Friday, 29 July 2016

ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ -ਕੈਪਟਨ

ਪੰਜਾਬ 'ਚ ਸ਼ਰਾਬਬੰਦੀ ਸ਼ੰਭਵ ਨਹੀਂ-
ਐਸ.ਵਾਈ.ਐਲ 'ਤੇ ਪੰਜਾਬ ਵਿਰੋਧੀ ਫੈਸਲੇ 'ਤੇ ਵਿਗੜ ਸਕਦੇ ਹਨ ਹਾਲਾਤ 
ਚੰਡੀਗੜ• 29 ਜੁਲਾਈ ( ਜੈ ਸਿੰਘ ਛਿੱਬਰ) : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪਸ਼ਟ ਕੀਤਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ 'ਚ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰ ਨੂੰ ਟਿਕਟ ਮਿਲੇਗੀ ਅਤੇ ਕਈ ਮੌਜੂਦਾ ਕਾਂਗਰਸੀ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ। 
ਅੱਜ ਪ੍ਰੈਸ ਕਲੱਬ 'ਚ ਮੀਟ ਦਾ ਪ੍ਰੈਸ ਪ੍ਰੋਗਰਾਮ ਦੌਰਾਨ ਕੈਪਟਨ ਨੇ ਕਿਹਾ ਕਿ ਜੇਕਰ ਐਸ.ਵਾਈ.ਐਲ 'ਤੇ ਪੰਜਾਬ ਵਿਰੋਧੀ ਫੈਸਲਾ ਆਇਆ ਤਾਂ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ, ਕਿਉਂਕਿ ਸੂਬੇ ਦਸ ਲੱਖ ਏਕੜ ਭੂਮੀ ਨਹਿਰੀ ਪਾਣੀ 'ਤੇ ਨਿਰਭਰ ਹੈ, ਪੰਜਾਬ ਕੋਲ• ਫਾਲਤੂ ਪਾਣੀ ਨਹੀਂ ਹੈ। ਇੱਕ ਸਵਾਲ ਦੇ ਜਵਾਬ 'ਚ ਕੈਪਟਨ ਨੇ ਕਿਹਾ ਕਿ ਪੰਜਾਬ 'ਚ ਸ਼ਰਾਬਬੰਦੀ ਸੰਭਵ ਨਹੀਂ ਹੈ ਕਿਉਂਕਿ ਸ਼ਰਾਬ ਤੋਂ ਵੱਡੀ ਮਾਤਰਾ 'ਚ ਰੈਵੀਨਿਯੂ ਮਿਲਦਾ ਹੈ। ਆਪ ਦੇ ਵਿਧਾਇਕ ਨਰੇਸ਼ ਯਾਦਵ ਦੀ ਗਿਰਫ਼ਤਾਰੀ 'ਤੇ ਕੈਪਟਨ ਨੇ ਕੋਈ ਟਿੱਪਣੀ ਨਹੀਂ ਕੀਤੀ ਪਰ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰਕਿਉਂ ਨਹੀਂ ਫੜਿਆ ਜਦੋਂਕਿ ਜੋਰਾ ਸਿੰਘ ਕਮਿਸ਼ਨ ਨੇ ਵੀ ਆਪਣੀ ਰਿਪੋਰਟ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਮੁੱਖ ਮੰਤਰੀ ਦੇ ਅਹੁੱਦੇ ਦੇ ਉਮੀਦਵਾਰ ਦਾ ਐਲਾਨ ਪਹਿਲਾਂ ਕਰ ਦੇਣਾ ਚਾਹੀਦਾ ਹੈ ਜਿਸ ਤਰ•ਾਂ ਯੂ.ਪੀ ਵਿੱਚ ਸ਼ੀਲਾ ਦਿਕਸ਼ਤ ਦਾ ਕੀਤਾ ਹੈ। ਉਹਨਾਂ ਕਿਹਾ ਕਿ ਟਿਕਟਾਂ ਦੀ ਵੰਡ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਵਲੋਂ ਕੀਤੀ ਜਾਵੇਗੀ ਪਰੰਤੂ ਉਹਨਾਂ ਦੀ ਸਿਫਾਰਸ਼ ਵੀ ਅਹਿਮ ਹੋਵੇਗੀ। ਸਾਲ 2012 ਦੀਆਂ ਚੋਣਾਂ ਦੌਰਾਨ 46 ਟਿਕਟਾਂ ਗਲਤ ਢੰਗ ਨਾਲ ਅਲਾਟ ਹੋਈਆਂ ਸਨ, ਜਿਸ ਕਰਕੇ ਕਾਂਗਰਸ ਦੀ ਸਰਕਾਰ ਬਣਦੀ ਬਣਦੀ ਰਹਿ ਗਈ ਸੀ। ਉਹਨਾਂ ਮੰਨਿਆਂ ਕਿ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪੀ.ਪੀ.ਪੀ ਪਾਰਟੀ ਨੂੰ 5 ਪ੍ਰਤੀਸ਼ਟ ਵੋਟਾਂ ਮਿਲਣ ਕਾਰਨ ਕਾਂਗਰਸ ਸੱਤਾਂ ਤੋਂ ਦੂਰ ਰਹੀ ਸੀ, ਪਰ ਕਾਂਗਰਸ “ ਆਪ “ ਦਾ ਮੁਕਾਬਲਾ ਕਰਨ ਤੇ ਤੋੜ ਲੱਭਣ ਲਈ ਕੋਈ ਕਸਰ ਨਹੀਂ ਛੱਡੇਗੀ। ਉਹਨਾਂ ਕਿਹਾ ਕਿ ਪ੍ਰਮਾਤਮਾ ਕਰੇ ਕਿ ਹੁਣ ਆਪ ਖ਼ਤਮ ਹੀ ਹੋ ਜਾਵੇ।
ਕੈਪਟਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਹਾਲਾਤ ਮਾੜੇ ਹਨ, ਸਰਕਾਰ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਜਿਸ ਕਰਕੇ ਲੋਕਾਂ 'ਚ ਸਰਕਾਰ ਵਿਰੋਧੀ ਲਹਿਰ ਹੈ। ਬੇਰੁੱਜਗਾਰੀ, ਨਸ਼ੇ , ਕਿਸਾਨੀ ਸੰਕਟ ਪੰਜਾਬ 'ਚ ਸੱਭ ਤੋਂ ਵੱਡੀ ਸਮੱਸਿਆ ਹੈ। ਨਰਮਾ-ਕਪਾਹ ਨੂੰ ਚਿੱਟੀ ਮੱਖੀ ਨੇ ਖ਼ਤਮ ਕਰ ਦਿੱਤਾ ਹੈ, ਰੇਟ ਪੂਰਾ ਨਾ ਮਿਲਣ ਕਾਰਨ ਕਿਸਾਨਾਂ ਨੇ ਬਾਸਮਤੀ ਤੋਂ ਹੱਥ ਖਿੱਚ ਲਏ ਹਨ। ਕਿਸਾਨਾਂ ਵਲੋਂ ਝੋਨਾਂ ਬੀਜਿਆ ਗਿਆ ਹੈ ਤੇ ਉਹਨਾਂ ਕਿਹਾ ਕਿ ਸੀਜਨ ਦੌਰਾਨ ਕਿਸਾਨਾਂ ਨੂੰ ਝੋਨਾ ਵੇਚਣ ਲਈ ਵੱਡੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ।  
ਕੈਪਟਨ ਨੇ ਕਿਹਾ ਕਿ ਸਮਾਂ ਬਹੁਤ ਤੇਜ਼ੀ ਨਾਲ ਬਦਲ ਗਿਆ ਹੈ ਅੱਜ ਸ਼ੋਸ਼ਲ ਮੀਡੀਆਂ ਦਾ ਜਮਾਨਾ ਹੈ। ਹਰ ਨੌਜਵਾਨ ਫੇਸਬੁੱਕ, ਟਵੀਟਰ, ਵਟਸਅਪ ਨਾਲ ਜੁੜਿਆ ਹੋਇਆ ਹੈ। ਚੋਣ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਵਲੋਂ ਉਲੀਕੇ ਕੌਫੀ ਵਿੱਦ ਕੈਪਟਨ, ਹਲਕੇ ਵਿੱਚ ਕੈਪਟਨ ਪ੍ਰੋਗਰਾਮਾਂ ਨੂੰ ਕਾਫੀ ਚੰਗਾਂ ਹੁੰਗਾਰਾ ਮਿਲ ਰਿਹਾ ਹੈ। ਕੈਪਟਨ ਨੇ ਦਾਅਵਾ ਕੀਤਾ ਕਿ ਪਹਿਲੀ ਵਾਰ ਹੈ ਕਿ ਕਾਂਗਰਸ ਵਿੱਚ ਸੌ ਫੀਸਦੀ ਏਕਤਾ ਦੇਖਣ ਨੂੰ ਮਿਲ ਰਹੀ ਹੈ, ਪਾਰਟੀ ਦੇ ਹਰ ਵੱਡਾ ਆਗੂ ਆਪਣੀ ਆਪਣੀ ਡਿਊਟੀ ਨਿਭਾ ਰਿਹਾ । ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦੇ ਆਪ ਵਿੱਚ ਜਾਣ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਬਰਾੜ ਵਲੋਂ ਨਵੀ ਪਾਰਟੀ ਬਨਾਉਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪਵੇਗਾ।  

ਸ਼ੋਸ਼ਲ ਮੀਡੀਆਂ 'ਚ ਆਪ ਤੇ ਅਕਾਲੀ ਦਲ 'ਚ ਜਬਰਦਸਤ ਜੰਗ-----



ਸ਼ੋਸ਼ਲ ਮੀਡੀਆ 'ਚ ਅਕਾਲੀ ਬਿਕਰਮ ਸਿੰਘ ਮਜੀਠਿਆਂ ਦੇ ਸਮਰਥਨ 'ਚ ਨਿੱਤਰੇ
“ ਮੈਂ ਬਿਕਰਮ ਸਿੰਘ ਮਜੀਠਿਆ ਦੇ ਨਾਲ ਹਾਂ “ਫੇਸਬੁੱਕ 'ਤੇ  ਪੋਸਟ ਅਪਲੋਡ
ਚੰਡੀਗੜ 29 ਜੁਲਾਈ ( ਜੈ ਸਿੰਘ ਛਿੱਬਰ) : “ ਮੈਂ ਬਿਕਰਮ ਸਿੰਘ ਮਜੀਠਿਆ ਦੇ ਨਾਲ ਹਾਂ “ ਮਾਝੇ ਦਾ ਜਰਨੈਲ ਬਿਕਰਮ ਸਿੰਘ ਮਜੀਠਿਆ -ਉਕਤ ਸਿਰਲੇਖ ਤਹਿਤ ਪੋਸਟਾਂ ਸ਼ੋਸ਼ਲ ਮੀਡੀਆਂ 'ਤੇ ਅਕਾਲੀ ਆਗੂਆਂ, ਵਰਕਰਾਂ ਵਲੋਂ ਧੜਾਧੜ ਪੋਸਟ ਕੀਤੀਆਂ ਜਾ ਰਹੀਆਂ ਹਨ। ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵਲੰਟਰੀਅਰਜ਼ ਵਲੋਂ “ ਮੈਂ ਅਰਵਿੰਦ ਕੇਜਰੀਵਾਲ ਦੇ ਨਾਲ ਹਾਂ -ਇਕ ਵਾਰ ਨਹੀਂ ਹਜ਼ਾਰ ਵਾਰ ਕਹਾਂਗਾ ਕਿ ਮਜੀਠਿਆ ਨਸ਼ੇ ਦਾ ਤਸਕਰ ਹੈ” “ । ਸ਼ੋਸ਼ਲ ਮੀਡੀਆਂ 'ਤੇ ਹੀ ਨਹੀਂ ਬਲਕਿ ਸ਼ਹਿਰਾਂ, ਕਸਬਿਆਂ ਚ ਵੱਡੀ ਪੱਧਰ 'ਤੇ ਪੋਸਟਰ, ਬੈਨਰ ਲਗਾਏ ਗਏ ਸਨ। 
ਆਪ ਦਾ ਜਵਾਬ ਦੇਣ ਲਈ ਅਕਾਲੀ ਵਰਕਰ ਵੀ ਸ਼ੋਸ਼ਲ ਮੀਡੀਆਂ 'ਚ ਬਿਕਰਮ ਸਿੰਘ ਮਜੀਠਿਆ ਦੇ ਹੱਕ ਵਿੱਚ ਨਿੱਤਰ ਆਏ ਹਨ। ਫੇਸਬੁੱਕ ਤੇ ਵਟਸਅਪ 'ਤੇ ਅਕਾਲੀ ਆਗੂਆਂ, ਵਰਕਰਾਂ ਵਲੋਂ ਮਜੀਠਿਆਂ ਦੇ ਸਮਰਥਨ ਵਿੱਚ ਪੋਸਟ ਕੀਤੇ ਜਾ ਰਹੇ ਉਕਤ ਸਿਰਨਾਵੇਂ ਨੂੰ ਲਾਈਕ ਕਰਨ ਦੇ ਨਾਲ, ਨਾਲ ਸ਼ੇਅਰ ਵੀ ਕੀਤਾ ਜਾ ਰਿਹਾ ਹੈ। ਅਕਾਲੀ ਵਰਕਰਾਂ ਵਲੋਂ ਮਜੀਠਿਆਂ ਦੇ ਸਮਰਥਨ 'ਚ ਅਪਲੋਡ ਕੀਤੀ ਪੋਸਟ (ਫੋਟੋ) 'ਚ ਲਿਖਿਆ ਹੈ ਕਿ ਜਿਸਨੇ ਵਾਹਿਗੁਰੂ ਉਪਰ ਡੋਰਾ ਰੱਖੀਆ ਹੋਵਣ ਸੱਚਾ ਪਾਤਸ਼ਾਹ ਕਦੇ ਉਸਦੀ ਪਿੱਠ ਨਹੀਂ ਲੱਗਣ ਦਿੰਦਾ ਅਤੇ ਜਦੋਂ ਲੱਲੀ ਛੱਲੀ ਹਰਾ ਨਾ ਸਕੀ ਤਾਂ ਗੰਦੀ ਖੇਡ ਤੇ ਆ ਗਏ। ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਤਸਵੀਰ ਨੂੰ ਇੰਨਾ ਸ਼ੇਅਰ ਕਰੋ ਕਿ ਯੂ.ਪੀ.ਦੇ ਚੋਰਾਂ ਨੂੰ ਕੰਨ ਹੋ ਜਾਣ।  ਆਪ ਨੇ ਵਲੰਟਰੀਅਰਜ ਨੂੰ ਵੀ ਕੇਜਰੀਵਾਲ ਦੇ ਹੱਕ ਵਿੱਚ ਪੋਸਟ ਕੀਤੀ ਫੋਟੋ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਕਿਹਾ ਸੀ। ਆਮ ਆਦਮੀ ਪਾਰਟੀ ਵਲੋਂ ਸ਼ੋਸ਼ਲ ਮੀਡੀਆਂ ਦਾ ਸੱਭ ਤੋ ਵੱਧ ਲਏ ਜਾ ਰਹੇ ਸਹਾਰੇ ਨੂੰ ਦੇਖਦੇ ਹੋਏ ਅਕਾਲੀ ਦਲ ਨੇ ਸ਼ੋਸ਼ਲ ਮੀਡੀਆਂ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਜਿੱਥੇ ਆਪਣੇ ਆਗੂਆਂ ਨੂੰ ਕੁੱਝ ਸਮੇਂ ਪਹਿਲਾਂ ਅਕਾਲੀ ਦਲ ਦੇ ਵੱਖ ਵੱਖ ਜਿਲਿਆਂ,ਕਸਬਿਆਂ, ਸਰਕਲਾਂ ਦੇ ਵਟਸਅਪ ਗਰੁੱਪ ਬਨਾਉਣ ਨੂੰ ਕਿਹਾ ਸੀ, ਉਥੇ ਵਰਕਰਾਂ, ਵਿਧਾਇਕਾਂ, ਆਗੂਆਂ ਨੂੰ ਫੇਸਬੁੱਕ ਅਕਾਉਂਟ ਖੋਲਣ ਨੂੰ ਕਿਹਾ ਸੀ। 
ਸੂਤਰ ਦੱਸਦੇ ਹਨ ਕਿ ਅਕਾਲੀ ਦਲ ਨੇ ਸ਼ੋਸ਼ਲ ਮੀਡੀਆਂ 'ਤੇ ਸਰਗਰਮ ਹੋਣ ਤੇ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਗਲਤ ਤੇ ਝੂਠੇ ਪ੍ਰਚਾਰ ਦੇ ਖਿਲਾਫ ਪਾਰਟੀ ਵਲੋਂ ਭੇਜੇ ਗਏ ਸੰਦੇਸ਼, ਫੋਟੋਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਨੂੰ ਕਿਹਾ ਹੈ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਆਪ ਵਲੋਂ ਬਿਕਰਮ ਸਿੰਘ ਮਜੀਠਿਆਂ ਦੇ ਖਿਲਾਫ ਲਗਾਏ ਗਏ ਬੈਨਰਾਂ, ਹੋਰਡਿੰਗਾਂ ਨੂੰ ਹਟਾਉਣ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਭਵਿੱਖ ਵਿੱਚ ਅਜਿਹੇ ਬੈਨਰ, ਹੋਰਡਿੰਗ ਲਗਾਉਣ ਤੋਂ ਰੋਕਣ ਦੇ ਜਬਾਨੀ ਆਦੇਸ਼ ਦਿੱਤੇ ਗਏ ਹਨ।  

Sunday, 17 July 2016

ਵਿਸ਼ਵ ਕਬੱਡੀ ਕੱਪ --- ਸਿਆਸਤ ਦੀ ਕੌਡੀ ਪਾਕੇ ਅਕਾਲੀ ਦਲ ਵਿਰੋਧੀਆਂ ਨੂੰ ਕਰੇਗਾ ਚਿੱਤ

ਵਿਸ਼ਵ ਕਬੱਡੀ ਕੱਪ --- 
ਸਿਆਸਤ ਦੀ ਕੌਡੀ ਪਾਕੇ ਅਕਾਲੀ ਦਲ ਵਿਰੋਧੀਆਂ ਨੂੰ ਕਰੇਗਾ ਚਿੱਤ 
ਕਬੱਡੀ ਕੱਪ ਦੀ ਵਾਗਡੋਰ ਰਹੇਗੀ ਅਕਾਲੀਆਂ ਦੇ ਹੱਥ
2017 'ਚ ਹੋਣ ਵਾਲੇ ਸਿਆਸੀ 'ਕਬੱਡੀ ਕੱਪ' ਦੇ ਜਿੱਤ ਹਾਰ ਦਾ ਫ਼ੈਸਲਾ ਰਹੇਗਾ ਵੋਟਰਾਂ ਦੇ ਹੱਥ 
ਚੰਡੀਗੜ• 17 ਜੁਲਾਈ ( ਜੈ ਸਿੰਘ ਛਿੱਬਰ) : ਪੰਜਾਬੀਆਂ ਦੀ ਹਰਮਨ ਪਿਆਰੀ ਤੇ ਮਾਂ ਖੇਡ 'ਕਬੱਡੀ” ਦਾ ਸਹਾਰਾ ਲੈ ਕੇ ਅਕਾਲੀ ਦਲ ਨੇ “ ਸਿਆਸਤ ਦੀ ਕੌਡੀ “ ਪਾਕੇ ਵਿਰੋਧੀਆਂ ਨੁੰ ਅਸੈਂਬਲੀ 2017 ਦੇ ਸਿਆਸੀ ਮੈਦਾਨ ਵਿਚੋਂ ਬਾਹਰ ਕੱਢਣ ਲਈ ਪੂਰੀ ਤਿਆਰੀ ਕਰ ਲਈ ਹੈ। ਅਗਾਮੀ ਵਰ•ੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਕਾਰਨ ਪੰਜਾਬ ਸਰਕਾਰ ਨੇ ਇਸ ਵਾਰ ਵਿਸ਼ਵ ਕਬੱਡੀ ਕੱਪ ਲਈ ਪਿਛਲੇ ਸਾਲਾਂ ਨਾਲੋਂ ਵਧੇਰੇ ਬਜਟ ਦਾ ਪ੍ਰਬੰਧ ਵੀ ਕੀਤਾ ਹੈ। ਕਿਉਂਕਿ ਚੋਣ ਵਰ•ਾਂ ਹੋਣ ਕਾਰਨ ਅਕਾਲੀ ਦਲ ਲੋਕਾਂ ਦੀ ਵਧੇਰੇ ਤੋਂ ਵਧੇਰੇ ਸ਼ਮੂਲੀਅਤ ਕਰਕੇ ਆਪਣੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ, ਇਹੀ ਕਾਰਨ ਹੈ ਕਿ ਛੇਵਾਂ ਵਿਸ਼ਵ ਕਬੱਡੀ ਕੱਪ ਅਕਾਲੀ ਦਲ ਲਈ ਕਾਫੀ ਮਾਅਨੇ ਰੱਖਦਾ ਹੈ। 
ਵਰਨਣਯੋਗ ਹੈ ਕਿ ਬੀਤੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜੇ ਨਾ ਜਾਣ ਕਾਰਨ ਲੋਕਾਂ ਵਿੱਚ ਸਰਕਾਰ ਦੇ ਖਿਲਾਫ਼ ਗੁੱਸੇ ਦੀ ਲਹਿਰ ਸੀ। ਉੱਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਚੁਫੇਰਿਓ ਵਿਰੋਧ ਕਾਰਨ ਸਰਕਾਰ ਨੇ ਆਪਣਾ ਫ਼ੈਸਲਾ ਬਦਲ ਲਿਆ ਸੀ। ਹਾਲਾਂਕਿ ਇੱਕ ਸਾਲ ਬੀਤਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ ਅਤੇ ਨਾ ਹੀ ਪੰਥਕ ਧਿਰਾਂ ਇਸ ਮੁੱਦੇ 'ਤੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ। ਪਰ, ਸਰਕਾਰ ਵਲੋਂ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਚਲਾਈਆਂ ਗੱਡੀਆਂ ਤੋਂ ਬਾਅਦ ਮਾਮਲਾ ਕੁੱਝ ਹੱਦ ਤੱਕ ਠੰਡਾ ਪੈ ਗਿਆ ਸੀ ਤੇ ਅਕਾਲੀ ਦਲ ਦੇ ਵਜੀਰ, ਵਿਧਾਇਕਾਂ ਦੀ ਫਿਰ ਤੋਂ ਪਿੰਡਾਂ ਵਿੱਚ ਐਂਟਰੀ ਹੋਣੀ ਸ਼ੁਰੂ ਹੋ ਗਈ ਹੈ। 
ਪਿਛਲੇ ਕਈ ਸਾਲਾਂ ਤੋਂ 'ਕਬੱਡੀ' ਦਾ ਕਥਿਤ 'ਵਿਸ਼ਵ ਕਬੱਡੀ ਕੱਪ' ਟੂਰਨਾਮੈਂਟ ਅਕਾਲੀ–ਭਾਜਪਾ ਸਰਕਾਰ ਦੀ ਸਰਪ੍ਰਸਤੀ ਕਾਰਨ ਵਿਰੋਧੀਆਂ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਸ਼ਵ ਕਬੱਡੀ ਕੱਪ ਦੇ ਨਾਮ ਹੇਠ ਹਰ ਵਰ•ੇ ਪਾਈ ਜਾਂਦੀ 'ਸਿਆਸੀ ਕੌਡੀ' ਸਿਆਸੀ ਵਿਰੋਧੀਆਂ ਨੂੰ ਰਾਸ ਨਹੀਂ ਆ ਰਹੀ। ਸਿਆਸੀ ਵਿਰੋਧੀ ਸਰਕਾਰ 'ਤੇ ਪੰਜਾਬੀਆਂ ਦੀ ਮਾਂ ਖੇਡ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਉਂਦੇ ਆ ਰਹੇ ਹਨ। ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਤੋਂ ਲੈ ਕੇ ਲੀਗ ਮੈਚਾਂ ਅਤੇ ਸਮਾਪਤੀ ਸਮਾਰੋਹਾਂ ਅਕਾਲੀ ਦਲ ਵਲੋਂ ਆਪਣੇ ਸਿਆਸੀ ਲਾਹੇ ਲਈ ਵਰਤਿਆ ਜਾਂਦਾ ਹੈ। ਮੁਲਾਜ਼ਮਾਂ ਨੂੰ ਤਨਖਾਹਾਂ, ਗਰੀਬ ਕੁੜੀਆਂ ਦੇ ਵਿਆਹ 'ਤੇ ਦਿੱਤੀ ਜਾਂਦੀ ਸ਼ਗਨ ਸਕੀਮ, ਖੁਦਕੁਸ਼ੀਆਂ ਕਰ ਗਏ ਕਿਸਾਨਾਂ ਲਈ ਰਾਹਤ ਫੰਡ ਅਤੇ ਬੁਢਾਪਾ ਪੈਨਸ਼ਨਾਂ ਲਈ  ਬਜ਼ੁਰਗ ਸੜਕਾਂ ਤੇ ਰੁਲਣ ਨੂੰ ਮਜਬੂਰ ਹਨ, ਉਥੇ ਕਰੋੜਾਂ ਰੁਪਏ ਖ਼ਰਚ ਕੇ ਬਾਲੀਵੁੱਡ ਤੋਂ ਵੱਡੇ–ਵੱਡੇ ਅਦਾਕਾਰ ਬੁਲਾਏ ਜਾਂਦੇ ਹਨ। ਭਾਵੇਂ ਪੰਜਾਬ ਸਰਕਾਰ ਇਨਾਂ ਸਾਰੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਮੰਨਦੀ ਹੈ ਪਰ ਵਿਸ਼ਵ ਕਬੱਡੀ ਕੱਪ ਦੇ ਵੱਖ–ਵੱਖ ਮੈਚਾਂ ਅਤੇ ਸਮਾਰੋਹਾਂ ਦੌਰਾਨ ਜਿਸ ਤਰ•ਾਂ ਦੀ ਸਿਆਸੀ ਭਾਸ਼ਣਬਾਜ਼ੀ ਕੀਤੀ ਜਾਂਦੀ ਹੈ ਅਤੇ ਜਿਸ ਤਰ•ਾਂ ਇਹ ਪ੍ਰੋਗਰਾਮ ਸਰਬਸਾਂਝੇ ਨਾ ਹੋ ਕੇ ਸਿਰਫ਼ ਤੇ ਸਿਰਫ਼ ਇੱਕ ਸਿਆਸੀ ਪਾਰਟੀ ਦੇ 'ਸ਼ੋਅਮੈਚ' ਬਣਦੇ ਹਨ, ਉਸ ਤੋਂ ਬਾਅਦ ਸਰਕਾਰੀ ਦਾਅਵਿਆਂ ਵਿੱਚ ਬਹੁਤਾ ਦਮ ਨਹੀਂ ਰਹਿੰਦਾ।
3 ਨਵੰਬਰ ਨੂੰ ਰੋਪੜ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਨੂੰ ਵਿਧਾਨ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ ਅਕਾਲੀ ਦਲ ਵਲੋਂ ਆਪਣੇ ਸਿਆਸੀ ਮਨਸੂਬਿਆਂ ਦੀ ਪੂਰਤੀ ਲਈ ਵਰਤਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕਬੱਡੀ ਦੇ ਮੈਦਾਨ ਵਿੱਚ ਸੱਤਾਧਾਰੀ ਧਿਰ ਦੀਆਂ ਸਿਆਸੀ ਰੇਡਾਂ ਪੈਣਗੀਆਂ ਅਤੇ ਵਿਰੋਧੀ ਪਾਰਟੀਆਂ ਗਰਾਊਂਡ ਤੋਂ ਬਾਹਰ ਰਹਿ ਕੇ ਹੋ ਹੱਲਾ ਮਚਾਉਣਗੀਆਂ। ਇਸ ਵਾਰ ਦੇ ਵਿਸ਼ਵ ਕਬੱਡੀ ਕੱਪ ਦੀ ਵਾਗਡੋਰ ਭਾਵੇਂ ਅਕਾਲੀਆਂ ਦੇ ਹੱਥ ਰਹੇਗੀ, ਪਰ 2017 ਵਿੱਚ ਹੋਣ ਵਾਲੇ ਸਿਆਸਤ ਦੇ 'ਕਬੱਡੀ ਕੱਪ' ਵਿੱਚ ਜਿੱਤ ਹਾਰ ਦਾ ਫ਼ੈਸਲਾ ਪੰਜਾਬ ਦੇ ਵੋਟਰਾਂ ਦੇ ਹੱਥ ਹੋਵੇਗਾ।

Wednesday, 13 July 2016

ਪੰਜਾਬ ਦੇ 35, ਹਰਿਆਣਾ ਦੇ 21 ਬਲਾਕਾਂ 'ਚ ਧਰਤੀ ਹੇਠਲੇ ਪਾਣੀ ਦਾ ਵੱਡਾ ਸੰਕਟ


ਖੇਤੀ ਲਈ ਸੀਵਰੇਜ ਟਰੀਟ ਪਾਣੀ ਦੀ ਵਰਤੋਂ ਕੀਤੀ ਜਾਵੇ -ਸੰਤ ਸੀਂਚੇਵਾਲ
ਗੰਗਾਂ ਦੇ ਨਾਲ ਲੱਗਦੇ 1657 ਪਿੰਡਾਂ 'ਚ ਕੇਂਦਰ ਸੀਂਚੇਵਾਲ ਮਾਡਲ ਨੂੰ ਅਪਣਾਏਗੀ
ਚੰਡੀਗੜ• 13 ਜੁਲਾਈ ( ਜੈ ਸਿੰਘ ਛਿੱਬਰ) : ਪੰਜਾਬ ਤੇ ਹਰਿਆਣਾ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ, ਜੇਕਰ ਲੋਕਾਂ ਨੇ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਦੋਵੇਂ ਰਾਜਾਂ ਵਿੱਚ ਸੋਕੇ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ। ਪੰਜਾਬ ਦੇ 145 ਬਲਾਕਾਂ ਵਿਚੋਂ 35 ਅਤੇ ਹਰਿਆਣਾ ਦੇ 117 ਬਲਾਕਾਂ ਵਿਚੋਂ 21 ਬਲਾਕ ਅਜਿਹੇ ਹਨ, ਜਿਥੇ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਡਿੱਗ ਗਿਆ ਹੈ, ਜਿਹੜੇ ਕਿ ਖੇਤੀਬਾੜੀ ਵਿਭਾਗ ਵਲੋਂ ਡਾਰਕ ਜੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ। ਇਹ ਅੰਕੜੇ ਅੱਜ ਪੰਜਾਬ ਤੇ ਹਰਿਆਣਾ ਦੇ ਪੈਂਡੂ ਇਲਾਕਿਆ 'ਚ ਜਲ ਪ੍ਰਬੰਧਨ ਦੀ ਚੁਨੌਤੀ ਤੇ ਕੂਟ ਨੀਤੀਆਂ ਵਿਸ਼ੇ 'ਤੇ ਨਾਬਾਰਡ ਵਲੋਂ ਆਯੋਜਿਤ ਸੈਮੀਨਾਰ ਦੌਰਾਨ ਸਾਹਮਣੇ ਆਏ ਹਨ। ਵੱਖ ਵੱਖ ਬੁਲਾਰਿਆਂ ਨੇ ਜਿਥੇ ਝੋਨੇ ਦੀ ਫਸਲ 'ਚ ਪਾਣੀ ਦਾ ਸੱਭ ਤੋਂ ਵੱਧ ਅਤੇ ਸ਼ਹਿਰੀ ਖੇਤਰਾਂ ਵਿੱਚ ਹੋ ਰਹੇ ਪਾਣੀ ਦੇ ਦੁਰਪ੍ਰਯੋਗ ਨੂੰ ਰੋਕਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਲੋਕ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ•ੀਆਂ ਨੂੰ ਪਾਣੀ ਲਈ ਵੱਡਾ ਖਤਰਾ ਖੜਾ ਹੋ ਜਾਵੇਗਾ। 
ਇਸ ਮੌਕੇ 'ਤੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਂਚੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਗੰਗਾਂ ਨਦੀ ਦੇ ਆਲੇ ਦੁਆਲੇ ਸਥਿਤ 1657 ਪਿੰਡਾਂ 'ਚ ਸੀਂਚੇਵਾਲ ਮਾਡਲ ਨੂੰ ਅਪਣਾਇਆ ਜਾ ਰਿਹਾ ਹੈ, ਤਾਂ ਜੋ ਗੰਗਾਂ ਦੀ ਸਫਾਈ ਕੀਤੀ ਜਾ ਸਕੇ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਂਚੇਵਾਲ ਨੇ ਕਿਹਾ ਕਿ ਜੇਕਰ ਸੀਵਰੇਜ ਦੇ ਪਾਣੀ ਨੂੰ ਟਰੀਟ ਕਰਕੇ ਖੇਤੀ ਲਈ ਵਰਤਿਆਂ ਜਾਵੇ ਤਾਂ ਇਸ ਨਾਲ ਧਰਤੀ ਹੇਠਲੇ ਤੇ ਧਰਤੀ ਦੇ ਉਪਰ ਵਾਲੇ ਪਾਣੀ ਦੀ ਸਮੱਸਿਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਟਰੀਟ ਕੀਤਾ ਗਿਆ ਪਾਣੀ ਫਸਲਾਂ ਲਈ ਕਾਫੀ ਲਾਹੇਵੰਦ ਸਾਬਤ ਹੋ ਰਿਹਾ ਹੈ, ਕਿਉਕਿ ਇਸ ਨਾਲ ਬੇਲੋੜੀ ਖਾਦ ਤੋਂ ਵੀ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਵਲੋਂ ਕਰੋੜਾ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ, ਗਲੀਆਂ ਨਾਲੀਆਂ ਬਨਾਉਣ ਨੂੰ ਲੈ ਕੇ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਪਰ ਉਹਨਾਂ ਦਾ ਕੋਈ ਸਾਰਥਕ ਹੱਲ ਨਹੀਂ ਨਿਕਲ ਰਿਹਾ। ਜਦੋਂਕਿ ਸਰਕਾਰਾਂ ਨੂੰ ਪਿੰਡਾਂ ਵਿੱਚ ਸਥਿਤ ਛੱਪੜਾਂ 'ਤੇ ਇੱਕ ਮੋਟਰ ਲਗਾਉਣ ਦੀ ਜਰੂਰਤ ਹੈ। ਇਸ ਨਾਲ ਛੱਪੜਾਂ ਦੀ ਸਫਾਈ ਵੀ ਹੋਵੇਗੀ ਤੇ ਬਰਸਾਤ ਦੇ ਪਾਣੀ ਨੂੰ ਇਕੱਠਾ ਵੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਤੇ ਬਾਅਦ ਵੀ ਪਾਣੀ  ਨੂੰ ਸਾਫ ਕੀਤਾ ਜਾਂਦਾ ਹੈ। ਜੇਕਰ ਸਰਕਾਰ ਤੇ ਉਦਯੋਗਪਤੀ ਪਹਿਲਾਂ ਹੀ ਪਾਣੀ ਦੀ ਬਚਤ, ਸਫਾਈ ਵੱਲ ਧਿਆਨ ਦੇਣ ਤਾਂ ਵੱਡੀਆਂ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਪਿੰਡਾਂ ਵਿੱਚ ਸਧਾਰਨ ਸੀਂਚੇਵਾਲ ਮਾਡਲ (ਤਿੰਨ ਖੂਹ ਵਾਲਾ ਪਲਾਂਟ) ਤਹਤ ਪਲਾਂਟ ਲਗਾਉਣ ਦੀ ਸਲਾਹ ਦਿੱਤੀ ਹੈ, ਇਸ ਨਾਲ ਪੈਸੇ ਤੇ ਪਾਣੀ ਦੀ ਖੂਬ ਬਚਤ ਹੋਵੇਗੀ। 
ਇਸ ਮੌਕੇ 'ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਬੀ.ਐਸ ਢਿਲੋਂ ਨੇ ਕਿਹਾ ਕਿ ਫਸਲੀ ਚੱਕਰ ਤੋੜਨ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਸਹੀ ਮਾਅਨੇ 'ਤੇ ਅਮਲ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ 1960 'ਚ 2.28 ਲੱਖ ਹੈਕਟੇਅਰ ਰਕਬਾ ਝੋਨੇ ਹੇਠਾ ਸੀ ਅਤੇ 16  ਲੱਖ ਹੈਕਟੇਅਰ 'ਚ ਝੋਨਾ ਲਗਾਉਣ ਲਈ ਪਾਣੀ ਹੈ ਪਰੰਤੂ ਅੱਜ 30 ਲੱਖ ਹੈਕਟੇਅਰ 'ਚ ਝੋਨਾ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਲਦੀ ਪੱਕਣ ਵਾਲੀਆਂ ਫਸਲਾਂ, ਫੁਆਰਾ ਤਕਨੀਕ ਵੱਲ ਧਿਆਨ ਦੇਣ ਦੀ ਜਰੂਰਤ ਹੈ। 

Wednesday, 6 July 2016

ਕਮਲ ਨਾਥ ਨੇ ਦਿੱਤੀ ਸਫਾਈ--- ਦਿੱਲੀ 'ਚ ਕਿਸੇ ਨੇ ਉਂਗਲੀ ਨਹੀਂ ਉਠਾਈ , ਪੰਜਾਬ ਚ 25 ਸਾਲ ਬਾਦ ਲਗਾਏ ਗਏ ਦੋਸ਼


ਹਰਿਆਣਾ ਕਾਂਗਰਸ ਦੀ ਕਾਰਜਕਾਰਨੀ 'ਚ ਦਿੱਤੇ ਬਦਲਾਅ ਦੇ ਸੰਕੇਤ 
ਚੰਡੀਗੜ 5 ਜੁਲਾਈ  : 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ਾਂ 'ਚ ਘਿਰੇ ਕਾਂਗਰਸ ਦੇ ਜਨਰਲ ਸਕੱਤਰ ਤੇ ਹਰਿਆਣਾ ਕਾਂਗਰਸ ਦੇ ਇੰਚਾਰਜ ਸ੍ਰੀ ਕਮਲ ਨਾਥ ਕਿਹਾ ਕਿ  ਦਿੱਲੀ 'ਚ ਜਿਥੇ ਘਟਨਾ ਵਾਪਰੀ ਉਥੇ ਕਿਸੇ ਨੇ ਉਹਨਾਂ (ਕਮਲ ਨਾਥ) 'ਤੇ ਉਂਗਲੀ ਨਹੀਂ ਉਠਾਈ , ਹਾਲਾਂਕਿ ਉਹ ਦਿੱਲੀ ਦੇ ਇੰਚਾਰਜ ਵੀ ਰਹੇ ਹਨ। ਪਰ 25 ਸਾਲਾਂ ਤੋਂ ਬਾਅਦ ਉਹਨਾਂ 'ਤੇ ਅਜਿਹੇ ਦੋਸ਼ ਲਾਉਣਾ ਰਾਜਨੀਤੀ ਤੋਂ ਪ੍ਰੇਰਿਤ ਸਨ। ਇਸੀ ਲਈ ਉਹਨਾਂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਦੇ ਅਹੁੱਦੇ ਤੋਂ ਅਸਤੀਫਾ ਦਿੱਤਾ ਸੀ। ਹਰਿਆਣਾ ਕਾਂਗਰਸ ਦਾ ਇੰਚਾਰਜ ਬਣਨ ਤੋਂ ਬਾਦ ਪਹਿਲੀ ਵਾਰ ਚੰਡੀਗੜ• ਆਏ ਸ੍ਰੀ ਕਮਲ ਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ ਮੇਰਾ ਰਾਜਨੀਤਿਕ ਜੀਵਨ ਸਾਫ਼ ਹੈ, 35 ਸਾਲਾਂ ਤੋਂ ਰਾਜਨੀਤਿ ਕਰ ਰਿਹਾ ਹੈ, ਪਰ ਕਿਸੀ ਨੇ ਉਂਗਲੀ ਨਹੀਂ ਉਠਾਈ “ “ਪਰੰਤੂ ਪੰਜਾਬ ਵਿੱਚ ਇਸ ਮੁੱਦੇ ਨੂੰ ਬਿਨਾ ਵਜ•ਾ ਤੁਲ ਦੇਣ ਦੇ ਕਾਰਨ ਉਹਨਾਂ ਖੁਦ ਪਿੱਛੇ ਹਟ ਗਏ ਹਨ। ਉਹਨਾਂ ਕਿਹਾ ਕਿ 2005 'ਚ ਨਾਨਾਵਤੀ ਕਮਿਸ਼ਨ ਨੇ ਆਪਣੀ ਰਿਪੋਰਟ ਦਿੱਤੀ ਅਤੇ ਕਿਸੇ ਨੇ ਉਹਨਾਂ ਦਾ ਨਾਮ ਨਹੀਂ ਲਿਆ ਸੀ। 
ਪ੍ਰਿਯੰਕਾਂ ਗਾਂਧੀ ਨੂੰ ਸਿਆਸਤ ਵਿੱਚ ਆਉਣ ਦੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਕਮਲ ਨਾਥ ਨੇ ਕਿਹਾ ਕਿ ਇਹ ਪ੍ਰਿਯੰਕਾਂ ਤੇ ਉਹਨਾਂ ਦੇ ਪਰਿਵਾਰ 'ਤੇ ਨਿਰਭਰ ਕਰਦਾ ਕਿ ਉਹਨਾਂ ਨੇ ਕੀ ਫੈਸਲਾ ਲੈਣਾ ਹੈ। ਪਰੰਤੂ ਕਾਂਗਰਸੀ ਆਗੂ ਚਾਹੁੰਦੇ ਹਨ ਕਿ ਪ੍ਰਿਯੰਕਾਂ ਗਾਂਧੀ ਸਿਆਸਤ ਵਿੱਚ ਆਵੇ। ਹਰਿਆਣਾ ਕਾਂਗਰਸ 'ਚ ਅਸਿੱਧੇ ਰੂਪਵਿੱਚ ਗੁੱਟਬਾਜ਼ੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਕਾਂਗਰਸ 'ਚ ਤਾਲਮੇਲ ਦੀ ਕਮੀ ਹੈ ਅਤੇ ਜਲਦ ਹੀ ਇੱਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਹਨਾਂ ਕਾਂਗਰਸ ਕਾਰਜਕਾਰਨੀ ਵਿੱਚ ਬਦਲਾਅ ਦੇ ਸੰਕੇਤ ਦਿੰਦਿਆਂ ਕਿਹਾ ਕਿ ਅਗਲੇ ਤਿੰਨ ਚਾਰ ਮਹੀਨਿਆਂ ਦੌਰਾਨ ਜਿਲ•ਾ ਤੇ ਬਲਾਕ ਪੱਧਰ ਦਾ ਢਾਂਚਾ ਗਠਿਤ ਕੀਤਾ ਜਾਵੇਗਾ ਅਤੇ ਕਾਰਜਕਾਰਨੀ ਵਿੱਚ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਮਜਬੂਤ ਹੈ ਪਰੰਤੂ ਤਾਲਮੇਲ ਦੀ ਕਮੀ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਤੇ ਨੌਜਵਾਨ ਵਰਗ ਸਰਕਾਰ ਤੋਂ ਪ੍ਰੇਸ਼ਾਨ ਹੈ। ਦੇਸ਼ ਦੀ ਅਰਥ ਵਿਵਸਥਾ ਨੂੰ ਮਜਬੂਤ ਕਰਨ ਲਈ ਕਿਸਾਨਾਂ ਨੂੰ ਫਸਲਾਂ ਦੇ ਉਚਿਤ ਭਾਅ ਦੇਣੇ ਚਾਹੀਦੇ ਹਨ। ਭਾਜਪਾ ਤੇ ਤਿੱਖੇ ਹਮਲੇ ਕਰਦੇ ਹੋਏ ਸ੍ਰੀ ਕਮਲ ਨਾਥ ਨੇ ਕਿਹਾ ਕਿ ਮਗਨਰੇਗਾ, ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾਂ ਤੇ ਹੋਰ ਕਈ ਕੇਂਦਰੀ ਯੋਜਨਾਵਾਂ ਬੰਦ ਹੋਣ ਦੇ ਕਿਨਾਰੇ ਹਨ ਪਰੰਤੂ ਕੇਂਦਰ ਸਰਕਾਰ ਤੇ ਭਾਜਪਾ ਲੋਕਾਂ ਦਾ ਧਿਆਨ ਮੋੜਨ ਲਈ ਝੂਠੀ ਇਸ਼ਤਿਹਾਰਬਾਜ਼ੀ ਕਰ ਰਹੀ ਹੈ। ਪਾਰਟੀ ਦੀ ਮੀਟਿੰਗ ਦਾ ਵੇਰਵਾ ਦਿੰਦੇ ਹੋਏ ਕਮਲ ਨਾਥ ਨੇ ਕਿਹਾ ਕਿ ਅੱਜ ਪਾਰਟੀ ਦੇ ਆਗੂਆਂ ਨੇ ਆਪਣੇ ਸੁਝਾਅ ਦਿੱਤੇ ਤੇ ਇਹਨਾਂ ਸਾਰੇ ਸੁਝਾਵਾਂ ਤੇ ਅਮਲ ਕੀਤਾ ਜਾਵੇਗਾ। ਉਹਨਾਂ ਜਸਟਿਸ ਢੀਂਗਰਾ ਕਮਿਸ਼ਨ 'ਤੇ ਲੱਗੇ ਦੋਸ਼ਾਂ ਬਾਰੇ ਕਿਹਾ ਕਿ ਸ੍ਰੀ ਢੀਂਗਰਾਂ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਹੈ ਅਗਰ ਉਹ ਅਜਿਹਾ ਨਹੀਂ ਕਰਦੇ ਤਾਂ ਸਮਝਿਆ ਜਾਵੇਗਾ ਕਿ ਦੋਸ਼ ਸਹੀ ਹਨ, ਤੇ ਉਹ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਭਾਜਪਾ ਤੇ ਹਰਿਆਣਾ ਸਰਕਾਰ ਦੀ ਨੀਅਤ ਹੁੰਦੀ ਤਾਂ ਸਾਰੇ ਲਾਇਸੈਂਸਾਂ ਦੀ ਜਾਂਚ ਹੋਣੀ ਚਾਹੀਦੀ ਹੈ ਨਾ ਕਿ ਸਿਰਫ 83 ਏਕੜ ਦੀ। ਇਸ ਮੌਕੇ 'ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸੋਕ ਤੰਵਰ, ਕਾਂਗਰਸ ਵਿਧਾਇਕ ਦਲ ਦੀ ਆਗੂ ਕਿਰਨ ਚੌਧਰੀ ਤੇ ਕੁਮਾਰੀ ਸੈਲਜਾ ਆਦਿ ਹਾਜ਼ਰ ਸਨ।