Wednesday, 23 October 2019

ਖਹਿਰਾ ਨੇ ਵਿਧਾਇਕ ਪਦ ਤੋਂ ਅਸਤੀਫ਼ਾ ਲਿਆ ਵਾਪਸ, ਚੀਮਾ ਬੋਲੇ ਆਪ 'ਚ ਦਰਵਾਜ਼ੇ ਬੰਦ ੰ


ਜੈ ਸਿੰਘ ਛਿੱਬਰ, ਚੰਡੀਗੜ੍ਹ :
ਆਪ ਤੋਂ ਬਾਗੀ ਹੋਏ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਵਿਧਾਇਕ ਪਦ ਤੋਂ ਦਿੱਤਾ ਗਿਆ ਅਸਤੀਫ਼ਾ ਵਾਪਸ ਲੈਣ ਲਈ ਪੱਤਰ ਲਿਖਿਆ ਹੈ। ਇਸਦੇ ਨਾਲ ਹੀ ਖਹਿਰਾ ਨੇ ਉਨ੍ਹਾਂ ਦੇ ਖਿਲਾਫ਼ ਦਲ ਬਦਲ ਕਾਨੂੰਨ ਤਹਿਤ ਸੁਣਵਾਈ ਅਧੀਨ ਪਟੀਸ਼ਨ 'ਚ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਹੈ। ਜ਼ਿਕਰਯੋਗ ਹੈ ਕਿ 16 ਅਕਤੂਬਰ ਨੂੰ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਖਹਿਰਾ ਦਾ ਖਹਿੜਾ ਛੱਡਦੇ ਹੋਏ ਘਰ ਵਾਪਸੀ ਕਰ ਲਈ ਸੀ। 
ਖਹਿਰਾ ਨੇ ਅਸਤੀਫ਼ਾ ਵਾਪਸ ਲੈਣ ਦੇ ਫੈਸਲੇ ਨੂੰ ਦਰੁਸਤ ਦੱਸਦਿਆਂ ਕਿਹਾ ਕਿ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਉਸਨੂੰ ਬਾਹਰ ਕੱਢਕੇ ਤਾਨਾਸ਼ਾਹ ਵਜੋਂ ਕਾਰਵਾਈ ਕੀਤੀ ਸੀ। ਖਹਿਰਾ ਨੇ ਅੱਜ ਫਿਰ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ 'ਤੇ ਪਾਰਟੀ ਨੂੰ ਦੋਫਾੜ ਕਰਨ ਦਾ ਇਲਜ਼ਾਮ ਦੋਸ਼ ਲਾਉਂਦੇ ਹੋਏ ਕਿਹਾ ਕਿ ਸਾਬਕਾ ਅਕਾਲੀ ਮੰਤਰੀ ਤੋਂ ਨਸ਼ੇ ਦੇ ਮਾਮਲੇ ਵਿਚ ਮਾਫ਼ੀ ਮੰਗੀ ਸੀ। ਉਨ੍ਹਾਂ ਕਿਹਾ ਕਿ ਜਦੋਂ ਇਸਦਾ ਵਿਰੋਧ ਕੀਤਾ ਤਾਂ ਕੇਜਰੀਵਾਲ ਨੇ ਉਨ੍ਹਾਂ ਸਮੇਤ ਹੋਰ ਵਿਧਾਇਕਾਂ ਖਿਲਾਫ਼ ਕਾਰਵਾਈ ਕਰਨ ਲੱਗ ਪਏ।  
ਪਾਰਟੀ ਹਾਈਕਮਾਨ ਨੇ 26 ਜੁਲਾਈ 2018 ਵਿਚ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁੱਦੇ ਤੋਂ ਹਟਾਕੇ ਉਨ੍ਹਾਂ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਸੀ। ਪਾਰਟੀ ਦੇ ਇਸ ਫੈਸਲੇ ਤੋਂ ਖਫ਼ਾ ਹੋ ਕੇ ਖਹਿਰਾ ਨੇ ਪਾਰਟੀ ਤੋਂ ਬਗਾਵਤ ਕਰ ਦਿੱਤੀ ਸੀ ਅਤੇ ਅੱਧਾ ਦਰਜ਼ਨ ਤੋਂ ਵੱਧ ਵਿਧਾਇਕਾਂ ਨਾਲ ਇਕ ਨਵਾਂ ਧੜ੍ਹਾ ਬਣਾ ਲਿਆ ਸੀ। ਪਾਰਟੀ ਨੇ 3 ਨਵੰਬਰ 2018 ਨੂੰ ਸੁਖਪਾਲ ਖਹਿਰਾ ਤੇ ਵਿਧਾਇਕ ਕੰਵਰ ਸੰਧੂ ਨੂੰ ਅਨੁਸ਼ਾਸ਼ਨਹੀਣਤਾ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਸੀ। 
ਲੋਕ ਸਭਾ ਚੋਣਾਂ ਤੋਂ ਪਹਿਲਾਂ 6 ਜਨਵਰੀ 2019 ਨੂੰ ਖਹਿਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਏਕਤਾ ਪਾਰਟੀ ਗਠਿਤ ਕੀਤੀ ਸੀ। ਪੰਜਾਬ ਏਕਤਾ ਪਾਰਟੀ ਵਲੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨਾਲ ਮਿਲਕੇ ਲੋਕ ਸਭਾ ਚੋਣਾਂ ਲੜੀਆਂ ਸਨ। ਪਰ, ਬਠਿੰਡਾ ਲੋਕ ਸਭਾ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਨਾ ਸਿਰਫ਼ ਹਾਰ ਦਾ ਮੂੰਹ ਦੇਖਣਾ ਪਿਆ ਬਲਕਿ ਜਮਾਨਤ ਜਬਤ ਹੋ ਗਈ ਸੀ। ਇਥੇ ਦੱਸਿਆ ਜਾਂਦਾ ਹੈ ਕਿ ਖਹਿਰਾ ਵਲੋਂ ਨਵੀਂ ਪਾਰਟੀ ਗਠਿਤ ਕਰਨ ਤੋਂ ਬਾਅਦ ਭੁਲੱਥ ਨਿਵਾਸੀ ਹਰਸਿਮਰਨ ਸਿੰਘ ਨਾਮਕ ਵਿਅਕਤੀ ਨੇ ਖਹਿਰਾ ਖਿਲਾਫ਼ ਦਲ ਬਦਲ ਕਾਨੂੰਨ ਤਹਿਤ ਕਾਰਵਾਈ ਕਰਨ ਲਈ ਸਪੀਕਰ ਕੋਲ੍ਹ ਪਟੀਸ਼ਨ ਦਾਇਰ ਕੀਤੀ ਹੋਈ ਹੈ। ਇਸੀ ਤਰ੍ਹਾਂ ਆਪ ਵਿਧਾਇਕ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਦਲ ਬਦਲ ਕਾਨੂੰਨ ਦੀ  ਧਾਰਾ 10 ਤਹਿਤ ਖਹਿਰਾ ਨੂੰ ਅਯੋਗ ਕਰਾਰ ਦੇਣ ਲਈ ਸਪੀਕਰ ਨੂੰ ਅਰਜ਼ੀ ਦਿੱਤੀ ਹੋਈ ਹੈ। 
ਉਧਰ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਖਹਿਰਾ ਨੇ ਵਿਧਾਇਕ ਪਦ ਤੋਂ ਅਸਤੀਫ਼ਾ ਵਾਪਸ ਲੈਣ ਦਾ ਫੈਸਲਾ ਦਲ ਬਦਲ ਕਾਨੂੰਨ ਤਹਿਤ ਕਾਰਵਾਈ ਤੋਂ ਬਚਣ ਲਈ ਲਿਆ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਅਗਰ ਦਲ ਬਦਲ ਕਾਨੂੰਨ ਤਹਿਤ ਕਾਰਵਾਈ ਹੁੰਦੀ ਹੈ ਤਾਂ ਉਨ੍ਹਾਂ ਦਾ ਸਿਆਸੀ ਭਵਿੱਖ ਧੁੰਦਲਾ ਹੋ ਸਕਦਾ ਹੈ। 


ਬਾਕਸ --
ਖਹਿਰਾ ਲਈ ਆਪ ਦੇ ਦਰਵਾਜ਼ੇ ਬੰਦ : ਚੀਮਾ
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਪ 'ਚ ਖਹਿਰਾ ਲਈ ਕੋਈ ਥਾਂ ਨਹੀਂ ਹੈ, ਉਸ ਲਈ ਪੱਕੇ ਤੌਰ 'ਤੇ ਦਰਵਾਜ਼ੇ ਬੰਦ ਹਨ। ਚੀਮਾ ਨੇ ਖਹਿਰਾ ਨੂੰ ਮੌਕਾ ਪ੍ਰਸਤ ਤੇ ਧੋਖੇਬਾਜ਼ ਨੇਤਾ ਦੱਸਦਿਆਂ ਕਿਹਾ ਕਿ ਖਹਿਰਾ ਨੇ ਵੱਡੀ ਸਾਜਿਸ਼ ਦੇ ਤਹਿਤ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਪਹਿਲੀ ਵਾਰ ਬਣੇ ਵਿਧਾਇਕਾਂ ਨੂੰ ਗੁੰਮਰਾਹ ਕੀਤਾ। ਉਨ੍ਹਾਂ ਕਿਹਾ ਕਿ ਬਾਕੀ ਵਿਧਾਇਕਾਂ ਲਈ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਦਲ ਬਦਲੂ ਕਾਨੂੰਨ ਤਹਿਤ ਖਹਿਰਾ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਲਈ ਹਜ਼ਾਰਾਂ ਅਹੁੱਦੇ ਕੁਰਬਾਨ ਕਰਨ ਦਾ ਦਾਅਵਾ ਕਰਨ ਵਾਲਾ ਇਕ ਅਹੁੱਦਾ ਵੀ ਕੁਰਬਾਨ ਤੋਂ ਪਿੱਛੇ ਹਟ ਗਏ ਹਨ। ਉਨ੍ਹਾਂ ਕਿਹਾ ਕਿ ਖਹਿਰਾ ਦਾ ਦੋਹਰਾ ਚਿਹਰਾ ਬੇਨਕਾਬ ਹੋ ਗਿਆ ਹੈ।  

Tuesday, 22 October 2019

ਜ਼ਿਮਨੀ ਚੋਣ ਹੋਣ 'ਤੇ ਮਾਨਸਾ ਤੋਂ ਰਣਇੰਦਰ ਹੋਣਗੇ ਕਾਂਗਰਸ ਦੇ ਉਮੀਦਵਾਰ !



ਜੈ ਸਿੰਘ ਛਿੱਬਰ,
ਚੰਡੀਗੜ੍ਹ
ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਮਾਨਸ਼ਾ ਤੋਂ ਆਪ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਦਾ ਭਾਵੇਂ ਅਜੇ ਅਸਤੀਫ਼ਾ ਪ੍ਰਵਾਨ ਨਹੀਂ ਹੋਇਆ ਹੈ। ਸਪੀਕਰ ਵਲੋਂ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਜੇਕਰ ਮਾਨਸਾ 'ਚ ਜ਼ਿਮਨੀ  ਚੋਣ ਹੁੰਦੀ ਹੈ ਤਾਂ ਨਾਜ਼ਰ ਸਿੰਘ ਮਾਨਸ਼ਾਹੀਆਂ ਨੂੰ ਕਾਂਗਰਸ ਦੀ ਟਿਕਟ ਤੋਂ ਹੱਥ ਧੋਣਾਂ ਪੈ ਸਕਦਾ ਹੈ। ਇਸਦਾ ਕਾਰਨ ਜਿਥੇ ਸਥਾਨਕ ਕਾਂਗਰਸੀ ਆਗੂਆਂ, ਵਰਕਰਾਂ ਵਲੋਂ ਨਾਜ਼ਰ ਸਿੰਘ ਮਾਨਸ਼ਾਹੀਆਂ ਦਾ ਖੁੱਲ੍ਹੇਆਮ ਵਿਰੋਧ ਕਰਨਾ ਹੈ, ਦੂਜਾ ਕਾਰਨ ਇਥੋਂ ਕਾਂਗਰਸ ਮੁੱਖ ਮੰਤਰੀ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਨੂੰ ਚੋਣ ਲੜਾਉਣ ਦੇ ਮੂਡ ਵਿਚ ਹੈ। ਰਣਇੰਦਰ ਸਿੰਘ ਨੇ ਬਕਾਇਦਾ ਮਾਨਸ਼ਾ ਹਲਕੇ ਵਿਚ ਲੋਕਾਂ 'ਚ ਵਿਚਰਨਾ ਸ਼ੁਰੂ ਵੀ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਬੇਟੇ ਦਾ ਹਲਕੇ ਵਿਚ ਸਰਗਰਮੀਆਂ ਵਧਾਉਣ ਤੋਂ ਸਪਸ਼ਟ ਹੋ ਗਿਆ ਹੈ ਕਿ ਜੇਕਰ ਮਾਨਸ਼ਾ ਵਿਚ ਜ਼ਿਮਨੀ ਚੋਣ ਹੁੰਦੀ ਹੈ ਤਾਂ ਯੁਵਰਾਜ ਰਣਇੰਦਰ ਸਿੰਘ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ।
ਸਿਆਸੀ ਮਾਹਿਰਾ ਦਾ ਮੰਨਣਾ ਹੈ ਕਿ ਰਣਇੰਦਰ ਸਿੰਘ ਵਲੋਂ ਮਾਨਸਾ 'ਚ ਪੈਂਦੇ ਜੋਗਾ ਪਿੰਡ ਵਿਚ ਸਰਕਾਰੀ ਗਊਸ਼ਾਲਾ ਖੋਲਣ ਅਤੇ ਹਰੇ ਚਾਰੇ ਲਈ 15 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕਰਨਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਾਂਗਰਸ ਵਲੋਂ ਉਨ੍ਹਾਂ (ਰਣਇੰਦਰ ਸਿੰਘ) ਨੂੰ ਕਾਂਗਰਸੀ ਉਮੀਦਵਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। 
ਕਾਂਗਰਸੀ ਸੂਤਰ ਦੱਸਦੇ ਹਨ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਉਮੀਦਵਾਰ ਮਨੋਜ ਬਾਲਾ ਤੇ ਉਸਦੇ ਪਤੀ ਨੇ ਕਾਂਗਰਸ ਲੀਡਰਸ਼ਿਪ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਜੇਕਰ ਪਾਰਟੀ ਨੇ ਨਾਜ਼ਰ ਸਿੰਘ ਮਾਨਸ਼ਾਹੀਆਂ ਨੂੰ ਟਿਕਟ ਦਿੱਤੀ ਤਾਂ ਉਹ ਵਿਰੋਧ ਕਰਨਗੇ। 2017 ਦੀਆਂ ਚੋਣਾਂ ਵਿਚ ਮਨੋਜ ਬਾਲਾ ਨੂੰ 50117 ਵੋਟਾਂ ਪ੍ਰਾਪਤ ਹੋਈਆਂ ਸਨ, ਜਦੋਂ ਕਿ ਨਾਜ਼ਰ ਸਿੰਘ ਮਾਨਸ਼ਾਹੀਆਂ ਨੂੰ 70586 ਵੋਟਾਂ ਮਿਲੀਆਂ ਸਨ। ਦਿਲਚਸਪ ਗੱਲ ਹੈ ਕਿ ਭਾਵੇਂ ਕੈਪਟਨ ਸਰਕਾਰ ਵਲੋਂ ਹਲਕਾ ਇੰਚਾਰਜ਼ ਸਿਸਟਮ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਕਾਂਗਰਸ ਦੇ ਹਾਰੇ ਹੋਏ ਉਮੀਦਵਾਰ ਹਲਕਾ ਇੰਚਾਰਜ ਵਜੋਂ ਕੰਮ ਕਰ ਰਹੇ ਹਨ, ਪ੍ਰਸ਼ਾਸਨਿਕ ਹਲਕਿਆਂ ਵਿਚ ਉਹ ਹਲਕੇ ਦੇ ਨੁਮਾਇੰਦੇ ਵਜੋਂ ਹੀ ਵਿਚਰ ਰਹੇ ਹਨ।
ਮਾਨਸ਼ਾਹੀਆਂ ਵਲੋਂ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਮੀਟਿੰਗ ਵਿਚ ਮਨੋਜ ਬਾਲਾ ਦੀ ਜਗ੍ਹਾ ਨਾਜ਼ਰ ਸਿੰਘ ਨੂੰ ਤਵੱਜੋਂ ਦੇਣ 'ਤੇ ਉਨ੍ਹਾਂ ਖੁੱਲ੍ਹੇਆਮ ਵਿਰੋਧ ਕੀਤਾ ਸੀ ਤਾਂ ਮਾਮਲਾ ਮੁੱਖ ਮੰਤਰੀ ਦਰਬਾਰ ਤਕ ਪੁੱਜ ਗਿਆ ਸੀ। ਬੰਸਲ ਪਰਿਵਾਰ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਜ਼ਿਮਨੀ ਚੋਣ ਹੋਣ 'ਤੇ ਮੁੱਖ ਮੰਤਰੀ ਦੇ ਪਰਿਵਾਰ ਦਾ ਕੋਈ ਮੈਂਬਰ ਚੋਣ ਲੜਦਾ ਹੈ ਤਾਂ ਉਹ ਮੱਦਦ ਕਰਨਗੇ ਪਰ ਜੇਕਰ ਕਾਂਗਰਸ ਨੇ ਨਾਜ਼ਰ ਸਿੰਘ ਮਾਨਸ਼ਾਹੀਆਂ ਨੂੰ ਟਿਕਟ ਦਿੱਤੀ ਤਾਂ ਉਹ ਵਿਰੋਧ ਕਰਨਗੇ।
ਵਰਨਣਯੋਗ ਹੈ ਕਿ ਨਾਜ਼ਰ ਸਿੰਘ ਮਾਨਸ਼ਾਹੀਆਂ ਅਤੇ ਬੰਸਲ ਪਰਿਵਾਰ ਵਿਚ ਪੈਦਾ ਹੋਈ ਕੁੜੱਤਣ ਨੂੰ ਦੂਰ ਕਰਨ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੋਵੇਂ ਆਗੂਆਂ ਵਿਚ ਸਮਝੌਤਾ ਕਰਵਾਉਣ ਦਾ ਯਤਨ ਵੀ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਨਾਜ਼ਰ ਸਿੰਘ ਮਾਨਸ਼ਾਹੀਆਂ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਅਤਿ ਨਜ਼ਦੀਕੀ ਹਨ।
ਇੱਥੇ ਦੱਸਿਆ ਜਾਂਦਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਨਾਜ਼ਰ ਸਿੰਘ ਮਾਨਸ਼ਾਹੀਆਂ ਵਲੋਂ 25 ਅਪ੍ਰੈਲ ਨੂੰ ਆਪ ਦਾ ਪੱਲ੍ਹਾ ਛੱਡ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਮਾਨਸ਼ਾਹੀਆਂ ਤੋਂ ਬਾਅਦ ਰੋਪੜ ਤੋਂ ਆਪ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆਂ ਨੇ ਵੀ ਕਾਂਗਰਸ ਦਾ ਹੱਥ ਫੜ੍ਹ ਲਿਆ ਸੀ।

ਬਾਕਸ--
ਮਾਨਸ਼ਾਹੀਆਂ ਬੋਲੇ-ਨੋ ਕੁਮੈਂਟ
ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਰਣਇੰਦਰ ਸਿੰਘ ਵਲੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਦੇ ਮੁੱਦੇ 'ਤੇ ਪੰਜਾਬੀ ਜਾਗਰਣ ਨਾਲ ਗੱਲ ਕਰਦਿਆਂ ਕੋਈ ਜਵਾਬ ਦੇਣ 'ਤੇ ਮਨ੍ਹਾ ਕਰ ਦਿੱਤਾ। ਟਿਕਟ ਮਿਲਣ ਜਾਂ ਨਾ ਮਿਲਣ 'ਤੇ ਭਵਿੱਖ ਵਿਚ ਚੋਣ ਲੜਨ ਦੇ ਸਵਾਲ 'ਤੇ ਉਨ੍ਹਾਂ ਕੋਈ ਕੁਮੈਂਟ ਦੇਣ ਤੋਂ ਮਨ੍ਹਾ ਕਰ  ਦਿੱਤਾ।

Wednesday, 2 October 2019

ਗਾਂਧੀ ਜੈਅੰਤੀ 'ਤੇ ਅੱਜ 45 ਕੈਦੀ ਹੋਣਗੇ ਰਿਹਾਅ


ਸਜ਼ਾ ਦੀ ਛੂਟ ਲੈਣ ਵਾਲਿਆਂ 'ਚ ਦੋ ਮਹਿਲਾ ਕੈਦੀ ਵੀ ਸ਼ਾਮਲ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਪੰਜਾਬ ਸਰਕਾਰ ਨੇ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਗਾਂਧੀ ਜੈਅੰਤੀ 'ਤੇ ਤੋਹਫ਼ਾ
ਦਿੰਦੇ ਹੋਏ 45 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਵੱਖ ਵੱਖ ਜੇਲ੍ਹਾਂ
ਵਿਚ ਬੰਦ 35 ਕੈਦੀਆਂ ਨੂੰ ਰਿਹਾਅ ਕਰਨ ਬਾਰੇ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਦੋਂ
ਕਿ ਦੇਰ ਸ਼ਾਮ ਦਸ ਹੋਰ ਕੈਦੀਆਂ ਦੀ ਫਾਈਲ ਮੁੱਖ ਮੰਤਰੀ ਵਲੋਂ ਕਲੀਅਰ ਕਰਨ ਤੋਂ ਬਾਅਦ
ਰਾਜਪਾਲ ਪੰਜਾਬ ਵਲੋਂ ਪ੍ਰਵਾਨ ਕਰਨ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਕੈਦੀਆਂ ਵਿਚ ਦੋ
ਮਹਿਲਾ ਕੈਦੀ ਵੀ ਸ਼ਾਮਲ ਹਨ, ਜੋ ਕਿ ਕੇਂਦਰੀ ਜੇਲ੍ਹ ਪਟਿਆਲਾ ਅਤੇ ਕੇਂਦਰੀ ਜੇਲ੍ਹ
ਬਠਿੰਡਾ ਵਿਚ ਬੰਦ ਹਨ। ਰਾਜਪਾਲ ਪੰਜਾਬ ਵਲੋਂ ਇਨ੍ਹਾਂ ਸਾਰੇ ਕੈਦੀਆਂ ਨੂੰ ਜੇਲ੍ਹਾਂ
ਵਿਚ ਚੰਗੇ ਆਚਰਣ ਵਜੋਂ ਵਿਚਰਨ ਅਤੇ ਅੱਧੀ ਤੋਂ ਵੱਧ ਸਜ਼ਾ ਕੱਟੀ ਜਾਣ ਕਾਰਨ ਬਚਦੀ ਸਜ਼ਾ
ਮਾਫ਼ ਕਰਕੇ ਜੇਲ੍ਹਾਂ ਤੋਂ ਰਿਹਾਅ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਕੈਟਾਗਰੀ ਏ ਤਹਿਤ ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਲਖਵਿੰਦਰ ਕੌਰ
(55) ਪਤਨੀ ਹਰਭਜਨ ਸਿੰਘ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਲਖਵਿੰਦਰ ਕੌਰ ਨੂੰ 55 ਸਾਲ
ਹੋਣ ਅਤੇ ਅੱਧੀ ਸਜ਼ਾ ( 50 ਫੀਸਦੀ) ਕੱਟ ਚੁੱਕੀ ਹੈ।  ਇਸੀ ਤਰ੍ਹਾਂ ਕੈਟਾਗਰੀ ਸੀ
ਤਹਿਤ ਕੇਂਦਰੀ ਜੇਲ੍ਹ ਬਠਿੰਡਾ 'ਚ ਕੇਵਲ ਸਿੰਘ ਪੁੱਤਰ ਮਣਸ਼ਾ ਸਿੰਘ , ਦੇਵ ਸਿੰਘ
ਪੁੱਤਰ ਜੋਰਾ ਸਿੰਘ ਬੰਦ ਹਨ, ਜਿਹਨਾਂ ਦੀ ਉਮਰ ਸੱਠ ਸਾਲ ਦੇ ਕਰੀਬ ਹੈ ਅਤੇ ਇਹ ਵੀ
ਅੱਧੀ ਸਜ਼ਾ ਕੱਟ ਚੁੱਕੇ ਹਨ।
ਇਸੀ ਤਰ੍ਹਾਂ ਕੈਟਾਗਰੀ ਐਫ ਦੇ ਤਹਿਤ ਦੋ ਤਿਹਾਈ (66 ਫੀਸਦੀ) ਸਜ਼ਾ ਭੁਗਤ ਚੁੱਕੇ 32
ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਜਿਨ੍ਹਾਂ ਵਿਚ ਕੇਂਦਰੀ ਜੇਲ੍ਹ ਫਿਰੋਜਪੁਰ ਵਿਚ
ਰਣਜੀਤ ਸਿੰਘ ਪੁੱਤਰ ਬਲਵੰਤ ਸਿੰਘ,  ਅਜੈ ਕੁਮਾਰ ਪੁੱਤਰ ਨਰੇਸ ਕੁਮਾਰ, ਗੁਰਦਿੱਤ ਸਿੰਘ
ਪੁੱਤਰ ਗੁਰਮੁੱਖ ਸਿੰਘ
ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਰਾਜਿੰਦਰ ਕੁਮਾਰ ਰਾਣਾ ਪੁੱਤਰ ਰਾਮ ਚੰਦ, ਤੈਲੂ ਰਾਮ
ਪੁੱਤਰ ਸਦਾ ਰਾਮ, ਫਰਨਾਮ ਖਾਨ ਪੁੱਤਰ ਤੇਫੇਲ ਖਾਨ, ਸੁਧੀਰ ਕੁਮਾਰ ਪੁੱਤਰ ਰਾਜ ਕੁਮਾਰ,
ਸੁਲਤਾਨ ਸਿੰਘ ਪੁੱਤਰ ਰਾਮ ਸਿੰਘ, ਨਛੱਤਰ ਸਿੰਘ ਪੁੱਤਰ ਉਜਾਗਰ ਸਿੰਘ ਸ਼ਾਮਲ ਹੈ।
ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਸੁਖਬੀਰ ਸਿੰਘ ਪੁੱਤਰ ਅਵਤਾਰ ਸਿੰਘ, ਵਿਕਾਸ ਗਰਗ
ਪੁੱਤਰ ਮਹਿੰਦਰ ਪ੍ਰਤਾਪ ਗਰਗ ਅਤੇ ਗੁਰਦਾਸਪੁਰ ਜੇਲ੍ਹ 'ਚ ਬੰਦ ਦਿਲਬਾਗ ਸਿੰਘ ਪੁੱਤਰ
ਗੁਰਮੀਤ ਸਿੰਘ, ਸਿਕੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ,
ਰਣਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ, ਸੁਰਜਨ ਸਿੰਘ ਪੁੱਤਰ ਕੇਹਰ ਸਿੰਘ, ਫਰੀਦਕੋਟ
ਜੇਲ੍ਹ 'ਚ ਬੰਦ ਨੀਤੂ ਪੁੱਤਰ ਅਮਰੀਕ ਸਿੰਘ, ਜਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ, ਰਾਜੂ
ਪੁੱਤਰ ਸੁਰਜੀਤ ਸਿੰਘ, ਕਰਨੈਲ ਸਿੰਘ ਪੁੱਤਰ ਪੂਰਨ ਸਿੰਘ, ਬਲੌਰ ਸਿੰਘ ਪੁੱਤਰ ਸੁਰਜੀਤ
ਸਿੰਘ, ਪਰਮਜੀਤ ਸਿੰਘ ਪੁੱਤਰ ਸਰੂਪ ਸਿੰਘ, ਜਿਲ੍ਹਾ ਜੇਲ੍ਹ ਸੰਗਰੂਰ ਵਿਖੇ ਬੰਦ ਨੈਬ
ਸਿੰਘ ਪੁੱਤਰ ਸਤਨਾਮ ਸਿੰਘ, ਲਖਵਿੰਦਰ ਸਿੰਘ ਉਰਫ਼ ਲੱਖੀ ਪੁੱਤਰ ਹਰਭਜਨ ਸਿੰਘ, ਨਵੀਂ
ਜੇਲ੍ਹ ਨਾਭਾ 'ਚ ਬੰਦ ਦਵਿੰਦਰ ਸਿੰਘ ਪੁੱਤਰ ਮੁੱਖਤਿਆਰ ਸਿੰਘ, ਖੁਸ਼ਵੀਰ ਯਾਦਵ ਪੁੱਤਰ
ਸੀਬੂ ਯਾਦਵ, ਬਲਵੰਤ ਸਿੰਘ ਛੋਟਾ ਪੁੱਤਰ ਮੇਵਾ ਸਿੰਘ,  ਅਮਰੀਕ ਸਿੰਘ ਪੁਤੱਰ ਸਰਦਾਰ
ਸਿੰਘ, ਸੁਸ਼ੀਲ ਕੁਮਾਰ ਪੁੱਤਰ ਯੋਗੀ ਰਾਜ,
ਜ਼ਿਲ੍ਹਾ ਜੇਲ੍ਹ ਰੂਪਨਗਰ 'ਚ ਬੰਦ ਪ੍ਰੇਮ ਸਿੰਘ ਪੁੱਤਰ ਭਗਤ ਸਿੰਘ , ਸਬ ਜੇਲ੍ਹ
ਪਠਾਨਕੋਟ 'ਚ ਬੰਦ ਮੁਕੇਸ਼ ਸਿੰਘ ਉਰਫ ਰਿੰਕੂ  ਪੁੱਤਰ ਜੋਗਿੰਦਰ ਸਿੰਘ, ਹਰਪਾਲ ਸਿੰਘ
ਉਰਫ ਕਾਲੂ ਪੁੱਤਰ ਦਲੀਪ ਸਿੰਘ ਅਤੇ ਕੇਂਦਰੀ ਜੇਲ੍ਹ ਪਟਿਆਲਾ 'ਚ ਬੰਦ ਪ੍ਰੀਤੋ ਪਤਨੀ
ਸੱਭੂ ਸਿੰਘ ਨੂੰ ਰਿਹਾਅ ਕੀਤਾ ਜਾਵੇਗਾ।
ਰਾਸ਼ਟਰਪਿਤਾ ਮਹਾਤਮਾਂ ਗਾਂਧੀ ਦੇ 150 ਸਾਲਾਂ ਜਨਮ ਸ਼ਤਾਬਦੀ (ਗਾਂਧੀ ਜੈਅੰਤੀ) ਦੇ
ਸੰਦਰਭ 'ਚ ਪੰਜਾਬ ਸਰਕਾਰ ਦੁਆਰਾ 35 ਕੈਦੀਆਂ ਨੂੰ ਬੁੱਧਵਾਰ ਨੂੰ ਵੱਖ ਵੱਖ ਜੇਲ੍ਹਾਂ
ਤੋਂ ਰਿਹਾਅ ਕੀਤਾ ਜਾਵੇਗਾ।