Thursday, 24 January 2019

ਸਪੀਕਰ ਨੇ ਵਿਧਾਇਕ ਐਚ.ਐਸ. ਫੂਲਕਾ ਦਾ ਪੱਖ ਸੁਣਨ ਲਈ 20 ਫਰਵਰੀ ਨੂੰ ਸੱਦਿਆ


ਵਿਧਾਇਕ ਪਦ ਤੇ ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਦੇ ਚੁੱਕੇ ਹਨ ਅਸਤੀਫ਼ਾ

ਜੈ ਸਿੰਘ ਛਿੱਬਰ, 
ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ  ਕੰਵਰਪਾਲ ਸਿੰਘ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ
ਮੈਂਬਰਸ਼ਿਪ ਅਤੇ ਵਿਧਾਇਕ ਪਦ ਤੋਂ ਅਸਤੀਫ਼ਾ ਦੇਣ ਵਾਲੇ ਹਲਕਾ ਦਾਖਾ ਤੋਂ ਵਿਧਾਇਕ
ਐਚ.ਐਸ. ਫੂਲਕਾ ਨੂੰ 20 ਫਰਵਰੀ ਨੂੰ ਆਪਣਾ ਪੱਖ ਰੱਖਣ ਲਈ ਫਿਰ ਬੁਲਾਇਆ ਹੈ।
ਵਿਧਾਨ ਸਭਾ ਸਕੱਤਰੇਤ ਵਲੋਂ ਐਚ.ਐਸ.ਫੂਲਕਾ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਉਨ੍ਹਾਂ
ਦੇ 12 ਅਕਤੂਬਰ ਤੇ 11 ਦਸੰਬਰ 2018 ਦੇ ਪੱਤਰ ਵਿਹਾਰ ਸਬੰਧੀ 20 ਫਰਵਰੀ ਨੂੰ ਮਾਣਯੋਗ
ਸਪੀਕਰ ਦੇ ਚੈਂਬਰ ਵਿਚ ਮਿਲਿਆ ਜਾਵੇ।
ਇਥੇ ਦੱਸਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਵਿਚ ਜਸਟਿਸ
ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਦਨ ਵਿਚ ਪੇਸ਼ ਹੋਣ ਤੋਂ ਬਾਅਦ ਹੋਈ ਬਹਿਸ ਦੌਰਾਨ
ਐਚ.ਐਸ.ਫੂਲਕਾ ਨੇ ਦੋਸ਼ੀ ਪੁਲਿਸ ਅਧਿਕਾਰੀਆਂ, ਸਾਬਕਾ ਮੁੱਖ ਮੰਤਰੀ ਤੇ ਉਪ ਮੁੱਖ
ਮੰਤਰੀ ਨੂੰ ਹਿਰਾਸਤ ਵਿਚ ਲੈਣ ਦੀ ਮੰਗ ਕੀਤੀ ਸੀ। ਫੂਲਕਾ ਨੇ ਸਰਕਾਰ ਵਲੋਂ ਦੋਸ਼ੀਆਂ
ਖਿਲਾਫ਼ ਕਾਰਵਾਈ ਨਾ ਕਰਨ 'ਤੇ ਵਿਧਾਇਕ ਪਦ ਤੋਂ ਅਸਤੀਫ਼ਾ ਦੇਣ ਦੀ ਧਮਕੀ ਦਿੰਦਿਆਂ ਚਾਰ
ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾਂ, ਨਵਜੋਤ ਸਿੱਧੂ
ਤੇ ਚਰਨਜੀਤ ਸਿੰਘ ਚੰਨੀ ਨੂੰ ਵੀ ਮੰਤਰੀ  ਪਦ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਸੀ।
ਸਰਕਾਰ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲਿਆਂ ਵਿਚ ਉਚਿਤ ਕਾਰਵਾਈ ਨਾ ਕੀਤੇ
ਜਾਣ 'ਤੋਂ ਖਫ਼ਾ ਹੋਏ ਐਚ.ਐਸ.ਫੂਲਕਾ ਨੇ 12 ਅਕਤੂਬਰ 2018 ਨੂੰ ਸਪੀਕਰ ਨੂੰ ਮੇਲ ਤੇ
ਡਾਕ ਰਾਹੀਂ ਵਿਧਾਇਕ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਰ, ਤਕਨੀਕੀ ਤੌਰ 'ਤੇ ਅਸਤੀਫਾ
ਦੀ ਭਾਸ਼ਾ ਸਹੀ ਨਾ ਹੋਣ ਕਾਰਨ ਸਪੀਕਰ ਵਲੋਂ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ। ਇਸਤੋਂ
ਬਾਅਦ ਫਿਰ 11 ਦਸੰਬਰ 2018 ਨੂੰ ਫੂਲਕਾ ਨੇ ਪੁਰਾਣੇ ਪੱਤਰ ਦਾ ਹਵਾਲਾ ਦਿੰਦਿਆਂ
ਅਸਤੀਫ਼ਾ ਮੰਜੂਰ ਕਰਨ ਲਈ ਸਪੀਕਰ ਨਾਲ ਮੁਲਾਕਾਤ ਕੀਤੀ ਸੀ। ਇਕ ਮਹੀਨੇ ਤੋਂ ਵੱਧ ਸਮਾਂ
ਹੋਣ 'ਤੇ ਵੀ ਅਜੇ ਫੂਲਕਾ ਦਾ ਅਸਤੀਫ਼ਾ ਮੰਜੂਰ ਨਹੀਂ ਹੋਇਆ।
ਇਥੇ ਦੱਸਿਆ ਜਾਂਦਾ ਹੈ ਕਿ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ
ਆਪ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਆਪ
ਵਿਧਾਇਕ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਪੀਕਰ ਨਾਲ ਮੁਲਾਕਾਤ ਕਰਕੇ ਦਲ ਬਦਲ
ਕਾਨੂੰਨ ਤਹਿਤ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਸੀ। ਸਪੀਕਰ ਨੇ
21ਜਨਵਰੀ ਨੂੰ ਖਹਿਰਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਬਾਕਸ--
ਆਪ ਲਈ ਹੋਵੇਗਾ ਸੰਕਟ  --
ਐਚ.ਐਸ.ਫੂਲਕਾ ਦਾ ਅਸਤੀਫ਼ਾ ਮੰਜੂਰ ਹੋਣ ਤੇ ਸੁਖਪਾਲ ਖਹਿਰਾ ਦੀ ਮੈਂਬਰਸ਼ਿਪ ਰੱਦ ਹੋਣ
ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸੰਕਟ ਵਧ ਸਕਦਾ ਹੈ। ਦੋਵੇਂ ਸਾਬਕਾ ਵਿਰੋਧੀ ਧਿਰ ਦੇ
ਨੇਤਾਵਾਂ ਦੀ ਸੀਟਾਂ ਖਾਲੀ ਘੋਸ਼ਿਤ ਹੋਣ ਨਾਲ ਜਿਥੇ ਆਪ ਦੀ ਦੋ ਸੀਟਾਂ ਘੱਟ ਕੇ 18 ਰਹਿ
ਜਾਣਗੀਆਂ, ਉਥੇ ਸੂਬੇ ਵਿਚ ਜ਼ਿਮਨੀ ਚੋਣਾਂ ਹੋਣੀਆਂ ਤੈਅ ਹੋਣਗੀਆਂ।

Wednesday, 23 January 2019

ਸਦਨ 'ਚ ਝੂਠ ਬੋਲਣ ਤੇ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ

ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ,6 ਫਰਵਰੀ ਨੂੰ ਕਮੇਟੀ ਅੱਗੇ ਪੇਸ਼ ਹੋਣ ਦਾ ਨੋਟਿਸ
ਜੈ ਸਿੰਘ ਛਿੱਬਰ,
ਚੰਡੀਗੜ੍ਹ 22 Jan.
ਵਿਧਾਨ ਸਭਾ 'ਚ ਗਲਤ ਤੇ ਗੁੰਮਰਾਹਕੁੰਨ ਬਿਆਨਬਾਜ਼ੀ ਕਰਨੀ ਅਤੇ ਸਪੀਕਰ ਖਿਲਾਫ਼ ਅਪਸ਼ਬਦ
ਬੋਲਣੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ
ਮਹਿੰਗੇ ਪੈ ਸਕਦੇ ਹਨ। ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਜਲਾਲਾਬਾਦ ਤੋਂ
ਵਿਧਾਇਕ ਸੁਖਬੀਰ ਸਿੰਘ ਬਾਦਲ ਨੂੰ 6 ਫਰਵਰੀ ਨੂੰ ਕਮੇਟੀ ਅੱਗੇ ਪੇਸ਼ ਹੋਣ ਦਾ ਨੋਟਿਸ
ਦਿੱਤਾ ਹੈ।
ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿਲੋਂ
ਦੀ ਗੈਰਹਾਜ਼ਰੀ ਵਿਚ ਹਾਜ਼ਰ ਅੱਠ ਮੈਂਬਰਾਂ ਨੇ ਵਿਧਾਇਕ ਤਰਸੇਮ ਸਿੰਘ ਡੀਸੀ ਦੀ
ਪ੍ਰਧਾਨਗੀ ਹੇਠ ਮੀਟਿੰਗ ਕਰਕੇ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਲਿਆ।
ਇਥੇ ਦੱਸਣਾ ਬਣਦਾ ਹੈ ਕਿ ਸਾਲ 2017 ਦੇ ਸੈਸ਼ਨ ਦੌਰਾਨ ਅਕਾਲੀ ਦਲ ਵਲੋਂ ਸਦਨ ਵਿਚ
ਹੰਗਾਮੇ ਦੌਰਾਨ ਵਿਧਾਨ ਸਭਾ ਦੇ ਸਪੀਕਰ ਖਿਲਾਫ਼ ਅਪਸ਼ਬਦ ਕਹੇ ਸਨ। ਉਸ ਵਕਤ ਸੰਸਦੀ
ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾਂ ਨੇ ਸੁਖਬੀਰ ਬਾਦਲ ਖਿਲਾਫ਼ ਮਰਿਆਦਾ ਦੀ ਉਲੰਘਣਾ
ਦਾ ਮਤਾ ਪੇਸ਼ ਕੀਤਾ ਸੀ। ਸਪੀਕਰ ਨੇ ਇਹ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪ
ਦਿੱਤਾ ਸੀ।
ਇਸੀ ਤਰ੍ਹਾਂ ਪਿਛਲੇ ਸਾਲ ਸਦਨ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ
ਟਿਪਣੀ ਕਰਦਿਆਂ ਸੁਖਬੀਰ ਬਾਦਲ ਨੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਸਨ। ਸੁਖਬੀਰ ਨੇ
ਸੰਤ ਬਲਜੀਤ ਸਿੰਘ ਦਾਦੂਵਾਲ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ
ਹੋਣ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਸੁਖਪਾਲ ਸਿੰਘ ਖਹਿਰਾ ਅਤੇ ਕੈਪਟਨ ਚੰਨਣ ਸਿੰਘ ਦੀ
ਰਿਹਾਇਸ਼ 'ਤੇ ਮੀਟਿੰਗ ਹੋਣ ਸਮੇਤ ਕਈ ਮੋਬਾਈਲ ਨੰਬਰਾਂ ਦਾ ਹਵਾਲਾ ਦਿੰਦਿਆਂ ਕਮਿਸ਼ਨ
ਦੀ ਰਿਪੋਰਟ 'ਤੇ ਤਿੱਖੇ ਸਵਾਲ ਉਠਾਏ ਸਨ। ਸੁਖਬੀਰ ਵਲੋਂ ਮੋਬਾਈਲ ਨੰਬਰਾਂ ਦਾ ਹਵਾਲਾ
ਦੇਣ ਤੇ ਗੰਭੀਰ ਦੋਸ਼ ਲਗਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਵਿਧਾਨ
ਸਭਾ ਦੀ ਕਮੇਟੀ ਵਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।
ਸਪੀਕਰ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਦੀ ਅਗਵਾਈ ਹੇਠ ਇਕ ਕਮੇਟੀ ਗਠਿਤ
ਕੀਤੀ। ਕਮੇਟੀ ਨੇ ਆਪਣੀ ਰਿਪੋਰਟ ਵਿਚ ਸੀਸੀਟੀਵੀ ਫੋਟੋ, ਮੋਬਾਈਲ ਕੰਪਨੀਆਂ ਤੋਂ ਟਾਵਰ
ਲੋਕੇਸ਼ਨ ਦੇ ਆਧਾਰ 'ਤੇ ਰਿਪੋਰਟ ਤਿਆਰ ਕਰਦਿਆਂ ਸੁਖਬੀਰ ਬਾਦਲ ਨੂੰ ਸਦਨ ਵਿਚ ਝੂਠ
ਬੋਲਣ ਤੇ ਗੁੰਮਰਾਹ ਕਰਨ ਦਾ ਦੋਸ਼ੀ ਮੰਨਿਆ ਸੀ। ਸਪੀਕਰ ਨੇ ਕਮੇਟੀ ਦੀ ਰਿਪੋਰਟ
ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੋਂਪ ਦਿੱਤੀ ਸੀ।

ਬਾਕਸ--
ਬਜਟ ਸੈਸ਼ਨ ਤੋਂ ਪਹਿਲਾਂ ਸੁਖਬੀਰ ਦੀ ਵਧੇਗੀ ਪਰੇਸ਼ਾਨੀ
ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ 6 ਫਰਵਰੀ ਨੂੰ ਸੁਖਬੀਰ ਨੂੰ ਪੇਸ਼ ਹੋਣ ਦਾ ਨੋਟਿਸ
ਜਾਰੀ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਫਰਵਰੀ ਵਿਚ ਬੁਲਾਏ ਜਾਣ ਦੀ
ਸੰਭਾਵਨਾਂ ਹੈ। ਇਸ ਤਰ੍ਹਾਂ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਹੋਣ 'ਤੇ ਉਨ੍ਹਾਂ ਦੀ
ਪਰੇਸ਼ਾਨੀ ਵਧ ਸਕਦੀ ਹੈ। ਬਜਟ ਸੈਸ਼ਨ ਸੁਖਬੀਰ ਬਾਦਲ ਲਈ ਚੁਣੌਤੀ ਤੇ ਮੁਸ਼ਕਲ ਖੜ੍ਹੀ
ਕਰ ਸਕਦਾ ਹੈ।

Sunday, 20 January 2019

ਰੂਹਾਨੀਅਤ ਦੇ ਪ੍ਰਤੀਕ ਪਵਿੱਤਰ ਅਸਥਾਨਾਂ ਨੂੰ ਕੰਕਰੀਟ ਦਾ ਜੰਗਲ ਬਣਾਉਣ ਤੋਂ ਬਚਿਆ ਜਾਵੇ : ਸਿੱਧੂ

ਭਾਰਤ ਤੇ ਪਾਕਿ ਪ੍ਰਧਾਨ ਮੰਤਰੀ ਨੂੰ ਸਿੱਧੂ ਨੇ ਲਿਖਿਆ ਪੱਤਰ ----

ਜੈ ਸਿੰਘ ਛਿੱਬਰ
ਚੰਡੀਗੜ• ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੱਧੂ ਨੇ ਅੱਜ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਕੇ ਆਧੁਨਿਕਤਾ ਅਤੇ ਨਿਰਮਾਣ ਦੇ ਨਾਮ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਤਾਰਪੁਰ ਸਾਹਿਬ ਤੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਦੇ ਨੇੜੇ ਦੀ ਥਾਂ ਨਾਲ ਛੇੜਛਾੜ ਕਰਨ ਤੋਂ ਗੁਰੇਜ਼ ਕਰਨ ਅਤੇ ਪੁਰਾਣੀ ਦਿਖ, ਧਰੋਹਰ ਨੂੰ ਜਿਉਂ ਦੀ ਤਿਉਂ ਕਾਇਮ ਰੱਖਣ ਦੀ ਮੰਗ ਕੀਤੀ ਹੈ। 
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਮੌਕੇ 'ਤੇ ਦੋਵੇਂ ਮੁਲਕਾਂ ਵਲੋਂ ਕਰਤਾਰਪੁਰ ਲਾਂਘਾ ਖੋਲਣ ਦੇ ਕੀਤੇ ਗਏ ਉਪਰਾਲੇ ਦੋਵੇਂ ਮੁਲਕਾਂ ਦੇ ਆਵਾਮ ਅਤੇ ਦੇਸ਼ਾਂ ਨੂੰ ਨੇੜ੍ਹੇ ਲਿਆਵੇਗਾ। ਉਨ੍ਹਾਂ ਆਪਣੇ ਪੱਤਰ ਵਿਚ ਅਮਰੀਕਾ ਨਿਵਾਸੀ ਗੁਰਮੀਤ ਕੌਰ ਵਲੋਂ ਦਿਤੇ ਸੁਝਾਅ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਬੰਧਤ ਥਾਵਾਂ ਦਾ ਵਿਕਾਸ ਅਜਿਹੇ ਢੰਗ ਨਾਲ ਕੀਤਾ ਜਾਵੇ ਤਾਂ ਜੋ ਮਹੱਤਤਾ, ਪਵਿੱਤਰਤਾ ਤੇ ਪੁਰਾਤਨਤਾ ਭੰਗ ਨਾ ਹੋਵੇ। ਸੰਗਤ ਗੁਰੂ ਸਾਹਿਬ ਤੇ ਉਨਾਂ ਦੇ ਸਮੇਂ ਨੂੰ ਨੇੜਿਓਂ ਮਹਿਸੂਸ ਕਰ ਸਕੇ।  ਉਨ੍ਹਾਂ ਕਿਹਾ ਕਿ ਸੰਗਤ ਜਾਂ ਸੈਲਾਨੀਆਂ ਦੀ ਸਹੂਲਤ ਦੇ ਨਾਂ 'ਤੇ ਰੂਹਾਨੀਅਤ ਦੇ ਪ੍ਰਤੀਕ ਇਨ੍ਹਾਂ ਪਵਿੱਤਰ ਅਸਥਾਨਾਂ ਨੂੰ ਸੰਗਮਰਮਰ 'ਚ ਮੜ• ਕੇ ਕੰਕਰੀਟ ਦਾ ਜੰਗਲ ਨਾ ਬਣਾਇਆ ਜਾਵੇ।  
ਉਨ੍ਹਾਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਰਤਾਰਪੁਰ ਵਿਖੇ ਬਾਬਾ ਨਾਨਕ ਨੇ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਸੁਨੇਹਾ ਦਿੱਤਾ ਸੀ। ਕਰਤਾਰਪੁਰ ਲਾਂਘਾ ਖੋਲਣ ਲਈ ਨਿਰਮਾਣ ਕਾਰਜ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਨੇੜ੍ਹੇ ਜਿਸ ਭੋਂਇ ਵਿਚ ਬਾਬਾ ਨਾਨਕ ਨੇ ਕਿਰਤ ਕੀਤੀ, ਹਲ ਚਲਾਇਆ ਸੀ, ਉਸ 104 ਏਕੜ ਜ਼ਮੀਨ ਦੇ ਨੇੜ੍ਹੇ ਤੇੜ੍ਹੇ ਨਿਰਮਾਣ ਕਾਰਜ਼ ਕਰਨ ਤੋਂ ਸੰਕੋਚ ਕੀਤਾ ਜਾਵੇ। ਅਜਿਹਾ ਨਿਰਮਾਣ ਨਾ ਕੀਤਾ ਜਾਵੇ ਜਿਸ ਨਾਲ ਗੁਰਦੁਆਰਾ ਸਾਹਿਬ ਤੇ ਆਸਪਾਸ ਦੀ ਜ਼ਮੀਨ ਦੀ ਪੁਰਾਤਨ ਦਿਖ ਨੂੰ ਨੁਕਸਾਨ ਪਹੁੰਚੇ। ਉਨ੍ਹਾਂ ਕਿਹਾ ਕਿ ਜ਼ਮੀਨ ਵਿਚ ਆਰਗੈਨਿਕ ਖੇਤੀ ਕੀਤੀ ਜਾਵੇ ਤੇ ਪੈਦਾ ਹੋਈ ਜਿਣਸ ਲੰਗਰ ਲਈ ਵਰਤਣ ਅਤੇ ਖੂਹ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਿੱਖ ਸੰਗਤ ਬਾਬੇ ਨਾਨਕ ਦੇ ਖੇਤਾਂ ਵਿਚ ਪੈਦਾ ਹੋਈ ਜਿਣਸ ਦਾ ਲੰਗਰ ਛਕ ਸਕੇ ਤੇ ਖੂਹ ਦਾ ਪਾਣੀ ਪੀ ਸਕੇ। ਉਨ੍ਹਾਂ ਇਨ੍ਹਾਂ ਸਥਾਨਾਂ ਨੂੰ 'ਵਿਰਾਸਤੀ ਪਿੰਡ' ਦਾ ਦਰਜਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ 104 ਏਕੜ ਜ਼ਮੀਨ ਵਿਚ ਗੁਰਦੁਆਰਾ ਸਾਹਿਬ ਜਾਣ ਲਈ ਸੈਰਗਾਹ ਬਣਾਉਣ ਅਤੇ ਨਿੱਜੀ ਵਾਹਨਾਂ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਮੰਗ ਕੀਤੀ ਹੈ ਤਾਂ ਜੋ ਪ੍ਰਦੂਸ਼ਿਤ ਫੈਲਣ ਤੋਂ ਰੋਕਿਆ ਜਾਵੇ। ਸਿਰਫ਼ ਬਜੁਰਗ, ਬਿਮਾਰ, ਅਪਾਹਜ਼ ਸ਼ਰਧਾਲੂਆਂ ਦੇ ਜਾਣ ਲਈ ਅਜਿਹੇ ਵਾਹਨਾਂ ਦਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਭੀੜ ਤੇ ਪ੍ਰਦੂਸ਼ਿਤ ਤੋਂ ਬਚਾਅ ਹੋ ਸਕੇ। ਸਿੱਧੂ ਨੇ ਕਿਹਾ ਕਿ ਲਾਂਘੇ ਦੇ ਨੇੜ੍ਹੇ ਵੱਡੇ ਵੱਡੇ ਮਾਲ ਬਣਾਉਣ ਦੀ ਬਜਾਏ ਪੁਰਾਣੀਆਂ ਹੱਟੀਆਂ, ਦੁਕਾਨਾਂ ਬਣਾਉਣ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਦੋਵੇਂ ਮੁਲਕਾ ਦੇ ਪ੍ਰਧਾਨ ਮੰਤਰੀਆਂ ਤੋਂ ਮੰਗ ਕੀਤੀ ਹੈ ਕਿ ਇਨਾਂ ਅਸਥਾਨਾਂ ਦਾ ਇਸ ਢੰਗ ਨਾਲ ਵਿਕਾਸ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਗੁਰੂ ਸਾਹਿਬ ਜੀ ਦੇ ਸਾਦੇ ਜੀਵਨ ਤੋਂ ਸੇਧ ਲੈ ਸਕਣ। 

Tuesday, 1 January 2019

ਲੰਚ ਦੇ ਬਹਾਨੇ ਕੇਜਰੀਵਾਲ ਪਾਰਟੀ ਆਗੂਆਂ ਨੂੰ ਦੇਣਗੇ ਗੁਰਮੰਤਰ


-ਕੇਜਰੀਵਾਲ ਦਾ ਤਿੰਨ ਦਿਨਾਂ ਪੰਜਾਬ ਦੌਰਾ 20 ਤੋਂ
--3 ਜਨਵਰੀ ਨੂੰ ਦਿੱਲੀ ਵਿਖੇ ਰੱਖੀ ਅਹਿਮ ਮੀਟਿੰਗ
ਜੈ ਸਿੰਘ ਛਿੱਬਰ, 
ਚੰਡੀਗੜ੍ਹ : 
ਬਾਗੀਆਂ ਨਾਲ ਨਜਿੱਠਣ, ਆਗਾਮੀ ਲੋਕ ਸਭਾ ਚੋਣਾਂ 'ਚ ਰਣਨੀਤੀ ਬਣਾਉਣ ਅਤੇ ਆਪ ਮੁਖੀ
ਅਰਵਿੰਦ ਕੇਜਰੀਵਾਲ ਦੇ ਤਿੰਨ ਦਿਨਾਂ ਪੰਜਾਬ ਦੌਰੇ ਦੇ ਮੱਦੇਨਜ਼ਰ ਪਾਰਟੀ ਹਾਈਕਮਾਨ
ਵਲੋਂ 3 ਜਨਵਰੀ ਨੂੰ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਅਹੁੱਦੇਦਾਰਾਂ, ਸੈਲਾਂ
ਦੇ ਮੁਖੀਆਂ ਨੂੰ ਦੁਪਹਿਰ ਦੇ ਖਾਣੇ (ਲੰਚ ) 'ਤੇ ਬੁਲਾਇਆ ਹੈ। ਪਰ, ਲੰਚ ਬਹਾਨੇ ਹੋ
ਰਹੀ ਇਸ ਮੀਟਿੰਗ ਵਿਚ ਖਹਿਰਾ ਧੜੇ ਦੇ ਬਾਗੀ ਵਿਧਾਇਕਾਂ ਨੂੰ ਕੋਈ ਸੱਦਾ ਨਹੀਂ ਦਿੱਤਾ
ਗਿਆ। ਜਿਸਤੋਂ ਸਪਸ਼ਟ ਹੋ ਗਿਆ ਹੈ ਕਿ ਪਾਰਟੀ ਹਾਈਕਮਾਨ ਨੇ ਬਾਗੀਆਂ ਨਾਲ ਸਮਝੌਤੇ ਦੇ
ਸਾਰੇ ਰਸਤੇ ਬੰਦ ਕਰ ਦਿੱਤੇ ਹਨ।
ਸੂਤਰਾਂ ਮੁਤਾਬਿਕ ਪਾਰਟੀ ਵਲੋਂ ਮਾਝਾ, ਮਾਲਵਾ ਤੇ ਦੁਆਬਾ ਖ਼ਿਤੇ ਵਿਖੇ 20 ਤੇ 28
ਜਨਵਰੀ ਅਤੇ 8 ਫਰਵਰੀ ਨੂੰ ਤਿੰਨ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਦੱਸਿਆ
ਜਾਂਦਾ ਹੈ ਕਿ ਮਾਲਵਾ ਦੀ ਰੈਲੀ 20 ਜਨਵਰੀ ਨੂੰ ਬਰਨਾਲਾ ਵਿਖੇ ਕਰਨ ਦਾ ਪ੍ਰੋਗਰਾਮ
ਲੱਗਭਗ ਤੈਅ ਹੋ ਗਿਆ ਹੈ ਜਦੋਂ ਕਿ 28 ਅਤੇ 8 ਫਰਵਰੀ ਦੀ ਰੈਲੀ ਲਈ ਸਥਾਨ ਦਾ ਫੈਸਲਾ
ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਕੀਤਾ ਜਾਵੇਗਾ।
ਸੂਤਰ ਦੱਸਦੇ ਹਨ ਕਿ ਪਾਰਟੀ ਹਾਈਕਮਾਨ ਵਲੋਂ ਆਗਾਮੀ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ
ਫੈਸਲਾ ਕਰ ਲਿਆ ਹੈ ਅਤੇ ਪਾਰਟੀ ਵਲੋਂ ਪੰਜ ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਵੀ
ਘੋਸ਼ਿਤ ਕਰ ਦਿੱਤੇ ਹਨ, ਹੁਣ ਪਾਰਟੀ ਵਲੋਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਰਗਰਮੀਆਂ
ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸੀ ਲੜੀ ਤਹਿਤ ਅਰਵਿੰਦ ਕੇਜਰੀਵਾਲ ਵਲੋਂ ਪਾਰਟੀ
ਵਿਧਾਇਕਾਂ, ਸੰਸਦ ਮੈਂਬਰਾਂ, ਪਾਰਟੀ ਦੇ ਅਹੁੱਦੇਦਾਰਾਂ, ਵੱਖ ਵੱਖ ਸੈਲਾਂ ਦੇ ਮੁਖ਼ੀਆਂ
ਨਾਲ 3 ਜਨਵਰੀ, ਵੀਰਵਾਰ ਨੂੰ ਬੰਗਲਾ ਨੰਬਰ ਛੇ, ਫਲੈਗ ਸਟਾਫ ਰੋਡ ਸਿਵਲ ਲਾਈਨ ਦਿੱਲੀ
ਵਿਖੇ ਮੀਟਿੰਗ ਰੱਖੀ ਹੈ। ਸੂਤਰ ਦੱਸਦੇ ਹਨ ਕਿ ਕੇਜਰੀਵਾਲ ਵਲੋਂ ਪੰਜਾਬ ਦੇ ਵਿਧਾਇਕਾ
ਅਤੇ ਪਾਰਟੀ ਦੇ ਅਹੁੱਦੇਦਾਰਾਂ ਨੂੰ ਦਿੱਲੀ ਦੇ ਹਸਪਤਾਲਾਂ ਅਤੇ ਸਕੂਲਾਂ ਦਾ ਦੌਰਾ ਵੀ
ਕਰਵਾਇਆ ਜਾਵੇਗਾ । ਇਸ ਤੋਂ ਇਲਾਵਾ ਵਰਕਰਾਂ,ਲੋਕਾਂ ਨੂੰ ਲਾਮਬੰਦ, ਪ੍ਰੇਰਿਤ ਕਰਨ ਲਈ
ਗੁਰ ਵੀ ਦਿੱਤੇ ਜਾਣਗੇ ਤਾਂ ਜੋ ਲੋਕ ਸਭਾ ਚੋਣਾਂ ਵਿਚ ਵੋਟਰਾਂ ਨੂੰ ਦਿੱਲੀ ਸਰਕਾਰ
ਵਲੋਂ ਕੀਤੇ ਗਏ ਕਾਰਜ਼ਾਂ ਬਾਰੇ ਪ੍ਰਭਾਵਿਤ ਕੀਤਾ ਜਾ ਸਕੇ।
ਆਪ ਵਿਧਾਇਕ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਪਾਰਟੀ ਮੁਖੀ ਅਰਵਿੰਦ
ਕੇਜਰੀਵਾਲ ਵਲੋਂ ਪਾਰਟੀ ਦੇ ਅਹੁੱਦੇਦਾਰਾਂ, ਵਿਧਾਇਕਾਂ ਨੂੰ ਲੰਚ ਦੇਣ ਅਤੇ ਮੀਟਿੰਗ
ਕਰਨ ਦੀ ਪੁਸ਼ਟੀ ਕੀਤੀ ਹੈ। ਚੀਮਾ ਅਨੁਸਾਰ ਸਾਰੇ ਵਿਧਾਇਕਾਂ ਨੂੰ ਮੀਟਿੰਗ ਵਿਚ ਸ਼ਾਮਲ
ਹੋਣ ਲਈ ਸੱਦਾ ਦਿੱਤਾ ਗਿਆ ਹੈ ਅਤੇ ਮੀਟਿੰਗ ਵਿਚ ਅਰਵਿੰਦ ਕੇਜਰੀਵਾਲ ਦੇ ਜਨਵਰੀ-ਫਰਵਰੀ
ਦੌਰੇ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।
ਉਧਰ ਆਪ ਤੋਂ ਮੁਅੱਤਲ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਪਿਰਮਲ ਸਿੰਘ ਅਤੇ
ਜਗਦੇਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜਗਦੇਵ ਸਿੰਘ ਤੇ ਪਿਰਮਲ ਸਿੰਘ ਅਨੁਸਾਰ ਜਦੋਂ ਤੋ ਉਨ੍ਹਾਂ ਸੁਖਪਾਲ ਖਹਿਰਾ ਨੂੰ ਵਿਰੋਧੀ
ਧਿਰ ਦੇ ਅਹੁੱਦੇ ਤੋਂ ਹਟਾਉਣ ਬਾਰੇ ਵਿਰੋਧ ਕੀਤਾ ਹੈ, ਪਾਰਟੀ ਲੀਡਰਸ਼ਿਪ ਨਾਲ ਰਾਬਤਾ
ਟੁੱਟ ਗਿਆ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਪਾਰਟੀ ਵਲੋਂ ਮੁਅਤਲ ਕੀਤੇ ਜਾਣ
ਕਾਰਨ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਮਿਲਿਆ ਅਤੇ ਨਾ ਹੀ ਉਹ ਮੀਟਿੰਗ ਵਿਚ ਜਾਣਗੇ।