Monday, 25 February 2019

ਚਚੇਰੇ ਭਰਾਵਾਂ ਨੇ ਇਕ ੂਜੇ ਨੂੰ ਦਿੱਤੀਆਂ ਤੁਹਮਤਾਂ

ਬਾਦਲ ਪਰਿਵਾਰ ਦੇ ਸਿਆਸੀ ਸਰੀਕ ਹੋਏ ਮੇਹਣੋ ਮੇਹਣੀ
ਮਨਪ੍ਰੀਤ ਤੇ ਸੁਖਬੀਰ ਬਾਦਲ ਆਪਸ 'ਚ ਭਿੜੇ
ਜੈ ਸਿੰਘ ਛਿੱਬਰ, 
ਚੰਡੀਗੜ੍ਹ : ਬਾਦਲ ਪਰਿਵਾਰ ਦੇ ਸਿਆਸੀ ਸਰੀਕ ਅੱਜ ਫਿਰ ਵਿਧਾਨ ਸਭਾ ਵਿਚ ਰੱਜ ਕੇ ਮੇਹਣੋ ਮੋਹਣੀ ਹੋਏ । ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਆਪਸ ਵਿੱਚ ਭਿੜ ਗਏ, ਦੋਵਾਂ ,ਚ ਬਹਿਸ ਅੈਨੀ ਤਿੱਖੀ ਤੇ  ਨਿੱਜੀ ਬਹਿਸ ਹੋ ਗਈ ਕਿ ਸਦਨ ਵਿੱਚ ਹੰਗਾਮਾ ਹੋ ਗਿਆ ਅਤੇ ਸਪੀਕਰ ਨੂੰ 15 ਮਿੰਟਾਂ ਲਈ ਸਦਨ ਦੀ ਕਾਰਵਾਈ ਮੁਅਤਲ ਕਰਨੀ ਪਈ। ਮਨਪ੍ਰੀਤ ਨੇ ਕਿਹਾ ਕਿ ਪ੍ਰਤਾਪ ਸਿੰਘ ਕੈਰੋ ਅੱਠ ਸਾਲ ਪੰਜ ਮਹੀਨੇ ਮੁੱਖ ਮੰਤਰੀ ਰਹੇ ਤੇ ਅੱਜ ਤਕ ਲੋਕੀ ਯਾਦ ਕਰ ਰਹੇ ਹਨ ਜਦੋਂ ਕਿ ਬਾਦਲ ਸਾਹਿਬ 19 ਸਾਲ 5 ਮਹੀਨੇ ਮੁੱਖ ਮੰਤਰੀ ਰਹੇ ਹਨ ਕੋਈ ਨਾਮ ਲੈਣ ਵਾਲਾ ਨਹੀਂ।   
ਮਨਪ੍ਰੀਤ ਨੇ ਕਿਹਾ ਕਿ ਜੇਕਰ ਇਹਨਾਂ ( ਅਕਾਲੀ ਦਲ ) ਦੀ ਕਾਰਗੁਜ਼ਾਰੀ ਅੈਨੀ ਵਧੀਆ ਸੀ ਤਾਂ ਪੰਜਾਬ ਦੇ ਲੋਕਾਂ ਨੇ ਵਿਰੋਧੀ ਧਿਰ ਦੀ ਹੈਸ਼ੀਅਤ ਵਿੱਚ ਵੀ ਦੇਖਣਾ ਗਵਾਰਾ ਨਹੀਂ ਸਮਝਿਆ। ਮਨਪ੍ਰੀਤ ਨੇ ਕਿਹਾ ਕਿ ਇੱਜਤ, ਮੌਤ , ਜ਼ਿੱਲਤ ਪ੍ਰਮਾਤਮਾ ਦੇ ਹੱਥ ਹੈ ਤੇ ਜਿੰਨੀ ਜਲਦੀ ਸਮਝ ਆ ਜਾਵੇ ਤਾਂ ਚੰਗਾ ਹੈ ਪਰ ਅਜੇ ਤਕ ਵੀ ਇਹ ਸਮਝ ਨਹੀਂ ਰਹੇ। ਉਨ੍ਹਾਂ ਕਿਹਾ ਕਿ ਇਹਨਾਂ ਨੂੰ ਮੇਰੇ ਖਜ਼ਾਨਾ ਮੰਤਰੀ ਬਣਨ ਦਾ ਦੁੱਖ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਬਣਨ ਤੋ ਪਹਿਲਾਂ ਅਕਾਲੀ ਦਲ ਨੇ ਸਰਕਾਰ ਬਦਲਣ ਦੇ ਡਰ ਕਾਰਨ 31 ਹਜ਼ਾਰ ਕਰੋਡ਼ ਦਾ ਕਰਜ਼ਾ ਚੜਾ ਦਿੱਤਾ ਤੇ ਤਿੰਨ ਪੀੜ੍ਹੀਆਂ ਦੇ ਗਲ ਗੁਲਾਮੀ ਪਾ ਦਿੱਤੀ।  
ਸੁਖਬੀਰ ਬਾਦਲ ਨੇ ਮਨਪ੍ਰੀਤ ਵਲੋਂ ਉਨ੍ਹਾਂ ਦੇ ਪਿਤਾ ਬਾਰੇ ਕੀਤੀ ਟਿੱਪਣੀ ਤੇ ਕਿਹਾ ਕਿ ਉਨ੍ਹਾਂ ਦੇ ਕਾਰਨ ਅੱਜ ਇਥੇ, ਸਦਨ ਵਿੱਚ ਬੈਠਾ ਹੈ ਅਤੇ ਇਸਤੋਂ ਘਟੀਆ ਇਨਸਾਨ ਨਹੀਂ ਹੋ ਸਕਦਾ । ਸੁਖਬੀਰ ਨੇ ਕਿਹਾ ਕਿ ਮਨਪ੍ਰੀਤ ਸਮਝਦਾ ਕਿ ਪੰਜਾਬ ਦਾ ਦਰਦ ਮੇਰੇ ਵੀਰ ਨੂੰ ਹੀ ਹੈ।

Monday, 18 February 2019

ਲੱਗੀ ਨਜ਼ਰ ਪੰਜਾਬ ਨੂੰ,ਪੌਣੇ ਤਿੰਨ ਲੱਖ ਕਰੋੜ ਕਰਜ਼ੇ ਦੇ ਬੋਝ ਹੇਠ ਦੱਬਿਆ ਪੰਜਾਬ


- -ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾ ਕਾਲੀਆਂ ਇਹਦੇ ਸਿਰ ਤੋਂ ਵਾਰੋ
--ਪੌਣੇ ਤਿੰਨ ਲੱਖ ਕਰੋੜ ਕਰਜ਼ੇ ਦੇ ਬੋਝ ਹੇਠ ਦੱਬਿਆ ਪੰਜਾਬ

ਜੈ ਸਿੰਘ ਛਿੱਬਰ, ਚੰਡੀਗੜ੍ਹ :
80 ਵੇਂ ਦਹਾਕਿਆਂ ਤੱਕ ਕੈਸ਼ ਸਰਪਲਸ ਵਾਲਾ ਪੰਜਾਬ ਅੱਜ ਕਰਜ਼ੇ ਦੇ ਬੋਝ ਥੱਲੇ ਦੱਬਿਆ ਪਿਆ ਹੈ। ਇਹ ਕਰਜ਼ਾ ਘਟਣ ਦੀ ਵਧਾਏ ਹਰੇਕ ਵਰ੍ਹੇ ਵੱਧਦਾ ਜਾ ਰਿਹਾ ਹੈ। ਭਾਵੇਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਜਟ ਪੇਸ਼ ਕਰਦਿਆਂ ਵਿਤੀ ਵਰ੍ਹੇ 2019-20 ਦੌਰਾਨ ਪੰਜਾਬ 'ਤੇ 2,29,612 ਕਰੋੜ ਰੁਪਏ ਦਾ ਕਰਜ਼ੇ ਦਾ ਅਨੁਮਾਨ ਹੋਣ ਦੀ ਗੱਲ ਕਹੀ ਹੈ, ਪਰ ਸਹੀ ਮਾਅਨਿਆਂ ਵਿਚ ਇਹ ਕਰਜ਼ਾ 2,75,196 ਕਰੋੜ ਰੁਪਏ ਦੇ ਕਰੀਬ ਬਣਦਾ ਹੈ।
ਤਤਕਾਲੀ ਅਕਾਲੀ ਭਾਜਪਾ ਸਰਕਾਰ ਵਲੋਂ ਕੈਸ਼ ਕ੍ਰੇਡਿਟ ਲਿਮਟ ਵਿਚਲੇ ਅੰਤਰ ਦੇ 30584.11 ਕਰੋੜ ਰੁਪਏ ਨੂੰ ਟਰਮ ਲੌਨ (ਕਰਜ਼ਾ) ਵਿਚ ਬਦਲ ਦਿੱਤਾ ਗਿਆ। ਇਸ ਤਰ੍ਹਾਂ ਪੰਜਾਬ ਸਰਕਾਰ 'ਤੇ 3240 ਕਰੋੜ ਰੁਪਏ ਸਾਲਾਨਾ ਚਕਾਉਣ ਦਾ  ਬੋਝ ਹੈ, ਜੋ 17 ਵਰ੍ਹਿਆਂ ਤੱਕ ਪੰਜਾਬ ਨੂੰ ਚਕਾਉਣਾ ਪਵੇਗਾ। ਇਸ ਤੋਂ ਇਲਾਵਾ ਪਾਵਰਕਾਮ ਦਾ ਉਦੈ ਸਕੀਮ ਦਾ ਕਰੀਬ 15000 ਕਰੋੜ ਦਾ ਕਰਜ਼ਾ ਹੈ ਜੋ ਪੰਜਾਬ ਸਰਕਾਰ ਨੇ ਆਪਣੇ ਸਿਰ ਲੈ ਲਿਆ ਹੈ। ਇਨ੍ਹਾਂ ਦੋਵੇਂ ਵਿਸ਼ੇਸ਼ ਕਰਜ਼ਿਆਂ ਨੇ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ।
ਖ਼ਜ਼ਾਨਾ ਮੰਤਰੀ ਵਲੋਂ 31 ਮਾਰਚ 2019 ਤੱਕ ਕਰਜ਼ੇ ਦਾ ਕੁਲ ਬਕਾਇਆ 21, 22, 276 ਕਰੋੜ ਰੁਪਏ ਹੋਣ ਦਾ ਅਨੁਮਾਨ ਦੱਸਿਆ ਹੈ,ਜੋ ਕਿ ਜੀ.ਐਸ.ਡੀ.ਪੀ ਦਾ 40.96 ਫ਼ੀਸਦੀ ਹੈ। ਸਾਲ 2019-20 (ਬਜਟ ਅਨੁਮਾਨ) ਵਿਚ ਬਕਾਇਆ ਕਰਜ਼ 229612 ਕਰੋੜ ਹੋਣ ਦੀ ਸੰਭਾਵਨਾਂ ਦਾ ਪ੍ਰਗਟ ਕੀਤੀ ਹੈ ਜੋ ਜੀ.ਐਸ. ਡੀ.ਪੀ 39.74 ਫੀਸਦੀ ਹੈ। ਇਸ ਤਰ੍ਹਾਂ 229612 ਕਰੋੜ ਦੇ ਕਰਜ਼ੇ ਵਿਚ 30584 ਕਰੋੜ ਰੁਪਏ ਕੈਸ਼ ਕ੍ਰੇਡਿਟ ਲਿਮਟ (ਸੀ.ਸੀ.ਐਲ) ਅਤੇ 15000 ਕਰੋੜ ਰੁਪਏ ਉਦੈ ਸਕੀਮ ਦਾ ਜੋੜਿਆ ਜਾਵੇ ਤਾਂ ਇਹ ਕਰਜਾ 275196 ਕਰੋੜ ਦੇ ਕਰੀਬ ਹੋਣ ਦਾ ਅਨੁਮਾਨ ਹੈ। ਪੰਜਾਬੀ ਦੀ ਕਹਾਵਤ ਜਿਉਂ ਜਿਉਂ ਕੰਬਲੀ ਭਿੱਜਦੀ ਤਿਉਂ ਤਿਉਂ ਭਾਰੀ ਹੋਏ ਮੁਤਾਬਿਕ ਹਰੇਕ ਸਾਲ ਕਰਜ਼ੇ ਦੀ ਪੰਡ ਦਾ ਬੋਝ ਭਾਰਾ ਹੁੰਦਾ ਜਾ ਰਿਹਾ ਹੈ।
ਮਨਪ੍ਰੀਤ ਦਾ ਕਹਿਣਾ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੀਆਂ ਗੈਰ ਜ਼ਿੰਮੇਵਾਰੀਆਂ ਕਾਰਨ ਸਾਲ 2016-17 ਵਿਚ ਪੰਜਾਬ ਦਾ ਕਰਜ਼ਾ ਆਂਧਰਾ ਪ੍ਰਦੇਸ਼ (36.4 ਫੀਸਦੀ), ਪੱਛਮੀ ਬੰਗਾਲ (31.9ਫੀਸਦੀ) , ਕੇਰਲ (31. 9 ਫੀਸਦੀ), ਤਾਮਿਲਨਾਡੂ (21.8 ਫੀਸਦੀ), ਮਹਾਰਾਸ਼ਟਰ (17.5 ਫੀਸਦੀ) ਤੋਂ ਵੀ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2019-20 ਲਈ 17335 ਕਰੋੜ ਰੁਪਏ ਦੀ ਉਧਾਰ ਸੀਮਾ (ਕੈਸ਼ ਕ੍ਰੇਡਿਟ ਲਿਮਟ) ਦੀ ਤੁਲਨਾ ਵਿਚ ਵਿਆਜ਼ ਸਮੇਤ 30309 ਕਰੋੜ ਰੁਪਏ ਦੀ ਰਾਸ਼ੀ ਹੈ। ਮਨਪ੍ਰੀਤ ਬਾਦਲ ਦਾ  ਕਹਿਣਾ ਹੈ ਕਿ ਦਸ ਸਾਲਾਂ ਤੱਕ ਮਾਲੀ ਨਿਜ਼ਾਮ ਲਾਪਰਵਾਹੀ ਕਾਰਨ ਅੱਜ ਪੰਜਾਬ ਕਰਜ਼ੇ ਵਿਚ ਫਸੇ ਹੋਣ ਕਾਰਨ ਬਦਹਾਲੀ ਸਥਿਤੀ ਵਿਚ ਹੈ। ਅਜੋਕੇ ਪੰਜਾਬ ਬਾਰੇ ਅੱਜ ਇਕ ਕਵੀ ਦੀਆਂ ਇਹ ਸਤਰਾਂ “ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾ ਕਾਲੀਆਂ ਇਹਦੇ ਸਿਰ ਤੋਂ ਵਾਰੋ ”  ਪੂਰੀ ਤਰ੍ਹਾਂ ਢੁਕ ਰਹੀਆਂ ਹਨ।