Sunday, 19 June 2016

1984 ਤੋਂ ਬਾਦ ਸਿੱਖ ਕੌਮ ਨੂੰ ਸਿੱਖਾਂ ਦੇ ਮਸਲਿਆਂ ਨੂੰ ਸਲਝਾਉਣ ਵਾਲਾ ਜਥੇਦਾਰ ਨਹੀਂ ਮਿਲਿਆ –ਕਿਸ਼ਨਪੁਰਾ


ਜਾਰੀ ਹੁਕਮਨਾਮਿਆਂ ਨੁੰ ਵਾਪਸ ਲੈਣ 'ਤੇ ਉਠ ਰਹੀਆਂ ਹਨ ਸ਼ੱਕ ਦੀਆਂ ਸੂਈਆ
ਜਥੇਦਾਰਾਂ 'ਤੇ ਭਾਰੂ ਹੋ ਰਹੀ ਹੈ ਸਿਆਸਤ 
ਚੰਡੀਗੜ•, 19 ਜੂਨ (ਜੈ ਸਿੰਘ ਛਿੱਬਰ ) 1984 'ਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਤੋਂ ਬਾਦ ਸਿੱਖ ਕੌਮ ਨੂੰ ਸਿੱਖਾਂ ਦੇ ਗੁੰਝਲਦਾਰ ਮਸਲਿਆਂ ਨੂੰ ਸਲਝਾਉਣ ਵਾਲਾ ਯੋਗ ਜਥੇਦਾਰ ਨਹੀਂ ਮਿਲਿਆ, ਬਲਕਿ ਜਥੇਦਾਰਾਂ ਵਲੋਂ ਜਾਰੀ ਹੁਕਮਨਾਮੇ ਤੇ ਫਿਰ ਵਾਪਸ ਲੈਣ ਕਾਰਨ ਜਥੇਦਾਰਾਂ 'ਤੇ ਸ਼ੱਕ ਦੀਆਂ ਉਂਗਲਾਂ ਉਠਦੀਆਂ ਆ ਰਹੀਆਂ ਹਨ। ਇਹਨਾਂ ਵਿਚਾਰ ਦਾ ਪ੍ਰਗਟਾਵਾ ਪੰਥਕ ਆਗੂ ਤੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਅੱਜ ਇੱਥੇ ਰੋਜਾਨਾ ਸਪੋਕਸਮੈਨ ਨਾਲ ਗੱਲਬਾਤ  ਕਰਦਿਆ ਕੀਤਾ।  
ਸ੍ਰ ਕਿਸ਼ਨਪੁਰਾ ਨੇ ਕਿਹਾ ਕਿ 1925 'ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਣ ਤੋਂ ਬਾਦ ਜਥੇਦਾਰ ਤੇਜਾ ਸਿੰਘ ਅਕਰਪੁਰੀ, ਜਥੇਦਾਰ ਸਾਧੂ ਸਿੰਘ ਭੌਰਾ, ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਅਤੇ ਅਕਾਲੀ ਫੂਲਾ ਸਿੰਘ ਜੋ ਕਿ ਬੁੱਢਾ ਦਲ ਦੇ ਵੀ ਜਥੇਦਾਰ ਰਹੇ ਹਨ, ਨੂੰ ਅੱਜ ਵੀ ਸਿੱਖ ਕੌਮ ਫਖ਼ਰ ਨਾਲ ਯਾਦ ਕਰਦੀ ਹੈ, ਕਿਉਂਕਿ ਉਹਨਾਂ ਜਥੇਦਾਰ ਸਾਹਿਬਾਨ ਨੇ ਨਾ ਸਿਰਫ ਸਿੱਖ ਕੌਮ ਦੇ ਭਲੇ ਲਈ ਫੈਸਲੇ ਲਏ ਬਲਕਿ ਸਿੱਖਾਂ ਨੂੰ ਨਹੀਂ ਦਿਸ਼ਾ ਪ੍ਰਦਾਨ ਕੀਤੀ ਸੀ। ਜਥੇਦਾਰ ਅਕਾਲੀ ਫੂਲਾ ਸਿੰਘ ਵਲੋਂ ਖਾਲਸਾ ਰਾਜ ਦੇ ਮੁਖੀ ਵਜੋਂ ਜਾਣੇ ਜਾਂਦੇ ਮਹਾਰਾਜ ਰਣਜੀਤ ਸਿੰਘ ਨੂੰ ਵੀ ਕੋਰੜੇ ਮਾਰਨ ਦੀ ਸਜ਼ਾ ਦਿੱਤੀ ਸੀ, ਅਤੇ ਮਹਾਰਾਜ ਰਣਜੀਤ ਸਿੰਘ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਸਨ। ਸ੍ਰ. ਕਿਸ਼ਨਪੁਰਾ ਨੇ ਕਿਹਾ ਕਿ 84 ਤੋਂ ਬਾਦ ਜਿਆਦਾਤਰ ਜਥੇਦਾਰ ਸਾਹਿਬਾਨ ਧਰਮ ਤੋਂ ਪਿਛਾਂਹ ਹਟ ਗਏ ਤੇ ਉਹਨਾਂ 'ਤੇ ਸਿਆਸਤ ਭਾਰੂ ਹੁੰਦੀ ਗਈ ਹੈ। ਜਥੇਦਾਰ ਸਾਹਿਬਾਨ 'ਤੇ ਸਿਆਸੀ ਦਬਾਅ ਹੇਠ ਫੈਸਲੇ ਲੈਣ ਦੇ ਦੋਸ਼ ਵੀ ਲੱਗਦੇ ਆ ਰਹੇ ਹਨ। ਇਹੀ ਕਾਰਨ ਹੈ ਕਿ ਅੱਜ ਸਿੱਖ ਕੌਮ ਦੁਬਿਧਾ ਵਿੱਚ ਫਸੀ ਹੋਈ ਮਹਿਸੂਸ ਕਰ ਰਹੀ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਸਿਧਾਂਤ ਹੈ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਭਾਈ ਗੁਰਦਾਸ ਜੀ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਸੀ। 
ਉਹਨਾਂ ਕਿਹਾ ਕਿ ਅੱਜ ਸਿੱਖ ਕੌਮ, ਸਾਰੀਆਂ ਸੰਪਰਦਾਵਾਂ, ਪੰਥਕ ਜਥੇਬੰਦੀਆਂ ਨਿਹੰਗ ਸਿੰਘ ਬੁੱਢਾ ਦਲ, ਹਰੀਆ ਬੇਲਾ ਵਾਲੇ, ਤਰਨਾ ਦਲ, ਬਿਧੀ ਚੰਦ ਸਮੇਤ ਦਮਦਮੀ ਟਕਸਾਲ ਨੁੰ ਸਰਬ ਪ੍ਰਮਾਣਿਤ ਸਿੱਖ ਆਗੂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਨਾਉਣਾ ਚਾਹੀਦਾ ਹੈ ਜੋ ਕਿ ਅਧੋਗਤੀ 'ਚ ਫਸੀ ਸਿੱਖ ਕੌਮ ਨੂੰ ਨਵੀਂ ਦਿਸ਼ਾ ਨਿਰਦੇਸ਼ ਦੇ ਸਕੇ। ਉਹਨਾਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਉਸ ਜਥੇਦਾਰ ਸਾਹਿਬ ਦੀ ਜਰੂਰਤ ਹੈ ਜਿਸ'ਤੇ ਸਿਆਸਤ ਨਹੀਂ ਧਰਮ ਭਾਰੂ ਹੋਵੇ ਤਾਂ ਹੀ ਸਿੱਖ ਕੌਮ ਦਾ ਭਲਾ ਹੋ ਸਕਦਾ ਹੈ। 
ਫੋਟੋ -ਸੁਰਿੰਦਰ ਸਿੰਘ ਕਿਸ਼ਨਪੁਰਾ 

No comments:

Post a Comment