6 ਸਿਤੰਬਰ ਤੱਕ ਡਾਈਟਾਂ ਵਿੱਚ ਫੀਸ ਜਮ੍ਹਾਂ ਕਰਵਾਉਣ ਦੇ ਆਦੇਸ਼
ਚੰਡੀਗੜ੍ਹ 29 ਅਗਸਤ/ ਜੈ ਸਿੰਘ ਛਿੱਬਰ
ਅਧਿਆਪਕਾਂ ਨਾਲ ਸਬੰਧਿਤ ਵੱਖ ਵੱਖ ਮੁਦਿਆਂ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਸਿੱਖਿਆ ਵਿਭਾਗ ਨੇ ਇਸ ਵਾਰ ਈਟੀਟੀ (ਐਲੀਮੈਂਟਰੀ ਟੀਚਰਜ ਟ੍ਰੇਨਿੰਗ) ਕੋਰਸ ਲਈ ਪ੍ਰਵੇਸ਼ ਪ੍ਰੀਖਿਆ ਦੀ ਬਜਾਏ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਦੀ ਸਿਲੈਕਸ਼ਨ ਕਰਕੇ 6 ਸਿਤੰਬਰ ਤੱਕ ਵੱਖ ਵੱਖ ਡਾਈਟਾਂ ਵਿੱਚ ਦਾਖਲਾਂ ਫੀਸ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਸੂਤਰ ਦੱਸਦੇ ਹਨ ਕਿ ਸਿੱਖਿਆ ਅਧਿਕਾਰੀਆਂ ਨੇ ਚਹੇਤਿਆਂ ਨੂੰ ਭਰਤੀ ਕਰਨ ਲਈ ਮੈਰਿਟ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਹੈ। ਸੱਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖਿਆ ਵਿਭਾਗ ਨੇ ਅਧਿਆਪਕ ਬਣਨ ਵਾਲੇ ਵਿਦਿਆਰਥੀਆਂ ਦਾ ਟੈਸਟ ਲਏ ਬਗੈਰ ਉਨ੍ਹਾਂ ਨੂੰ ਬਾਰ੍ਹਵੀਂ ਦੀ ਮੈਰਿਟ ਦੇ ਆਧਾਰ 'ਤੇ ਸਵੈ ਇੱਛਾ ਅਨੁਸਾਰ ਸਬੰਧਿਤ ਡਾਈਟਾਂ ਵਿੱਚ ਫੀਸ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਸਿਖਿਆ ਵਿਭਾਗ ਨੇ ਅਕਤੂਬਰ 2012 'ਚ ਈਟੀਟੀ ਦਾ ਕੋਰਸ ਕਰਨ ਵਾਲੇ ਇੱਛੁਕ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨ ਨੂੰ ਕਿਹਾ ਸੀ। ਆਨਲਾਈਨ ਅਪਲਾਈ ਕਰਨ ਤੋਂ ਵਿਭਾਗ ਦੇ ਅਧਿਕਾਰੀਆਂ ਨੇ ਅਗਲੀ ਪ੍ਰੀਕ੍ਰਿਆ ਨੂੰ ਅਮਲ ਵਿੱਚ ਲਿਆਉਣ ਲਈ ਕੋਈ ਫੈਸਲਾ ਨਹੀਂ ਲਿਆ। ਜਦੋਂ ਕਿ ਹੁਣ ਤੱਕ ਵਿਭਾਗ ਵਲੋਂ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਮੈਰਿਟ ਦੇ ਅਧਾਰ'ਤੇ ਈਟੀਟੀ ਕੋਰਸ ਲਈ ਚੁਣਿਆ ਜਾਂਦਾ ਰਿਹਾ ਹੈ। ਪਰੰਤੂ ਇਸ ਵਾਰ ਵਿਭਾਗ ਨੇ ਚੁੱਪ ਚਪੀਤੇ ਢੰਗ ਨਾਲ ਵਿਦਿਆਰਥੀਆਂ ਦੀ ਮੈਰਿਟ ਦੇ ਆਧਾਰ 'ਤੇ ਸਿਲੈਕਸ਼ਨ ਕਰਕੇ ,ਵਿਦਿਆਰਥੀਆਂ ਦੀ ਮੰਗ ਅਨੁਸਾਰ ਸੰਬੰਧਿਤ ਡਾਈਟਾਂ ਵਿੱਚ 6 ਸਿਤੰਬਰ ਤੱਕ ਫੀਸ ਜਮਾਂ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਸੰਬੰਧਿਤ ਡਾਈਟਾਂ ਦੇ ਅਧਿਕਾਰੀਆਂ ਨੂੰ 9 ਸਿਤੰਬਰ ਤੱਕ ਫੀਸ ਤੇ ਦਾਖਿਲੇ ਬਾਰੇ ਪੂਰੀ ਜਾਣਕਾਰੀ ਦੇਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ ਵੱਖ ਵੱਖ ਜਿਲ੍ਹਿਆ 'ਚ 17 ਸਰਕਾਰੀ ਡਾਈਟਾਂ (ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ) ਹਨ। ਜਿਨ੍ਹਾਂ ਵਿੱਚ ਟੀਚਰਜ 12 ਪੱਕੀਆਂ ,ਪੂਰੇ ਸਟਾਫ ਵਾਲੀਆਂ ਹਨ। ਜਦੋਂ ਕਿ ਪ੍ਰਾਈਵੇਟ 90 ਤੋਂ ਅਧਿਕ ਡਾਈਟਾਂ ਹਨ ਜੋ ਵਿਦਿਆਰਥੀਆਂ ਨੂੰ ਈਟੀਟੀ ਕੋਰਸ ਕਰਵਾਉੁਦੀਆਂ ਹਨ। ਸੂਤਰ ਦੱਸਦੇ ਹਨ ਕਿ ਸਾਲ 2012-14 ਲਈ ਵਿਦਿਆਰਥੀਆਂ ਦੀ ਭਰਤੀ ਕੀਤੀ ਗਈ ਹੈ। ਬੀਤੇ ਕੁੱਝ ਸਮੇਂ ਦੌਰਾਨ ਈਟੀਟੀ ਪਾਸ ਅਧਿਆਪਕਾਂ ਵਲੋਂ ਨੌਕਰੀ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਧਰਨਿਆਂ ਤੋ ਬਾਦ ਇੱਕ ਬਾਦ ਸਰਕਾਰ ਨੇ ਈਟੀਟੀ ਕੋਰਸ ਕਰਾਉਣ ਤੇ ਰੋਕ ਲਗਾ ਦਿੱਤੀ ਸੀ। ਇਸੀ ਤਰ੍ਹਾਂ ਸਰਵ ਸਿੱਖਿਆ ਅਭਿਆਨ ਦੇ ਤਹਿਤ ਸਲੱਮ ਏਰੀਏ ਵਿੱਚ ਬੱਚਿਆਂ ਨੂੰ ਸਿੱਖਿਆਂ ਦੇਣ ਲਈ ਈਜੀਐਸ ਸੈਂਟਰ ਖੋਲੇ ਗਏ ਸਨ ,ਫਿਰ ਇਹਨਾਂ ਸੈਂਟਰਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਸਕੂਲਾਂ ਵਿੱਚ ਰੈਗੂਲਰ ਕਰਨ ਲਈ ਸੰਘਰਸ ਕੀਤਾ ਸੀ ,ਤਾਂ ਫਿਰ ਸਰਕਾਰ ਨੇ ਸੈਂਟਰਾਂ ਵਿੱਚ ਪੜ੍ਹਾਉੇਦੇ ਟੀਚਰਾਂ ਨੂੰ ਬਕਾਇਦਾ ਈਟੀਟੀ ਦੀ ਟ੍ਰੇਨਿੰਗ ਦਿੱਤੀ ਸੀ।
ਜਦੋਂ ਇਸ ਸੰਬੰਧੀ ਜਾਣਕਾਰੀ ਲੈਣ ਲਈ ਸਟੇਟ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਸਸੀਈਆਰਟੀ) ਦੇ ਡਾਇਰੈਕਟਰ ਰੋਸ਼ਨ ਲਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਮੈਰਿਟ ਨੈਟ 'ਤੇ ਪਾਈ ਗਈ ਹੈ। ਉਹਨਾਂ ਇਸ ਮਾਮਲੇ ਬਾਰੇ ਹੋਰ ਕੁੱਝ ਵੀ ਦੱਸਣ ਤੋਂ ਮਨ੍ਹਾ ਕਰ ਦਿੱਤਾ।