 18, ਮੋਹਾਲੀ ਤੇ ਨਵਾਂਸ਼ਹਿਰ ਜਿਲ੍ਹੇ ਵਿਚ ਇੱਕ ਇੱਕ ਉਮੀਦਵਾਰ ਬਿਨਾਂ ਮੁਕਾਬਲੇ ਮੈਂਬਰ ਚੁਣੇ ਗਏ ਹਨ।

Friday, 14 September 2018

ਕਾਲਾ ਪੀਲੀਆ ਨੇ ਪੈਰ ਪਸਾਰੇ, ਤੈਨੂੰ ਫਿਕਰ ਨਾ ਕੋਈ ਸਰਕਾਰੇ


25 ਮਹੀਨਿਆਂ 'ਚ 48737 ਮਰੀਜ਼ਾਂ ਦੀ ਹੋਈ ਪਹਿਚਾਣ 
ਸੰਗਰੂਰ 'ਚ ਸੱਭ ਤੋਂ ਵੱਧ, ਪਠਾਨਕੋਟ 'ਚ ਸੱਭ ਤੋਂ ਘੱਟ ਮਰੀਜ਼ 

ਜੈ ਸਿੰਘ ਛਿੱਬਰ,
ਚੰਡੀਗੜ੍ਹ 
ਪੰਜਾਬ ਵਿਚ ਕਾਲਾ ਪੀਲੀਆ (ਹੈਪੇਟਾਈਟਸ ਸੀ) ਬਹੁਤ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਪੰਜਾਬ ਦਾ ਕੋਈ ਵੀ ਜਿਲ੍ਹਾ ਇਸ ਬੀਮਾਰੀ ਦੀ ਲਪੇਟ ਤੋਂ ਬਚਿਆ ਨਹੀਂ ਹੈ ਅਤੇ ਰੋਜ਼ਾਨਾ 60 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ 25 ਮਹੀਨਿਆਂ ਵਿਚ 48737 ਮਰੀਜ਼ ਹੈਪੇਟਾਈਟਸ ਸੀ ਦੇ ਸ਼ਿਕਾਰ ਹੋਏ ਹਨ। ਮਾਲਵਾ ਅਤੇ ਮਾਝਾ ਦੇ ਜਿਲ੍ਹਿਆਂ ਵਿਚ ਸੱਭਤੋਂ ਵੱਧ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ। ਪਠਾਨਕੋਟ ਜਿਲ੍ਹੇ ਵਿਚ ਕੇਵਲ 86 ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ ਜਦੋਂਕਿ ਸੰਗਰੂਰ ਵਿਚ ਸੱਭਤੋਂ ਵੱਧ 7158 ਮਰੀਜ਼ ਸਾਹਮਣੇ ਆਏ ਹਨ। 
ਸਿਹਤ ਮਾਹਿਰਾ ਦਾ ਮੰਨਣਾ ਹੈ ਕਿ ਹੈਪੇਟਾਈਟਸ ਸੀ ਦੇ ਫੈਲਾਅ ਦਾ ਕਾਰਨ ਹੈਪੇਟਾਈਟਸ ਬੀ ਤੋਂ ਸੀ ਹੋਣਾ ਜਾਂ ਫਿਰ ਸਰਿੰਜ ਦੀ ਇਕ ਤੋਂ ਵੱਧ ਵਿਅਕਤੀਆਂ ਵਲੋ ਵਰਤੋ ਕਰਨਾ ਹੈ। ਸਿਹਤ ਮਾਹਿਰ ਡਾ ਪਿਆਰਾ ਲਾਲ ਗਰਗ ਅਨੁਸਾਰ ਇੰਨੇ ਵੱਡੇ ਅੰਕੜੇ ਦੱਸਦੇ ਹਨ ਕਿ ਪੰਜਾਬ ਵਿਚ ਨਸ਼ਿਆਂ ਖਾਸਕਰਕੇ ਇਕ ਨਸ਼ੇੜੀ ਵਲੋਂ ਵਰਤੀ ਗਈ ਸਰਿੰਜ ਦਾ ਦੂਸਰੇ ਵਿਅਕਤੀ ਵਲੋਂ ਵਰਤਣ ਦਾ ਰੁਝਾਨ ਨਿਰੰਤਰ ਜਾਰੀ ਹੈ। ਹਾਲਾਂਕਿ ਸਿਹਤ ਵਿਭਾਗ ਵਲੋਂ ਮੰਗੀ ਗਈ ਮੁਕੰਮਲ ਸੂਚਨਾ ਉਪਲਬਧ ਨਹੀਂ ਕਰਵਾਈ ਗਈ ਫਿਰ ਵੀ ਸਟੇਟ ਪ੍ਰੋਗਰਾਮ ਅਫਸਰ (ਐਸ.ਸੀ.ਵੀ) ਵਲੋਂ ਜੋ ਸੂਚਨਾ ਮੁਹੱਈਆ ਕਰਵਾਈ ਗਈ ਹੈ, ਉਸਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸੂਚਨਾ ਅਨੁਸਾਰ 16 ਜੂਨ 2016 ਤੋਂ 31 ਦਸੰਬਰ 2016 ਤੱਕ 19456 ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ। ਇਸੀ ਤਰ੍ਹਾਂ ਇਕ ਜਨਵਰੀ 2017 ਤੋਂ 31 ਦਸੰਬਰ ਤੱਕ 19922 ਅਤੇ ਜਨਵਰੀ 2018 ਤੋਂ 10 ਜੁਲਾਈ 2018 ਤੱਕ 9359  ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ। ਇਹ ਮਰੀਜ਼ ਉਹ ਹਨ ਜਿਹੜੇ ਪੰਜਾਬ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਰਜਿਸਟਰਡ ਹੋਏ ਹਨ, ਜਦੋਂ ਕਿ ਕਾਲਾ ਪੀਲੀਆਂ ਦੇ ਸ਼ਿਕਾਰ ਲੋਕਾਂ, ਮਰੀਜ਼ਾਂ ਦੀ ਵੱਧ ਗਿਣਤੀ ਦੇ ਅਨੁਮਾਨ ਨੂੰ ਨਕਾਰਿਆ ਨਹੀਂ ਜਾ ਸਕਦਾ। 

ਇਵੇਂ ਫੈਲਦਾ ਹੈ ਕਾਲਾ ਪੀਲੀਆ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹੈਪੇਟਾਈਟਸ ਬੀ ਗੰਦੇ ਪਾਣੀ ਖਾਸਕਰਕੇ ਸੀਵਰੇਜ ਦੀ ਮਿਲਾਵਟ ਵਾਲੇ ਗੰਦੇ ਪਾਣੀ ਨਾਲ ਫੈਲਦਾ ਹੈ। ਅਗਰ ਹੈਪੇਟਾਈਟਸ ਬੀ ਦੇ ਮਰੀਜ਼ਾਂ ਦਾ ਖੂਨ ਜਾਂ ਸਰਿੰਜ ਕਿਸੇ ਹੋਰ ਵਿਅਕਤੀ 'ਤੇ ਲਗਾ ਦਿੱਤੀ ਜਾਂਦੀ ਹੈ ਤਾਂ ਸਬੰਧਿਤ ਵਿਅਕਤੀ ਹੈਪੇਟਾਈਟਸ ਸੀ (ਕਾਲਾ ਪੀਲੀਆ) ਦਾ ਮਰੀਜ਼ ਹੋ ਜਾਂਦਾ ਹੈ। ਜੇਕਰ ਮਰੀਜ਼ ਦਾ ਸਹੀ ਸਮੇਂ ਇਲਾਜ਼ ਨਹੀਂ ਹੁੰਦਾ ਤਾਂ ਮਰੀਜ਼ ਜਹਾਨੋ ਕੂਚ ਵੀ ਕਰ ਜਾਂਦਾ ਹੈ। 

ਸੰਗਰੂਰ 'ਚ ਸੱਭ ਤੋਂ ਵੱਧ 7158 ਪਠਾਨਕੋਟ 'ਚ ਸੱਭ ਤੋਂ ਘੱਟ 86 ਮਰੀਜ਼ 
ਅੰਕੜਿਆਂ ਅਨੁਸਾਰ ਸੱਭਤੋਂ ਵੱਧ ਸੰਗਰੂਰ ਜਿਲ੍ਹੇ ਵਿਚ 7158 ਅਤੇ ਸੱਭਤੋਂ ਘੱਟ ਪਠਾਨਕੋਟ ਜਿਲ੍ਹੇ ਵਿਚ 86 ਮਰੀਜ਼ ਰਜਿਸਟਰਡ ਹੋਏ ਹਨ। ਜਦੋਂ ਕਿ ਅੰਮ੍ਰਿਤਸਰ ਵਿਚ 2894, ੂਬਠਿੰਡਾ 3435, ਬਰਨਾਲਾ 2012, ਫਰੀਦਕੋਟ 3797, ਸ੍ਰੀ ਫਤਿਹਗੜ ਸਾਹਿਬ 717, ਫਾਜੀਲਿਕਾ 1335, ਫਿਰੋਜਪੁਰ 1876, ਗੁਰਦਾਸਪੁਰ 1119, ਹੁਸ਼ਿਆਰਪੁਰ 1051, ਜਲੰਧਰ 1347, ਕਪੂਰਥਲਾ 865, ਲੁਧਿਆਣਾ 2755, ਮਾਨਸਾ 2600, ਮੋਗਾ 3467, ਮੁਕਤਸਰ 3938,ਪਟਿਆਲਾ 1908, ਰੂਪਨਗਰ 378, ਮੋਹਾਲੀ 290, ਨਵਾਂਸ਼ਹਿਰ 1458 ਅਤੇ ਤਰਨ ਤਾਰਨ ਵਿਖੇ 4251 ਮਰੀਜ਼ ਰਜਿਸਟਰਡ ਕੀਤੇ ਗਏ ਹਨ। ਸਿਹਤ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਇਹ ਮਰੀਜ਼ ਸਿਰਫ ਸਰਕਾਰੀ ਹਸਪਤਾਲਾਂ ਵਿਚ ਇਲਾਜ਼ ਕਰਵਾਉਣ ਵਾਲਿਆਂ ਦੇ ਹਨ, ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਜਾਂ ਪੰਜਾਬ ਤੋਂ ਬਾਹਰ ਇਲਾਜ਼ ਕਰਵਾਉਣ ਵਾਲਿਆਂ ਦਾ ਸਿਹਤ ਵਿਭਾਗ ਕੋਈ ਰਿਕਾਰਡ ਨਹੀਂ ਹੈ।

Monday, 3 September 2018

ਜਥੇਦਾਰ ਨੂੰ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਸੀ : ਢੀਂਡਸਾ


ਜੈ ਸਿੰਘ ਛਿੱਬਰ
ਚੰਡੀਗੜ੍ਹ : ਬਹਿਬਲ ਕਲਾਂ ,ਕੋਟਕਪੂਰਾ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਅਤੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਚੌਤਰਫ਼ਾ ਵਿਰੋਧ ਤੋ ਬਾਅਦ ਰਾਜ ਸਭਾ ਮੈਂਬਰ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹਿਲਾਂ ਹੀ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਸਾਹਿਬਾਨ ਦਾ ਅਸਤੀਫਾ ਲੈ ਲੈਣਾ ਚਾਹੀਦਾ ਸੀ।
ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਜਿਸ ਢੰਗ ਨਾਲ ਜਥੇਦਾਰ ਦਾ ਵਿਰੋਧ ਹੋ ਰਿਹਾ ਹੈ ਅਜਿਹਾ ਵਿਰੋਧ ਹੋਣਾ ਨਹੀਂ ਚਾਹੀਦਾ ਸੀ। ਪੰਜਾਬ ਦੇ ਤਾਜ਼ਾ ਸਿਆਸੀ  ਘਟਨਾਕ੍ਰਮ ਨੂੰ ਲੈ ਕੇ ਅਕਾਲੀ ਦਲ ਵਲੋਂ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਬਣਾਏ ਜਾਣ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੁਝ ਪਤਾ ਨਹੀਂ ਹੈ ਅਤੇ ਨਾ ਹੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਫੋਨ ਤੇ ਸੂਚਿਤ ਕੀਤਾ ਗਿਆ ਹੈ ਬਲਕਿ ਅਖ਼ਬਾਰਾਂ ਵਿੱਚ ਖ਼ਬਰ ਪੜ੍ਹਨ ਤੋਂ ਹੀ ਪਤਾ ਚੱਲਿਆ ਹੈ। 
ਅਤੀਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਵੱਲੋਂ ਡੇਰਾ ਸਿਰਸਾ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਢੀਂਡਸਾ ਨੇ ਕਿਹਾ ਕਿ ਲੌਂਗੋਵਾਲ ਡੇਰਾ ਸਿਰਸਾ ਮੱਥਾ ਟੇਕਣ ਨਹੀਂ ਵੋਟਾਂ ਮੰਗਣ ਗਏ ਸਨ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸ਼ਾਹਿਬ ਵੱਲੋਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲਗਾਈ ਸੇਵਾ ਭੁਗਤਣ ਤੋਂ ਬਾਅਦ ਹੀ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹਨ । 
ਢੀਂਡਸਾ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਅਕਾਲੀ ਦਲ ਅਤੇ ਅਕਾਲ ਤਖ਼ਤ ਸਾਹਬ ਵਲੋਂ ਲਏ ਗਏ ਫੈਸਲੇ ਤੇ ਕਿੰਤੂ ਕਰ ਚੁੱਕੇ ਹਨ । 
ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਅਜਿਹੇ ਹਾਲਾਤਾਂ ਵਿੱਚ ਬਿਆਨ ਦੇਣ ਤੋਂ ਸਪਸ਼ਟ ਹੋ ਗਿਆ ਹੈ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿੱਚ ਵੀ ਮੱਤਭੇਦ ਹਨ । ਪਾਰਟੀ ਦੇ ਸੀਨੀਅਰ ਆਗੂਆਂ ਦੇ ਅਜਿਹੇ ਬਿਆਨ ਤੋ ਸਪੱਸ਼ਟ ਹੁੰਦਾ ਹੈ ਕਿ ਸਿੱਖ ਜਗਤ ਵਿੱਚ ਅਕਾਲੀ ਦਲ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਖਿਲਾਫ ਪਨਪੇ ਰੋਹ ਨੂੰ ਸ਼ਾਂਤ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਵਲੋਂ ਜਥੇਦਾਰ ਸਾਹਿਬ ਦੇ ਖਿਲਾਫ਼ ਵੱਡਾ ਫੈਸਲਾ ਲਿਆ ਜਾ ਸਕਦਾ ਹੈ ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਨਾਮਾ ਦੇ ਦਿੱਤਾ ਗਿਆ ਸੀ ਪਰ ਸਿੱਖ ਜਗਤ ਦੇ ਜ਼ਬਰਦਸਤ ਵਿਰੋਧ ਕਾਰਨ ਜਥੇਦਾਰ ਸਾਹਿਬਾਨ ਵੱਲੋਂ ਮਾਫੀਨਾਮਾ ਵਾਪਸ ਲੈ ਲਿਆ ਗਿਆ ਸੀ ਇੱਕ ਵਾਰ ਹਾਲਾਤ ਅਜਿਹੇ ਬਣ ਗਏ ਸਨ ਕੇ ਪਿੰਡਾਂ ਵਿੱਚ ਅਕਾਲੀ ਆਗੂਆਂ  ਦਾ ਜਾਣਾ ਬੰਦ ਹੋ ਗਿਆ ਸੀ, ਉਹੀ ਹਾਲਾਤ ਹੁਣ ਬਣੇ ਹੋਏ ਹਨ।