Friday, 5 April 2024

ਲੋਕ ਸਭਾ ਚੋਣਾਂ -ਬਸਪਾ ਵਿਗਾੜ ਸਕਦੀ ਹੈ ਸਿਆਸੀ ਪਾਰਟੀਆਂ ਦਾ ਗਣਿਤ

ਲੋਕ ਸਭਾ ਚੋਣਾਂ: ਸੂਬੇ ’ਚ ਪਹਿਲੀ ਵਾਰ ਪੰਜ ਕੋਣਾਂ ਮੁਕਾਬਲੇ ਹੋਣ ਦੇ ਆਸਾਰ ਬਣੇ ਜੈ ਸਿੰਘ ਛਿੱਬਰ, ਚੰਡੀਗੜ੍ਹ ਪੰਜਾਬ ਦੀ ਸਿਆਸੀ ਜ਼ਮੀਨ ’ਤੇ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਸਿਆਸੀ ਪਾਰਟੀਆਂ ਦਾ ਗਠਜੋੜ ਨਾ ਹੋਣ ਕਰਕੇ ਪੰਜ ਕੋਣਾ ਮੁਕਾਬਲੇ ਹੋਣ ਦੇ ਆਸਾਰ ਬਣ ਗਏ ਹਨ। ਆਖ਼ਰੀ ਗੇੜ ’ਚ ਇਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਸਾਰੇ ਸਮੀਕਰਣਾਂ ਨੂੰ ਭਾਂਪਦੇ ਹੋਏ ਵੱਡੇ ਕੱਦ ਦੇ ਚਿਹਰਿਆਂ ਦੀ ਤਲਾਸ਼ ਵਿਚ ਹਨ,ਕਿਉਂਕਿ ਨਵੇਂ ਬਣ ਰਹੇ ਸਮੀਕਰਣਾਂ ਅਨੁਸਾਰ ਉਮੀਦਵਾਰ ਦੀ ਵਿਅਕਤੀਗਤ ਪਛਾਣ ਅਹਿਮ ਰੋਲ ਅਦਾ ਕਰੇਗਾ। ਅਕਾਲੀ ਦਲ ਤੇ ਕਾਂਗਰਸ ਨੂੰ ਛੱਡਕੇ ਭਾਜਪਾ, ਆਮ ਆਦਮੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਕੁੱਝ ਹਲਕਿਆਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਆਮ ਤੌਰ ’ਤੇ ਲੋਕ ਸੂਬੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਵਿਚ ਚਾਰ ਕੋਣਾਂ ਮੁਕਾਬਲਾ ਹੋਣ ਦੀਆਂ ਕਿਆਸਰਾਈਆਂ ਲਗਾ ਰਹੇ ਹਨ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹਨਾਂ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ ਅਤੇ ਬਸਪਾ ਕਈ ਹਲਕਿਆਂ ਵਿਚ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜ ਸਕਦੀਆਂ ਹਨ। ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਸੀ ਤਾਂ ਨਵਾਂਸ਼ਹਿਰ ਹਲਕੇ ਤੋਂ ਬਸਪਾ ਦੇ ਵਿਧਾਇਕ ਡਾ ਨਛੱਤਰ ਪਾਲ ਕਈ ਸਾਲਾਂ ਬਾਅਦ ਵਿਧਾਨ ਸਭਾ ’ਚ ਪੁੱਜੇ ਹਨ। ਪੰਜਾਬ ਦੇਸ਼ ਦਾ ਪਹਿਲਾ ਸੱਭਤੋਂ ਵੱਧ ਅਨੁਸੂਚਿਤ ਜਾਤੀ ਵਰਗ ਦੀ ਆਬਾਦੀ ਵਾਲਾ ਸੂਬਾ ਹੈ। ਦੁਆਬੇ ਖਿੱਤੇ ਵਿਚ ਦਲਿਤ ਭਾਈਚਾਰੇ ਦੀ ਅਬਾਦੀ ਮਾਝਾ, ਮਾਲਵਾ ਤੇ ਪੁਆਧ ਨਾਲੋ ਵਧੇਰੇ ਹੈ। ਇਹੀ ਕਾਰਨ ਹੈ ਕਿ ਸਿਆਸੀ ਪਾਰਟੀਆਂ ਦੀ ਅੱਖ ਦਲਿਤ ਵਰਗ ’ਤੇ ਟਿਕੀ ਹੋਈ ਹੈ। ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਕੇ ਦਲਿਤ ਪੱਤਾ ਖੇਡਿਆ ਸੀ ਤੇ ਆਪ ਨੇ ਸਰਕਾਰ ਬਣਨ ’ਤੇ ਉਪ ਮੁੱਖ ਮੰਤਰੀ ਦਾ ਅਹੁੱਦਾ ਦਲਿਤ ਵਰਗ ਨੂੰ ਦੇਣ ਦਾ ਵਾਅਦਾ ਕੀਤਾ ਸੀ ਤਾਂ ਅਕਾਲੀ ਦਲ ਨੇ ਦੋ ਉਪ ਮੁੱਖ ਮੰਤਰੀ (ਇਕ ਦਲਿਤ ਤੇ ਇੱਕ ਹਿੰਦੂ ਭਾਈਚਾਰੇ ’ਚੋ) ਬਣਾਉਣ ਦਾ ਐਲਾਨ ਕੀਤਾ ਸੀ। ਪਰ ਹੁਣ ਸਿਆਸੀ ਸਮੀਕਰਣ ਬਦਲ ਚੁੱਕੇ ਹਨ। ਅਕਾਲੀ ਦਲ ਦਾ ਪਹਿਲਾਂ ਭਾਜਪਾ ਨਾਲੋ ਫਿਰ ਬਸਪਾ ਨਾਲ ਸਿਆਸੀ ਸਾਂਝ ਟੁੱਟ ਚੁੱਕੀ ਹੈ। ਕੌਮੀ ਪੱਧਰ ’ਤੇ ਆਪ ਤੇ ਕਾਂਗਰਸ ਇੰਡੀਆਂ ਦਾ ਹਿੱਸਾ ਹਨ, ਪਰ ਪੰਜਾਬ ’ਚ ਦੋਵਾਂ ਪਾਰਟੀਆਂ ਇਕੱਲਿਆ ਚੋਣ ਲੜ ਰਹੀਆਂ ਹਨ। ਸੂਤਰ ਦੱਸਦੇ ਹਨ ਕਿ ਬਹਜੁਨ ਸਮਾਜ ਪਾਰਟੀ ਸ੍ਰੀ ਆਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਜਲੰਧਰ, ਹੁਸ਼ਿਆਰਪੁਰ ਤੇ ਫਿਰੋਜਪੁਰ ਲੋਕ ਸਭਾ ਹਲਕੇ ਵਿਚ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜ ਸਕਦੀ ਹੈ। ਬਸਪਾ ਇਹਨਾਂ ਹਲਕਿਆਂ ਵਿਚ ਪਾਰਟੀ ਦੇ ਵੱਡੇ ਕੱਦ ਦੇ ਆਗੂਆਂ ਨੂੰ ਉਤਾਰਨ ’ਤੇ ਵਿਚਾਰ ਕਰ ਰਹੀ ਹੈ। ਹੁਸ਼ਿਆਰਪੁਰ ਹਲਕੇ ਤੋਂ ਬਸਪਾ ਨੇ ਰਾਕੇਸ ਸੁਮਨ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਪੰਜ ਮੰਤਰੀਆਂ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਪਟਿਆਲਾ ਤੋਂ ਡਾ ਬਲਵੀਰ ਸਿੰਘ, ਬਠਿੰਡਾ ਤੋਂ ਗੁਰਮੀਤ ਸਿੰਘ ਖੁਡੀਆ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਜਦਕਿ ਫਰੀਦਕੋਟ ਹਲਕੇ ਤੋਂ ਅਦਾਕਾਰ ਤੇ ਗਾਇਕ ਕਰਮਜੀਤ ਸਿੰਘ ਅਨਮੋਲ ਨੂੰ ਟਿਕਟ ਦਿੱਤੀ ਹੈ, ਇਸੀ ਤਰ੍ਹਾਂ ਭਾਜਪਾ ਨੇ ਇਸ ਹਲਕੇ ਤੋਂ ਰਾਜ ਗਾਇਕ ਹੰਸ ਰਾਜ ਹੰਸ ਨੂੰ ਉਤਾਰਿਆ ਹੈ। ਆਪ ਨੇ ਹੁਸਿਆਰਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਹੈ ਤਾਂ ਜਲੰਧਰ ਤੋਂ ਭਾਜਪਾ ਨੇ ਸੁਸ਼ੀਲ ਰਿੰਕੂ ’ਤੇ ਦਾਅ ਖੇਡਿਆ ਹੈ ਤੇ ਕਾਂਗਰਸ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿਚ ਉਤਾਰਨ ਦੀਆਂ ਅਟਕਲਾਂ ਹਨ। ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ, ਪਰ ਅਸਲ ਤਸਵੀਰ ਉਮੀਦਵਾਰਾਂ ਦਾ ਐਲਾਨ ਹੋਣ ਤੋ ਬਾਅਦ ਹੀ ਸਪਸ਼ਟ ਹੋਵੇਗੀ।

Tuesday, 12 March 2024

ਵਿਰਾਸਤ ਦੀ ਸਿਆਸਤ ਨੂੰ ਸੰਭਾਲ ਰਹੇ ਨੇ ਲਾਡਲੇ

ਜੈ ਸਿੰਘ ਛਿੱਬਰ, ਚੰਡੀਗੜ੍ਹ ਸੂਬੇ ਦੀ ਸੱਤਾ ’ਤੇ ਕਾਬਜ਼ ਰਹੇ ਅੱਧਾ ਦਰਜ਼ਨ ਤੋਂ ਵੱਧ ਮੁੱਖ ਮੰਤਰੀਆਂ ਸਮੇਤ ਸੈਂਕੜੇ ਸਿਆਸਤਦਾਨਾਂ ਦੇ ਧੀਆਂ, ਪੁੱਤਰ, ਦੋਹਤੇ-ਦੋਹਤੀਆਂ ਆਪਣੇ ਵਾਰਸਾਂ ਦੀ ਸਿਆਸੀ ਸਿਆਸਤ ਦੀ ਵਿਰਾਸਤ ਨੂੰ ਸੰਭਾਲ ਰਹੇ ਹਨ। ਜੇਕਰ ਅਤੀਤ ਅਤੇ ਵਰਤਮਾਨ ਸਿਆਸਤ ’ਤੇ ਝਾਤ ਮਾਰੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਿਆਸਤ ਦਾ ਕੁਰਸੀਨਾਮਾ ਪੀੜ੍ਹੀ ਦਰ ਪੀੜ੍ਹੀ ਆਪਣੇ ਧੀਆਂ -ਪੁੱਤਰਾਂ, ਦੋਹਤੇ, ਦੋਹਤੀਆਂ, ਜਵਾਈਆਂ ਦੇ ਨਾਮ ਕੀਤਾ ਹੈ। ਭਾਵੇਂ ਸਿਆਸਤਦਾਨ ਹਮੇਸ਼ਾਂ ਆਮ ਲੋਕਾਂ ਨੂੰ ਸਿਆਸਤ ਵਿਚ ਆਉਣ ਦਾ ਨਾਅਰਾ ਲਾਉਂਦੇ ਹਨ, ਪਰ ਜਦੋਂ ਜ਼ੁੰਮੇਵਾਰੀ ਵਾਲੀ ਕੁਰਸੀਆਂ ਸੰਭਾਲਣ ਦੀ ਗੱਲ ਆਉਂਦੀ ਹੈ ਤਾਂ ਸਿਆਸਤਦਾਨਾਂ ਨੇ ਆਪਣੇ ਲਾਡਲਿਆਂ ਨੂੰ ਹੀ ਬਿਠਾਇਆ ਹੈ। ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਤੋਂ ਲੈ ਕੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਸਾਰਿਆਂ ਨੇ ਆਪਣੀ ਸਿਆਸਤ ਦੀ ਡੰਗੋਲੀ ਆਪਣਿਆਂ ਨੂੰ ਫੜ੍ਹਾਈ ਹੈ। ਕੈਰੋ ਦਾ ਪੋਤਾ ਆਦੇਸ਼ ਪ੍ਰਤਾਪ ਸਿੰਘ ਕੈਰੋ ਅਕਾਲੀ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ। ਬੇਅੰਤ ਸਿੰਘ ਦਾ ਪੁੱਤ ਤੇਜ ਪ੍ਰਕਾਸ਼ ਸਿੰਘ ਤੇ ਧੀ ਗੁਰਕੰਵਲ ਕੌਰ ਸਾਬਕਾ ਮੰਤਰੀ ਰਹਿ ਚੁੱਕੇ ਹਨ ਅਤੇ ਤੀਜ਼ੀ ਪੀੜ੍ਹੀ ਦੇ ਵਾਰਸ ਗੁਰਕੀਰਤ ਸਿੰਘ ਕੋਟਲੀ ਤੇ ਰਵਨੀਤ ਸਿੰਘ ਬਿੱਟੂ ਸਿਆਸਤ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਹਰਚਰਨ ਸਿੰਘ ਬਰਾੜ ਦੀ ਧੀ ਕਰਨ ਕੌਰ ਬਰਾੜ ਤੋਂ ਬਾਅਦ ਦੋਹਤਾ ਕਰਨਬੀਰ ਬਰਾੜ, ਸੁਰਜੀਤ ਸਿੰਘ ਬਰਨਾਲਾ ਦੇ ਪੁੱਤ ਗਗਨਜੀਤ ਸਿੰਘ ਬਰਨਾਲਾ ਤੋਂ ਬਾਅਦ ਹੁਣ ਪੋਤਾ ਸਿਮਰਜੀਤ ਸਿੰਘ ਬਰਨਾਲਾ ਆਪਣੇ ਦਾਦੇ ਦੀ ਸਿਆਸਤ ਸੰਭਾਲ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਪੁੱਤ ਸੁਖਬੀਰ ਸਿੰਘ ਬਾਦਲ,ਨੂੰਹ ਹਰਸਿਮਰਤ ਕੌਰ ਬਾਦਲ, ਭਤੀਜਾ ਮਨਪ੍ਰੀਤ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਤਨੀ ਪਰਨੀਤ ਕੌਰ, ਧੀ ਜੈਇੰਦਰ ਕੌਰ ਅਤੇ ਬੇਟਾ ਰਣਇੰਦਰ ਸਿੰਘ ਪਿਤਾ ਪੁਰਖੀ ਸਿਆਸਤ ਨੂੰ ਅੱਗੇ ਵਧਾ ਰਹੇ ਹਨ। ਇਸੀ ਤਰ੍ਹਾਂ ਬੀਬੀ ਰਾਜਿੰਦਰ ਕੌਰ ਭੱਠਲ ਦਾ ਜਵਾਈ ਬਿਕਰਮ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਨੇ ਆਪਣੇ ਬੇਟੇ ਨਵਜੀਤ ਨਵੀ ਨੂੰ ਜਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਬਣਾਕੇ ਸਿਆਸਤ ਦੀ ਪੌੜੀ ਚੜ੍ਹਾਉਣੀ ਸ਼ੁਰੂ ਕਰ ਦਿੱਤੀ ਹੈ। ਸਾਬਕਾ ਸਪੀਕਰ ਬਲਰਾਮ ਦਾਸ ਦਾ ਪੁੱਤ ਸੁਨੀਲ ਜਾਖੜ ਅਤੇ ਤੀਜੀ ਪੀੜੀ ਦਾ ਵਾਰਸ ਸੰਦੀਪ ਜਾਖੜ੍ਹ ਪਿਤਾ ਪੁਰਖੀ ਸਿਆਸਤ ਨੂੰ ਅੱਗੇ ਤੋਰ ਰਹੇ ਹਨ। ਇਸੀ ਤਰ੍ਹਾਂ ਕਾਂਗਰਸ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਪੁੱਤਰ ਰਾਜਿੰਦਰ ਸਿੰਘ,ਇੰਦਰਜੀਤ ਸਿੰਘ ਜੀਰਾ ਦਾ ਪੁੱਤ ਕੁਲਬੀਰ ਸਿੰਘ ਜੀਰਾ, ਗੁਰਚੇਤ ਸਿੰਘ ਭੁੱਲਰ ਦਾ ਪੁੱਤ ਸੁਖਪਾਲ ਭੁੱਲਰ, ਸੰਤੋਖ ਸਿੰਘ ਰੰਧਾਵਾਂ ਦੇ ਪੁੱਤਰ ਸੁਖਜਿੰਦਰ ਸਿੰਘ ਰੰਧਾਵਾਂ ਤੇ ਇੰਦਰਜੀਤ ਸਿੰਘ ਰੰਧਾਵਾਂ, ਸੁਰਦੂਲ ਸਿੰਘ ਦਾ ਪੁੱਤ ਸੁਖਵਿੰਦਰ ਡੈਨੀ,ਪ੍ਰਕਾਸ਼ ਸੈਣੀ ਦੀ ਪਤਨੀ ਗੁਰਕੰਵਲ ਕੌਰ ਤੇ ਅੱਗੇ ਬੇਟਾ ਅੰਗਦ ਸਿੰਘ ਸੈਣੀ ਸਮੇਤ ਕਈ ਹੋਰਨਾਂ ਦੇ ਵਾਰਸ ਸਿਆਸਤ ਵਿਚ ਅੱਗੇ ਵੱਧ ਰਹੇ ਹਨ। ਕਾਂਗਰਸ ਦੀ ਦਲਿਤ ਲੀਡਰਸ਼ਿਪ ਵਿਚ ਸਾਬਕਾ ਕਾਂਗਰਸ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਵੀ ਵਿਧਾਇਕ ਰਹਿ ਚੁੱਕੀ ਹੈ। ਇਸੀ ਤਰ੍ਹਾਂ ਦਰਸ਼ਨ ਸਿੰਘ ਕੇਪੀ ਦਾ ਮੁੰਡਾ ਮਹਿੰਦਰ ਸਿੰਘ ਕੇਪੀ, ਨੂੰਹ ਸੁਮਨ ਕੇਪੀ, ਮਾਸਟਰ ਗੁਰਬੰਤਾ ਸਿੰਘ ਦੀ ਤੀਜ਼ੀ ਪੀੜ੍ਹੀ ਪੋਤਾ ਬਿਕਰਮਜੀਤ ਚੌਧਰੀ ਪੁੱਤਰ ਸੰਤੋਖ ਚੌਧਰੀ ਤੇ ਸੁਰਿੰਦਰ ਚੌਧਰੀ ਪੁੱਤਰ ਜਗਜੀਤ ਚੌਧਰੀ, ਚੌਧਰੀ ਸੁੰਦਰ ਸਿੰਘ ਦੀ ਪਤਨੀ ਸੰਤੌਸ਼ ਚੌਧਰੀ ਤੇ ਪੁੱਤ ਰਾਮ ਲੁਭਾਇਆ ਸਿਆਸੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਕੁਲਦੀਪ ਸਿੰਘ ਵਡਾਲਾ ਤੋਂ ਬਾਅਦ ਉਨ੍ਹਾਂ ਦਾ ਬੇਟਾ ਗੁਰਪ੍ਰਤਾਪ ਸਿੰਘ ਬਡਾਲਾ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦਾ ਬੇਟਾ ਹਰਿੰਦਰ ਸਿੰਘ ਚੰਦੂਮਾਜਰਾ, ਬਸੰਤ ਸਿੰਘ ਖਾਲਸਾ ਦਾ ਪੁੱਤ ਬਿਕਰਮਜੀਤ ਸਿੰਘ ਖਾਲਸਾ , ਸੁਖਦੇਵ ਸਿੰਘ ਢੀਡਸਾ ਤੋਂ ਬਾਅਦ ਪਰਮਿੰਦਰ ਸਿੰਘ ਢੀਡਸਾ, ਬਲਵਿੰਦਰ ਸਿੰਘ ਭੂੰਦੜ ਦਾ ਪੁੱਤ ਦਿਲਰਾਜ ਸਿੰਘ ਭੂੰਦੜ, ਰਣਜੀਤ ਸਿੰਘ ਬ੍ਰਹਮਪੁਰਾ ਦਾ ਪੁੱਤ ਬ੍ਰਹਮਪੁਰਾ, ਨਿਰਮਲ ਸਿੰਘ ਕਾਹਲੋ ਦਾ ਪੁੱਤ ਰਵੀਕਰਨ ਸਿੰਘ ਕਾਹਲੋ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਪੁੱਤ ਇੰਦਰ ਇਕਬਾਲ ਸਿੰਘ ਅਟਵਾਲ, ਵੀਰ ਸਿੰਘ ਲੋਪੋਕੇ ਦਾ ਪੁੱਤ ਰਣਬੀਰ ਸਿੰਘ ਲੋਪੋਕੇ, ਅਜੈਬ ਸਿੰਘ ਸੰਧੂ ਦੀ ਪਤਨੀ ਸਵਰਗੀ ਸਤਵੰਤ ਕੌਰ ਸੰਧੂ ਤੋਂ ਬਾਅਦ ਪੁੱਤ ਹਰਮੋਹਨ ਸਿੰਘ ਸੰਧੂ ਤੇ ਨੂੰਹ ਜਗਮੀਤ ਕੌਰ ਸੰਧੂ ਪੁਰਖਿਆ ਦੀ ਸਿਆਸਤ ਨੂੰ ਅੱਗੇ ਤੋਰਨ ਲਈ ਯਤਨਸ਼ੀਲ ਹਨ। ਸਾਬਕਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ ਆਪਣੇ ਬੇਟੇ ਜਸਜੀਤ ਸਿੰਘ ਬੰਨੀ ਤੇ ਕੁੜੀ ਮਨਪ੍ਰੀਤ ਕੌਰ ਡੋਲੀ ਇਸਤੋਂ ਇਲਾਵਾ ਹੋਰ ਵੀ ਸਿਆਸਤਦਾਨ ਹਨ, ਜਿਨ੍ਹਾਂ ਵਿਰਾਸਤ ਦੀ ਸਿਆਸਤ ਆਪਣਿਆਂ ਨੂੰ ਸੰਭਾਲੀ ਹੋਈ ਹੈ।

Wednesday, 21 February 2024

ਨੌਜਵਾਨ ਕਿਸਾਨ ਦੀ ਮੌਤ ਹੋਣ ਨਾਲ ਸੂਬੇ ’ਚ ਤਨਾਅ ਵੱਧਣ ਦੇ ਅਸਾਰ

ਨੌਜਵਾਨ ਕਿਸਾਨ ਦੀ ਮੌਤ ਹੋਣ ਨਾਲ ਸੂਬੇ ’ਚ ਤਨਾਅ ਵੱਧਣ ਦੇ ਅਸਾਰ --ਸੰਯੁਕਤ ਕਿਸਾਨ ਮੋਰਚਾ ਦੀ ਚੰਡੀਗੜ੍ਹ ’ਚ ਮੀਟਿੰਗ ਅੱਜ -- ਸਿਆਸੀ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ, ਹਰਿਆਣਾ ਪੁਲਿਸ ’ਤੇ ਕਤਲ ਦਾ ਕੇਸ ਦਰਜ਼ ਕਰਨ ਦੀ ਕੀਤੀ ਮੰਗ ਜੈ ਸਿੰਘ ਛਿੱਬਰ ਚੰਡੀਗੜ੍ਹ -ਖਨੌਰੀ ’ਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ (21) ਦੀ ਮੌਤ ਨਾਲ ਅਗਲੇ ਦੋ ਦਿਨਾਂ ਵਿਚ ਸੂਬੇ ਅੰਦਰ ਤਨਾਅ ਵਾਲੀ ਸਥਿਤੀ ਪੈਦਾ ਹੋਣ ਦੀ ਸ਼ੰਕਾਂ ਹੈ। ਕਿਸਾਨ ਆਗੂਆਂ ਨੇ ਸਪਸ਼ਟ ਕਿਹਾ ਕਿ ਆਗਾਮੀ ਦੋ ਦਿਨਾਂ ਤੱਕ ਉਹ ਸ਼ੰਭੂ ਅਤੇ ਖਨੌਰੀ ਹੱਦ ’ਤੇ ਟਿਕੇ ਰਹਿਣਗੇ। ਫਿਲਹਾਲ ਕਿਸਾਨ ਆਗੂਆਂ ਨੇ ਦਿੱਲੀ ਕੂਚ ਦੋ ਦਿਨਾਂ ਲਈ ਟਾਲ ਦਿੱਤਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਿਸਾਨ ਜਥੇਬੰਦੀਆਂ ਨੇ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਕਰਵਾਉਣ ਅਤੇ ਸਸਕਾਰ ਕਰਨ ਲਈ ਕਾਹਲੀ ਨਾ ਕਰਨ ਦਾ ਫੈਸਲਾ ਲਿਆ ਹੈ। ਖੁਫੀਆਂ ਪੁਲਿਸ ਅਧਿਕਾਰੀਆਂ ਨੂੰ ਡਰ ਹੈ ਕਿ ਜੇਕਰ ਮ੍ਰਿਤਕ ਕਿਸਾਨ ਦਾ ਸਸਕਾਰ ਕਰਨ ਵਿਚ ਦੇਰੀ ਹੁੰਦੀ ਹੈ ਤਾਂ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਹੋਰ ਵਿਗੜ ਸਕਦੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਵੀ ਕੱਲ੍ਹ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੂਬਾ ਸਰਕਾਰ ਨੂੰ ਇਸ ਮਸਲੇ ਨੂੰ ਜਲਦ ਨਿਬੇੜਨਾ ਚਾਹੀਦਾ ਹੈ। ਜੇਕਰ ਸਰਕਾਰ ਨੇ ਲਾਪਰਵਾਹੀ ਵਰਤੀ ਜਾਂ ਢਿਲਮਿੱਠ ਦਿਖਾਈ ਤਾਂ ਸਰਕਾਰ ਲਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਨੌਜਵਾਨ ਕਿਸਾਨ ਦੀ ਮੌਤ ਹੋਣ ’ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਹਰਿਆਣਾ ਪੁਲਿਸ ਤੇ ਹਰਿਆਣਾ ਦੇ ਗ੍ਰਹਿ ਮੰਤਰੀ ’ਤੇ ਕੇਸ ਦਰਜ਼ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸਪਸ਼ਟ ਕਿਹਾ ਕਿ ਸ਼ੁਭਕਰਨ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨਾਂ ਵਿਚ ਕਿਸਾਨ ਜਥੇਬੰਦੀਆਂ ਮੌਤ ਬਾਰੇ ਪੂਰੀ ਜਾਣਕਾਰੀ ਹਾਸਲ ਕਰਨਗੀਆਂ। ਉਧਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨੌਜਵਾਨ ਦੀ ਮੌਤ ਸਿਰ ਵਿਚ ਗੋਲੀ ਲੱਗਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਹਰਿਆਣਾ ਪੁਲਿਸ ਪੰਜਾਬ ’ਚ ਬੈਠੇ ਕਿਸਾਨਾਂ ’ਤੇ ਹੰਝੂ ਗੈਸ ਤੇ ਪਲਾਸਟਿਕ ਦੀਆਂ ਗੋਲੀਆਂ ਚਲਾ ਰਹੀ ਹਨ ਪਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਚੁੱਪ ਬੈਠੀ ਹੈ। ਬਾਜਵਾ ਨੇ ਮੰਗ ਕੀਤੀ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ’ਤੇ ਕਤਲ ਦਾ ਮਾਮਲਾ ਦਰਜ਼ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਘਟਨਾਂ ਦੀ ਨਿੰਦਾ ਕੀਤੀ ਹੈ। ਇਸੀ ਤਰ੍ਹਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਾਲਾਤ ਲਗਾਤਾਰ ਵਿਗੜ ਰਹੇ ਹਨ ਜਦਕਿ ਪੰਜਾਬ ਪੁਲਿਸ ਲਗਾਤਾਰ ਘਟਨਾਵਾਂ ਨੂੰ ਲੈ ਕੇ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਗੋਲੀਆਂ ਜੰਮੂ ਕਸ਼ਮੀਰ ਵਿਚ ਚਲਾਉਣ ’ਤੇ ਪਾਬੰਦੀ ਲੱਗੀ ਹੈ, ਉਹ ਹੁਣ ਹਰਿਆਣਾ ਪੁਲਿਸ ਪੰਜਾਬ ਦੇ ਕਿਸਾਨਾਂ ’ਤੇ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕਿਸਾਨਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ, ਪਰ ਉਹ ਕਿਸਾਨਾਂ ਨਾਲ ਖੜ੍ਹਨ ਦੀ ਬਜਾਏ ਕੇਂਦਰ ਤੇ ਹਰਿਆਣਾ ਸਰਕਾਰ ਨਾਲ ਖੜ੍ਹ ਰਹੇ ਹਨ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਨੂੰ ਹਰਿਆਣਾ ਪੁਲਿਸ ’ਤੇ ਕੇਸ ਦਰਜ਼ ਕਰਨਾ ਚਾਹੀਦਾ ਹੈ। ਮਜੀਠੀਆ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੇ ਵਿਦੇਸ਼ ਜਾਣ ਅਤੇ ਸੂਬਾ ਸਰਕਾਰ ਵਲੋਂ ਅੰਮ੍ਰਿਤਸਰ ਵਿਖੇ ਸੱਭਿਆਚਾਰਕ ਪ੍ਰੋਗਾਰਾਮ ਕਰਵਾਉਣ ਦੇ ਫੈਸਲੇ ’ਤੇ ਵੀ ਉਂਗਲ ਚੁੱਕੀ ਹੈ। ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹਰਿਆਣਾ ਪੁਲਿਸ ਲਗਾਤਾਰ ਹਮਲੇ ਕਰ ਰਹੀ ਹੈ ਪਰ ਪੰਜਾਬ ਪੁਲਿਸ ਚੁੱਪ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਕਵਚ ਦੇਣਾ ਚਾਹੀਦਾ ਹੈ।

Friday, 16 February 2024

ਕਿਸਾਨ ਅੰਦੋਲਨ ਭਖ਼ਣ ਲੱਗਿਆ, ਉਗਰਾਹਾਂ ਧੜ੍ਹਾ ਜਾਖ਼ੜ, ਕੈਪਟਨ, ਢਿਲੋਂ ਦੇ ਘਰ ਅੱਗੇ ਦੇਵੇਗਾ ਧਰਨਾ

ਜੈ ਸਿੰਘ ਛਿੱਬਰ, ਚੰਡੀਗੜ੍ਹ ਸੂਬੇ ’ਚ ਕਿਸਾਨ ਅੰਦੋਲਨ ਮੁੜ ਭਖ਼ਣ ਲੱਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਸੰਯੁਕਤ ਕਿਸਾਨ ਮੋਰਚਾ ( ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਸ਼ੁਰੂ ਕੀਤੇ ਦਿੱਲੀ ਚੱਲੋ ਅੰਦੋਲਨ ਦੇ ਸਮਰਥਨ ਵਿਚ ਉਤਰ ਆਈ ਹੈ। ਉਗਰਾਹਾਂ ਧੜ੍ਹੇ ਨੇ 17 ਤੇ 18 ਫਰਵਰੀ (ਸ਼ਨੀਵਾਰ ਤੇ ਐਤਵਾਰ ) ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਅੱਗੇ ਦਿਨ ਰਾਤ ਦਾ ਧਰਨਾ ਲਾਉਣ ਅਤੇ ਸੂਬੇ ਦੇ ਸਾਰੇ ਟੌਲ ਲੋਕਾਂ ਲਈ ਅਜ਼ਾਦ (ਫਰੀ) ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸੂਬੇ ਵਿਚ ਵੱਡਾ ਕੇਡਰ ਹੈ। ਇਸ ਨਾਲ ਸੰਭੂ ਅਤੇ ਖਨੌਰੀ ਹੱਦ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਵੱਡਾ ਬਲ ਮਿਲੇਗਾ। ਜੇਕਰ ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਗੰਭੀਰਤਾਂ ਨਾਲ ਨਾ ਲਿਆ ਤਾਂ ਅਗਾਮੀ ਦਿਨਾਂ ਵਿਚ ਹੋਰ ਵੀ ਯੂਨੀਅਨਾਂ ਦੇ ਸੰਘਰਸ਼ ਦੇ ਰਾਹ ਪੈਣ ਦੀਆਂ ਕਨਸੋਆ ਮਿਲ ਰਹੀਆਂ ਹਨ। ਫਸਲਾਂ ਦੀ ਐੱਮ.ਐੱਸ.ਪੀ ਗਰੰਟੀ ਦੇਣ ਸਮੇਤ ਕਈ ਮੁੱਦਿਆਂ ’ਤੇ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਪ੍ਰੋਗਾਰਾਮ ਉਲੀਕਿਆ ਹੋਇਆ ਹੈ ਪਰ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਵਿਖੇ ਸਖ਼ਤ ਨਾਕਾਬੰਦੀ ਕਰਕੇ ਕਿਸਾਨਾਂ ਨੂੰ ਅੱਗੇ ਵੱਧਣ ਨਹੀਂ ਦਿੱਤਾ , ਉਲਟਾ ਪ੍ਰਦਰਸ਼ਨਕਾਰੀਆਂ ’ਤੇ ਹੰਝੂ ਗੈਸ ਤੇ ਪਲਾਸਟਿਕ ਦੀਆਂ ਗੋਲੀਆਂ ਨਾਲ ਹਮਲਾ ਕੀਤਾ ਹੈ। ਹਰਿਆਣਾ ਪੁਲਿਸ ਦੇ ਇਸ ਰਵੱਈਏ ਤੋਂ ਬਾਅਦ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿਚ ਕੁੱਦਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਕੇਂਦਰ ਸਰਕਾਰ ਦੇ ਤਿੰਨ ਕੈਬਨਿਟ ਮੰਤਰੀ ਸੰਯਕੁਤ ਕਿਸਾਨ ਮੋਰਚਾ ਵਿਚ ਸ਼ਾਮਲ ਕਿਸਾਨ ਆਗੂਆਂ ਨਾਲ ਤਿੰਨ ਮੀਟਿੰਗਾਂ ਕਰ ਚੁੱਕੇ ਹਨ, ਪਰ ਘੰਟਿਆਂ ਬੱਧੀ ਚੱਲੀਆਂ ਇਹਨਾਂ ਮੀਟਿੰਗਾਂ ਵਿਚ ਕੋਈ ਫੈਸਲਾ ਨਹੀਂ ਹੋ ਸਕਿਆ। ਹੁਣ ਚੌਥੇ ਗੇੜ ਦੀ ਮੀਟਿੰਗ18 ਫਰਵਰੀ ਨੂੰ ਹੋਵੇਗੀ। ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਭਾਜਪਾ ਸਰਕਾਰ ਦੇ ਕਿਸਾਨ ਦੁਸ਼ਮਣ ਵਤੀਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਖਿਲਾਫ਼ 24 ਫਰਵਰੀ ਤੋਂ ਚੰਡੀਗੜ੍ਹ ਵਿਖੇ ਲਾਉਣ ਵਾਲਾ ਮੋਰਚਾ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਘੋਲ਼ ਨੂੰ ਅੱਗੇ ਵਧਾਉਣ ਲਈ ਕੌਮੀ ਸੰਯੁਕਤ ਕਿਸਾਨ ਮੋਰਚੇ ਦਾ ਅਗਲਾ ਸੱਦਾ ਆਉਣ ਤੱਕ ਦੋ ਦਿਨ 17 ਤੇ 18 ਫ਼ਰਵਰੀ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਅੱਗੇ ਦਿਨ ਰਾਤ ਦਾ ਧਰਨਾ ਲਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸ਼ੰਭੂ ਤੇ ਖਨੌਰੀ ਹੱਦ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸੰਘਰਸ਼ ਵਿਚ ਸਮਰਥਨ ਵਜੋਂ ਕੁੱਦਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਸੰਘਰਸ਼ ਵਿੱਢਣ ਤੋਂ ਪਹਿਲਾਂ ਹੀ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਸਾਂਝਾ ਸੰਘਰਸ਼ ਬਣਾਉਣ ਦੇ ਯਤਨ ਕਰਦੀਆਂ। ਉਨ੍ਹਾਂ ਸਾਰੀਆਂ ਧਿਰਾਂ ਨੂੰ ਆਪਸੀ ਮੱਤਭੇਦਾਂ ਨੂੰ ਪਾਸੇ ਰੱਖਦਿਆਂ ਸਾਂਝੇ ਤਾਲਮੇਲ ਸੰਘਰਸ਼ ਨੂੰ ਅੱਗੇ ਵਧਾਉਣ, ਫਿਰਕੂ, ਭੜਕਾਊ ਤੇ ਫੁੱਟਪਾਊ ਅਨਸਰਾਂ ਨੂੰ ਇੱਕਜੁੱਟ ਹੋ ਕੇ ਮਾਤ ਦੇਣ ਦੀ ਅਪੀਲ ਕੀਤੀ ਹੈ। ਉਗਰਾਹਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਜੇਤੂ ਦਿੱਲੀ ਘੋਲ਼ ਨੂੰ ਮੁਲਤਵੀ ਕਰਨ ਮੌਕੇ ਕੀਤੇ ਗਏ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਵਰਗੇ ਲਿਖਤੀ ਵਾਅਦੇ ਲਾਗੂ ਕਰਨ ਲਈ ਦੋ ਸਾਲ ਤੋਂ ਟਾਲ਼ਾ ਵੱਟ ਰਹੀ ਹੈ। ਉਨ੍ਹਾਂ ਸਰਕਾਰ ਨੂੰ ਤਾੜਨਾ ਕੀਤੀ ਕਿ ਹੁਣ ਲੁਟੇਰਿਆਂ ਪੱਖੀ ਜਾਬਰ ਨੀਤੀਆਂ ਦਾ ਹਿਸਾਬ ਕਿਤਾਬ ਚੁਕਤਾ ਕਰ ਕੇ ਹੀ ਕਿਸਾਨ ਦਮ ਲੈਣਗੇ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਖ਼ਤੀ ਭਰੋਸੇ ਦੇ ਬਾਵਜੂਦ ਕੋਈ ਵੀ ਮੰਗ ਲਾਗੂ ਨਾ ਕਰਨਾ ਸਰਕਾਰ ਦੇ ਕਿਸਾਨ ਵਿਰੋਧੀ ਅਤੇ ਸਾਮਰਾਜ ਪੱਖੀ ਕਿਰਦਾਰ ਦਾ ਭੇਤ ਖੋਲ੍ਹਦਾ ਹੈ। ਆਗੂਆਂ ਨੇ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਕੱਢਣ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਹਕੂਮਤ ਨੂੰ ਕਿਸਾਨਾਂ ਦੇ ਕੁਰਬਾਨੀਆਂ ਭਰੇ ਜੁਝਾਰੂ ਇਤਿਹਾਸ ਦੁਆਰਾ ਕੰਧ 'ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਕਿ ਹਕੂਮਤੀ ਜਬਰ ਸੰਘਰਸ਼ ਕਰਨ ਵਾਲੇ ਕਾਫ਼ਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ, ਸਗੋਂ ਇਹ ਜਬਰ ਸੰਘਰਸ਼ਾਂ ਦੀ ਖ਼ੁਰਾਕ ਬਣ ਜਾਇਆ ਕਰਦਾ ਹੈ।

Wednesday, 14 February 2024

fਕਸਾਨ ਅੰਦੋਲਨ ਤੇ ਬਸਪਾ ਨੇ ਅਕਾਲੀ ਸਿਆਸਤ ਦਾ ਗਣਿਤ ਵਿਗਾੜਿਆ

ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਮੁਲਤਵੀ, ਕੋਰ ਕਮੇਟੀ ਦੀ ਮੀਟਿੰਗ ਅੱਜ ਜੈ ਸਿੰਘ ਛਿੱਬਰ, ਚੰਡੀਗੜ੍ਹ ਸੂਬੇ ਵਿਚ ਪੈਦਾ ਹੋਏ ਨਵੇਂ ਸਿਆਸੀ ਸਮੀਕਰਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਮੁਲਤਵੀ ਕਰ ਦਿੱਤੀ ਹੈ ਅਤੇ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਵੀਰਵਾਰ ਨੂੰ ਬੁਲਾ ਲਈ ਹੈ। ਜਾਣਕਾਰੀ ਅਨੁਸਾਰ ਸੂਬੇ ਵਿਚ ਮੁੜ ਸ਼ੁਰੂ ਹੋਏ ਕਿਸਾਨ ਅੰਦੋਲਨ ਅਤੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਟੁੱਟਣ ਕਾਰਨ ਅਕਾਲੀ ਦਲ ਨਵੇਂ ਸਿਆਸੀ ਸੰਕਟ ਵਿਚ ਘਿਰ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ ’ਤੇ ਲਿਖਿਆ ਕਿ ਕਿਸਾਨ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਇਸ ਲਈ ਪਾਰਟੀ ਨੇ ਪੰਜਾਬ ਬਚਾਓ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕੀਤਾ ਹੈ। ਹੁਣ ਵੀ ਪਾਰਟੀ ਕਿਸਾਨਾਂ ਨਾਲ ਹੈ ਅਤੇ ਸਿਆਸੀ ਹਾਲਾਤਾਂ ’ਤੇ ਚਰਚਾ ਕਰਨ ਲਈ ਪਾਰਟੀ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਵੀਰਵਾਰ ਬਾਦ ਦੁਪਹਿਰ ਦੋ ਵਜੇ ਹੋਵੇਗੀ। ਸੂਤਰ ਦੱਸਦੇ ਹਨ ਕਿ ਮੌਜੂਦਾ ਸਿਆਸੀ ਹਾਲਾਤਾਂ ਨੇ ਅਕਾਲੀ ਸਿਆਸਤ ਦਾ ਗਣਿਤ ਵਿਗਾੜ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਸਿਆਸੀ ਹਲਕਿਆਂ ਵਿਚ ਅਟਕਲਾਂ ਚੱਲ ਰਹੀਆਂ ਸਨ ਕਿ ਅਕਾਲੀ ਦਲ ਅਤੇ ਭਾਜਪਾ ਦੀਆਂ ਸਿਆਸੀ ਤੰਦਾਂ ਮੁੜ ਜੁੜ ਸਕਦੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਨੂੰ ਮਾਝੇ ਵਿਚ ਚੰਗਾਂ ਹੁਲਾਰਾ ਮਿਲ ਰਿਹਾ ਸੀ। ਪਾਰਟੀ ਲੀਡਰਸ਼ਿਪ ਮਹਿਸੂਸ ਕਰ ਰਹੀ ਸੀ ਕਿ ਪੇਂਡੂ ਖਿੱਤੇ ਵਿਚ ਪਾਰਟੀ ਦੀਆਂ ਜੜ਼੍ਹਾਂ ਮੁੜ ਧਰਤੀ ਨੂੰ ਲੱਗਣ ਲੱਗੀਆਂ ਹਨ ਅਤੇ ਪਾਰਟੀ ਆਗੂਆਂ ਦੇ ਹੌਸਲੇ ਬੁਲੰਦ ਹੋ ਰਹੇ ਸਨ। ਸੰਯੁਕਤ ਕਿਸਾਨ ਮੋਰਚਾ ( ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਅਚਾਨਕ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਅਤੇ ਕਿਸਾਨ ਵਰਗ ਕੇਂਦਰ ਸਰਕਾਰ ਖਾਸਕਰਕੇ ਭਾਜਪਾ ਖਿਲਾਫ਼ ਸੜ੍ਹਕਾਂ ’ਤੇ ਉਤਰ ਆਇਆ। ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਨੇ ਅਚਾਨਕ ਮੀਟਿੰਗ ਕਰਕੇ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਹੈ ਕਿਉਂਕਿ ਸਿਆਸੀ ਹਲਕਿਆਂ ਵਿਚ ਕਿਆਸਰਾਈਆਂ ਚੱਲ ਰਹੀਆਂ ਸਨ ਕਿ ਇਹਨਾਂ ਦਿਨਾਂ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਭਾਜਪਾ ਦੀ ਕੌਮੀ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਸਮਝੌਤੇ ਦੀ ਟੁੱਟੀ ਗੰਢ ਨੂੰ ਮੁੜ ਜੋੜ ਸਕਦੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਿਸਾਨ ਅੰਦੋਲਨ ਨੇ ਅਕਾਲੀ ਦਲ ਲਈ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ। ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੱਢਦੀ ਤਾਂ ਅਕਾਲੀ ਭਾਜਪਾ ਗਠਜੋੜ ’ਤੇ ਖਤਰੇ ਦੇ ਬੱਦਲ ਮੰਡਰਾ ਸਕਦੇ ਹਨ। ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਕਰੀਬ ਤਿੰਨ ਸਾਲ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਭਾਜਪਾ ਨਾਲ ਚੱਲ ਰਹੇ ਤਿੰਨ ਦਹਾਕਿਆਂ ਦੀ ਸਾਂਝ ਨੂੰ ਖ਼ਤਮ ਕਰ ਦਿੱਤਾ ਸੀ ਕਿਉਂਕਿ ਸੂਬੇ ਦੇ ਕਿਸਾਨ ਅਕਾਲੀ ਦਲ ਦੇ ਵਿਰੋਧ ਵਿਚ ਖੜ੍ਹੇ ਹੋ ਗਏ ਸਨ। ਇਹਨਾਂ ਹਾਲਤਾਂ ਵਿਚ ਅਕਾਲੀ ਦਲ ਤੇ ਭਾਜਪਾ ਦਾ ਮੁੜ ਗਠਜੋੜ ਹੋਣ ਦੀਆਂ ਸੰਭਾਵਨਾਂ ਮੱਧਮ ਹੋ ਰਹੀਆਂ ਹਨ। ਅਕਾਲੀ ਦਲ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਆ ਰਿਹਾ ਹੈ, ਪਰ ਕੇਂਦਰ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਹੁੰਗਾਰਾਂ ਨਹੀਂ ਭਰਿਆ। ਜਦੋਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਉਤਸਵ ਮੌਕੇ ਭਾਰਤ ਸਰਕਾਰ ਨੇ ਕੈਦ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਦੀ ਹਾਮੀ ਭਰੀ ਸੀ। ਜਦੋਂ ਤੱਕ ਇਹਨਾਂ ਦੋ ਮੁੱਦਿਆਂ ਦਾ ਕੇਂਦਰ ਸਰਕਾਰ ਸਪਸ਼ਟ ਰੂਪ ਵਿਚ ਨਿਪਟਾਰਾ ਨਹੀਂ ਕਰਦੀ ਉਦੋਂ ਤੱਕ ਅਕਾਲੀ ਦਲ ਲਈ ਭਾਜਪਾ ਨਾਲ ਮਿਲਕੇ ਚੱਲਣਾ ਔਖਾ ਹੋਵੇਗਾ। ਵੀਰਵਾਰ ਨੂੰ ਹੰਗਾਮੀ ਤੌਰ ’ਤੇ ਸੱਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਲੀਡਰਸ਼ਿਪ ਵਲੋਂ ਲਏ ਜਾਣ ਵਾਲੇ ਫੈਸਲੇ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

Sunday, 25 June 2023

ਅਜੌਕੇ ਦੌਰ ਦੀ ਪੱਤਰਕਾਰੀ ਅਤੇ ਸਮਾਜ

ਇਹ ਦੋ ਘਟਨਾਵਾਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਲ 2002 ਤੋਂ 2007 ਦੇ ਰਾਜ ਭਾਗ ਦੀਆਂ ਹਨ। ਪਹਿਲੀ ਘਟਨਾਂ ਖਰੜ੍ਹ ਪੁਲਿਸ ਵਲੋਂ ਪੱਤਰਕਾਰ ਗੌਤਮ ਧੀਰ ਨੂੰ ਗ੍ਰਿਫ਼ਤਾਰ ਕਰਨ ਨਾਲ ਸਬੰਧ ਰੱਖਦੀ ਹੈ। ਗੌਤਮ ਧੀਰ ਉਨ੍ਹਾਂ ਦਿਨਾਂ ਵਿਚ ਇੰਡੀਅਨ ਐਕਸਪ੍ਰੈਸ ਲਈ ਕੰਮ ਕਰਦੇ ਸਨ। ਉਹ ਬਹੁਤ ਤਿੱਖੀ ਖ਼ਬਰ ਲਿਖਦੇ ਸਨ ਜੋ ਹੁਕਮਰਾਨਾਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਚੁੁੱਭਦੀ ਸੀ। ਮੀਡੀਆ ਜਗਤ ਵਿਚ ਜੰਗਲ ਦੀ ਅੱਗ ਵਾਂਗ ਖ਼ਬਰ ਫੈਲ੍ਹ ਗਈ ਕਿ ਪੁਲਿਸ ਨੇ ਗੌਤਮ ਧੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾਂ ਦਾ ਪਤਾ ਲੱਗਣ ’ਤੇ ਚੰਡੀਗੜ੍ਹ ’ਚ ਕੰਮ ਕਰਦੇ ਪੱਤਰਕਾਰ ਪ੍ਰੈੱਸ ਕੱਲਬ ਵਿਚ ਇਕੱਠੇ ਹੋ ਗਏ। ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਸੈਕਟਰ 19 ਸਥਿਤ ਦਫ਼ਤਰ ਵਿਚ ਕਿਸੇ ਸਮਾਗਮ ਵਿਚ ਹਿੱਸਾ ਲੈਣ ਆਏ ਹੋਏ ਸਨ। ਬੱਸ ਫ਼ਿਰ ਕੀ ਸੀ, ਪੱਤਰਕਾਰਾਂ ਨੇ ਬੀਬੀਐਮਬੀ ਦੇ ਦਫ਼ਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਲਿਆ ਅਤੇ ਸਾਰੀ ਗੱਲਬਾਤ ਦੱਸੀ। ਕੈਪਟਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਤੁਸੀਂ ਮੇਰਾ ਘਿਰਾਓ ਕਰੋਗੇ ਤਾਂ ਪੱਤਰਕਾਰਾਂ ਨੇ ਹਾਂ ਵਿਚ ਜਵਾਬ ਦਿੱਤਾ ਕਿ ਏਦਾਂ ਹੀ ਸਮਝ ਲਓ। ਦੋਵੇਂ ਪਾਸਿਓ ਸਵਾਲ ਜਵਾਬ ਵੀ ਹੋਏ। ਚਲੋ ਖੈਰ! ਕੈਪਟਨ ਨੇ ਪੱਤਰਕਾਰਾਂ ਦੀ ਗੱਲ ਸੁਣੀ ਤੇ ਤਤਕਾਲੀ ਡੀ.ਜੀ.ਪੀ, ਐਸ.ਐੱਸ ਵਿਰਕ ਨੂੰ ਪੱਤਰਕਾਰ ਗੌਤਮ ਧੀਰ ਨੂੰ ਛੱਡਣ ਦੇ ਹੁਕਮ ਦੇ ਦਿੱਤੇ। ਉਧਰ ਸੁਮੇਧ ਸੈਣੀ (ਉਦੋਂ ਡੀ.ਆਈ.ਜੀ ਸਨ) ਕਹੇ ਕਿ ਮੈਂ ਗੌਤਮ ਧੀਰ ਨੂੰ ਨਹੀਂ ਛੱਡਣਾ ਬਲਕਿ ਚਾਲਾਨ ਪੇਸ਼ ਕਰੂੰਗਾ। ਵਿਰਕ ਨੇ ਸੁਮੇਧ ਸੈਣੀ ਨੂੰ ਸਪਸ਼ਟ ਰੂਪ ਵਿਚ ਕਿਹਾ ਕਿ ਮੁੱਖ ਮੰਤਰੀ ਸਾਹਿਬ ਦਾ ਹੁਕਮ ਹੈ ਪੱਤਰਕਾਰ ਨੂੰ ਛੱਡ ਦਿਓ। ਪੱਤਰਕਾਰਾਂ ਦੇ ਏਕੇ ਅਤੇ ਦਬਾਅ ਵਿਚ ਪੁਲਿਸ ਨੇ ਪੱਤਰਕਾਰ ਨੂੰ ਰਿਹਾਅ ਕਰ ਦਿੱਤਾ ਹਾਲਾਕਿ ਪੁਲਿਸ ਨੇ ਬਕਾਇਦਾ ਕਾਗਜ਼ਾਂ ਵਿਚ ਗ੍ਰਿਫ਼ਤਾਰੀ ਪਾਈ ਹੋਈ ਸੀ। ਇਹ ਇਕ ਵੱਡੀ ਘਟਨਾਂ ਸੀ ਕਿ ਪੁਲਿਸ ਹਿਰਾਸਤ ਵਿਚੋ ਖਾਸਕਰ ਸੁਮੇਧ ਸੈਣੀ ਵਰਗੇ ਪੁਲਿਸ ਅਫਸਰ ਕੋਲ੍ਹੋ ਕਿਸੇ ਬੰਦੇ ਨੂੰ ਛਡਾਉਣਾ। ਦੂਜੀ ਘਟਨਾ ਵੀ ਪੱਤਰਕਾਰ ਨਾਲ ਸਬੰਧਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਅਕਾਲੀਆਂ ਖਿਲਾਫ਼ ਮੁਹਿੰਮ ਛੇੜੀ ਹੋਈ ਸੀ। ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਅਕਾਲੀ ਮੰਤਰੀਆਂ ’ਤੇ ਕੇਸ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਨੇ ਗੁਰਦਾਸਪੁਰ ਨਾਲ ਸਬੰਧਤ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਗ੍ਰਿਫ਼ਤਾਰ ਕਰ ਲਿਆ। ਲੰਗਾਹ ਦੀ ਗ੍ਰਿਫ਼ਾਤਰੀ ਤੋਂ ਬਾਅਦ ਵਿਜੀਲੈਂਸ ਨੇ ਚੰਡੀਗੜ੍ਹ ਦੇ ਇਕ ਸੀਨੀਅਰ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਨ ਦੀ ਪੂਰੀ ਤਿਆਰੀ ਕਰ ਲਈ।ਇਸਦੀ ਭਿਣਕ ਪੱਤਰਕਾਰਾਂ ਨੂੰ ਪੈ ਗਈ ਤਾਂ ਪੱਤਰਕਾਰ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਕੋਲ੍ਹ ਪੁੱਜ ਗਏ। ਚਰਚਾ ਹੈ ਕਿ ਉਨ੍ਹਾਂ ਦਿਨਾਂ ਵਿਚ ਹਿੰਦੂ ਦੇ ਪੱਤਰਕਾਰ ਸਰਬਜੀਤ ਪੰਧੇਰ ਹੁਰਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫ਼ੀ ਗੂੜੀ ਮਿੱਤਰਤਾ ਸੀ। ਪੰਧੇਰ ਹੁਰਾਂ ਨੇ ਕੈਪਟਨ ਨੂੰ ਸਪਸ਼ਟ ਕਹਿ ਦਿੱਤਾ ਕਿ ਜੇਕਰ ਪੱਤਰਕਾਰ ਨੂੁੰ ਗ੍ਰਿਫ਼ਤਾਰ ਕੀਤਾ ਤਾਂ ਤੁਹਾਡੇ ਦਰਾਂ ਅੱਗੇ ਕਾਲਾ ਝੰਡਾ ਲੈ ਕੇ ਸੱਭਤੋਂ ਪਹਿਲਾਂ ਉਹ ਬੈਠੇਗਾ। ਇਸ ਤਰ੍ਹਾਂ ਪੱਤਰਕਾਰਾਂ ਨੇ ਉਸ ਸੀਨੀਅਰ ਪੱਤਰਕਾਰ, ਜੋ ਹੁਣ ਇੱਕ ਵੈਬਸਾਈਟ ਦਾ ਸੰਪਾਦਕ ਹੈ, ਨੂੰ ਗ੍ਰਿਫ਼ਤਾਰ ਨਹੀਂ ਹੋਣ ਦਿੱਤਾ। ਅਜਿਹੀਆਂ ਹੋਰ ਵੀ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਬੀਤੇ ਦੋ ਦਹਾਕਿਆ ਦੌਰਾਨ ਮੀਡੀਆ ਜਗਤ ਵਿਚ ਢੇਰ ਸਾਰਾ ਬਦਲਾਅ ਹੋਇਆ ਹੈ। ਕੱਲ੍ਹ ਸਵੇਰੇ-ਸਵੇਰੇ ਅਮਲੋਹ, ਫਤਿਹਗੜ੍ਹ ਸਾਹਿਬ ਤੋਂ ਕੁੱਝ ਪੱਤਰਕਾਰ ਸਾਥੀਆਂ ਦਾ ਫੋਨ ਆਇਆ; ਜਿਹਨਾਂ ਦੱਸਿਆ ਕਿ ਅਮਲੋਹ ਪੁਲਿਸ ਨੇ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਰਿਸ਼ੂ ਗੋਇਲ ’ਤੇ ਕੇਸ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਸ ਪੱਤਰਕਾਰ ’ਤੇ ਇੱਟਾਂ ਚੋਰੀ ਕਰਨ ਦਾ ਕੇਸ ਦਰਜ਼ ਕੀਤਾ ਹੈ। ਹਾਲਾਂਕਿ ਪੱਤਰਕਾਰ ਵਲੋਂ ਇੱਟਾਂ ਚੋਰੀ ਕਰਨ ਦਾ ਮਾਮਲਾ ਪਹਿਲੀ ਨਜ਼ਰ ਸ਼ੱਕ ਪੈਦਾ ਕਰਦਾ ਹੈ। ਰਿਸ਼ੂ ਗੋਇਲ ਦੇ ਮਾਮਲੇ ਵਿਚ ਪੁਲਿਸ ਨੇ ਪੱਤਰਕਾਰਾਂ ਦੇ ਵਫ਼ਦ ਕੋਲ੍ਹ ਦੱਬੀ ਅਵਾਜ਼ ਵਿਚ ਇਹ ਮੰਨਿਆ ਹੈ ਕਿ ਸਿਆਸੀ ਦਬਾਅ ਹੇਠ ਪਰਚਾ ਦਰਜ਼ ਕੀਤਾ ਗਿਆ ਹੈ। ਪੱਤਰਕਾਰ ਦਾ ਸਿਰਫ਼ ਐਨਾਂ ਕਸੂਰ ਹੈ ਕਿ ਉਸ ਵਲੋਂ ਛਾਪੀਆ ਜਾ ਰਹੀ ਖ਼ਬਰਾਂ ਹੁਕਮਰਾਨਾਂ ਦੇ ਅਨੁਕੂਲ ਨਹੀਂ ਸਨ ਜਾਂ ਇਹ ਕਹਿ ਲਓ ਕਿ ਸੱਤਾ ਧਿਰ ਦੇ ਵਿਰੁੱਧ ਸਨ। ਰਿਸ਼ੂ ਗੋਇਲ ਹੀ ਨਹੀਂ ਹੋਰ ਵੀ ਕਈ ਪੱਤਰਕਾਰਾਂ ’ਤੇ ਪਿਛਲੇ ਸਮਿਆਂ ਦੌਰਾਨ ਝੂਠੇ ਕੇਸ ਦਰਜ਼ ਹੋਏ ਹਨ ਤੇ ਪੁਲਿਸ ਨੂੰ ਕੇਸ ਵਾਪਸ ਵੀ ਲੈਣੇ ਪਏ ਹਨ। ਹੁਕਮਰਾਨ ਪਾਰਟੀ ਦੇ ਇਕ ਨੇਤਾ ਅਤੇ ਪੁਲਿਸ ਅਧਿਕਾਰੀਆਂ ਨੇ ਪੱਤਰਕਾਰ ’ਤੇ ਕੇਸ ਵਾਪਸ ਲੈਣ ਦਾ ਲੇਖਕ ਨੂੰ ਭਰੋਸਾ ਵੀ ਦਿੱਤਾ ਹੈ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਪੱਤਰਕਾਰ ਦਾ ਪੁਲਿਸ ਰਿਮਾਂਡ ਲਿਆ ਗਿਆ ਅਤੇ ਹੁਣ ਉਹ ਕੁੱਝ ਦਿਨ ਜੇਲ੍ਹ ਵਿਚ ਵੀ ਰਹੇਗਾ, ਉਸਦੀ ਸਮਾਜ, ਪਰਿਵਾਰ ਜਾਂ ਰਿਸ਼ਤੇਦਾਰਾਂ ਵਿਚ ਜੋ ਕਿਰਕਰੀ ਹੋਈ ਹੈ, ਉਸਦੀ ਭਰਪਾਈ ਕੌਣ ਭਰੇਗਾ। ਲੋਕਾਂ ਦੀਆਂ ਨਜ਼ਰਾਂ ਵਿਚ ਇਕ ਪੱਤਰਕਾਰ ਨੂੰ ਚੋਰ ਬਣਾ ਦਿੱਤਾ ਗਿਆ ਹੈ। ਲੋਕਤੰਤਰ ਦਾ ਚੌਥਾ ਥੰਮ ਮੰਨ੍ਹੇ ਜਾਂਦੇ ਮੀਡੀਆ, ਪੱਤਰਕਾਰਾਂ ਦਾ ਲੋਕਾਂ ਅਤੇ ਸਰਕਾਰੀ ਦਰਬਾਰੇ ਚੰਗਾਂ ਅਸਰ ਰਸੂਖ ਰਿਹਾ। ਹੁਕਮਰਾਨਾਂ, ਰਾਜਸੀ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੱਤਰਕਾਰਾਂ ’ਤੇ ਖ਼ਬਰ ਰੋਕਣ ਦਾ ਐਨਾਂ ਦਬਾਅ ਕਦੇ ਨਹੀਂ ਰਿਹਾ ਜਿਸ ਤਰ੍ਹਾਂ ਦਾ ਵਰਤਾਰਾ ਹੁਣ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਪੱਤਰਕਾਰ ਵੀ ਪਹਿਲਾਂ ਵਰਗੇ ਨਹੀਂ ਰਹੇ। ਪ੍ਰੈਸ ਕਲੱਬ ਚੰਡੀਗੜ੍ਹ ਵਲੋਂ ਦਿੱਤੀ ਜਾਂਦੀ ਪਹਿਲੀ ਕਾਲ ਨਾਲ ਪ੍ਰਸ਼ਾਸ਼ਨ ਨੂੰ ਕੰਬਣੀ ਛਿੜ ਜਾਂਦੀ ਸੀ। ਪ੍ਰੈੱਸ ਕਲੱਬ ਤੇ ਅਹੁੱਦੇਦਾਰਾਂ ਦਾ ਆਪਣਾ ਦਬਾਅ ਰਿਹਾ ਹੈ। ਪਰ ਪਿਛਲੇ ਕੁੱਝ ਸਾਲਾਂ ਦੌਰਾਨ ਪੱਤਰਕਾਰਾਂ ਦੇ ਮਾਮਲੇ ਵਿਚ ਪ੍ਰੈੱਸ ਕਲੱਬ ਉਹ ਸਰਗਰਮ ਭੂਮਿਕਾ ਨਹੀਂ ਨਿਭਾਅ ਸਕਿਆ ਜੋ ਕਲੱਬ ਤੋਂ ਉਮੀਦ ਰੱਖੀ ਜਾਂਦੀ ਹੈ। ਚਲੋ ਕੋਈ ਗੱਲ ਨਹੀਂ। ਅਜੇ ਵੀ ਡੁੱਲ੍ਹਾਂ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਪੱਤਰਕਾਰ ਸਮਾਜ ਦਾ ਆਇਨਾ ਹਨ। ਲੋਕਤੰਤਰ ਵਿਚ ਪ੍ਰੈੱਸ ਦੀ ਅਹਿਮ ਭੂਮਿਕਾ ਹੈ ਅਤੇ ਲੋਕਾਂ ਨੂੰ ਮੀਡੀਆ ਤੋਂ ਬਹੁਤ ਉਮੀਦਾ ਹਨ। ਜਦੋਂ ਕਿਸੇ ਨੂੰ ਇਨਸਾਫ਼ ਨਾ ਮਿਲਣ ਵਾਲੇ ਸਾਰੇ ਦਰਵਾਜ਼ੇ ਬੰਦ ਹੁੰਦੇ ਦਿਖਦੇ ਹਨ ਤਾਂ ਉਹ ਪੱਤਰਕਾਰਾਂ ਕੋਲ੍ਹ ਆਉਂਦਾ ਹੈ। ਪੱਤਰਕਾਰਾਂ ਦੀਆਂ ਖ਼ਬਰਾਂ ਨਾਲ ਕਿੰਨੇ ਮਸਲੇ ਹੱਲ ਹੋਏ ਹਨ ਜਾਂ ਕਿੰਨੇ ਵੱਡੇ ਲੋਕਾਂ ਦੇ ਗਲਤ ਕੰਮਾਂ ਦੇ ਭੇਤ ਉਜਾਗਰ ਹੋਏ ਹਨ। ਜਗਰਾਉਂ ਵਿਖੇ ਐਨ.ਆਰ.ਆਈ ਨੂੰ ਮੁੜ ਕੋਠੀ ਦਾ ਕਬਜ਼ਾ ਮਿਲਣ ਦੇ ਮਾਮਲੇ ਵਿਚ ਵੀ ਪ੍ਰੈੱਸ ਦੀ ਭੂਮਿਕਾ ਨੂੰ ਅੱਖੋੋ ਪਰੋਖੇ ਨਹੀਂ ਕੀਤਾ ਜਾ ਸਕਦਾ। ਪਿਛਲੇ ਦਿਨਾਂ ਦੌਰਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਚੰਦਰ ਚੂਹੜ ਨੂੰ ਵੀ ਇਹ ਕਹਿਣਾ ਪਿਆ ਹੈ ਕਿ ਜੇਕਰ ਜ਼ਮਹੂਰੀਅਤ ਬਹਾਲ ਰੱਖਣੀ ਹੈ ਤਾਂ ਪ੍ਰੈੱਸ ਦੀ ਅਜ਼ਾਦੀ ਬਹੁਤ ਜਰੂਰੀ ਹੈ। ਸੋ, ਅਜੇ ਵੀ ਕੁੱਝ ਨਹੀਂ ਵਿਗੜਿਆ। ਸਮੂਹ ਪੱਤਰਕਾਰ ਭਾਈਚਾਰੇ ਨੂੰ ਇਕੱਠਾ ਹੋਣ ਅਤੇ ਲੋਕ ਹਿਤ ਵਿਚ ਕਦਮ ਚੁੱਕਣ ਵੱਲ੍ਹ ਵੱਧਣਾ ਚਾਹੀਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋ ਇੱਕ ਇਕ ਕਰਕੇ ਸਾਰੇ ਸ਼ਿਕਾਰ ਹੁੰਦੇ ਰਹੋਗੇ। ਬਾਕੀ ਹੁਕਮਰਾਨਾਂ ਨੂੰ ਵੀ ਇਹ ਗੱਲ ਪੱਲ੍ਹੇ ਬੰਨ ਲੈਣੀ ਚਾਹੀਦੀ ਹੈ ਕਿ ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਜੈ ਸਿੰਘ ਛਿੱਬਰ 9855452043

Wednesday, 3 May 2023

ਰੋਸ ਆਈਲੈਂਡ : ਅਜ਼ਾਦ ਭਾਰਤ ਤੋਂ ਪਹਿਲਾਂ ਬ੍ਰਿਟੇਨ ਸ਼ਾਸ਼ਕ ਇੱਥੋਂ ਚਲਾਉਂਦੇ ਸਨ ਸ਼ਾਸ਼ਨ

ਰੋਸ ਆਈਲੈਂਡ ਅੰਡੇਮਾਨ-ਨਿਕੋਬਾਰ ਦੀਪ ਸਮੂਹ ਦਾ ਸੱਭ ਤੋਂ ਛੋਟਾ ਅਤੇ ਬੇ-ਅਬਾਦ ਟਾਪੂ ਹੈ। ਰੋਸ ਆਈਲੈਂਡ, ਜਿਸਨੂੰ ਲੀਟਲ ਨੀਲ ਆਈਲੈਂਡ ਵੀ ਕਿਹਾ ਜਾਂਦਾ ਹੈ ;ਪੋਰਟ ਬਲੇਅਰ ਤੋਂ ਉਤਰ ਪੂਰਬ ਦਿਸ਼ਾਂ ਵੱਲ ਲੱਗਭੱਗ 800 ਮੀਟਰ ਦੂਰੀ ’ਤੇ ਸਥਿਤ ਹੈ। ਅਜ਼ਾਦ ਭਾਰਤ ਤੋਂ ਪਹਿਲਾਂ ਬ੍ਰਿਟੇਨ ਦੇ ਸਾਸ਼ਕ ਰੋਸ ਆਈਲੈਂਡ ਤੋਂ ਹੀ ਆਪਣਾ ਸ਼ਾਸ਼ਨ ਚਲਾਉਦੇ ਸਨ। ਬ੍ਰਿਟੇਨ ਦੇ ਸ਼ਾਸ਼ਕਾਂ ਦੇ ਪ੍ਰਬੰਧਕੀ ਦਫ਼ਤਰ ਅਤੇ ਰਿਹਾਇਸ਼ ਇਸ ਟਾਪੂ ’ਤੇ ਸਥਿਤ ਸੀ। ਇਸ ਟਾਪੂ ਤੋਂ ਸੈਲੂਅਰ ਜੇਲ੍ਹ ਸਪਸ਼ਟ ਨਜ਼ਰ ਆਉਂਦੀ ਹੈ। ਦੱਸਿਆ ਜਾਂਦਾ ਹੈ ਕਿ ਬ੍ਰਿਟੇਨੀ ਸ਼ਾਸ਼ਕ ਸੈਲੂਅਰ ਜੇਲ੍ਹ ਦੀ ਹਰ ਗਤੀਵਿਧੀ ਦੀ ਨਜ਼ਰ ਇੱਥੋਂ ਰੱਖਦੇ ਸਨ। ਸੈਲਾਨੀ ਜਾਂ ਘੁਮੱਕੜ ਪੋਰਟ ਬਲੋਅਰ ਤੋਂ ਮੋਟਰ ਬੋਟ (ਕਿਸ਼ਤੀ) ਰਾਹੀਂ ਰੋਸ ਆਈਲੈਂਡ (ਟਾਪੂ) ’ਤੇ ਪਹੁੰਚਦੇ ਹਨ। ਭਾਵੇਂ ਇਹ ਟਾਪੂ ਬੇਅਬਾਦ ਹੈ ਪਰ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਹੋਰਨਾਂ ਟਾਪੂਆਂ ਦੀ ਸੈਰ ਕਰਨ ਵਾਲੇ ਸੈਲਾਨੀ ਇਸ ਟਾਪੂ ’ਤੇ ਜਰੂਰ ਜਾਂਦੇ ਹਨ। ਇਹ ਟਾਪੂ ਆਪਣੇ ਆਪ ਵਿਚ ਇਕ ਵੱਡੀ ਮਹੱਤਤਾ ਰੱਖਦਾ ਹੈ, ਜਿਸ ਕਰਕੇ ਸੈਲਾਨੀਆਂ ਦੇ ਮਨਾਂ ਵਿਚ ਇਸ ਟਾਪੂ ਨੂੰ ਦੇਖਣ ਦੀ ਖਿੱਚ ਬਣੀ ਰਹਿੰਦੀ ਹੈ। ਬੰਗਾਲ ਦੀ ਖਾੜੀ ਭਾਵ ਚੁਫੇਰਿਓ ਸਮੁੰਦਰੀ ਪਾਣੀ ਵਿਚ ਘਿਰੇ ਉਚੇ- ਲੰਬੇ, ਸੰਘਣੇ ਨਾਰੀਅਲ ਅਤੇ ਸਪਾਰੀ ਦੇ ਦਰਖ਼ਤ, ਹਰ ਭਰੇ ਦਰਖ਼ਤ, ਹਿਰਨਾਂ ਦੇ ਘੁੰਮਦੇ ਵੱਗ ਤੇ ਮੋਰ ਇਸ ਟਾਪੂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ। ਦਿਲਚਸਪ ਗੱਲ ਹੈ ਕਿ ਇੱਥੇ ਹਿਰਨ ਬੰਦਿਆਂ ਜਾਂ ਸੈਲਾਨੀਆਂ ਨੂੰ ਦੇਖਕੇ ਭੱਜਦੇ ਨਹੀਂ ਬਲਕਿ ਨੇੜ੍ਹੇ ਆਉਂਦੇ ਹਨ। ਨੌਜਵਾਨ, ਮੁੰਡੇ-ਕੁੜੀਆਂ, ਨਵ ਵਿਆਹੇ ਜੋੜੇ ਜ਼ਿਆਦਾਤਰ ਪੈਦਲ ਘੁੰਮਦੇ ਹਨ,ਜਦਕਿ ਵਡੇਰੀ ਉਮਰ ਦੇ ਸੈਲਾਨੀਆਂ ਨੂੰ ਘੰਮਾਉਣ ਲਈ ਗੌਲਫ ਕਾਰਡ (ਬੈਟਰੀ ਵਾਲੀ ਗੱਡੀ) ਦਾ ਪ੍ਰਬੰਧ ਵੀ ਹੈ; ਪਰ ਇਸਦਾ ਕਿਰਾਇਆ ਥੋੜ੍ਹਾ ਜ਼ਿਆਦਾ ਹੋਣ ਕਰਕੇ ਚੁੱਭਦਾ ਹੈ। ਦੱਸਿਆ ਜਾਂਦਾ ਹੈ ਕਿ ਬ੍ਰਿਟਿਸ਼ ਸੈਨਿਕਾਂ ਲਈ 19 ਵੀਂ ਸਦੀ ਦੇ ਬ੍ਰਿਟਿਸ਼ ਵਸਤੂਸਾਸ਼ਤਰ ਦੇ ਅਨੁਸਾਰ ਵਿਸ਼ਾਲ ਬੈਰਕਾਂ ਦਾ ਨਿਰਮਾਣ ਕੀਤਾ ਗਿਆ ਸੀ। ਬੈਰਕਾਂ ਵਿਚ ਬ੍ਰਿਟਿਸ਼ ਸੈਨਿਕ ਰਹਿੰਦੇ ਸਨ ਅਤੇ ਦੱਖਣ ਵਾਲੇ ਰਸੋਈ ਘਰ ਤੇ ਮੰਨੋਰੰਜਨ ਲਈ ਟੈਨਿਸ ਕੋਰਟ ਬਣਿਆ ਹੋਇਆ ਸੀ। ਪ੍ਰੇਸਬਾਈਟੇਰੀਅਨ ਗਿਰਜ਼ਾਘਰ ਦਾ ਨਿਰਮਾਣ ਲਈ ਸ਼ਾਨਦਾਰ ਪੱਥਰ ਤੇ ਖਿੜਕੀਆਂ ਬਰਮਾਂ ਤੋਂ ਲਿਆਂਦੀਆਂ ਗਈਆਂ ਸਨ। ਸ਼ੀਸ਼ਮ ਦੀ ਲੱਕੜੀ ਤੇ ਗਲਾਸ ਇਟਲੀ ਤੋਂ ਲਿਆਂਦੀ ਗਈ ਸੀ। ਲੱਕੜੀ ਇੰਨੀ ਮਜਬੂਤ ਸੀ ਕਿ ਕੁਦਰਤੀ ਆਫ਼ਤਾਂ ਦੇ ਬਾਵਜੂਦ 100 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਠੀਕ ਹਾਲਤ ਵਿਚ , ਪਰ ਹੁਣ ਬ੍ਰਿਟੇਨ ਦੇ ਸ਼ਾਸ਼ਕਾਂ ਦੇ ਖੰਡਰਾਤ ਹੋਏ ਪ੍ਰਬੰਧਕੀ ਦਫ਼ਤਰਾਂ ਦੀਆਂ ਇਮਾਰਤਾਂ ਅਤੇ ਵੱਡੀਆਂ ਰਿਹਾਇਸ਼ਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਇਹ ਖੰਡਰਾਤ ਬਤਾਤੇ ਹੈ ਕਿ ਇਮਾਰਤਾਂ ਕਿਤਨੀ ਬੁਲੰਦ ਹੋਗੀ। ਗਿਰਜ਼ਾਘਰ ਦੀ ਇਮਾਰਤ ਵੀ ਢਹਿ ਢੇਰੀ ਹੋ ਚੁੱਕੀ ਹੈ। ਤੈਰਾਕੀ ਪੂਲ, ਕਲੱਬ, ਦਫ਼ਤਰ, ਪਾਵਰ ਪਲਾਂਟ, ਪੀਣ ਵਾਲਾ ਪਾਣੀ ਸਾਫ਼ ਕਰਨ ਲਈ ਬਣਿਆ ਫਿਲਟਰ ਪਲਾਂਟ ਬੁਰੀ ਤਰ੍ਹਾਂ ਨਸ਼ਟ ਹੋ ਚੁੱਕਾ ਹੈ ਪਰ ਇਹ ਇਮਾਰਤਾਂ ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ ਕਿ ਭਾਰਤ ’ਤੇ ਰਾਜ਼ ਕਰਨ ਵਾਲੇ ਗੋਰੇ ਆਪਣਾ ਸ਼ਾਹੀ ਜੀਵਨ ਬਿਤਾਉਂਦੇ ਸਨ। ਦਿਲਚਸਪ ਗੱਲ ਹੈ ਕਿ ਅੰਗਰੇਜ਼ਾਂ ਜਾਂ ਬ੍ਰਿਟੇਨ ਸ਼ਾਸ਼ਕਾਂ ਨਾਲ ਸਬੰਧਤ ਨਿਸ਼ਾਨੀਆਂ, ਇਮਾਰਤਾਂ ਭਾਵੇਂ ਖਤਮ ਹੋ ਰਹੀਆਂ ਹਨ, ਪਰ ਭਾਰਤ ਦੀ ਅਜ਼ਾਦੀ ਦੀ ਲੜ੍ਹਾਈ ਲੜ੍ਹਨ ਵਾਲੇ ਕ੍ਰਾਂਤੀਕਾਰੀਆਂ ਦੀ ਮੱਦਦ ਕਰਨ ਵਾਲੇ ਫਰਜੰਦ ਅਲੀ ਦੇ ਨਾਮ ’ਤੇ ਇਕ ਸਟੋਰ (ਇਮਾਰਤ) ਦਾ ਨਾਮ ਫਰਜੰਦ ਅਲੀ ਸਟੋਰ ਰੱਖਿਆ ਹੋਇਆ ਹੈ, ਜਿਸਨੂੰ ਜਰੂਰ ਸੰਭਾਲਿਆ ਜਾ ਰਿਹਾ ਹੈ। ਇਸ ਟਾਪੂ ਤੋਂ ਸੈਲੂਅਰ ਜੇਲ੍ਹ ਸਪਸ਼ਟ ਨਜ਼ਰ ਆਉਂਦੀ ਹੈ। ਦੱਸਿਆ ਜਾਂਦਾ ਹੈ ਕਿ ਸੈਲੂਅਰ ਜੇਲ੍ਹ ਦੀ ਹਰ ਗਤੀਵਿਧੀ ਦੀ ਨਜ਼ਰ ਇੱਥੋਂ ਹੀ ਰੱਖੀ ਜਾਂਦੀ ਸੀ। ਭਾਵੇਂ ਕਿ ਰੋਸ ਆਈਲੈਂਡ ਨੂੰ ਬੇ-ਅਬਾਦ ਟਾਪੂ ਕਿਹਾ ਜਾਂਦਾ ਹੈ,ਪਰ ਇਸ ਟਾਪੂ ’ਤੇ ਭਾਰਤੀ ਫੌਜ ਦੇ ਕੁੱਝ ਜਵਾਨਾਂ ਅਤੇ ਟਾਪੂ ਦੀ ਸਾਂਭ ਸੰਭਾਲ ਵਿਚ ਲੱਗੇ ਮੁਲਾਜ਼ਮ ਠਹਿਰਦੇ ਹਨ। ਆਮ ਲੋਕਾਂ ਭਾਵ ਸੈਲਾਨੀਆਂ ਦੇ ਠਹਿਰਣ ਦਾ ਕੋਈ ਪ੍ਰਬੰਧ ਨਹੀਂ। ਯਾਨੀ ਸੈਲਾਨੀਆਂ ਨੂੰ ਸੂਰਜ ਛਿਪਣ ਤੋਂ ਪਹਿਲਾਂ ਹੀ ਵਾਪਸ ਪੋਰਟ ਬਲੇਅਰ ਭੇਜ ਦਿੱਤਾ ਜਾਂਦਾ ਹੈ। ਹੁੰਮਸ ਭਰੇ ਮੌਸਮ ਵਿਚ ਹਲਕੀ ਚਲਦੀ ਹਵਾਂ ਮਨ ਨੂੰ ਠੰਡਕ ਤੇ ਸਕੂਨ ਦਿੰਦੀ ਹੈ। ਵਿਦੇਸ਼ਾਂ ਦੀ ਸੈਰ ਕਰਨ ਵਾਲਿਆਂ ਨੂੰ ਭਾਰਤ ਦੇ ਇਨ੍ਹਾਂ ਟਾਪੂਆਂ ਦਾ ਆਨੰਦ ਵੀ ਲੈਣਾ ਚਾਹੀਦਾ ਹੈ। ਭਾਰਤ ਸਰਕਾਰ ਨੇ ਹੋਰਨਾਂ ਟਾਪੂਆਂ ਦੀ ਤਰ੍ਹਾਂ ਰੋਸ ਆਈਲੈਂਡ ਦਾ ਨਾਮ ਬਦਲਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਰੱਖ ਦਿੱਤਾ ਹੈ, ਪਰ ਸੈਲਾਨੀਆਂ ਇੱਥੋਂ ਤੱਕ ਕਿ ਪੋਰਟ ਬਲੇਅਰ ਦੇ ਵਾਸੀਆਂ ਦੀ ਜ਼ੁਬਾਨ ’ਤੇ ਰੋਸ ਆਈਲੈਂਡ ਹੀ ਚੜ੍ਹਿਆ ਹੋਇਆ ਹੈ। ਜੈ ਸਿੰਘ ਛਿੱਬਰ 9855452043