Thursday, 27 July 2017

ਵਿਧਾਇਕ ਹਰ ਸਾਲ ਸੰਪਤੀ ਨਸ਼ਰ ਕਰੇ ਸਰਕਾਰ ਕਾਨੂੰਨ ਬਨਾਉਣ ਦੇ ਰੌਅ 'ਚ


ਪ੍ਰਸਤਾਵ ਤਿਆਰ  ਕੈਬਨਿਟ ਦੀ ਮੋਹਰ ਲੱਗਣੀ ਬਾਕੀ
ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਰਕਾਰ ਲੈ ਰਹੀ ਹੈ ਫੈਸਲਾ
ਚੰਡੀਗੜ 27 ਜੁਲਾਈ ( ਜੈ ਸਿੰਘ ਛਿੱਬਰ) : ਵਿਧਾਇਕਾਂ ਦੀ ਜਵਾਬਦੇਹੀ ਤੈਅ ਕਰਨ ਲਈ ਪੰਜਾਬ ਸਰਕਾਰ ਹਰੇਕ ਸਾਲ ਵਿਧਾਇਕ ਦੀ ਸੰਪਤੀ ਜਨਤਕ ਕਰਨ ਨੂੰ ਯਕੀਨੀ ਬਨਾਉਣ ਦਾ ਵੱਡਾ ਫੈਸਲਾ ਲੈਣ ਜਾ ਰਹੀ ਹੈ। ਅਗਰ ਪੰਜਾਬ ਸਰਕਾਰ ਆਪਣੀ ਇਸ ਤਜਵੀਜ 'ਤੇ ਮੋਹਰ ਲਗਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਵਿਧਾਇਕਾਂ ਵਲੋਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਚੱਲ ਪ੍ਰਾਪਰਟੀ ਬਨਾਉਣ ਦੀਆਂ ਕੋਸ਼ਿਸ਼ਾਂ ਨੂੰ ਵਿਰਾਮ ਲੱਗ ਜਾਵੇਗਾ। ਹਾਲਾਂਕਿ ਪੰਜ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਮੌਕੇ ਉਮੀਦਵਾਰ, ਜਿਹਨਾਂ ਵਿੱਚ ਕਈ ਵਿਧਾਇਕ ਵੀ ਹੁੰਦੇ ਹਨ, ਆਪਣੀ ਚੱਲ ਤੇ ਅਚੱਲ ਸੰਪਤੀ ਦਾ ਵੇਰਵਾ ਦਿੰਦੇ ਹਨ। ਪਰ, ਪੰਜਾਬ ਸਰਕਾਰ ਵਲੋਂ ਵਿਧਾਇਕਾਂ ਵਲੋਂ ਹਰੇਕ ਸਾਲ ਸੰਪਤੀ ਦਾ ਵੇਰਵਾ ਦੇਣ ਨੂੰ ਯਕੀਨੀ ਬਨਾਉਣ ਦਾ ਫੈਸਲਾ ਲੈਣ 'ਤੇ ਵਿਚਾਰ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਇਸ ਤਜਵੀਜ 'ਤੇ ਫੈਸਲਾ ਲੱਗਭੱਗ ਲੈ ਗਿਆ ਹੈ ਅਤੇ ਅਗਲੇ ਦਿਨਾਂ 'ਚ ਹੋਣ ਵਾਲੀ ਵਜਾਰਤ ਮੰਡਲ ਦੀ ਮੀਟਿੰਗ ਵਿੱਚ ਮੋਹਰ ਲੱਗ ਸਕਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਸਦੀਆਂ ਮਾਮਲਿਆਂ ਵਿਭਾਗ ਵਲੋਂ ਅਜਿਹਾ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ ਜੋ ਪੰਜਾਬ ਸਰਕਾਰ ਦੇ ਰੂਲ ਆਫ ਬਿਜਨਸ 1992 ਦੇ ਨਿਯਮ 37 ਤਹਿਤ ਕੈਬਨਿਟ ਦੀ ਮੰਜੂਰੀ ਲਈ ਭੇਜਿਆ ਜਾਵੇਗਾ। ਸੂਤਰ ਦੱਸਦੇ ਹਨ ਕਿ ਜੇਕਰ ਅਗਲੇ ਦਿਨਾਂ 'ਚ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਇਸ ਪ੍ਰਸਤਾਵ ਨੂੰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਸਾਲ 2017-18 ਲਈ ਵਿਧਾਇਕਾਂ ਨੂੰ ਆਪਣੀ ਸੰਪਤੀ ਦਾ ਵੇਰਵਾ ਦੇਣਾ ਪਵੇਗਾ। ਸੂਤਰ ਦੱਸਦੇ ਹਨ ਕਿ ਅਜਿਹਾ ਫੈਸਲਾ ਸਰਕਾਰ ਨੇ ਪਿਛਲੇ ਦਿਨਾਂ ਦੌਰਾਨ ਊਰਜਾ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਆਪਣੇ ਰਸੋਸੀਏ ਦੇ ਮਾਰਫਤ ਰੇਤ ਦੀਆਂ ਖੱਡਾਂ ਲੈਣ ਕਾਰਨ ਸਰਕਾਰ ਦੀ ਕਿਰਕਰੀ ਹੋਣ ਤੋਂ ਬਾਅਦ ਲਿਆ ਗਿਆ ਹੈ। ਭਾਵੇਂ ਕਿ ਸਰਕਾਰ ਨੇ ਰਾਣਾ ਗੁਰਜੀਤ ਸਿੰਘ ਦੇ ਮਾਮਲੇਂ ਦੀ ਜਾਂਚ ਕਰਨ ਲਈ ਨਾਰੰਗ ਕਮਿਸ਼ਨ ਗਠਿਤ ਕੀਤਾ ਹੋਇਆ ਹੈ, ਪਰ ਵਿਰੋਧੀਆਂ ਧਿਰਾਂ ਵਲੋਂ ਮੁੱਦਾ ਚੁੱਕਣ ਨਾਲ ਲੋਕਾਂ 'ਚ ਸਰਕਾਰ ਪ੍ਰਤੀ ਬੁਰਾ ਸੰਦੇਸ਼ ਗਿਆ ਸੀ।
ਦੱਸਿਆਂ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵਲੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਵਾਅਦੇ ਨੂੰ ਅਮਲੀ ਰੂਪ ਦੇਣ ਲਈ ਅਜਿਹਾ ਕਦਮ ਚੁੱਕਿਆ ਗਿਆ ਹੈ। ਕਿਉਂਕਿ ਰਾਜਨੀਤੀ 'ਚ ਸ਼ਾਮਲ ਵਿਅਕਤੀਆਂ ਖਾਸਕਰਕੇ ਵਿਧਾਇਕਾਂ, ਮੰਤਰੀਆਂ ਦੀਆਂ ਪੰਜ ਸਾਲਾਂ ਬਾਅਦ ਸੰਪਤੀ 'ਚ ਬੇਸ਼ੁਮਾਰ ਵਾਧਾ ਹੋ ਜਾਂਦਾ ਹੈ। ਆਮ ਲੋਕਾਈ ਦੇ ਦਿਲਾਂ 'ਚ ਇਹ ਗੱਲ ਘਰ ਗਈ ਹੈ ਕਿ ਰਾਜਨੀਤੀ 'ਚ ਲੋਕ ਪ੍ਰਾਪਰਟੀ ਬਨਾਉਣ, ਲੁੱਟ ਖਸੁੱਟ ਕਰਨ ਹੀ ਆਉਂਦੇ ਹਨ। ਜਦੋਕਿ ਪਹਿਲਾਂ ਰਾਜਨੀਤੀ ਸੇਵਾ ਤੇ ਇੱਕ ਮਿਸ਼ਨ ਹੁੰਦਾ ਸੀ। ਸੱਤਾ ਦੇ ਗਲਿਆਰਿਆਂ 'ਚ ਹੁਣ ਵੀ ਇੱਕ ਦੋ ਮੰਤਰੀਆਂ ਤੇ ਕੁੱਝ ਵਿਧਾਇਕਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਤਰ•ਾਂ ਤਰ•ਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ। ਸੂਤਰ ਦੱਸਦੇ ਹਨ ਕਿ ਦੋ -ਤਿੰਨ ਮੰਤਰੀਆਂ ਦੇ ਕੰਮ ਕਰਨ ਦੇ ਰੰਗ ਢੰਗ ਦੀ ਰਿਪੋਰਟ ਮੁੱਖ ਮੰਤਰੀ ਤੱਕ ਪੁੱਜ ਵੀ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨੂੰ ਹਰੇਕ ਸਾਲ ਜਨਵਰੀ ਮਹੀਨੇ ਵਿੱਚ ਆਪਣੀ ਸੰਪਤੀ ਦੀ ਘੋਸ਼ਣਾ ਕਰਨ ਸੰਬੰਧੀ ਫੈਸਲਾ ਕਦੋਂ ਲੈਣਗੇ।

Wednesday, 26 July 2017

ਨਵਜੋਤ ਸਿੱਧੂ ਨੇ ਰਿਵਾਇਤੀ ਰਾਜਨੀਤੀ ਤੋਂ ਉਲਟ ਨਵੀਂ ਰੀਤ ਪਾਈ


ਵਿਰੋਧੀ ਪਾਰਟੀ ਦੇ ਵਿਧਾਇਕ ਤੋਂ ਦੁਆਈ ਝੰਡੀ
ਸਿਆਸੀ ਪਾਰਟੀਆਂ 'ਚ  ਸਿੱਧੂ ਵਰਗੇ ਲੀਡਰ ਹੋਣੇ ਚਾਹੀਦੇ ਹਨ-ਅਮਨ ਅਰੋੜਾ
ਚੰਡੀਗੜ• 26 ਜੁਲਾਈ ( ਜੈ ਸਿੰਘ ਛਿੱਬਰ) : ਰਿਵਾਇਤੀ ਰਾਜਨੀਤੀ ਤੋਂ ਉਲਟ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਪਿਰਤ ਪਾਈ ਹੈ। ਹਾਲਾਂਕਿ ਵੱਖਰੇ ਅੰਦਾਜ 'ਚ ਗੱਲ ਕਰਨ, ਸਮਾਜ ਸੇਵਾ, ਸੱਚ ਤੇ ਦ੍ਰਿੜਤਾ ਨਾਲ ਬੋਲਣ ਅਤੇ ਵਿਭਾਗੀ ਕੰਮਾਂ 'ਚ ਪਾਰਦਰਸ਼ਤਾਂ ਨੂੰ ਲੈ ਪਹਿਲਾਂ ਹੀ ਲੋਕਾਂ ਦੀ ਜੁਬਾਨ 'ਤੇ ਨਵਜੋਤ ਸਿੱਧੂ ਦਾ ਨਾਂਅ ਚੜਿਆ ਹੋਇਆ ਹੈ। ਪਰ, ਅੱਜ ਸਥਾਨਕ ਸਰਕਾਰਾਂ ਵਿਭਾਗ ਵਲੋਂ ਵੱਖ ਵੱਖ ਹਲਕਿਆਂ, ਸ਼ਹਿਰਾਂ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਵਾਨਾਂ ਕਰਨ ਸਮੇਂ ਸਿਆਸੀ ਵਿਰੋਧੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਤੋਂ ਪਹਿਲੀ ਗੱਡੀ ਨੂੰ ਝੰਡੀ ਦੁਆਕੇ ਜਿਥੇ ਉਹਨਾਂ ਨੇ ਲੋਕਾਂ ਨੂੰ ਇਹ ਮੈਸੇਜ ਦੇਣ ਦਾ ਯਤਨ ਕੀਤਾ ਹੈ ਕਿ ਵਿਧਾਇਕ ਵਿਧਾਇਕ ਹੀ ਹੁੰਦਾ ਹੈ। ਦੂਸਰਾ ਲੋਕਾਂ 'ਚ ਇਹ ਵੀ ਸੰਦੇਸ਼ ਦਿੱਤਾ ਹੈ ਕਿ ਸਰਕਾਰ ਆਪਣੇ ਹਲਕਾ ਇੰਚਾਰਜ ਸਿਸਟਮ ਨੂੰ ਖਤਮ ਕਰਨ ਦੇ ਵਾਅਦੇ 'ਤੇ ਕਾਇਮ ਹੈ ਅਤੇ ਉਹ (ਸਿੱਧੂ) ਕਹਿਣੀ ਤੇ ਕਥਨੀ 'ਤੇ ਖਰਾ ਉਤਰਦੇ ਹਨ। ਇਹ ਗੱਲ ਵੱਖਰੀ ਹੈ ਕਿ ਗੱਡੀਆਂ ਰਵਾਨਾਂ ਕਰਨ ਮੌਕੇ ਅਮਨ ਅਰੋੜਾ ਕੋਲ•ੋ ਹਾਰਨ ਵਾਲੀ ਮਹਿਲਾਂ ਕਾਂਗਰਸੀ ਆਗੂ ਦਮਨ ਬਾਜਵਾ ਵੀ ਮੌਜੂਦ ਸੀ, ਪਰ ਸਿੱਧੂ ਨੇ ਵੱਖ ਵੱਖ ਹਲਕਿਆਂ ਤੋਂ ਬੁਲਾਏ ਹੋਏ ਵਿਧਾਇਕਾਂ ਨੂੰ ਵੱਧ ਮਹੱਤਤਾ ਦਿੱਤੀ।
ਇਥੇ ਦੱਸਣਾ  ਬਣਦਾ ਹੈ ਕਿ ਸ੍ਰ ਸਿੱਧੂ ਨੇ ਜੂਨ 'ਚ ਬਜਟ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵਲੋਂ ਪ੍ਰਸ਼ਨਕਾਲ 'ਚ ਪੁੱਛੇ ਸਵਾਲ ਦੇ ਜਵਾਬ ਵਿੱਚ  ਸ਼ਹੀਦ ਉਧਮ ਸਿੰਘ ਦੀ ਧਰਤੀ ਸੁਨਾਮ 'ਚ ਲਿਸ਼ ਲਿਸ਼ ਕਰਦੀ ਪਹਿਲੀ ਗੱਡੀ ਭੇਜਣ ਦਾ ਵਿਧਾਨ ਸਭਾ 'ਚ ਭਰੋਸਾ ਦਿੱਤਾ ਸੀ।
ਉਧਰ ਆਪ ਦੇ ਵਿਧਾਇਕ ਅਮਨ ਅਰੋੜਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਧੂ ਨੇ ਆਪਣੇ ਵਾਅਦੇ ਨੂੰ ਪੂਰਾ ਕਰਕੇ ਉਸਦਾ ਹੀ ਨਹੀਂ ਬਲਕਿ ਸੁਨਾਮ ਵਾਸੀਆਂ ਦਾ ਦਿਲ ਜਿੱਤ ਲਿਆ ਹੈ। ਅਰੋੜਾ ਨੇ ਕਿਹਾ ਕਿ ਉਸਨੇ 15 ਜੂਨ ਨੂੰ ਬਜਟ ਸੈਸ਼ਨ 'ਚ ਸਵਾਲ ਪੁੱਛਿਆ ਸੀ ਤਾਂ ਜਵਾਬ 'ਚ ਸਿੱਧੂ ਨੇ ਲਿਸ਼ ਲਿਸ਼ ਕਰਦੀ ਪਹਿਲੀ ਗੱਡੀ ਭੇਜਣ ਦਾ ਵਾਅਦਾ ਕੀਤਾ ਸੀ, ਅੱਜ ਸਿੱਧੂ ਨੇ ਉਹਨਾਂ ਹੱਥੋਂ ਪਹਿਲੀ ਗੱਡੀ ਨੂੰ ਝੰਡੀ ਨੂੰ ਦੁਆਈ ਹੈ। ਅਰੋੜਾ ਨੇ ਕਿਹਾ ਕਿ ਸਿਆਸੀ ਪਾਰਟੀਆਂ 'ਚ  ਸਿੱਧੂ ਵਰਗੇ ਲੀਡਰ ਹੋਣੇ ਚਾਹੀਦੇ ਹਨ, ਜਿਹਨਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠਕੇ ਵਡੱਪਣ ਦਿਖਾਉਂਦਿਆਂ  ਸੁਨਾਮ ਹਲਕੇ ਨੂੰ ਫਾਇਰ ਬਿਗ੍ਰੇਡ  ਦਿੱਤੀ। ਅਰੋੜਾ ਨੇ ਕਿਹਾ ਕਿ ਸਿੱਧੂ ਨੇ 31 ਜੁਲਾਈ ਤੋਂ ਪਹਿਲਾਂ ਪਹਿਲਾਂ ਗੱਡੀ ਭੇਜਣ ਦਾ ਵਾਅਦਾ ਕੀਤਾ ਸੀ ਤੇ ਮਹੀਨਾਂ ਪੂਰਾ ਹੋਣ ਤੋਂ ਪਹਿਲਾਂ ਹੀ ਗੱਡੀ ਦਾ ਤੋਹਫਾ ਦੇ ਦਿੱਤਾ ਹੈ। ਉਧਰ ਨਵਜੋਤ ਸਿੱਧੂ ਸ੍ਰੀ ਰਮਾਇਣ ਦੀ ਤੁਕ “ਰਘੁ ਕੁੱਲ ਰੀਤ ਸਦਾ ਚਲੀ ਆਈ ਪ੍ਰਾਣ ਜਾਏ ਪਰ ਬਚਨ ਨਾ ਜਾਏ। ” ਦਾ ਉਲੇਖ ਕਰਦਿਆਂ ਕਿਹਾ ਕਿ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ, ਸਿੱਧੂ ਕੈਪਟਨ ਮੰਗਦਾ ਪੰਜਾਬ ਦੀ ਖੈਰ। ਉਹਨਾਂ ਕਿਹਾ ਕਿ ਉਹ ਹਮੇਸ਼ਾਂ ਸੱਚ 'ਤੇ ਪਹਿਰਾ ਦਿੰਦੇ ਹਨ ਤੇ ਦਿੰਦੇ ਰਹਿਣਗੇ।

ਤ੍ਰਾਸਦੀ:150 ਫਾਇਰ ਬ੍ਰਿਗੇਡ ਗੱਡੀਆਂ ਵਿਚੋਂ 50 ਹੀ ਚਾਲੂ ਹਾਲਤ 'ਚ

 ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਨਹੀਂ ਉਚਿਤ ਪ੍ਰਬੰਧ
ਪੰਜਾਬ 'ਚ ਹੋਵੇਗਾ ਵੱਖਰਾ ਫਾਇਰ ਡਾਇਰੈਕਟੋਰੇਟ, ਅਧਿਕਾਰੀ ਵਿਧਾਨ, ਨਿਯਮ ਬਨਾਉਣ 'ਚ ਜੁਟੇ

ਚੰਡੀਗੜ•, 2 ਜੁਲਾਈ ( ਜੈ ਸਿੰਘ ਛਿੱਬਰ) : ਪੰਜਾਬ 'ਚ ਵੱਖਰਾ ਫਾਇਰ ਡਾਇਰੈਕਟਰੇਟ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਹੁਣ ਤੱਕ ਨਗਰ ਕੌਂਸਲਾਂ, ਨਗਰ ਨਿਗਮਾਂ ਵਲੋਂ ਸ਼ਹਿਰੀਆਂ ਕੋਲ•ੋ ਪ੍ਰਤੀ ਸਾਲ ਕਰੀਬਨ 1.77 ਕਰੋੜ ਰੁਪਏ ਫਾਇਰ ਸੈਸ ਤਾਂ ਵਸੂਲਿਆਂ ਜਾ ਰਿਹਾ ਸੀ, ਪਰ “ਫਾਇਰ ਸੇਫਟੀ ” ਵੱਲ ਧਿਆਨ ਨਹੀਂ ਦਿੱਤਾ ਜਾਂਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਕੋਲ ਮੁੰਕਮਲ ਅੱਗ ਬਝਾਊ ਗੱਡੀਆਂ ਵੀ ਨਹੀਂ ਹਨ। ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਵੱਖ ਵੱਖ ਨਗਰ ਨਿਗਮਾਂ ਸਮੇਤ ਕੁੱਝ ਨਗਰ ਕੌਂਸਲਾਂ ਦੇ ਕੋਲ 150 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਨ, ਜਿਹਨਾਂ ਵਿਚੋਂ 50 ਹੀ ਸਹੀ ਮਾਅਨੇ 'ਚ ਕੰਮ ਕਰ ਰਹੀਆਂ ਹਨ।
ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣਨ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੱਖਰਾ ਡਾਇਰੈਕਟੋਰੇਟ ਬਨਾਉਣ ਵੱਲ ਕਦਮ ਪੁੱਟਿਆ ਹੈ। ਵਿਭਾਗ ਦੇ ਅਧਿਕਾਰੀ ਫਾਇਰ ਡਾਇਰੈਕਟੋਰੇਟ ਬਨਾਉਣ ਲਈ ਵਿਧਾਨ, ਨਿਯਮ ਬਨਾਉਣ 'ਚ ਜੁਟੇ ਹੋਏ ਹਨ। ਜਲਦ ਹੀ ਇਸਨੂੰ ਅਮਲੀ ਰੂਪ ਦੇ ਦਿੱਤਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਨਿਯਮਾਂ ਅਨੁਸਾਰ ਘੱਟੋ ਘੱਟ 50 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ 'ਚ ਫਾਇਰ ਸਟੇਸ਼ਨ ਹੋਣਾ ਜਰੂਰੀ ਹੈ। ਪਰ, ਫਾਇਰ ਸੇਫਟੀ ਵੱਲ ਧਿਆਨ ਨਾ ਦੇਣ ਕਾਰਨ ਕਈ ਜਿਲਿ•ਆਂ ਵਿੱਚ ਦੋ ਦੋ ਜਾਂ ਤਿੰਨ ਨਗਰ ਕੌਂਸਲਾਂ ਵਲੋਂ ਸਾਂਝੇ ਤੌਰ 'ਤੇ ਫਾਇਰ ਸਟੇਸ਼ਨ ਚਲਾਇਆ ਜਾ ਰਿਹਾ ਹੈ। ਉਦਾਹਰਨ ਦੇ ਤੌਰ 'ਤੇ ਨਗਰ ਕੌਂਸਲ ਰੂਪਨਗਰ ਦੇ ਫਾਇਰ ਸਟੇਸ਼ਨ ਦੇ ਨਾਲ ਨਗਰ ਕੌਂਸਲ ਮੋਰਿੰਡਾ ਤੇ ਨਗਰ ਪੰਚਾਇਤ ਚਮਕੌਰ ਸਾਹਿਬ ਨੂੰ ਜੋੜਿਆ ਗਿਆ ਹੈ। ਇਸੀ ਤਰ•ਾਂ ਬਾਕੀ ਜਿਲਿ•ਆਂ ਦੀਆਂ ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਦਾ ਹਾਲ ਹੈ।
ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕਮਲ ਕਿਸ਼ੋਰ ਯਾਦਵ ਨੇ ਵੱਖਰਾ ਡਾਇਰੈਕਟੋਰੇਟ ਬਨਾਉਣ ਲਈ ਵਿਧਾਨ, ਨਿਯਮ ਬਨਾਉਣ ਦੀ ਪੁਸ਼ਟੀ ਕਰਦਿਆਂ ਦੱਸਿਆਂ ਕਿ ਕਈ ਸੂਬਿਆਂ 'ਚ ਪਹਿਲਾਂ ਹੀ ਵੱਖਰਾ ਫਾਇਰ ਡਾਇਰੈਕਟੋਰੇਟ ਕੰਮ ਕਰ ਰਿਹਾ ਹੈ ਅਤੇ ਇਸ ਬਾਰੇ ਕੇਂਦਰ ਸਰਕਾਰ ਵਲੋਂ ਬਕਾਇਦਾ ਕਾਨੂੰਨ, ਵਿਧਾਨ ਨਿਯਮ ਬਣਾਏ ਹੋਏ ਹਨ। ਵਿਭਾਗ ਦੇ ਅਧਿਕਾਰੀ ਕੇਂਦਰੀ ਐਕਟ ਦੀ ਪੜਚੋਲ ਕਰ ਰਹੇ ਹਨ। ਸ੍ਰੀ ਯਾਦਵ ਅਨੁਸਾਰ ਵੱਖਰਾ ਡਾਇਰੈਕਟੋਰੇਟ ਬਣਨ ਨਾਲ ਫਾਇਰ ਸਿਸਟਮ 'ਚ ਸੁਧਾਰ ਆਉਣ ਦੀ ਪੂਰੀ ਉਮੀਦ ਹੈ। ਉਹਨਾਂ ਅਨੁਸਾਰ ਅੰਦਾਜ਼ਨ 1.77 ਕਰੋੜ ਰੁਪਏ ਸਾਲਾਨਾ ਫਾਇਰ ਸੈਸ ਦੇ ਰੂਪ ਵਿੱਚ ਵਸੂਲ ਕੀਤੇ ਜਾ ਰਹੇ ਹਨ, ਇਹ ਪੈਸਾ ਨਗਰ ਕੌਂਸਲਾਂ ਵਲੋਂ ਆਪਣੇ ਪੱਧਰ 'ਤੇ ਇਥੋਂ ਤੱਕ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਜਾਂ ਹੋਰ ਜਰੂਰੀ ਅਦਾਇਗੀਆਂ 'ਤੇ ਖਰਚ ਕੀਤਾ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਉਕਤ ਰਾਸ਼ੀ ਹੀ ਵਸੂਲ ਹੁੰਦੀ ਰਹੀ ਤਾਂ ਇੱਕ ਕਰੋੜ ਰੁਪਏ ਨਵੀਆਂ ਗੱਡੀਆਂ ਖ੍ਰੀਦਣ, ਬਾਕੀ ਪੈਸੇ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਫਾਇਰ ਸਟੇਸ਼ਨਾਂ ਦੇ ਰੱਖ ਰਖਾਵ 'ਤੇ ਖਰਚ ਕੀਤਾ ਜਾ ਸਕੇਗਾ। ਸੂਤਰ ਦੱਸਦੇ ਹਨ ਕਿ ਨਵਾਂ ਡਾਇਰੈਕਟੋਰੇਟ ਬਣਨ ਨਾਲ ਜਿਥੇ ਨਵੀਂ ਭਰਤੀ ਕੀਤੀ ਜਾਵੇਗੀ ਉਥੇ 50 ਹਜ਼ਾਰ ਦੀ ਅਬਾਦੀ ਵਾਲੇ ਸ਼ਹਿਰ 'ਚ ਫਾਇਰ ਸਟੇਸ਼ਨ ਬਣਨ ਦਾ ਰਾਹ ਪੱਧਰਾ ਹੋ ਜਾਵੇਗਾ।

ਤਿੰਨ ਆਈ.ਏ.ਐਸ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਕਰਨ ਦੀ ਸਿਫਾਰਸ਼ : ਸਿੱਧੂ


ਸਥਾਨਕ ਸਰਕਾਰਾਂ ਵਿਭਾਗ ਦੇ 5 ਸੁਪਰਡੈਂਟ ਇੰਜੀਨਿਅਰ ਮੁਅਤੱਲ
500 ਕਰੋੜ ਰੁਪਏ ਦੇ ਕੰਮ ਸਿੰਗਲ ਵਿੱਡ ਰਾਹੀਂ ਅਲਾਟ ਕਰਨ ਦਾ ਦੋਸ਼
ਚੰਡੀਗੜ• 6 ਜੁਲਾਈ ( ਜੈ ਸਿੰਘ ਛਿੱਬਰ) : ਮਿਉਂਸਪਲ ਐਕਟ ਦੀ ਉਲੰਘਣਾ ਕਰਕੇ 500 ਕਰੋੜ ਰੁਪਏ ਦੇ ਸਿੰਗਲ ਟੈਂਡਰ ਅਲਾਟ ਕਰਨ ਦੇ ਦੋਸ਼ ਤਹਿਤ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਨਿਗਮ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸਾਹਿਬ ਦੇ ਪੰਜ ਸੁਪਰਟਡੈਂਟ ਇੰਜੀਨਿਅਰਾਂ (ਐਸ.ਈ) ਨੂੰ ਮੁਅਤਲ ਕਰ ਦਿੱਤਾ ਹੈ। ਜਦੋਂ ਕਿ ਉਪੋਰਕਤ ਤਿੰਨੇ ਨਿਗਮਾਂ ਦੇ ਕਮਿਸ਼ਨਰਾਂ ਸੋਨਾਲੀ ਗਿਰੀ, ਜੀ.ਐਸ ਖੇੜਾ ਅਤੇ ਘਣਸ਼ਿਆਮ ਥੋੜੀ (ਤਿੰਨੇ ਆਈ.ਏ.ਐਸ) ਨੂੰ ਚਾਰਜਸੀਟ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਫਾਰਸ਼ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ 'ਤੇ ਤਿੰਨ ਆਈ.ਏ.ਐਸ ਅਧਿਕਾਰੀਆਂ ਖਿਲਾਫ ਵਿਭਾਗ ਕਾਰਵਾਈ ਅਮਲ ਵਿੱਚ ਲਿਆਉਣ ਦੀ ਇਹ ਪਹਿਲੀ ਕਾਰਵਾਈ ਹੈ। ਸ੍ਰ ਸਿੱਧੂ ਨੇ ਕਿਹਾ ਕਿ ਲੋਕਤੰਤਰ 'ਚ ਪ੍ਰਧਾਨ ਮੰਤਰੀ, ਮੁੱਖ ਮੰਤਰੀ ਸਮੇਤ ਹਰੇਕ ਵਿਅਕਤੀ ਜਵਾਬਦੇਹ ਹੈ ਅਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ।
Êਪੰਜਾਬ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆਂ ਕਿ “ਅਰਬਨ ਮਿਸ਼ਨ ਤੇ  ਹ੍ਰਿਦਿਆ ” ਤਹਿਤ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ ਨਗਰ ਨਿਗਮ ਦੇ ਸਾਲ 2016 'ਚ ਅਲਾਟ ਟੈਂਡਰਾਂ, ਕੰਮਾਂ ਦੀ ਚੈਕਿੰਗ ਕੀਤੀ ਗਈ। ਉਹਨਾਂ ਦੱਸਿਆਂ ਕਿ 500 ਕਰੋੜ ਰੁਪਏ ਦੇ ਟੈਂਡਰ ਸਿੰਗਲ ਵਿੱਡ ਰਾਹੀਂ 51 ਠੇਕੇਦਾਰਾਂ ਨੂੰ ਅਲਾਟ ਕਰ ਦਿੱਤੇ ਗਏ। ਉਹਨਾਂ ਦੱਸਿਆਂ ਕਿ ਮਿਉਂਸਪਲ ਐਕਟ ਦੀ ਉਪ ਧਾਰਾਂ 174 (ਸੀ) ਦੇ ਤਹਿਤ 25 ਹਜਾਰ ਰੁਪਏ ਤੋਂ ਵੱਧ ਦੇ ਕੰਮ ਬਿਨਾ ਮਤਾ ਪਾਸ ਕੀਤੇ ਅਤੇ ਡਾਇਰੈਕਟੋਰੇਟ ਦੀ ਮੰਜੂਰੀ ਤੋਂ ਬਿਨਾਂ ਅਲਾਟ ਨਹੀਂ ਕੀਤੇ ਜਾ ਸਕਦੇ। ਪਰ, ਕਮਿਸ਼ਨਰਾਂ, ਸੁਪਰਟੇਡੈਂਟ ਇੰਜੀਨਿਅਰਾਂ ਨੇ ਨਿਯਮਾਂ ਦੀਆਂ ਧੱਜੀਆਂ ਉਡਾਕੇ ਇਹ ਕੰਮ ਅਲਾਟ ਕੀਤੇ ਗਏ ਹਨ। ਸ੍ਰ ਸਿੱਧੂ ਨੇ ਦੱਸਿਆਂ ਕਿ ਅਮਿੰ੍ਰਤਸਰ ਦੇ ਸੁਪਰਡੈਂਟ ਇੰਜੀਨਿਅਰ  ਪੀ.ਕੇ ਗੋਇਲ, ਜਲੰਧਰ ਦੇ ਸੁਪਰਡੈਂਟ ਇੰਜੀਨਿਅਰ  ਕੁਲਵਿੰਦਰ ਸਿੰਘ ਅਤੇ ਲੁਧਿਆਣਾ ਦੇ ਸੁਪਰਡੈਂਟ ਇੰਜੀਨਿਅਰ  ਪਵਨ ਸ਼ਰਮਾਂ ਤੇ ਧਰਮ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਦੋਂ ਕਿ ਆਈ.ਏ.ਅਧਿਕਾਰੀਆਂ ਦੇ ਖਿਲਾਫ ਕਾਰਵਾਈ ਅਮਲ 'ਚ ਲਿਆਉਣ ਲਈ ਮੁੱਖ ਮੰਤਰੀ ਨੂੰ ਸਿਫਾਰਸ਼ ਕੀਤੀ ਗਈ ਹੈ। ਸ੍ਰ ਸਿੱਧੂ ਨੇ ਦਾਅਵਾ ਕੀਤਾ ਕਿ ਵਿਭਾਗੀ ਵਿਜੀਲੈਂਸ ਦੇ ਨਵੇਂ ਨਿਯੁਕਤ ਕੀਤੇ ਚੀਫ ਵਿਜੀਲੈਂਸ ਅਫਸਰ ਸੁਦੀਪ ਮਾਣਕ ਨੇ ਕਰੀਬ ਇੱਕ ਹਜ਼ਾਰ ਫਾਈਲਾਂ ਦੀ ਜਾਂਚ ਕੀਤੀ ਹੈ, ਜਿਹਨਾਂ 'ਚ ਇਹ ਬੇਨਿਯਮੀਆਂ ਸਾਹਮਣੇ ਆਈਆਂ ਹਨ। ਇਕ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਦੱਸਿਆਂ ਕਿ ਵਿਭਾਗੀ ਜਾਂਚ ਵਿੱਚ ਆਈ.ਏ.ਐਸ ਅਧਿਕਾਰੀ ਦੋਸ਼ੀ ਪਾਏ ਗਏ ਹਨ ਅਤੇ ਇਹਨਾਂ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਖੇਤਰ ਮੁੱਖ ਮੰਤਰੀ ਦਾ ਹੈ। ਉਹਨਾਂ ਨੇ ਦੱਸਿਆਂ ਕਿ ਇਕੱਲੇ ਲੁਧਿਆਣਾ 'ਚ 355 ਕਰੋੜ ਰੁਪਏ ਦੇ ਕੰਮ ਸਿੰਗਲ ਵਿੱਡ ਰਾਹੀਂ ਅਲਾਟ ਕੀਤੇ ਗਏ ਹਨ। ਜਦੋਂਕਿ ਉਥੇ ਚੁਣੇ ਗਏ ਨੁਮਾਇੰਦਿਆਂ ਦੀ ਕੋਈ ਸਲਾਹ ਤੱਕ ਨਹੀਂ ਲਈ ਗਈ।
ਬਾਕਸ----
ਬਹਾਲ ਕਰਨ ਲਈ ਮੇਰੇ 'ਤੇ ਦਬਾਅ ਬਣ ਰਿਹੈ –ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਰਾਜਨੀਤੀ ਉਹਨਾਂ ਦੀ ਸੇਵਾ ਭਾਵਨਾਂ, ਮਿਸ਼ਨ ਹੈ ਵਪਾਰ ਨਹੀਂ। ਉਹਨਾਂ ਦੱਸਿਆਂ ਕਿ ਪਿਛਲੇ ਦਿਨਾਂ ਦੌਰਾਨ ਮੁਅਤਲ ਕੀਤੇ ਗਏ ਅਧਿਕਾਰੀਆਂ, ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਉਹਨਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ, ਸਿਫਾਰਸ਼ਾਂ ਆ ਰਹੀਆਂ ਹਨ ਕਿ ਬਹਾਲ ਕਰ ਦਿਓ , ਉਹ ਹਮੇਸ਼ਾਂ ਜਵਾਬ ਦਿੰਦੇ ਹਨ ਕਿ ਫਿਰ ਤੁਸੀਂ ਕਹੋਂਗੇ ਖੁਸ਼ਹਾਲ ਕਰ ਦਿਓ। ਉਹਨਾਂ ਕਿਹਾ ਕਿ ਸੂਬੇ ਦੇ ਹਿਤਾਂ ਤੋਂ ਕੋਈ ਉਪਰ ਨਹੀਂ ਹੈ। ਪਰ, ਕੁੱਝ ਲੋਕਾਂ ਨੇ ਪੰਜਾਬ ਨੂੰ ਕੰਗਾਲੀ ਦੇ ਕੰਢੇ 'ਤੇ ਖੜਾ ਕਰ ਦਿੱਤਾ ਹੈ।

Sunday, 23 July 2017

ਜੁਝਾਰ, ਓਰਬਿਟ, ਡੱਬਵਾਲੀ ਕੰਪਨੀਆਂ ਦੀ ਬੱਸਾਂ ਦਾ ਚੰਡੀਗੜ ਆਉਣਾ ਬੰਦ

ਚੰਡੀਗੜ• 'ਚ ਪ੍ਰਵੇਸ਼ ਕਰਦੀਆਂ ਪ੍ਰਾਈਵੇਟ ਬੱਸ ਕੰਪਨੀਆਂ ਦੇ 69 ਪਰਮਿਟ ਰੱਦ
69 ਵਿਚੋਂ 37 ਪਰਮਿਟ ਬਾਦਲ ਪਰਵਾਰ ਦੀ ਹਿੱਸੇਵਾਲੀ ਕੰਪਨੀਆਂ ਦੇ

ਚੰਡੀਗੜ 23 ਜੁਲਾਈ ( ਜੈ ਸਿੰਘ ਛਿੱਬਰ) : ਟਰਾਂਸਪੋਰਟ ਵਿਭਾਗ ਨੇ ਪ੍ਰਾਈਵੇਟ ਬੱਸ ਕੰਪਨੀਆਂ ਦੀ ਅਜ਼ਾਰੇਦਾਰੀ ਖਤਮ ਕਰਦਿਆਂ ਵੱਖ ਵੱਖ ਰੂਟਾਂ ਤੋਂ ਚੰਡੀਗੜ• ਆਉਂਦੀਆਂ ਤੇ ਜਾਂਦੀਆਂ ਏਸੀ ਲਗਜਰੀ ਬੱਸਾਂ ਦੇ 69 ਪਰਮਿਟ ਰੱਦ ਕਰ ਦਿੱਤੇ ਹਨ। ਪ੍ਰਾਈਵੇਟ ਕੰਪਨੀਆਂ ਦੇ ਰੱਦ ਕੀਤੇ ਇਹਨਾਂ ਪਰਮਿਟਾਂ ਵਿੱਚ 37 ਪਰਮਿਟ ਬਾਦਲ ਪਰਵਾਰ ਦੀ ਮਲਕੀਅਤ ਜਾਂ ਹਿੱਸੇਦਾਰੀ ਵਾਲੀ ਕੰਪਨੀਆਂ ਜੁਝਾਰ ਕੰਸਟਰਕਸ਼ਨ ਐਂਡ ਟ੍ਰੈਵਲਜ਼ ਪ੍ਰਾਈਵੇਟ ਲਿਮ., ਆਰਬਿਟ ਏਵੀਏਸ਼ਨ ਅਤੇ ਡਬਵਾਲੀ ਟਰਾਂਸਪੋਰਟ ਕੰਪਨੀ ਨਾਲ ਸਬੰਧਿਤ ਹਨ। ਮਜੇਦਾਰ ਗੱਲ ਇਹ ਹੈ ਕਿ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਓ) ਬਠਿੰਡਾ ਵਲੋਂ ਰੱਦ ਕੀਤੇ ਗਏ 16 ਪਰਮਿਟਾਂ ਵਿਚੋਂ 14 ਪਰਮਿਟ ਬਾਦਲ ਪਰਵਾਰ ਦੀਆਂ ਕੰਪਨੀਆਂ 6 ਡੱਬਵਾਲੀ ਅਤੇ 8 ਓਰਬਿਟ ਕੰਪਨੀ ਦੇ ਹਨ।
ਸੂਤਰਾਂ ਅਨੁਸਾਰ ਬੇਸ਼ੱਕ ਟਰਾਂਸਪੋਰਟ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਓ) ਪਟਿਆਲਾ, ਫਿਰੋਜਪੁਰ, ਬਠਿੰਡਾ ਅਤੇ ਜਲੰਧਰ ਨੇ ਇਹ ਪਰਮਿਟ ਰੱਦ ਕਰ ਦਿੱਤੇ ਹਨ। ਇਸ ਦੇ ਬਾਵਜੂਦ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਦਾ ਸੂਬੇ ਦੀ ਰਾਜਧਾਨੀ ਚੰਡੀਗੜ• ਆਉਣਾ ਤੇ ਜਾਣਾ ਬਾਦਸਤੂਰ ਜਾਰੀ ਹੈ। ਇਹੀ ਨਹੀਂ ਬਠਿੰਡਾ ਖੇਤਰ 'ਚ ਸਮਾਂ ਸਾਰਣੀ ਵਿੱਚ  ਬਦਲਾਅ ਕਰਦਿਆਂ ਬਾਦਲ ਪਰਵਾਰ ਦੀਆਂ ਕੰਪਨੀਆਂ ਨੂੰ ਸਟੇਟ ਟਰਾਂਸਪੋਰਟ ਨਾਲੋ ਵੱਧ  ਸਮਾਂ ਦੇਣ ਦੀਆਂ ਕਨਸੋਆ ਵੀ ਮਿਲ ਰਹੀਆਂ ਹਨ।  ਪੰਜਾਬ ਰੋਡਵੇਜ ਦੀਆਂ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਨੇ ਪ੍ਰਾਈਵੇਟ ਬੱਸਾਂ ਦਾ ਪਹੀਆਂ ਜਾਮ ਕਰਨ ਲਈ ਟਰਾਂਸਪੋਰਟ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਬੀਤੇ ਦਿਨੀ ਵਿਸ਼ੇਸ਼ ਮੀਟਿੰਗ ਵੀ ਕੀਤੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਪਰਮਿਟ ਰੱਦ ਕੀਤੇ ਗਏ ਹਨ, ਅਕਾਲੀ ਭਾਜਪਾ ਸਾਸ਼ਨ ਦੇ ਦਸ ਸਾਲਾਂ ਦੌਰਾਨ ਕਿਲੋਮੀਟਰਾਂ 'ਚ ਤਿੰਨ ਤੋਂ ਚਾਰ ਵਾਰ ਵਾਧਾ ਕੀਤਾ ਗਿਆ ਸੀ ਅਤੇ ਅੱਗੇ ਤੋਂ ਅੱਗੇ ਤਿਨ ਚਾਰ ਵਾਰੀ ਪਰਮਿਟ ਦੀ ਮਲਕੀਅਤ ਵੀ ਬਦਲੀ ਗਈ। ਉਦਾਹਰਣ ਦੇ ਤੌਰ 'ਤੇ ਭਾਈ ਘਨਈਆਂ ਕੋਆਪ੍ਰੇਟਿਵ ਟਰਾਂਸਪੋਰਟ ਸੁਸਾਇਟੀ ਜਲੰਧਰ ਦਾ ਪਰਮਿਟ ਜਲੰਧਰ  ਤੋਂ ਚੰਡੀਗੜ• (ਵਾਇਆ ਨਵਾਂਸ਼ਹਿਰ ਰੋਪੜ•) ਸੀ ਇਹ ਪਰਮਿਟ ਨਿਊ ਦੀਪ ਬਸ ਸਰਵਿਸ ਨੇ ਖ੍ਰੀਦ ਲਿਆ ਤੇ 5 ਸਤੰਬਰ 2008 ਨੂੰ ਰੂਟ ਦੇ ਕਿਲੋਮੀਟਰਾਂ ਵਿੱਚ ਕਪੂਰਥਲਾ ਦਾ ਵਾਧਾ ਕਰ ਦਿੱਤਾ ਗਿਆ  23 ਅਕਤੂਬਰ 2009 'ਚ ਕਿਲੋਮੀਟਰ 'ਚ ਫੱਤੂ ਢੀਂਗਰਾ ਦਾ ਵਾਧਾ ਕਰ ਦਿੱਤਾ ਗਿਆ. ਇਸਤੋਂ ਬਾਅਦ ਪਰਮਿਟ ਤਾਜ ਟ੍ਰੈਵਲਰਜ਼ ਪ੍ਰਾਈਵੇਜ ਲਿਮ ਬਠਿੰਡਾ ਨੇ ਖਰੀਦ ਲਿਆ ਅਤੇ ਫੱਤੂ ਢੀਂਗਰਾਂ ਤੋਂ ਜਲੰਧਰ ਤੱਕ ਕਿਲੋਮੀਟਰ ਦਾ ਹੋਰ ਵਾਧਾ ਕਰ ਦਿੱਤਾ ਗਿਆ। ਅੰਤ ਚੌਥੀ ਵਾਰ ਪਰਮਿਟ ਓਰਬਿਟ ਏਵੀਏਸ਼ਨ ਪ੍ਰਾਈਵੇਟ ਲਿਮ ਬਠਿੰਡਾ ਨੇ ਖਰੀਦ ਲਿਆ ਅਤੇ ਜਲੰਧਰ ਤੋਂ ਬੱਸ ਸਿੱਧੀ ਚੰਡੀਗੜ• ਪ੍ਰਵੇਸ਼ ਕਰ ਗਈ। ਪਿਛਲੇ ਇੱਕ ਦਹਾਕੇ ਦੌਰਾਨ ਕਈ ਪਰਮਿਟ ਬਾਦਲ ਪਰਵਾਰ ਦੀ ਮਲਕੀਅਤ ਵਾਲੀਆਂ ਕੰਪਨੀਆਂ ਵਲੋਂ ਖਰੀਦ ਕੀਤੇ ਗਏ ਅਤੇ ਵਾਰ ਵਾਰ ਕਿਲੋਮੀਟਰਾਂ 'ਚ ਵਾਧਾ ਕੀਤਾ ਗਿਆ।
ਹਾਲਾਂਕਿ ਟਰਾਂਸਪੋਰਟ ਨਿਯਮਾਂ ਮੁਤਾਬਿਕ ਪਰਮਿਟ ਅੱਗੇ ਵੇਚਿਆਂ ਨਹੀਂ ਜਾ ਸਕਦਾ ਅਤੇ ਕੇਵਲ ਇੱਕ ਵਾਰ ਪਰਮਿਟ 'ਚ 25 ਕਿਲੋਮੀਟਰ ਦਾ ਵਾਧਾ ਕੀਤੇ ਜਾਣ ਦਾ ਪ੍ਰਾਵਧਾਨ ਸੀ। ਪਰ, ਇਹਨਾਂ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਵਾਰ ਵਾਰ ਪਰਮਿਟਾਂ 'ਚ ਵਾਧਾ ਕੀਤਾ ਗਿਆ ਸੀ। ਅੰਤ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪੁੱਜ ਗਿਆ ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨਵੀਂ ਟਰਾਂਸਪੋਰਟ ਪਾਲਸੀ ਬਨਾਉਣ ਦੇ ਆਦੇਸ਼ ਜਾਰੀ ਕੀਤੇ ਸਨ।
ਰਿਜਨਲ ਟਰਾਂਸਪੋਰਟ ਅਥਾਰਟੀ ਪਟਿਆਲਾ ਨੇ ਅੱਠ ਪਰਮਿਟ ਰੱਦ ਕੀਤੇ ਹਨ, ਜਿਹਨਾਂ ਵਿੱਚ ਚਾਰ ਜੁਝਾਰ ਕੰਪਨੀ ਦੇ ਹਨ। ਇਸੀ ਤਰ•ਾਂ ਫਿਰੋਜਪੁਰ ਆਰ.ਟੀ.ਓ ਵੱਲੋਂ 15 ਪਰਮਿਟ ਰੱਦ ਕੀਤੇ ਗਏ ਹਨ, ਜਿਹਨਾਂ 'ਚ 6 ਜੁਝਾਰ ਬੱਸ ਕੰਪਨੀ, ਬਠਿੰਡਾ ਵਲੋਂ ਰੱਦ ਕੀਤੇ ਗਏ 16 ਪਰਮਿਟਾਂ 'ਚ 6 ਡੱਬਵਾਲੀ ਟਰਾਂਸਪੋਰਟ ਤੇ 8 ਓਰਬਿਟ ਟਰਾਂਸਪੋਰਟ ਕੰਪਨੀ ਅਤੇ ਜਲੰਧਰ ਆਰ.ਟੀ.ਓ ਵਲੋਂ ਰੱਦ ਕੀਤੇ ਗਏ 28 ਵਿਚੋਂ 13 ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਹਨ।
ਭਾਵੇਂ ਜ਼ਿਆਦਾਤਰ ਪਰਮਿਟ ਬਾਦਲ ਪਰਵਾਰ ਦੀ ਹਿੱਸੇਦਾਰੀ ਵਾਲੀ ਕੰਪਨੀਆਂ ਦੇ ਰੱਦ ਹੋਏ ਹਨ, ਪਰ ਕੁੱਝ ਹੋਰਨਾਂ ਅਕਾਲੀ, ਕਾਂਗਰਸੀ ਟਰਾਂਸਪੋਰਟਰਾਂ ਦੀਆਂ ਕੰਪਨੀਆਂ ਵੀ ਹਨ। ਜਿਹਨਾਂ ਵਿੱਚ ਲਿਬੜਾ ਬੱਸ ਸਰਵਿਸ, ਸਿਮਰਨ ਬੱਸ ਸਰਵਿਸ, ਗੋਬਿੰਦ ਮੋਟਰ ਬਰਨਾਲਾ, ਪ੍ਰੀਤਮ ਐਕਸਪ੍ਰੈਸ ਟ੍ਰੈਵਲਜ਼ ਜਲੰਧਰ, ਕਰਤਾਰ ਬਸ ਸਰਵਿਸ ਜਲੰਧਰ, ਭੁਪਿੰਦਰ ਕੌਰ ਮਜੀਠਾ, ਸੇਖੁਪੁਰਾ ਟਰਾਂਸਪੋਰਟ ਲੁਧਿਆਣਾ, ਮੈਸ ਰਾਜਧਾਨੀ ਟਰਾਂਸਪੋਰਟ , ਗਾਰਡੀਅਨ ਟੂਰ ਟ੍ਰੈਵਲਰਜ਼ ਅੰਮ੍ਰਿਤਸਰ, ਮਹਾਰਾਜਾ ਟ੍ਰੈਵਲਰਜ਼, ਨਿਊ ਦੀਪ ਬੱਸ ਸਰਵਿਸ, ਬਾਬਾ ਬੁੱਢਾ ਜੀ ਬੱਸ ਸਰਵਿਸ ਮੁਕਤਸਰ, ਪੀਪਲਜ਼ ਬਸ ਸਰਵਿਸ ਮੁਕਤਸਰ, ਸਟਾਰ ਟ੍ਰੈਵਲਰਜ਼ ਅੰਮ੍ਰਿਤਸਰ ਦੇ ਪਰਮਿਟ ਹਨ। ਇਹ ਸਾਰੇ ਪਰਮਿਟ ਅੰਤਰਰਾਜੀ ਰੂਟ ਤਹਿਤ ਜਾਰੀ ਕੀਤੇ ਗਏ ਸਨ।
ਕੀ ਹੈ ਨਵੀਂ ਟਰਾਂਸਪੋਰਟ ਪਾਲਸੀ –
ਹਾਈਕੋਰਟ ਦੇ ਆਦੇਸ ਅਨੁਸਾਰ ਪੰਜਾਬ ਸਰਕਾਰ ਨੇ ਨਵੀਂ ਟਰਾਂਸਪੋਰਟ ਪਾਲਸੀ 17 ਜੁਲਾਈ ਨੂੰ ਹਾਈਕੋਰਟ ਵਿੱਚ ਪੇਸ਼ ਕਰ ਦਿੱਤੀ ਹੈ। ਨਵੀਂ ਟਰਾਂਸਪੋਰਟ ਪਾਲਸੀ  ਲਾਗੂ ਹੋਣ 'ਤੇ ਸਟੇਟ ਟਰਾਂਸਪੋਰਟ ਨੂੰ ਪ੍ਰਫੁਲਤ ਹੋਵੇਗੀ। ਨਵੀਂ ਪਾਲਸੀ ਅਨੁਸਾਰ ਮਨਾਪਲੀ ਰੂਟਾਂ ਅਤੇ ਅੰਤਰਰਾਜ਼ੀ ਰੂਟਾਂ 'ਤੇ ਸੌ ਫੀਸਦੀ ਸਟੇਟ ਟਰਾਂਸਪੋਰਟ ਦੀਆਂ ਬੱਸਾਂ ਹੀ ਚੱਲਣਗੀਆਂ। ਨੈਸ਼ਨਲ ਹਾਈਵੇ 'ਤੇ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦਾ ਅਨੁਪਾਤ 50-50 ਰਹੇਗਾ ਜਦੋਂਕਿ ਸਟੇਟ ਹਾਈਵੇ, ਜਿਲਿ•ਆਂ ਦੀ ਮੁੱਖ ਸੜਕਾਂ ਸਮੇਤ ਹੋਰਨਾਂ ਸੜਕਾਂ 'ਤੇ 40-60 ਦੇ ਅਨੁਪਾਤ ਮੁਤਾਬਕ ਯਾਨੀ ਰੋਡਵੇਜ 40 ਤੇ ਪ੍ਰਾਈਵੇਟ ਬੱਸਾਂ 60 ਫੀਸਦੀ ਤੱਕ ਚੱਲ ਸਕਣਗੀਆਂ। ਜਦੋਂਕਿ ਪਹਿਲਾਂ ਘਾਟੇ ਵਾਲੇ ਰੂਟਾਂ 'ਤੇ ਸਰਕਾਰੀ ਬੱਸਾਂ ਹੀ ਚੱਲਦੀਆਂ ਸਨ। ਜਦੋਂਕਿ ਲਗਜਰੀ ਏਸੀ ਬੱਸਾਂ ਦਾ ਪਰਮਿਟ ਓਪਨ ਰਹੇਗਾ।

Friday, 21 July 2017

ਦਿੱਲੀ ਦੇ ਵਿਧਾਇਕ ਦੀਆਂ ਵੱਧ ਸਕਦੀਆਂ ਮੁਸ਼ਕਲਾਂ ਵਿਜੀਲੈਂਸ ਵਲੋਂ ਫਾਈਲਾਂ ਫਰੋਲਣੀਆਂ ਸ਼ੁਰੂ


ਸਫਾਈ ਦੇ ਠੇਕੇ ਲੈਣ ਵਾਲੀ ਕੰਪਨੀ ਦੀਆਂ ਵਿਜੀਲੈਂਸ ਨੇ ਫਾਈਲਾਂ ਫਰੋਲਣੀਆਂ ਸ਼ੁਰੂ
97 ਹਜ਼ਾਰ ਰੁਪਏ 'ਚ ਇੱਕ ਕਿਲੋਮੀਟਰ ਸੜਕ ਦੀ ਕੀਤੀ ਜਾਂਦੀ ਹੈ ਸਫਾਈ
ਕਈ ਨਗਰ ਨਿਗਮਾਂ ਦੀ ਸਫਾਈ ਦਾ ਕੰਮ ਕਰ ਰਹੀ ਹੈ ਲੌਇਨ ਕੰਪਨੀ
ਚੰਡੀਗੜ• 19 ਜੁਲਾਈ ( ਜੈ ਸਿੰਘ ਛਿੱਬਰ) : ਪੰਜਾਬ ਦੀਆਂ ਕਈ ਨਗਰ ਨਿਗਮਾਂ 'ਚ ਕਰੋੜਾ ਰੁਪਏ ਵਿੱਚ ਸਫਾਈ ਦਾ ਠੇਕਾ ਲੈਣ ਵਾਲੀ ਦਿੱਲੀ ਦੇ ਇਕ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਬਕਾ ਸਲਾਹਕਾਰ ਦੀ ਕੰਪਨੀ ਨੂੰ ਅਲਾਟ ਹੋਏ ਕੰਮਾਂ ਦੀਆਂ ਫਾਈਲਾਂ ਫਰੋਲਣੀਆਂ ਸ਼ੁਰੂ ਹੋ ਗਈਆਂ ਹਨ। ਦਿੱਲੀ ਦੇ ਧਾਰਮਿਕ ਤੇ ਸਿਆਸੀ ਆਗੂ ਦੀ ਕੰਪਨੀ “ ਲੌਇਨ” ਜੋ ਕਈ ਸ਼ਹਿਰਾਂ ਦੀਆਂ ਸੜਕਾਂ ਦੀ ਸਫਾਈ ਦਾ ਕੰਮ ਕਰ ਰਹੀ ਹੈ, ਉਸਦੀਆਂ ਫਾਈਲਾਂ ਦੀ ਸਫਾਈ ਸਥਾਨਕ ਸਰਕਾਰਾਂ ਵਿਭਾਗ ਦੀ ਵਿਭਾਗੀ ਵਿਜੀਲੈਂਸ ਟੀਮ ਵਲੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਵਿਭਾਗ ਦੇ ਚੀਫ ਵਿਜੀਲੈਂਸ ਅਫਸਰ ਸੁਦੀਪ ਮਾਣਕ ਨੇ ਇਸ ਬਾਰੇ ਕੋਈ ਜਾਂਚ ਨਾ ਕਰਨ ਦੀ ਗੱਲ ਆਖੀ ਹੈ, ਪਰ ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਕੰਪਨੀ ਨੂੰ ਅਲਾਟ ਕੀਤੇ ਗਏ ਕੰਮਾਂ ਨੂੰ ਲੈ ਕੇ ਫਾਈਲਾਂ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਲੁਧਿਆਣਾ ਦੇ ਵਿਧਾਇਕਾਂ ਭਾਰਤ ਭੂਸ਼ਣ ਆਸ਼ੂ ਅਤੇ ਰਾਕੇਸ ਪਾਂਡੇ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪ੍ਰਸ਼ਨ ਕਾਲ ਦੌਰਾਨ (ਸਵਾਲ ਨੰਬਰ 285) ਵਿੱਚ ਲੁਧਿਆਣਾ ਸ਼ਹਿਰ 'ਚ ਸੜਕਾਂ ਦੀ ਸਫਾਈ ਦਾ ਕੰਮ ਸੌਂਪਣ ਵਾਲੀ ਕੰਪਨੀ ਦਾ ਨਾਮ ਤੇ ਖਰਚ ਸਬੰਧੀ ਪੂਰਾ ਵੇਰਵਾ ਵੀ ਮੰਗਿਆਂ ਸੀ। ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਦਨ 'ਚ ਦੱਸਿਆਂ ਸੀ ਕਿ ਲੁਧਿਆਣਾ ਸ਼ਹਿਰ ਦੀਆਂ 83.73 ਕਿਲੋਮੀਟਰ ਮੁੱਖ ਸੜਕਾਂ ਦੀ ਸਫਾਈ ਦਾ ਕੰਮ ਕਰਨ ਲਈ ਕੁੱਲ ਤਿੰਨ ਮਸ਼ੀਨਾਂ ਤੈਨਾਤ ਕੀਤੀਆਂ ਗਈਆਂ ਹਨ। ਹਾਲਾਂਕਿ ਸਫਾਈ ਦਾ ਕੰਮ ਈ ਟੈਂਡਰ ਪ੍ਰਣਾਲੀ ਰਾਹੀਂ ਆਊਟਸੋਰਸ ਕੀਤਾ ਗਿਆ ਸੀ ਤੇ ਇਹ ਕੰਮ ਮੈਸ.ਲਾਇਨ ਸਰਵਿਸਿਜ ਪ੍ਰਾਈਵੇਟ ਲਿਮਟਿਡ  ਦੁਆਰਾ ਕੀਤਾ ਜਾ ਰਿਹਾ ਹੈ। ਸ੍ਰ ਸਿੱਧੂ ਨੇ ਦੱਸਿਆਂ ਕਿ ਕੰਪਨੀ ਵਲੋਂ ਕੀਤਾ ਜਾਂਦਾ ਸਫਾਈ ਦਾ ਕੰਮ  ਪ੍ਰਤੀ ਕਿਲੋਮੀਟਰ 97 ਹਜ਼ਾਰ ਰੁਪਏ ਆਉਂਦਾ ਹੈ , ਇਸ ਤਰ•ਾਂ ਇੱਕ ਮਹੀਨੇ ਦਾ ਖਰਚਾ 76.38 ਲੱਖ ਰੁਪਏ ਹੈ। ਸਿੱਧੂ ਦਾ ਕਹਿਣਾ ਹੈ ਕਿ ਰੀਵਿਊ ਕੀਤਾ ਗਿਆ ਤੇ ਇਹ ਕੰਮ ਵਿਭਾਗ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਫਾਈ ਦਾ ਕੰਮ ਕਰਨ ਵਾਲੀ ਇੱਕ ਮਸ਼ੀਨ ਦੀ ਕੀਮਤ ਲੱਗਭੱਗ ਸਵਾ ਕਰੋੜ ਰੁਪਏ ਹੈ। ਇਸ ਤਰ•ਾਂ ਜਿੰਨਾਂ ਪੈਸਾ ਕੰਪਨੀ ਨੂੰ ਇੱਕ ਸਾਲ ਵਿੱਚ ਦਿੱਤਾ ਜਾਂਦਾ ਹੈ, ਉਸ ਨਾਲ ਕਈ ਮਸ਼ੀਨਾਂ ਖਰੀਦੀਆਂ ਜਾ ਸਕਦੀਆਂ ਹਨ।
ਸੂਤਰ ਦੱਸਦੇ ਹਨ ਕਿ ਲੁਧਿਆਣਾ ਤੋਂ ਇਲਾਵਾ ਮੋਹਾਲੀ, ਜਲੰਧਰ ਤੇ ਹੋਰ ਨਗਰ ਨਿਗਮਾਂ 'ਚ ਵੀ ਉਕਤ ਆਗੂ ਦੀ ਮਲਕੀਅਤ ਵਾਲੀ ਕੰਪਨੀ ਵਲੋਂ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਕਰੋੜਾ ਰੁਪਏ ਪ੍ਰਤੀ ਮਹੀਨਾਂ ਕੰਪਨੀ ਵਲੋਂ ਨਗਕ ਨਿਗਮਾਂ ਤੋਂ ਵਸੂਲ ਕੀਤਾ ਜਾ ਰਿਹਾ ਹੈ। ਦੱਸਿਆਂ ਜਾਂਦਾ ਹੈ ਕਿ ਵਿਧਾਇਕ ਰਾਕੇਸ ਪਾਂਡੇ, ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਦੂਜੀਆਂ ਨਗਰ ਨਿਗਮਾਂ ਨਾਲ ਸਬੰਧਿਤ ਵਿਧਾਇਕਾਂ ਨੇ ਵੀ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੋ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।
ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਸਰਕਾਰ ਦੀ ਪਹਿਲੀ ਕੈਬਨਿਟ ਦੌਰਾਨ ਪਿਛਲੀ ਸਰਕਾਰ ਦੌਰਾਨ ਹੋਏ ਕੰਮਾਂ ਦਾ ਰੀਵਿਊ ਕਰਨ ਦਾ ਫੈਸਲਾ ਲਿਆ ਗਿਆ ਸੀ। ਉਹਨਾਂ ਦੱਸਿਆਂ ਕਿ ਵੱਡੇ ਪੱਧਰ 'ਤੇ ਸਰਕਾਰੀ ਖਜ਼ਾਨੇ ਦੀ ਦੁਰਵਰਤੋ ਹਈ ਹੈ।

Tuesday, 18 July 2017

ਜੰਗੀ ਵਿਧਵਾਵਾਂ ਦੀ ਧਮਕੀ ਬਾਅਦ ਮੁੱਖ ਮੰਤਰੀ ਦਫ਼ਤਰ ਹਰਕਤ 'ਚ ਆਇਆ


ਮੁੱਖ ਮੰਤਰੀ ਨੇ ਜੰਗੀ ਵਿਧਵਾਵਾਂ ਨੂੰ ਜ਼ਮੀਨ ਦੀ ਥਾਂ 'ਤੇ ਨਗਦ ਰਾਸ਼ੀ ਦੇਣ ਦੀ ਦਿੱਤੀ
ਪ੍ਰਵਾਨਗੀ
ਚੰਡੀਗੜ18 ਜੁਲਾਈ ( ਜੈ ਸਿੰਘ ਛਿੱਬਰ) : ਜੰਗੀ ਵਿਧਵਾਵਾਂ ਅਤੇ ਸ਼ਹੀਦਾਂ ਦੇ ਵਾਰਸਾਂ ਵਲੋਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਅਗਲੇ ਦਿਨਾਂ ਵਿੱਚ ਧਰਨਾ ਦੇਣ ਦੀ ਧਮਕੀ ਦੇਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਜੰਗੀ ਵਿਧਵਾਵਾਂ ਨੂੰ ਜ਼ਮੀਨ ਦੇਣ ਦੀ ਬਜਾਏ ਨਗਦ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਹੈ।
ਇਥੇ ਦੱਸਣਯੋਗ ਹੈ ਕਿ 1962 ਭਾਰਤ –ਚੀਨ ਅਤੇ 1965 ਤੇ 1971 ਭਾਰਤ –ਪਾਕ ਯੁੱਧ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਜ਼ਮੀਨ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਤਤਕਾਲੀਨ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਆਪਣੇ  ਕਾਰਜਕਾਲ ਦੌਰਾਨ ਜੰਗੀ ਵਿਧਵਾਵਾਂ ਨੂੰ ਜ਼ਮੀਨ ਅਲਾਟ ਕਰਨ ਦਾ ਵਾਅਦਾ ਕੀਤਾ ਸੀ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਜੰਗੀ ਵਿਧਵਾਵਾਂ ਨੂੰ ਮੰਗ ਪੂਰੀ ਕਰਨ ਲਈ ਲਾਰੇ ਲਗਾਉਂਦੀਆਂ ਰਹੀਆਂ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਤਕਾਲੀਨ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਆਵਾਸ ਅੱਗੇ ਜੰਗੀ ਵਿਧਵਾਵਾਂ ਤੇ ਉਹਨਾਂ ਦੇ ਵਾਰਸਾਂ ਨੇ 27 ਸਤੰਬਰ ਤੋਂ 19 ਅਕਤੂਬਰ ਤੱਕ ਲਗਾਤਾਰ ਦਿਨ ਰਾਤ ਧਰਨਾ ਦਿੱਤਾ ਸੀ। ਵਿਧਾਨ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ ਸ੍ਰ ਬਾਦਲ ਨੇ ਉਦੋਂ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵਜੋਂ ਦੇਣ ਦਾ ਐਲਾਨ ਕੀਤਾ ਸੀ। ਇਸਤੋਂ ਇਲਾਵਾ ਬਾਅਦ 'ਚ ਹੋਰ ਵੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਸੀ। ਪਰ ਬਾਅਦ 'ਚ ਚੋਣ ਜਾਬਤਾ ਲਾਗੂ ਹੋਣ ਕਰਕੇ ਜੰਗੀ ਵਿਧਵਾਵਾਂ ਨੂੰ ਧੇਲਾਂ ਵੀ ਪ੍ਰਾਪਤ ਨਹੀਂ ਹੋਇਆ ਸੀ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਜੰਗੀ ਵਿਧਵਾਵਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਵਾਰਸਾਂ/ ਆਗੂਆਂ ਨੇ ਲਗਾਤਾਰ ਅਧਿਕਾਰੀਆਂ ਨਾਲ ਸੰਪਰਕ ਰੱਖਿਆ ਹੋਇਆ ਸੀ। ਪਰ ਅਧਿਕਾਰੀਆਂ ਵਲੋਂ ਹਮੇਸ਼ਾਂ ਫਾਈਲ ਵਿੱਤ ਵਿਭਾਗ ਕੋਲ ਹੋਣ ਦਾ ਲਾਰਾ ਲਗਾਇਆ ਗਿਆ। ਦੱਸਿਆਂ ਜਾਂਦਾ ਹੈ ਕਿ ਬੀਤੇ ਕੱਲ• ਹੀ ਜੰਗੀ ਵਿਧਵਾਵਾਂ ਤੇ ਸ਼ਹੀਦਾਂ ਦੇ ਵਾਰਸਾਂ ਨੇ ਮੁੱਖ ਮੰਤਰੀ ਨਾਲ ਜੁੜੇ ਇੱਕ ਅਧਿਕਾਰੀ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਦੀ ਮੰਗ ਕੀਤੀ ਸੀ। ਪਰ, ਅਧਿਕਾਰੀਆਂ ਨੇ ਕੋਈ ਹਾਮੀ ਨਹੀਂ ਭਰੀ। ਦੱਸਿਆਂ ਜਾਂਦਾ ਹੈ ਕਿ ਗੁੱਸੇ ਨਾਲ ਭਰੇ ਪੀਤੇ ਵਾਰਸਾਂ ਨੇ ਇਕ ਦੋ ਦਿਨਾਂ 'ਚ ਮੁੱਖ ਮੰਤਰੀ ਅਵਾਸ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ। ਸੂਤਰ ਦੱਸਦੇ ਹਨ ਕਿ ਜੰਗੀ ਵਿਧਵਾਵਾਂ ਵਲੋਂ ਇਥੇ ਤੱਕ ਕਹਿ ਦਿੱਤਾ ਗਿਆ ਕਿ ਉਹ ਹੁਣ ਆਰਪਾਰ ਦੀ ਲੜਾਈ ਲੜਨਗੇ। ਇਸਤੋਂ ਬਾਅਦ ਮੁੱਖ ਮੰਤਰੀ ਦਫਤਰ ਹਰਕਤ 'ਚ ਆ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਅਕਤੀਗਤ ਯੋਗਤਾ ਮੁਤਾਬਕ ਇਕ ਏਕੜ ਜ਼ਮੀਨ ਦੇ ਇਵਜ਼ ਵਿੱਚ ਪੰਜ ਲੱਖ ਰੁਪਏ ਅਤੇ 10 ਏਕੜ ਲਈ ਵੱਧ ਤੋਂ ਵੱਧ 50 ਲੱਖ ਰੁਪਏ ਦੀ ਰਾਸ਼ੀ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਸੈਨਿਕ ਭਲਾਈ ਵਿਭਾਗ ਨੂੰ ਜੰਗੀ ਵਿਧਵਾਵਾਂ ਨੂੰ ਅਤਿ ਲੋੜੀਂਦੀ ਰਾਹਤ ਦੇਣ ਲਈ ਇਹ ਨਗਦ ਰਾਸ਼ੀ ਇਨ•ਾਂ ਨੂੰ ਛੇਤੀ ਤੋਂ ਛੇਤੀ ਵੰਡਣ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਵੱਲੋਂ ਅਰਧ-ਸਰਕਾਰੀ ਪੱਤਰਾਂ ਰਾਹੀਂ ਨਿੱਜੀ ਆਧਾਰ 'ਤੇ ਵੀ ਸੂਬੇ ਵਿਚ ਸਾਰੀਆਂ ਜੰਗੀ ਵਿਧਵਾਵਾਂ ਤੇ ਸਾਬਕਾ ਸੈਨਿਕਾਂ ਨਾਲ ਸੰਪਰਕ ਬਣਾਉਣਾ ਸ਼ੁਰੂ ਕੀਤਾ ਗਿਆ ਹੈ। ਸੱਤਾ ਦੀ ਵਾਗਡੋਰ ਸੰਭਾਲਣ ਵਾਲੇ ਦਿਨ ਤੋਂ ਲੈ ਕੇ ਮੁੱਖ ਮੰਤਰੀ ਵੱਲੋਂ ਜੰਗੀ ਵਿਧਵਾਵਾਂ ਅਤੇ ਸਾਬਕਾ ਸੈਨਿਕਾਂ ਦੀ ਸੁੱਖ-ਸਾਂਦ ਪੁੱਛਣ ਲਈ ਅਜਿਹੇ ਪੱਤਰ ਲਿਖੇ ਜਾ ਰਹੇ ਹਨ।

ਬਾਦਲਾਂ ਦੇ ਨਾਲ ਕਾਂਗਰਸੀਆਂ ਦੀਆਂ ਬੱਸਾਂ ਦੇ ਵੀ ਹੋਣਗੇ ਚੱਕੇ ਜਾਮ


ਬੱਸ ਮਾਲਕਾਂ ਨੇ ਵਿੱਤ ਮੰਤਰੀ ਨਾਲ ਮੁਲਾਕਾਤ ਕਰਕੇ ਨਿਯਮਾਂ 'ਚ ਢਿੱਲ ਦੇਣ ਦੀ ਕੀਤੀ ਮੰਗ
ਚੰਡੀਗੜ 17 ਜੁਲਾਈ (ਜੈ ਸਿੰਘ ਛਿੱਬਰ) : ਹਾਈਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਬਣਾਈ ਗਈ ਨਵੀਂ ਟਰਾਂਸਪੋਰਟ ਨੀਤੀ ਨੇ ਪ੍ਰਾਈਵੇਟ  ਟਰਾਂਸਪੋਰਟਰਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਨਵੀਂ ਪਾਲਸੀ ਮੁਤਾਬਕ ਬਾਦਲ ਪਰਵਾਰ, ਜੁਝਾਰ ਬੱਸ ਦੀਆਂ ਕਿੰਨੀਆਂ ਬੱਸਾਂ ਦੀ ਬਰੇਕਾਂ ਲੱਗਣਗੀਆਂ ਇਹ ਤਾਂ ਪਾਲਸੀ ਲਾਗੂ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਪਰ, ਬੱਸ ਕਾਰੋਬਾਰ ਨਾਲ ਜੁੜੇ ਕਾਂਗਰਸੀ ਆਗੂਆਂ ਦੀ ਵੀ ਚਿੰਤਾਂ ਵਧੀ ਹੋਈ ਹੈ। ਸੂਤਰ ਦੱਸਦੇ ਹਨ ਕਿ ਕਾਂਗਰਸੀ ਆਗੂ ਇਸ ਗੱਲੋਂ ਪਰੇਸ਼ਾਨ ਹਨ ਕਿ ਉਹਨਾਂ ਦੀ ਆਪਣੀ ਸਰਕਾਰ 'ਚ ਉਹਨਾਂ ਨਾਲ ਬੁਰੀ ਹੋ ਸਕਦੀ ਹੈ। ਸੂਤਰ ਦੱਸਦੇ ਹਨ ਕਿ ਅੱਜ ਵਿੱਤ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਕਈ ਆਗੂਆਂ/ ਟਰਾਂਸਪੋਰਟਰਾਂ ਨੇ ਕਿਹਾ ਕਿ ਬਾਦਲਾਂ ਦੀ ਆੜ 'ਚ ਉਹਨਾਂ ਦੇ ਕਾਰੋਬਾਰ ਦਾ ਵੀ ਨੁਕਸਾਨ ਹੋ ਰਿਹਾ ਹੈ।
ਪੰਜਾਬ ਮੋਟਰ ਯੂਨੀਅਨ ਦੇ ਆਗੂਆਂ ਨੇ ਅੱਜ ਟਰਾਂਸਪੋਰਟਰਾਂ ਦੀਆਂ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ 'ਚ ਭਾਵੇਂ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਹੈਨਰੀ ਸ਼ਾਮਲ ਨਹੀਂ ਹੋਏ ਪਰ, ਉਹਨਾਂ ਦੇ ਬੇਟਾ ਵਿਧਾਇਕ ਅਵਤਾਰ ਸਿੰਘ ਜੂਨੀਅਰ, ਕੁਸ਼ਲਦੀਪ ਸਿੰਘ ਢਿਲੋਂ, ਜਗਦੀਸ਼ ਸਾਹਨੀ, ਗੁਰਦੀਪ ਸਿੰਘ ਖਟੜਾ ਪਟਿਆਲਾ ਬੱਸ, ਅਮਰਿੰਦਰ ਸਿੰਘ ਅੰਬਾਲਾ ਬੱਸ, ਪ੍ਰਿਥੀਪਾਲ ਸਿੰਘ ਜਲਾਲ ਬਠਿੰਡਾ ਅਤੇ ਯੂਨੀਅਨ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਬਾਜਵਾ ਨੇ ਵਿੱਤ ਮੰਤਰੀ ਨਾਲ ਮੁਲਾਕਾਤ ਕਰਕੇ ਇੱਕ ਦਰਜਨ ਦੇ ਕਰੀਬ ਮੰਗਾਂ ਰੱਖੀਆਂ। ਦੱਸਿਆਂ ਜਾਂਦਾ ਹੈ ਕਿ ਯੂਨੀਅਨ ਆਗੂਆਂ ਨੇ ਬੱਸ ਪਰਮਿਟਾਂ ਦਾ ਨਵੀਨੀਕਰਨ ਪਹਿਲਾਂ ਦੀ ਤਰ•ਾਂ ਪੰਜ ਸਾਲ ਲਈ ਜਾਰੀ ਰੱਖਣ, ਅੰਤਰ ਰਾਜੀ ਪਰਮਿਟ, ਮਨਾਪਲੀ ਰੂਟਾਂ 'ਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਬੱਸਾਂ ਚਲਾਉਣ ਦੀ ਪ੍ਰਵਾਨਗੀ ਦੇਣ, ਰੂਟਾਂ ਵਿੱਚ ਵਾਧੇ ਜਾਂ ਘਾਟੇ 'ਚ ਕੋਈ ਛੇੜਛਾੜ ਨਾ ਕਰਨ, ਸਪੇਅਰ ਬੱਸ ਰੱਖਣ ਦੀ ਸੁਵਿਧਾ ਦੇਣ, ਮੋਟਰ ਵਹੀਕਲ ਟੈਕਸ ਵਿੱਚ ਰਿਆਇਤ ਦੇਣ, ਮੋਟਰ ਵਹੀਕਲ ਟੈਕਸ ਦੇ ਦਿਨਾਂ ਵਿੱਚ ਰਿਆਇਤ ਦੇਣ, ਟਾਇਮ ਟੇਬਲਾਂ ਵਿੱਚ ਇਕਸਾਰਤਾ ਲਿਆਉਣ ਦੇ ਤਹਿਤ ਰੋਡਵੇਜ ਜਾਂ ਪੈਪਸੂ ਰੋਡਵੇਜ ਦੇ ਅਧਿਕਾਰੀਆਂ ਦੀ ਬਜਾਏ ਆਰ.ਟੀ.ਏ ਵਲੋਂ ਟਾਈਮ ਟੇਬਲ ਸੈਟ ਕਰਨ, ਪਰਮਿਟ ਸਮੇਤ ਬੱਸ ਟਰਾਂਸਫਰ ਹੋਣ, ਟੋਲ ਟੈਕਸ 'ਤੇ ਬੱਸਾਂ ਨੂੰ ਰਾਹਤ ਦੇਣ, ਡਰਾਅ ਸਿਸਟਮ ਖਤਮ ਕਰਨ, ਦੁਰਘਟਨਾਂ ਦੇ ਮਾਮਲੇ ਵਿੱਚ ਜਿਹੜੇ ਵਾਹਨ ਦਾ ਕਸੂਰ ਹੁੰਦਾ ਹੈ ਉਸ ਦੇ ਖਿਲਾਫ ਹੀ ਕੇਸ ਦਰਜ ਕੀਤਾ ਜਾਵੇ ਜਦਕਿ ਅਕਸਰ ਵੱਡੇ ਵਾਹਨ 'ਤੇ ਕੇਸ ਦਰਜ ਕੀਤਾ ਜਾਂਦਾ ਹੈ। ਜਿਸ ਨਾਲ ਟਰਾਂਸਪੋਰਟਰਾਂ ਦਾ ਵੱਡਾ ਨੁਕਸਾਨ ਹੁੰਦਾ ਹੈ।
ਉਧਰ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਲੋਕਾਂ 'ਚ ਭਰਮ ਪੈ ਗਿਆ ਹੈ ਕਿ ਟਰਾਂਸਪੋਰਟ ਪਾਲਸੀ ਮਨਪ੍ਰੀਤ ਬਾਦਲ ਨੇ ਬਣਾਈ ਹੈ, ਜਦੋਂ ਕਿ ਉਸਦਾ ਪਾਲਸੀ ਨਾਲ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਨਵੀਂ ਪਾਲਸੀ ਹਾਈਕੋਰਟ ਵਿੱਚ ਪੇਸ਼ ਕੀਤੀ ਗਈ ਹੈ। ਇਸਤੋਂ ਬਾਦ 45 ਦਿਨਾਂ 'ਚ ਲੋਕਾਂ ਦੇ ਇਤਰਾਜ ਸੁਣੇ ਜਾਣਗੇ ਤੇ ਉਸਤੋਂ ਬਾਅਦ ਪਾਲਸੀ ਡਰਾਫਟ ਕਰਕੇ ਨੋਟੀਫਿਕੇਸ਼ਨ ਕੀਤਾ ਜਾਵੇਗਾ। ਉਹਨਾਂ ਦੱਸਿਆਂ ਕਿ ਟਰਾਂਸਪੋਰਟਰਾਂ ਨੂੰ ਆਪਣਾ ਪੱਖ ਸਰਕਾਰ ਵਲੋਂ ਮੰਗੇ ਗਏ ਇਤਰਾਜਾਂ ਦੌਰਾਨ ਲਿਖਤੀ ਰੂਪ ਵਿੱਚ ਦੇਣ ਨੂੰ ਕਿਹਾ ਗਿਆ ਹੈ। ਮਨਪ੍ਰੀਤ ਦਾ ਕਹਿਣਾ ਹੈ ਕਿ ਨਵੀਂ ਪਾਲਸੀ ਹਾਈਕੋਰਟ ਦੇ ਆਦੇਸ਼ ਮੁਤਾਬਕ ਤਿਆਰ ਕੀਤੀ ਗਈ ਹੈ।

Wednesday, 5 July 2017

ਨਿੱੱਜੀ ਟਰਾਂਸਪੋਰਟਰਾਂ ਦੀ ਅਜ਼ਾਰੇਦਾਰੀ ਹੋਵੇਗੀ ਖ਼ਤਮ, ਨਵੀਂ ਟਰਾਂਸਪੋਰਟ ਪਾਲਸੀ ਪ੍ਰਵਾਨ

ਕੈਬਨਿਟ ਮੀਟਿੰਗ ਦਾ ਅਹਿਮ ਫੈਸਲਾ –

ਮੁੱਖ ਮੰਤਰੀ ਨੇ ਕੇਬਲ ਨੇਟਵਰਕ ਬਾਰੇ ਦਸ ਦਿਨਾਂ 'ਚ ਮੰਗੀ ਰਿਪੋਰਟ
ਚੰਡੀਗੜ 5 ਜੁਲਾਈ ( ਜੈ ਸਿੰਘ ਛਿੱਬਰ) : ਪੰਜਾਬ 'ਚ ਨਿੱਜੀ ਪ੍ਰਾਈਵੇਟ ਬੱਸ ਕੰਪਨੀਆਂ ਦੀਆਂ ਅਜਾਰੇਦਾਰੀ ਖ਼ਤਮ ਕਰਨ ਅਤੇ ਟਰਾਂਸਪੋਰਟ ਵਿਭਾਗ ਦਾ ਨਵੀਨੀਕਰਨ ਕਰਨ ਲਈ ਪੰਜਾਬ ਮੰਤਰੀ ਮੰਡਲ ਨੇ ਅੱਜ ਨਵੀਂ ਟਰਾਂਸਪੋਰਟ ਪਾਲਸੀ ਨੂੰ ਪ੍ਰਵਾਨ ਕਰ ਲਿਆ ਹੈ। ਨਵੀਂ ਟਰਾਂਸਪੋਰਟ ਨੀਤੀ ਮੁਤਾਬਕ ਸੂਬੇ ਵਿੱਚ ਕਰੀਬ ਸੱਤ ਹਜ਼ਾਰ ਗੈਰ ਕਾਨੂੰਨੀ, ਬੇਨਿਯਮੀਆਂ ਨਾਲ ਦਿਤੇ ਗਏ ਰੂਟ ਪਰਮਿਟ ਰੱਦ ਹੋ ਜਾਣਗੇ ਅਤੇ ਸੂਬੇ ਵਿੱਚ ਸਰਕਾਰੀ ਲਗਜ਼ਰੀ ਵਾਤਾਵਰਣ ਅਨੁਕੂਲ (ਏਸੀ) ਬੱਸਾਂ ਚੱਲਣ ਦਾ ਰਾਹ ਪੱਧਰਾ ਹੋ ਗਿਆ। ਇਸੀ ਤਰ ਸੂਬੇ ਵਿੱਚ ਕੇਬਲ ਨੇਟਵਰਕਿੰਗ ਵਪਾਰ 'ਚ ਅਜਾਰੇਦਾਰੀ ਖਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਕੇਬਲ ਮਾਮਲੇਂ ਦੀ ਪੂਰੀ ਪੜਤਾਲ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਸੁਤਰਾਂ ਮੁਤਾਬਕ ਕੇਬਲ ਨੇਟਵਰਕਿੰਗ ਮੁੱਦਾ ਕੈਬਨਿਟ ਏਜੰਡੇ 'ਤੇ ਨਹੀਂ ਸੀ, ਪਰ ਟੂਰਿਜਮ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੀਟਿੰਗ ਖਤਮ ਹੋਣ ਤੋਂ ਬਾਅਦ ਇਹ ਮਾਮਲਾ ਉਠਾਇਆ ਸੀ। ਬਾਕੀ ਮੰਤਰੀਆਂ ਦੇ ਦਬਾਅ ਤੇ ਸਝਾਓ ਤੋਂ ਬਾਅਦ ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਨੂੰ ਇਸ'ਤੇ ਕਾਨੂੰਨੀ ਪੱਖ ਜਾਨਣ 'ਤੇ ਦਸ ਦਿਨਾਂ ਦੇ ਅੰਦਰ ਪੂਰੀ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ।
ਪੰਜਾਬ ਵਜਾਰਤੀ ਮੰਡਲ ਦੀ ਬਾਦ ਦੁਪਹਿਰ ਚਾਰ ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆਂ ਕਿ ਮੰਤਰੀ ਮੰਡਲ ਨੇ ਅੱਜ ਅਹਿਮ ਫੈਸਲਾ ਲੈਂਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ ਦੀ ਪਾਲਣਾ ਕਰਦੇ ਹੋਏ ਨਵੀਂ ਟਰਾਂਸਪੋਰਟ ਪਾਲਸੀ ਨੂੰ ਪ੍ਰਵਾਨ ਕਰ ਲਿਆ ਹੈ।  ਮਨਪ੍ਰੀਤ ਅਨੁਸਾਰ ਨਵੀਂੰ ਨੀਤੀ ਮੁਤਾਬਕ ਛੇ-ਸੱਤ ਹਜ਼ਾਰ ਪਰਮਿਟ ਰੱਦ ਹੋ ਜਾਣਗੇ। ਸਰਕਾਰ ਵਲੋਂ ਬਣਾਈ ਗਈ ਨਵੀਂ ਨੀਤੀ ਹਾਈਕੋਰਟ 'ਚ ਪੇਸ਼ ਕੀਤੀ ਜਾਵੇਗੀ ਤੇ ਹਾਈਕੋਰਟ ਤੋਂ ਛੇ ਮਹੀਨਿਆਂ ਦਾ  ਸਮਾਂ ਮੰਗਿਆ ਜਾਵੇਗਾ ਤੇ ਉਸਤੋਂ  ਬਾਦ ਨਵੇਂ ਪਰਮਿਟ ਦਿੱਤੇ ਜਾਣਗੇ। ਉਹਨਾਂ ਦੱਸਿਆਂ ਕਿ ਜਦੋਂ ਤੱਕ ਨਵੀਂ ਪਾਲਸੀ ਲਾਗੂ ਨਹੀਂ ਹੁੰਦੀ ਉਦੋਂ ਤੱਕ ਪੁਰਾਣਾ ਪਾਲਸੀ ਲਾਗੂ ਰਹੇਗੀ।
ਮੰਤਰੀ ਮੰਡਲ ਨੇ ਰੋਡ ਸੇਫਟੀ ਫੰਡ ਇਕੱਤਰ ਕਰਨ ਨੂੰ ਵੀ ਹਰੀ ਝੰਡੀ ਦਿੱਤੀ ਹੈ। ਜਾਣਕਾਰੀ ਅਨੁਸਾਰ ਵਾਹਨਾਂ ਦੇ ਕੀਤੇ ਗਏ ਚਾਲਾਨਾਂ ਤੋਂ ਇਕੱਤਰ ਰਾਸ਼ੀ ਦਾ 50 ਫ਼ੀਸਦੀ ਪੈਸਾ ਰੋਡ ਸੇਫਟੀ ਫੰਡ ਲਈ ਰੱਖਿਆ ਜਾਵੇਗਾ। ਇਸ ਫੰਡ ਨਾਲ ਦੁਰਘਟਨਾਂ ਦਾ ਸ਼ਿਕਾਰ ਹੋਏ ਵਿਅਕਤੀਆਂ , ਸੀਸੀਟੀਵੀ ਕੈਮਰੇ ਲਗਾਉਣ, ਐਮਰਜੈਂਸੀ ਵਾਹਨ ਖਰੀਦਣ ਆਦਿ 'ਤੇ ਖਰਚ ਕੀਤਾ ਜਾਵੇਗਾ। ਇਸੀ ਤਰ•ਾਂ ਟਰਾਂਸਪੋਰਟ ਵਿਭਾਗ 'ਚ ਜਿਲ•ਾਂ ਟਰਾਂਸਪੋਰਟ ਅਧਿਕਾਰੀ (ਡੀ.ਟੀ.ਓ) ਦੀ ਪੋਸਟ ਦਾ ਵੀ ਭੋਗ ਪਾ ਦਿੱਤਾ ਗਿਆ ਹੈ। ਹਲਕੇ ਵਾਹਨਾਂ ਦੀ ਰਜਿਸ਼ਟਰੇਸ਼ਨ ਤੇ ਲਾਇਸੈਂਸ ਬਨਾਉਣ ਦਾ ਕੰਮ ਐਸ.ਡੀ.ਐਮ ਵਲੋਂ ਬਣਾਏ ਜਾਣਗੇ। ਜਦੋਂਕਿ ਕਮਰਸ਼ੀਅਲ ਵਾਹਨਾਂ ਦੀ ਰਜਿਸਟੇਰਸ਼ਨ ਤੇ ਲਾਇਸੈਂਸ ਆਰ.ਟੀ.ਸੀ ਵਲੋਂ ਬਣਾਏ ਜਾਣਗੇ। ਇਸੇ ਤਰ•ਾਂ ਸੂਬੇ ਵਿੱਚ ਰਿਜਨਸ ਟਰਾਂਸਪੋਰਟ ਕਮਿਸ਼ਨਰ (ਆਰਟੀਸੀ) ਦੀਆਂ ਚਾਰ ਅਸਾਮੀਆਂ ਤੋਂ ਵਾਧਾ ਕਰਦੇ ਹੋਏ 11 ਅਸਾਮੀਆਂ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ।
ਮਨਪ੍ਰੀਤ ਬਾਦਲ ਨੇ ਦੱਸਿਆਂ ਕਿ ਟਰੱਕ ਯੂਨੀਅਨਾਂ ਖਤਮ ਕਰਨ ਦੇ ਫੈਸਲੇ ਨੂੰ ਵੀ ਪ੍ਰਵਾਨ ਕਰਦੇ ਹੋਏ ਘੱਟੋ ਘੱਟ ਤੇ ਵੱਧ ਤੋਂ ਵੱਧ ਭਾੜਾ ਵਸੂਲਣ ਲਈ ਰੇਟ ਨਿਸ਼ਚਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ ਤਾਂ ਜੋ ਇੱਕ ਦੋ ਗੱਡੀਆਂ ਵਾਲੇ ਟਰੱਕ ਚਾਲਕਾਂ ਨਾਲ ਕੋਈ ਧੱਕੇਸ਼ਾਹੀ ਨਾ ਹੋ ਸਕੇ ਅਤੇ ਵੱਡੇ ਟਰਾਂਸਪੋਰਟ ਮਨਮਰਜੀ ਦਾ ਰੇਟ ਵਸੂਲਣ 'ਤੇ ਰੋਕ ਲਗਾਈ ਜਾ ਸਕੇ। ਮਨਪ੍ਰੀਤ ਬਾਦਲ ਨੇ ਦੱਸਿਆਂ ਕਿ ਮੀਟਿੰਗ ਤੋਂ ਬਾਅਦ ਸੂਬੇ ਵਿੱਚ ਇੱਕ ਪਰਵਾਰ ਵਲੋਂ ਕੇਬਲ ਨੈਟਵਰਕ 'ਤੇ ਕੀਤੇ ਗਏ ਕਬਜੇ ਨੂੰ ਹਟਾਉਣ ਲਈ ਕਾਨੂੰਨੀ ਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਅਤੇ ਕੇਬਲ ਦਾ ਵਪਾਰ ਹਰੇਕ ਲਈ ਖੁੱਲ•ਾ ਹੋਣ 'ਤੇ ਵੀ ਚਰਚਾ ਕੀਤੀ ਗਈ। ਉਹਨਾਂ ਦੱਸਿਆਂ ਕਿ ਭਾਰਤ ਸਰਕਾਰ ਵਲੋਂ ਫਾਸਟਵੇਅ , ਕੇਬਲ ਆਪਰੇਟਰਾਂ ਨੂੰ 1100 ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਛੇ ਮਹੀਨਿਆਂ ਦੌਰਾਨ ਨੋਟਿਸ ਦਾ ਜਵਾਬ ਦੇਣ ਤੇ ਬਣਦੀ ਟੈਕਸ ਰਾਸ਼ੀ ਜਮਾ ਕਰਵਾਉਣੀ ਜਰੂਰੀ ਹੈ। ਪਰ, ਪਿਛਲੇ ਦਸ ਸਾਲਾਂ ਦੌਰਾਨ ਕੋਈ ਨੋਟਿਸ ਦਾ ਜਵਾਬ ਤੱਕ ਨਹੀਂ ਦਿੱਤਾ ਗਿਆ ਅਤੇ ਕਿਸੇ ਵੀ ਤਰ•ਾਂ ਦੇ ਟੈਕਸ ਦੀ ਅਦਾਇਗੀ ਤੱਕ ਨਹੀਂ ਕੀਤੀ ਗਈ। ਉਹਨਾਂ ਦੱਸਿਆਂ ਕਿ ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਦਸ ਦਿਨਾਂ ਦੇ ਅੰਦਰ ਅੰਦਰ ਪੂਰੀ ਰਿਪੋਰਟ ਦੇਣ ਦੇ ਆਦੇਸ ਦਿੱਤੇ ਹਨ। ਇਸੀ ਤਰ•ਾਂ ਮੰਤਰੀ ਮੰਡਲ ਨੇ ਸ਼ਿਵਾਲਕ ਧੌਲਦਾਰ ਬੋਰਡ ਨੂੰ ਵੀ ਭੰਗ ਕਰ ਦਿੱਤਾ ਹੈ।
ਵਰਨਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ• ਸਰਕਾਰ ਬਣਨ ਤੋਂ ਬਾਦ ਪਹਿਲੀ ਵਾਰ ਪ੍ਰੈਸ ਕਾਨਫਰੰਸ ਦੌਰਾਨ ਕੇਬਲ ਨੇਟਵਰਕ, ਫਾਸਟਵੇਅ ਬਾਰੇ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦੀ ਗੱਲ ਆਖੀ ਸੀ, ਪਰ ਅੱਜ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਜ਼ਿਆਦਾਤਰ ਮੰਤਰੀਆਂ ਵਲੋਂ ਦਿੱਤੇ ਸੁਝਾਅ ਅਤੇ ਮੰਗ 'ਤੇ ਮੁੱਖ ਮੰਤਰੀ ਨੇ ਮਾਮਲੇਂ ਦੀ ਸਮੁੱਚੀ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ।

Saturday, 1 July 2017

ਥਾਣੇਦਾਰ ਦੇ ਨਾਮ 'ਤੇ ਰਿਸ਼ਵਤ ਲੈਣ ਵਾਲਾ ਮੰਤਰੀ ਦਾ ਕਰਮਚਾਰੀ ਚਰਚਾਵਾਂ 'ਚ


ਚੰਡੀਗੜ 1 ਜੁਲਾਈ (ਜੈ ਸਿੰਘ ਛਿੱਬਰ)। ਪੰਜਾਬ ਦੇ ਇਕ ਕੈਬਨਿਟ ਮੰਤਰੀ ਦਾ ਪੀ.ਏ ਕਮ ਦਫਤਰ ਸਕੱਤਰ ਥਾਣੇਦਾਰ ਦੇ ਨਾਮ 'ਤੇ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਕਾਰਨ ਸਿਆਸੀ ਗਲਿਆਰਿਆ ਵਿਚ ਚਰਚਾਂ ਦਾ ਵਿਸ਼ਾ ਬਣਿਆ ਹੋਇਆ ਹੈ। ਉਕਤ ਦਫਤਰੀ ਸਕੱਤਰ ਨੇ ਜਿਲ•ਾਂ ਰੋਪੜ ਦੇ ਇਕ ਪਿਲਸ ਥਾਣੇ ਦੇ ਥਾਣੇਦਾਰ ਦੇ ਨਾਂਅ 'ਤੇ 15 ਹਜਾਰ ਰੁਪਏ ਲੈ ਲਏ। ਇਹ 'ਸੇਵਾ' ਉਸਨੇ ਇਕ ਵਿਅਕਤੀ ਪਾਸੋਂ ਧਾਰਾ 307 ਲਗਵਾਉਣ ਦੇ ਨਾਮ 'ਤੇ ਕਥਿੱਤ ਤੌਰ 'ਤੇ ਲਈ ਸੀ। ਭੇਤ ਉਦੋਂ ਖੁੱਲਿਆ ਜਦ ਰਕਮ ਦੇਣ ਵਾਲੇ ਵਿਅਕਤੀ ਨੇ ਹੱਕ ਨਾਲ ਥਾਣਾ ਇੰਚਾਰਜ ਨੂੰ ਦੂਜੀ ਪਾਰਟੀ ਵਿਰੁੱਧ ਧਾਰਾ 307 ਦਾ ਮੁੱਕਦਮਾ ਦਰਜ ਕਰਨ ਲਈ ਕਿਹਾ ਤਾਂ ਥਾਣੇਦਾਰ ਉਸਦੀ ਦਬਾਅ ਵਾਲੀ ਗੱਲ ਤੋਂ ਚਿੜ ਗਿਆ। ਇਸੇ ਦੌਰਾਨ ਵਿਅਕਤੀ ਨੇ ਥਾਣੇਦਾਰ ਦੇ ਕੰਨ ਵਿਚ 'ਸੇਵਾ-ਪਾਣੀ ਹੋਣ ਦੀ ਗੱਲ ਕਹਿ ਦਿੱਤੀ। ਫਿਰ ਤਾਂ ਸਾਰਾ ਭੇਦ ਹੀ ਖੁੱਲ ਗਿਆ। ਸਥਿਤੀ ਏਥੋਂ ਤਕ ਪੁੱਜੀ ਕਿ ਥਾਣਾ ਇੰਚਾਰਜ ਨੇ ਮੰਤਰੀ ਦੇ ਦਫਤਰੀ ਸਕੱਤਰ ਨੂੰ ਘੇਰੇ ਵਿਚ ਲੈ ਲਿਆ। ਆਖਿਰਕਾਰ ਮੰਤਰੀ ਦੇ ਉਸ ਦਫਤਰੀ ਸਕੱਤਰ ਨੂੰ ਲਈ 15 ਹਜਾਰ ਰੁਪਏ ਦੀ ਰਾਸ਼ੀ ਮੋੜਨੀ ਪਈ। ਕਿੱਸਾ ਇਹ ਸੀ ਕਿ ਇਕ ਪਿੰਡ 'ਚ ਦੋ ਧੜਿਆ ਦੀ ਲੜਾਈ ਹੋ ਗਈ। ਪੁਲਿਸ ਨੇ ਇਕ ਪਾਰਟੀ ਵਿਰੁੱਧ ਦਾ ਮੁਕੱਦਮਾ ਦਰਜ ਕਰ ਲਿਆ,ਪਰ ਦੂਜੀ ਪਾਰਟੀ ਨੇ  ਵੀ ਬਰਾਬਰ ਪੁਲਿਸ ਮੁਕੱਦਮਾ ਦਰਜ ਕਰਵਾਉਣ ਲਈ ਮੰਤਰੀ ਦੇ ਉਸ ਦਫਤਰੀ ਸਕੱਤਰ ਤਕ ਪਹੁੰਚ ਕੀਤੀ। ਇਸ ਰਿਸ਼ਵਤ ਵਾਲੀ ਕਹਾਣੀ ਦਾ ਰੌਲਾ ਪੈ ਗਿਆ ਅਤੇ ਜੰਗਲ ਦੀ ਅੱਗ ਵਾਂਗ ਇਹ ਗੱਲ ਸਿਆਸੀ ਪਿੜ ਵਿਚ ਫੈਲ ਗਈ। ਸਿਆਸੀ ਹਲਕਿਆਂ 'ਚ ਰਿਸ਼ਵਤ ਲੈਣ ਦੀ ਚਰਚਾ ਨਾਲ ਹੁਣ ਮੰਤਰੀ ਵਲੋਂ ਲੋਕਾਂ 'ਚ ਇਹ ਸਫਾਈ ਦਿੱਤੀ ਜਾ ਰਹੀ ਹੈ ਕਿ ਥਾਣੇਦਾਰ ਵਲੋਂ ਪੈਸੇ ਦੀ ਮੰਗ ਕੀਤੀ ਗਈ ਸੀ, ਤੇ ਉਸਨੇ ਥਾਣੇਦਾਰ ਵਲੋਂ ਪੈਸੇ ਵਾਪਸ ਕਰਵਾਏ ਹਨ। ਬਾਅਦ ਵਿੱਚ ਮੰਤਰੀ ਨੇ ਆਪਣਾ ਅਸਰ ਰਸੂਖ ਵਰਤਿਆਂ ਦੂਜੀ ਧਿਰ 'ਤੇ ਵੀ ਕਰਾਸ ਪਰਚਾ ਦਰਜ ਕਰਵਾ ਦਿੱਤਾ। ਦੱਸਿਆਂ ਜਾਂਦਾ ਹੈ ਕਿ ਮੰਤਰੀ ਅਤੇ ਉਸਦੇ ਕਈ ਅਤਿ ਨਜ਼ਦੀਕੀ ਉਸ ਕਰਮਚਾਰੀ ਤੋਂ ਕਾਫੀ ਖਫ਼ਾ ਹਨ।