Monday, 10 December 2018

ਲਗਾਤਾਰ ਵੱਧ ਰਹੇ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਦੇ ਮਾਮਲੇ


--ਮਨੁੱਖੀ ਅਧਿਕਾਰ ਕਮਿਸ਼ਨ ਨੂੰ ਮਿਲੀਆਂ ਪੁਲਿਸ ਖਿਲਾਫ਼ 1,46,735 ਸ਼ਿਕਾਇਤਾਂ 

ਜੈ ਸਿੰਘ ਛਿੱਬਰ,
 ਚੰਡੀਗੜ੍ਹ : ਪੰਜਾਬ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਵਰਤਾਰਾ ਬਾਦਸਤੂਰ ਜਾਰੀ ਹੈ। ਪੰਜਾਬ 'ਚ 80 ਵੇਂ ਦਹਾਕੇ ਦੇ ਕਾਲੇ ਦੌਰ ਦੌਰਾਨ ਜਦੋਂ ਅੱਤਵਾਦ ਪੂਰੀ ਸਿਖ਼ਰ 'ਤੇ ਸੀ, ਉਦੋਂ ਪੁਲਿਸ ਪ੍ਰਸ਼ਾਸਨ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਭਾਵੇਂ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਵਿਚ ਅਮਨ ਸ਼ਾਂਤੀ ਵਾਲਾ ਮਾਹੌਲ ਹੈ, ਪਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ  ਦੇ ਮਾਮਲੇ ਘਟ ਨਹੀਂ ਰਹੇ ਅਤੇ ਇਹ ਅਮਰ ਵੇਲ੍ਹ ਵਾਂਗ ਵਧ ਰਹੇ ਹਨ। 
ਪਿਛਲੇ 21 ਸਾਲਾਂ 'ਚ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੁੱਲ 2,67,000 ਸ਼ਿਕਾਇਤਾਂ ਪੁੱਜੀਆਂ ਹਨ, ਜਿਨ੍ਹਾਂ ਵਿਚੋਂ 1,46,735 ਸ਼ਿਕਾਇਤਾਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਹਨ। ਕਮਿਸ਼ਨ ਕੋਲ ਪੁੱਜੀਆਂ ਇਨ੍ਹਾਂ ਸ਼ਿਕਾਇਤਾਂ ਤੋਂ ਸਪਸ਼ਟ ਹੁੰਦਾ ਹੈ ਕਿ ਪੁਲਿਸ ਅਫ਼ਸਰ ਕਾਨੂੰਨ ਦਾ ਪਾਲਣ ਕਰਨ ਦੀ ਬਜਾਏ ਪੁਲਸੀਆ ਰੋਹਬ ਜ਼ਿਆਦਾ ਝਾੜਦੇ ਹਨ। 
ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ 21 ਸਾਲਾਂ ਵਿਚ ਜਦੋਂ 16 ਜੁਲਾਈ 1997 ਕਮਿਸ਼ਨ ਗਠਿਤ ਹੋਇਆ ਸੀ ਤੋਂ ਲੈ ਕੇ 30 ਨਵੰਬਰ 2019 ਤੱਕ ਕੁੱਲ 2,67,000 ਸ਼ਿਕਾਇਤਾਂ  ਪੁੱਜੀਆਂ ਹਨ। ਇਨ੍ਹਾਂ ਵਿਚੋਂ 1,46,735 ਸ਼ਿਕਾਇਤਾਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਸਨ। ਜਦੋਂ ਕਿ 5361 ਜੇਲ੍ਹ ਪ੍ਰਸ਼ਾਸਨ, 9528 ਔਰਤਾਂ ਦੇ ਸਬੰਧ, 7091 ਵੱਖ ਵੱਖ ਸਰਵਿਸ, ਸੇਵਾਵਾਂ ਅਤੇ 2607 ਸਿਹਤ ਸੇਵਾਵਾਂ ਨਾਲ ਸਬੰਧਿਤ ਸਨ। ਇਨ੍ਹਾਂ ਅੰਕੜਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਕਾਨੂੰਨ ਦਾ ਰਾਜ ਦੇਣ ਵਾਲੇ ਪੁਲਿਸ ਅਫ਼ਸਰ ਹੀ ਕਾਨੂੰਨ ਦੀ ਉਲੰਘਣਾ ਕਰਦੇ ਹਨ। 

46 ਖ਼ਬਰਾਂ ਦਾ ਲਿਆ ਨੋਟਿਸ --
ਕਮਿਸ਼ਨ ਨੇ ਪਿਛਲੇ ਸਮੇਂ ਦੌਰਾਨ ਵੱਖ ਵੱਖ ਅਖ਼ਬਾਰਾਂ, ਚੈਨਲਾਂ ਵਿਚ ਆਈਆਂ ਖ਼ਬਰਾਂ ਤੇ ਰਿਪੋਰਟਾਂ ਦੇ ਆਧਾਰ 'ਤੇ 46 ਖ਼ਬਰਾਂ ਦਾ ਨੋਟਿਸ ਲਿਆ ਹੈ। ਕਮਿਸ਼ਨ ਵਲੋਂ ਇਨ੍ਹਾਂ ਰਿਪੋਰਟਾਂ, ਖ਼ਬਰਾਂ ਦੇ ਆਧਾਰ 'ਤੇ  ਸਬੰਧਿਤ ਵਿਭਾਗਾਂ, ਅਦਾਰਿਆਂ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਗਿਆ ਹੈ। 

ਕਾਨੂੰਨ ਬਾਰੇ ਜਾਗਰੂਕਤਾ ਦੀ ਕਮੀ : ਚੇਅਰਮੈਨ
ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਇਕਬਾਲ ਅਹਿਮਦ ਅੰਸਾਰੀ (ਸਾਬਕਾ ਜਸਟਿਸ ਪਟਨਾ ਹਾਈਕੋਰਟ) ਦਾ ਕਹਿਣਾ ਹੈ ਕਿ ਲੋਕਾਂ ਨੂੰ ਕਾਨੂੰਨ ਬਾਰੇ ਜਾਗਰੂਕਤਾ ਦੀ ਕਮੀ ਹੈ। ਉਨ੍ਹਾਂ ਮਨੁੱਖੀ ਅਧਿਕਾਰਾਂ ਦੀ ਪਾਲਣਾ, ਸਮਾਜ ਵਿਚ ਬਰਾਬਰੀ ਲਿਆਉਣ ਲਈ ਭਾਰਤੀ ਸੰਵਿਧਾਨ ਦੇ ਸਿਧਾਂਤ ਤੇ ਆਦਰਸ਼ਾਂ ਅਨੁਸਾਰ ਕਮਿਸ਼ਨ ਦੇ ਸਮੂਹ ਮੈਂਬਰਾਂ ਨੂੰ ਮਨੁੱਖੀ ਅਧਿਕਾਰਾਂ ਦੀ ਪੂਰਤੀ ਦੀ ਦਿਸ਼ਾਂ ਵਿਚ ਕੰਮ ਕਰਨ ਦੀ ਸਹੁੰ ਚੁੱਕਣ ਦੀ ਅਪੀਲ ਕੀਤੀ।

Sunday, 2 December 2018

ਸਿਆਸੀ ਆਗੂਆਂ ਦੀਆਂ ਮਿੱਲਾਂ ਵੱਲ ਕਿਸਾਨਾਂ ਦਾ ਕਰੋੜਾ ਰੁਪਏ ਬਕਾਇਆ



-ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਸਿਆਸਤ ਗਰਮਾਈ
--ਅਕਾਲੀਆਂ ਵਲੋਂ ਦਿੱਤੇ ਜਾ ਰਹੇ ਨੇ ਧਰਨੇ
--ਰੇਟ 'ਚ ਅੰਤਰ ਕਾਰਨ ਪ੍ਰਾਈਵੇਟ ਮਿੱਲ ਮਾਲਿਕ ਨਹੀਂ ਚਲਾ ਰਹੇ ਮਿੱਲ
--ਵਾਹਿਦ ਸ਼ੂਗਰ ਮਿੱਲ ਅੱਗੇ ਧਰਨਾ ਦੇਣ ਅਕਾਲੀ -ਰੰਧਾਵਾਂ

ਜੈ ਸਿੰਘ ਛਿੱਬਰ
ਚੰਡੀਗੜ੍ਹ: ਖੰਡ ਮਿੱਲਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਦਾ ਕਿਸਾਨਾਂ ਨੂੰ ਭੁਗਤਾਨ ਨਾ ਕਰਨ ਨੂੰ ਲੈ ਕੇ ਸੂਬੇ 'ਚ ਸਿਆਸਤ ਭਖ਼ੀ ਹੋਈ ਹੈ। ਜਿੱਥੇ ਅਕਾਲੀ ਦਲ ਵਲੋਂ ਸਹਿਕਾਰਤਾ ਵਿਭਾਗ ਅਧੀਨ ਖੰਡ ਮਿੱਲਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ, ਉਥੇ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਗੰਨੇ ਦੇ ਭਾਅ ਵਿਚ 35 ਰੁਪਏ ਦਾ ਫ਼ਰਕ ਹੋਣ ਕਰਕੇ ਗੰਨੇ ਦੀ ਪਿੜ੍ਹਾਈ ਦਾ ਕੰਮ ਸ਼ੁਰੂ ਨਹੀਂ ਕੀਤਾ। ਪ੍ਰਾਈਵੇਟ ਖੰਡ ਮਿੱਲਾਂ ਚਾਲੂ ਨਾ ਹੋਣ ਕਰਕੇ ਕਿਸਾਨ ਡਾਹਢੇ ਪਰੇਸ਼ਾਨ ਹਨ। ਪ੍ਰਾਈਵੇਟ ਸ਼ੂਗਰ ਮਿੱਲਾਂ ਦੀ ਅਜ਼ਾਰੇਦਾਰੀ ਖਾਸਕਰਕੇ ਵੱਡੇ ਸਿਆਸੀ ਪਰਿਵਾਰਾਂ ਦੀਆਂ ਮਿੱਲਾਂ ਹੋਣ ਕਰਕੇ ਪੰਜਾਬ ਸਰਕਾਰ ਤੇ ਸ਼ੂਗਰਫੈਡ ਵਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਜਦੋਂਕਿ ਪ੍ਰਾਈਵੇਟ ਸ਼ੂਗਰ ਮਿੱਲਾਂ ਵੱਲੋ ਪਿਛਲੇ ਸੀਜਨ ਦਾ ਕਰੀਬ 194 ਕਰੋੜ ਰੁਪਏ ਕਿਸਾਨਾਂ ਨੂੰ ਭੁਗਤਾਨ ਕਰਨਾ ਅਜੇ ਬਾਕੀ ਹੈ। ਉਧਰ ਅੱਜ ਕਿਸਾਨ ਯੂਨੀਅਨਾਂ ਅਤੇ ਕਿਸਾਨ ਨੁਮਾਇੰਦਿਆਂ ਨੇ ਗੰਨੇ ਦੀ ਅਦਾਇਗੀ ਨੂੰ ਲੈ ਕੇ ਮੁੱਖ ਮੰਤਰੀ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ ਕੁਮਾਰ ਲੰਬੀ ਮੀਟਿੰਗ ਵੀ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਸਹਿਕਾਰਤਾ ਵਿਭਾਗ ਅਧੀਨ ਚੱਲ ਰਹੀਆਂ ਨੌ ਖੰਡ ਮਿੱਲਾਂ ਜਿਨ੍ਹਾਂ 'ਚ ਸਹਿਕਾਰੀ ਖੰਡ ਮਿੱਲ ਮੋਰਿੰਡਾ, ਨਵਾਂਸ਼ਹਿਰ, ਗੁਰਦਾਸਪੁਰ, ਬੁੱਢੇਵਾਲ, ਅਜਨਾਲਾ, ਫਾਜੀਲਿਕਾ, ਨਕੋਦਰ ਤੇ ਭੋਗਪੁਰ ਮਿੱਲ ਨੇ 223.53 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਸੀ ਅਤੇ 9.48 ਫੀਸਦੀ ਦਰ ਨਾਲ ਚੀਨੀ ਦਾ ਉਤਪਾਦਨ ਕੀਤਾ ਸੀ। ਇਸੀ ਤਰ੍ਹਾਂ ਸਾਲ 2016-17 ਵਿਚ 194.05 ਗੰਨੇ ਦੀ ਪਿੜਾਈ ਕੀਤੀ ਸੀ ਅਤੇ 9.49 ਫੀਸਦੀ ਦਰ ਨਾਲ ਉਤਪਾਦਨ ਕੀਤਾ ਸੀ। ਪਿਛਲੇ ਸਾਲ ਦਾ ਸਹਿਕਾਰੀ ਮਿੱਲਾਂ ਦਾ ਕਰੀਬ 192.21 ਕਰੋੜ ਰੁਪਏ ਬਕਾਇਆ ਹੈ। ਸਹਿਕਾਰੀ ਅੱਠ ਖੰਡ ਮਿੱਲਾਂ ਨੇ ਗੰਨੇ ਦੀ ਪਿੜਾਈ ਦਾ ਸੀਜਨ ਸ਼ੁਰੂ ਕਰ ਦਿੱਤਾ ਹੈ, ਪਰ ਫਾਜੀਲਿਕਾ ਖੰਡ ਮਿੱਲ ਚਾਲੂ ਨਹੀਂ ਹੋ ਸਕੀ। ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਦਾ ਕਹਿਣਾ ਹੈ ਕਿ ਫਾਜੀਲਿਕਾ ਮਿੱਲ 3 ਦਸੰਬਰ ਨੂੰ ਚਾਲੂ ਹੋ ਜਾਵੇਗੀ।


---ਇਨ੍ਹਾਂ ਅਸਰ ਰਸੂਖ ਖੰਡ ਮਿੱਲਾਂ ਦੇ ਮਾਲਿਕਾਂ ਵੱਲ ਕਰੋੜਾਂ ਰੁਪਏ ਬਕਾਇਆ
ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਦੀ ਰਾਣਾ ਸ਼ੂਗਰ ਮਿੱਲ ਬੁੱਟਰ (ਅੰਮ੍ਰਿਤਸਰ) ਵੱਲ ਕਿਸਾਨਾਂ ਦੇ ਗੰਨੇ ਦੇ ਭੁਗਤਾਨ ਦੇ 27.69 ਕਰੋੜ ਰੁਪਏ ਬਕਾਇਆ ਹੈ। ਇਸੀ ਤਰ੍ਹਾਂ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਦੇ ਪੁੱਤਰ ਦੀ ਅਗਵਾਈ ਵਾਲੀ ਵਾਹਿਦ ਸੰਧਰ ਸ਼ੂਗਰ ਮਿੱਲ ਫਗਵਾੜਾ ਵੱਲ 46.30 ਕਰੋੜ ਰੁਪਏ, ਡੀ.ਪੀ ਯਾਦਵ ਦੀ ਮੁਕੇਰੀਆਂ ਸਥਿਤ ਮਿੱਲ ਵੱਲ  52 ਕਰੋੜ ਅਤੇ ਚੱਢਾ ਪਰਿਵਾਰ ਦੀ ਕੀੜੀ ਅਫਗਾਨਾ ਸਥਿਤ ਚੱਢਾ ਸ਼ੂਗਰ ਮਿੱਲ ਵੱਲ 35.96 ਕਰੋੜ ਰੁਪਏ ਬਕਾਇਆ ਹਨ। ਸਹਿਕਾਰਿਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਦੱਸਿਆ ਕਿ ਉਕਤ ਮਿੱਲਾਂ ਤੋਂ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਵਾਉਣ ਅਤੇ ਮਿੱਲਾਂ ਨੂੰ ਚਾਲੂ ਕਰਵਾਉਣ ਲਈ ਸਰਕਾਰ ਵਲੋਂ ਆਉਂਦੇ ਦਿਨਾਂ 'ਚ ਫੈਸਲਾ ਲਿਆ ਜਾਵੇਗਾ।

ਵਾਹਿਦ ਦੀ ਮਿੱਲ ਅੱਗੇ ਧਰਨਾ ਦੇਣ ਅਕਾਲੀ : ਰੰਧਾਵਾਂ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਅਕਾਲੀ ਦਲ ਵਲੋਂ ਸਹਿਕਾਰੀ ਸ਼ੂਗਰ ਮਿੱਲਾਂ ਅੱਗੇ ਲਗਾਏ ਜਾ ਰਹੇ ਧਰਨੇ ਨੂੰ ਸਿਆਸੀ ਸਟੰਟ ਦੱਸਦਿਆਂ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਤੇ ਕਿਸਾਨਾਂ ਨੂੰ ਦੱਸਣ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਗੰਨੇ ਦੀ ਕੁੱਲ ਕਿੰਨੀ ਰਾਸ਼ੀ ਦਾ ਭੁਗਤਾਨ ਕੀਤਾ ਸੀ? ਰੰਧਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਤਕਾਲੀ ਅਕਾਲੀ ਸਰਕਾਰ ਸਮੇਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਅੱਜ 100 ਕਰੋੜ ਰੁਪਏ ਹੋਰ  ਰੀਲੀਜ਼ ਕਰ ਦਿੱਤੇ ਗਏ ਹਨ। ਰੰਧਾਵਾਂ ਨੇ ਅਕਾਲੀ ਦਲ ਨੂੰ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਦੀ ਫਗਵਾੜਾ ਸ਼ੂਗਰ ਮਿੱਲ ਅੱਗੇ ਵੀ ਧਰਨਾ ਲਾਉਣ ਦੀ ਸਲਾਹ ਦਿੱਤੀ ਹੈ, ਜਿਸ ਵੱਲ ਕਿਸਾਨਾਂ ਦਾ ਫਸਲ ਦਾ ਕਰੋੜਾਂ ਰੁਪਏ ਬਕਾਇਆ ਹੈ।

ਬਾਕਸ---
35 ਰੁਪਏ ਦੇ ਅੰਤਰ ਕਾਰਨ ਮਿੱਲ ਚਾਲੂ ਨਹੀਂ ਕਰ ਰਹੇ ਪ੍ਰਾਈਵੇਟ ਪ੍ਰਬੰਧਕ
ਸ਼ੂਗਰਫੈਡ ਦੇ ਅਧਿਕਾਰੀਆਂ ਅਨੁਸਾਰ ਪੰਜਾਬ ਸਰਕਾਰ ਵਲੋਂ 310 ਰੁਪਏ ਪ੍ਰਤੀ ਕੁੰਇਟਲ ਗੰਨੇ ਦਾ ਭਾਅ ਦਿੱਤਾ ਜਾ ਰਿਹਾ ਹੈ। ਜਦੋਂਕਿ ਕੇਂਦਰ ਸਰਕਾਰ ਵਲੋਂ 275 ਰੁਪਏ ਪ੍ਰਤੀ ਕੁੰਇਟਲ ਗੰਨੇ ਦਾ ਭਾਅ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ 35 ਰੁਪਏ ਦਾ ਅੰਤਰ ਹੋਣ ਕਾਰਨ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਿਕ ਮਿੱਲ ਚਾਲੂ ਨਹੀਂ ਕਰ ਰਹੇ। ਦੱਸਿਆਂ ਜਾਂਦਾ ਹੈ ਕਿ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਵਲੋਂ ਸਰਕਾਰ ਅਤੇ ਸ਼ੂਗਰਫੈਡ 'ਤੇ 35 ਰੁਪਏ ਸਰਕਾਰ ਵਲੋਂ ਦੇਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਿਕ ਸਰਕਾਰ 'ਤੇ ਦਬਾਅ ਬਣਾ ਰਹੇ ਹਨ ਕਿ ਉਹ ਕੇਂਦਰ ਸਰਕਾਰ ਦੇ ਰੇਟ ਮੁਤਾਬਿਕ ਭਾਅ ਦੇਣ ਨੂੰ  ਰਾਜ਼ੀ ਹਨ, ਜੇਕਰ ਪੰਜਾਬ ਸਰਕਾਰ ਵੱਧ ਰੇਟ ਦੇਣਾ ਚਾਹੁੰਦੀ ਹੈ ਤਾਂ ਕੇਂਦਰ ਤੇ ਪੰਜਾਬ ਸਰਕਾਰ ਦੁਆਰਾ ਦਿੱਤੇ ਜਾਂਦੇ ਭਾਅ ਵਿਚਲੇ ਅੰਤਰ ਦਾ ਵਜ਼ਨ ਪੰਜਾਬ ਸਰਕਾਰ ਚੁੱਕੇ।

Thursday, 15 November 2018

ਚੋਣ ਪ੍ਰਚਾਰ :ਕਾਂਗਰਸ ਦੇ ਕੌਮੀ ਆਗੂਆਂ ਤੋਂ ਜ਼ਿਆਦਾ ਨਵਜੋਤ ਸਿੱਧੂ ਦੀ ਮੰਗ


ਛਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ
ਅੱਜ ਕਰਨਗੇ 15 ਦਿਨਾਂ ਦੀ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼
ਛਤੀਸਗੜ੍ਹ ਵਿੱਚ ਪਹਿਲੇ ਦਿਨ ਕਰਨਗੇ ਛੇ ਰੈਲੀਆਂ
ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ 6-6 ਦਿਨ ਕਰਨਗੇ ਚੋਣ ਪ੍ਰਚਾਰ
ਜੈ ਸਿੰਘ ਛਿੱਬਰ
ਚੰਡੀਗੜ੍ਹ
ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਵਿਚ ਬਦਲਾਅ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ, ਦੂਸਰੇ ਪਾਸੇ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਦਾ ਕੱਦ ਹੋਰ ਉੱਚਾ ਕਰਦਿਆਂ ਤਿੰਨ ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸਟਾਰ ਪ੍ਰਚਾਰਕ ਦੇ ਰੂਪ ਵਿਚ ਉਤਾਰਨ ਦਾ ਫੈਸਲਾ ਕਰ ਲਿਆ ਹੈ।
ਕਾਂਗਰਸ ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ ਕਾਂਗਰਸ ਦੇ ਇਕ ਮਾਤਰ ਅਜਿਹੇ ਆਗੂ ਵਜੋਂ ਉਭਰੇ ਹਨ ਜਿਨ੍ਹਾਂ ਦੀ
ਤਿੰਨ ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ 'ਚ  ਕਾਂਗਰਸ ਦੇ ਕੌਮੀ ਆਗੂਆਂ ਤੋਂ ਵੀ ਵੱਧ ਮੰਗ ਹੈ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਤਿੰਨ ਰਾਜਾਂ ਛਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਸੂਬਾਈ ਲੀਡਰਸ਼ਿਪ ਅਤੇ ਕਾਂਗਰਸੀ ਆਗੂਆਂ ਵਲੋਂ ਪਾਰਟੀ ਹਾਈਕਮਾਨ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਕਿਸੇ ਹੋਰ ਆਗੂ ਨੂੰ ਭੇਜੋ ਜਾਂ ਨਾ ਪਰ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਨੂੰ ਹਰ ਹਾਲਤ ਵਿਚ ਚੋਣ ਪ੍ਰਚਾਰ ਲਈ ਭੇਜਿਆ ਜਾਵੇ। ਇਥੇ ਦੱਸਣਾ ਬਣਦਾ ਹੈ ਕਿ ਨਵਜੋਤ ਸਿੱਧੂ ਦੀ ਅੰਗਰੇਜੀ, ਪੰਜਾਬੀ ਅਤੇ ਹਿੰਦੀ ਭਾਸ਼ਾਂ 'ਤੇ ਪੂਰੀ ਪਕੜ ਹੈ ਅਤੇ ਉਨ੍ਹਾਂ 'ਚ ਭੀੜ ਇਕੱਤਰ ਕਰਨ ਦੀ ਸਮਰੱਥਾ ਹੈ। ਕਾਂਗਰਸ ਪਾਰਟੀ ਉਨ੍ਹਾਂ ਦੀ ਸ਼ਕਤੀ ਦਾ ਆਗਾਮੀ ਚੋਣਾਂ ਵਿਚ  ਪੂਰਾ ਲਾਭ ਉਠਾਉਣਾ ਚਾਹੁੰਦੀ ਹੈ।
ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਅੱਜ (16 ਨਵੰਬਰ) ਛਤੀਸਗੜ੍ਹ ਤੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਨਗੇ। ਇਥੇ ਸਿੱਧੂ ਦੀਆਂ ਇਕ ਦਿਨ ਵਿਚ ਪੰਜ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਦੱਸਿਆਂ ਜਾਂਦਾ ਹੈ ਕਿ ਸਿੱਧੂ ਤਿੰਨ ਸੂਬਿਆਂ ਵਿਚ 15 ਦਿਨ ਚੋਣ ਪ੍ਰਚਾਰ ਕਰਨਗੇ।
ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂਆਂ ਅਹਿਮਦ ਪਟੇਲ ਤੇ ਅਸ਼ੋਕ ਗਹਿਲੋਤ ਵੱਲੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਸਿੱਧੂ ਛਤੀਸਗੜ੍ਹ ਵਿੱਚ ਤਿੰਨ ਦਿਨ ਅਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ 6-6 ਦਿਨ ਪ੍ਰਚਾਰ ਕਰਨਗੇ। ਸੂਤਰ ਦੱਸਦੇ ਹਨ ਕਿ ਰਾਜਸਥਾਨ ਵਿਚ ਤਾਂ ਸਿੱਧੂ ਦੀ ਸੱਭਤੋਂ ਵੱਧ ਮੰਗ ਹੈ। ਰਾਜਸਥਾਨ ਕਾਂਗਰਸ ਕਮੇਟੀ ਨੇ ਸਿੱਧੂ ਨੂੰ ਸਟਾਰ ਪ੍ਰਚਾਰਕ ਵਜੋਂ ਉਤਾਰਨ ਦੀ ਮੰਗ ਕੀਤੀ ਹੈ। ਕੱਲ 16 ਨਵੰਬਰ ਨੂੰ ਨਵਜੋਤ ਸਿੰਘ ਸਿੱਧੂ ਛਤੀਸਗੜ੍ਹ ਵਿੱਚ ਰਾਏਗੜ੍ਹ, ਕੋਰਬਾ, ਬਿਲਾਸਪੁਰ, ਪਾਟਨ, ਆਰੰਗ ਤੇ ਰਾਏਪੁਰ ਵਿਖੇ ਚੋਣ ਪ੍ਰਚਾਰ ਕਰਨਗੇ।

ਬਾਕਸ---
ਭਾਜਪਾ ਨੇ ਕਰਵਾਈਆਂ ਸਨ ਸਿੱਧੂ ਤੋਂ 100 ਰੈਲੀਆਂ
ਭਾਜਪਾ ਦਾ ਪੱਲਾ ਛੱਡ ਕਾਂਗਰਸ ਦਾ ਹੱਥ ਫੜਨ ਵਾਲੇ ਸਿੱਧੂ ਅਕਸਰ ਕਹਿੰਦੇ ਹਨ ਕਿ ਭਾਜਪਾ ਹਾਈਕਮਾਨ ਨੇ ਲੋਕ ਸਭਾ ਚੋਣਾਂ ਦੌਰਾਨ ਉਸਤੋਂ 100 ਤੋਂ ਵੱਧ ਰੈਲੀਆਂ ਕਰਵਾਈਆ। ਭਾਜਪਾ ਵਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਟਿਕਟ ਨਾ ਦੇਣ ਦੇ ਰੋਸ ਵਜੋਂ ਉਨ੍ਹਾਂ ਭਾਜਪਾ ਦਾ ਪੱਲਾ ਛੱਡ ਦਿੱਤਾ ਸੀ। ਹਾਲਾਂਕਿ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਸਿੱਧੂ ਨੂੰ ਰਾਜ  ਸਭਾ ਦਾ ਮੈਂਬਰ ਬਣਾਇਆ ਗਿਆ ਸੀ, ਪਰ ਉਨ੍ਹਾਂ ਨੇ ਰਾਜ ਸਭਾ ਦੇ ਸਭਾਪਤੀ ਨੂੰ ਆਪਣਾ ਅਸਤੀਫ਼ਾ ਦੇ ਕੇ ਕਾਂਗਰਸ ਦਾ ਹੱਥ ਫੜ੍ਹ ਲਿਆ ਸੀ। ਸਿੱਧੂ ਅਕਸਰ ਬਾਦਲ ਪਰਿਵਾਰ 'ਤੇ “ ਮੌਕਾ ਨਿਕਲ ਗਿਆ ਅਬ ਪਹਿਚਾਨਤੇ ਨਹੀਂ” ਦੇ ਦੋਸ਼ ਲਾਉਂਦੇ ਰਹਿੰਦੇ ਹਨ। ਸਿੱਧੂ ਨੇ ਭਾਜਪਾ ਲਈ ਰੱਜਕੇ ਚੋਣ ਪ੍ਰਚਾਰ ਕੀਤਾ ਸੀ।

Sunday, 11 November 2018

'ਸਿੱਟ' ਵੱਲੋਂ ਬਾਦਲ ਪਿਓ-ਪੁੱਤਰ ਅਤੇ ਅਕਸ਼ੈ ਕੁਮਾਰ ਤਲਬ

ਬਰਗਾੜੀ ਕਾਂਡ ਬਾਅਦ ਪੁਲੀਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਪੜਤਾਲ ਲਈ 

ਚੰਡੀਗੜ੍ਹ, 11 ਨਵੰਬਰ :

       ਬਰਗਾੜੀ ਬੇਅਦਬੀ ਮਾਮਲੇ ਬਾਅਦ ਪੁਲੀਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਪੁੱਛ ਪੜਤਾਲ ਲਈ ਬਾਦਲ ਪਿਓ-ਪੁੱਤਰ ਅਤੇ ਅਦਾਕਾਰ ਅਕਸ਼ੈ ਕੁਮਾਰ ਨੂੰ ਅਗਲੇ ਹਫ਼ਤੇ ਪੇਸ਼ ਹੋਣ ਵਾਸਤੇ ਸੰਮਨ ਜਾਰੀ ਕੀਤੇ ਗਏ ਹਨ।

       ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ ਜਦੋਂ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 19 ਨਵੰਬਰ ਅਤੇ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

       ਇਸ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈ.ਜੀ. ਪੀ. (ਓ.ਸੀ.ਸੀ.ਯੂ.) ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਇਨ੍ਹਾਂ ਤਿੰਨਾਂ ਨੂੰ ਵੱਖਰੇ ਤੌਰ 'ਤੇ ਸੰਮਨ ਜਾਰੀ ਕੀਤੇ ਗਏ ਹਨ।

       ਉਨ੍ਹਾਂ ਦੱਸਿਆ ਕਿ ਇਹ ਸੰਮਨ ਸਾਲ 2015 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨਾਲ ਸਬੰਧਤ ਹਨ, ਜਿਸ ਸਬੰਧੀ ਜ਼ਿਲ੍ਹਾ ਫਰੀਦਕੋਟ ਦੇ ਕੋਟਕਪੂਰਾ ਸ਼ਹਿਰੀ ਥਾਣੇ ਵਿੱਚ ਮਿਤੀ 07.08.2018 ਨੂੰ ਆਈਪੀਸੀ ਦੀ ਧਾਰਾ 307, 323, 341, 148, 149 ਅਤੇ ਆਰਮਜ਼ ਐਕਟ ਦੀ ਧਾਰਾ 27 ਤਹਿਤ ਐਫ.ਆਈ.ਆਰ. ਨੰਬਰ. 129 ਦਰਜ ਹੈ। ਇਹ ਸੰਮਨ ਸੀ.ਆਰ.ਪੀ.ਸੀ. ਦੀ ਧਾਰਾ 160 ਤਹਿਤ ਜਾਰੀ ਕੀਤੇ ਗਏ ਹਨ ਅਤੇ ਇਹ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲੀਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਵਿੱਚ ਹਾਜ਼ਰੀ ਨਾਲ ਸਬੰਧਤ ਹਨ।

       ਇਨ੍ਹਾਂ ਸੰਮਨਾਂ ਮੁਤਾਬਕ '' ਉੱਪਰ ਦੱਸੇ ਗਏ ਅਪਰਾਧ ਦੀ ਜਾਂਚ ਵਿੱਚ ਇਨ੍ਹਾਂ ਵਿਅਕਤੀਆਂ ਦੀ ਮੌਜੂਦਗੀ ਜ਼ਰੂਰੀ ਹੈ'' ਅਤੇ ਤਲਬ ਕੀਤੇ ਇਨ੍ਹਾਂ ਵਿਅਕਤੀਆਂ ਨੂੰ 'ਇਸ ਕਥਿਤ ਅਪਰਾਧ ਸਬੰਧੀ ਜਾਣਕਾਰੀ, ਜੋ ਉਨ੍ਹਾਂ ਕੋਲ ਹੋ ਸਕਦੀ ਹੈ, ਦੇਣ ਦੀ ਲੋੜ ਹੈ'।

       ਇਸ ਵਿਸ਼ੇਸ਼ ਜਾਂਚ ਟੀਮ ਵੱਲੋਂ ਇਸ ਤੋਂ ਪਹਿਲਾਂ ਏ.ਡੀ.ਜੀ.ਪੀ. ਜਤਿੰਦਰ ਜੈਨ (ਬਠਿੰਡਾ ਦੇ ਤਤਕਾਲੀ ਆਈ.ਜੀ.), ਆਈ.ਜੀ.ਪੀ. ਪਰਮਰਾਜ ਸਿੰਘ ਉਮਰਾਨੰਗਲ (ਲੁਧਿਆਣਾ ਦੇ ਤਤਕਾਲੀ ਕਮਿਸ਼ਨਰ), ਆਈ.ਜੀ.ਪੀ. ਅਮਰ ਸਿੰਘ ਚਾਹਲ (ਤਤਕਾਲੀ ਡੀ.ਆਈ.ਜੀ. ਫਿਰੋਜ਼ਪੁਰ ਰੇਂਜ), ਐਮ.ਐਸ.ਜੱਗੀ (ਤਤਕਾਲੀ ਡਿਪਟੀ ਕਮਿਸ਼ਨਰ ਫਰੀਦਕੋਟ), ਐਸ.ਐਸ. ਮਾਨ (ਫਰੀਦਕੋਟ ਦੇ ਤਤਕਾਲੀ ਐਸ.ਐਸ.ਪੀ.), ਵੀ.ਕੇ. ਸਿਆਲ (ਫਰੀਦਕੋਟ ਦੇ ਤਤਕਾਲੀ ਐਸਡੀਐਮ) ਅਤੇ ਕੋਟਕਪੂਰਾ ਦੇ ਤਤਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਤੋਂ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ।

       ਇਸ ਤੋਂ ਇਲਾਵਾ 50 ਹੋਰ ਵਿਅਕਤੀਆਂ ਅਤੇ 30 ਤੋਂ ਵੱਧ ਜੂਨੀਅਰ ਰੈਂਕ ਦੇ ਪੁਲੀਸ ਅਧਿਕਾਰੀਆਂ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ।

       ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਬਾਰੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਤੁਰੰਤ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸਾਲ ਸਤੰਬਰ ਵਿੱਚ ਇਹ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਸੀ।

Sunday, 4 November 2018

ਜੇਲ੍ਹਾਂ 'ਚ 63 ਮੁਲਾਜ਼ਮ ਨਸ਼ੇ ਦੇ ਆਦੀ, ਮਨੁੱਖੀ ਅਧਿਕਾਰ ਕਮਿਸ਼ਨ ਨੇ ਮੰਗੀ ਰਿਪੋਰਟ




ਜੈ ਸਿੰਘ ਛਿੱਬਰ
 ਚੰਡੀਗੜ੍ਹ ;ਪੰਜਾਬ ਦੀਆਂ ਜੇਲ੍ਹਾਂ ਵਿਚ ਤਾਇਨਾਤ 63 ਮੁਲਾਜ਼ਮ ਨਸ਼ੇ ਦੀ ਆਦਤ ਦੇ ਸ਼ਿਕਾਰ ਹਨ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਇਲਾਜ਼ ਕਰਵਾਉਣ ਲਈ ਕਿਹਾ ਗਿਆ ਹੈ। ਜੇਲ੍ਹ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਨੇ ਇਹ ਰਿਪੋਰਟ ਮਨੁੱਖੀ ਅਧਿਕਾਰ ਕਮਿਸ਼ਨ ਕੋਲ੍ਹ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾਂ ਵਲੋਂ ਦਾਇਰ ਕੀਤੀ ਗਈ  ਪਟਿਸ਼ਨ ਦੇ ਜਵਾਬ ਵਿਚ ਦਿੱਤੀ ਹੈ।
ਇਸੀ ਤਰ੍ਹਾਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਇਕਬਾਲ ਅਹਿਮਦ ਅੰਸਾਰੀ ਨੇ ਆਰ.ਟੀ.ਆਈ ਕਾਰਕੁੰਨ ਤੇ ਦਿਨੇਸ਼ ਚੱਢਾ ਵਲੋਂ ਜੇਲ੍ਹਾਂ ਵਿਚ ਸਮਰੱਥਾਂ ਤੋਂ ਵੱਧ ਕੈਦੀ ਰੱਖਣ ਅਤੇ ਜੇਲ੍ਹਾਂ ਵਿਚ ਕੈਦੀਆਂ ਦੇ ਸੁਧਾਰ ਲਈ ਪੰਜਾਬ ਸਰਕਾਰ ਕੋਲ ਕੋਈ ਨੀਤੀ ਨਾ ਹੋਣ ਬਾਰੇ ਦਾਇਰ ਕੀਤੀ ਗਈ ਪਟਿਸ਼ਨ 'ਤੇ ਜੇਲ੍ਹ ਵਿਭਾਗ ਦੇ ਡੀ.ਜੀ.ਪੀ ਨੂੰ ਤਲਬ ਕੀਤਾ ਹੈ।
ਭਾਜਪਾ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾਂ ਵਲੋਂ ਦਾਇਰ ਕੀਤੀ ਗਈ ਪਟਿਸ਼ਨ ਦੇ ਜਵਾਬ ਵਿਚ ਵਧੀਕ ਡਾਇਰੈਕਟਰ ਜਨਰਲ (ਜੇਲ੍ਹ) ਨੇ ਆਪਣੇ ਜਵਾਬ ਵਿਚ ਕਿਹਾ ਹੈ ਕਿ ਜੇਲ੍ਹ ਵਿਭਾਗ ਵਿਚ ਭਰਤੀ ਕੁੱਲ ਮੁਲਾਜਮਾਂ ਵਿਚ 88 ਫੀਸਦੀ ਮੁਲਾਜਮ ਨਸ਼ੇ ਤੋਂ ਰਹਿਤ ਹਨ। ਪਟੀਸ਼ਨ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਅਧੀਨ ਕੁੱਲ 615 ਮੁਲਾਜਮ ਹਨ, ਜਿਨ੍ਹਾਂ ਦਾ ਪੰਜਾਬ ਸਰਕਾਰ ਦੀ ਹਿਦਾਇਤਾਂ ਮੁਤਾਬਿਕ ਡੋਪ ਟੇਸਟ ਕਰਵਾਇਆ ਗਿਆ। ਜਿਨ੍ਹਾਂ ਵਿਚ ਸਿਰਫ 63 ਮੁਲਾਜਮ ਹੀ ਨਸ਼ੇ ਦੀ ਆਦਤ ਦੇ ਸ਼ਿਕਾਰ ਹਨ। ਇਨ੍ਹਾਂ ਮੁਲਾਜ਼ਮਾਂ ਨੂੰ ਸਰਕਾਰੀ ਹਸਪਤਾਲਾਂ ਵਿਚੋਂ ਆਪਣਾ ਇਲਾਜ ਕਰਵਾਉਣ ਅਤੇ ਨਸ਼ੇ ਤੋਂ ਰਾਹਤ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ।
ਖੰਨਾ ਨੇ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੇ ਡੋਪ ਟੇਸਟ ਕਰਵਾਏ ਜਾਣ ਦੇ ਫੈਸਲੇ 'ਤੇ ਮਨੁੱਖੀ ਅਧਿਕਾਰ ਕਮੀਸ਼ਨ ਕੋਲ ਜੇਲ ਵਿਭਾਗ ਦੇ ਕਿਨੇ ਮੁਲਾਜਮ ਡੋਪ ਟੇਸਟ ਕਰਵਾ ਚੁੱਕੇ ਹਨ ਅਤੇ ਉਨ੍ਹਾਂ ਵਿੱਚੋਂ ਕਿਨੇਂ ਨਸ਼ੇ ਦੇ ਆਦੀ ਹਨ, ਬਾਰੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ੍ਹ ਪਟਿਸ਼ਨ ਦਾਇਰ ਕੀਤੀ ਸੀ।


---ਡੀ.ਜੀ.ਪੀ ਜੇਲ੍ਹ ਤਲਬ,
ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਇਕਬਾਲ ਅਹਿਮਦ ਅੰਸਾਰੀ ਨੇ ਸਮਾਜਿਕ ਕਾਰਜਕਰਤਾ ਤੇ ਵਕੀਲ ਦਿਨੇਸ਼ ਚੱਢਾ ਵਲੋ ਦਾਇਰ ਕੀਤੀ ਸ਼ਿਕਾਇਤ 'ਤੇ ਡੀ.ਜੀ.ਪੀ ਜੇਲ੍ਹ ਨੂੰ 14 ਦਸੰਬਰ ਨੂੰ ਤਲਬ ਕੀਤਾ ਹੈ।
ਚੱਢਾ ਨੇ ਦਾਇਰ ਕੀਤੀ ਸ਼ਿਕਾਇਤ ਵਿਚ ਕਿਹਾ ਕਿ ਜੇਲ੍ਹਾਂ ਵਿਚ ਬੰਦ ਲੋਕਾਂ ਨੂੰ ਅਣਮਨੁੱਖੀ ਹਾਲਾਤਾਂ 'ਚ ਰੱਖਿਆ ਹੋਇਆ ਹੈ। ਆਰ.ਟੀ.ਆਈ ਅੰਕੜਿਆਂ ਦੇ ਹਵਾਲੇ ਨਾਲ ਦਾਇਰ ਕੀਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਸਮਰੱਥਾਂ ਤੋਂ ਜ਼ਿਆਦਾ  ਔਰਤ ਅਤੇ ਮਰਦ ਕੈਦੀਆਂ ਨੂੰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੇ ਬਾਹਰ ਤਾਂ ਸੁਧਾਰ ਘਰ ਲਿਖਿਆ ਹੋਇਆ ਹੈ, ਪਰ ਅੰਦਰ ਦੋਸ਼ੀਆਂ/ ਕੈਦੀਆਂ ਨੂੰ ਸੁਧਾਰਨ ਲਈ ਸਰਕਾਰ ਜਾਂ ਜੇਲ੍ਹ ਵਿਭਾਗ ਕੋਲ੍ਹ ਕੋਈ ਪ੍ਰੋਗਰਾਮ ਨਹੀਂ ਹੈ। ਪਟਿਸ਼ਨਰ ਦਾ  ਕਹਿਣਾ ਹੈ ਕਿ ਜੇਲ੍ਹਾਂ 'ਚ ਜਾਣ ਵਾਲੇ ਸੁਧਰਨ ਦੀ ਬਜਾਏ ਗ਼ਲਤ ਰਸਤੇ ਪੈ ਰਹੇ ਹਨ। ਮਨੁੱਖੀ ਅਧਿਕਾਰ ਕਮਿਸ਼ਨ ਨੇ ਸ਼ਿਕਾਇਤ 'ਤੇ ਡੀ ਜੀ ਪੀ (ਜੇਲ੍ਹਾਂ) ਨੂੰ ਤਲਬ ਕਰਦਿਆਂ 14 ਦਸੰਬਰ ਨੂੰ ਰਿਪੋਰਟ ਪੇਸ਼ ਕਰਨ ਦੀ ਹਿਦਾਇਤ ਦਿੱਤੀ ਹੈ।

Tuesday, 30 October 2018

ਸ੍ਰੋਮਣੀ ਕਮੇਟੀ ਅਧੀਨ ਕਾਲੇਜ ਵਿਚ ਦਲਿਤ ਵਿਦਿਆਰਥਣ ਦੇ ਪ੍ਰਵੇਸ਼ ਕਰਨ 'ਤੇ ਲਗਾਈ ਰੋਕ


ਐਸ.ਸੀ ਕਮਿਸ਼ਨ ਨੇ ਡੀਸੀ, ਐਸ.ਐਸ.ਪੀ. ਰੋਪੜ, ਯੂਨੀਵਰਸਿਟੀ ਦੇ ਡੀਨ ਤੇ ਪ੍ਰਿੰਸੀਪਲ ਨੂੰ ਕੀਤਾ ਤਲਬ
ਵਿਦਿਆਰਥਣ ਨੇ ਕਾਲੇਜ ਦੇ ਇਕ ਲੜਕੇ 'ਤੇ ਦਰਜ ਕਰਵਾਇਆ ਹੈ ਛੇੜਛਾੜ ਦਾ ਮਾਮਲਾ
ਪੀੜਤਾਂ ਨੇ ਕਿਹਾ ਕਿ ਪਿਤਾ ਫੌਜ ਵਿਚ ਤੇ ਕੋਈ ਭਰਾ ਨਹੀਂ 
ਜੈ ਸਿੰਘ ਛਿੱਬਰ, 
ਚੰਡੀਗੜ੍ਹ;ਅੰਮ੍ਰਿਤਧਾਰੀ ਦਲਿਤ ਵਿਦਿਆਰਥਣ ਵਲੋਂ ਇਕ ਲੜਕੇ ਖਿਲਾਫ਼ ਛੇੜਛਾੜ ਦਾ ਮਾਮਲਾ ਦਰਜ਼ ਕਰਵਾਉਣ ਤੋਂ ਖਫ਼ਾ ਹੋਏ ਪ੍ਰਿੰਸੀਪਲ ਨੇ ਵਿਦਿਆਰਥਣ ਦੇ ਕਾਲੇਜ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਲਚਸਪ ਗੱਲ ਹੈ ਕਿ ਕਾਲੇਜ ਸਿੱਖ ਧਰਮ ਦੀ ਸਿਰਮੌਰ ਸੰਸਥਾਂ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਦਾ ਹੈ। ਅੰਮ੍ਰਿਤਧਾਰੀ ਦਲਿਤ ਵਿਦਿਆਰਥਣ ਨੇ ਪ੍ਰਿੰਸੀਪਸ ਦੇ ਖਿਲਾਫ਼ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ੍ਹ ਸ਼ਿਕਾਇਤ ਦਰਜ਼ ਕਰਵਾਈ ਹੈ ਅਤੇ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਰੂਪਨਗਰ, ਐਸ.ਐਸ.ਪੀ ਰੂਪਨਗਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਤੇ ਕਾਲੇਜ ਦੇ ਪ੍ਰਿੰਸੀਪਲ ਨੂੰ 9 ਨਵੰਬਰ ਨੂੰ ਇਸ ਮੁੱਦੇ 'ਤੇ ਪੜਤਾਲੀਆਂ ਰਿਪੋਰਟ ਸਮੇਤ ਨਿੱਜੀ ਪੱਧਰ 'ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਥੇ ਜ਼ਿਕਰਯੋਗ ਹੈ ਕਿ ਕਾਲੇਜ ਉਸ ਪਵਿੱਤਰ ਧਰਤੀ 'ਤੇ ਸਥਿਤ ਹੈ, ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਭਾਈ ਸੰਗਤ ਸਿੰਘ ਦੇ ਸਿਰ 'ਤੇ ਆਪਣੀ ਪਵਿੱਤਰ ਕਲਗੀ ਸਜਾਈ ਸੀ।
ਪੀੜਤ ਲੜਕੀ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਅੰਮ੍ਰਿਤਧਾਰੀ ਦਲਿਤ ਲੜਕੀ ਹੈ ਤੇ ਉਸਦਾ ਫੌਜੀ ਪਿਤਾ ਦੇਸ਼ ਦੀ ਸੇਵਾ ਕਰ ਰਿਹਾ ਹੈ ਤੇ ਬੀ.ਐਸ.ਸੀ ਐਗਰੀਕਲਚਰ ਦੀ ਤੀਜ਼ੇ ਸਾਲ ਦੀ ਵਿਦਿਆਰਥਣ ਹੈ। ਪੀੜਤ ਲੜਕੀ ਦਾ ਕਹਿਣਾ ਹੈ ਕਿ ਕਾਲੇਜ ਦਾ ਇਕ ਵਿਦਿਆਰਥੀ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਿਹਾ ਸੀ, ਜਿਸਦੀ ਸ਼ਿਕਾਇਤ ਪਿੰ੍ਰਸੀਪਲ ਸਾਹਿਬ ਨੂੰ ਕੀਤੀ ਗਈ। ਪਿੰ੍ਰਸੀਪਲ ਵਲੋਂ ਸਬੰਧਿਤ ਵਿਦਿਆਰਥੀ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਲਟਾ ਲੜਕੇ ਨੇ ਉਸਨੂੰ ਤੰਗ ਪਰੇਸ਼ਾਨ ਕਰਨਾ ਜਾਰੀ  ਰੱਖਿਆ। ਅੰਤ ਦੁਖੀ ਹੋ ਕੇ ਉਸਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ ਅਤੇ ਪੁਲਿਸ ਕੋਲ੍ਹ ਸ਼ਿਕਾਇਤ ਦਰਜ਼ ਕਰਵਾ ਦਿੱਤੀ। ਪੁਲਿਸ ਨੇ ਦੋਸ਼ੀ ਲੜਕੇ ਖਿਲਾਫ਼ ਧਾਰਾ 354/506 ਦੇ ਤਹਿਤ ਕੇਸ ਦਰਜ ਕਰ ਲਿਆ।
ਪੀੜਤ ਲੜਕੀ ਨੇ ਕਿਹਾ ਕਿ ਲੜਕੇ ਖਿਲਾਫ਼ ਕੇਸ ਦਰਜ਼ ਕਰਨ 'ਤੇ ਪ੍ਰਿੰਸੀਪਲ ਖਫ਼ਾ ਹੋ ਗਏ ਤੇ ਉਸਨੂੰ ਧਮਕੀਆਂ ਦੇ ਰਹੇ ਹਨ ਕਿ ਪੁਲਿਸ ਕੋਲ੍ਹ ਕੇਸ ਦਰਜ਼ ਕਰਵਾਉਣ 'ਤੇ ਕਾਲੇਜ ਦੀ ਬਦਨਾਮੀ ਹੋਈ ਹੈ। ਪੀੜਤ ਲੜਕੀ ਦਾ ਕਹਿਣਾ ਹੈ ਕਿ ਉਹ ਅਤੇ ਉਸਦੀ ਮਾਤਾ ਪਿਛਲੇ ਦੋ ਮਹੀਨਿਆਂ ਤੋਂ ਪ੍ਰਿੰਸੀਪਲ ਦੀਆਂ ਮਿੰਨਤਾ ਕਰ ਰਹੇ ਹਨ ਕਿ ਉਸਦੀ ਪੜਾਈ ਖਰਾਬ ਹੋ ਰਹੀ ਹੈ ਪਰ ਪ੍ਰਿੰਸੀਪਲ ਉਸਨੂੰ (ਪੀੜਤ) ਕਾਲੇਜ ਵਿਚ ਦਾਖਲ ਨਹੀਂ ਹੋਣ ਦਿੰਦਾ। ਪੀੜਤ ਨੇ ਕਿਹਾ ਕਿ ਪਿੰ੍ਰਸੀਪਲ ਦਾ ਕਹਿਣਾ ਹੈ ਕਿ ਜਿੰਨੀਆਂ ਮਰਜ਼ੀਆਂ ਮਿੰਨਤਾਂ ਕਰ ਲਓ ਜਾਂ ਸਿਫਾਰਸ਼ਾਂ ਕਰਵਾ ਲਓ ਉਹ ਉਸਨੂੰ ਕਾਲੇਜ ਵਿਚ ਪ੍ਰਵੇਸ਼ ਨਹੀਂ ਕਰਨ ਦੇਣਗੇ।


ਬਾਕਸ ---
ਪਿਤਾ ਵਾਂਗ ਦੇਸ਼ ਨਾ ਰੋਸ਼ਨ ਕਰਨਾ ਚਾਹੁੰਦੀ ਹਾਂ -ਪੀੜਤ
ਪੀੜਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਵਾਂਗ ਦੇਸ਼ ਦੀ ਸੇਵਾ ਕਰਕੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ। ਪਰੰਤੂ ਪ੍ਰਿੰਸੀਪਲ ਉਸਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ। ਪੀੜਤ ਦਾ ਕਹਿਣਾ ਹੈ ਕਿ ਉਹ ਤਿੰਨ ਭੈਣਾਂ ਹਨ ਤੇ ਉਨ੍ਹਾਂ ਦਾ ਕੋਈ ਭਰਾ ਨਹੀਂ ਹੈ। ਲੜਕੀ ਨੇ ਪ੍ਰਧਾਨ ਮੰਤਰੀ ਨੂੰ ਵੀ ਮਿਹਣਾ ਮਾਰਿਆ ਹੈ ਕਿ ਇਕ ਪਾਸੇ ਬੇਟੀ ਪੜਾਓ ਬੇਟੀ ਬਚਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਦੂਸਰੇ  ਪਾਸੇ ਲੜਕੀਆਂ ਨੂੰ ਕਾਲੇਜ, ਸਕੂਲਾਂ ਵਿਚ ਪ੍ਰਵੇਸ਼ ਕਰਨ 'ਤੇ ਪਾਬੰਦੀ ਲਗਾਈ ਜਾ ਰਹੀ ਹੈ।

ਘੱਟ ਗਿਣਤੀਆਂ ਨਾਲ ਤੰਦਾਂ ਮਜਬੂਤ ਕਰਨ ਵਿਚ ਜੁਟੀ ਭਾਜਪਾ



ਧਾਰੀਵਾਲ 'ਚ ਘੱਟ ਗਿਣਤੀ ਭਾਈਚਾਰੇ ਦੀ ਕਰੇਗੀ ਵੱਡੀ ਰੈਲੀ 
ਪ੍ਰਧਾਨ ਮੰਤਰੀ, ਭਾਜਪਾ  ਪ੍ਰਧਾਨ ਕਰਨਗੇ ਰੈਲੀ ਨੂੰ ਸੰਬੋਧਨ 
ਜੈ ਸਿੰਘ ਛਿੱਬਰ,
 ਚੰਡੀਗੜ੍ਹ :ਆਗਾਮੀ ਲੋਕ ਸਭਾ ਚੋਣਾਂ 'ਚ ਬਦਲਦੇ ਸਿਆਸੀ ਹਾਲਾਤਾਂ ਨੂੰ ਭਾਂਪਦੇ ਹੋਏ ਭਾਜਪਾ ਨੇ ਘੱਟ ਗਿਣਤੀਆਂ ਨਾਲ ਮੋਹ ਦੀਆਂ ਤੰਦਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਨਾਗਪੁਰ ਤੋਂ ਮਿਲੇ ਆਦੇਸ਼ ਤੋਂ ਬਾਅਦ ਭਾਜਪਾ ਹਾਈਕਮਾਨ ਨੇ ਮੁਸਲਮਾਨ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਵਿਸ਼ੇਸ਼ ਮੀਟਿੰਗਾਂ ਅਤੇ ਵੱਡੀਆਂ ਰੈਲੀਆਂ ਕਰਨ ਦੀ ਯੋਜਨਾਂ ਉਲੀਕੀ ਹੈ ਤਾਂ ਜੋ ਭਾਜਪਾ 'ਤੇ ਭਗਵਾਕਰਨ ਅਤੇ ਘੱਟ ਗਿਣਤੀਆਂ ਤੋਂ ਦੂਰੀ ਬਣਾਉਣ ਦੇ ਲੱਗ ਰਹੇ ਦੋਸ਼ਾਂ ਨੂੰ ਧੋਤਾ ਜਾ ਸਕੇ। ਭਰੋਸੇਯੋਗ ਸੂਤਰਾਂ ਅਨੁਸਾਰ ਆਰ.ਐਸ.ਐਸ ਵਲੋਂ ਇੰਦਰੇਸ਼ ਕੁਮਾਰ ਨੂੰ ਮੁਸਲਿਮ ਰਾਸ਼ਟਰੀ ਮੰਚ ਜੋ ਕਿ ਆਰ.ਐਸ.ਐਸ ਦਾ ਇੱਕ ਸ਼ਾਖਾ ਹੈ, ਦੇ ਮਾਰਗ ਦਰਸ਼ਕ ਦੇ ਤੌਰ 'ਤੇ ਕੰਮ ਕਰ ਰਹੇ ਹਨ ਅਤੇ ਬਕਾਇਦਾ ਉਨ੍ਹਾਂ ਵਲੋਂ ਦੇਸ਼ ਭਰ ਦੇ ਮੁਸਲਮਾਨਾਂ ਨੂੰ ਭਾਜਪਾ ਨਾਲ ਜੋੜਨ ਲਈ ਕੰਮ ਕੀਤਾ ਜਾ ਰਿਹਾ ਹੈ। 
ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਭਾਜਪਾ ਵਲੋਂ ਅਗਲੇ ਮਹੀਨੇ ਗੁਰਦਾਸਪੁਰ ਜਿਲ੍ਹੇ ਦੇ ਧਾਰੀਵਾਲ ਹਲਕੇ ਵਿਚ ਮੁਸਲਮਾਨ ਤੇ ਇਸਾਈ ਭਾਈਚਾਰੇ ਦੀ ਵੱਡੀ ਰੈਲੀ ਕਰਨ ਦਾ ਫੈਸਲਾ ਕਰ ਲਿਆ ਹੈ। ਦਿਲਚਸਪ ਗੱਲ ਹੈ ਕਿ ਭਾਜਪਾ ਹਾਈਕਮਾਨ ਦੇ ਸਿਖ਼ਰਲੇ ਆਗੂਆਂ ਵਲੋਂ ਖੁਦ ਮੁਸਲਮਾਨ ਅਤੇ ਇਸਾਈ ਭਾਈਚਾਰੇ ਦੇ ਸੀਨੀਅਰ ਆਗੂਆਂ ਨਾਲ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਪੰਜਾਬ ਭਾਜਪਾ ਦੇ ਆਗੂਆਂ ਦੀ ਇਸ ਮਾਮਲੇ ਵਿਚ ਕੋਈ ਸਲਾਹ ਮਸ਼ਵਰਾਂ ਨਹੀਂ ਲਿਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਗੁਰਦਾਸਪੁਰ ਰੈਲੀ ਨੂੰ ਸਫ਼ਲ ਬਣਾਉਣ ਲਈ ਮੁੰਬਈ ਰਹਿੰਦੇ ਇਕ ਭਾਜਪਾ ਆਗੂ ਜੋ ਵੱਡਾ ਕਾਰੋਬਾਰੀ ਹੈ, ਨੂੰ ਜ਼ੁੰਮੇਵਾਰੀ ਦਿੱਤੀ ਗਈ ਹੈ। ਧਾਰੀਵਾਲ ਹਲਕੇ ਵਿਚ ਪਾਰਟੀ ਵਲੋਂ ਘੱਟ ਗਿਣਤੀਆਂ ਨਾਲ ਸਬੰਧਿਤ ਇਕ ਲੱਖ ਲੋਕਾਂ ਦਾ ਇਕੱਠ  ਕਰਨ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਦੇਸ਼ ਦੇ ਦੂਸਰੇ ਸੂਬਿਆਂ ਵਿਚ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਪੰਜਾਬ ਦੇ ਮੁਸਲਮਾਨ, ਇਸਾਈ ਤੇ ਘੱਟ ਗਿਣਤੀਆਂ ਨਾਲ ਸਬੰਧਿਤ ਲੋਕਾਂ ਦਾ ਭਾਜਪਾ ਵਿਚ ਵਿਸ਼ਵਾਸ ਬਰਕਰਾਰ ਹੈ। ਦੱਸਿਆ ਜਾਂਦਾ ਹੈ ਕਿ ਇਸ ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਨਿਤਿਨ ਗਡਕਰੀ ਸਮੇਤ ਪਾਰਟੀ ਦੇ ਕਈ ਹੋਰ ਵੱਡੇ ਆਗੂਆਂ ਵਲੋਂ ਸ਼ਿਰਕਤ ਕਰਨ ਤੇ ਲੋਕਾਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।  
ਪੰਜਾਬ ਨਾਲ ਸਬੰਧਿਤ ਮੁੰਬਈ ਰਹਿੰਦੇ ਭਾਜਪਾ ਦੇ ਆਗੂ ਨੇ ਧਾਰੀਵਾਲ (ਗੁਰਦਾਸਪੁਰ) 'ਚ ਪਾਰਟੀ ਵਲੋਂ ਰੈਲੀ ਕਰਨ ਦੇ ਫੈਸਲੇ ਦੀ ਪੁਸ਼ਟੀ ਕੀਤੀ ਹੈ। ਉਕਤ ਆਗੂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਇਸਾਈ ਭਾਈਚਾਰ ਦੇ ਇਕ ਲੱਖ ਲੋਕਾਂ ਨੂੰ ਰੈਲੀ ਵਿਚ ਸ਼ਾਮਲ ਕਰਨ ਦੀ ਟੀਚਾ  ਰੱਖਿਆ ਗਿਆ ਹੈ। 

ਸਮਾਂ ਆਉਣ 'ਤੇ ਦੱਸਿਆ ਜੁਵੇਗਾ : ਮਲਿਕ 
ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਰੈਲੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਅਜੇ ਰੈਲੀ ਕਰਨ ਬਾਰੇ ਤਾਰੀਖ ਦਾ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮਾਂ ਆਉਣ 'ਤੇ ਸੱਭ ਕੁੱਝ ਦੱਸਿਆ ਜਾਵੇਗਾ।

Monday, 29 October 2018

ਬਾਦਲ ਨੇ 17 ਨਹੀਂ ਸਾਢੇ ਚਾਰ ਸਾਲ ਜੇਲ੍ਹ ਕੱਟੀ

ਕੈਪਟਨ ਸਰਕਾਰ ਦਾ ਨਵਾਂ ਪੈੰਤੜਾ....
ਸਰਕਾਰ ਬਾਦਲ ਦੇ ਜੇਲ੍ਹ ਜੀਵਨ ਦਾ ਰਿਕਾਰਡ ਇਕੱਠਾ ਕਰਨ ਲੱਗੀ
ਜੈ ਸਿੰਘ ਛਿੱਬਰ, 
ਚੰਡੀਗੜ੍ਹ 
ਅਕਾਲੀ ਆਗੂਆਂ ਖਾਸ ਕਰਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਘੇਰਨ ਲਈ ਅਤੇ ਉਨ੍ਹਾਂ ਵਲੋਂ ਕੱਟੀ ਗਈ ਜੇਲ੍ਹ ਦਾ ਸੱਚ ਸਾਹਮਣੇ ਲਿਆਉਣ ਲਈ ਪੰਜਾਬ ਸਰਕਾਰ ਸਾਰੇ ਜੇਲਾਂ ਵਿੱਚੋਂ ਰਿਕਾਰਡ ਇਕੱਠਾ ਕਰ ਰਹੀ ਹੈ। ਇਥੇ ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਸਰ  ਕਾਂਗਰਸ, ਕੈਪਟਨ ਸਰਕਾਰ 'ਤੇ ਹਮਲਾ ਕਰਦਿਆਂ  ਜੇਲ੍ਹ ਵਿੱਚ ਨਾ ਜਾਣ ਦਾ ਡਰ ਅਤੇ ਅਾਪਣੇ ਜੀਵਨ ਵਿੱਚ 17 ਸਾਲ ਜੇਲ੍ਹ ਕੱਟਣ ਦੀ ਗੱਲ ਕਰਦੇ ਹਨ। ਸਾਬਕਾ ਮੁੱਖ ਮੰਤਰੀ ਦੇ ਜੇਲ ਜ਼ਿੰਦਗੀ ਦਾ ਸੱਚ ਜਾਨਣ ਲਈ ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ ਪੰਜਾਬ ਅਤੇ ਦੂਸਰੇ ਰਾਜਾਂ ਦੀਆਂ ਜੇਲ੍ਹਾਂ ਤੋਂ ਜਾਣਕਾਰੀ  ਮੰਗੀ ਹੈ । ਸੂਤਰ ਦੱਸਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਸਮੁੱਚੇ ਸਿਆਸੀ ਜੀਵਨ ਦੌਰਾਨ ਲੱਗਪੱਗ ਸਾਢੇ ਚਾਰ ਸਾਲ ਜੇਲ੍ਹ ਕੱਟਣ ਦਾ ਰਿਕਾਰਡ  ਸਰਕਾਰ ਨੂੰ ਮਿਲਿਆ ਹੈ। ਇਸ ਜੇਲ੍ਹ ਜੀਵਨ ਵਿੱਚ ਸਮੇਂ ਦੀਆਂ ਸਰਕਾਰਾਂ ਵੱਲੋਂ ਵਿਸ਼ਰਾਮ ਘਰਾਂ ਵਿੱਚ ਕੱਟੀ ਜੇਲ੍ਹ ਵੀ ਸ਼ਾਮਲ ਹੈ। ਪੰਜਾਬੀ ਸੂਬੇ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਲਗਾਈ ਐਮਰਜੈਂਸੀ ਖਿਲਾਫ਼, ਸਤਲੁਜ ਲਿੰਕ ਨਹਿਰ (ਐੱਸ ਵਾਈ ਐਲ )ਦੇ ਖਿਲਾਫ ਕੀਤੇ ਸ਼ੰਘਰਸ਼ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੀ ਸਰਕਾਰ ਦੌਰਾਨ ਬਾਦਲ ਪਰਿਵਾਰ 'ਤੇ ਦਰਜ਼ ਕੀਤੇ ਮਾਮਲੇ ਵਿੱਚ ਜੇਲ੍ਹ ਗਏ ਸਨ। 
ਸੂਤਰ ਦੱਸਦੇ ਹਨ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਬਾਦਲ ਪਰਿਵਾਰ ਨੂੰ ਪੰਥਕ ਮੁੱਦਿਆਂ ਤੇ ਘੇਰਕੇ ਸਿਆਸੀ ਤੌਰ 'ਤੇ ਕਮਜ਼ੋਰ ਕੀਤਾ ਜਾ ਸਕਦਾ ਹੈ। ਗੁਰੂ ਗਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾ, ਬਰਗਾੜੀ ਗੋਲੀ ਕਾਂਡ ਮਾਮਲੇ ਵਿੱਚ ਬਾਦਲ ਪਰਵਾਰ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ । ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ , ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ, ਰਵਿੰਦਰ ਸਿੰਘ ਬ੍ਰਹਮਪੁਰਾ ਸਮੇਤ ਕਈ ਆਗੂ ਪਹਿਲਾਂ ਹੀ ਬਗ਼ਾਵਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬਰਗਾੜੀ 'ਚ ਲੱਗੇ ਮੋਰਚੇ ਨੇ ਅਕਾਲੀ ਦਲ ਲਈ ਪਰੇਸ਼ਾਨੀ ਤੇ ਪੰਜਾਬ ਸਰਕਾਰ ਦੀ ਚਿੰਤਾ ਵਧਾਈ ਹੋਈ ਹੈ।
ਹੁਣ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਵਲੋਂ ਕੱਟੀ ਗਈ ਜੇਲ੍ਹ ਦਾ ਅਸਲ ਸੱਚ ਸਾਹਮਣੇ ਲਿਆਉਣ ਲਈ ਅਤੇ ਝੂਠ ਦਾ ਪਰਦਾਫਾਸ਼ ਕਰਨ ਲਈ ਅਜਿਹਾ ਕਦਮ ਚੁੱਕਿਆ ਹੈ ਤਾਂ ਕਿ ਲੋਕਾਂ ਨੂੰ ਹਕੀਕਤ ਪਤਾ ਲੱਗ ਸਕੇ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

Sunday, 14 October 2018



ਸੁਖਬੀਰ ਨੂੰ ਗਲਤੀ ਮੰਨ ਲੈਣੀ ਚਾਹੀਦੀ ਹੈ :ਪੰਜੌਲੀ


--ਜਥੇਦਾਰ ਨੂੰ ਮੰਨਣਾ ਚਾਹੀਦਾ ਹੈ ਕਿ ਸੱਚ ਦੇ ਤਖ਼ਤ ਤੋਂ ਉਹ ਸੱਚ ਨਹੀਂ ਬੋਲ ਸਕਿਆ

--ਸੁਖਬੀਰ ਧਰਮ ਤੇ ਪੰਥਕ ਖੇਤਰ ਵਿਚ ਅਣਜਾਣ 

ਜੈ ਸਿੰਘ ਛਿੱਬਰ, ਚੰਡੀਗੜ੍ਹ :
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜ ਪਿਆਰਿਆ ਅੱਗੇ ਪੇਸ਼ ਹੋ ਕੇ ਅਮ੍ਰਿੰਤਪਾਨ ਭੰਗ ਕਰਨ ਦੀ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਸੁਖਬੀਰ ਵਲੋਂ ਗਲਤੀ ਮੰਨਣ ਨਾਲ ਅਕਾਲੀ ਦਲ ਅਤੇ ਸਿੱਖ ਪੰਥ ਦਾ ਭਲਾ ਹੋਵੇਗਾ। ਇਕ ਨਿੱਜੀ ਚੈਨਲ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਕਰਨੈਲ ਸਿੰਘ ਪੰਜੌਲੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਆਪਣੀ ਸਿਹਤ ਦਾ ਹਵਾਲਾ ਦੇ ਕੇ ਅਸਤੀਫ਼ਾ ਦੇਣ ਦੀ ਬਜਾਏ ਸਿੱਖ ਸੰਗਤ ਨੂੰ ਸੱਚ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਸੱਚ ਦੇ ਤਖ਼ਤ ਤੋਂ ਸੱਚ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਇਕ ਮਹਾਨ ਸੰਸਥਾਂ ਦੇ ਮੁਖੀ ਨੂੰ ਜੇਕਰ ਸਿੱਖ ਕੌਮ ਵਲੋਂ ਮਾਨ ਸਨਮਾਨ, ਪਿਆਰ ਨਹੀਂ ਦਿੱਤਾ ਜਾਂਦਾ ਤਾਂ ਅਜਿਹੀ ਜ਼ਿੰਦਗੀ ਜਿਉਣਾ ਮੁਰਦਿਆ ਨਾਲੋ ਵੀ ਮਾੜੀ ਹੁੰਦੀ ਹੈ। 
ਹਮੇਸ਼ਾਂ ਬੇਬਾਕੀ ਨਾਲ ਗੱਲ  ਕਹਿਣ ਵਾਲੇ ਜਥੇਦਾਰ ਪੰਜੌਲੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸੱਚ ਦਾ ਤਖ਼ਤ ਹੈ। ਉਸ ਮਹਾਨ ਤਖ਼ਤ 'ਤੇ ਝੂਠਾ ਬੰਦਾ ਨਹੀਂ ਬੈਠ ਸਕਦਾ। ਇਸ ਲਈ ਜਥੇਦਾਰ ਸਾਹਿਬ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਉਹ ਸੱਚ ਨਹੀਂ ਬੋਲ ਸਕਿਆ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜੁਅਰਤ ਵਾਲਾ, ਪੰਥਕ ਜ਼ਜ਼ਬੇ ਵਾਲਾ ਅਜਿਹਾ ਆਗੂ ਹੋਣਾ ਚਾਹੀਦਾ ਹੈ ਜੋ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨੌਕਰੀ ਲਗਾਉਣ ਦੀ ਇੱਛਾ ਨਾ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਨੂੰ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਅਜਿਹੀ ਪਦਵੀਂ 'ਤੇ ਨਹੀਂ ਰਹਿਣਾ ਚਾਹੀਦਾ। 
ਪੰਜੋਲੀ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੇ ਪਿਤਾ ਦੀ ਵਿਰਾਸਤ ਮਿਲੀ ਹੈ। ਪਰ, ਉਹ ਧਰਮ ਤੇ ਪੰਥਕ ਖ਼ੇਤਰ ਵਿਚ ਅਣਜਾਣ ਹਨ। ਅਕਾਲੀ ਦਲ ਵਲੋਂ ਪਟਿਆਲਾ, ਫਰੀਦਕੋਟ ਤੇ ਅਬੋਹਰ ਵਿਚ ਕੀਤੀਆਂ ਰੈਲੀਆਂ ਦੇ ਸੰਦਰਭ ਵਿਚ ਪੰਜੌਲੀ ਨੇ ਕਿਹਾ ਕਿ ਅਕਾਲੀ ਦਲ ਪੰਥਕ ਪਾਰਟੀ ਹੈ, ਕੋਈ ਵੀ ਪ੍ਰਧਾਨ ਹੋਵੇ ਇਕੱਠ ਇਸੀ ਤਰ੍ਹਾਂ ਹੁੰਦਾ ਰਹੇਗਾ। ਪਰ ਜੇਕਰ ਸੁਖਬੀਰ ਬਾਦਲ ਨੇ ਅਕਾਲੀ ਦਲ ਦਾ ਪ੍ਰਧਾਨ ਬਣੇ ਰਹਿਣਾ ਹੈ ਤਾਂ ਉਨ੍ਹਾਂ ਨੂੰ ਪੰਜ ਕਰਾਰਾਂ ਦਾ ਧਾਰਨੀ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਵੱਡੀ ਗਲਤੀ ਹੈ ਕਿ ਉਨ੍ਹਾਂ ਨੇ ਅੰਮ੍ਰਿਤਪਾਨ ਭੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਪੰਥਕ ਆਗੂਆਂ ਸੁਖਦੇਵ ਸਿੰਘ ਢੀਂਡਸਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ ਦੀ ਗੱਲ ਸੁਖਬੀਰ ਬਾਦਲ ਨੂੰ ਮੰਨ ਲੈਣੀ ਚਾਹੀਦੀ ਹੈ।

Thursday, 11 October 2018

ਕਾਮਨਵੈਲਥ ਤੇ ਏਸ਼ੀਆਈ ਖੇਡਾਂ 'ਚ ਤਮਗੇ ਜਿੱਤਣ ਵਾਲਿਆਂ ਨੂੰ ਖੇਡ ਪੁਰਸਕਾਰ ਨਾਲ ਕੀਤਾ ਸਨਮਾਨਿਤ

---

--23 ਖਿਡਾਰੀਆਂ ਨੂੰ 15.55 ਕਰੋੜ ਰੁਪਏ ਦੀ ਰਾਸ਼ੀ ਦਿੱਤੀ 
--ਬਟਨ ਦੱਬਦਿਆਂ ਹੀ ਖਿਡਾਰੀਆਂ ਦੇ ਖਾਤੇ ਵਿਚ ਤਬਦੀਲ ਹੋਈ ਰਾਸ਼ੀ 
--2020 ਦੀਆਂ ਉਲੰਪਿਕ ਖੇਡਾਂ 'ਚ ਪੰਜਾਬ ਦੇ ਖਿਡਾਰੀ ਜਿੱਤਣਗੇ ਤਮਗੇ : ਸੋਢੀ
ਚੰਡੀਗੜ੍ਹ :
ਪੰਜਾਬ ਮੰਤਰੀ ਮੰਡਲ ਵਲੋਂ ਪਿਛਲੀ ਕੈਬਨਿਟ ਮੀਟਿੰਗ 'ਚ ਨਵੀਂ ਖੇਡ ਨੀਤੀ 'ਤੇ ਮੋਹਰ ਲਗਾਉਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਦੁਆਰਾ 23 ਖਿਡਾਰੀਆਂ ਨੂੰ 15.55 ਕਰੋੜ ਰੁਪਏ ਦੀ ਰਾਸ਼ੀ , ਪੁਰਸਕਾਰ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਾਰੇ ਖਿਡਾਰੀਆਂ ਵਲੋਂ ਪਿਛਲੇ ਸਮੇਂ ਹੋਈਆਂ ਕਾਮਨਵੈਲਥ ਤੇ ਏਸ਼ੀਆਈ ਖੇਡਾਂ ਵਿਚ ਸੋਨੇ, ਚਾਂਦੀ ਅਤੇ ਤਾਂਬੇ ਦੇ ਤਗਮੇ ਜਿੱਤੇ ਹਨ। ਮੁੱਖ ਮੰਤਰੀ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਨੌਜਵਾਨ ਨਸ਼ਿਆਂ ਨੂੰ ਛੱਡਕੇ ਖੇਡਾਂ ਵੱਲ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡ ਪੱਧਰ 'ਤੇ ਖੇਡਾਂ ਨੂੰ ਬੜ੍ਹਾਵਾ ਦੇਣ ਅਤੇ ਵੱਖ ਵੱਖ ਪਹਿਲਕਦਮੀਆਂ ਰਾਹੀਂ ਖੇਡਾਂ ਵਿੱਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਲੰਪਿਕ ਵਿੱਚ ਮੈਡਲ ਪ੍ਰਾਪਤ ਕਰਨ ਲਈ ਉੱਘੇ ਖਿਡਾਰੀਆਂ ਦੀ ਉਰਜਾ ਅਤੇ ਹੁਨਰ ਨੂੰ ਦੀ ਢੁੱਕਵੇ ਢੰਗ ਨਾਲ ਵਰਤੋ ਕਰੇਗੀ।

ਇਨ੍ਹਾਂ ਖਿਡਾਰੀਆਂ ਨੂੰ ਕੀਤਾ ਸਨਮਾਨਿਤ ---
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਖੇਡ ਮੰਤਰੀ ਗੁਰਮੀਤ ਸਿੰਘ ਸੋਢੀ, ਸਥਾਨਕ ਸਰਕਾਰਾਂ ਦੇ ਮੰਤਰੀ (ਸਾਬਕਾ ਕ੍ਰਿਕੇਟਰ) ਨਵਜੋਤ ਸਿੰਘ ਸਿੱਧੂ, ਉਡਣਾ ਸਿੱਖ ਮਿਲਖਾ ਸਿੰਘ, ਵਿਧਾਇਕ ਪ੍ਰਗਟ ਸਿੰਘ ( ਸਾਬਕਾ ਹਾਕੀ ਕਪਤਾਨ) ਵੱਲੋਂ ਕਾਮਨਵੈਲਥ ਤੇ ਏਸ਼ੀਆਈ ਖੇਡਾਂ ਵਿੱਚ ਪਿਸਟਲ ਸ਼ੂਟਿੰਗ ਵਿੱਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿਤਣ ਵਾਲੀ ਮਹਿਲਾ ਖਿਡਾਰੀ ਹਿਨਾ ਸਿੱਧੂ ਨੂੰ 1.75 ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ। ਇਸੀ ਤਰ੍ਹਾਂ ਪ੍ਰਨਾਬ ਚੋਪੜਾ (ਬੈਡਮਿੰਟਨ ਵਿੱਚ ਸੋਨ ਤਮਗਾ ਜਿੱਤਣ ਲਈ 75 ਲੱਖ ਰੁਪਏ), ਅੰਜੁਮ ਮੋਦਗਿਲ (ਸ਼ੂਟਿੰਗ ਵਿੱਚ ਚਾਂਦੀ ਦਾ ਤਮਗਾ ਜਿੱਤਣ ਲਈ 50 ਲੱਖ ਰੁਪਏ), ਨਵਜੀਤ ਕੌਰ ਢਿਲੋਂ ( ਡਿਸਕਸ 'ਚ ਕਾਂਸੇ ਦਾ ਤਮਗਾ ਜਿੱਤਣ ਲਈ 40 ਲੱਖ ਰੁਪਏ), ਵਿਕਾਸ ਠਾਕੁਰ (ਵੇਟ ਲਿਫਟਿੰਗ ਵਿੱਚ ਕਾਂਸੇ ਦਾ ਤਮਗਾ ਜਿੱਤਣ ਲਈ 40 ਲੱਖ ਰੁਪਏ) ਨੂੰ ਸਨਮਾਨਿਤ ਕੀਤਾ ਗਿਆ ਹੈ। ਵੇਟਲਿਫਟਰ ਪ੍ਰਭਦੀਪ ਸਿੰਘ ਜਿਸਨੇ ਚਾਂਦੀ ਦਾ ਤਮਗਾ ਜਿਤਿਆ ਸੀ, ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਪਰ ਕਿਸੀ ਕਾਰਨ ਉਹ ਸਮਾਗਮ ਵਿਚ ਹਾਜ਼ਰ ਨਹੀਂ ਸੀ ਤੇ ਉਸਦੀ ਮਾਤਾ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।
ਇਸੀ ਤਰ੍ਹਾਂ  ਏਸ਼ੀਆਈ ਖੇਡਾਂ ਵਿੱਚ ਤਜਿੰਦਰ ਪਾਲ ਸਿੰਘ ਤੂਰ ਅਤੇ ਸਵਰਨ ਸਿੰਘ ਨੂੰ ਕ੍ਰਮਵਾਰ ਗੋਲਾ ਸੁੱਟਣ ਅਤੇ ਰੋਇੰਗ ਵਿੱਚ ਸੋਨ ਤਮਗਾ ਜਿੱਤਣ ਵਾਸਤੇ ਇਕ-ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ ਹੈ। ਸੁਖਮੀਤ ਸਿੰਘ ਨੂੰ ਰੋਇੰਗ ਵਿੱਚ ਸੋਨ ਤਮਗਾ ਜਿੱਤਣ ਲਈ ਇਕ ਕਰੋੜ ਰੁਪਏ ਦਾ ਇਨਾਮ ਪ੍ਰਾਪਤ ਹੋਇਆ ਹੈ ਜਦਕਿ ਤੇਹਰੀ ਛਾਲ (ਅਥਲੈਟਿਕਸ) ਵਿੱਚ ਸੋਨ ਤਮਗਾ ਜਿੱਤਣ ਲਈ ਅਰਪਿੰਦਰ ਸਿੰਘ ਨੂੰ ਇਕ ਕਰੋੜ ਰੁਪਏ ਦਾ ਇਨਾਮ ਮਿਲਿਆ ਹੈ। ਕਬੱਡੀ ਵਿੱਚ ਚਾਂਦੀ ਦਾ ਤਮਗਾ ਜਿੱਤਣ ਲਈ ਰਮਨਦੀਪ ਕੌਰ ਖਹਿਰਾ ਨੂੰ 75 ਲੱਖ ਰੁਪਏ, ਹਾਕੀ 'ਚ ਚਾਂਦੀ ਦਾ ਤਮਗਾ ਜਿੱਤਣ ਲਈ ਰੀਨਾ ਖੋਖਰ ਨੂੰ 75 ਲੱਖ ਰੁਪਏ, ਹਾਕੀ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਰੁਪਿੰਦਰ ਪਾਲ ਸਿੰਘ ਨੂੰ 50 ਲੱਖ ਰੁਪਏ, ਹਾਕੀ 'ਚ ਚਾਂਦੀ ਦਾ ਤਮਗਾ ਜਿੱਤਣ ਲਈ ਗੁਰਜੀਤ ਕੌਰ ਨੂੰ 75 ਲੱਖ ਰੁਪਏ ਅਤੇ ਹਾਕੀ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਅਕਾਸ਼ਦੀਪ ਸਿੰਘ ਨੂੰ 50 ਲੱਖ ਰੁਪਏ ਦਾ ਇਨਾਮ ਮਿਲਿਆ ਹੈ। ਅਕਾਸ਼ਦੀਪ ਸਿੰਘ ਵੱਲੋਂ ਇਹ ਇਨਾਮ ਉਸ ਦੇ ਪਿਤਾ ਨੇ ਪ੍ਰਾਪਤ ਕੀਤਾ ਜਦਕਿ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਦੀ ਤਰਫੋਂ ਉਸ ਦੀ ਮਾਤਾ ਨੇ 50 ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ।
       ਜਕਾਰਤਾ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਹਾਕੀ ਖਿਡਾਰੀ ਵਿੱਚ ਸ਼ਾਮਲ ਹੋਰਨਾਂ ਖਿਡਾਰੀਆਂ ਨੂੰ ਵੀ 50-50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਜੋ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਪ੍ਰਾਪਤ ਕੀਤਾ ਹੈ। ਇਹ ਖਿਡਾਰੀ ਇਸ ਵੇਲੇ ਭਾਰਤੀ ਹਾਕੀ ਦੇ ਰਾਸ਼ਟਰੀ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਇਨ੍ਹਾਂ ਖਿਡਾਰੀਆਂ ਵਿੱਚ ਮਨਦੀਪ ਸਿੰਘ, ਹਰਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਕ੍ਰਿਸ਼ਣਾ ਬਹਾਦਰ ਪਾਠਕ ਅਤੇ ਦਿਲਪ੍ਰੀਤ ਸਿੰਘ ਸ਼ਾਮਲ ਹਨ।
ਰੋਇੰਗ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਭਗਵਾਨ ਸਿੰਘ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ।  

ਨਵੀਂ ਨੀਤੀ ਨਾਲ ਖਿਡਾਰੀਆਂ ਨੂੰ ਉਤਸ਼ਾਹ ਮਿਲੇਗਾ : ਸੋਢੀ 
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਕਿਹਾ ਕਿ ਨਵੀਂ ਖੇਡ ਨੀਤੀ ਤੋਂ ਬਾਅਦ ਦੂਸਰੇ ਰਾਜਾਂ ਲਈ ਖੇਡ ਰਹੇ ਪੰਜਾਬੀ ਖਿਡਾਰੀਆਂ ਨੇ ਮੁੜ ਪੰਜਾਬ ਲਈ ਖੇਡਣ ਦੀ ਇੱਛਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆ। ਖੇਡ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਬਿਹਤਰੀਨ ਕੋਚਿੰਗ ਸਹੂਲਤਾਂ ਦੇ ਨਾਲ-ਨਾਲ ਉਚ ਦਰਜੇ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ ਤਾਂ ਕਿ ਸੂਬੇ ਨੂੰ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਸਿਖਰਾਂ 'ਤੇ ਲਿਜਾਇਆ ਜਾ ਸਕੇ। ਸੋਢੀ ਨੇ ਭਰੋਸਾ ਦਿਵਾਇਆ ਕਿ 2020 ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਇਨਾਮ ਜਿੱਤਣ ਵਾਲਿਆਂ 'ਚ ਪੰਜਾਬ ਦੇ ਖਿਡਾਰੀਆਂ ਦਾ ਨਾਮ ਜੈਤੂ ਲਿਸਟ ਵਿਚ ਸ਼ਾਮਲ ਹੋਵੇਗਾ। ਉਨ੍ਹਾਂ ਨੇ ਸਨਅਤੀ ਘਰਾਣਿਆਂ ਨੂੰ ਵੀ ਖੇਡਾਂ ਤੇ ਖਿਡਾਰੀਆਂ ਨੂੰ ਅਪਨਾਉਣ ਦਾ ਸੱਦਾ ਦਿੱਤਾ ਤਾਂ ਕਿ ਸੂਬੇ ਵਿੱਚ ਖੇਡਾਂ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਸਕੇ।

ਬਾਕਸ ---
ਸੁਖਦੇਵ ਢੀਂਡਸਾ ਸਮਾਗਮ 'ਚ ਹੋਏ ਸ਼ਾਮਲ
ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਕੀਤੇ ਗਏ ਸਮਾਰੋਹ ਵਿਚ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਿਸ਼ੇਸ ਤੌਰ 'ਤੇ ਪੁੱਜੇ ਹੋਏ ਸਨ। ਇਸ ਮੌਕੇ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਤੇ ਕਮੇਡੀਅਨ ਕਪਿਲ ਸ਼ਰਮਾਂ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਬਹਾਲ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਪਹਿਲਾਂ ਮੁਲਕ ਦੇ ਮੋਹਰੀ ਖੇਡ ਸੂਬਿਆਂ 'ਚ ਸ਼ੁਮਾਰ ਹੁੰਦਾ ਸੀ।

Tuesday, 9 October 2018

ਪੁਲਿਸ ਅਫ਼ਸਰ ਨਹੀਂ ਛੱਡ ਰਹੇ ਲਾਲ, ਨੀਲੀ ਬੱਤੀ ਦਾ ਮੋਹ


--ਕੈਪਟਨ ਦਾ ਵੀ.ਆਈ.ਪੀ ਕਲਚਰ ਖ਼ਤਮ ਕਰਨ ਦਾ ਫੈਸਲਾ ਪੁਲਿਸ ਅਫ਼ਸਰਾਂ ਨੂੰ ਨਹੀਂ ਆ ਰਿਹਾ ਰਾਸ 
--ਪੁਲਿਸ ਅਫ਼ਸਰ ਖੁਦ ਉਡਾ ਰਹੇ ਹਨ ਕਾਨੂੰਨ ਦੀਆਂ ਧੱਜੀਆਂ 
ਜੈ ਸਿੰਘ ਛਿੱਬਰ, ਚੰਡੀਗੜ੍ਹ  
ਕੈਪਟਨ ਸਰਕਾਰ ਦਾ ਵੀ.ਆਈ.ਪੀ ਕਲਚਰ ਖ਼ਤਮ ਕਰਨ ਦਾ ਫ਼ੈਸਲਾ ਪੰਜਾਬ ਪੁਲਿਸ ਦੇ ਅਫ਼ਸਰਾਂ ਨੂੰ ਰਾਸ ਨਹੀਂ ਆ ਰਿਹਾ। ਪੰਜਾਬ ਸਰਕਾਰ ਵਲੋਂ 15 ਅਪ੍ਰੈਲ 2017 ਨੂੰ ਜਾਰੀ ਨੋਟੀਫਿਕੇਸ਼ਨ ਦੀ ਉਲੰਘਣਾਂ ਕਰਦੇ ਹੋਏ ਪੁਲਿਸ ਅਫ਼ਸਰਾਂ ਵਲੋਂ ਆਪਣੇ ਸਰਕਾਰੀ ਤੇ ਨਿੱਜੀ ਵਾਹਨਾਂ 'ਤੇ ਲਾਲ, ਨੀਲੀ ਬੱਤੀਆਂ ਦੀ ਲਗਾਤਾਰ ਵਰਤੋ ਕੀਤੀ ਜਾ ਰਹੀ ਹੈ। ਟਰਾਂਸਪੋਰਟ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਸਪਸ਼ਟ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਵਧੀਕ ਡਾਇਰੈਕਟਰ ਜਨਰਲ ਪੁਲਿਸ (ਟ੍ਰੈਫਿਕ) ਵਲੋਂ ਜਾਰੀ ਸਟਿੱਕਰ, ਜੋ ਕਿ ਵਾਹਨ ਦੇ ਸ਼ੀਸ਼ੇ 'ਤੇ ਚਿਪਕਾਉਣਾ ਲਾਜ਼ਮੀ ਹੈ, ਤੋਂ ਬਾਅਦ ਹੀ ਬੱਤੀ ਲਗਾਈ ਜਾ ਸਕਦੀ। ਨੋਟੀਫਿਕੇਸ਼ਨ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਾਰੀ ਸਟਿਕਰ 'ਤੇ ਗੱਡੀ ਨੰਬਰ, ਸਬੰਧਿਤ ਸਖ਼ਸੀਅਤ (ਅਫ਼ਸਰ) ਦੀ ਕੈਟਾਗਰੀ ਜਿਸ ਤਹਿਤ ਆਗਿਆ ਦਿੱਤੀ ਗਈ ਹੈ, ਲਿਖਿਆ ਹੋਣਾ ਜਰੂਰੀ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਦੇ ਕਿਸੀ ਵੀ ਅਫ਼ਸਰ ਨੂੰ ਪੁਲਿਸ ਵਿਭਾਗ ਜਾਂ ਟਰਾਂਸਪੋਰਟ ਵਿਭਾਗ ਵਲੋਂ ਆਪਣੇ ਵਾਹਨ 'ਤੇ ਲਾਲ,ਨੀਲੀ,ਪੀਲੀ, ਚਿੱਟੀ ਬੱਤੀ ਲਗਾਉਣ ਲਈ ਕੋਈ ਸਟੀਕਰ ਜਾਰੀ ਨਹੀਂ ਕੀਤਾ ਗਿਆ। ਇਹ ਜਾਣਕਾਰੀ ਪੰਜਾਬ ਪੁਲਿਸ ਤੋਂ ਸੂਚਨਾ ਅਧਿਕਾਰ ਐਕਟ (ਆਰ.ਟੀ.ਆਈ) ਤਹਿਤ ਪ੍ਰਾਪਤ ਹੋਈ ਹੈ। 
ਜਾਣਕਾਰੀ ਅਨੁਸਾਰ 16 ਅਪ੍ਰੈਲ 2017 ਤੋਂ 10 ਜੁਲਾਈ 2018 ਤੱਕ ਪੰਜਾਬ ਪੁਲਿਸ ਦੇ ਕਿਸੀ ਵੀ ਅਫਸਰ ਨੂੰ ਲਾਲ ਬੱਤੀ, ਨੀਲੀ ਬੱਤੀ ਲਗਾਉਣ ਲਈ ਸਟੀਕਰ ਜਾਰੀ ਨਹੀਂ ਕੀਤਾ ਗਿਆ। ਵਿਭਾਗ ਕੋਲ ਸਟੀਕਰਾਂ ਦਾ ਲੜੀ ਨੰਬਰ, ਵਾਹਨਾਂ ਦੀ ਜਾਣਕਾਰੀ ਵੀ ਨਹੀਂ ਹੈ। ਸੂਚਨਾ ਅਨੁਸਾਰ ਸਿਰਫ਼ ਪੰਜ ਅਧਿਕਾਰੀਆਂ ਵਲੋਂ ਆਪਣੇ ਵਾਹਨ 'ਤੇ ਬੱਤੀ ਲਗਾਉਣ ਦੀ ਮੰਜੂਰੀ ਮੰਗੀ ਗਈ। ਪਰ ਆਈ.ਜੀ (ਟ੍ਰੈਫਿਕ) ਕਮ ਸੂਚਨਾ ਅਫਸਰ ਵਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਜਿਹੜੇ ਪੰਜ ਅਧਿਕਾਰੀਆਂ ਨੇ ਮੰਜੂਰੀ ਮੰਗੀ ਸੀ, ਉਨ੍ਹਾਂ ਨੂੰ ਵਿਭਾਗ ਨੇ ਬੱਤੀ ਲਗਾਉਣ ਦੀ ਮੰਜੂਰੀ ਦਿੱਤੀ ਹੈ, ਜਾਂ ਨਹੀਂ। ਸੂਤਰ ਦੱਸਦੇ ਹਨ ਕਿ ਪੰਜਾਬ ਪੁਲਿਸ ਦੇ ਥਾਣੇਦਾਰਾਂ ਤੋਂ ਲੈ ਕੇ ਉਚ ਅਫ਼ਸਰਾਂ ਵਲੋਂ ਆਪਣੇ ਵਾਹਨਾਂ 'ਤੇ ਫਲੈਸ਼ਰ ਵਾਲੀਆਂ ਲਾਲ, ਨੀਲੀ ਤੇ ਚਿੱਟੀ ਬੱਤੀ ਦੀ ਵਰਤੋ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਟੋਲ ਪਲਾਜ਼ਾ ਦੀ ਪਰਚੀ ਬਚਾਉਣ ਲਈ ਵੀ ਪੁਲਿਸ ਮੁਲਾਜ਼ਮਾਂ, ਅਫਸਰਾਂ ਵਲੋਂ ਅਜਿਹੀਆਂ ਬੱਤੀਆਂ ਦੀ ਵਰਤੋ ਕੀਤੀ ਜਾ ਰਹੀ ਹੈ।  

ਪ੍ਰਸ਼ਾਸਨਿਕ ਅਫ਼ਸਰ ਤੇ ਵਿਧਾਇਕ ਹਨ ਖਫ਼ਾ ---
ਵੀ.ਆਈ.ਪੀ ਕਲਚਰ ਖ਼ਤਮ ਦੇ ਫੈਸਲੇ ਤੋਂ ਬਾਅਦ ਵਿਧਾਇਕਾਂ, ਆਈ.ਏ.ਐਸ, ਪੀ.ਸੀ.ਐਸ ਅਫ਼ਸਰਾਂ ਸਮੇਤ ਕਈ ਹੋਰ ਵੱਡੇ ਅਫ਼ਸਰਾਂ ਦੀਆਂ ਗੱਡੀਆਂ ਤੋਂ ਬੱਤੀਆਂ ਉਤਰ ਗਈਆਂ ਹਨ। ਪਰ ਪੁਲਿਸ ਅਫ਼ਸਰਾਂ ਵਲੋਂ ਸੁਰੱਖਿਆ ਦੀ ਆੜ ਹੇਠ ਲਗਾਈਆਂ ਬੱਤੀਆਂ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰਾਸ ਨਹੀਂ ਆ ਰਹੀਆਂ। ਨੋਟੀਫਿਕੇਸ਼ਨ ਅਨੁਸਾਰ ਪੁਲਿਸ ਵਾਹਨ ਜਾਂ ਅੱਗ ਬਝਾਊ ਗੱਡੀਆਂ ਫਲੈਸ਼ਰ ਬਾਰ, ਲਾਲ, ਨੀਲੀ ਤੇ ਚਿੱਟੀ ਬੱਤੀ ਦੀ ਕੇਵਲ ਉਦੋਂ ਵਰਤਂ ਕਰ ਸਕਦੇ ਹਨ ਜਦੋਂ ਐਮਰਜੈਂਸੀ ਹਾਲਾਤ ਹੋਣ। ਪਰ ਇਸਦੀ ਆੜ੍ਹ ਹੇਠ ਠਾਣੇਦਾਰ ਤੋਂ ਲੈ ਕੇ ਪੁਲਿਸ ਦੇ ਟੌਪ ਦੇ ਅਫ਼ਸਰਾਂ ਤੱਕ ਨੇ ਆਪਣੇ ਵਾਹਨਾਂ 'ਤੇ ਅਜਿਹੀਆਂ ਬੱਤੀਆਂ ਲਗਾਈਆਂ ਹੋਈਆਂ ਹਨ। ਸੂਤਰ ਦੱਸਦੇ ਹਨ ਕਿ ਐਮਰਜੈਂਸੀ ਵਾਹਨਾਂ 'ਤੇ ਲਗਾਉਣ ਵਾਲੀ ਫਲੈਸ਼ਰ ਲਾਈਟ ਅਤੇ ਪੁਲਿਸ ਅਫ਼ਸਰਾਂ ਦੇ ਵਾਹਨਾਂ 'ਤੇ ਲੱਗੀਆਂ ਬੱਤੀਆਂ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਜਿਸਤੋਂ ਸਪਸ਼ਟ ਹੁੰਦਾ ਹੈ ਕਿ ਪੁਲਿਸ ਅਫ਼ਸਰ ਸਿਰਫ਼ ਆਪਣੀ ਫੌਕੀ ਟੌਹਰ ਤੇ ਰੌਹਬ ਬਣਾਉਣ ਲਈ ਵੀ ਨਾਜ਼ਾਇਜ਼ ਤੌਰ 'ਤੇ ਬੱਤੀਆਂ ਦੀ ਵਰਤੋਂ ਕਰ ਰਹੇ ਹਨ। 

ਮੰਤਰੀ ਨੇ ਜਿਪਸੀ 'ਤੇ ਲਾਲ ਬੱਤੀ ਲਗਾਉਣ ਦੀ ਮੰਗੀ ਮੰਜੂਰੀ
ਨੋਟੀਫਿਕੇਸ਼ਨ ਅਨੁਸਾਰ ਮੰਤਰੀਆਂ ਅਤੇ ਹੋਰ ਸਖ਼ਸੀਅਤਾਂ, ਜਿਨ੍ਹਾਂ ਨੂੰ ਲਾਲ ਬੱਤੀ ਲਗਾਉਣ ਦੀ ਮੰਜੂਰੀ ਹੈ, ਦੇ ਅੱਗੇ ਚੱਲਣ ਵਾਲੀਆਂ ਐਸਕਾਰਟ ਗੱਡੀਆਂ 'ਤੇ ਨੀਲੀ ਬੱਤੀ (ਫਲੈਸ਼ਰ) ਲਗਾਉਣ ਦਾ ਅਧਿਕਾਰ ਹੈ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿੱਖਿਆ, ਸੁਤੰਤਰਤਾ ਸੰਗਰਾਮੀ ਤੇ ਵਾਤਾਵਰਣ ਮੰਤਰੀ ਦੇ ਨਾਲ ਚਲਦੀ ਜਿਪਸੀ ਨੰਬਰ ਪੀ.ਬੀ.65 ਕੇ 9435 'ਤੇ ਵੱਡੀ ਲਾਲ ਬੱਤੀ ਲਗਾਉਣ ਦੀ ਮੰਜੂਰੀ ਮੰਗੀ ਸੀ। ਮੰਤਰੀ ਦੇ ਨਿੱਜੀ ਸਕੱਤਰ ਹਰਬੰਸ ਸਿੰਘ ਵਲੋਂ 7.6.18 ਨੂੰ ਮੰਜੂਰੀ ਲਈ ਪੱਤਰ ਪੁਲਿਸ ਵਿਭਾਗ ਨੂੰ ਲਿਖਿਆ ਗਿਆ ਸੀ। ਇਸੀ ਤਰ੍ਹਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆਂ ਦੀ ਸੁਰੱਖਿਆ 'ਚ ਜਿਪਸੀ ਪੀ.ਬੀ.11 ਬੀਵਾਈ 1054 ਅਤੇ ਸੀ.ਆਈ.ਐਸ.ਐਫ ਦਾ ਜਵਾਨਾਂ ਲਈ ਸਕਾਰਪਿਓ ਗੱਡੀ ਨੰਬਰ ਪੀ.ਬੀ.65 ਐਕਸ 6616,ਪੀ.ਬੀ 65 ਐਕਸ 3150 ਅਤੇ ਪੀਬੀ 65 ਪੀ 4252 'ਤੇ ਲਈ ਸੁਰੱਖਿਆ ਇੰਚਾਰਜ ਵਲੋਂ ਨੀਲੀ ਬੱਤੀ ਦੀ ਮੰਜੂਰੀ ਮੰਗੀ ਸੀ। ਇਸਤੋਂ ਇਲਾਵਾ ਵਿੰਗ ਕਮਾਂਡਰ ਚੀਫ ਟੈਕਨੀਕਲ ਅਫ਼ਸਰ ਏਅਰ ਫੋਰਸ ਸਟੇਸ਼ਨ ਪਟਿਆਲਾ ਅਤੇ ਐਸ.ਐਸ.ਪੀ ਪਟਿਆਲਾ ਵਲੋਂ ਕਰੀਬ 27 ਪੁਲਿਸ ਵਾਹਨਾਂ 'ਤੇ ਐਮਰਜੈਂਸੀ ਡਿਉਟੀ ਸਮੇਂ ਗੱਡੀਆਂ 'ਤੇ ਫਲੈਸ਼ਰ ਬਾਰ ਲਾਈਟ ਲਗਾਉਣ ਲਈ ਸਟੀਕਰ ਜਾਰੀ  ਕਰਨ ਦੀ ਮੰਗ ਕੀਤੀ ਸੀ। 

ਰਾਜ ਚੋਣ ਕਮਿਸ਼ਨ ਨੇ ਸੰਵਿਧਾਨਕ ਸ਼ਕਤੀਆਂ ਦਾ ਦਿੱਤਾ ਹਵਾਲਾ --
ਪੰਜਾਬ ਰਾਜ ਚੋਣ ਕਮਿਸ਼ਨ ਨੇ ਲਾਲ ਬੱਤੀ ਲਗਾਉਣ ਲਈ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਦੀ ਧਾਰਾ 10 ਦਾ ਹਵਾਲਾ ਦਿੰਦਿਆਂ ਵਧੀਕ ਡਾਇਰੈਕਟਰ ਜਨਰਲ ਪੁਲਿਸ (ਟ੍ਰੈਫਿਕ) ਨੂੰ ਮਿਤੀ 8 ਮਈ 2017 ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਰਾਜ ਚੋਣ ਕਮਿਸ਼ਨਰ ਪੰਜਾਬ ਦੀ ਆਸਾਮੀ ਇਕ ਸੰਵਿਧਾਨਿਕ ਆਸਾਮੀ ਹੈ। ਸੈਕਸ਼ਨ 10 ਤਹਿਤ ਰਾਜ ਚੋਣ ਕਮਿਸ਼ਨਰ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਜੋ ਕਿ ਇਕ ਹਾਈਕੋਰਟ ਦੇ ਜੱਜ ਨੂੰ ਪ੍ਰਦਾਨ ਹਨ। ਪੱਤਰ 'ਚ ਕਿਹਾ ਗਿਆ ਹੈ ਕਿ ਕਾਰਜਕਾਰੀ ਹੁਕਮ ਕਾਨੂੰਨ ਦੇ ਉਲਟ ਨਹੀਂ ਹੋ ਸਕਦੇ। ਇਸ ਲਈ ਲਾਲ ਬੱਤੀ ਦੀ  ਲਗਾਉਣ ਦੀ ਪ੍ਰਵਾਨਗੀ ਨੂੰ ਜਾਰੀ ਰੱਖਿਆ ਜਾਵੇ।

Sunday, 30 September 2018

ਨਾ ਉਹ ਵਿਧਵਾਵਾਂ , ਨਾ ਸੁਹਾਗਣਾ

-- ਵਾਦੀ 'ਚ ਪੰਜ ਹਜ਼ਾਰ ਹਾਫ ਵਿਡੋ ਗੁਰਬਤ ਦਾ ਜੀਵਨ ਬਿਤਾ ਰਹੀਆਂ : ਐਂਬਰੀਨ
--ਵੱਖ ਵੱਖ ਸੂਬਿਆਂ ਤੋਂ ਚੱਲਿਆ ਅਮਨ ਦਾ ਕਾਫਲਾ ਚੰਡੀਗੜ੍ਹ ਪੁੱਜਿਆ 
--13 ਅਕਤੂਬਰ ਨੂੰ ਰਾਜਧਾਨੀ ਦਿੱਲੀ 'ਚ ਪੁੱਜੇਗਾ

ਜੈ ਸਿੰਘ ਛਿੱਬਰ
 ਚੰਡੀਗੜ ;ਏਸ਼ੀਆਂ ਦੇ ਸੁੰਦਰ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਦੇ ਸੈਕਟਰ 17 ਵਿਚ ਜਦੋਂ ਕਰੀਬ ਪੈਂਤੀਸ ਸਾਲਾਂ ਲੜਕੀ ਨੇ ਭੀੜ ਨੂੰ “ਹਾਫ ਵਿਡੋ” ਬਾਰੇ ਸਵਾਲ ਪੁੱਛਿਆ ਤਾਂ ਸਾਰੇ ਸੁੰਨ ਹੋ ਗਏ। ਜਵਾਬ ਨਾ ਮਿਲਣ 'ਤੇ ਉਸਨੇ ਦੱਸਿਆ ਕਿ ਜੰਮੂ ਕਸ਼ਮੀਰ ਵਿਚ ਪੰਜ ਹਜ਼ਾਰ ਦੇ ਕਰੀਬ ਅਜਿਹੀਆਂ ਔਰਤਾਂ ਨੇ ਜਿਨ੍ਹਾਂ ਦੇ ਪਤੀਆ ਦਾ ਕੁੱਝ ਪਤਾ ਨਹੀਂ ਲੱਗ ਰਿਹਾ। ਅਜਿਹੇ ਹਾਲਾਤਾਂ ਵਿਚ ਨਾ ਉਹ ਵਿਧਵਾਵਾਂ ਹਨ, ਨਾ ਸੁਹਾਗਣਾ ਹਨ, ਇਸ ਤਰ੍ਹਾਂ ਇਹ ਔਰਤਾਂ ਦੂਸਰਾ ਵਿਆਹ ਨਹੀਂ ਕਰਵਾ ਸਕਦੀਆਂ। ਅਗਰ ਕੋਈ ਔਰਤ ਦੂਸਰਾ ਵਿਆਹ ਕਰਵਾ ਲੈਂਦੀ ਹੈ ਤਾਂ ਸੱਤ ਸਾਲ ਤੱਕ ਸਰਕਾਰ ਮਾਨਤਾ ਨਹੀਂ ਦਿੰਦੀ ਹੈ। ਕਸ਼ਮੀਰ ਤੋਂ ਪੁੱਜੀ ਐਂਬਰੀਨ ਰਸ਼ੀਦ ਸਾਵਲ ਦੇ ਮੂੰਹੋਂ ਨਿਕਲੇ ਇਨ੍ਹਾਂ ਸ਼ਬਦਾਂ ਨਾਲ ਚਾਰੇ ਪਾਸੇ ਚੁੱਪ ਪਸਰ ਗਈ।  
ਲੰਬੇ ਸਮੇਂ ਤੋਂ ਹਿੰਸਾ ਦਾ ਸ਼ਿਕਾਰ ਔਰਤਾਂ ਦਾ ਵੱਖ ਵੱਖ ਸੂਬਿਆਂ ਦੀਆਂ ਬੀਬੀਆਂ ਵਲੋਂ ਜੰਮੂ ਕਸ਼ਮੀਰ ਤੋਂ ਸ਼ੁਰੂ ਕੀਤਾ “ਅਮਨ ਦਾ ਕਾਫਲਾਂ ” ਅੱਜ ਚੰਡੀਗੜ੍ਹ ਪੁੱਜਿਆ। ਦੇਸ਼ ਦੇ ਵੱਖ ਵੱਖ ਭਾਗਾਂ ਵਿਚ ਪੰਜ 'ਅਮਨ ਦਾ ਕਾਫਲੇ' ਚਲ ਰਹੇ ਹਨ ਜਿਹੜੇ 13 ਅਕਤੂਬਰ ਨੂੰ ਰਾਜਧਾਨੀ ਨਵੀਂ ਦਿੱਲੀ ਵਿਚ ਪਹੁੰਚਣਗੇ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਐਂਬਰੀਨ ਰਸ਼ੀਦ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੰਮੂ ਕਸ਼ਮੀਰ ਵਿਚ 47 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂਕਿ ਪੰਜ  ਹਜ਼ਾਰ ਅਜਿਹੇ ਹਨ ਜਿਨ੍ਹਾਂ ਦਾ ਕੁੱਝ ਪਤਾ ਨਹੀਂ ਲੱਗ ਰਿਹਾ। ਬੀਬੀ ਐਂਬਰੀਨ ਨੇ ਕਿਹਾ ਕਿ ਵਾਦੀ ਵਿਚ ਔਰਤਾਂ ਨਾਲ ਹੋ ਰਹੇ ਅਤਿਆਚਾਰ ,ਜ਼ੁਲਮ ਮੀਡੀਆਂ ਵਿਚ ਨਹੀਂ ਉਭਰਦੇ। ਉਨ੍ਹਾਂ ਦੀ ਨਿਆਂਪਾਲਿਕਾ ਵਿਚ ਸੁਣਵਾਈ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜ ਹਜਾਰ ਹਾਫ ਵਿਡੋ ਔਰਤਾਂ ਨਾ ਸਹਾਗਣਾ ਅਤੇ ਨਾ ਹੀ ਵਿਧਵਾਵਾਂ ਹਨ। ਉਨ੍ਹਾਂ ਦੇ ਪਤੀ ਲਾਪਤਾ ਹੋ ਜਾਂਦੇ ਹਨ ਤੇ ਸੱਤ ਸਾਲ ਤਕ ਉਨ੍ਹਾਂ ਦੇ ਘਰ ਪਰਤਣ ਦੀ ਉਡੀਕ ਕਰਨੀ ਪੈਂਦੀ ਹੈ ਤੇ ਇਹ ਸੱਤ ਸਾਲ ਪਹਾੜ ਤੋਂ ਵੱਡੇ ਸਾਬਤ ਹੁੰਦੇ ਹਨ।  ਉਨ੍ਹਾਂ ਸਰਕਾਰ ਨਾਲ ਸ਼ਿਕਵਾ ਕਰਦਿਆਂ ਕਿਹਾ ਕਿ ਸ੍ਰੀ ਨਗਰ ਭਾਰਤ ਦਾ ਹਿੱਸਾ ਹੈ ਤਾਂ ਉਥੇ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੀ ਚਾਹੀਦੀ ਹੈ। 
ਮਹਾਂਰਾਸ਼ਟਰ ਦੀ ਐਡਵੋਕੇਟ ਮੰਜੂ ਸ਼ਾਹ ਨੇ ਕਿਹਾ ਕਿ ਸ਼ੋਸ਼ਲ ਮੀਡੀਏ ਤੇ ਅਮਨ ਦੇ ਕਾਫਲੇ ਮੰਤਵ ਦੀ ਚਰਚਾ ਸੁਣਨ ਤੋਂ ਬਾਅਦ ਇਸ ਵਿਚ ਸ਼ਾਮਲ ਹੋ ਗਈ ਸੀ,ਉਸ ਨੇ ਦਸਿਆ ਕਿ ਉਸ ਦਾ ਇਸ ਕਾਫਲੇ ਦੀ ਪ੍ਰਬੰਧਕ ਕੌਮੀ ਭਾਰਤੀ ਮਹਿਲਾ ਫੈਡਰੇਸ਼ਨ ਨਾਲ ਕੋਈ ਸਬੰਧ ਨਹੀਂ ਹੈ । ਉਸ ਨੇ ਕਿਹਾ 'ਹਮ ਲੈ ਕੇ ਰਹੇਗੇਂ ਆਜ਼ਾਦੀ' ਦਾ ਨਾਅਰਾ ਹਕੀਕੀ ਰੂਪ ਵਿਚ ਸਕਾਰ ਹੋਣਾ ਚਾਹੀਦਾ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੂਪਾਲ ਤੋਂ ਕਾਫਲੇ ਵਿਚ ਸ਼ਾਮਲ ਹੋਈ ਸਹਾਇਕ ਪ੍ਰੋਫੈਸਰ ਕੁਮਦ ਨੇ ਕਿਹਾ ਕਿ ਉਸ ਨੇ ਆਪਣੀ ਨੌਕਰੀ ਛੱਡ ਦਿਤੀ ਹੈ ਤੇ ਸਮਾਜ ਵਿਚ ਔਰਤਾਂ ਖਿਲਾਫ ਵੱਧ ਰਹੇ ਅਨਿਆਂ ਖਿਲਾਫ ਲੜਣ ਲਈ ਸੰਘਰਸ਼ ਦੇ ਮੈਦਾਨ ਵਿਚ ਡਟੀ ਹੋਈ ਹੈ। 
ਭਾਰਤੀ ਮਹਿਲਾ ਫੈਡਰੇਸ਼ਨ ਦੀ ਕੌਮੀ ਸਕੱਤਰ ਤੇ ਕਾਫਲੇ ਦੀ ਸੰਚਾਲਕ ਪ੍ਰੋ.ਕੰਵਲਜੀਤ ਢਿਲੋਂ ਨੇ ਕਾਫਲੇ ਨੂੰ ਲੋਕਾਂ ਵਲੋਂ ਦਿਤੇ ਭਰਪੂਰ ਹੁੰਗਾਰੇ ਚਰਚਾ ਕਰਦਿਆ ਕਿਹਾ ਕਿ ਲੋਕ ਹਜ਼ੂਮੀ ਭੀੜਾਂ ਦੁਆਰਾਂ ਕੀਤੇ ਜਾ ਰਹੇ ਕਤਲਾਂ ਵਿਰੁਧ ਆਵਾਜ਼ ਉਠਾਉਣ ਲਈ ਲਈ ਤਿਆਰ ਹਨ। ਇਸ ਮੌਕੇ 'ਤੇ ਪ੍ਰੋ.ਅਮੀਰ ਸੁਲਤਾਨਾ,ਐਡਵੋਕੇਟ ਅਸ਼ਵਨੀ ਬਖਸ਼ੀ,  ਪ੍ਰੋ .ਸੁਖਦੇਵ ਸਿੰਘ ਸਿਰਸਾ,ਸ਼ੁਸ਼ੀਲ ਦੋਸਾਂਝ,ਟਰੇਡ ਯੂਨੀਅਨ ਆਗੂ ਸੱਜਣ ਸਿੰਘ,ਕਲਾਕਾਰ ਬਲਕਾਰ ਸਿੰਘ, ਪੰਜਾਬ ਯੂਨੀਵਰਸਿਟੀ ਕੌਂਸਲ ਦੀ ਪ੍ਰਧਾਨ ਕਨੂੰ ਪ੍ਰਿਯਾ ਸਮੇਤ ਕਈ ਬੀਬੀਆਂ ਨੇ ਸੰਬੋਧਨ ਕੀਤਾ।

Sunday, 23 September 2018

ਡੀ.ਐਲ ਤੇ ਆਰ.ਸੀ ਬਣਾਉਣ 'ਚ ਪੰਜਾਬੀਆਂ ਦੀ ਹੋਈ ਲੱਖਾਂ ਦੀ ਲੁੱਟ


---ਕੰਪਨੀ ਨੇ ਛਤੀਸਗੜ 'ਚ ਆਰ.ਸੀ 74.70 ਰੁਪਏ ਤੇ ਪੰਜਾਬ ਵਿਚ 136.35 ਰੁਪਏ 'ਚ ਬਣਾਈ 
--- ਰੋਡ  ਸੇਫਟੀ ਮਾਹਿਰ ਕਮਲ ਸੋਈ ਨੇ ਮੰਗੀ ਸੀਬੀਆਈ ਜਾਂਚ ਦੀ ਮੰਗ 
--- ਲੋਕਾਂ ਤੋਂ ਵਸੂਲੇ ਵਾਧੂ ਪੈਸੇ ਕੰਪਨੀ ਤੋਂ ਕੀਤੇ ਜਾਣ ਬਰਾਮਦ 

ਜੈ ਸਿੰਘ ਛਿੱਬਰ
 ਚੰਡੀਗੜ੍ਹ :ਰੋਡ ਸੇਫਟੀ ਕੌਂਸਲ ਦੇ ਸਾਬਕਾ ਚੇਅਰਮੈਨ ਡਾ ਕਮਲ ਸੋਈ ਨੇ ਤਤਕਾਲੀ ਸਰਕਾਰ ਦੌਰਾਨ ਗੱਡੀਆਂ ਦੀ ਆਰ.ਸੀ (ਰਜਿਸਟਰੇਸ਼ਨ ਕਾਪੀ) ਅਤੇ ਡਰਾਇਵਿੰਗ ਲਾਇਸੈਂਸ ਬਣਾਉਣ ਲਈ ਇਕ ਕੰਪਨੀ ਨਾਲ ਕੀਤੇ ਗਏ ਇਕਰਾਰ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਜਾਂ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। 
ਸੋਈ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਵਲੋਂ ਕੰਪਨੀ ਨਾਲ ਕੀਤਾ ਗਿਆ ਠੇਕਾ (ਕੰਟਰੈਕਟ) ਇਕ ਜੂਨ 2018 ਨੂੰ ਰੱਦ ਕਰ ਦਿੱਤਾ ਹੈ। ਪਰ ਕੰਪਨੀ ਨੇ ਸਰਕਾਰ ਤੋਂ 45 ਕਰੋੜ ਰੁਪਿਆ ਵਸੂਲਣ ਲਈ ਅਦਾਲਤ ਵਿਚ ਸਰਕਾਰ ਖਿਲਾਫ਼ ਕੇਸ ਦਾਇਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੋਈ ਨੇ ਦਾਅਵਾ ਕੀਤਾ ਕਿ ਡਰਾਇਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਕਾਪੀ ਬਣਾਉਣ ਦੇ ਨਾਮ 'ਤੇ ਵੱਡਾ ਘਪਲਾ ਹੋਇਆ ਹੈ ਅਤੇ ਪੰਜਾਬ ਦੇ ਲੋਕਾਂ ਤੋਂ ਕਰੀਬ 100 ਕਰੋੜ ਰੁਪਿਆ ਵਾਧੂ ਵਸੂਲ ਕੀਤਾ ਗਿਆ ਹੈ ਅਤੇ ਕੰਪਨੀ ਵਲੋਂ ਜੋ ਵਾਧੂ ਪੈਸੇ ਵਸੂਲੇ ਹਨ ਉਹ ਵਾਪਸ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਇਕ ਕੰਪਨੀ ਛਤੀਸਗੜ 'ਚ ਆਰ.ਸੀ 74.70 ਪੈਸੇ ਦਾ ਠੇਕਾ ਕਰਦੀ ਹੈ ਪਰ ਪੰਜਾਬ ਵਿਚ ਉਹ ਕੰਪਨੀ 136.35 ਦਾ ਠੇਕਾ ਕੀਤਾ ਜਾਂਦਾ। ਇਸੀ ਤਰ੍ਹਾਂ ਕੰਪਨੀ ਵਲੋਂ ਗੁਜਰਾਤ ਵਿਚ ਡਰਾਇਵਿੰਗ ਲਾਇਸੈਂਸ ਬਣਾਉਣ ਦਾ ਠੇਕਾ 49.59 ਰੁਪਏ ਅਤੇ ਪੰਜਾਬ ਵਿਚ 65 ਰੁਪਏ 'ਚ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਕ ਲਾਇਸੈਂਸ 'ਚ ਲੋਕਾਂ ਤੋਂ 16 ਰੁਪਏ ਅਤੇ ਆਰ.ਸੀ ਦੇ ਨਾਂਅ 'ਤੇ 62 ਰੁਪਏ ਦੇ ਕਰੀਬ ਵਾਧੂ ਵਸੂਲ ਕੀਤੇ ਗਏ ਹਨ। 
ਉਨ੍ਹਾਂ ਦੱਸਿਆ ਕਿ ਆਵਾਜਾਈ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ 1 ਜੂਨ 2015 ਨੂੰ ਪੱਤਰ ਨੰਬਰ ਪੀਐਸਟੀਐਸ 18749 ਰਾਹੀਂ ਪੰਜ ਸਾਲ ਲਈ ਠੇਕੇ ਦੀ ਮਿਆਦ ਹੋਰ ਵਧਾ ਦਿੱਤੀ ਗਈ। ਜਦੋਂ ਕਿ ਸ਼ੁਰੂਆਤੀ ਨਿਵੇਸ਼ ਤੋਂ ਬਾਅਦ ਠੇਕੇਦਾਰ / ਕੰਪਨੀ 'ਤੇ ਲਾਗਤ ਦਾ ਕੋਈ ਫਾਲਤੂ ਬੋਝ ਨਹੀਂ ਪੈਣਾ ਸੀ ਅਤੇ ਕੰਪਨੀ ਨਾਲ ਘੱਟ ਰੇਟ 'ਤੇ ਇਕਰਾਰ ਕਰਨਾ ਬਣਦਾ ਸੀ ਅਤੇ ਲੋਕਾਂ ਤੋਂ ਘੱਟ ਪੈਸੇ ਵਸੂਲਣੇ ਚਾਹੀਦੇ ਸਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੰਪਨੀ ਦਾ ਇਕਰਾਰ ਰੱਦ ਕਰਨ ਤੋਂ  ਬਾਅਦ ਕੰਪਨੀ ਤੋਂ ਵਾਧੂ ਪੈਸੇ ਬਰਾਮਦ ਕਰਨ ਅਤੇ ਮਾਮਲੇ ਦੀ ਵਿਜੀਲੈਂਸ ਜਾਂ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸੋਈ ਨੇ ਕਿਹਾ ਕਿ ਸੀਬੀਆਈ ਵਲੋਂ ਟਰਾਂਸਪੋਰਟ ਵਿਭਾਗ ਦੇ ਸਾਬਕਾ ਅਧਿਕਾਰੀ ਦੇ ਖਿਲਾਫ਼ ਪਹਿਲਾਂ ਹੀ ਕਾਰਵਾਈ ਕਰਦਿਆਂ ਸੰਪਤੀ ਅਟੈਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਘਪਲੇ ਵਿਚ ਹੋਰ ਵੀ ਅਧਿਕਾਰੀਆਂ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।  

ਬਾਕਸ 
ਕੇਂਦਰ ਸਰਕਾਰ ਦੀ ਕੰਪਨੀ ਵਸੂਲ ਕਰਦੀ ਹੈ 45 ਰੁਪਏ 
ਗੱਡੀਆਂ ਦੀ ਆਰ.ਸੀ ਤੇ ਡਰਾਇਵਿੰਗ ਲਾਇਸੈਂਸ ਬਣਾਉਣ ਲਈ ਕੇਂਦਰ ਸਰਕਾਰ ਦੀ ਕੰਪਨੀ ਐਨ.ਆਈ.ਸੀ.ਐਸ.ਆਈ ਵਲੋਂ ਕੇਵਲ 45 ਰੁਪਏ ਵਸੂਲ ਕੀਤੇ ਜਾਂਦੇ ਹਨ। ਜਦੋਂ ਕਿ ਪੰਜਾਬ ਸਰਕਾਰ ਨਾਲ 27.9.2011 ਨੂੰ ਕੰਪਨੀ ਨਾਲ ਡਰਾਇਵਿੰਗ ਲਾਇਸੈਂਸ ਦਾ 65 ਅਤੇ ਆਰ.ਸੀ ਦਾ 136.35 ਦਾ ਇਕਰਾਰ ਕੀਤਾ  ਗਿਆ ਸੀ। 

ਬਾਕਸ --
10 ਲੱਖ ਤੋਂ ਵੱਧ ਗੱਡੀਆਂ ਦੀ ਹੁੰਦੀ ਹੈ ਵਿਕਰੀ 
ਸੋਈ ਨੇ ਦੱਸਿਆ ਕਿ ਪੰਜਾਬ 'ਚ ਹਰੇਕ ਸਾਲ ਦਸ ਲੱਖ ਤੋਂ ਵੱਧ ਗੱਡੀਆਂ ਵਿਕਦੀਆਂ ਹਨ। ਨਵੀਂਆਂ ਗੱਡੀਆਂ ਤੋਂ ਇਲਾਵਾ ਪੁਰਾਣੀਆਂ ਗੱਡੀਆਂ ਦੀ ਰਜਿਸਟਰੇਸ਼ਨ ਵੀ ਹੁੰਦੀ ਹੈ।