Wednesday, 29 June 2016

ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤਿਆਰ 30 ਜੂਨ ਨੂੰ ਚੀਫ ਸੈਕਟਰੀ ਨੂੰ ਕਰਨਗੇ ਪੇਸ਼

ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ---

ਦੋ ਡੀ.ਆਈ.ਜੀ., ਚਾਰ ਐਸ.ਐਸ.ਪੀ, ਡੀਸੀ ਤੇ ਹੋਰ ਅਧਿਕਾਰੀਆਂ ਦੇ ਬਿਆਨ ਦਰਜ਼
ਚੰਡੀਗੜ• 28 ਜੂਨ ( ਜੈ ਸਿੰਘ ਛਿੱਬਰ) ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਂ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਬੀਤੇ ਸਾਲ ਅਕਤੂਬਰ ਮਹੀਨੇ ਦੌਰਾਨ ਗਠਿਤ ਕੀਤੇ ਗਏ ਇੱਕ ਮੈਂਬਰੀ ਜਸਟਿਸ ਜੋਰਾ ਸਿੰਘ (ਸੇਵਾ ਮੁਕਤ) ਜੁਡੀਸ਼ੀਅਲ ਕਮਿਸ਼ਨ ਵਲੋਂ ਆਪਣੀ ਜਾਂਚ ਰਿਪੋਰਟ ਤਿਆਰ ਕਰ ਲਈ ਹੈ, ਅਤੇ ਜਸਟਿਸ 30 ਜੂਨ ਨੂੰ ਆਪਣੀ ਰਿਪੋਰਟ ਚੀਫ ਸੈਕਟਰੀ ਪੰਜਾਬ ਨੂੰ ਸੌਂਪ ਦੇਣਗੇ। ਸੂਤਰਾਂ ਅਨੁਸਾਰ ਕਮਿਸ਼ਨ ਵਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਜਿਥੇ ਕੁੱਝ ਪੁਲਿਸ ਅਧਿਕਾਰੀਆਂ, ਮੁਲਾਜ਼ਮਾਂ ਵਲੋਂ ਲਾਪਰਵਾਹੀ ਵਰਤਣ ਤੇ ਬਰਗਾੜੀ ਗੋਲੀ ਕਾਂਡ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਉਥੇ ਪੀੜਤਾਂ ਨੂੰ ਵੀ ਸਰਕਾਰ ਵਲੋਂ ਤੈਅ ਨਿਯਮਾਂ, ਸ਼ਰਤਾਂ ਅਨੁਸਾਰ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। 
ਦੱਸਣਯੋਗ ਹੈ ਕਿ 1 ਜੂਨ 2015 ਨੂੰ ਬਰਗਾੜੀ ਕਲ•ਾਂ ਤੋਂ ਸ੍ਰੀ ਗੁਰੂ  ਗਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਇਆ ਸੀ ਅਤੇ ਅਕਤੂਬਰ 'ਚ ਬਹਿਬਲ ਕਲ•ਾਂ ਪਿੰਡ 'ਚ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਕੀਤੇ ਪੰਨੇ ਬਰਾਮਦ ਹੋਏ ਸਨ। ਇਸ ਘਟਨਾਂ ਤੋਂ ਬਾਦ ਸਿੱਖਾਂ 'ਚ ਵੱਡਾ ਰੋਸ ਫੈਲ ਗਿਆ ਸੀ। 
ਅੱਜ ਆਪਣੇ ਦਫ਼ਤਰ 'ਚ ਰੋਜਾਨਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਜਸਟਿਸ ਜੋਰਾ ਸਿੰਘ ਨੇ ਕਿਹਾ ਕਿ ਹਾਈਕੋਰਟ ਤੋਂ ਬਤੌਰ ਜਸਟਿਸ ਸੇਵਾ ਮੁਕਤ ਹੋਣ ਤੋਂ ਬਾਦ ਉਹ ਪਹਿਲੀ ਵਾਰ ਕਿਸੇ ਕਮਿਸ਼ਨ ਦੇ ਮੁਖੀ ਬਣੇ ਹਨ। ਉਹਨਾਂ ਦੱਸਿਆਂ ਕਿ ਕਰੀਬ 206 ਗਵਾਹਾਂ ਦੇ ਬਿਆਨ ਦਰਜ਼ ਕੀਤੇ ਗਏ ਹਨ, ਜਿਹਨਾਂ ਵਿੱਚ ਪੁਲਿਸ ਅਧਿਕਾਰੀ, ਸਿਵਲ ਅਧਿਕਾਰੀ, ਬਰਗਾੜੀ ਗੋਲੀ ਕਾਂਡ ਦੌਰਾਨ ਜਖਮੀ , ਪੀੜਤ ਤੇ ਆਮ ਲੋਕ ਸ਼ਾਮਲ ਹਨ। ਕੁੱਝ ਉਹਨਾਂ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ ਜੋ ਬਰਗਾੜੀ ਕਲ•ਾਂ ਵਿਖੇ ਵਾਪਰੇ ਗੋਲੀ ਕਾਂਡ ਦੇ ਚਸਮਦੀਦ ਗਵਾਹ ਹਨ। ਜਸਟਿਸ ਜੋਰਾ ਸਿੰਘ ਅਨੁਸਾਰ ਪੁਲਿਸ ਅਧਿਕਾਰੀਆਂ 'ਚ ਦੋ ਡੀ.ਆਈ.ਜੀ., ਐਸ.ਐਸ.ਪੀ. ਮੋਗਾ, ਮਾਨਸਾ, ਫਰੀਦਕੋਟ, ਫਿਰੋਜਪੁਰ , ਪੁਲਿਸ ਕਮਿਸ਼ਨਰ ਲੁਧਿਆਣਾ ਸਮੇਤ ਕਈ ਡੀ.ਐਸ.ਪੀ ਰੈਂਕ ਦੇ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਗਏ ਹਨ। ਇਸਤੋਂ ਇਲਾਵਾ ਬਰਗਾੜੀ ਗੋਲੀ ਕਾਂਡ ਦੌਰਾਨ ਵੱਖ ਵੱਖ ਡਿਊਟੀਆਂ 'ਤੇ ਤਾਇਨਾਤ ਮੁਲਾਜ਼ਮਾਂ ਦੇ ਵੀ ਬਿਆਨ ਲਏ ਗਏ ਹਨ। 
ਇੱਕ ਸਵਾਲ ਦੇ ਜਵਾਬ 'ਚ ਜਸਟਿਸ ਜੋਰਾ ਸਿੰਘ ਨੇ ਦੱਸਿਆਂ ਕਿ ਜਿਹਨਾਂ ਲੋਕਾਂ ਨੂੰ ਕਮਿਸ਼ਨ ਵਲੋਂ ਸੰਮਨ ਕੀਤੇ ਗਏ ਸਨ, ਉਹ ਸਾਰੇ ਗਵਾਹ ਬਿਆਨ ਦੇ ਚੁੱਕੇ ਹਨ, ਪਰ ਬਾਬਾ ਖੇਤਾ ਸਿੰਘ ਨੂੰ ਕਈ ਵਾਰ ਸੰਮਨ ਕੀਤੇ ਗਏ ਪਰ ਉਹਨਾਂ ਆਪਣੀ ਗਵਾਹੀ ਨਹੀਂ ਦੇ ਸਕੇ। ਉਹਨਾਂ ਦੱਸਿਆਂ ਕਿ ਬਾਬਾ ਖੇਤਾ ਸਿੰਘ ਦਾ ਬਰਗਾੜੀ ਦੇ ਨੇੜ•ੇ ਕਾਰ ਸੇਵਾ ਦਾ ਡੇਰਾ ਦੱਸਿਆਂ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਗੋਲੀ ਕਾਂਡ ਤੋਂ ਬਾਅਦ ਗੋਲੀਆਂ ਦੇ ਖਾਲੀ ਕਾਰਤੂਸ ਉਹਨਾਂ ਨੇ ਚੁੱਕੇ ਸਨ , ਬਾਬਾ ਖੇਤਾ ਸਿੰਘ ਨੇ ਇਹ ਕਾਰਤੂਸ ਕਿਸਨੂੰ ਦਿਤੇ ਇਹ ਭੇਦ ਬਣਿਆ ਹੋਇਆ ਹੈ। 
ਵਰਨਣਯੋਗ ਹੈ ਕਿ ਬਰਗਾੜੀ ਗੋਲੀ ਕਾਂਡ ਦੌਰਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਗੋਲੀ ਨਾਲ ਮੌਤ ਹੋ ਗਈ ਸੀ। ਜਦੋਂਕਿ ਅੰਗਰੇਜ ਸਿੰਘ ਤੇ ਹਰਜਿੰਦਰ ਸਿੰਘ ਸਮੇਤ ਦਰਜਨਾਂ ਲੋਕ ਜਖਮੀ ਹੋਏ ਸਨ। ਸਰਕਾਰ ਵਲੋਂ ਕਮਿਸ਼ਨ ਗਠਿਤ ਕਰਨ ਤੋਂ ਬਾਅਦ ਮਾਨਵ ਅਧਿਕਾਰ ਸੰਗਠਨਾਂ ਵਲੋ ਵੀ ਜਸਟਿਸ ਮਾਰਕੰਡਾ ਦੀ ਅਗਵਾਈ ਹੇਠ ਪਬਲਿਕ ਕਮਿਸ਼ਨ ਗਠਿਤ ਕੀਤਾ ਗਿਆ ਸੀ, ਜਸਟਿਸ ਮਾਰਕੰਡਾ ਵਲੋਂ ਆਪਣੀ ਰਿਪੋਰਟ ਪਹਿਲਾਂ ਹੀ ਜਨਤਕ ਕਰ ਦਿੱਤੀ ਗਈ ਹੈ। ਪੰਥਕ ਆਗੂ ਤੇ ਐਡਵੋਕੇਟ ਹਰਪਾਲ ਸਿੰਘ ਚੀਮਾ, ਐਡਵੋਕੇਟ ਅਮਰ ਸਿੰਘ ਚਾਹਲ ਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਬਰਗਾੜੀ ਕਲ•ਾਂ ਤੇ ਹੋਰ ਪਿੰਡਾਂ ਦੇ ਕਰੀਬ ਢਾਈ ਦਰਜਨ ਪੀੜਤਾਂ ਨੂੰ ਨਾਲ ਲੈ ਕੇ ਜਸਟਿਸ ਜੋਰਾ ਸਿੰਘ ਕਮਿਸ਼ਨ ਕੋਲ ਪੇਸ਼ ਹੋਏ ਸਨ ਤੇ ਹਲਫੀਆਂ ਬਿਆਨ ਵੀ ਦਿੱਤੇ ਸਨ। 

Thursday, 23 June 2016

ਬੀ.ਏ ਦੀ ਡਿਗਰੀ ਨਹੀਂ, ਪਰ ਐਮ.ਏ ਪਾਸ, ਡਿਗਰੀ ਨੇ ਪੀ.ਸੀ.ਐਸ. ਦੀ ਨੌਕਰੀ ਗੁਆਈ


ਚੰਡੀਗੜ• 23 ਜੂਨ ( ਜੈ ਸਿੰਘ ਛਿੱਬਰ) : ਵਿਭਾਗੀ ਤਰੱਕੀ ਰਾਹੀਂ ਪੀ.ਸੀ.ਐਸ.(ਪੰਜਾਬ ਸਿਵਲ ਸਰਵਿਸਿਜ) ਪ੍ਰੀਖਿਆ ਪਾਸ  ਕਰਨ ਵਾਲਾ ਸਿਵਲ ਸਕੱਤਰੇਤ 'ਚ ਤਾਇਨਾਤ  ਸੀਨੀਅਰ ਸਹਾਇਕ ਰਮਨ ਕੁਮਾਰ ਬੀ.ਏ ਦੀ ਡਿਗਰੀ ਨੂੰ ਲੈ ਕੇ ਕਸੂਤੀ ਸਥਿਤੀ ਵਿੱਚ ਫਸ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਉਕਤ ਅਧਿਕਾਰੀ ਕੋਲ• ਐਮ.ਏ. (ਮਾਸਟਰ ਆਫ ਆਰਟਸ) ਦੀ ਡਿਗਰੀ ਤਾਂ ਹੈ, ਪਰ ਪੰਜਾਬ ਪਬਲਿਕ ਸਰਵਿਸਿਜ ਕਮਿਸ਼ਨ ਕੋਲ• ਬੀ.ਏ ਦੀ ਡਿਗਰੀ ਪੇਸ਼ ਨਹੀਂ ਕਰ ਸਕਿਆ। ਮਾਮਲਾ ਸ਼ੱਕੀ ਹੋਣ ਕਰਕੇ ਪਬਲਿਕ ਸਰਵਿਸਿਜ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਮਾਮਲੇਂ ਨੂੰ ਮੁੜ ਵਿਚਾਰਨ ਲਈ ਕਿਹਾ ਹੈ। ਇਸਤੋਂ ਬਾਦ ਪ੍ਰਸੋਨਲ ਵਿਭਾਗ ਨੇ ਅਗਲੇਰੀ ਕਾਰਵਾਈ ਲਈ ਸਕੱਤਰ ਲੀਗਲ (ਐਲ.ਏ.) ਤੋਂ ਕਾਨੂੰਨੀ ਰਾਏ ਮੰਗੀ ਹੈ। 
ਉਧਰ ਪ੍ਰੋਸੋਨਲ ਵਿਭਾਗ ਨੇ ਨਵੇਂ ਬਣੇ 24 ਅਧਿਕਾਰੀਆਂ ਨੂੰ ਮੈਗਸੀਪਾ ਵਿਖੇ ਟ੍ਰੇਨਿੰਗ ਲੈਣ ਲਈ ਭੇਜ ਦਿੱਤਾ ਹੈ ਪਰੰਤੂ ਖੁਰਾਕ ਤੇ ਸਪਲਾਈ ਵਿਭਾਗ ਵਿੱਚ ਤਾਇਨਾਤ ਉਕਤ ਸੀਨੀਅਰ ਸਹਾਇਕ ਨੂੰ ਟ੍ਰੇਨਿੰਗ ਲਈ ਨਹੀਂ ਭੇਜਿਆ। ਭੇਦ ਖੁੱਲਣ ਤੋਂ ਬਾਦ ਸਿਵਲ ਸਕੱਤਰੇਤ 'ਚ ਐਮ.ਏ. ਦੀ ਡਿਗਰੀ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪੀ.ਸੀ.ਐਸ. ਲਈ ਬੀ.ਏ ਪਾਸ ਹੋਣਾ ਲਾਜ਼ਮੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਉਕਤ ਅਧਿਕਾਰੀ ਕੋਲ• ਬੀ.ਏ ਦੀ ਡਿਗਰੀ  ਨਹੀਂ ਸੀ ਤਾਂ ਪੰਜਾਬ ਪਬਲਿਕ ਸਰਵਿਸ ਕਮਿਸਨ ਨੂੰ ਪੀ.ਸੀ.ਐਸ.ਪ੍ਰੀਖਿਆ ਲਈ ਕਿਸ ਅਧਾਰ ਪਰ ਨਾਮ ਦੀ ਸਿਫਾਰਸ਼ ਕੀਤੀ ਗਈ। ਦੱਸਿਆਂ ਜਾਂਦਾ ਹੈ ਕਿ ਪੀ.ਸੀ.ਐਸ.ਲਈ ਚੁਣਨ ਵਾਲਾ ਸੀਨੀਅਰ ਸਹਾਇਕ ਕਈ ਸਾਲਾਂ ਤੋਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ 'ਚ ਟਿਕਿਆ ਹੋਇਆ ਹੈ ਅਤੇ ਸਰਕਾਰ 'ਚ ਸ਼ਾਮਲ ਇੱਕ ਪ੍ਰਭਾਵਸ਼ਾਲੀ ਮੰਤਰੀ ਦਾ ਅਸ਼ੀਰਵਾਦ ਹੋਣਾ ਦੱਸਿਆ ਜਾ ਰਿਹਾ ਹੈ। ਲੀਗਲ ਅਧਿਕਾਰੀ ਨੇ ਕਾਨੂੰਨੀ ਪੱਖ ਹੋਣ  ਕਾਰਨ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਉਕਤ ਅਧਿਕਾਰੀ ਨੇ ਮੰਨਿਆਂ ਕਿ ਪ੍ਰਸੋਨਲ ਵਿਭਾਗ ਵਲੋਂ ਕਾਨੂੰਨੀ ਪੱਖ ਮੰਗਿਆ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿੱਚ ਤਾਇਨਾਤ ਉਕਤ ਸੀਨੀਅਰ ਸਹਾਇਕ ਦਾ ਪੱਖ ਲੈਣ ਲਈ ਕਈ ਬਾਰ ਸੰਪਰਕ ਕੀਤਾ ਪਰੰਤੂ ਸੰਬੰਧਿਤ ਅਧਿਕਾਰੀ ਨੇ ਮੋਬਾਇਲ ਫੋਨ ਤੋਂ ਕੋਈ ਰਿਸਪਾਂਸ ਨਹੀਂ ਦਿੱਤਾ। ਚਰਚਾ ਇਹ ਵੀ ਚੱਲ ਰਹੀ ਹੈ ਕਿ ਡਿਗਰੀ ਨਾ ਹੋਣ ਕਾਰਨ ਉਸਦੀ ਮੌਜੂਦਾ ਨੌਕਰੀ ਵੀ ਖਤਰੇ 'ਚ ਪੈ ਸਕਦੀ ਹੈ। ਵਰਨਣਯੋਗ ਗੱਲ ਇਹ ਹੈ ਕਿ ਕੈਟਾਗਰੀ ਏ ਤਹਿਤ ਸਿਵਲ ਸਕੱਤਰੇਤ 'ਚ ਵੱਖ ਵੱਖ ਵਿਭਾਗ ਵਿੱਚ ਤਾਇਨਾਤ 14 ਅਧਿਕਾਰੀਆਂ ਨੂੰ ਵਿਭਾਗੀ ਤਰੱਕੀ ਰਾਹੀਂ ਪੀ.ਸੀ.ਐਸ ਬਣਨ ਦਾ ਮੌਕਾ ਮਿਲਿਆ ਹੈ। 

Sunday, 19 June 2016

1984 ਤੋਂ ਬਾਦ ਸਿੱਖ ਕੌਮ ਨੂੰ ਸਿੱਖਾਂ ਦੇ ਮਸਲਿਆਂ ਨੂੰ ਸਲਝਾਉਣ ਵਾਲਾ ਜਥੇਦਾਰ ਨਹੀਂ ਮਿਲਿਆ –ਕਿਸ਼ਨਪੁਰਾ


ਜਾਰੀ ਹੁਕਮਨਾਮਿਆਂ ਨੁੰ ਵਾਪਸ ਲੈਣ 'ਤੇ ਉਠ ਰਹੀਆਂ ਹਨ ਸ਼ੱਕ ਦੀਆਂ ਸੂਈਆ
ਜਥੇਦਾਰਾਂ 'ਤੇ ਭਾਰੂ ਹੋ ਰਹੀ ਹੈ ਸਿਆਸਤ 
ਚੰਡੀਗੜ•, 19 ਜੂਨ (ਜੈ ਸਿੰਘ ਛਿੱਬਰ ) 1984 'ਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਤੋਂ ਬਾਦ ਸਿੱਖ ਕੌਮ ਨੂੰ ਸਿੱਖਾਂ ਦੇ ਗੁੰਝਲਦਾਰ ਮਸਲਿਆਂ ਨੂੰ ਸਲਝਾਉਣ ਵਾਲਾ ਯੋਗ ਜਥੇਦਾਰ ਨਹੀਂ ਮਿਲਿਆ, ਬਲਕਿ ਜਥੇਦਾਰਾਂ ਵਲੋਂ ਜਾਰੀ ਹੁਕਮਨਾਮੇ ਤੇ ਫਿਰ ਵਾਪਸ ਲੈਣ ਕਾਰਨ ਜਥੇਦਾਰਾਂ 'ਤੇ ਸ਼ੱਕ ਦੀਆਂ ਉਂਗਲਾਂ ਉਠਦੀਆਂ ਆ ਰਹੀਆਂ ਹਨ। ਇਹਨਾਂ ਵਿਚਾਰ ਦਾ ਪ੍ਰਗਟਾਵਾ ਪੰਥਕ ਆਗੂ ਤੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਅੱਜ ਇੱਥੇ ਰੋਜਾਨਾ ਸਪੋਕਸਮੈਨ ਨਾਲ ਗੱਲਬਾਤ  ਕਰਦਿਆ ਕੀਤਾ।  
ਸ੍ਰ ਕਿਸ਼ਨਪੁਰਾ ਨੇ ਕਿਹਾ ਕਿ 1925 'ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਣ ਤੋਂ ਬਾਦ ਜਥੇਦਾਰ ਤੇਜਾ ਸਿੰਘ ਅਕਰਪੁਰੀ, ਜਥੇਦਾਰ ਸਾਧੂ ਸਿੰਘ ਭੌਰਾ, ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਅਤੇ ਅਕਾਲੀ ਫੂਲਾ ਸਿੰਘ ਜੋ ਕਿ ਬੁੱਢਾ ਦਲ ਦੇ ਵੀ ਜਥੇਦਾਰ ਰਹੇ ਹਨ, ਨੂੰ ਅੱਜ ਵੀ ਸਿੱਖ ਕੌਮ ਫਖ਼ਰ ਨਾਲ ਯਾਦ ਕਰਦੀ ਹੈ, ਕਿਉਂਕਿ ਉਹਨਾਂ ਜਥੇਦਾਰ ਸਾਹਿਬਾਨ ਨੇ ਨਾ ਸਿਰਫ ਸਿੱਖ ਕੌਮ ਦੇ ਭਲੇ ਲਈ ਫੈਸਲੇ ਲਏ ਬਲਕਿ ਸਿੱਖਾਂ ਨੂੰ ਨਹੀਂ ਦਿਸ਼ਾ ਪ੍ਰਦਾਨ ਕੀਤੀ ਸੀ। ਜਥੇਦਾਰ ਅਕਾਲੀ ਫੂਲਾ ਸਿੰਘ ਵਲੋਂ ਖਾਲਸਾ ਰਾਜ ਦੇ ਮੁਖੀ ਵਜੋਂ ਜਾਣੇ ਜਾਂਦੇ ਮਹਾਰਾਜ ਰਣਜੀਤ ਸਿੰਘ ਨੂੰ ਵੀ ਕੋਰੜੇ ਮਾਰਨ ਦੀ ਸਜ਼ਾ ਦਿੱਤੀ ਸੀ, ਅਤੇ ਮਹਾਰਾਜ ਰਣਜੀਤ ਸਿੰਘ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਸਨ। ਸ੍ਰ. ਕਿਸ਼ਨਪੁਰਾ ਨੇ ਕਿਹਾ ਕਿ 84 ਤੋਂ ਬਾਦ ਜਿਆਦਾਤਰ ਜਥੇਦਾਰ ਸਾਹਿਬਾਨ ਧਰਮ ਤੋਂ ਪਿਛਾਂਹ ਹਟ ਗਏ ਤੇ ਉਹਨਾਂ 'ਤੇ ਸਿਆਸਤ ਭਾਰੂ ਹੁੰਦੀ ਗਈ ਹੈ। ਜਥੇਦਾਰ ਸਾਹਿਬਾਨ 'ਤੇ ਸਿਆਸੀ ਦਬਾਅ ਹੇਠ ਫੈਸਲੇ ਲੈਣ ਦੇ ਦੋਸ਼ ਵੀ ਲੱਗਦੇ ਆ ਰਹੇ ਹਨ। ਇਹੀ ਕਾਰਨ ਹੈ ਕਿ ਅੱਜ ਸਿੱਖ ਕੌਮ ਦੁਬਿਧਾ ਵਿੱਚ ਫਸੀ ਹੋਈ ਮਹਿਸੂਸ ਕਰ ਰਹੀ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਸਿਧਾਂਤ ਹੈ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਭਾਈ ਗੁਰਦਾਸ ਜੀ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਸੀ। 
ਉਹਨਾਂ ਕਿਹਾ ਕਿ ਅੱਜ ਸਿੱਖ ਕੌਮ, ਸਾਰੀਆਂ ਸੰਪਰਦਾਵਾਂ, ਪੰਥਕ ਜਥੇਬੰਦੀਆਂ ਨਿਹੰਗ ਸਿੰਘ ਬੁੱਢਾ ਦਲ, ਹਰੀਆ ਬੇਲਾ ਵਾਲੇ, ਤਰਨਾ ਦਲ, ਬਿਧੀ ਚੰਦ ਸਮੇਤ ਦਮਦਮੀ ਟਕਸਾਲ ਨੁੰ ਸਰਬ ਪ੍ਰਮਾਣਿਤ ਸਿੱਖ ਆਗੂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਨਾਉਣਾ ਚਾਹੀਦਾ ਹੈ ਜੋ ਕਿ ਅਧੋਗਤੀ 'ਚ ਫਸੀ ਸਿੱਖ ਕੌਮ ਨੂੰ ਨਵੀਂ ਦਿਸ਼ਾ ਨਿਰਦੇਸ਼ ਦੇ ਸਕੇ। ਉਹਨਾਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਉਸ ਜਥੇਦਾਰ ਸਾਹਿਬ ਦੀ ਜਰੂਰਤ ਹੈ ਜਿਸ'ਤੇ ਸਿਆਸਤ ਨਹੀਂ ਧਰਮ ਭਾਰੂ ਹੋਵੇ ਤਾਂ ਹੀ ਸਿੱਖ ਕੌਮ ਦਾ ਭਲਾ ਹੋ ਸਕਦਾ ਹੈ। 
ਫੋਟੋ -ਸੁਰਿੰਦਰ ਸਿੰਘ ਕਿਸ਼ਨਪੁਰਾ 

Sunday, 12 June 2016

ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਕਮਲ ਨਾਥ ਹੋਣਗੇ ਪੰਜਾਬ ਕਾਂਗਰਸ ਮਾਮਲਿਆਂ ਦਾ ਇੰਚਾਰਜ

ਡਾ ਸ਼ਕੀਲ ਅਹਿਮਦ ਦੀ ਛੁੱਟੀ ਕਮਲ ਨਾਥ ਹੋਣਗੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ 
ਸਿੱਖ ਵਿਰੋਧੀ ਦੰਗਿਆਂ 'ਚ ਨਾਂਅ ਹੋਣ ਕਰਕੇ ਭਾਰੀ ਪੈ ਸਕਦੀ ਹੈ ਕਮਲ ਨਾਥ ਦੀ ਨਿਯੁਕਤੀ
ਨਾਨਾਵਤੀ ਕਮਿਸ਼ਨ ਦੀ ਰਿਪੋਰਟ 'ਚ ਕਮਲ ਨਾਥ ਦਾ ਨਾਮ ਸ਼ਾਮਲ 
ਚੰਡੀਗੜ 12 ਜੂਨ ( ਜੈ ਸਿੰਘ ਛਿੱਬਰ) ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਸੋਮਵਾਰ ਨੂੰ ਜਲੰਧਰ ਦੌਰੇ ਤੋਂ ਠੀਕ ਇੱਕ ਦਿਨ ਪਹਿਲਾਂ ਪੰਜਾਬ ਕਾਂਗਰਸ 'ਚ ਧੜੇਬੰਦੀ ਨੂੰ ਖਤਮ ਕਰਨ ਦੇ ਮਕਸਦ ਵਜੋਂ ਕਾਂਗਰਸ ਨੇ ਡਾ ਸ਼ਕੀਲ ਅਹਿਮਦ ਦੀ ਥਾਂ 'ਤੇ ਸੀਨੀਅਰ ਆਗੂ ਸ੍ਰੀ ਕਮਲ ਨਾਥ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾ ਦਿੱਤਾ ਹੈ। ਪਰ ਕਮਲ ਨਾਥ ਦੀ ਨਿਯੁਕਤੀ ਕਾਂਗਰਸ ਲਈ ਭਾਰੀ ਪੈ ਸਕਦੀ ਹੈ, ਕਿਉਂਕਿ 84 ਸਿੱਖ ਵਿਰੋਧੀ  ਦੰਗਿਆਂ ਦੇ ਕਥਿਤ ਦੋਸ਼ੀਆਂ ਦੀ ਲਿਸਟ 'ਚ ਕਮਲ ਨਾਥ ਦਾ ਨਾਮ ਵੀ ਸ਼ਾਮਲ ਹੈ। ਕਮਲ ਨਾਥ ਦੀ ਨਿਯੁਕਤੀ ਨਾਲ ਪੰਜਾਬ 'ਚ ਅਕਾਲੀ ਦਲ ਨੂੰ ਬਿਨਾਂ ਵਜ•ਾਂ ਇੱਕ ਮੁੱਦਾ ਮਿਲ ਜਾਵੇਗਾ ਜੋ ਕਾਂਗਰਸ ਲਈ ਵੱਡੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਜਦੋਂਕਿ ਪਹਿਲਾਂ ਹੀ ਪੰਜਾਬ ਐਸੰਬਲੀ ਚੋਣਾਂ 'ਚ ਇਸ ਸਮੇਂ ਤਿਕੋਣੀ ਟੱਕਰ ਹੋਣ ਦੇ ਆਸਾਰ ਬਣੇ ਹੋਏ ਹਨ। 
ਭਾਵੇਂ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਕਮਲ ਨਾਥ ਦੀ ਨਿਯੁਕਤੀ ਨੂੰ ਲੈ ਕੇ ਅਜੇ ਮੂੰਹ ਖੋਲਣ ਨੂੰ ਤਿਆਰ ਨਹੀਂ ਹਨ, ਪਰ ਦੁਖੀ ਜਰੂਰ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਅਕਾਲੀ ਦਲ ਦੇ ਵਿਰੋਧ ਨੂੰ ਭਾਂਪਦੇ ਹੋਏ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵਲੋਂ ਇਹ ਮਸਲਾ ਹਾਈਕਮਾਨ ਕੋਲ ਵੀ ਪਹੁੰਚਾਇਆ ਜਾਵੇਗਾ। ਖਾਸ ਕਰਕੇ ਸੋਮਵਾਰ ਨੂੰ ਰਾਹੁਲ ਗਾਂਧੀ ਦੇ ਜਲੰਧਰ ਦੌਰੇ ਦੌਰਾਨ ਵੀ ਕਾਂਗਰਸੀ ਸ੍ਰੀ ਕਮਲ ਨਾਥ ਨੂੰ ਬਦਲਣ ਦਾ ਮੁੱਦਾ ਉਠਾ ਸਕਦੇ ਹਨ। 
ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚਲੀ ਗੁਟਬਾਜੀ ਨੂੰ ਖ਼ਤਮ ਕਰਨ ਦੇ ਮਕਸਦ ਵਜੋਂ ਅਜਿਹਾ ਫੈਸਲਾ ਲਿਆ ਹੈ। ਦੱਸਿਆਂ ਜਾਂਦਾ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਹਟਾਉਣ ਸਮੇਂ ਹੀ ਕਾਂਗਰਸ ਵਲੋਂ ਅਜਿਹਾ ਫੈਸਲਾ ਲਿਆ ਜਾਣਾ ਸੀ ਪਰ ਕਿਸੀ ਕਾਰਨ ਫੈਸਲਾ ਟਾਲ ਦਿੱਤਾ ਗਿਆ ਸੀ। ਦੱਸਿਆਂ ਜਾਂਦਾ ਹੈ ਕਿ ਸੀਨੀਅਰ ਕਾਂਗਰਸੀ ਆਗੂ ਡਾ ਸ਼ਕੀਲ ਅਹਿਮਦ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤਾਲਮੇਲ ਠੀਕ ਨਹੀਂ ਬਣ ਰਿਹਾ ਸੀ, ਕੈਪਟਨ ਖੇਮੇ ਵਿੱਚ ਆਮ ਚਰਚਾ ਸੀ ਕਿ ਸ੍ਰੀ ਸ਼ਕੀਲ ਅਹਿਮਦ ਤੇ ਸਹਿ ਇੰਚਾਰਜ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਨੂੰ ਵਧੇਰੇ ਤਵੱਜੋਂ ਦਿੰਦੇ ਹਨ ਤੇ ਚੰਨੀ ਨੂੰ ਪੰਜਾਬ 'ਚ ਵੱਡੇ ਦਲਿਤ ਆਗੂ ਵਜੋਂ ਪ੍ਰਮੋਟ ਕਰ ਰਹੇ ਹਨ। ਕਾਂਗਰਸ ਦੇ ਮੁੱਖ ਬੁਲਾਰੇ ਤੇ ਸੀਨੀਅਰ ਆਗੂ ਸੁਨੀਲ ਜਾਖੜ ਦੀ ਵਿਧਾਇਕ ਦਲ ਦੇ ਆਗੂ ਵਜੋਂ ਛੁੱਟੀ ਹੋਣ ਤੋਂ ਬਾਦ ਕੈਪਟਨ ਅਮਰਿੰਦਰ ਸਿੰਘ ,.ਸ੍ਰੀ ਚਰਨਜੀਤ ਚੰਨੀ ਨੂੰ ਪਸੰਦ ਨਹੀਂ ਕਰ ਰਹੇ ਹਨ। ਕੈਪਟਨ ਵਲੋਂ ਹੁਣ ਵੀ ਸ੍ਰੀ ਚੰਨੀ ਦੇ ਮੁਕਾਬਲੇ ਜਾਖੜ ਨੂੰ ਵਧੇਰੇ ਮਹੱਤਵ ਦਿੱਤਾ ਜਾ ਰਿਹਾ ਹੈ। 
Êਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਸੁਨੀਲ ਜਾਖੜ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਸ੍ਰੀ ਕਮਲ ਨਾਲ ਦੇ 1984 ਸਿਖ ਵਿਰੋਧੀ ਦੰਗਿਆਂ ਵਿੱਚ ਨਾਅ ਸ਼ਾਮਲ ਬਾਰੇ ਜਾਣਕਾਰੀ ਨਹੀਂ ਹੈ। ਜਦੋਂਕਿ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ  ਚੰਨੀ ਨੇ ਕਿਹਾ ਕਿ ਸ੍ਰੀ ਕਮਲ ਨਾਥ ਦੇ ਇੰਚਾਰਜ ਲੱਗਣ ਬਾਰੇ ਜਾਣਕਾਰੀ ਨਹੀਂ ਹੈ ਅਜੇ ਤਾਂ ਇਹ ਹਵਾ 'ਚ ਗੱਲਾਂ ਹਨ। 
ਵਰਨਣਯੋਗ ਗੱਲ ਇਹ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ, ਐਚ.ਕੇ.ਐਲ ਭਗਤ, ਜਗਦੀਸ਼ ਟਾਈਟਲਰ ਤੇ ਕਮਲ ਨਾਥ ਦਾ ਨਾਂਅ ਸ਼ਾਮਲ ਹਨ। ਨਾਨਾਵਤੀ ਕਮਿਸ਼ਨ ਦੀ ਰਿਪੋਰਟ ਅਨੁਸਾਰ ਉਸ ਸਮੇਂ ਦੇ ਗਵਾਹ ਮੁਖਤਿਆਰ ਸਿੰਘ ਨੇ ਗਵਾਹੀ ਦਿੱਤੀ ਸੀ ਕਿ ਸ੍ਰੀ ਕਮਲ ਨਾਥ ਗੁਰਦੁਆਰਾ ਰਕਾਬ ਗੰਜ ਸਾਹਿਬ ਨੇੜ•ੇ ਨਾਅ ਦੰਗਾਕਾਰੀਆਂ ਨੂੰ ਕਥਿ ਤੌਰ 'ਤੇ ਭੜਕਾਉਦੇ ਦੇਖੇ ਗਏ ਸਨ। ਕੁੱਲ ਮਿਲਾਕੇ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਕਮਲ ਨਾਥ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾਉਣਾ ਭਾਰੀ ਪੈ ਸਕਦਾ ਹੈ।