Tuesday, 30 August 2016

ਟੌਹੜਾ ਧੜੇ ਦੇ ਆਗੂ ਅਕਾਲੀ ਦਲ 'ਤੇ ਫੇਰਨਗੇ ਝਾੜੂ !


ਮਨਜੀਤ ਸਿੰਘ ਕੱਲਕੱਤਾ ਕਰਨਗੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਪ੍ਰਚਾਰ
ਚੰਡੀਗੜ• 12 ਅਗਸਤ ( ਜੈ ਸਿੰਘ ਛਿੱਬਰ) : ਅਕਾਲੀ ਦਲ 'ਚ ਨੁੱਕਰੇ ਲੱਗੇ ਮਹਿਸੂਸ ਕਰ ਰਹੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਧੜ•ੇ ਦੇ ਆਗੂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ 'ਤੇ ਝਾੜੂ ਫੇਰਨਗੇ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਟੌਹੜਾ ਧੜੇ ਦੇ ਵੱਡੇ ਆਗੂਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਸੀਟਾਂ ਦੀ ਮੰਗ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਹੈ। ਦੱਸਿਆਂ ਜਾਂਦਾ ਹੈ ਕਿ ਸੀਟਾਂ ਦਾ ਰੇੜਕਾ ਖ਼ਤਮ ਹੋਣ ਤੋਂ ਬਾਦ ਟੌਹੜਾ ਧੜੇ ਦੇ ਆਗੂ ਝਾੜੂ ਚੁੱਕ ਲੈਣਗੇ। ਅਕਾਲੀ ਦਲ ਵਲੋਂ ਅੱਜ ਅਮਲੋਹ ਹਲਕੇ ਤੋਂ ਯੂਥ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾਂ ਨੂੰ ਹਲਕਾ ਇੰਚਾਰਜ ਲਗਾਉਣ ਨਾਲ ਇਹਨਾਂ ਅਟਕਲਾਂ ਨੂੰ ਹੋਰ ਵੀ ਬਲ ਮਿਲਿਆ ਹੈ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਰੋਜਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ “ਆਪ” ਆਗੂਆਂ ਨਾਲ ਮੀਟਿੰਗਾਂ ਨੂੰ ਕੇਵਲ ਅਖ਼ਬਾਰੀ ਬਿਆਨਬਾਜੀ ਤੇ ਅਟਕਲਾਂ ਦੱਸਿਆ ਹੈ, ਜਦੋਂਕਿ ਸਾਬਕਾ ਮੰਤਰੀ ਮਨਜੀਤ ਸਿੰਘ ਕਲਕੱਤਾ ਨੇ ਮੀਟਿੰਗ ਹੋਣ ਦੀ ਗੱਲ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਅਕਾਲੀ ਹਨ, ਅਕਾਲੀ ਅਖਵਾਉਣ 'ਚ ਮਾਣ ਮਹਿਸੂਸ ਕਰਦੇ ਹਨ ਪਰ ਇਸ ਵਾਰ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਸ੍ਰ ਕਲੱਕੱਤਾ ਨੇ ਕਿਹਾ ਕਿ ਕੇਜਰੀਵਾਲ ਦਾ ਨਿੱਜੀ ਸਹਾਇਕ, ਜੋ ਉਹਨਾਂ ਦਾ ਰਿਸ਼ਤੇਦਾਰ ਲੱਗਦਾ ਹੈ, ਸੁੱਚਾ ਸਿੰਘ ਛੋਟੇਪੁਰ ਤੇ ਹੋਰ ਆਗੂਆਂ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ। ਉਹਨਾਂ ਦੱਸਿਆਂ ਕਿ ਆਪ ਆਗੂਆਂ ਨੇ ਕਈ ਤਰ•ਾਂ ਦੇ ਅਹੁੱਦੇ ਦੇਣ ਦਾ ਵਾਅਦਾ ਕੀਤਾ, ਪਰ ਉਹਨਾਂ ਨੇ ਸਪਸ਼ਟ ਇਨਕਾਰ ਕਰ ਦਿੱਤਾ ਸੀ।
ਸੂਤਰਾਂ ਅਨੁਸਾਰ ਟੌਹੜਾ ਧੜੇ ਦੇ ਆਗੂ ਆਪ ਤੋਂ 15 ਟਿਕਟਾਂ ਦੀ ਮੰਗ ਕਰ ਰਹੇ ਸਨ, ਪਰ ਆਪ ਵਲੋਂ ਅਸਹਿਮਤੀ ਜਤਾਉਣ ਤੋਂ ਬਾਅਦ ਇਹ ਮੰਗ 5 ਟਿਕਟਾਂ ਤੱਕ ਪੁੱਜ ਗਈ ਹੈ। ਦੱਸਿਆ ਜਾਂਦਾ ਹੈ ਕਿ ਟੌਹੜਾ ਧੜੇ ਦੇ ਆਗੂ ਉਚਿਤ ਸਮੇਂ ਦਾ ਇੰਤਜਾਰ ਕਰ ਰਹੇ ਹਨ। ਜੇਕਰ ਟੌਹੜਾ ਗੁੱਟ ਦੇ ਆਗੂਆਂ ਦੀ ਗੱਲ ਕਰੀਏ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਹੀ ਅਕਾਲੀ ਦਲ 'ਚ ਸਨਮਾਨਯੋਗ ਸਥਾਨ ਹੈ, ਜਦੋਂਕਿ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੌਲੀ, ਯੂਥ ਆਗੂ ਗੁਰਵਿੰਦਰ ਸਿੰਘ ਡੁਮਛੇੜੀ ਤੇ ਹੋਰ ਕਈ ਆਗੂ ਮਾਣ ਸਨਮਾਨ ਦੀ ਲੜਾਈ ਲੜ ਰਹੇ ਹਨ। ਮਨਜੀਤ ਸਿੰਘ ਕਲੱਕਤਾ ਨੂੰ ਅਕਾਲੀ ਦਲ ਵਲੋਂ ਪਹਿਲਾਂ ਹੀ ਬਾਹਰ ਦਾ ਰਸਤਾ ਦਿਖਾਇਆ  ਹੋਇਆ ਹੈ। ਸ੍ਰ ਕਲਕੱਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਕਾਲੀ ਹਨ ਤੇ ਉਹਨਾਂ ਆਪਣੀ ਵਿਚਾਰਧਾਰਾ ਨਹੀਂ ਬਦਲੀ ਪਰੰਤੂ ਅਕਾਲੀ ਦਲ ਨੇ ਆਪਣੀ ਵਿਚਾਰਧਾਰਾ ਬਦਲ ਲਈ ਹੈ। ਕਲਕੱਤਾ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੇ ਨਿੱਜੀ ਸਬੰਧ ਹਨ। ਕੈਪਟਨ ਨੇ ਖੁਦ ਉਹਨਾਂ ਨੂੰ ਕਿਸੀ ਵੀ ਹਲਕੇ ਤੋਂ ਟਿਕਟ ਲੈਣ ਦੀ ਗੱਲ ਕਹੀ ਪਰੰਤੂ ਉਹਨਾਂ ਚੋਣ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਹਨਾਂ ਦੱਸਿਆਂ ਕਿ ਕੈਪਟਨ ਅਮਰਿੰਦਰ ਸਿੰਘ ਪੰਥਕ ਹਿਤਾ ਤੇ ਪੰਜਾਬ ਲਈ ਲੜਾਈ ਲੜ ਰਹੇ ਹਨ, ਇਸ ਲਈ ਜੇਕਰ ਉਹਨਾਂ ਨੂੰ ਕੈਪਟਨ ਦੇ ਹੱਕ ਵਿੱਚ ਸਟੇਜ਼ 'ਤੇ ਜਾ ਕੇ ਪ੍ਰਚਾਰ ਕਰਨਾ ਪਿਆ ਤਾਂ ਉਹ ਬਤੌਰ ਅਕਾਲੀ ਆਗੂ ਜਰੂਰ ਜਾਣਗੇ। ਪਰ,ਉਹ ਕਾਂਗਰਸ ਸਮੇਤ ਕਿਸੀ ਵੀ ਹੋਰ ਪਾਰਟੀ 'ਚ ਸ਼ਾਮਲ ਨਹੀਂ ਹੋਣਗੇ।

Friday, 5 August 2016

ਪ੍ਰਗਟ ਸਿੰਘ ਦੇ ਪੱਤਰ ਨੇ ਅਕਾਲੀ ਦਲ 'ਚ ਭੁਚਾਲ ਲਿਆਂਦਾ ---ਸੁਖਬੀਰ ਦੇ ਰਵੱਈਏ ਕਾਰਨ ਰੇਤ ਦੇ ਕਿਣਕੇ ਵਾਂਗ ਖਿੰਡ ਜਾਵੇਗਾ ਅਕਾਲੀ ਦਲ

ਪ੍ਰਗਟ ਸਿੰਘ ਦੇ ਪੱਤਰ ਨੇ ਅਕਾਲੀ ਦਲ 'ਚ ਭੁਚਾਲ ਲਿਆਂਦਾ ---
“ਪੰਥ ਵਸੈ ਮੈ ਉਜੜਾ ” ਵਾਲਾ ਅਕਾਲੀ ਦਲ ਪਾਰਟੀ ਪ੍ਰਧਾਨ ਦੇ ਰਵੱਈਏ ਕਾਰਨ ਰੇਤ ਦੇ ਕਿਣਕੇ ਵਾਂਗ ਖਿੰਡ ਜਾਵੇਗਾ  
ਬਾਦਲ ਨੂੰ ਹਲੀਮੀ ਨਾਲ ਸੁਖਬੀਰ ਨੂੰ ਹੈਕੜ ਨਾਲ ਪੇਸ਼ ਆਉਣ ਵਾਲਾ ਸਿਆਸਤਦਾਨ ਦੱਸਿਆ 
ਮੁੱਅਤਲੀ ਬਾਰੇ ਕੋਈ ਪਾਰਟੀ ਦਾ ਕੋਈ ਪੱਤਰ ਨਹੀਂ ਮਿਲਿਆ 
ਚੰਡੀਗੜ• 5 ਅਗਸਤ ( ਜੈ ਸਿੰਘ ਛਿੱਬਰ) : ਅਕਾਲੀ ਦਲ ਤੋਂ ਮੁਅੱਤਲ ਕੀਤੇ ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ 'ਚ ਸਰਕਾਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਵੱਈਏ ਬਾਰੇ ਸਖ਼ਤ ਤੇ ਗੰਭੀਰ ਟਿਪਣੀਆਂ ਕਰਕੇ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਲੈ ਆਂਦਾ ਹੈ। ਸ੍ਰ ਪ੍ਰਗਟ ਸਿੰਘ ਨੇ ਪੱਤਰ  ਵਿੱਚ ਜਿਥੇ ਭ੍ਰਿਸ਼ਟਾਚਾਰ, ਨਸ਼ਾ, ਰੇਤ ਤੇ ਭੂਮੀ ਮਾਫ਼ੀਆਂ ਨੂੰ ਪੰਜਾਬ ਦੇ ਮੱਥੇ 'ਤੇ ਡੂੰਘਾਂ ਕਲੰਕ ਦੱਸਿਆ ਹੈ, ਉਥੇ ਸ੍ਰ ਬਾਦਲ ਨੂੰ ਹਲੀਮੀ ਤੇ ਸ਼ਰਾਫਤ ਨਾਲ ਪੇਸ਼ ਆਉਣ ਵਾਲਾ ਸਿਆਸਤਦਾਨ ਅਤੇ ਸੁਖਬੀਰ ਬਾਦਲ ਨੂੰ ਹੈਕੜ ਵਾਲਾ ਦੱਸਦਿਆ ਲਿਖਿਆ ਹੈ ਕਿ “ ਮੈਂ ਮਰਾ ਤੇ ਪੰਥ ਜੀਵੈ ਅਤੇ ਪੰਥ ਵਸੈ ਮੈ ਉਜੜਾ” ਵਾਲਾ ਅਕਾਲੀ ਦਲ ਪਾਰਟੀ ਪ੍ਰਧਾਨ ਦੇ ਰਵੱਈਏ ਕਾਰਨ ਰੇਤ ਦੇ ਕਿਣਕੇ ਵਾਂਗ ਖਿੰਡ ਜਾਵੇਗਾ। 
Ðਰੋਜਾਨਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਸ੍ਰ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਪੱਤਰ ਭੇਜਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਪਾਰਟੀ ਪ੍ਰਧਾਨ ਵਲੋਂ ਅਕਾਲੀ ਦਲ ਵਿੱਚੋ ਮੁਅੱਤਲ ਹੋਣ ਬਾਰੇ ਕੋਈ ਲਿਖਤੀ ਪੱਤਰ ਨਹੀਂ ਮਿਲਿਆ ਬਲਕਿ ਅਖ਼ਬਾਰਾਂ ਵਿੱਚ ਛਪੀਆਂ ਖਬਰਾਂ ਤੋਂ ਹੀ ਜਾਣਕਾਰੀ ਮਿਲੀ ਸੀ। ਉਹਨਾਂ ਆਪਣੀ ਮੁਅਤਲੀ ਨੂੰ ਗੈਰ ਵਿਧਾਨਿਕ, ਇਕਪਾਸੜ ਕਾਰਵਾਈ ਦੱਸਿਆ ਹੈ। ਉਹਨਾਂ ਸਰਕਾਰ ਤੇ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ 'ਤੇ ਤਿੱਖੀ ਟਿੱਪਣੀ ਕਰਦਿਆਂ ਕਿ ਹੁਣ 1920 ਵਾਲਾ ਅਕਾਲੀ ਦਲ ਨਹੀਂ ਰਿਹਾ। “ਪੰਥ ਵਸੈ ਮੈ ਉਜੜਾ ਵਾਲਾ ਅਕਾਲੀ ਦਲ “ ਪੰਥ ਭਾਵੇਂ ਉਜੜੇ ਜਾਂ ਮਰੇ ਪਰ ਮੇਰਾ ਲਾਣਾ ਵਸਦਾ ਰਹੇ ਦੇ ਸਿਧਾਂਤ ਤੇ ਚੱਲ ਪਿਆ ਹੈ। ਉਹਨਾਂ ਕਿਹਾ ਕਿ ਕੁਰਬਾਨੀਆਂ ਵਾਲਾ ਅਕਾਲੀ ਦਲ ਰੇਤ ਦੇ ਕਿਣਕਿਆਂ ਵਾਂਗ ਕਿਰਦਾ ਕਿਰਦਾ ਕਿਰ ਜਾਵੇਗਾ ਅਤੇ ਇਤਿਹਾਸ ਆਪ ਤੋਂ ਜਵਾਬ ਮੰਗੇਗਾ। ਪੱਤਰ 'ਚ ਪ੍ਰਗਟ ਸਿੰਘ ਨੇ ਸੁਖਬੀਰ ਬਾਦਲ ਦੀ ਕਾਰਗੁਜ਼ਾਰੀ 'ਤੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਉਸਨੇ ਆਪਜੀ (ਪਰਕਾਸ਼ ਸਿੰਘ ਬਾਦਲ) ਤੋਂ ਨਿਮਰਤਾ ਵਾਲੇ ਗੁਰ ਨਹੀਂ ਸਿੱਖੇ। ਜੇ ਉਹ ਨਿਰਮਤਾ ਵਾਲੇ ਗੁੱਝੇ ਭੇਦ ਸਿੱਖ ਲੈਂਦਾ ਤਾਂ ਪੰਜਾਬ ਤੇ ਪਾਰਟੀ ਦੋਵੇਂ ਵੱਡੇ ਸੰਤਾਪ ਤੋਂ ਬੱਚ ਸਕਦੇ ਸਨ। 
ਸ੍ਰ ਬਾਦਲ ਨੂੰ ਸੰਬੋਧਨ ਕਰਦਿਆਂ ਸ੍ਰ ਪ੍ਰਗਟ ਸਿੰਘ ਨੇ ਲਿਖਿਆ ਹੈ ਕਿ ਕੁੱਝ ਲੋੜਾਂ, ਮਜਬੂਰੀਆਂ ਅਤੇ ਡਰ ਭੈਅ ਨਾਲ ਜੀਅ ਰਹੇ ਲੀਡਰਾਂ , ਵਰਕਰਾਂ ਦੀ ਚੁੱਪ ਨੂੰ ਸਮਝਣ ਦਾ ਯਤਨ ਕਰੋਂ ਅਜਿਹੀ ਚੁੱਪ ਹਨੇਰੀਆਂ ਤੇ ਤੁਫਾਨ ਨੂੰ ਜਨਮ ਦਿੰਦੀਆਂ ਹਨ। ਉਹਨਾਂ ਲਿਖਿਆ ਕਿ ਅਕਾਲੀ ਦਲ 25 ਸਾਲ ਰਾਜ ਦਾ ਸੁਪਨਾ ਦੇਖ ਰਿਹਾ ਹੈ ਪਰ “ਰਾਜ ਨਹੀਂ ਸੇਵਾ ਦੀ ” 
ਜ਼ਮੀਨੀ ਹਕੀਕਤ ਨੂੰ ਪਛਾਣੋ ਅਤੇ ਸੇਵਾ ਤੋਂ ਪੰਜਾਬ ਦਾ ਕੋਈ ਵੀ ਵਰਗ ਸਤੁੰਸ਼ਟ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਹੱਥ ਠੋਕਾ ਬਣਾ ਲਿਆ ਹੈ, ਜਿੰਨਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨੁਕਸਾਨ ਕੀਤਾ ਗਿਆ ਹੈ, ਉਨਾਂ ਪਹਿਲਾਂ ਕਦੇ ਨਹੀਂ ਹੋਇਆ। 
ਇੱਕ ਸਵਾਲ 'ਚ ਪ੍ਰਗਟ ਸਿੰਘ ਨੇ ਕਿਹਾ ਕਿ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਫੈਸਲਾ ਉਹਨਾਂ ਆਪਣੇ ਹਲਕੇ ਦੇ ਲੋਕਾਂ 'ਤੇ ਛੱਡ ਦਿੱਤਾ ਹੈ। ਉਹਨਾਂ ਦੱਸਿਆਂ ਕਿ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਇੱਕ ਹਫ਼ਤਾ ਇੰਤਜਾਰ ਕਰਨ ਦੀ ਸਲਾਹ ਦਿੱਤੀ ਹੈ ਅਤੇ ਉਹ ਹਲਕੇ ਦੇ ਵੋਟਰਾਂ ਦੀ ਸਲਾਹ ਨਾਲ ਹੀ ਫੈਸਲਾ ਲੈਣਗੇ।