Tuesday, 18 July 2017

ਜੰਗੀ ਵਿਧਵਾਵਾਂ ਦੀ ਧਮਕੀ ਬਾਅਦ ਮੁੱਖ ਮੰਤਰੀ ਦਫ਼ਤਰ ਹਰਕਤ 'ਚ ਆਇਆ


ਮੁੱਖ ਮੰਤਰੀ ਨੇ ਜੰਗੀ ਵਿਧਵਾਵਾਂ ਨੂੰ ਜ਼ਮੀਨ ਦੀ ਥਾਂ 'ਤੇ ਨਗਦ ਰਾਸ਼ੀ ਦੇਣ ਦੀ ਦਿੱਤੀ
ਪ੍ਰਵਾਨਗੀ
ਚੰਡੀਗੜ18 ਜੁਲਾਈ ( ਜੈ ਸਿੰਘ ਛਿੱਬਰ) : ਜੰਗੀ ਵਿਧਵਾਵਾਂ ਅਤੇ ਸ਼ਹੀਦਾਂ ਦੇ ਵਾਰਸਾਂ ਵਲੋਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਅਗਲੇ ਦਿਨਾਂ ਵਿੱਚ ਧਰਨਾ ਦੇਣ ਦੀ ਧਮਕੀ ਦੇਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਜੰਗੀ ਵਿਧਵਾਵਾਂ ਨੂੰ ਜ਼ਮੀਨ ਦੇਣ ਦੀ ਬਜਾਏ ਨਗਦ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਹੈ।
ਇਥੇ ਦੱਸਣਯੋਗ ਹੈ ਕਿ 1962 ਭਾਰਤ –ਚੀਨ ਅਤੇ 1965 ਤੇ 1971 ਭਾਰਤ –ਪਾਕ ਯੁੱਧ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਜ਼ਮੀਨ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਤਤਕਾਲੀਨ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਆਪਣੇ  ਕਾਰਜਕਾਲ ਦੌਰਾਨ ਜੰਗੀ ਵਿਧਵਾਵਾਂ ਨੂੰ ਜ਼ਮੀਨ ਅਲਾਟ ਕਰਨ ਦਾ ਵਾਅਦਾ ਕੀਤਾ ਸੀ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਜੰਗੀ ਵਿਧਵਾਵਾਂ ਨੂੰ ਮੰਗ ਪੂਰੀ ਕਰਨ ਲਈ ਲਾਰੇ ਲਗਾਉਂਦੀਆਂ ਰਹੀਆਂ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਤਕਾਲੀਨ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਆਵਾਸ ਅੱਗੇ ਜੰਗੀ ਵਿਧਵਾਵਾਂ ਤੇ ਉਹਨਾਂ ਦੇ ਵਾਰਸਾਂ ਨੇ 27 ਸਤੰਬਰ ਤੋਂ 19 ਅਕਤੂਬਰ ਤੱਕ ਲਗਾਤਾਰ ਦਿਨ ਰਾਤ ਧਰਨਾ ਦਿੱਤਾ ਸੀ। ਵਿਧਾਨ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ ਸ੍ਰ ਬਾਦਲ ਨੇ ਉਦੋਂ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵਜੋਂ ਦੇਣ ਦਾ ਐਲਾਨ ਕੀਤਾ ਸੀ। ਇਸਤੋਂ ਇਲਾਵਾ ਬਾਅਦ 'ਚ ਹੋਰ ਵੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਸੀ। ਪਰ ਬਾਅਦ 'ਚ ਚੋਣ ਜਾਬਤਾ ਲਾਗੂ ਹੋਣ ਕਰਕੇ ਜੰਗੀ ਵਿਧਵਾਵਾਂ ਨੂੰ ਧੇਲਾਂ ਵੀ ਪ੍ਰਾਪਤ ਨਹੀਂ ਹੋਇਆ ਸੀ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਜੰਗੀ ਵਿਧਵਾਵਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਵਾਰਸਾਂ/ ਆਗੂਆਂ ਨੇ ਲਗਾਤਾਰ ਅਧਿਕਾਰੀਆਂ ਨਾਲ ਸੰਪਰਕ ਰੱਖਿਆ ਹੋਇਆ ਸੀ। ਪਰ ਅਧਿਕਾਰੀਆਂ ਵਲੋਂ ਹਮੇਸ਼ਾਂ ਫਾਈਲ ਵਿੱਤ ਵਿਭਾਗ ਕੋਲ ਹੋਣ ਦਾ ਲਾਰਾ ਲਗਾਇਆ ਗਿਆ। ਦੱਸਿਆਂ ਜਾਂਦਾ ਹੈ ਕਿ ਬੀਤੇ ਕੱਲ• ਹੀ ਜੰਗੀ ਵਿਧਵਾਵਾਂ ਤੇ ਸ਼ਹੀਦਾਂ ਦੇ ਵਾਰਸਾਂ ਨੇ ਮੁੱਖ ਮੰਤਰੀ ਨਾਲ ਜੁੜੇ ਇੱਕ ਅਧਿਕਾਰੀ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਦੀ ਮੰਗ ਕੀਤੀ ਸੀ। ਪਰ, ਅਧਿਕਾਰੀਆਂ ਨੇ ਕੋਈ ਹਾਮੀ ਨਹੀਂ ਭਰੀ। ਦੱਸਿਆਂ ਜਾਂਦਾ ਹੈ ਕਿ ਗੁੱਸੇ ਨਾਲ ਭਰੇ ਪੀਤੇ ਵਾਰਸਾਂ ਨੇ ਇਕ ਦੋ ਦਿਨਾਂ 'ਚ ਮੁੱਖ ਮੰਤਰੀ ਅਵਾਸ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ। ਸੂਤਰ ਦੱਸਦੇ ਹਨ ਕਿ ਜੰਗੀ ਵਿਧਵਾਵਾਂ ਵਲੋਂ ਇਥੇ ਤੱਕ ਕਹਿ ਦਿੱਤਾ ਗਿਆ ਕਿ ਉਹ ਹੁਣ ਆਰਪਾਰ ਦੀ ਲੜਾਈ ਲੜਨਗੇ। ਇਸਤੋਂ ਬਾਅਦ ਮੁੱਖ ਮੰਤਰੀ ਦਫਤਰ ਹਰਕਤ 'ਚ ਆ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਅਕਤੀਗਤ ਯੋਗਤਾ ਮੁਤਾਬਕ ਇਕ ਏਕੜ ਜ਼ਮੀਨ ਦੇ ਇਵਜ਼ ਵਿੱਚ ਪੰਜ ਲੱਖ ਰੁਪਏ ਅਤੇ 10 ਏਕੜ ਲਈ ਵੱਧ ਤੋਂ ਵੱਧ 50 ਲੱਖ ਰੁਪਏ ਦੀ ਰਾਸ਼ੀ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਸੈਨਿਕ ਭਲਾਈ ਵਿਭਾਗ ਨੂੰ ਜੰਗੀ ਵਿਧਵਾਵਾਂ ਨੂੰ ਅਤਿ ਲੋੜੀਂਦੀ ਰਾਹਤ ਦੇਣ ਲਈ ਇਹ ਨਗਦ ਰਾਸ਼ੀ ਇਨ•ਾਂ ਨੂੰ ਛੇਤੀ ਤੋਂ ਛੇਤੀ ਵੰਡਣ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਵੱਲੋਂ ਅਰਧ-ਸਰਕਾਰੀ ਪੱਤਰਾਂ ਰਾਹੀਂ ਨਿੱਜੀ ਆਧਾਰ 'ਤੇ ਵੀ ਸੂਬੇ ਵਿਚ ਸਾਰੀਆਂ ਜੰਗੀ ਵਿਧਵਾਵਾਂ ਤੇ ਸਾਬਕਾ ਸੈਨਿਕਾਂ ਨਾਲ ਸੰਪਰਕ ਬਣਾਉਣਾ ਸ਼ੁਰੂ ਕੀਤਾ ਗਿਆ ਹੈ। ਸੱਤਾ ਦੀ ਵਾਗਡੋਰ ਸੰਭਾਲਣ ਵਾਲੇ ਦਿਨ ਤੋਂ ਲੈ ਕੇ ਮੁੱਖ ਮੰਤਰੀ ਵੱਲੋਂ ਜੰਗੀ ਵਿਧਵਾਵਾਂ ਅਤੇ ਸਾਬਕਾ ਸੈਨਿਕਾਂ ਦੀ ਸੁੱਖ-ਸਾਂਦ ਪੁੱਛਣ ਲਈ ਅਜਿਹੇ ਪੱਤਰ ਲਿਖੇ ਜਾ ਰਹੇ ਹਨ।

No comments:

Post a Comment