Friday, 5 April 2024
ਲੋਕ ਸਭਾ ਚੋਣਾਂ -ਬਸਪਾ ਵਿਗਾੜ ਸਕਦੀ ਹੈ ਸਿਆਸੀ ਪਾਰਟੀਆਂ ਦਾ ਗਣਿਤ
ਲੋਕ ਸਭਾ ਚੋਣਾਂ: ਸੂਬੇ ’ਚ ਪਹਿਲੀ ਵਾਰ ਪੰਜ ਕੋਣਾਂ ਮੁਕਾਬਲੇ ਹੋਣ ਦੇ ਆਸਾਰ ਬਣੇ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਪੰਜਾਬ ਦੀ ਸਿਆਸੀ ਜ਼ਮੀਨ ’ਤੇ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਸਿਆਸੀ ਪਾਰਟੀਆਂ ਦਾ ਗਠਜੋੜ ਨਾ ਹੋਣ ਕਰਕੇ ਪੰਜ ਕੋਣਾ ਮੁਕਾਬਲੇ ਹੋਣ ਦੇ ਆਸਾਰ ਬਣ ਗਏ ਹਨ। ਆਖ਼ਰੀ ਗੇੜ ’ਚ ਇਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਸਾਰੇ ਸਮੀਕਰਣਾਂ ਨੂੰ ਭਾਂਪਦੇ ਹੋਏ ਵੱਡੇ ਕੱਦ ਦੇ ਚਿਹਰਿਆਂ ਦੀ ਤਲਾਸ਼ ਵਿਚ ਹਨ,ਕਿਉਂਕਿ ਨਵੇਂ ਬਣ ਰਹੇ ਸਮੀਕਰਣਾਂ ਅਨੁਸਾਰ ਉਮੀਦਵਾਰ ਦੀ ਵਿਅਕਤੀਗਤ ਪਛਾਣ ਅਹਿਮ ਰੋਲ ਅਦਾ ਕਰੇਗਾ। ਅਕਾਲੀ ਦਲ ਤੇ ਕਾਂਗਰਸ ਨੂੰ ਛੱਡਕੇ ਭਾਜਪਾ, ਆਮ ਆਦਮੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਕੁੱਝ ਹਲਕਿਆਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ।
ਆਮ ਤੌਰ ’ਤੇ ਲੋਕ ਸੂਬੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਵਿਚ ਚਾਰ ਕੋਣਾਂ ਮੁਕਾਬਲਾ ਹੋਣ ਦੀਆਂ ਕਿਆਸਰਾਈਆਂ ਲਗਾ ਰਹੇ ਹਨ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹਨਾਂ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ ਅਤੇ ਬਸਪਾ ਕਈ ਹਲਕਿਆਂ ਵਿਚ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜ ਸਕਦੀਆਂ ਹਨ। ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਸੀ ਤਾਂ ਨਵਾਂਸ਼ਹਿਰ ਹਲਕੇ ਤੋਂ ਬਸਪਾ ਦੇ ਵਿਧਾਇਕ ਡਾ ਨਛੱਤਰ ਪਾਲ ਕਈ ਸਾਲਾਂ ਬਾਅਦ ਵਿਧਾਨ ਸਭਾ ’ਚ ਪੁੱਜੇ ਹਨ। ਪੰਜਾਬ ਦੇਸ਼ ਦਾ ਪਹਿਲਾ ਸੱਭਤੋਂ ਵੱਧ ਅਨੁਸੂਚਿਤ ਜਾਤੀ ਵਰਗ ਦੀ ਆਬਾਦੀ ਵਾਲਾ ਸੂਬਾ ਹੈ। ਦੁਆਬੇ ਖਿੱਤੇ ਵਿਚ ਦਲਿਤ ਭਾਈਚਾਰੇ ਦੀ ਅਬਾਦੀ ਮਾਝਾ, ਮਾਲਵਾ ਤੇ ਪੁਆਧ ਨਾਲੋ ਵਧੇਰੇ ਹੈ।
ਇਹੀ ਕਾਰਨ ਹੈ ਕਿ ਸਿਆਸੀ ਪਾਰਟੀਆਂ ਦੀ ਅੱਖ ਦਲਿਤ ਵਰਗ ’ਤੇ ਟਿਕੀ ਹੋਈ ਹੈ। ਕਾਂਗਰਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਕੇ ਦਲਿਤ ਪੱਤਾ ਖੇਡਿਆ ਸੀ ਤੇ ਆਪ ਨੇ ਸਰਕਾਰ ਬਣਨ ’ਤੇ ਉਪ ਮੁੱਖ ਮੰਤਰੀ ਦਾ ਅਹੁੱਦਾ ਦਲਿਤ ਵਰਗ ਨੂੰ ਦੇਣ ਦਾ ਵਾਅਦਾ ਕੀਤਾ ਸੀ ਤਾਂ ਅਕਾਲੀ ਦਲ ਨੇ ਦੋ ਉਪ ਮੁੱਖ ਮੰਤਰੀ (ਇਕ ਦਲਿਤ ਤੇ ਇੱਕ ਹਿੰਦੂ ਭਾਈਚਾਰੇ ’ਚੋ) ਬਣਾਉਣ ਦਾ ਐਲਾਨ ਕੀਤਾ ਸੀ। ਪਰ ਹੁਣ ਸਿਆਸੀ ਸਮੀਕਰਣ ਬਦਲ ਚੁੱਕੇ ਹਨ। ਅਕਾਲੀ ਦਲ ਦਾ ਪਹਿਲਾਂ ਭਾਜਪਾ ਨਾਲੋ ਫਿਰ ਬਸਪਾ ਨਾਲ ਸਿਆਸੀ ਸਾਂਝ ਟੁੱਟ ਚੁੱਕੀ ਹੈ। ਕੌਮੀ ਪੱਧਰ ’ਤੇ ਆਪ ਤੇ ਕਾਂਗਰਸ ਇੰਡੀਆਂ ਦਾ ਹਿੱਸਾ ਹਨ, ਪਰ ਪੰਜਾਬ ’ਚ ਦੋਵਾਂ ਪਾਰਟੀਆਂ ਇਕੱਲਿਆ ਚੋਣ ਲੜ ਰਹੀਆਂ ਹਨ।
ਸੂਤਰ ਦੱਸਦੇ ਹਨ ਕਿ ਬਹਜੁਨ ਸਮਾਜ ਪਾਰਟੀ ਸ੍ਰੀ ਆਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਜਲੰਧਰ, ਹੁਸ਼ਿਆਰਪੁਰ ਤੇ ਫਿਰੋਜਪੁਰ ਲੋਕ ਸਭਾ ਹਲਕੇ ਵਿਚ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜ ਸਕਦੀ ਹੈ। ਬਸਪਾ ਇਹਨਾਂ ਹਲਕਿਆਂ ਵਿਚ ਪਾਰਟੀ ਦੇ ਵੱਡੇ ਕੱਦ ਦੇ ਆਗੂਆਂ ਨੂੰ ਉਤਾਰਨ ’ਤੇ ਵਿਚਾਰ ਕਰ ਰਹੀ ਹੈ। ਹੁਸ਼ਿਆਰਪੁਰ ਹਲਕੇ ਤੋਂ ਬਸਪਾ ਨੇ ਰਾਕੇਸ ਸੁਮਨ ਨੂੰ ਉਮੀਦਵਾਰ ਐਲਾਨ ਦਿੱਤਾ ਹੈ।
ਆਮ ਆਦਮੀ ਪਾਰਟੀ ਨੇ ਪੰਜ ਮੰਤਰੀਆਂ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਪਟਿਆਲਾ ਤੋਂ ਡਾ ਬਲਵੀਰ ਸਿੰਘ, ਬਠਿੰਡਾ ਤੋਂ ਗੁਰਮੀਤ ਸਿੰਘ ਖੁਡੀਆ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਜਦਕਿ ਫਰੀਦਕੋਟ ਹਲਕੇ ਤੋਂ ਅਦਾਕਾਰ ਤੇ ਗਾਇਕ ਕਰਮਜੀਤ ਸਿੰਘ ਅਨਮੋਲ ਨੂੰ ਟਿਕਟ ਦਿੱਤੀ ਹੈ, ਇਸੀ ਤਰ੍ਹਾਂ ਭਾਜਪਾ ਨੇ ਇਸ ਹਲਕੇ ਤੋਂ ਰਾਜ ਗਾਇਕ ਹੰਸ ਰਾਜ ਹੰਸ ਨੂੰ ਉਤਾਰਿਆ ਹੈ। ਆਪ ਨੇ ਹੁਸਿਆਰਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਹੈ ਤਾਂ ਜਲੰਧਰ ਤੋਂ ਭਾਜਪਾ ਨੇ ਸੁਸ਼ੀਲ ਰਿੰਕੂ ’ਤੇ ਦਾਅ ਖੇਡਿਆ ਹੈ ਤੇ ਕਾਂਗਰਸ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿਚ ਉਤਾਰਨ ਦੀਆਂ ਅਟਕਲਾਂ ਹਨ। ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ, ਪਰ ਅਸਲ ਤਸਵੀਰ ਉਮੀਦਵਾਰਾਂ ਦਾ ਐਲਾਨ ਹੋਣ ਤੋ ਬਾਅਦ ਹੀ ਸਪਸ਼ਟ ਹੋਵੇਗੀ।
Tuesday, 12 March 2024
ਵਿਰਾਸਤ ਦੀ ਸਿਆਸਤ ਨੂੰ ਸੰਭਾਲ ਰਹੇ ਨੇ ਲਾਡਲੇ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਸੂਬੇ ਦੀ ਸੱਤਾ ’ਤੇ ਕਾਬਜ਼ ਰਹੇ ਅੱਧਾ ਦਰਜ਼ਨ ਤੋਂ ਵੱਧ ਮੁੱਖ ਮੰਤਰੀਆਂ ਸਮੇਤ ਸੈਂਕੜੇ ਸਿਆਸਤਦਾਨਾਂ ਦੇ ਧੀਆਂ, ਪੁੱਤਰ, ਦੋਹਤੇ-ਦੋਹਤੀਆਂ ਆਪਣੇ ਵਾਰਸਾਂ ਦੀ ਸਿਆਸੀ ਸਿਆਸਤ ਦੀ ਵਿਰਾਸਤ ਨੂੰ ਸੰਭਾਲ ਰਹੇ ਹਨ। ਜੇਕਰ ਅਤੀਤ ਅਤੇ ਵਰਤਮਾਨ ਸਿਆਸਤ ’ਤੇ ਝਾਤ ਮਾਰੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੱਗਭੱਗ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਿਆਸਤ ਦਾ ਕੁਰਸੀਨਾਮਾ ਪੀੜ੍ਹੀ ਦਰ ਪੀੜ੍ਹੀ ਆਪਣੇ ਧੀਆਂ -ਪੁੱਤਰਾਂ, ਦੋਹਤੇ, ਦੋਹਤੀਆਂ, ਜਵਾਈਆਂ ਦੇ ਨਾਮ ਕੀਤਾ ਹੈ। ਭਾਵੇਂ ਸਿਆਸਤਦਾਨ ਹਮੇਸ਼ਾਂ ਆਮ ਲੋਕਾਂ ਨੂੰ ਸਿਆਸਤ ਵਿਚ ਆਉਣ ਦਾ ਨਾਅਰਾ ਲਾਉਂਦੇ ਹਨ, ਪਰ ਜਦੋਂ ਜ਼ੁੰਮੇਵਾਰੀ ਵਾਲੀ ਕੁਰਸੀਆਂ ਸੰਭਾਲਣ ਦੀ ਗੱਲ ਆਉਂਦੀ ਹੈ ਤਾਂ ਸਿਆਸਤਦਾਨਾਂ ਨੇ ਆਪਣੇ ਲਾਡਲਿਆਂ ਨੂੰ ਹੀ ਬਿਠਾਇਆ ਹੈ।
ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਤੋਂ ਲੈ ਕੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਸਾਰਿਆਂ ਨੇ ਆਪਣੀ ਸਿਆਸਤ ਦੀ ਡੰਗੋਲੀ ਆਪਣਿਆਂ ਨੂੰ ਫੜ੍ਹਾਈ ਹੈ। ਕੈਰੋ ਦਾ ਪੋਤਾ ਆਦੇਸ਼ ਪ੍ਰਤਾਪ ਸਿੰਘ ਕੈਰੋ ਅਕਾਲੀ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ। ਬੇਅੰਤ ਸਿੰਘ ਦਾ ਪੁੱਤ ਤੇਜ ਪ੍ਰਕਾਸ਼ ਸਿੰਘ ਤੇ ਧੀ ਗੁਰਕੰਵਲ ਕੌਰ ਸਾਬਕਾ ਮੰਤਰੀ ਰਹਿ ਚੁੱਕੇ ਹਨ ਅਤੇ ਤੀਜ਼ੀ ਪੀੜ੍ਹੀ ਦੇ ਵਾਰਸ ਗੁਰਕੀਰਤ ਸਿੰਘ ਕੋਟਲੀ ਤੇ ਰਵਨੀਤ ਸਿੰਘ ਬਿੱਟੂ ਸਿਆਸਤ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਹਰਚਰਨ ਸਿੰਘ ਬਰਾੜ ਦੀ ਧੀ ਕਰਨ ਕੌਰ ਬਰਾੜ ਤੋਂ ਬਾਅਦ ਦੋਹਤਾ ਕਰਨਬੀਰ ਬਰਾੜ, ਸੁਰਜੀਤ ਸਿੰਘ ਬਰਨਾਲਾ ਦੇ ਪੁੱਤ ਗਗਨਜੀਤ ਸਿੰਘ ਬਰਨਾਲਾ ਤੋਂ ਬਾਅਦ ਹੁਣ ਪੋਤਾ ਸਿਮਰਜੀਤ ਸਿੰਘ ਬਰਨਾਲਾ ਆਪਣੇ ਦਾਦੇ ਦੀ ਸਿਆਸਤ ਸੰਭਾਲ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਪੁੱਤ ਸੁਖਬੀਰ ਸਿੰਘ ਬਾਦਲ,ਨੂੰਹ ਹਰਸਿਮਰਤ ਕੌਰ ਬਾਦਲ, ਭਤੀਜਾ ਮਨਪ੍ਰੀਤ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਤਨੀ ਪਰਨੀਤ ਕੌਰ, ਧੀ ਜੈਇੰਦਰ ਕੌਰ ਅਤੇ ਬੇਟਾ ਰਣਇੰਦਰ ਸਿੰਘ ਪਿਤਾ ਪੁਰਖੀ ਸਿਆਸਤ ਨੂੰ ਅੱਗੇ ਵਧਾ ਰਹੇ ਹਨ। ਇਸੀ ਤਰ੍ਹਾਂ ਬੀਬੀ ਰਾਜਿੰਦਰ ਕੌਰ ਭੱਠਲ ਦਾ ਜਵਾਈ ਬਿਕਰਮ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਨੇ ਆਪਣੇ ਬੇਟੇ ਨਵਜੀਤ ਨਵੀ ਨੂੰ ਜਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਬਣਾਕੇ ਸਿਆਸਤ ਦੀ ਪੌੜੀ ਚੜ੍ਹਾਉਣੀ ਸ਼ੁਰੂ ਕਰ ਦਿੱਤੀ ਹੈ। ਸਾਬਕਾ ਸਪੀਕਰ ਬਲਰਾਮ ਦਾਸ ਦਾ ਪੁੱਤ ਸੁਨੀਲ ਜਾਖੜ ਅਤੇ ਤੀਜੀ ਪੀੜੀ ਦਾ ਵਾਰਸ ਸੰਦੀਪ ਜਾਖੜ੍ਹ ਪਿਤਾ ਪੁਰਖੀ ਸਿਆਸਤ ਨੂੰ ਅੱਗੇ ਤੋਰ ਰਹੇ ਹਨ।
ਇਸੀ ਤਰ੍ਹਾਂ ਕਾਂਗਰਸ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਪੁੱਤਰ ਰਾਜਿੰਦਰ ਸਿੰਘ,ਇੰਦਰਜੀਤ ਸਿੰਘ ਜੀਰਾ ਦਾ ਪੁੱਤ ਕੁਲਬੀਰ ਸਿੰਘ ਜੀਰਾ, ਗੁਰਚੇਤ ਸਿੰਘ ਭੁੱਲਰ ਦਾ ਪੁੱਤ ਸੁਖਪਾਲ ਭੁੱਲਰ, ਸੰਤੋਖ ਸਿੰਘ ਰੰਧਾਵਾਂ ਦੇ ਪੁੱਤਰ ਸੁਖਜਿੰਦਰ ਸਿੰਘ ਰੰਧਾਵਾਂ ਤੇ ਇੰਦਰਜੀਤ ਸਿੰਘ ਰੰਧਾਵਾਂ, ਸੁਰਦੂਲ ਸਿੰਘ ਦਾ ਪੁੱਤ ਸੁਖਵਿੰਦਰ ਡੈਨੀ,ਪ੍ਰਕਾਸ਼ ਸੈਣੀ ਦੀ ਪਤਨੀ ਗੁਰਕੰਵਲ ਕੌਰ ਤੇ ਅੱਗੇ ਬੇਟਾ ਅੰਗਦ ਸਿੰਘ ਸੈਣੀ ਸਮੇਤ ਕਈ ਹੋਰਨਾਂ ਦੇ ਵਾਰਸ ਸਿਆਸਤ ਵਿਚ ਅੱਗੇ ਵੱਧ ਰਹੇ ਹਨ। ਕਾਂਗਰਸ ਦੀ ਦਲਿਤ ਲੀਡਰਸ਼ਿਪ ਵਿਚ ਸਾਬਕਾ ਕਾਂਗਰਸ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਵੀ ਵਿਧਾਇਕ ਰਹਿ ਚੁੱਕੀ ਹੈ। ਇਸੀ ਤਰ੍ਹਾਂ ਦਰਸ਼ਨ ਸਿੰਘ ਕੇਪੀ ਦਾ ਮੁੰਡਾ ਮਹਿੰਦਰ ਸਿੰਘ ਕੇਪੀ, ਨੂੰਹ ਸੁਮਨ ਕੇਪੀ, ਮਾਸਟਰ ਗੁਰਬੰਤਾ ਸਿੰਘ ਦੀ ਤੀਜ਼ੀ ਪੀੜ੍ਹੀ ਪੋਤਾ ਬਿਕਰਮਜੀਤ ਚੌਧਰੀ ਪੁੱਤਰ ਸੰਤੋਖ ਚੌਧਰੀ ਤੇ ਸੁਰਿੰਦਰ ਚੌਧਰੀ ਪੁੱਤਰ ਜਗਜੀਤ ਚੌਧਰੀ, ਚੌਧਰੀ ਸੁੰਦਰ ਸਿੰਘ ਦੀ ਪਤਨੀ ਸੰਤੌਸ਼ ਚੌਧਰੀ ਤੇ ਪੁੱਤ ਰਾਮ ਲੁਭਾਇਆ ਸਿਆਸੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।
ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਕੁਲਦੀਪ ਸਿੰਘ ਵਡਾਲਾ ਤੋਂ ਬਾਅਦ ਉਨ੍ਹਾਂ ਦਾ ਬੇਟਾ ਗੁਰਪ੍ਰਤਾਪ ਸਿੰਘ ਬਡਾਲਾ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦਾ ਬੇਟਾ ਹਰਿੰਦਰ ਸਿੰਘ ਚੰਦੂਮਾਜਰਾ, ਬਸੰਤ ਸਿੰਘ ਖਾਲਸਾ ਦਾ ਪੁੱਤ ਬਿਕਰਮਜੀਤ ਸਿੰਘ ਖਾਲਸਾ , ਸੁਖਦੇਵ ਸਿੰਘ ਢੀਡਸਾ ਤੋਂ ਬਾਅਦ ਪਰਮਿੰਦਰ ਸਿੰਘ ਢੀਡਸਾ, ਬਲਵਿੰਦਰ ਸਿੰਘ ਭੂੰਦੜ ਦਾ ਪੁੱਤ ਦਿਲਰਾਜ ਸਿੰਘ ਭੂੰਦੜ, ਰਣਜੀਤ ਸਿੰਘ ਬ੍ਰਹਮਪੁਰਾ ਦਾ ਪੁੱਤ ਬ੍ਰਹਮਪੁਰਾ, ਨਿਰਮਲ ਸਿੰਘ ਕਾਹਲੋ ਦਾ ਪੁੱਤ ਰਵੀਕਰਨ ਸਿੰਘ ਕਾਹਲੋ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਪੁੱਤ ਇੰਦਰ ਇਕਬਾਲ ਸਿੰਘ ਅਟਵਾਲ, ਵੀਰ ਸਿੰਘ ਲੋਪੋਕੇ ਦਾ ਪੁੱਤ ਰਣਬੀਰ ਸਿੰਘ ਲੋਪੋਕੇ, ਅਜੈਬ ਸਿੰਘ ਸੰਧੂ ਦੀ ਪਤਨੀ ਸਵਰਗੀ ਸਤਵੰਤ ਕੌਰ ਸੰਧੂ ਤੋਂ ਬਾਅਦ ਪੁੱਤ ਹਰਮੋਹਨ ਸਿੰਘ ਸੰਧੂ ਤੇ ਨੂੰਹ ਜਗਮੀਤ ਕੌਰ ਸੰਧੂ ਪੁਰਖਿਆ ਦੀ ਸਿਆਸਤ ਨੂੰ ਅੱਗੇ ਤੋਰਨ ਲਈ ਯਤਨਸ਼ੀਲ ਹਨ। ਸਾਬਕਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ ਆਪਣੇ ਬੇਟੇ ਜਸਜੀਤ ਸਿੰਘ ਬੰਨੀ ਤੇ ਕੁੜੀ ਮਨਪ੍ਰੀਤ ਕੌਰ ਡੋਲੀ ਇਸਤੋਂ ਇਲਾਵਾ ਹੋਰ ਵੀ ਸਿਆਸਤਦਾਨ ਹਨ, ਜਿਨ੍ਹਾਂ ਵਿਰਾਸਤ ਦੀ ਸਿਆਸਤ ਆਪਣਿਆਂ ਨੂੰ ਸੰਭਾਲੀ ਹੋਈ ਹੈ।
Wednesday, 21 February 2024
ਨੌਜਵਾਨ ਕਿਸਾਨ ਦੀ ਮੌਤ ਹੋਣ ਨਾਲ ਸੂਬੇ ’ਚ ਤਨਾਅ ਵੱਧਣ ਦੇ ਅਸਾਰ
ਨੌਜਵਾਨ ਕਿਸਾਨ ਦੀ ਮੌਤ ਹੋਣ ਨਾਲ ਸੂਬੇ ’ਚ ਤਨਾਅ ਵੱਧਣ ਦੇ ਅਸਾਰ
--ਸੰਯੁਕਤ ਕਿਸਾਨ ਮੋਰਚਾ ਦੀ ਚੰਡੀਗੜ੍ਹ ’ਚ ਮੀਟਿੰਗ ਅੱਜ
-- ਸਿਆਸੀ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ, ਹਰਿਆਣਾ ਪੁਲਿਸ ’ਤੇ ਕਤਲ ਦਾ ਕੇਸ ਦਰਜ਼ ਕਰਨ ਦੀ ਕੀਤੀ ਮੰਗ
ਜੈ ਸਿੰਘ ਛਿੱਬਰ
ਚੰਡੀਗੜ੍ਹ -ਖਨੌਰੀ ’ਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ (21) ਦੀ ਮੌਤ ਨਾਲ ਅਗਲੇ ਦੋ ਦਿਨਾਂ ਵਿਚ ਸੂਬੇ ਅੰਦਰ ਤਨਾਅ ਵਾਲੀ ਸਥਿਤੀ ਪੈਦਾ ਹੋਣ ਦੀ ਸ਼ੰਕਾਂ ਹੈ। ਕਿਸਾਨ ਆਗੂਆਂ ਨੇ ਸਪਸ਼ਟ ਕਿਹਾ ਕਿ ਆਗਾਮੀ ਦੋ ਦਿਨਾਂ ਤੱਕ ਉਹ ਸ਼ੰਭੂ ਅਤੇ ਖਨੌਰੀ ਹੱਦ ’ਤੇ ਟਿਕੇ ਰਹਿਣਗੇ। ਫਿਲਹਾਲ ਕਿਸਾਨ ਆਗੂਆਂ ਨੇ ਦਿੱਲੀ ਕੂਚ ਦੋ ਦਿਨਾਂ ਲਈ ਟਾਲ ਦਿੱਤਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਿਸਾਨ ਜਥੇਬੰਦੀਆਂ ਨੇ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਕਰਵਾਉਣ ਅਤੇ ਸਸਕਾਰ ਕਰਨ ਲਈ ਕਾਹਲੀ ਨਾ ਕਰਨ ਦਾ ਫੈਸਲਾ ਲਿਆ ਹੈ। ਖੁਫੀਆਂ ਪੁਲਿਸ ਅਧਿਕਾਰੀਆਂ ਨੂੰ ਡਰ ਹੈ ਕਿ ਜੇਕਰ ਮ੍ਰਿਤਕ ਕਿਸਾਨ ਦਾ ਸਸਕਾਰ ਕਰਨ ਵਿਚ ਦੇਰੀ ਹੁੰਦੀ ਹੈ ਤਾਂ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਹੋਰ ਵਿਗੜ ਸਕਦੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਵੀ ਕੱਲ੍ਹ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੂਬਾ ਸਰਕਾਰ ਨੂੰ ਇਸ ਮਸਲੇ ਨੂੰ ਜਲਦ ਨਿਬੇੜਨਾ ਚਾਹੀਦਾ ਹੈ। ਜੇਕਰ ਸਰਕਾਰ ਨੇ ਲਾਪਰਵਾਹੀ ਵਰਤੀ ਜਾਂ ਢਿਲਮਿੱਠ ਦਿਖਾਈ ਤਾਂ ਸਰਕਾਰ ਲਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।
ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਨੌਜਵਾਨ ਕਿਸਾਨ ਦੀ ਮੌਤ ਹੋਣ ’ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਹਰਿਆਣਾ ਪੁਲਿਸ ਤੇ ਹਰਿਆਣਾ ਦੇ ਗ੍ਰਹਿ ਮੰਤਰੀ ’ਤੇ ਕੇਸ ਦਰਜ਼ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸਪਸ਼ਟ ਕਿਹਾ ਕਿ ਸ਼ੁਭਕਰਨ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨਾਂ ਵਿਚ ਕਿਸਾਨ ਜਥੇਬੰਦੀਆਂ ਮੌਤ ਬਾਰੇ ਪੂਰੀ ਜਾਣਕਾਰੀ ਹਾਸਲ ਕਰਨਗੀਆਂ।
ਉਧਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨੌਜਵਾਨ ਦੀ ਮੌਤ ਸਿਰ ਵਿਚ ਗੋਲੀ ਲੱਗਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਹਰਿਆਣਾ ਪੁਲਿਸ ਪੰਜਾਬ ’ਚ ਬੈਠੇ ਕਿਸਾਨਾਂ ’ਤੇ ਹੰਝੂ ਗੈਸ ਤੇ ਪਲਾਸਟਿਕ ਦੀਆਂ ਗੋਲੀਆਂ ਚਲਾ ਰਹੀ ਹਨ ਪਰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਚੁੱਪ ਬੈਠੀ ਹੈ। ਬਾਜਵਾ ਨੇ ਮੰਗ ਕੀਤੀ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ’ਤੇ ਕਤਲ ਦਾ ਮਾਮਲਾ ਦਰਜ਼ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਘਟਨਾਂ ਦੀ ਨਿੰਦਾ ਕੀਤੀ ਹੈ।
ਇਸੀ ਤਰ੍ਹਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਾਲਾਤ ਲਗਾਤਾਰ ਵਿਗੜ ਰਹੇ ਹਨ ਜਦਕਿ ਪੰਜਾਬ ਪੁਲਿਸ ਲਗਾਤਾਰ ਘਟਨਾਵਾਂ ਨੂੰ ਲੈ ਕੇ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਗੋਲੀਆਂ ਜੰਮੂ ਕਸ਼ਮੀਰ ਵਿਚ ਚਲਾਉਣ ’ਤੇ ਪਾਬੰਦੀ ਲੱਗੀ ਹੈ, ਉਹ ਹੁਣ ਹਰਿਆਣਾ ਪੁਲਿਸ ਪੰਜਾਬ ਦੇ ਕਿਸਾਨਾਂ ’ਤੇ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕਿਸਾਨਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ, ਪਰ ਉਹ ਕਿਸਾਨਾਂ ਨਾਲ ਖੜ੍ਹਨ ਦੀ ਬਜਾਏ ਕੇਂਦਰ ਤੇ ਹਰਿਆਣਾ ਸਰਕਾਰ ਨਾਲ ਖੜ੍ਹ ਰਹੇ ਹਨ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਨੂੰ ਹਰਿਆਣਾ ਪੁਲਿਸ ’ਤੇ ਕੇਸ ਦਰਜ਼ ਕਰਨਾ ਚਾਹੀਦਾ ਹੈ। ਮਜੀਠੀਆ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦੇ ਵਿਦੇਸ਼ ਜਾਣ ਅਤੇ ਸੂਬਾ ਸਰਕਾਰ ਵਲੋਂ ਅੰਮ੍ਰਿਤਸਰ ਵਿਖੇ ਸੱਭਿਆਚਾਰਕ ਪ੍ਰੋਗਾਰਾਮ ਕਰਵਾਉਣ ਦੇ ਫੈਸਲੇ ’ਤੇ ਵੀ ਉਂਗਲ ਚੁੱਕੀ ਹੈ। ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹਰਿਆਣਾ ਪੁਲਿਸ ਲਗਾਤਾਰ ਹਮਲੇ ਕਰ ਰਹੀ ਹੈ ਪਰ ਪੰਜਾਬ ਪੁਲਿਸ ਚੁੱਪ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਕਵਚ ਦੇਣਾ ਚਾਹੀਦਾ ਹੈ।
Friday, 16 February 2024
ਕਿਸਾਨ ਅੰਦੋਲਨ ਭਖ਼ਣ ਲੱਗਿਆ, ਉਗਰਾਹਾਂ ਧੜ੍ਹਾ ਜਾਖ਼ੜ, ਕੈਪਟਨ, ਢਿਲੋਂ ਦੇ ਘਰ ਅੱਗੇ ਦੇਵੇਗਾ ਧਰਨਾ
ਜੈ ਸਿੰਘ ਛਿੱਬਰ, ਚੰਡੀਗੜ੍ਹ
ਸੂਬੇ ’ਚ ਕਿਸਾਨ ਅੰਦੋਲਨ ਮੁੜ ਭਖ਼ਣ ਲੱਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਸੰਯੁਕਤ ਕਿਸਾਨ ਮੋਰਚਾ ( ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਸ਼ੁਰੂ ਕੀਤੇ ਦਿੱਲੀ ਚੱਲੋ ਅੰਦੋਲਨ ਦੇ ਸਮਰਥਨ ਵਿਚ ਉਤਰ ਆਈ ਹੈ। ਉਗਰਾਹਾਂ ਧੜ੍ਹੇ ਨੇ 17 ਤੇ 18 ਫਰਵਰੀ (ਸ਼ਨੀਵਾਰ ਤੇ ਐਤਵਾਰ ) ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਅੱਗੇ ਦਿਨ ਰਾਤ ਦਾ ਧਰਨਾ ਲਾਉਣ ਅਤੇ ਸੂਬੇ ਦੇ ਸਾਰੇ ਟੌਲ ਲੋਕਾਂ ਲਈ ਅਜ਼ਾਦ (ਫਰੀ) ਕਰਨ ਦਾ ਐਲਾਨ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸੂਬੇ ਵਿਚ ਵੱਡਾ ਕੇਡਰ ਹੈ। ਇਸ ਨਾਲ ਸੰਭੂ ਅਤੇ ਖਨੌਰੀ ਹੱਦ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਵੱਡਾ ਬਲ ਮਿਲੇਗਾ। ਜੇਕਰ ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਗੰਭੀਰਤਾਂ ਨਾਲ ਨਾ ਲਿਆ ਤਾਂ ਅਗਾਮੀ ਦਿਨਾਂ ਵਿਚ ਹੋਰ ਵੀ ਯੂਨੀਅਨਾਂ ਦੇ ਸੰਘਰਸ਼ ਦੇ ਰਾਹ ਪੈਣ ਦੀਆਂ ਕਨਸੋਆ ਮਿਲ ਰਹੀਆਂ ਹਨ। ਫਸਲਾਂ ਦੀ ਐੱਮ.ਐੱਸ.ਪੀ ਗਰੰਟੀ ਦੇਣ ਸਮੇਤ ਕਈ ਮੁੱਦਿਆਂ ’ਤੇ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਪ੍ਰੋਗਾਰਾਮ ਉਲੀਕਿਆ ਹੋਇਆ ਹੈ ਪਰ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ ਖਨੌਰੀ ਵਿਖੇ ਸਖ਼ਤ ਨਾਕਾਬੰਦੀ ਕਰਕੇ ਕਿਸਾਨਾਂ ਨੂੰ ਅੱਗੇ ਵੱਧਣ ਨਹੀਂ ਦਿੱਤਾ , ਉਲਟਾ ਪ੍ਰਦਰਸ਼ਨਕਾਰੀਆਂ ’ਤੇ ਹੰਝੂ ਗੈਸ ਤੇ ਪਲਾਸਟਿਕ ਦੀਆਂ ਗੋਲੀਆਂ ਨਾਲ ਹਮਲਾ ਕੀਤਾ ਹੈ। ਹਰਿਆਣਾ ਪੁਲਿਸ ਦੇ ਇਸ ਰਵੱਈਏ ਤੋਂ ਬਾਅਦ ਦੂਜੀਆਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿਚ ਕੁੱਦਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਕੇਂਦਰ ਸਰਕਾਰ ਦੇ ਤਿੰਨ ਕੈਬਨਿਟ ਮੰਤਰੀ ਸੰਯਕੁਤ ਕਿਸਾਨ ਮੋਰਚਾ ਵਿਚ ਸ਼ਾਮਲ ਕਿਸਾਨ ਆਗੂਆਂ ਨਾਲ ਤਿੰਨ ਮੀਟਿੰਗਾਂ ਕਰ ਚੁੱਕੇ ਹਨ, ਪਰ ਘੰਟਿਆਂ ਬੱਧੀ ਚੱਲੀਆਂ ਇਹਨਾਂ ਮੀਟਿੰਗਾਂ ਵਿਚ ਕੋਈ ਫੈਸਲਾ ਨਹੀਂ ਹੋ ਸਕਿਆ। ਹੁਣ ਚੌਥੇ ਗੇੜ ਦੀ ਮੀਟਿੰਗ18 ਫਰਵਰੀ ਨੂੰ ਹੋਵੇਗੀ।
ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਭਾਜਪਾ ਸਰਕਾਰ ਦੇ ਕਿਸਾਨ ਦੁਸ਼ਮਣ ਵਤੀਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਖਿਲਾਫ਼ 24 ਫਰਵਰੀ ਤੋਂ ਚੰਡੀਗੜ੍ਹ ਵਿਖੇ ਲਾਉਣ ਵਾਲਾ ਮੋਰਚਾ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਘੋਲ਼ ਨੂੰ ਅੱਗੇ ਵਧਾਉਣ ਲਈ ਕੌਮੀ ਸੰਯੁਕਤ ਕਿਸਾਨ ਮੋਰਚੇ ਦਾ ਅਗਲਾ ਸੱਦਾ ਆਉਣ ਤੱਕ ਦੋ ਦਿਨ 17 ਤੇ 18 ਫ਼ਰਵਰੀ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਅੱਗੇ ਦਿਨ ਰਾਤ ਦਾ ਧਰਨਾ ਲਾਇਆ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਸ਼ੰਭੂ ਤੇ ਖਨੌਰੀ ਹੱਦ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸੰਘਰਸ਼ ਵਿਚ ਸਮਰਥਨ ਵਜੋਂ ਕੁੱਦਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਸੰਘਰਸ਼ ਵਿੱਢਣ ਤੋਂ ਪਹਿਲਾਂ ਹੀ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਸਾਂਝਾ ਸੰਘਰਸ਼ ਬਣਾਉਣ ਦੇ ਯਤਨ ਕਰਦੀਆਂ। ਉਨ੍ਹਾਂ ਸਾਰੀਆਂ ਧਿਰਾਂ ਨੂੰ ਆਪਸੀ ਮੱਤਭੇਦਾਂ ਨੂੰ ਪਾਸੇ ਰੱਖਦਿਆਂ ਸਾਂਝੇ ਤਾਲਮੇਲ ਸੰਘਰਸ਼ ਨੂੰ ਅੱਗੇ ਵਧਾਉਣ, ਫਿਰਕੂ, ਭੜਕਾਊ ਤੇ ਫੁੱਟਪਾਊ ਅਨਸਰਾਂ ਨੂੰ ਇੱਕਜੁੱਟ ਹੋ ਕੇ ਮਾਤ ਦੇਣ ਦੀ ਅਪੀਲ ਕੀਤੀ ਹੈ।
ਉਗਰਾਹਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਜੇਤੂ ਦਿੱਲੀ ਘੋਲ਼ ਨੂੰ ਮੁਲਤਵੀ ਕਰਨ ਮੌਕੇ ਕੀਤੇ ਗਏ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਵਰਗੇ ਲਿਖਤੀ ਵਾਅਦੇ ਲਾਗੂ ਕਰਨ ਲਈ ਦੋ ਸਾਲ ਤੋਂ ਟਾਲ਼ਾ ਵੱਟ ਰਹੀ ਹੈ। ਉਨ੍ਹਾਂ ਸਰਕਾਰ ਨੂੰ ਤਾੜਨਾ ਕੀਤੀ ਕਿ ਹੁਣ ਲੁਟੇਰਿਆਂ ਪੱਖੀ ਜਾਬਰ ਨੀਤੀਆਂ ਦਾ ਹਿਸਾਬ ਕਿਤਾਬ ਚੁਕਤਾ ਕਰ ਕੇ ਹੀ ਕਿਸਾਨ ਦਮ ਲੈਣਗੇ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਖ਼ਤੀ ਭਰੋਸੇ ਦੇ ਬਾਵਜੂਦ ਕੋਈ ਵੀ ਮੰਗ ਲਾਗੂ ਨਾ ਕਰਨਾ ਸਰਕਾਰ ਦੇ ਕਿਸਾਨ ਵਿਰੋਧੀ ਅਤੇ ਸਾਮਰਾਜ ਪੱਖੀ ਕਿਰਦਾਰ ਦਾ ਭੇਤ ਖੋਲ੍ਹਦਾ ਹੈ। ਆਗੂਆਂ ਨੇ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਕੱਢਣ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਹਕੂਮਤ ਨੂੰ ਕਿਸਾਨਾਂ ਦੇ ਕੁਰਬਾਨੀਆਂ ਭਰੇ ਜੁਝਾਰੂ ਇਤਿਹਾਸ ਦੁਆਰਾ ਕੰਧ 'ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਕਿ ਹਕੂਮਤੀ ਜਬਰ ਸੰਘਰਸ਼ ਕਰਨ ਵਾਲੇ ਕਾਫ਼ਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ, ਸਗੋਂ ਇਹ ਜਬਰ ਸੰਘਰਸ਼ਾਂ ਦੀ ਖ਼ੁਰਾਕ ਬਣ ਜਾਇਆ ਕਰਦਾ ਹੈ।
Wednesday, 14 February 2024
fਕਸਾਨ ਅੰਦੋਲਨ ਤੇ ਬਸਪਾ ਨੇ ਅਕਾਲੀ ਸਿਆਸਤ ਦਾ ਗਣਿਤ ਵਿਗਾੜਿਆ
ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਮੁਲਤਵੀ, ਕੋਰ ਕਮੇਟੀ ਦੀ ਮੀਟਿੰਗ ਅੱਜ
ਜੈ ਸਿੰਘ ਛਿੱਬਰ, ਚੰਡੀਗੜ੍ਹ
ਸੂਬੇ ਵਿਚ ਪੈਦਾ ਹੋਏ ਨਵੇਂ ਸਿਆਸੀ ਸਮੀਕਰਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਮੁਲਤਵੀ ਕਰ ਦਿੱਤੀ ਹੈ ਅਤੇ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਵੀਰਵਾਰ ਨੂੰ ਬੁਲਾ ਲਈ ਹੈ। ਜਾਣਕਾਰੀ ਅਨੁਸਾਰ ਸੂਬੇ ਵਿਚ ਮੁੜ ਸ਼ੁਰੂ ਹੋਏ ਕਿਸਾਨ ਅੰਦੋਲਨ ਅਤੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਟੁੱਟਣ ਕਾਰਨ ਅਕਾਲੀ ਦਲ ਨਵੇਂ ਸਿਆਸੀ ਸੰਕਟ ਵਿਚ ਘਿਰ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ ’ਤੇ ਲਿਖਿਆ ਕਿ ਕਿਸਾਨ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਇਸ ਲਈ ਪਾਰਟੀ ਨੇ ਪੰਜਾਬ ਬਚਾਓ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕੀਤਾ ਹੈ। ਹੁਣ ਵੀ ਪਾਰਟੀ ਕਿਸਾਨਾਂ ਨਾਲ ਹੈ ਅਤੇ ਸਿਆਸੀ ਹਾਲਾਤਾਂ ’ਤੇ ਚਰਚਾ ਕਰਨ ਲਈ ਪਾਰਟੀ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਵੀਰਵਾਰ ਬਾਦ ਦੁਪਹਿਰ ਦੋ ਵਜੇ ਹੋਵੇਗੀ।
ਸੂਤਰ ਦੱਸਦੇ ਹਨ ਕਿ ਮੌਜੂਦਾ ਸਿਆਸੀ ਹਾਲਾਤਾਂ ਨੇ ਅਕਾਲੀ ਸਿਆਸਤ ਦਾ ਗਣਿਤ ਵਿਗਾੜ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਸਿਆਸੀ ਹਲਕਿਆਂ ਵਿਚ ਅਟਕਲਾਂ ਚੱਲ ਰਹੀਆਂ ਸਨ ਕਿ ਅਕਾਲੀ ਦਲ ਅਤੇ ਭਾਜਪਾ ਦੀਆਂ ਸਿਆਸੀ ਤੰਦਾਂ ਮੁੜ ਜੁੜ ਸਕਦੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਨੂੰ ਮਾਝੇ ਵਿਚ ਚੰਗਾਂ ਹੁਲਾਰਾ ਮਿਲ ਰਿਹਾ ਸੀ। ਪਾਰਟੀ ਲੀਡਰਸ਼ਿਪ ਮਹਿਸੂਸ ਕਰ ਰਹੀ ਸੀ ਕਿ ਪੇਂਡੂ ਖਿੱਤੇ ਵਿਚ ਪਾਰਟੀ ਦੀਆਂ ਜੜ਼੍ਹਾਂ ਮੁੜ ਧਰਤੀ ਨੂੰ ਲੱਗਣ ਲੱਗੀਆਂ ਹਨ ਅਤੇ ਪਾਰਟੀ ਆਗੂਆਂ ਦੇ ਹੌਸਲੇ ਬੁਲੰਦ ਹੋ ਰਹੇ ਸਨ। ਸੰਯੁਕਤ ਕਿਸਾਨ ਮੋਰਚਾ ( ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਅਚਾਨਕ ਦਿੱਲੀ ਕੂਚ ਕਰਨ ਦਾ ਐਲਾਨ ਕਰ ਦਿੱਤਾ ਅਤੇ ਕਿਸਾਨ ਵਰਗ ਕੇਂਦਰ ਸਰਕਾਰ ਖਾਸਕਰਕੇ ਭਾਜਪਾ ਖਿਲਾਫ਼ ਸੜ੍ਹਕਾਂ ’ਤੇ ਉਤਰ ਆਇਆ। ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਨੇ ਅਚਾਨਕ ਮੀਟਿੰਗ ਕਰਕੇ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਹੈ ਕਿਉਂਕਿ ਸਿਆਸੀ ਹਲਕਿਆਂ ਵਿਚ ਕਿਆਸਰਾਈਆਂ ਚੱਲ ਰਹੀਆਂ ਸਨ ਕਿ ਇਹਨਾਂ ਦਿਨਾਂ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਭਾਜਪਾ ਦੀ ਕੌਮੀ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਸਮਝੌਤੇ ਦੀ ਟੁੱਟੀ ਗੰਢ ਨੂੰ ਮੁੜ ਜੋੜ ਸਕਦੇ ਹਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਿਸਾਨ ਅੰਦੋਲਨ ਨੇ ਅਕਾਲੀ ਦਲ ਲਈ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ। ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੱਢਦੀ ਤਾਂ ਅਕਾਲੀ ਭਾਜਪਾ ਗਠਜੋੜ ’ਤੇ ਖਤਰੇ ਦੇ ਬੱਦਲ ਮੰਡਰਾ ਸਕਦੇ ਹਨ। ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਕਰੀਬ ਤਿੰਨ ਸਾਲ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਭਾਜਪਾ ਨਾਲ ਚੱਲ ਰਹੇ ਤਿੰਨ ਦਹਾਕਿਆਂ ਦੀ ਸਾਂਝ ਨੂੰ ਖ਼ਤਮ ਕਰ ਦਿੱਤਾ ਸੀ ਕਿਉਂਕਿ ਸੂਬੇ ਦੇ ਕਿਸਾਨ ਅਕਾਲੀ ਦਲ ਦੇ ਵਿਰੋਧ ਵਿਚ ਖੜ੍ਹੇ ਹੋ ਗਏ ਸਨ। ਇਹਨਾਂ ਹਾਲਤਾਂ ਵਿਚ ਅਕਾਲੀ ਦਲ ਤੇ ਭਾਜਪਾ ਦਾ ਮੁੜ ਗਠਜੋੜ ਹੋਣ ਦੀਆਂ ਸੰਭਾਵਨਾਂ ਮੱਧਮ ਹੋ ਰਹੀਆਂ ਹਨ। ਅਕਾਲੀ ਦਲ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਆ ਰਿਹਾ ਹੈ, ਪਰ ਕੇਂਦਰ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਹੁੰਗਾਰਾਂ ਨਹੀਂ ਭਰਿਆ। ਜਦੋਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਉਤਸਵ ਮੌਕੇ ਭਾਰਤ ਸਰਕਾਰ ਨੇ ਕੈਦ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਦੀ ਹਾਮੀ ਭਰੀ ਸੀ। ਜਦੋਂ ਤੱਕ ਇਹਨਾਂ ਦੋ ਮੁੱਦਿਆਂ ਦਾ ਕੇਂਦਰ ਸਰਕਾਰ ਸਪਸ਼ਟ ਰੂਪ ਵਿਚ ਨਿਪਟਾਰਾ ਨਹੀਂ ਕਰਦੀ ਉਦੋਂ ਤੱਕ ਅਕਾਲੀ ਦਲ ਲਈ ਭਾਜਪਾ ਨਾਲ ਮਿਲਕੇ ਚੱਲਣਾ ਔਖਾ ਹੋਵੇਗਾ। ਵੀਰਵਾਰ ਨੂੰ ਹੰਗਾਮੀ ਤੌਰ ’ਤੇ ਸੱਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਲੀਡਰਸ਼ਿਪ ਵਲੋਂ ਲਏ ਜਾਣ ਵਾਲੇ ਫੈਸਲੇ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
Subscribe to:
Posts (Atom)