Friday, 5 April 2024
ਲੋਕ ਸਭਾ ਚੋਣਾਂ -ਬਸਪਾ ਵਿਗਾੜ ਸਕਦੀ ਹੈ ਸਿਆਸੀ ਪਾਰਟੀਆਂ ਦਾ ਗਣਿਤ
ਲੋਕ ਸਭਾ ਚੋਣਾਂ: ਸੂਬੇ ’ਚ ਪਹਿਲੀ ਵਾਰ ਪੰਜ ਕੋਣਾਂ ਮੁਕਾਬਲੇ ਹੋਣ ਦੇ ਆਸਾਰ ਬਣੇ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਪੰਜਾਬ ਦੀ ਸਿਆਸੀ ਜ਼ਮੀਨ ’ਤੇ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਸਿਆਸੀ ਪਾਰਟੀਆਂ ਦਾ ਗਠਜੋੜ ਨਾ ਹੋਣ ਕਰਕੇ ਪੰਜ ਕੋਣਾ ਮੁਕਾਬਲੇ ਹੋਣ ਦੇ ਆਸਾਰ ਬਣ ਗਏ ਹਨ। ਆਖ਼ਰੀ ਗੇੜ ’ਚ ਇਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਸਾਰੇ ਸਮੀਕਰਣਾਂ ਨੂੰ ਭਾਂਪਦੇ ਹੋਏ ਵੱਡੇ ਕੱਦ ਦੇ ਚਿਹਰਿਆਂ ਦੀ ਤਲਾਸ਼ ਵਿਚ ਹਨ,ਕਿਉਂਕਿ ਨਵੇਂ ਬਣ ਰਹੇ ਸਮੀਕਰਣਾਂ ਅਨੁਸਾਰ ਉਮੀਦਵਾਰ ਦੀ ਵਿਅਕਤੀਗਤ ਪਛਾਣ ਅਹਿਮ ਰੋਲ ਅਦਾ ਕਰੇਗਾ। ਅਕਾਲੀ ਦਲ ਤੇ ਕਾਂਗਰਸ ਨੂੰ ਛੱਡਕੇ ਭਾਜਪਾ, ਆਮ ਆਦਮੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਕੁੱਝ ਹਲਕਿਆਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ।
ਆਮ ਤੌਰ ’ਤੇ ਲੋਕ ਸੂਬੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਵਿਚ ਚਾਰ ਕੋਣਾਂ ਮੁਕਾਬਲਾ ਹੋਣ ਦੀਆਂ ਕਿਆਸਰਾਈਆਂ ਲਗਾ ਰਹੇ ਹਨ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹਨਾਂ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ ਅਤੇ ਬਸਪਾ ਕਈ ਹਲਕਿਆਂ ਵਿਚ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜ ਸਕਦੀਆਂ ਹਨ। ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਸੀ ਤਾਂ ਨਵਾਂਸ਼ਹਿਰ ਹਲਕੇ ਤੋਂ ਬਸਪਾ ਦੇ ਵਿਧਾਇਕ ਡਾ ਨਛੱਤਰ ਪਾਲ ਕਈ ਸਾਲਾਂ ਬਾਅਦ ਵਿਧਾਨ ਸਭਾ ’ਚ ਪੁੱਜੇ ਹਨ। ਪੰਜਾਬ ਦੇਸ਼ ਦਾ ਪਹਿਲਾ ਸੱਭਤੋਂ ਵੱਧ ਅਨੁਸੂਚਿਤ ਜਾਤੀ ਵਰਗ ਦੀ ਆਬਾਦੀ ਵਾਲਾ ਸੂਬਾ ਹੈ। ਦੁਆਬੇ ਖਿੱਤੇ ਵਿਚ ਦਲਿਤ ਭਾਈਚਾਰੇ ਦੀ ਅਬਾਦੀ ਮਾਝਾ, ਮਾਲਵਾ ਤੇ ਪੁਆਧ ਨਾਲੋ ਵਧੇਰੇ ਹੈ।
ਇਹੀ ਕਾਰਨ ਹੈ ਕਿ ਸਿਆਸੀ ਪਾਰਟੀਆਂ ਦੀ ਅੱਖ ਦਲਿਤ ਵਰਗ ’ਤੇ ਟਿਕੀ ਹੋਈ ਹੈ। ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਕੇ ਦਲਿਤ ਪੱਤਾ ਖੇਡਿਆ ਸੀ ਤੇ ਆਪ ਨੇ ਸਰਕਾਰ ਬਣਨ ’ਤੇ ਉਪ ਮੁੱਖ ਮੰਤਰੀ ਦਾ ਅਹੁੱਦਾ ਦਲਿਤ ਵਰਗ ਨੂੰ ਦੇਣ ਦਾ ਵਾਅਦਾ ਕੀਤਾ ਸੀ ਤਾਂ ਅਕਾਲੀ ਦਲ ਨੇ ਦੋ ਉਪ ਮੁੱਖ ਮੰਤਰੀ (ਇਕ ਦਲਿਤ ਤੇ ਇੱਕ ਹਿੰਦੂ ਭਾਈਚਾਰੇ ’ਚੋ) ਬਣਾਉਣ ਦਾ ਐਲਾਨ ਕੀਤਾ ਸੀ। ਪਰ ਹੁਣ ਸਿਆਸੀ ਸਮੀਕਰਣ ਬਦਲ ਚੁੱਕੇ ਹਨ। ਅਕਾਲੀ ਦਲ ਦਾ ਪਹਿਲਾਂ ਭਾਜਪਾ ਨਾਲੋ ਫਿਰ ਬਸਪਾ ਨਾਲ ਸਿਆਸੀ ਸਾਂਝ ਟੁੱਟ ਚੁੱਕੀ ਹੈ। ਕੌਮੀ ਪੱਧਰ ’ਤੇ ਆਪ ਤੇ ਕਾਂਗਰਸ ਇੰਡੀਆਂ ਦਾ ਹਿੱਸਾ ਹਨ, ਪਰ ਪੰਜਾਬ ’ਚ ਦੋਵਾਂ ਪਾਰਟੀਆਂ ਇਕੱਲਿਆ ਚੋਣ ਲੜ ਰਹੀਆਂ ਹਨ।
ਸੂਤਰ ਦੱਸਦੇ ਹਨ ਕਿ ਬਹਜੁਨ ਸਮਾਜ ਪਾਰਟੀ ਸ੍ਰੀ ਆਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਜਲੰਧਰ, ਹੁਸ਼ਿਆਰਪੁਰ ਤੇ ਫਿਰੋਜਪੁਰ ਲੋਕ ਸਭਾ ਹਲਕੇ ਵਿਚ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜ ਸਕਦੀ ਹੈ। ਬਸਪਾ ਇਹਨਾਂ ਹਲਕਿਆਂ ਵਿਚ ਪਾਰਟੀ ਦੇ ਵੱਡੇ ਕੱਦ ਦੇ ਆਗੂਆਂ ਨੂੰ ਉਤਾਰਨ ’ਤੇ ਵਿਚਾਰ ਕਰ ਰਹੀ ਹੈ। ਹੁਸ਼ਿਆਰਪੁਰ ਹਲਕੇ ਤੋਂ ਬਸਪਾ ਨੇ ਰਾਕੇਸ ਸੁਮਨ ਨੂੰ ਉਮੀਦਵਾਰ ਐਲਾਨ ਦਿੱਤਾ ਹੈ।
ਆਮ ਆਦਮੀ ਪਾਰਟੀ ਨੇ ਪੰਜ ਮੰਤਰੀਆਂ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਪਟਿਆਲਾ ਤੋਂ ਡਾ ਬਲਵੀਰ ਸਿੰਘ, ਬਠਿੰਡਾ ਤੋਂ ਗੁਰਮੀਤ ਸਿੰਘ ਖੁਡੀਆ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਜਦਕਿ ਫਰੀਦਕੋਟ ਹਲਕੇ ਤੋਂ ਅਦਾਕਾਰ ਤੇ ਗਾਇਕ ਕਰਮਜੀਤ ਸਿੰਘ ਅਨਮੋਲ ਨੂੰ ਟਿਕਟ ਦਿੱਤੀ ਹੈ, ਇਸੀ ਤਰ੍ਹਾਂ ਭਾਜਪਾ ਨੇ ਇਸ ਹਲਕੇ ਤੋਂ ਰਾਜ ਗਾਇਕ ਹੰਸ ਰਾਜ ਹੰਸ ਨੂੰ ਉਤਾਰਿਆ ਹੈ। ਆਪ ਨੇ ਹੁਸਿਆਰਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਹੈ ਤਾਂ ਜਲੰਧਰ ਤੋਂ ਭਾਜਪਾ ਨੇ ਸੁਸ਼ੀਲ ਰਿੰਕੂ ’ਤੇ ਦਾਅ ਖੇਡਿਆ ਹੈ ਤੇ ਕਾਂਗਰਸ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿਚ ਉਤਾਰਨ ਦੀਆਂ ਅਟਕਲਾਂ ਹਨ। ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ, ਪਰ ਅਸਲ ਤਸਵੀਰ ਉਮੀਦਵਾਰਾਂ ਦਾ ਐਲਾਨ ਹੋਣ ਤੋ ਬਾਅਦ ਹੀ ਸਪਸ਼ਟ ਹੋਵੇਗੀ।
Subscribe to:
Posts (Atom)