Saturday, 27 July 2013

ਕੁਦਰਤੀ ਆਫਤ ਤੋਂ ਬਾਦ ਵੀ ਉਤਰਾਖੰਡ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ

ਉਤਰਾਖੰਡ ਦੇ ਚਮੋਲੀ ਅਤੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਕੁਦਰਤੀ ਕਰੋਪੀ ਨੇ ਭਾਰੀ ਤਬਾਹੀ ਮਚਾਈ ਹੈ। ਹਰੀਆਂ ਭਰੀਆਂ ਵਾਦੀਆਂ ਤਹਿਸ ਨਹਿਸ ਹੋ ਗਈਆਂ ਹਨ। ਵੱਡੇ ਪਹਾੜਾਂ ਤੇ ਡੂੰਘੀਆਂ ਨਦੀਆਂ ਜਿੱਡੇ ਜ਼ਖਮ ਕੁਦਰਤ ਨੇ ਲੋਕਾਂ ਨੂੰ ਦਿੱਤੇ ਹਨ। ਝਰਨਿਆਂ ਤੇ ਨਦੀਆਂ ਵਿੱਚੋਂ ਵਹਿੰਦਾ ਦੁੱਧ ਚਿੱਟਾ ਪਾਣੀ ਗੰਧਲਾ ਹੋ ਗਿਆ ਅਤੇ ਕੀਮਤੀ ਜਾਨਾਂ ਸਮੇਤ ਬਹੁਤ ਕੁਛ ਆਪਣੇ ਨਾਲ ਬਹਾ ਕੇ ਲੈ ਗਿਆ। ਬਹੁ ਮੰਜ਼ਲੀ ਇਮਾਰਤਾਂਹੋਟਲਮਕਾਨ, ਧਰਮਸ਼ਲਾਵਾਂ ਕਾਗਜ਼ ਦੇ ਟੁਕੜੇ ਦੀ ਤਰ੍ਹਾਂ ਖੇਰੂੰ ਖੇਰੂੰ ਹੋ ਕੇ ਡਿੱਗ ਪਈਆਂ। ਧਾਰਮਿਕ ਯਾਤਰਾ ਅਤੇ ਰਮਣੀਕ ਸਥਾਨਾਂ ਦੀ ਸੈਰ ਕਰਨ ਗਏ ਹਜ਼ਾਰਾਂ ਯਾਤਰੀ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਕੇ ਵੱਖ ਵੱਖ ਸਥਾਨਾਂ ਤੇ ਫਸ ਗਏ। ਕਈਆਂ ਨੂੰ ਮੌਤ ਨੇ ਕਲਾਵੇ ਵਿੱਚ ਲੈ ਲਿਆ ਅਤੇ ਕਈ ਖੁਸ਼ਕਿਸਮਤ ਮੌਤ ਨੂੰ ਹਰਾ ਕੇ ਬਚ ਨਿਕਲਣ ਵਿੱਚ ਵੀ ਕਾਮਯਾਬ ਹੋਏ ਹਨ। ਇਸ ਭਿਆਨਕ ਮੰਜ਼ਰ ਨੂੰ ਵੇਖਦਿਆਂ ਦਿਲ ਪਸੀਜ ਜਾਂਦਾ ਹੈ। ਸਰਕਾਰੀ ਅੰਕੜੇ ਮੌਤਾਂ ਦੀ ਗਿਣਤੀ ਅਤੇ ਤਬਾਹੀ ਬਾਰੇ ਕੁੱਝ ਵੀ ਦੱਸਣ ਪ੍ਰੰਤੂ ਜਿਨ੍ਹਾਂ ਲੋਕਾਂ ਨੇ ਇਸ ਭਿਆਨਕ ਤਬਾਹੀ ਨੂੰ ਅੱਖੀਂ ਦੇਖਿਆ ਹੈ ਅਤੇ ਦੁੱਖ ਦਰਦ ਨੂੰ ਆਪਣੇ ਤਨ ਤੇ ਹੰਢਾਇਆ ਹੈ ਉਹਨਾਂ ਨੂੰ ਸਰਕਾਰੀ ਅੰਕੜਿਆਂ ਤੇ ਯਕੀਨ ਨਹੀਂ ਹੋ ਰਿਹਾ ਹੈ।
ਚਮੋਲੀ ਜ਼ਿਲ੍ਹੇ ਦੇ ਗੋਚਰ ਕਸਬੇ ਦੇ ਨੇੜੇ ਫੌਜੀ ਕੈਂਪ ਜਿੱਥੇ ਮੈਂ ਤੇ ਮੇਰਾ ਦੋਸਤ ਮਨਜੀਤ ਸਿੰਘ ਟੀਵਾਣਾ ਪਰਿਵਾਰ ਸਮੇਤ ਠਹਿਰੇਹੋਏ ਸਾਂ ਉੱਥੇ ਇੱਕ ਫੌਜੀ ਨੇ ਮੰਗਲਵਾਰ 18 ਜੂਨ ਫੌਜ ਦੁਆਰਾ ਲਾਸ਼ਾਂ ਇਕੱਠੀਆਂ ਕਰਨ ਦੀ ਗਿਣਤੀ ਜੋ ਦੱਸੀ ਸੀ, ਉਹ ਦਿਲ ਦਹਿਲਾਉਣ ਵਾਲੀ ਹੈ। ਸਰਕਾਰੀ ਪ੍ਰਸ਼ਾਸਨ ਹਕੀਕਤ ਤੇ ਜਾਨੀ ਮਾਲੀ ਨੁਕਸਾਨ ਨੂੰ ਕਿਉਂ ਲੁਕੋ ਰਿਹਾ ਹੈਇਹ ਗੱਲ ਸਮਝ ਤੋਂ ਪਰੇ ਹੈ ਜੋਸ਼ੀ ਮੱਠ ਨੇੜੇ ਕਰੁਣਪ੍ਰਯਾਗ ਕੋਲ 16 ਜੂਨ ਨੂੰ ਪਹਾੜ ਤੋਂ ਢਿੱਗਾਂ ਸੜਕ ਤੇ ਡਿੱਗਣ ਕਾਰਨ ਅਸੀਂ ਵੀ ਫਸ ਗਏ। ਪਹਿਲਾਂ ਤਾਂ ਪਤਾ ਲੱਗਿਆ ਕਿ ਜਲਦੀ ਹੀ ਢਿੱਗਾਂ ਨੂੰ ਚੁੱਕ ਕੇ ਰਸਤਾ ਸਾਫ ਕਰ ਦਿੱਤਾ ਜਾਵੇਗਾ ਪ੍ਰੰਤੂ ਦੋ ਦਿਨਾਂ ਤੱਕ ਰਸਤਾ ਸਾਫ ਨਹੀਂ ਹੋ ਸਕਿਆ ਕਾਫੀ ਜ਼ਿਆਦਾ ਸੰਗਤ ਇੱਥੇ ਫਸ ਗਈ ਕਿਉਂਕਿ ਪਿੱਛੇ ਵੀ ਗੋਚਰ ਦੇ ਨੇੜੇ ਕਮਵੇਹੜਾ ਕੋਲ ਰਾਸ਼ਟਰੀ ਮਾਰਗ ਤੇ ਢਿੱਗਾਂ ਡਿੱਗਣ ਕਾਰਣ ਅਤੇ ਸੜਕ ਧਸਣ ਕਾਰਣ ਰਸਤਾ ਬੰਦ ਹੋ ਗਿਆ ਸੀ। ਇੱਥੇ ਪਹਿਲੀ ਰਾਤ ਨੂੰ ਜੋ ਮੁਸ਼ਕਲਾਂ ਤਕਲੀਫਾਂ ਸ਼ਰਧਾਲੂਆਂ ਨੇ ਕੱਟੀਆਂ, ਉਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਫਸੇ ਸ਼ਰਧਾਲੂਆਂ ਦੀ ਮਜਬੂਰੀ ਦਾ ਫਾਇਦਾ ਲਾਲਚੀ ਕਿਸਮ ਦੇ ਦੁਕਾਨਦਾਰਾਂ ਨੇ ਖੂਬ ਉਠਾਇਆ ਮਹਿੰਗੇ ਭਾਅ ਤੇ ਕਮਰੇ ਦਿੱਤੇ ਗਏ ਅਤੇ ਖਾਣ ਪੀਣ ਦੀਆਂ ਵਸਤਾਂ ਦਾ ਮੂੰਹ ਮੰਗਿਆ ਮੁੱਲ ਵਸੂਲਿਆ ਗਿਆ। ਸਰਕਾਰ ਪ੍ਰਸ਼ਾਸਨ ਨਾਂ ਦੀ ਕੋਈ ਚੀਜ ਨਹੀਂ ਦਿਸੀ ਰਾਤ ਨੂੰ ਹਾਲ ਦੁਆਈ ਮਚਣ ਤੇ ਇਕ ਸਕੂਲ ਦੀ ਇਮਾਰਤ ਤਾਂ ਖੋਲ੍ਹ ਦਿੱਤੀ ਗਈ ਪ੍ਰੰਤੂ ਖਾਣ ਪੀਣ ਦਾ ਕੋਈ ਇੰਤਜ਼ਾਮ ਨਹੀਂ ਸੀ। ਗੁਰਦਾਸਪੁਰਜਲੰਧਰ ਨਾਲ ਸਬੰਧਤ ਕੁੱਝ ਨੌਜਵਾਨਾਂ ਨੇ ਰਾਤ ਨੂੰ ਪ੍ਰਿੰਸੀਪਲ ਦੇ ਕਮਰੇ ਵਿਚ ਲੱਗੇ ਪਰਦੇ ਉਤਾਰ ਕੇ ਠੰਢ ਤੋਂ ਬਚਣ ਲਈ ਲੈ ਲਏ ਅਤੇ ਸਵੇਰ ਹੁੰਦਿਆਂ ਹੀ ਪਰਦੇ ਫਿਰ ਟੰਗ ਦਿੱਤੇ ਇਸ ਤਬਾਹੀ ਵਿਚ ਪਾਣੀ ਦੀਆਂ ਪਾਈਪਾਂ ਟੁੱਟਣ ਕਾਰਣ ਪਾਣੀ ਦੀ ਭਾਰੀ ਕਮੀ ਹੋ ਗਈ ਟਾਇਲਟਾਂ ਬਾਥਰੂਮਾਂ ਵਿਚ ਪਾਣੀ ਨਾ ਹੋਣ ਕਾਰਣ ਸਥਿਤੀ ਹੋਰ ਵੀ ਬੁਰੀ ਬਣ ਗਈਬੱਚਿਆਂਔਰਤਾਂ ਨੇ ਇਸ ਸਥਿਤੀ ਨੂੰ ਕਿਸ ਤਰ੍ਹਾਂ ਨਜਿੱਠੀਆਂ ਬੱਸ ਉਹੀ ਜਾਣਦੇ ਹਨ ਕੁੱਝ ਢਾਬਿਆਂ ਵਾਲਿਆਂ ਨੇ ਤਾਂ ਔਰਤਾਂ ਨੂੰ ਬਾਥਰੂਮ ਤੱਕ ਨਹੀਂ ਜਾਣ ਦਿੱਤਾ ਤੇ ਟਾਇਲਟਾਂ ਨੂੰ ਜਿੰਦਰੇ ਲਗਾ ਦਿੱਤੇ ਸਨ ਸ਼ਰਧਾਲੂਆਂ ਦੀ ਹੋਟਲਾਂ ਵਾਲਿਆਂ ਨਾਲ ਹੱਥੋਪਾਈ ਤੱਕ ਦੀ ਨੌਬਤ ਆ ਗਈ। ਪ੍ਰੰਤੂ ਮੁਸੀਬਤ ਵਿਚ ਫਸੇ ਹੋਣ ਕਾਰਣ ਸ਼ਰਧਾਲੂ ਆਪਣੇ ਆਪ ਨੂੰ ਬਚਾਉਂਦੇ ਰਹੇ
18 ਜੂਨ ਨੂੰ ਕਰਣਪ੍ਰਯਾਗ ਦੇ ਨੇੜੇ ਡਿੱਗੇ ਪਹਾੜ ਨੂੰ ਬਰੂਦ ਨਾਲ ਤੋੜ ਕੇ ਰਸਤਾ ਸਾਫ ਕੀਤਾ ਗਿਆ ਕਈ ਦਿਨਾਂ ਤੱਕ ਜੋਸ਼ੀਮੱਠਗੋਬਿੰਦਘਾਟ ਵਿਚ ਫਸੇ ਰਹਿਣ ਕਾਰਣ ਸ਼ਰਧਾਲੂ, ਵਾਹਨ ਚਾਲਕ ਆਪਣੀਆਂ ਗੱਡੀਆਂ ਭਜਾਈ ਜਾ ਰਹੇ ਸਨ ਕਿ ਕੁੱਝ ਚਿਰਾਂ ਬਾਅਦ ਕਮਵੇੜਾ ਦੇ ਨੇੜੇ ਇੱਕ ਓਵਰਲੋਡ ਟਰੱਕ ਫਸ ਗਿਆ, ਜਿਸ ਕਾਰਣ ਫਿਰ ਟਰੈਫਿਕ ਜਾਮ ਹੋ ਗਿਆ ਅਤੇ ਲੋਕਾਂ ਨੂੰ ਮਜਬੂਰੀ ਵਿੱਚ ਫਿਰ ਗੋਚਰ ਰਾਤ ਕੱਟਣ ਲਈ ਮਜਬੂਰ ਹੋਣਾ ਪਿਆ।
ਭਾਵੇਂ ਕਿ ਭਾਰੀ ਵਰਖਾ, ਬੱਦਲ ਫਟਣ ਕਾਰਣ ਉਤਰਾਖੰਡ ਵਿੱਚ ਭਾਰੀ ਤਬਾਹੀ ਹੋਈ ਹੈ, ਜੇਕਰ ਉਤਰਾਖੰਡ ਸਰਕਾਰ ਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਪ੍ਰਬੰਧ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਪ੍ਰਸ਼ਾਸਨ ਨੂੰ ਪਤਾ ਹੈ ਕਿ ਹਰੇਕ ਸਾਲ ਜੂਨ ਮਹੀਨੇ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਖ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ, ਚਾਰ ਧਾਮਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਣਾਂ ਲਈ ਆਉਂਦੇ ਹਨ ਤਾਂ ਪ੍ਰਸ਼ਾਸਨ ਨੇ ਸ਼ਰਧਾਲੂਆਂ ਲਈ ਅਗੇਤੇ ਪ੍ਰਬੰਧ ਕਿਉਂ ਨਹੀਂ ਕੀਤੇ? ਜੇਕਰ ਪ੍ਰਬੰਧ ਦੀ ਗੱਲ ਕਰੀਏ ਤਾਂ ਸੂਬੇ ਦੀ ਰਾਜਧਾਨੀ ਦੇਹਰਾਦੂਨ ਤੋਂ ਲੈ ਕੇ ਜੋਸ਼ੀਮੱਠ ਤੱਕ ਰਾਸ਼ਟਰੀ ਮਾਰਗ ਤੇ ਪ੍ਰਸ਼ਾਸਨ ਦਾ ਕੋਈ ਵੀ ਸਹਾਇਤਾ ਬੂਥ ਕੇਂਦਰ ਤਕ ਦੇਖਣ ਨੂੰ ਨਹੀਂ ਮਿਲਿਆ। ਇੱਥੋਂ ਤੱਕ ਕਿ ਟਰੈਫਿਕ ਬਹਾਲ ਰੱਖਣ ਵਿੱਚ ਵੀ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ। ਦੁੱਖ ਦੀ ਗੱਲ ਇਹ ਹੈ ਕਿ ਭਾਰੀ ਤਬਾਹੀ ਨਾਲ ਦੇਸ਼ ਵਿਦੇਸ਼ ਵਿਚ ਹਾਹਾਕਾਰ ਮਚ ਗਈ, ਇਸਦੇ ਬਾਵਜੂਦ ਹੀ ਪ੍ਰਸ਼ਾਸਨ ਨੇ ਉਚਿਤ ਕਦਮ ਨਹੀਂ ਉਠਾਇਆ ਅਤੇ ਮੂਕ ਦਰਸ਼ਕ ਬਣ ਕੇ ਰਹਿ ਗਿਆ।
ਸ੍ਰੀ ਨਗਰ ਰਿਸ਼ੀਕੇਸ਼ ਮਾਰਗ ਬੰਦ ਹੋਣ ਕਾਰਣ ਵਾਹਨਾਂ ਨੂੰ ਪੌੜੀ-ਕੋਟਦੁਆਰ ਮਾਰਗ ਰਾਹੀਂ ਕੱਢਿਆ ਗਿਆ। ਲਗਭਗ ਪੰਜਾਹ ਸੱਠ ਕਿਲੋਮੀਟਰ ਤੱਕ ਇਹ ਰਸਤਾ ਐਨਾ ਖਰਾਬ ਸੀ ਕਿ ਤੌਬਾ ਤੌਬਾ ਲਗਾਤਾਰ ਮੀਂਹ ਪੈਣ ਕਾਰਣ ਤੰਗ ਸੜਕਾਂ ਖੁਰ ਗਈਆਂ ਸਨ, ਜਿਸ ਕਾਰਣ ਕਈ ਵਾਰ ਜਾਮ ਵੀ ਲੱਗਿਆ ਸ਼ਰਧਾਲੂਆਂ ਨੇ ਆਪਣੀ ਸੂਝਬੂਝ ਤੇ ਹਿੰਮਤ ਨਾਲ ਟਰੈਫਿਕ ਨੂੰ ਖੁਦ ਕੰਟਰੋਲ ਕੀਤਾ ਅਤੇ ਫਸੇ ਵਾਹਨਾਂ ਨੂੰ ਬਾਹਰ ਕੱਢਿਆ। ਪ੍ਰਸ਼ਾਸਨ ਨੇ ਇਸ ਮਾਰਗ ਤੇ ਵੀ ਭਾਰੀ ਵਾਹਨਾਂਬੱਸਾਂਟਰੱਕਾਂ ਦੇ ਨਿਕਲਣ ਤੇ ਪਾਬੰਦੀ ਨਹੀਂ ਲਗਾਈ ਜਦੋਂ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਜਿੰਮੇਵਾਰੀ ਬਣਦੀ ਸੀ ਕਿ ਉਹ ਰਸਤੇ ਦੀ ਹਾਲਤ ਨੂੰ ਦੇਖਦੇ ਹੋਏ ਭਾਰੀ ਵਾਹਨਾਂ ਦੇ ਗੁਜ਼ਰਨ ਤੇ ਪਾਬੰਦੀ ਲਗਾਈ ਜਾਂਦੀ ਬੱਸਾਂ ਵਿਚ ਸਫਰ ਕਰਨ ਵਾਲੇ ਸ਼ਰਧਾਲੂਆਂ ਨੂੰ ਮੰਜਿਲ ਤੇ ਪਹੁੰਚਾਉਣ ਲਈ ਟੈਕਸੀਆਂ ਛੋਟੇ ਵਾਹਨ ਉਪਲਬਧ ਕਰਵਾਏ ਜਾਂਦੇ ਤਾਂ ਕਿ ਟਰੈਫਿਕ ਜਾਮ ਹੋਣ ਦੀ ਨੌਬਤ ਨਾ ਆਉਂਦੀ। ਪ੍ਰਸ਼ਾਸਨ ਦੁਕਾਨਦਾਰਾਂ, ਹੋਟਲਾਂ ਵਾਲਿਆਂ ਨੂੰ ਕੰਟਰੋਲ ਰੇਟ ਤੇ ਸਮਾਨ ਦੇਣ ਦਾ ਆਦੇਸ਼ ਵੀ ਕਰ ਸਕਦਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ।
ਦੱਸਿਆ ਜਾਂਦਾ ਹੈ ਕਿ ਉਤਰਾਖੰਡ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਪਿਛਲੇ ਸਾਲਾਂ ਦੌਰਾਨ ਕੁਦਰਤੀ ਆਫਤਾਂ ਨਾਲ ਨਿਪਟਣ ਲਈ ਦਿੱਤੇ ਗਏ ਫੰਡਾਂ ਦਾ ਵੀ ਹਿਸਾਬ ਕੀਤਾਬ ਨਹੀਂ ਦਿੱਤਾ। ਬਹੁਤ ਸਾਰੇ ਉਤਰਾਖੰਡ ਵਾਸੀਆਂ ਨੇ ਦੱਸਿਆ ਕਿ ਕੁਦਰਤੀ ਆਫਤਾਂ ਨਾਲ ਨਜਿੱਠਣ ਵਾਲਾ ਵਿਭਾਗ ਸਫੈਦ ਹਾਥੀ ਬਣ ਕੇ ਰਹਿ ਗਿਆ ਹੈ। ਜੇਕਰ ਭਾਰਤੀ ਫੌਜਇੰਡੀਅਨ ਤਿੱਬਤ ਸੀਮਾ ਪੁਲਿਸ ਅਤੇ ਐਨ ਡੀ ਆਰ ਐਫ ਦੇ ਜਵਾਨ ਮੋਰਚਾ ਨਾ ਸੰਭਾਲਦੇ ਤਾਂ ਜਾਨੀ ਨੁਕਸਾਨ ਹੋਰ ਵੀ ਵੱਧ ਹੋ ਸਕਦਾ ਸੀ। ਵੱਖ -ਵੱਖ ਸਥਾਨਾਂ ਵਿਚ ਫਸੇ ਸ਼ਰਧਾਲੂਆਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਉਣ ਲਈ ਫੌਜ ਦੇ ਜਵਾਨ ਰੱਬ ਬਣ ਕੇ ਬਹੁੜੇ ਮੀਡਿਆ ਦੁਆਰਾ ਅਸਲ ਸਥਿਤੀ ਸਾਹਮਣੇ ਲਿਆਉਣ ਤੇ ਹੀ ਸਰਕਾਰਾਂ ਦੇ ਕੰਨ ਤੇ ਜੂੰ ਰੇਂਗੀ।
ਪੰਜਾਬ ਸਰਕਾਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਦੇ ਪ੍ਰਬੰਧਕਾਂ ਸਮੇਤ ਬਚਾਅ ਕਾਰਜਾਂ ਵਿਚ ਲੱਗੇ ਸੰਗਠਨ ਪ੍ਰਸ਼ੰਸਾ ਦੇ ਪਾਤਰ ਹਨ, ਜਿਨ੍ਹਾਂ ਨੇ ਦੁੱਖ ਦੀ ਘੜੀ ਵਿੱਚ ਮੁਸੀਬਤ ਵਿਚ ਫਸੇ ਸ਼ਰਧਾਲੂਆਂ ਨੂੰ ਲੰਗਰ ਪਾਣੀ ਅਤੇ ਹੋਰ ਵਸਤਾਂ ਪਹੁੰਚਾਈਆਂ। ਕੁੱਲ ਮਿਲਾ ਕੇ ਉਤਰਾਖੰਡ ਸਰਕਾਰ, ਪ੍ਰਸ਼ਾਸਨਸ਼ਰਧਾਲੂਆਂ ਦੀ ਸੁਵਿਧਾ ਲਈ ਪੁਖਤਾ ਪ੍ਰਬੰਧ ਕਰਨ ਵਿਚ ਬੁਰੀ ਤਰ੍ਹਾਂ ਫੇਲ ਸਾਬਿਤ ਹੋਇਆ ਹੈ। ਜਿਹੜੇ ਸ਼ਰਧਾਲੂ ਬਚ ਨਿਕਲਣ ਵਿੱਚ ਕਾਮਯਾਬ ਹੋਏ ਹਨ, ਉਹ ਫੌਜ ਦੇ ਜਵਾਨਾਂ ਦੀ ਮਦਦ ਅਤੇ ਰੱਬ ਆਸਰੇ ਹੀ ਬਚੇ ਹਨ।
*****
(6213) 
ਜੈ ਸਿੰਘ ਛਿੱਬਰ
ਦਸ਼ਮੇਸ਼ ਕਲੋਨੀ, ਮੋਰਿੰਡਾ।
ਫੋਨ (ਇੰਡੀਆ): 98554 - 52043

Medicine's Scam