Friday, 28 June 2019

ਸੁਖਬੀਰ ਬਾਦਲ ਨੇ ਕੀਤਾ ਅੰਮ੍ਰਿਤਪਾਨ!


ਸ੍ਰੀ ਸਾਹਿਬ ਪਾਉਣ ਦੇ ਮੁੱਦੇ 'ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੇ ਹਨ ਸੁਖਬੀਰ

ਜੈ ਸਿੰਘ ਛਿੱਬਰ,
ਚੰਡੀਗੜ੍ਹ :ਅੰਮ੍ਰਿਤਪਾਨ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੇ ੍ਰਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਸਾਹਿਬ ਧਾਰਨ ਕਰ ਲਈ ਹੈ। ਪੰਥਕ ਮੁੱਦਿਆ ਖਾਸ ਕਰਕੇ ਅਕਾਲੀ ਦਲ ਦਾ ਪ੍ਰਧਾਨ ਅੰਮ੍ਰਿਤਧਾਰੀ ਹੋਣ ਦੇ ਮੁੱਦੇ 'ਤੇ ਉਹ ਪੰਜਾਬ ਵਿਧਾਨ ਸਭਾ ਵਿਚ ਉਦੋਂ ਬੁਰੀ ਤਰ੍ਹਾਂ ਘਿਰ ਗਏ ਸਨ, ਜਦੋਂ ਸਦਨ ਵਿਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਖਬੀਰ ਬਾਦਲ ਨੂੰ ਸ੍ਰੀ ਸਾਹਿਬ ਦਿਖਾਉਣ ਦੀ ਚੁਣੌਤੀ ਦਿੱਤੀ ਸੀ।
ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ 'ਤੇ ਸਿਆਸੀ ਵਿਰੋਧੀਆਂ ਵਲੋਂ ਪੰਥਕ ਮੁੱਦਿਆਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਉਂਦੇ ਰਹੇ ਹਨ। ਅਕਾਲੀ ਭਾਜਪਾ ਸਰਕਾਰ ਦੌਰਾਨ ਅਕਤੂਬਰ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਣ ਅਤੇ ਬੇਅਦਬੀ ਦੀਆਂ ਘਟਨਾਵਾਂ, ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਦੇਣ 'ਤੇ ਲੋਕਾਂ ਵਿਚ ਅਕਾਲੀ ਦਲ ਪ੍ਰਤੀ ਗੁੱਸੇ ਦੀ ਲਹਿਰ ਪੈਦਾ ਹੋ ਗਈ ਸੀ। ਇਕ ਵਾਰ ਅਜਿਹੇ ਹਾਲਾਤ ਪੈਦਾ ਹੋ ਗਏ ਸਨ ਕਿ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਅਕਾਲੀ ਆਗੂਆਂ, ਮੰਤਰੀਆਂ ਨੂੰ ਲੋਕਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਸੀ ਤੇ ਪਿੰਡਾਂ ਵਿਚ ਮੰਤਰੀਆਂ ਨੇ ਜਾਣਾ ਬੰਦ ਕਰ ਦਿੱਤਾ ਸੀ। ਲੋਕਾਂ ਦੇ ਗੁੱਸੇ ਦਾ ਖਮਿਆਜ਼ਾ ਅਕਾਲੀ ਦਲ ਨੂੰ 2017 ਦੀਆਂ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਭੁਗਤਣਾ ਪਿਆ ਅਤੇ ਲਗਾਤਾਰ ਦਸ ਸਾਲ ਰਾਜ ਭਾਗ ਭੋਗਣ ਵਾਲੇ ਅਕਾਲੀ ਦਲ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਦਰਜ਼ਾ ਵੀ ਨਹੀਂ ਮਿਲ ਸਕਿਆ। ਹੁਣ ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਅਕਾਲੀ ਦਲ ਸਿਰਫ਼ ਦੋ ਸੀਟਾਂ 'ਤੇ ਹੀ ਸਿਮਟ ਗਿਆ। ਸੁਖਬੀਰ ਬਾਦਲ ਵਲੋਂ ਅੰਮ੍ਰਿਤ ਛਕਣ ਬਾਰੇ ਸਹੀ ਵੇਰਵੇ ਭਾਵੇਂ ਉਪਲਬਧ ਨਹੀਂ ਹੋ ਸਕੇ, ਪ੍ਰੰਤੂ ਅੱਜ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਵਲੋਂ ਪਾਇਆ ਗਾਤਰਾ (ਸ਼੍ਰੀ ਸਾਹਿਬ) ਸਪਸ਼ਟ ਦਿਖ ਰਿਹਾ ਸੀ। ਜਿਸਤੋਂ ਸਪਸ਼ਟ ਹੁੰਦਾ ਹੈ ਕਿ ਸੁਖਬੀਰ ਬਾਦਲ ਵਲੋਂ ਵਿਰੋਧੀਆਂ ਦਾ ਮੂੰਹ ਬੰਦ ਕਰਨ ਲਈ ਅੰਮ੍ਰਿਤਪਾਨ ਕਰ ਲਿਆ ਗਿਆ ਹੈ।
ਵਰਨਣਯੋਗ ਹੈ ਕਿ ਕੈਪਟਨ ਸਰਕਾਰ ਖਿਲਾਫ਼ ਅਕਾਲੀ ਦਲ ਵਲੋਂ ਕੀਤੇ ਗਏ ਮੁਜ਼ਾਹਰੇ ਦੌਰਾਨ ਸੈਕਟਰ 25 ਚੰਡੀਗੜ੍ਹ ਵਿਖੇ ਜਦੋਂ ਚੰਡੀਗੜ੍ਹ ਪੁਲਿਸ ਨੇ ਅਕਾਲੀ ਆਗੂਆਂ, ਵਰਕਰਾਂ ਤੇ ਪਾਣੀ ਦੀਆਂ ਵੋਛਾੜਾਂ ਛੱਡੀਆਂ ਸਨ ਤਾਂ ਸੁਖਬੀਰ ਬਾਦਲ ਦੀਆਂ ਪੰਜ ਕਰਾਰਾਂ ਤੋਂ ਰਹਿਤ ਫੋਟੋਆਂ ਸੋਸ਼ਲ ਵੀਡਿਓ 'ਤੇ ਵਾਇਰਲ ਹੋਈਆਂ ਸਨ। ਪੰਥਕ ਮੁੱਦਿਆਂ 'ਤੇ ਵਿਧਾਨ ਸਭਾ ਵਿਚ ਕਈ ਵਾਰ ਵਿਰੋਧੀਆਂ ਨੇ ਸੁਖਬੀਰ ਬਾਦਲ ਲਈ ਚੁਣੌਤੀ ਖੜ੍ਹੀ ਕੀਤੀ ਸੀ। ਖਾਸਕਰਕੇ ਜਦੋਂ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਬੀਰ ਬਾਦਲ ਨੂੰ ਆਪਣੀ ਸ੍ਰੀ ਸਾਹਿਬ ਦਿਖਾਉਣ ਦੀ ਚੁਣੌਤੀ ਦਿੱਤੀ ਸੀ ਤਾਂ ਉਹ ਵੱਡੀ ਮੁਸ਼ਕਲ ਵਿਚ ਫਸ ਗਏ ਸਨ ਅਤੇ ਸਦਨ ਵਿਚ ਕੋਈ ਜਵਾਬ ਨਾ ਦੇ ਸਕੇ।

ਨਸ਼ੇ ਤੇ ਬੇਅਬਦੀ ਮਾਮਲੇ ਵਿਚ ਜੇ ਅਸੀਂ ਕੁੱਝ ਨਾ ਕੀਤਾ ਤਾਂ ਲੋਕ ਮਾਫ਼ ਨਹੀਂ ਕਰਨਗੇ : ਰੰਧਾਵਾ


--
---ਜਦੋਂ ਮੇਰੀ ਗਲਤੀ ਹੋਈ ਤਾਂ ਇਕ ਸੈਕਿੰਡ 'ਚ ਅਸਤੀਫ਼ਾ ਦੇ ਦੇਵਾਂਗਾ : ਰੰਧਾਵਾਂ
ਜੈ ਸਿੰਘ ਛਿੱਬਰ, ਚੰਡੀਗੜ੍ਹ : 
“ਇੰਚਾਰਜ ਮਨਿਸਟਰ ਹੋਣ ਕਰਕੇ ਗੱਲ ਮੇਰੇ 'ਤੇ ਆਉਂਦੀ ਹੈ, ਮੈਂ ਜਿੰਮੇਵਾਰੀ ਤੋਂ ਮੁਕਰਦਾ ਨਹੀਂ ਹਾਂ, ਮੈਂ ਕੁੱਝ ਛੁਪਾਕੇ ਨਹੀਂ ਰੱਖਦਾ, ਜਦੋਂ ਲੱਗਿਆ ਕਿ ਮੇਰੇ ਕਰਕੇ ਜਾਂ ਮੇਰੀ ਗਲਤੀ ਕਰਕੇ ਗਲਤ ਹੋਇਆ ਹੈ ਤਾਂ ਇਕ ਸੈਕਿੰਡ ਵਿਚ ਅਸਤੀਫ਼ਾ ਦੇ ਦੇਵਾਂਗਾ। ” ਇਹ ਗੱਲ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਲੁਧਿਆਣਾ ਜੇਲ੍ਹ ਵਿਚ ਕੈਦੀਆਂ 'ਚ ਹੋਈ ਝੜਪ ਦੇ ਮਾਮਲੇ ਵਿਚ ਵਿਰੋਧੀਆਂ ਵਲੋਂ ਮੰਗੇ ਗਏ ਅਸਤੀਫ਼ੇ ਦੇ ਜਵਾਬ ਵਿਚ ਕਹੀ।
ਬੇਬਾਕੀ ਨਾਲ ਗੱਲ ਕਰਨ ਵਾਲੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਕੁੱਝ  ਚੁਨਿੰਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਤੋਂ (ਰੰਧਾਵਾਂ) ਅਸਤੀਫ਼ਾ ਮੰਗਣ ਵਾਲਿਆਂ ਨੇ ਨਸ਼ੇ ਅਤੇ ਬੇਅਦਬੀ ਕਰਵਾਉਣ ਅਤੇ ਡੇਰਾ ਮੁਖੀ ਨੂੰ ਮਾਫ਼ੀ ਦੇਣ ਦੇ ਦੋਸ਼ ਲੱਗਣ ਵੇਲ੍ਹੇ ਅਸਤੀਫ਼ਾ ਕਿਉਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਦਿਨ ਮੇਰੀ ਗਲਤੀ ਨਾਲ ਕੁੱਝ ਹੋਇਆ ਤਾਂ ਮੈਂ ਇਕ ਸੈਕਿੰਡ ਵਿਚ ਅਸਤੀਫ਼ਾ ਦੇ ਦੇਵਾਂਗਾ। 
ਰੰਧਾਵਾਂ ਨੇ ਕਿਹਾ ਕਿ ਪੰਜਾਬੀਆਂ ਨੇ ਕੈਪਟਨ ਦੀ ਅਗਵਾਈ ਹੇਠ ਵਿਧਾਨ ਸਭਾ 'ਚ 78 ਤੇ ਹੁਣ ਲੋਕ ਸਭਾ ਚੋਣਾਂ ਵਿਚ ਅੱਠ ਸੀਟਾਂ 'ਤੇ ਜਿੱਤ ਦਿਵਾਈ ਹੈ ਅਤੇ ਉਹ ਕੈਪਟਨ ਸਾਹਿਬ ਨੂੰ ਕਹਿਣਗੇ ਕਿ ਭੋਲੇ ਡਰੱਗ ਮਾਮਲੇ ਵਿਚ ਕੁੱਝ ਕਰੀਏ ਅਤੇ ਨਸ਼ੇ ਦੇ ਤਸਕਰਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰੀਏ? ਜੇਕਰ ਅਸੀਂ ( ਕੈਪਟਨ ਸਰਕਾਰ) ਕੁੱਝ ਨਾ ਕਰ ਸਕੇ ਤਾਂ  ਪੰਜਾਬ ਦੇ ਲੋਕ ਸਾਨੂੰ ਮਾਫ਼ ਨਹੀਂ ਕਰਨਗੇ। 
ਉਨ੍ਹਾਂ ਕਿਹਾ ਕਿ ਈ.ਡੀ ਮਾਮਲਾ ਅਤੇ ਡਰੱਗ ਮਾਮਲੇ ਵਿਚ ਹੋ ਰਹੀ ਦੇਰੀ ਕਾਂਗਰਸ ਲਈ ਨੁਕਸਾਨ ਸਾਬਿਤ ਹੋ ਸਕਦੀ ਹੈ। 
ਨਾਭਾ ਜੇਲ੍ਹ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਦੇ ਜਵਾਬ ਵਿਚ ਰੰਧਾਵਾਂ ਨੇ ਕਿਹਾ ਕਿ ਇਹ ਇਕ ਵੱਡੀ ਸਾਜਿਸ਼ ਹੈ। ਰੰਧਵਾਂ ਨੇ ਕਿਹਾ ਕਿ ਜੋ ਸਿੰਘ ਸੋਧਾ ਲਾਉਣ ਦੀ ਗੱਲ ਕਰ ਰਹੇ ਹਨ ਉਨ੍ਹਾਂ ਨੇ ਸਿੱਖ ਕੌਮ ਦਾ ਵੱਡਾ ਨੁਕਸਾਨ ਕੀਤਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦਾ ਬਿੱਟੂ ਮੁੱਖ ਦੋਸ਼ੀ ਸੀ, ਉਸ ਰਾਹੀਂ ਜਾਂਚ ਅੱਗੇ ਵੱਧ ਰਹੀ ਸੀ। ਇਸ ਤਰ੍ਹਾਂ ਬਿੱਟੂ ਦੀ ਹੱਤਿਆ ਕਰਕੇ ਜਾਂਚ ਦਫਨ ਕਰਕੇ ਰੱਖ ਦਿੱਤੀ ਹੈ।

ਆਪ ਦੇ ਜਥੇਬੰਦਕ ਢਾਂਚੇ ਵਿਚ ਹੋਵੇਗਾ ਬਦਲਾਅ, ਕੰਮ ਨਾ ਕਰਨ ਵਾਲੇ ਆਗੂਆਂ ਦੀ ਹੋ ਸਕਦੀ ਹੈ ਛੁੱਟੀ



ਕੇਜਰੀਵਾਲ ਨੇ 29 ਨੂੰ ਮੀਟਿੰਗ ਬੁਲਾਈ. ਵਿਧਾਇਕ ਤੇ ਜਿਲ੍ਹਾ ਪ੍ਰਧਾਨ ਹੋਣਗੇ ਸ਼ਾਮਲ


ਜੈ ਸਿੰਘ ਛਿੱਬਰ,
ਚੰਡੀਗੜ੍ਹ : ਪੰਜਾਬ ਵਿਚ ਧੜੇਬੰਦੀ ਦਾ ਸ਼ਿਕਾਰ ਆਮ ਆਦਮੀ ਪਾਰਟੀ ਮੁੜ ਤੋਂ ਪੈਰ ਜਮਾਉਣ ਲਈ ਪਾਰਟੀ ਹਾਈਕਮਾਨ ਜਥੇਬੰਦਕ ਢਾਂਚੇ ਵਿਚ ਵੱਡਾ ਬਦਲਾਅ ਕਰਨ ਦੇ ਮੂਡ ਵਿਚ ਹੈ। ਪਾਰਟੀ ਦੇ ਅਹੁੱਦੇ ਲੈ ਕੇ ਕੰਮ ਨਾ ਕਰਨ ਵਾਲੇ ਆਗੂਆਂ ਨੂੰ ਪਾਰਟੀ ਤੋਂ  ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਜਾਂ ਫਿਰ ਉਨ੍ਹਾਂ ਦੀ ਥਾਂ ਨਵੇਂ ਆਗੂਆਂ ਨੂੰ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਜਾਣਕਾਰੀ ਅਨੁਸਾਰ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਪਾਰਟੀ ਦੀਆਂ ਗਤੀਵਿਧੀਆਂ ਤੋਂ ਖੁਸ਼ ਨਹੀਂ ਹਨ। ਪਾਰਟੀ ਦੀ ਗਤੀਵਿਧੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ, ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹੋਈ ਹਾਰ 'ਤੇ ਮੰਥਨ ਕਰਨ ਲਈ ਕੇਜਰੀਵਾਲ ਨੇ 29 ਜੂਨ ਨੂੰ ਦਿੱਲੀ ਵਿਖੇ ਪੰਜਾਬ ਦੇ ਆਗੂਆਂ ਦੀ ਮੀਟਿੰਗ ਬੁਲਾਈ ਹੈ। ਮੀਟਿੰਗ ਵਿਚ ਪਾਰਟੀ ਦੇ ਪ੍ਰਧਾਨ, ਸਮੂਹ ਵਿਧਾਇਕਾਂ, ਜਿਲ੍ਹਾ ਪ੍ਰਧਾਨ, ਹਲਕਾ ਇੰਚਾਰਜ਼ ਅਤੇ ਲੋਕ ਸਭਾ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਬੁਲਾਇਆ ਗਿਆ ਹੈ। ਸੂਤਰ ਦੱਸਦੇ ਹਨ ਕਿ ਮੀਟਿੰਗ ਵਿਚ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਅਤੇ ਗੁੱਟਬਾਜ਼ੀ 'ਤੇ ਮੰਥਨ ਹੋਵੇਗਾ। ਇਸਤੋਂ ਬਾਅਦ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਬਦਲਾਅ ਕੀਤਾ ਜਾਵੇਗਾ।
ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਵਲੋਂ ਚੰਡੀਗੜ੍ਹ ਵਿਖੇ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਸਨ। ਇਨ੍ਹਾਂ ਮੀਟਿੰਗਾਂ ਵਿਚ ਜ਼ਿਆਦਾਤਰ ਉਮੀਦਵਰਾਂ ਨੇ ਪਾਰਟੀ ਦੇ ਅਹੁੱਦੇਦਾਰਾਂ ਵਲੋਂ ਉਨ੍ਹਾਂ ਦਾ ਸਮਰਥਨ ਨਾ ਕਰਨ ਦਾ ਦੁੱਖ਼ੜਾ ਰੋਇਆ ਸੀ। ਇਥੋਂ ਤੱਕ ਕਿ ਪਾਰਟੀ ਦੇ ਕਈ ਵਿੰਗਾਂ ਦੇ ਮੁਖੀਆਂ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਸਨ, ਜਿਨ੍ਹਾਂ ਨੇ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੀ ਮੱਦਦ ਨਹੀਂ ਕੀਤੀ।
ਪਾਰਟੀ ਦੇ ਇਕ ਆਗੂ ਨੇ ਜਥੇਬੰਦਕ ਢਾਂਚੇ ਵਿਚ  ਬਦਲਾਅ ਦੀਆਂ ਸੰਭਾਵਨਾਵਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਆਪ ਵਲੋਂ ਸ਼ੁਰੂ ਕੀਤੇ ਗਏ ਬਿਜਲੀ ਅੰਦੋਲਨ ਦੇ ਜ਼ਰੀਏ ਕ੍ਰਾਸ ਚੈੱਕ ਕੀਤਾ ਜਾ ਰਿਹਾ ਹੈ। ਜਿਹੜੇ ਆਗੂ, ਅਹੁੱਦੇਦਾਰ ਬਿਜਲੀ ਅੰਦੋਲਨ ਵਿਚ ਪਾਰਟੀ ਦਾ ਸਾਥ ਨਹੀਂ ਦੇਣਗੇ ਜਾਂ ਕੰਮ ਨਹੀਂ ਕਰਨਗੇ, ਉਨ੍ਹਾਂ ਦੀਆਂ ਫੀਤੀਆਂ ਉਤਾਰੀਆ ਜਾ  ਸਕਦੀਆਂ ਹਨ। ਪਰ, ਇਹ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਵਲੋਂ ਲਏ ਗਏ ਫੈਸਲੇ 'ਤੇ ਨਿਰਭਰ ਹੋਵੇਗਾ ਕਿ ਉਹ ਗਤੀਵਿਧੀਆਂ ਤੇਜ਼ ਕਰਨ ਜਾਂ ਪੰਜਾਬ ਲੀਡਰਸ਼ਿਪ ਨੂੰ ਫੈਸਲੇ ਲੈਣ ਲਈ ਅਧਿਕਾਰ ਦੇਣਗੇ ਜਾਂ ਨਹੀਂ।
ਇਥੇ ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਧੜੇਬੰਦੀ ਦਾ ਸ਼ਿਕਾਰ ਹੈ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਛੇ ਵਿਧਾਇਕਾਂ ਨੂੰ ਲੈ ਕੇ ਅਲੱਗ ਧੜ੍ਹਾ, ਪਾਰਟੀ ਬਣਾ ਚੁੱਕੇ ਹਨ। ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਅਤੇ ਅਮਰਜੀਤ ਸਿੰਘ  ਸੰਦੋਆਂ ਆਪ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ। ਜਦੋਂ ਕਿ ਦਾਖਾ ਤੋਂ ਵਿਧਾਇਕ ਐਚ.ਐਸ ਫੁਲਕਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਵਿਧਾਇਕ ਪਦ ਤੋਂ ਅਸਤੀਫਾ ਦਿੱਤਾ ਹੋਇਆ ਹੈ।
 

Wednesday, 19 June 2019

ਅਯੋਗ ਪੈਨਸ਼ਨਧਾਰਕਾਂ 'ਤੇ ਕੈਪਟਨ ਸਰਕਾਰ ਮਿਹਰਵਾਨ !


 

---19,87,196 ਪੈਨਸ਼ਨਧਾਰਕਾਂ ਦੀ ਕਰਵਾਈ ਸੀ ਵੈਰੀਫਿਕੇਸ਼ਨ
---1624269 ਪੈਨਸ਼ਨਧਾਰਕ ਪਾਏ ਗਏ ਸਨ ਯੋਗ

ਜੈ ਸਿੰਘ ਛਿੱਬਰ,
 ਚੰਡੀਗੜ੍ਹ : ਅਕਾਲੀ ਭਾਜਪਾ ਗਠਜੋੜ ਸਰਕਾਰ ਦੌਰਾਨ ਗਲਤ ਢੰਗ ਨਾਲ ਪੈਨਸ਼ਨ ਲੈ ਕੇ ਸਰਕਾਰੀ ਖ਼ਜ਼ਾਨੇ ਨੂੰ ਕਰੋੜਾ ਰੁਪਏ ਦਾ ਚੂਨਾ ਲਗਾਉਣ ਵਾਲਿਆਂ 'ਤੇ ਕੈਪਟਨ ਸਰਕਾਰ ਮਿਹਰਵਾਨ ਹੁੰਦੀ ਨਜ਼ਰ ਆ ਰਹੀ ਹੈ। ਆਲਾ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਮਾਜਿਕ ਸੁਰੱਖਿਆ ਅਧੀਨ ਗਲਤ ਪੈਨਸ਼ਨ ਲੈਣ ਵਾਲੇ ਇਨ੍ਹਾਂ ਪੈਨਸ਼ਨਧਾਰਕਾਂ ਤੋਂ ਜਿਥੇ ਰਿਕਵਰੀ ਕਰਨਾ ਬਹੁਤ ਔਖਾ ਕਾਰਜ਼ ਹੈ, ਇਸੀ ਤਰ੍ਹਾਂ ਰਿਕਵਰੀ ਕਰਨ 'ਤੇ ਸਰਕਾਰ ਦਾ ਲੱਖਾਂ ਰੁਪਏ ਹੋਰ ਖਰਚ ਆ ਸਕਦੇ ਹਨ।
ਜਾਣਕਾਰੀ ਅਨੁਸਾਰ ਸਾਲ 2017 ਵਿਚ ਸਮਾਜਿਕ ਸੁਰੱਖਿਆ ਵਿਭਾਗ ਦੁਆਰਾ ਵੱਖ ਵੱਖ ਕੈਟਾਗਰੀ ਤਹਿਤ 19,87,196 ਲੱਖ ਪੈਨਸ਼ਨਧਾਰਕਾਂ ਨੂੰ 500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਜਾਂਦੀ ਸੀ। ਸੂਬੇ ਵਿਚ ਸੱਤਾ ਪਰਿਵਰਤਨ ਤੋਂ ਬਾਅਦ ਕੈਪਟਨ ਸਰਕਾਰ ਨੇ ਗਲਤ ਢੰਗ ਨਾਲ  ਪੈਨਸ਼ਨ ਲੈਣ ਵਾਲਿਆਂ ਦੀ ਜਾਂਚ ਪੜਤਾਲ, ਸਰਵੈ ਕਰਵਾਇਆ ਤਾਂ ਵੈਰੀਫਿਕੇਸ਼ਨ ਉਪਰੰਤ 1624269 ਲੱਖ ਪੈਨਸ਼ਨ ਧਾਰਕ ਯੋਗ ਪਾਏ ਗਏ। ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਵਿਚ 51328 ਘੱਟ ਉਮਰ ਵਾਲੇ, 9839 ਵੱਧ ਆਮਦਨ ਵਾਲੇ, 32354 ਵੱਧ ਜ਼ਮੀਨ ਵਾਲੇ, 96525 ਗਲਤ ਪਤਾ ਤੇ 99953 ਗੈਰਹਾਜ਼ਰ ਹੋਣ ਕਾਰਨ ਅਤੇ 72928 ਮੌਤ ਹੋਣ ਕਾਰਨ ਅਯੋਗ ਪਾਏ ਗਏ ਸਨ। ਯਾਨੀ ਉਕਤ ਵਿਅਕਤੀ ਗਲਤ ਢੰਗ ਨਾਲ ਪੈਨਸ਼ਨ ਵਸੂਲਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਂਦੇ ਰਹੇ ਹਨ।
ਸੂਤਰ ਦੱਸਦੇ ਹਨ ਕਿ ਇਕ ਵਾਰ ਸਰਕਾਰ ਨੇ ਰਿਕਵਰੀ ਕਰਨ ਦਾ ਫੈਸਲਾ ਕੀਤਾ ਤਾਂ ਮਿਊੰਸਪਲ ਚੋਣਾਂ ਹੋਣ ਕਰਕੇ ਸਰਕਾਰ ਨੇ ਚੁੱਪੀ ਸਾਧ ਲਈ ਸੀ। ਕਈ ਸਿਆਸਤਦਾਨਾਂ ਨੇ ਤਰਕ ਦਿੱਤਾ ਕਿ ਤਿੰਨ ਲੱਖ ਦੇ ਕਰੀਬ ਲੋਕਾਂ ਤੋਂ ਰਿਕਵਰੀ ਕਰਨਾ ਸੌਖਾ ਕੰਮ ਨਹੀਂ ਹੈ, ਇਸ ਨਾਲ ਕਾਂਗਰਸ ਪਾਰਟੀ ਨੂੰ ਆਉਂਦੀਆਂ ਚੋਣਾਂ ਵਿਚ ਨੁਕਸਾਨ ਹੋ ਸਕਦਾ ਹੈ।
ਦਿਲਚਸਪ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੋ ਸਾਲਾਂ ਦੇ ਵਕਫ਼ੇ ਦੌਰਾਨ  ਪੈਨਸ਼ਨ ਧਾਰਕਾਂ ਦੀ ਗਿਣਤੀ 22, 61,645 ( 01 ਅਪ੍ਰੈਲ 2019) ਲੱਖ 'ਤੇ ਪਹੁੰਚ ਗਈ ਹੈ। ਯਾਨੀ ਦੋ ਸਾਲਾਂ ਦੌਰਾਨ ਛੇ ਲੱਖ ਦੇ ਕਰੀਬ ਪੈਨਸ਼ਨਧਾਰਕ ਵੱਧ ਗਏ ਹਨ, ਜੋ ਕਿ ਸਰਕਾਰ ਲਈ ਚਿੰਤਾਂ ਵਾਲੀ ਗੱਲ ਹੈ। ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਵੈਰੀਫਾਈ ਕਰਨ ਤੋਂ ਬਾਅਦ 79,799 ਲਾਭਪਾਤਰੀ ਮੁੜ ਯੋਗ ਪਾਏ ਗਏ ਸਨ, ਜਿਨ੍ਹਾਂ ਦੀ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਬਣਾਈ ਕਮੇਟੀ ਨੇ ਮੁੜ ਤੋਂ ਪੈਨਸ਼ਨ ਚਾਲੂ ਕਰਨ ਦੀ ਸਿਫਾਰਸ਼ ਕਰ ਦਿੱਤੀ ਸੀ।
ਇਥੇ ਦੱਸਿਆ ਜਾਂਦਾ ਹੈ ਕਿ ਕੈਪਟਨ ਸਰਕਾਰ ਵਲੋਂ ਵਿਧਵਾ, ਅੰਗਹੀਣ, ਬੁਢਾਪਾ, ਦੂਸਰਿਆਂ 'ਤੇ ਨਿਰਭਰ ਬੱਚਿਆ ਨੂੰ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਜਦੋਂਕਿ ਅਕਾਲੀ ਭਾਜਪਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੈਨਸ਼ਨ 250 ਰੁਪਏ ਪ੍ਰ੍ਰਤੀ ਮਹੀਨਾਂ ਤੋਂ ਵਾਧਾ ਕਰਦਿਆਂ 500 ਰੁਪਏ ਕਰ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਜੇਕਰ ਸਿਰਫ਼ ਦੋ ਸਾਲਾਂ ਦੌਰਾਨ ਹੀ ਗਲਤ ਢੰਗ ਨਾਲ ਪੈਨਸ਼ਨ ਲੈਣ ਦਾ ਹਿਸਾਬ ਲਗਾਇਆ ਜਾਵੇ ਤਾਂ ਇਹ ਰਾਸ਼ੀ 360 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਕ ਪਾਸੇ ਸਰਕਾਰ ਸੂਬੇ ਦੀ ਵਿੱਤੀ ਹਾਲਤ ਖਰਾਬ ਹੋਣ ਦੀ ਦੁਹਾਈ ਦੇ ਰਹੀ ਹੈ, ਦੂਸਰੇ ਪਾਸੇ ਖ਼ਜਾਨੇ ਨੂੰ ਚੂਨਾ ਲਗਾਉਣ ਵਾਲਿਆਂ ਖਿਲਾਫ਼ ਸਰਕਾਰ ਵਲੋਂ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ।
ਸਰਕਾਰ ਦੇ ਇਕ ਆਲਾ ਅਫ਼ਸਰ ਦਾ ਕਹਿਣਾ ਹੈ ਕਿ ਰਿਕਵਰੀ ਕਰਨਾ ਬਹੁਤ ਔਖਾ ਕੰਮ ਹੈ ਕਿਉਂਕਿ ਜਿੰਨੀ ਰਿਕਵਰੀ ਕਰਨੀ ਹੈ, ਉਸਤੋਂ ਜ਼ਿਆਦਾ ਖਰਚਾ ਵਸੂਲੀ ਪਰ ਆ  ਸਕਦਾ ਹੈ।
ਜਦੋਂ ਕਿ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਹੈ ਕਿ ਵਿਭਾਗ ਮੁੜ ਤੋਂ ਵੈਰੀਫਿਕੇਸ਼ਨ ਕਰਵਾਉਣ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਤੋਂ ਰਿਕਵਰੀ ਕਰਨ ਲਈ ਪੈਨਸ਼ਨਧਾਰਕਾਂ ਜਾਂ ਫਿਰ ਉਸ ਸਮੇਂ ਤਸਦੀਕ ਕਰਨ ਵਾਲੇ ਮੁਲਾਜ਼ਮਾਂ, ਅਧਿਕਾਰੀਆਂ ਤੋਂ ਰਿਕਵਰ ਕਰਨ 'ਤੇ ਵਿਚਾਰ ਕਰ ਰਹੀ ਹੈ।

ਬਾਕਸ ---
ਸੂਬੇ ਵਿਚ 22,61,645 ਲਾਭਪਾਤਰੀ
ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਸੂਬੇ ਵਿਚ ਬੁਢਾਪਾ ਪੈਨਸ਼ਨ ਸਕੀਮ ਤਹਿਤ 15,13,110, ਵਿਧਵਾ ਤੇ ਨਿਆਸ਼ਰਿਤ ਔਰਤਾਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਤਹਿਤ 4,21,946, ਆਸ਼ਰਿਤ ਬੱਚਿਆ ਨੂੰ ਵਿੱਤੀ ਸਹਾਇਤਾ ਤਹਿਤ 1,42,992 ਅਤੇ ਅਪੰਗ ਵਿਅਕਤੀਆਂ ਨੂੰ ਦਿੱਤੀ ਜਾਂਦੀ ਸਹਾਇਤਾ ਤਹਿਤ 1,83,597 ਪੈਨਸ਼ਨ ਲਾਭਪਾਤਰੀ ਹਨ।