Tuesday, 26 September 2017

ਪੰਜਾਬ ਪੁਲਿਸ ਦੀ ਰਿਪੋਰਟ ਤੋਂ ਚੋਣ ਕਮਿਸ਼ਨ ਅਸਤੁੰਸ਼ਟ


ਜੈ ਸਿੰਘ ਛਿੱਬਰ
 ਚੰਡੀਗੜ : ਭਾਰਤ ਦੇ ਚੋਣ ਕਮਿਸ਼ਨ ਨੂੰ ਪੰਜਾਬ ਪੁਲਿਸ ਵਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਸੇਵਾ ਸਿੰਘ ਸੇਖਵਾਂ ਸਮੇਤ 500 ਦੇ ਕਰੀਬ ਅਕਾਲੀ ਆਗੂਆਂ, ਵਰਕਰਾਂ 'ਤੇ ਦਰਜ਼ ਕੀਤੇ ਗਏ ਮਾਮਲਿਆਂ ਬਾਰੇ ਭੇਜੀ ਰਿਪੋਰਟ ਤੋਂ ਚੋਣ ਕਮਿਸ਼ਨ ਸੰਤੁਸ਼ਟ  ਨਹੀਂ ਹੈ। ਕਮਿਸ਼ਨ ਨੇ ਰਿਪੋਰਟ 'ਤੇ ਇਤਰਾਜ਼ ਲਗਾਉਂਦਿਆਂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਤੋਂ ਹੋਰ ਵੇਰਵੇ ਮੰਗੇ ਹਨ। ਸੂਤਰਾਂ ਅਨੁਸਾਰ ਪੰਜਾਬ ਪੁਲਿਸ ਨੇ ਆਈ.ਜੀ ਬਾਰਡਰ ਰੇਂਜ ਸੁਰਿੰਦਰ ਪਾਲ ਸਿੰਘ ਤੋਂ ਗੁਰਦਾਸਪੁਰ ਪੁਲਿਸ ਵਲੋਂ ਦਰਜ ਕੀਤੇ ਗਏ ਦੋ ਕੇਸਾਂ ਦੀ ਪੜਤਾਲ ਕਰਵਾਈ ਸੀ। ਆਈ.ਜੀ ਸੁਰਿੰਦਰਪਾਲ ਸਿੰਘ ਵਲੋਂ ਪੁਲਿਸ ਵਲੋਂ ਦਰਜ ਕੀਤੇ ਗਏ ਮਾਮਲਿਆਂ ਨੂੰ ਸਹੀ ਕਰਾਰ ਦਿੰਦਿਆਂ ਇਕ ਤਰ੍ਹਾਂ ਨਾਲ ਪੁਲਿਸ ਅਧਿਕਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਚੋਣ  ਕਮਿਸ਼ਨ ਨੇ ਇਤਰਾਜ ਲਗਾਉਂਦਿਆਂ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਪੂਰੇ ਵਿਅਕਤੀਆਂ ਦੀ ਸੂਚੀ ਅਤੇ ਮਾਮਲਿਆਂ ਦੀ ਹੁਣ  ਤੱਕ ਕੀਤੀ ਗਈ ਪੜਤਾਲ ਅਤੇ ਤਫਤੀਸ਼ ਬਾਰੇ ਜਾਣਕਾਰੀ ਮੰਗੀ ਹੈ। ਰਾਜ ਦੇ ਚੋਣ  ਕਮਿਸ਼ਨ ਨੇ ਪੰਜਾਬ ਪੁਲਿਸ ਤੋਂ ਇਸ ਬਾਰੇ ਪੂਰੀ ਰਿਪੋਰਟ ਮੰਗੀ ਤਾਂ ਪੁਲਿਸ ਨੇ ਆਪਣੇ ਜਵਾਬ ਵਿੱਚ ਦੱਸਿਆਂ ਕਿ ਦਰਜ਼ ਕੀਤੇ ਗਏ ਦੋ ਮਾਮਲਿਆਂ ਵਿੱਚ ਇਕ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੁੱਝ ਆਗੂਆਂ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ। ਜਦਕਿ ਦੂਸਰੇ ਮਾਮਲੇ ਦੀ ਤਫਤੀਸ਼ ਜਾਰੀ ਹੈ। ਪੁਲਿਸ ਨੇ ਸਪਸ਼ਟ ਕੀਤਾ ਕਿ ਭਵਿੱਖ ਵਿੱਚ ਜੇਕਰ ਇਹਨਾਂ ਮਾਮਲਿਆਂ ਵਿੱਚ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਤਾਂ ਉਸ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਜਾਵੇਗਾ।  
ਇਥੇ ਦੱਸਣਯੋਗ ਹੈ ਕਿ ਬੀਤੇ ਦਿਨ ਅਕਾਲੀ ਭਾਜਪਾ ਵਫ਼ਦ ਨੇ ਚੋਣ ਕਮਿਸ਼ਨ ਨਾਲ ਭੇਂਟ ਕਰਦਿਆਂ ਪੰਜਾਬ ਪੁਲਿਸ 'ਤੇ ਝੂਠੇ  ਕੇਸ ਦਰਜ ਕਰਨ ਦਾ ਦੋਸ਼ ਲਾਇਆ ਸੀ। ਅਕਾਲੀ ਭਾਜਪਾ ਆਗੂਆਂ ਨੇ ਤਰਕ ਦਿੱਤਾ ਸੀ ਕਿ ਦਰਜ ਮਾਮਲਿਆਂ ਵਿੱਚ 500 ਅਣਪਛਾਤਿਆਂ ਦੀ ਗ੍ਰਿਫਤਾਰੀ ਕਰਕੇ ਚੋਣ ਪ੍ਰਚਾਰ ਵਿੱਚ ਵਿਘਨ ਪਾਉਣਾ ਹੈ ਤੇ ਅਕਾਲੀ ਵਰਕਰਾਂ ਦੇ ਮਨਾਂ 'ਚ ਡਰ ਦੀ ਭਾਵਨਾਂ ਪੈਦਾ ਕਰਨਾ ਹੈ। ਚੋਣ  ਕਮਿਸ਼ਨ ਨੇ ਸ਼ੁੱਕਰਵਾਰ ਤਿੰਨ ਵਜੇ ਤੱਕ ਪੁਲਿਸ ਤੋਂ ਰਿਪੋਰਟ ਮੰਗੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਪੰਜਾਬ ਰਾਜ ਦੇ ਮੁੱਖ ਚੋਣ ਅਧਿਕਾਰੀ ਨੇ ਮੁੱਖ ਚੋਣ ਕਮਿਸ਼ਨ ਨੂੰ ਪੁਲਿਸ ਵਲੋਂ  ਪ੍ਰਾਪਤ ਰਿਪੋਰਟ ਭੇਜ ਦਿੱਤੀ ਹੈ, ਪਰ ਕੁੱਝ ਦਾਗੀ ਅਧਿਕਾਰੀਆਂ 'ਤੇ ਗਾਜ਼ ਡਿੱਗ ਸਕਦੀ ਹੈ।  
ਵਰਨਣਯੋਗ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ, ਬਲਵਿੰਦਰ ਸਿੰਘ ਭੂੰਦੜ, ਪ੍ਰੋ. Êਪ੍ਰੇਮ ਸਿੰਘ ਚੰਦੂਮਾਜਰਾ , ਸ੍ਰੀ ਸ਼ਵੇਤ ਮਲਿਕ, ਨਰੇਸ਼ ਗੁਜਰਾਲ, ਅਸ਼ਵਨੀ ਕੁਮਾਰ ਸਾਬਕਾ ਸੂਬਾ ਪ੍ਰਧਾਨ ਭਾਜਪਾ ਤੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਛੋਟਾ ਘਲੂਘਾਰਾ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਪੁਲਿਸ ਥਾਣਾ ਤਿੱਬੜ  ਵਿਖੇ ਮੁਕਦਮਾ ਨੰਬਰ  58 ਮਿਤੀ 20.08.2017 ਅਤੇ ਪੁਲਿਸ ਥਾਣਾ ਭੈਣੀ ਮੀਆਂ ਖਾਨ (ਗੁਰਦਾਸਪੁਰ) ਵਿਖੇ ਐਫ ਆਈ ਆਰ ਨੰ. 57 ਮਿਤੀ 21.08.2017  ਵਿੱਚ ਸਾਬਕਾ ਮੰਤਰੀ ਸ੍ਰ ਸੁੱਚਾ ਸਿੰਘ ਲੰਗਾਹ, ਸਾਬਕਾ ਮੰਤਰੀ ਸ੍ਰ ਸੇਵਾ ਸਿੰਘ ਸੇਖਵਾਂ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਦੇਸ ਰਾਜ ਧੁੱਗਾ ਤੇ ਸ਼ੂਗਰਫੈਡ ਦੇ ਚੇਅਰਮੈਨ ਸ੍ਰ ਸੁਖਬੀਰ ਸਿੰਘ ਵਾਹਲਾ ਤੇ ਹੋਰ ਆਗੂਆਂ ਨੂੰ ਝੂਠਾ ਫਸਾਉਣ ਬਾਰੇ ਜਾਣਕਾਰੀ ਦਿੱਤੀ ਸੀ। 

Monday, 25 September 2017

ਕਾਂਗਰਸ ਨੇ ਗੁਰਦਾਸਪੁਰ ਕਿਲ•ਾ ਫਤਿਹ ਕਰਨ ਲਈ ਮੰਤਰੀ, ਵਿਧਾਇਕਾਂ ਦੀ ਫੌਜ ਝੋਕੀ


ਜੈ ਸਿੰਘ ਛਿੱਬਰ, ਚੰਡੀਗੜ : 
ਗੁਰਦਾਸਪੁਰ ਕਿਲ•ਾ ਫਤਿਹ ਕਰਨ ਲਈ ਕਾਂਗਰਸ ਨੇ ਮੰਤਰੀਆਂ, ਵਿਧਾਇਕਾਂ ਸਮੇਤ ਪਾਰਟੀ ਦੇ ਵੱਡੇ ਆਗੂਆਂ ਦੀ ਪੂਰੀ ਫੌਜ ਨੂੰ ਗੁਰਦਾਸਪੁਰ ਹਲਕੇ 'ਚ ਤੈਨਾਤ ਕਰਨ ਦੀ ਪੂਰੀ ਰਣਨੀਤੀ ਤਿਆਰ ਕਰ ਲਈ ਹੈ। ਕਾਂਗਰਸੀ ਸੂਤਰਾਂ ਅਨੁਸਾਰ ਕੈਪਟਨ ਦੇ ਸਾਰੇ ਮੰਤਰੀ, ਵਿਧਾਇਕ 27 ਸਤੰਬਰ ਤੋਂ ਆਪਣਾ ਆਪਣਾ ਮੋਰਚਾ ਸੰਭਾਲ ਲੈਣਗੇ। ਜਦਕਿ ਲੋਕ ਨਿਰਮਾਣ ਰਾਜ ਮੰਤਰੀ ਰਜੀਆ ਸੁਲਤਾਨਾ 27 ਸਤੰਬਰ ਨੂੰ ਗੁਰਦਾਸਪੁਰ ਜੰਗ 'ਚ ਹਿੱਸਾ ਨਹੀਂ ਲਵੇਗੀ ਕਿਉਂਕਿ ਉਹਨਾਂ ਦੇ ਪਰਿਵਾਰ, ਰਿਸ਼ਤੇਦਾਰੀ ਵਿੱਚ ਵਿਆਹ ਹੋਣ ਕਾਰਨ ਰੁਝੇਵੇਂ ਦੱਸੇ ਜਾ ਰਹੇ ਹਨ। 
ਕਾਂਗਰਸੀ ਸੂਤਰਾਂ ਅਨੁਸਾਰ ਪਾਰਟੀ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਿਰ 'ਤੇ ਜਿੱਤ ਦਾ ਸਿਹਰਾ ਲਗਾਉਣ ਲਈ ਕਰੋ ਜਾਂ ਮਰੋ ਦੀ ਨੀਤੀ ਅਪਣਾਉਂਦਿਆਂ ਹਰ ਤਾਕਤ ਝੋਕੀ ਜਾ ਰਹੀ ਹੈ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਅਤੇ ਇਸੀ ਸਾਲ ਫਰਵਰੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਹਾਰ ਚੁੱਕੇ ਹਨ। ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਸੱਭ ਤੋਂ ਵੱਧ ਵਿਸ਼ਵਾਸ਼  ਪਾਤਰ ਤੇ ਭਰੋਸੇਮੰਦ ਸੁਨੀਲ ਜਾਖੜ ਨੂੰ ਜਿਤਾਉਣ ਲਈ ਮੁੱਖ ਮੰਤਰੀ ਕੋਈ ਕਸਰ ਨਹੀਂ ਛੱਡਣਾ  ਚਾਹੁੰਦੇ। ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੁਹਿੰਮ ਦੀ ਪੂਰੀ ਵਾਗਡੋਰ ਆਪਣੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਸੌਂਪ ਦਿੱਤੀ ਹੈ। ਚੋਣ ਪ੍ਰੀਕ੍ਰਿਆਂ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਕੈਪਟਨ ਸੰਧੂ ਪਹਿਲਾਂ ਹੀ ਮੁੱਖ ਮੰਤਰੀ ਦੇ ਸਿਆਸੀ  ਸਕੱਤਰ ਦੇ ਪਦ ਤੋਂ ਅਸਤੀਫਾ ਦੇ ਚੁੱਕੇ ਹਨ। 
ਸੂਤਰਾਂ ਅਨਸਾਰ ਕਾਂਗਰਸ ਨੇ ਗੁਰਦਾਸਪੁਰ ਹਲਕੇ 'ਚ ਪੈਂਦੇ 9  ਵਿਧਾਨ ਸਭਾ ਹਲਕਿਆਂ 'ਚ ਹਰੇਕ ਹਲਕੇ ਵਿੱਚ 15-15 ਜੋਨ ਬਣਾਏ ਹਨ। ਹਰੇਕ ਯੋਨ ਦਾ ਇੰਚਾਰਜ ਮੰਤਰੀ ਤੇ ਵਿਧਾਇਕ ਨੂੰ ਬਣਾਇਆ ਗਿਆ ਹੈ ਅਤੇ ਪਾਰਟੀ ਦੇ ਹੋਰ ਅਹੁੱਦੇਦਾਰਾਂ ਨੂੰ ਵਿਧਾਇਕਾਂ ਦੇ ਨਾਲ ਤੈਨਾਤ ਕਰ ਦਿੱਤਾ ਗਿਆ ਹੈ। 
ਦੱਸਿਆਂ ਜਾਂਦਾ ਹੈ ਕਿ ਪਾਰਟੀ ਵਲੋਂ ਇਕ ਅਜਿਹਾ ਗਰੁੱਪ ਵੀ ਤਿਆਰ ਕੀਤਾ ਗਿਆ ਹੈ ਜਿਹੜਾ  ਦੂਸਰੀਆਂ ਪਾਰਟੀ ਦੇ ਆਗੂਆਂ, ਵਰਕਰਾਂ ਨੁੰ ਤੋੜ•ਕੇ ਕਾਂਗਰਸ ਵਿੱਚ ਸ਼ਾਮਲ ਕਰਵਾਉਣ ਦਾ ਯਤਨ ਕਰੇਗਾ। ਇਕ ਗਰੁਪ ਪਾਰਟੀ ਦੇ ਬਾਗੀ ਆਗੂਆਂ ਤੇ ਵਰਕਰਾਂ 'ਤੇ ਨਜ਼ਰ ਰੱਖੇਗਾ। ਦੱਸਿਆਂ ਜਾਂਦਾ ਹੈ ਕਿ ਹੁਣ ਤੱਕ ਪਾਰਟੀ ਹਾਈਕਮਾਨ ਵਲੋਂ ਪਾਰਟੀ ਦੇ ਕੇਂਦਰੀ ਚੋਣ ਸਟਾਰ ਪ੍ਰਚਾਰਕ ਦੇ ਆਉਣ ਦੀ ਕੋਈ ਸੰਭਾਵਨਾਂ ਨਹੀਂ ਹੈ। ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਕੁੱਝ ਚੋਣ ਜਲਸਿਆਂ ਨੂੰ  ਸੰਬੋਧਨ ਕਰਨਗੇ। ਇਸਤੋਂ ਇਲਾਵਾ ਪਾਰਟੀ ਦੇ ਪੰਜਾਬ ਦੇ ਵੱਖ ਵੱਖ ਆਗੂਆਂ ਤੋਂ  ਚੋਣ ਜਲਸਿਆਂ, ਮੀਟਿੰਗਾਂ ਨੂੰ ਸੰਬੋਧਨ ਕਰਵਾਇਆ ਜਾਵੇਗਾ। 
ਇਕ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ 2019 ਦੀਆਂ ਆਮ ਚੋਣਾਂ ਦਾ ਸੈਮੀਫਾਈਨਲ ਹੈ ਅਤੇ ਇਹ ਚੋਣ ਕੇਂਦਰ ਸਰਕਾਰ ਦੀਆਂ ਤਿੰਨ ਸਾਲ ਦੇ ਲੇਖੇ ਜੋਖੇ ਦੇ ਆਧਾਰ 'ਤੇ ਲੜੀ ਜਾ ਰਹੀ ਹੈ। ਇਸ ਲਈ ਪਾਰਟੀ 2019 ਦੀਆਂ ਆਮ ਚੋਣਾਂ ਦਾ ਰਸਤਾ ਖੋਲਣ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਸਿਰ 'ਤੇ ਜਿੱਤ ਦਾ ਸਿਹਰਾ ਲਗਾਉਣ ਲਈ ਹਰ ਹਾਲਤ ਵਿੱਚ ਚੋਣ ਜੰਗ ਜਿੱਤਣ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ। 

1098 ਕਰੋੜ ਰੁਪਏ ਰਿਜ਼ਰਵ ਬੈਂਕ ਕੋਲ ਜਮਾ ਹੋਣ 'ਤੇ ਜਾਰੀ ਹੋਵੇਗੀ ਕੈਸ਼ ਕ੍ਰੇਡਿਟ ਲਿਮਟ

ਕੇਂਦਰ ਦੀ ਪੰਜਾਬ ਨੂੰ ਦੋ ਕ-----
1 ਅਕਤੂਬਰ ਤੋਂ ਸ਼ੁਰੂ ਹੋਣੀ ਹੈ ਝੋਨੇ ਦੀ ਖ੍ਰੀਦ 
ਝੋਨਾ ਖਰੀਦਣ ਲਈ 33000 ਕਰੋੜ ਰੁਪਏ ਦੀ ਜਰੂਰਤ 
ਜੈ ਸਿੰਘ ਛਿੱਬਰ, ਚੰਡੀਗੜ• : 
ਆਰਥਿਕ ਮੰਦਹਾਲੀ ਦੀ ਸਮੱਸਿਆਂ ਨਾਲ ਜੂਝ ਰਹੀ ਪੰਜਾਬ ਸਰਕਾਰ ਲਈ ਕੇਂਦਰ ਸਰਕਾਰ ਨੇ ਇਕ ਹੋਰ ਸਮੱਸਿਆ ਖੜੀ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਲਈ 33000 ਕਰੋੜ ਰੁਪਏ ਕੈਸ਼ ਕ੍ਰੇਡਿਟ ਲਿਮਟ (ਸੀ.ਸੀ.ਐਲ) ਜਾਰੀ ਕਰਨ ਤੋਂ ਪਹਿਲਾਂ ਰਿਜ਼ਰਵ ਬੈਂਕ ਆਫ ਇੰਡੀਆਂ ਕੋਲ• 1098 ਕਰੋੜ ਰੁਪਏ ਦੀ ਰਾਸ਼ੀ ਜਮਾ ਕਰਵਾਉਣ ਨੂੰ ਕਿਹਾ ਹੈ।
ਕੇਂਦਰ ਸਰਕਾਰ ਦੇ ਇਸ ਫੁਰਮਾਨ ਨਾਲ ਖਾਲੀ ਖ਼ਜਾਨੇ ਦੀ ਸਮੱਸਿਆਂ ਨਾਲ ਜੂਝ ਰਹੀ ਪੰਜਾਬ ਸਰਕਾਰ ਲਈ ਹੋਰ ਬਿਪਤਾ ਪੈਦਾ ਹੋ ਗਈ ਹੈ। 
ਜ਼ਿਕਰਯੋਗ ਹੈ ਕਿ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ੍ਰੀਦ ਸ਼ੁਰੂ ਹੋ ਰਹੀ ਹੈ। ਮੰਡੀਆਂ ਵਿੱਚ ਝੋਨਾ ਪਹੁੰਚਣ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਅਜਿਹੀ ਸ਼ਰਤ ਲਾਉਣੀ ਸੂਬਾ ਸਰਕਾਰ ਲਈ ਸਿਰਦਰਦੀ ਪੈਦਾ ਕਰਨ ਵਾਲੀ ਹੈ।
ਇਕ ਪਾਸੇ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਸਿਰ ਤੋਂ ਕਰਜੇ ਦੀ ਪੰਡ ਲਾਹੁਣ ਲਈ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮਾਫ਼ ਕਰਨ ਦਾ ਕਦਮ ਉਠਾਇਆ ਹੈ। ਦੂਸਰੇ ਪਾਸੇ ਕਿਸਾਨਾਂ ਦੀ ਜਿਣਸ ਖਰੀਦਣ ਲਈ ਸਰਕਾਰ ਨੇ ਕੈਸ਼ ਕ੍ਰੇਡਿਟ ਲਿਮਟ ਜਾਰੀ ਕਰਨ ਤੋਂ ਪਹਿਲਾਂ ਰਿਜਰਵ ਬੈਂਕ ਦੇ ਕੋਲ• 1098 ਕਰੋੜ ਰੁਪਏ ਦੀ ਭਾਰੀ ਰਕਮ ਜਮ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਪੰਜਾਬ ਸਰਕਾਰ ਵਲੋਂ ਉਕਤ ਰਾਸ਼ੀ ਜਮਾ ਕਰਵਾਉਣ ਤੋਂ ਬਾਅਦ ਹੀ ਕੇਂਦਰ ਸਰਕਾਰ ਰਿਜਰਵ ਬੈਂਕ ਨੁੰ ਕੈਸ਼ ਕ੍ਰੇਡਿਟ ਲਿਮਟ ਜਾਰੀ ਕਰੇਗੀ। 
ਵਿੱਤ ਵਿਭਾਗ ਦੇ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਅਜਿਹਾ ਕਦਮ ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਜਿਣਸ ਖਰੀਦ ਫੰਡਾਂ ਵਿੱਚ ਹੇਰ ਫੇਰ ਹੋਣ ਕਾਰਨ ਲਿਆ ਹੈ। ਉਸ ਵਕਤ ਕਾਂਗਰਸੀ ਆਗੂਆਂ ਨੇ ਅਕਾਲੀ ਭਾਜਪਾ ਸਰਕਾਰ 'ਤੇ ਫੂਡ ਸਕੈਮ ਹੋਣ ਦਾ ਦੋਸ਼ ਵੀ ਲਾਇਆ ਸੀ। ਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਨ ਤੋਂ ਪਹਿਲਾਂ ਬਾਦਲ ਸਰਕਾਰ ਨੇ ਜਾਂਦੇ ਜਾਂਦੇ 31000 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਨੂੰ ਕਰਜ਼ੇ ਵਿੱਚ ਬਦਲ ਦਿੱਤਾ ਸੀ। ਯਾਨੀ ਜਾਂਦੀ ਜਾਂਦੀ ਬਾਦਲ ਸਰਕਾਰ ਕੈਪਟਨ ਸਰਕਾਰ ਲਈ 31000 ਕਰੋੜ ਰੁਪਏ ਦਾ ਹੋਰ ਕਰਜ਼ਾ ਚੜ•ਾ ਗਈ। 
ਵਿੱਤ ਵਿਭਾਗ ਦੇ ਸੂਤਰਾਂ ਨੇ ਦੱਸਿਆਂ ਕਿ ਕੇਂਦਰ ਸਰਕਾਰ ਵਲੋਂ ਉਕਤ ਰਾਸ਼ੀ ਜਮਾ ਕਰਵਾਉਣ ਲਈ ਢੋਆ ਢੁਆਈ ਸਮੇਤ ਕੁੱਝ ਹੋਰ ਖਰਚੇ ਤੇ ਵਿਆਜ ਦੇ ਜਮ•ਾ ਕਰਵਾਉਣ ਦੀ ਦਲੀਲ ਦਿੱਤੀ ਹੈ ਕਿਉਂਕਿ ਅਕਸਰ ਖ੍ਰੀਦ ਸੀਜਨ ਖ਼ਤਮ ਹੋਣ ਤੋਂ ਬਾਅਦ ਬਕਾਇਆਂ ਰਾਸ਼ੀ ਨੂੰ ਲੈ ਕੇ ਰੇੜਕਾ ਸ਼ੁਰੂ ਹੋ ਜਾਂਦਾ ਹੈ। 

400 ਕਰੋੜ ਰੁਪਏ ਜਮਾ ਕਰਵਾਏ
ਵਿੱਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆਂ ਕਿ ਪੰਜਾਬ ਸਰਕਾਰ ਵਲੋਂ 400 ਕਰੋੜ ਰੁਪਏ ਦੀ ਰਾਸ਼ੀ ਜਮਾਕਰਵਾ ਦਿੱਤੀ ਹੈ ਅਤੇ ਬਾਕੀ ਰਾਸ਼ੀ ਜਮਾ ਕਰਵਾਉਣ ਲਈ ਪੂੰਜੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅਧਿਕਾਰੀ ਮੁਤਾਬਕ ਕਿਸਾਨਾਂ ਦੀ ਫਸਲ ਦੀ ਖਰੀਦ ਹਰ ਹਾਲਤ ਵਿੱਚ ਕਰਨੀ ਹੈ ਅਤੇ ਪੈਸਾ ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾ ਜਮਾ ਕਰਵਾ ਦਿੱਤਾ ਜਾਵੇਗਾ।

Saturday, 23 September 2017

ਸੁਨੀਲ ਜਾਖੜ ਤੇ ਕਵਿਤਾ ਖੰਨਾਂ 'ਚ ਹੋਈ ਮੀਟਿੰਗ ਨੇ ਸਿਆਸੀ ਹਲਕਿਆਂ 'ਚ ਨਵੀਂ ਚਰਚਾ ਛੇੜੀ

ਚਾਹ ਦੇ ਕੱਪ ਨਾਲ ਹੋਈ ਹਲਕੇ ਦੀ ਸਿਆਸਤ ਬਾਰੇ ਚਰਚਾ  
ਜੈ ਸਿੰਘ ਛਿੱਬਰ, ਚੰਡੀਗੜ: 
ਗੁਰਦਾਸਪੁਰ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਸੁਨੀਲ ਕੁਮਾਰ ਜਾਖ਼ੜ ਅਤੇ ਭਾਜਪਾ ਦੀ ਟਿਕਟ ਦੀ ਵੱਡੀ ਦਾਅਵੇਦਾਰ ਕਵਿਤਾ ਖੰਨਾਂ ਦੇ ਵਿਚਕਾਰ ਹੋਈ ਮੀਟਿੰਗ ਨੇ ਸਿਆਸੀ ਹਲਕਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਸ ਮੀਟਿੰਗ ਨੂੰ ਸ਼ਿਸਟਾਚਾਰ ਮਿਲਣੀ ਦੱਸ ਰਹੇ ਹਨ, ਪਰ ਸਿਆਸੀ ਮਾਹਿਰ ਦੋਵੇ ਆਗੂਆਂ ਦੀ ਮੁਲਾਕਾਤ ਦੇ ਸਿਆਸੀ ਮਾਅਨੇ ਕੱਢਦੇ ਹੋਏ ਸਿਆਸਤ ਨਾਲ ਜੋੜਕੇ ਦੇਖ ਰਹੇ ਹਨ, ਕਿਉਂਕਿ ਦੋਵੇਂ ਆਗੂਆਂ ਵਿਚਕਾਰ ਮੀਟਿੰਗ ਉਦੋਂ ਹੋਈ ਹੈ, ਜਦੋਂ ਗੁਰਦਾਸਪੁਰ ਜ਼ਿਮਨੀ ਚੋਣ ਦਾ ਸਿਆਸੀ ਮੈਦਾਨ ਭਖ਼ ਚੁੱਕਿਆ ਹੈ ਅਤੇ ਕਾਂਗਰਸ ਤੇ ਭਾਜਪਾ ਲਈ ਇਹ ਸੀਟ ਵਕਾਰ ਦਾ ਸਵਾਲ ਬਣੀ ਹੋਈ ਹੈ। ਦੋਵੇਂ ਪਾਰਟੀਆਂ ਇਸ ਸੀਟ 'ਤੇ ਜਿੱਤ ਨੁੰ 2019 ਦੀਆਂ ਆਮ ਚੋਣਾਂ ਦੇ ਸੈਮੀਫਾਈਨਲ ਵਜੋਂ ਦੇਖ ਰਹੀਆਂ ਹਨ। ਕਾਂਗਰਸ ਖਾਸਕਰਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਛੇ ਮਹੀਨਿਆਂ ਦੇ ਰਾਜਭਾਗ ਦੀ ਪਰਖ ਹੋਣੀ ਹੈ ਉਥੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਤਿੰਨ ਸਾਲਾ ਦਾ ਲੇਖਾ ਜੋਖਾ ਵੀ ਕਰਨਾ ਹੈ। 
ਗੁਰਦਾਸਪੁਰ ਹਲਕੇ ਤੋਂ ਚਾਰ ਵਾਰ ਨੁਮਾਇੰਦਗੀ ਕਰ ਚੁੱਕੇ ਮਰਹੂਮ ਅਭਿਨੇਤਾ ਸਵਰਗੀ ਵਿਨੋਦ ਖੰਨਾਂ ਦੀ ਪਤਨੀ ਕਵਿਤਾ ਖੰਨਾਂ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਲਈ ਸੱਭਤੋਂ ਵੱਡੀ ਦਾਅਵੇਦਾਰ ਸੀ। ਦੱਸਿਆਂ ਜਾਂਦਾ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ ਧੜਾ ਵੀ ਕਵਿਤਾ ਖੰਨਾਂ ਨੂੰ ਟਿਕਟ ਦੀ ਸਿਫਾਰਸ਼ ਕਰ ਰਿਹਾ ਸੀ, ਪਰ ਭਾਜਪਾ ਦਾ ਇੱਕ ਗੁੱਟ ਸਥਾਨਕ ਉਮੀਦਵਾਰ ਦੀ ਦਲੀਲ ਦਿੰਦੇ ਹੋਏ ਵੱਡੇ ਕਾਰੋਬਾਰੀ ਸਵਰਨ ਸਲਾਰੀਆਂ ਲਈ ਟਿਕਟ ਦੇਣ ਦੀ ਵਕਾਲਤ ਕਰ ਰਿਹਾ ਸੀ। 
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਵਰਨ ਸਲਾਰੀਆਂ ਨੂੰ ਟਿਕਟ ਮਿਲਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਇਸਨੂੰ ਕਾਂਗਰਸ ਲਈ ਸੁਭ ਸ਼ਗਨ ਦੱਸਦਿਆਂ ਕਿਹਾ ਸੀ ਕਿ ਕਾਂਗਰਸ ਦੋ ਲੱਖ ਦੀ ਲੀਡ ਨਾਲ ਜਿੱਤ ਹਾਸਲ ਕਰੇਗੀ। ਇਸ ਕਰਕੇ ਸਿਆਸੀ ਪੰਡਤ ਦੋਵੇ ਆਗੂਆਂ ਵਿਚਕਾਰ ਹੋਈ ਮੀਟਿੰਗ ਨੂੰ ਸਿਆਸੀ ਮੁਲਾਕਾਤ ਵਜੋਂ ਦੇਖ ਰਹੇ ਹਨ।

ਬਾਕਸ --
ਖੰਨਾ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹਾਂ : ਜਾਖੜ--
ਸੁਨੀਲ ਜਾਖੜ ਦੇ ਇਕ ਅਤਿ ਨਜਦੀਕੀ ਨੇ ਦੱਸਿਆਂ ਕਿ ਸ੍ਰੀ ਜਾਖੜ ਫਿਲਮ ਅਭਿਨੇਤਾ ਵਿਨੋਦ ਖੰਨਾਂ ਦੇ ਬਹੁਤ ਕਾਈਲ ਹਨ। ਇਸ ਕਰਕੇ ਉਹ ਪਠਾਨਕੋਟ ਵਿਖੇ ਵਿਸ਼ੇਸ਼ ਤੌਰ 'ਤੇ ਕਵਿਤਾ ਖੰਨਾਂ ਨੂੰ ਮਿਲਣ ਗਏ ਸਨ ਅਤੇ ਦੋਵੇਂ ਆਗੂਆਂ ਵਿਚਕਾਰ ਚਾਹ ਦੇ ਕੱਪ 'ਤੇ ਕੁੱਝ ਹਲਕੇ ਦੀ ਸਿਆਸਤ ਬਾਰੇ ਵੀ ਚਰਚਾ ਹੋਣ ਬਾਰੇ ਵੀ ਦੱਸਿਆ ਜਾ ਰਿਹਾ ਹੈ।  ਸ਼੍ਰੀ ਜਾਖੜ ਨੇ ਇਸ ਮਿਲਣੀ ਨੂੰ ਸਿਸ਼ਟਾਚਾਰ ਮਿਲਣੀ ਦੱਸਿਆ ਹੈ। ਉਹਨਾਂ ਦਾ  ਕਹਿਣਾ ਹੈ ਕਿ ਉਹ ਪਹਿਲਾਂ ਤੋਂ ਹੀ ਖੰਨਾਂ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੋਣ ਬਾਰੇ ਕਹਿੰਦੇ ਆ ਰਹੇ ਹਨ ਤੇ ਇਸਨੂੰ ਸਿਆਸਤ ਨਾਲ ਨਹੀਂ ਜੋੜਨਾ ਚਾਹੀਦਾ। 

Monday, 11 September 2017

ਭ੍ਰਿਸ਼ਟਾਚਾਰ ਦੇ ਸੰਗੀਨ ਦੋਸ਼ਾਂ 'ਚ ਫਸੇ - ਵਧੀਕ ਡਿਪਟੀ ਕਮਿਸ਼ਨਰ ਤੇ ਬੀ.ਡੀ.ਪੀ.ਓ ਨੂੰ ਜਬਰੀ ਘਰ ਭੇਜਣ ਦੀ ਤਿਆਰੀ


ਪੰਚਾਇਤ ਵਿਭਾਗ ਨੇ ਜਬਰਨ ਸੇਵਾ ਮੁਕਤ ਕਰਨ ਦੀ ਖਿੱਚੀ ਤਿਆਰੀ
ਦੋਵੇਂ ਅਧਿਕਾਰੀਆਂ 'ਤੇ ਲੱਗੇ ਹਨ ਕਈ ਗੰਭੀਰ ਦੋਸ਼
ਚੰਡੀਗੜ11 ਸਤੰਬਰ ( ਜੈ ਸਿੰਘ ਛਿੱਬਰ) : ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਵਿੱਚ ਫਸੇ ਇੱਕ ਵਧੀਕ ਡਿਪਟੀ ਕਮਿਸ਼ਨਰ ਅਤੇ ਇਕ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਜਬਰੀ ਸੇਵਾਮੁਕਤ ਕਰਨ ਦੀ ਤਿਆਰੀ ਕਰ ਲਈ ਹੈ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵਧੀਕ ਡਿਪਟੀ ਕਮਿਸ਼ਨਰ ਤੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ 'ਤੇ ਜਿਥੇ ਭ੍ਰਿਸ਼ਟਾਚਾਰ ਦੇ ਕਈ ਤਰ•ਾਂ ਦੇ ਸੰਗੀਨ ਦੋਸ਼ ਲੱਗੇ ਹੋਏ ਹਨ, ਉਥੇ ਪੁਲਿਸ ਵਲੋਂ ਵੀ ਕੇਸ ਦਰਜ ਕੀਤੇ ਹੋਏ ਹਨ। ਉਕਤ ਦੋਵੇਂ ਅਧਿਕਾਰੀਆਂ ਕਈ ਮਾਮਲਿਆਂ ਵਿੱਚ ਉਲਝੇ ਹੋਏ ਹਨ। ਇਸ ਤਰ   ਪੈਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਹਨਾਂ ਦੋਵੇ ਅਧਿਕਾਰੀਆਂ ਦੀ ਛੁੱਟੀ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ, ਆਉਂਦੇ ਕੁੱਝ ਦਿਨਾਂ ਵਿੱਚ ਇਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਅਜਿਹਾ ਫੈਸਲਾ ਕਰਕੇ ਸਰਕਾਰ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ, ਅਧਿਕਾਰੀਆਂ ਨੂੰ ਪੰਜਾਬੀ ਦੀ ਕਹਾਵਤ “ਕੁੜੀਓ ਗੱਲ ਕਰ, ਨੂੰਹ ਕੰਨ ਕਰ” ਰਾਹੀਂ ਸਖ਼ਤ ਸੰਕੇਤ ਦੇਣਾ ਚਾਹੁੰਦੀ ਹੈ।
ਇਥੇ ਦੱਸਣਯੋਗ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਵਲੋਂ ਪਹਿਲਾਂ ਹੀ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਚੀਫ ਵਿਜੀਲੈਂਸ ਅਫਸਰ ਅਨਿਲ ਕੁਮਾਰ ਕਾਂਸਲ ਨੂੰ ਜਬਰਨ ਸੇਵਾ ਮੁਕਤ ਕਰਕੇ ਘਰ ਭੇਜ ਦਿੱਤਾ ਗਿਆ ਸੀ। ਸਥਾਨਕ ਸਰਕਾਰਾਂ ਵਿਭਾਗ ਵਿੱਚ ਉਕਤ ਅਧਿਕਾਰੀ ਦੇ ਵੱਡੇ ਚਰਚੇ ਸਨ।

ਸ੍ਰ ਸਿੱਧੂ ਦੇ ਦਿਸ਼ਾ ਨਿਰਦੇਸ਼ 'ਤੇ ਪੁਲਿਸ ਵਲੋਂ ਨਗਰ ਸੁਧਾਰ ਟਰਸਟ ਅਮ੍ਰਿਤਸਰ ਦੇ ਕੁੱਝ ਅਧਿਕਾਰੀਆਂ 'ਤੇ 80 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ। ਇਸੀ ਤਰ•ਾਂ ਵਿਭਾਗ ਦੇ ਨਿਗਰਾਨ ਇੰਜੀਨਿਅਰ ਸਮੇਤ ਪੰਜ ਅਧਿਕਾਰੀਆਂ ਨੂੰ ਮੁਅਤਲ ਕੀਤਾ ਗਿਆ ਸੀ। ਮੁੱਖ ਮੰਤਰੀ ਵਲੋਂ ਪੰਜਾਬ ਵਿਜੀਲੈਂਸ ਪੁਲੀਸ ਨੂੰ ਖੁੱਲ•ੀ ਛੁੱਟੀ ਦਿੱਤੀ ਹੋਈ। ਵਿਜੀਲੈਂਸ ਵਲੋਂ ਜਿਥੇ ਦੋ ਦਰਜਨ ਤੋਂ ਵੱਧ ਮੁਲਾਜਮਾਂ, ਅਧਿਕਾਰੀਆਂ , ਨੰਬਰਦਾਰਾਂ 'ਤੇ ਕਾਨੂੰਨੀ ਸਿਕੰਜਾ  ਕਸਦਿਆਂ ਰੰਗੇ ਹੱਥੀ ਕਾਬੂ ਕੀਤਾ ਜਾ ਚੁੱਕਾ ਹੈ। ਉਥੇ ਸਿੰਚਾਈ ਵਿਭਾਗ ਦੇ ਮੌਜੂਦਾ ਤੇ ਸੇਵਾਮੁਕਤ ਉਚ ਅਧਿਕਾਰੀਆਂ ਅਤੇ ਇੱਕ ਨਾਮੀ ਠੇਕੇਦਾਰ 'ਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਕੈਪਟਨ ਸਰਕਾਰ ਵਲੋਂ ਰਾਜਸੀ ਆਗੂਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਚ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਯੋਜਨਾਂ ਉਲੀਕੀ ਗਈ ਹੈ ਕਿਉਂਕਿ ਅਕਸਰ ਵੱਡੇ ਘਪਲਿਆਂ ਵਿੱਚ ਰਾਜਸੀ ਆਗੂ ਫਸ ਜਾਂਦੇ ਹਨ ਅਤੇ ਅਧਿਕਾਰੀ ਵਾਲ ਵਾਲ ਬਚ ਜਾਂਦੇ ਹਨ, ਜਦੋਂ ਕਿ ਸਹੀ ਮਾਅਨਿਆਂ ਵਿੱਚ ਅਧਿਕਾਰੀਆਂ ਨੇ ਹੀ ਨਿਯਮਾਂ, ਕਾਨੂੰਨ ਮੁਤਾਬਕ ਫਾਈਲ ਨੂੰ ਅੱਗੇ ਤੋਰਨਾਂ ਹੁੰਦਾ ਹੈ। ਅਜਿਹਾ ਕਰਕੇ ਸਰਕਾਰ ਭ੍ਰਿਸ਼ਟਾਚਾਰ ਨੂੰ ਵੀ ਖਤਮ ਕਰਨਾ ਚਾਹੁੰਦੀ ਹੈ ਤੇ ਸਿਆਸੀ ਬਦਲਾ ਲਊ ਦੇ ਦੋਸ਼ਾਂ ਤੋਂ ਵੀ ਬਚਣਾ ਚਾਹੁੰਦੀ ਹੈ

ਜਾਖੜ ਹੋਣਗੇ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਰਾਹੁਲ ਗਾਂਧੀ ਨੇ ਦਿੱਤੀ ਸਹਿਮਤੀ


ਚੰਡੀਗੜ  11 ਸਤੰਬਰ, ( ਜੈ ਸਿੰਘ ਛਿੱਬਰ) : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹੋਣਗੇ। ਸ੍ਰੀ ਜਾਖੜ ਦਾ ਨਾਮ ਲਗਭਗ ਫਾਈਨਲ ਕਰ ਲਿਆ ਗਿਆ ਹੈ ਅਤੇ ਚੋਣ ਕਮਿਸ਼ਨ ਵਲੋਂ ਚੋਣ ਸਬੰਧੀ ਅਧਿਸੂਚਨਾਂ ਜਾਰੀ ਕਰਦਿਆਂ ਹੀ  ਕਾਂਗਰਸ ਹਾਈਕਮਾਨ ਵਲੋਂ ਸ੍ਰੀ ਜਾਖੜ ਦਾ ਨਾਮ ਐਲਾਨ ਕਰ ਦਿੱਤਾ ਜਾਵੇਗਾ।
ਸੰਭਾਵਨਾਂ ਪ੍ਰਗਟ ਕੀਤੀ ਜਾ ਰਹੀ ਹੈ ਕਿ ਚੋਣ ਕਮਿਸ਼ਨਰ ਵਲੋਂ ਸ਼ੁੱਕਰਵਾਰ ਤੱਕ ਲੋਕ  ਸਭਾ ਜਿਮਨੀ ਚੋਣ ਲਈ ਅਧਿਸੂਚਨਾਂ ਜਾਰੀ ਕਰਦਿਆਂ ਸ਼ਡਿਊਲ ਜਾਰੀ ਕਰ ਦਿੱਤਾ ਜਾਵੇਗਾ। ਕਾਂਗਰਸ ਦੇ ਅਤਿ ਭਰੋਸੇਯੋਗ ਸੂਤਰਾਂ ਨੇ ਦੱਸਿਆਂ ਕਿ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬੀਤੇ ਕੱਲ• ਐਤਵਾਰ ਦਿੱਲੀ ਰਵਾਨਾ ਹੋ ਗਏ ਸਨ, ਜਿਹਨਾਂ ਦੀ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਹੋਣੀ ਦੱਸੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਨੇ ਵੀ ਉਮੀਦਵਾਰੀ ਬਾਰੇ ਆਪਣੀ ਸਹਿਮਤੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਹਰ ਹਾਲਤ 'ਚ ਗੁਰਦਾਸਪੁਰ ਜ਼ਿਮਨੀ ਚੋਣ ਜਿੱਤਣਾ ਚਾਹੁੰਦੀ ਹੈ, ਇਸ ਲਈ ਹਲਕੇ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਸੱਤ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਹਨ। ਇਹਨਾਂ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ• ਸੁਨੀਲ ਜਾਖੜ ਨੂੰ ਉਮੀਦਵਾਰ ਬਨਾਉਣ ਦੀ ਦਲੀਲ ਦਿੱਤੀ ਸੀ। ਹਾਲਾਂਕਿ ਪਹਿਲਾਂ ਸੁਨੀਲ ਜਾਖੜ ਚੋਣ ਨਾ ਲੜਨ ਤੋਂ ਮਨਾ ਕਰਦੇ ਰਹੇ ਹਨ। ਪਰ, ਬੀਤੇ ਦਿਨ ਉਹਨਾਂ ਪ੍ਰੈਸ ਮਿਲਣੀ ਦੌਰਾਨ ਫੈਸਲਾ ਪਾਰਟੀ ਹਾਈਕਮਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ 'ਤੇ ਛੱਡ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਜਾਖੜ ਨੂੰ ਚੋਣ ਲੜਨ ਦਾ ਇਸ਼ਾਰਾ ਕਰ ਦਿੱਤਾ ਹੈ। ਇਸਤੋਂ ਬਾਅਦ ਹੀ ਸ੍ਰੀ ਜਾਖੜ ਨੇ ਬੀਤੇ ਦਿਨ ਸ਼ੁੱਕਰਵਾਰ ਨੂੰ ਗੁਰਦਾਸਪੁਰ ਹਲਕੇ ਨਾਲ ਸਬੰਧਿਤ ਵਿਧਾਇਕਾਂ, ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।
ਸੂਤਰ ਦੱਸਦੇ ਹਨ ਕਿ ਆਉਂਦੇ ਦਿਨਾਂ ਵਿੱਚ ਸਰਕਾਰ ਸਹੂਲਤਾਂ, ਖਜ਼ਾਨੇ ਦਾ ਮੂੰਹ ਗੁਰਦਾਸਪੁਰ ਲਈ ਖੋਲ• ਦੇਵੇਗੀ। ਇਹੀ ਨਹੀਂ ਗੁਰਦਾਸਪੁਰ ਹਲਕੇ ਤੋਂ ਬਾਹਰ ਦੂਰ ਦੁਰਾਡੇ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਜਿਹੜੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ, ਉਹਨਾਂ ਦੀ ਘਰਾਂ ਦੇ ਨੇੜ•ੇ ਵਾਪਸੀ ਕਰਨ ਦੀ ਤਿਆਰੀ ਕਰ ਲਈ ਗਈ ਹੈ। ਖਾਸਕਰਕੇ ਸਿਹਤ ਵਿਭਾਗ ਵਿੱਚ ਤੈਨਾਤ ਨਰਸਾ, ਪੈਰਾ ਮੈਡੀਕਲ ਸਟਾਫ ਵਜੋਂ ਤੈਨਾਤ ਮੁਲਾਜ਼ਮਾਂ ਨੂੰ ਪੱਕੇ ਤੌਰ 'ਤੇ ਜਾਂ ਫਿਰ ਡੈਪੂਟੇਸ਼ਨ 'ਤੇ ਬਦਲਣ ਲਈ ਲਿਸਟਾਂ ਬਨਾਉਣੀਆਂ ਸ਼ੁਰੂ ਹੋ ਗਈਆਂ ਹਨ।
ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਵਲੋਂ ਮਰੋ ਤੇ ਕਰੋ ਦੀ ਨੀਤੀ ਤਹਿਤ ਚੋਣ ਲੜੀ ਜਾਵੇਗੀ , ਕਿਉਂਕਿ ਗੁਰਦਾਸਪੁਰ ਚੋਣ ਜਿੱਤਕੇ ਕਾਂਗਰਸ ਪਾਰਟੀ ਸਾਲ 2019 ਵਿੱਚ ਹੋਣ ਵਾਲੀਆਂ ਆਮ ਚੋਣਾਂ 'ਚ ਜਿੱਤ ਦਾ ਰਾਹ ਖੋਲ•ਣਾ ਚਾਹੁੰਦੀ ਹੈ। ਯਾਦ ਰਹੇ ਕਿ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਵਿਨੋਦ ਖੰਨਾਂ ਦੀ 27 ਅਪ੍ਰੈਲ ਨੂੰ ਮੌਤ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ। ਨਿਯਮਾਂ, ਕਾਇਦੇ ਕਾਨੂੰਨ ਮੁਤਾਬਕ ਛੇ ਮਹੀਨੇ ਬਾਅਦ ਖਾਲੀ ਸੀਟ 'ਤੇ ਚੋਣ ਕਰਵਾਉਣੀ ਲਾਜ਼ਮੀ ਹੁੰਦੀ ਹੈ।

Sunday, 3 September 2017

ਗੁਰਦਾਸਪੁਰ ਜ਼ਿਮਨੀ ਚੋਣ -ਕਾਂਗਰਸ ਯੁਵਰਾਜ ਤੇ ਭਾਜਪਾ ਹਰਭਜਨ 'ਤੇ ਪਾ ਰਹੀ ਹੈ ਡੋਰੇ


ਪ੍ਰਤਾਪ ਬਾਜਵਾ ਨੇ ਪਤਨੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਕੀਤਾ ਬੇਟੇ ਲਈ ਦਾਅਵਾ 
ਚੰਡੀਗੜ 21 ਅਗੱਸਤ, ( ਜੈ ਸਿੰਘ ਛਿੱਬਰ) : ਭਾਵੇਂ ਕਿ ਗੁਰਦਾਸਪੁਰ ਜ਼ਿਮਨੀ ਚੋਣ ਬਾਰੇ ਰਸਮੀ ਤੌਰ 'ਤੇ ਕੋਈ ਐਲਾਨ ਨਹੀਂ ਹੋਇਆ। ਪਰ, ਸਿਆਸੀ ਪਾਰਟੀਆਂ ਖਾਸਕਰਕੇ ਭਾਜਪਾ ਤੇ ਕਾਂਗਰਸ ਹਾਈਕਮਾਨ ਨੇ ਯੋਗ ਤੇ ਹਰਮਨ ਪਿਆਰੇ ਉਮੀਦਵਾਰਾਂ ਦੀ ਅੰਦਰਖਾਤੇ ਭਾਲ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਹਾਈਕਮਾਨ ਪਹਿਲਾਂ ਦੀ ਤਰਜ਼ 'ਤੇ ਜ਼ਿਮਨੀ ਚੋਣ ਲਈ ਸੈਲੀਬ੍ਰੇਟੀ ਸਖਸ਼ੀਅਤ ਨੂੰ ਚੋਣ ਮੈਦਾਨ ਵਿੱਚ ਉਤਾਰਨ 'ਤੇ ਵਿਚਾਰ ਕਰ ਰਹੀ ਹੈ। ਇਸੀ ਤਰ•ਾਂ ਕਾਂਗਰਸ ਹਾਈਕਮਾਨ ਖਾਸਕਰਕੇ ਕੈਪਟਨ ਅਮਰਿੰਦਰ ਸਿੰਘ ਲਈ ਇਹ ਸੀਟ ਇੱਜਤ ਦਾ ਸਵਾਲ ਬਣ ਗਈ ਹੈ ਅਤੇ ਕਾਂਗਰਸ ਵੀ ਕਿਸੇ ਵੱਡੇ ਚੇਹਰੇ 'ਤੇ ਦਾਅ ਖੇਡਣਾ ਚਾਹੁੰਦੀ ਹੈ।  
ਸੂਤਰ ਦੱਸਦੇ ਹਨ ਕਿ ਭਾਜਪਾ ਵਲੋਂ ਫਿਰਕੀ ਗੇਂਦਬਾਦ ਹਰਭਜਨ ਸਿੰਘ 'ਤੇ ਡੋਰੇ ਪਾਏ ਜਾ ਰਹੇ ਹਨ। ਹਰਭਜਨ ਸਿੰਘ ਨੇ ਵੀ ਸਿੱਧੇ ਤੌਰ 'ਤੇ ਸਵੀਕਾਰ ਕਰ ਲਿਆ ਹੈ ਕਿ ਉਹਨਾਂ ਕ੍ਰਿਕੇਟ ਤੋਂ ਹਟਕੇ ਨਵੀਂ ਪਾਰੀ ਖੇਡਣ ਦਾ ਮੰਨ ਬਣਾ ਲਿਆ ਹੈ। ਹਾਲਾਂਕਿ ਉਹਨਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਜਾਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਖੁੱਲ• ਕੇ ਬੋਲਣ ਦੀ ਬਜਾਏ ਇਹ ਹੀ ਕਿਹਾ ਹੈ ਕਿ ਜੇਕਰ ਕਿਸੇ ਨੇ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹ ਇਸ ਫੈਸਲੇ 'ਤੇ ਵਿਚਾਰ ਕਰ ਸਕਦੇ ਹਨ। ਪ੍ਰਦੇਸ ਭਾਜਪਾ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਵਲੋਂ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਲਈ ਇੰਚਾਰਜ ਨਿਯੁਕਤ ਕਰ ਦਿੱਤੇ ਹਨ ਤੇ ਬਕਾਇਦਾ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਦਾ ਇਕ ਗੁੱਟ ਸਵਰਗੀ ਫਿਲਮੀ ਸਿਤਾਰੇ ਤੇ ਸਾਂਸਦ ਵਿਨੋਦ ਖੰਨਾਂ ਦੀ ਪਤਨੀ ਕਵਿਤਾ ਖੰਨਾਂ ਨੂੰ ਹਮਦਰਦੀ ਦੀ ਵੋਟ ਲੈਣ ਲਈ ਚੋਣ ਮੈਦਾਨ ਵਿੱਚ ਉਤਾਰਨ ਦੀ ਦਲੀਲ ਦੇ ਰਿਹਾ ਹੈ। ਪਰ ਪਾਰਟੀ ਦੇ ਕਈ ਆਗੂ ਕਵਿਤਾ ਖੰਨਾਂ ਨੂੰ ਉਮੀਦਵਾਰ ਬਨਾਉਮ 'ਤੇ ਵਿਰੋਧ ਕਰ ਰਹੇ ਹਨ ਕਿਉਂਕਿ ਪਿਛਲੀਆਂ ਚੋਣਾਂ ਦੌਰਾਨ ਉਹ ਕੁੱਝ ਹਲਕਿਆਂ, ਪਿੰਡਾਂ 'ਚ ਪਾਰਟੀਆਂ ਵਰਕਰਾਂ, ਲੋਕਾਂ ਨਾਲ ਸਖਤੀ ਨਾਲ ਪੇਸ਼ ਆਏ ਸਨ। ਜਿਸਕਰਕੇ ਸਥਾਨਕ ਆਗੂ ਕਵਿਤਾ ਦਾ ਵਿਰੋਧ ਕਰ ਰਹੇ ਹਨ ਕਿ ਲੋਕਲ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਸੈਲੀਬ੍ਰੇਟੀ ਜਿੱਤਣ ਤੋਂ ਬਾਅਦ ਹਲਕੇ ਵਿੱਚ ਨਹੀਂ ਆਉੰਦਾ। ਇਸੀ ਤਰਾਂ ਸਵਰਨ ਸਲਾਰੀਆਂ ਵੀ ਟਿਕਟ ਲੈਣ ਲਈ ਜੋੜਤੋੜ ਕਰ ਰਿਹਾ ਹੈ। ਸਲਾਰੀਆਂ ਬਾਰੇ ਦੱਸਿਆਂ ਜਾਂਦਾ ਹੈ ਕਿ ਉਸਦੇ ਮੁੰਬਈ ਵਿੱਚ ਵੱਡਾ ਕਾਰੋਬਾਰ ਹੈ। ਸਥਾਨਕ ਭਾਜਪਾ ਆਗੂ ਸਵਰਨ ਸਲਾਰੀਆਂ ਨੂੰ ਟਿਕਟ ਦਿਵਾਉਣ ਦੇ ਇਛੁੱਕ ਹਨ ਕਿਉਂਕਿ ਉਹ ਵੱਡੀ ਰਕਮ ਖਰਚਣ ਦਾ ਦਮ ਰੱਖਦੇ ਹਨ। 
ਦੂਜੇ ਪਾਸੇ ਕਾਂਗਰਸ ਵਲੋਂ ਭਾਰਤੀ ਬੱਲੇਬਾਜ ਯੁਵਰਾਜ 'ਤੇ ਦਾਅ ਖੇਡਣ ਦੀਆਂ ਕਨਸੋਆ ਮਿਲ ਰਹੀਆਂ ਹਨ। ਸੂਤਰ ਦੱਸਦੇ ਹਨ ਕਿ 2019 ਦੀਆਂ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਜ਼ਿਮਨੀ ਚੋਣ ਜਿੱਤ ਕੇ ਜੈਤੂ ਸ਼ੁਰੂਆਤ ਦਾ ਸੁਨੇਹਾ ਦੇਣਾ ਚਾਹੁੰਦੀ ਹੈ। ਕਾਂਗਰਸ ਲਈ ਜਿੱਤਣਾ ਇਸ ਲਈ ਵੀ ਇੱਜਤ ਦਾ ਸਵਾਲ ਹੈ ਕਿ ਫਰਵਰੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਨੂੰ ਚੰਗੀ ਲੀਡ ਮਿਲੀ ਹੈ। 
ਹਾਲਾਂਕਿ ਇਸ ਸੀਟ 'ਤੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਦਾਅਵਾ ਠੋਕਦਿਆਂ ਪਤਨੀ ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ ਨੂੰ ਟਿਕਟ ਦੇਣ ਲਈ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਵੀ ਲਿਖੀ ਹੈ। ਪਰ, ਪਾਰਟੀ ਦੇ ਗੁਰਦਾਸਪੁਰ ਨਾਲ ਸਬੰਧਿਤ ਵਿਧਾਇਕਾਂ ਵਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਸ੍ਰ ਬਾਜਵਾ ਦਾ ਪੈਂਡੂ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਸੁਖ ਸਰਕਾਰੀਆ, ਬਰਿੰਦਰਜੀਤ ਸਿੰਘ ਪਾਹੜਾ ਨਾਲ ਛੱਤੀ ਦਾ ਅੰਕੜਾ ਚੱਲ ਰਿਹਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਤਾਂ ਇਥੋ ਤੱਕ ਕਹਿ ਦਿੱਤਾ  ਹੈ ਕਿ ਜੇਕਰ ਪ੍ਰਤਾਪ ਸਿੰਘ ਅਪਣੀ ਪਤਨੀ ਲਈ ਟਿਕਟ ਮੰਗ ਸਕਦਾ ਹੈ ਤਾਂ ਉਹ ਵੀ ਆਪਣੇ ਬੇਟੇ ਦਮਨਪ੍ਰੀਤ ਸਿੰਘ ਬਾਜਵਾ ਉਰਫ ਦੀਪੂ ਬਾਜਵਾ ਲਈ ਟਿਕਟ ਦਾ ਦਾਅਵਾ ਕਰਦੇ ਹਨ। ਪੰਚਾਇਤ ਮੰਤਰੀ ਨੇ  ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਹਲਕੇ ਕਾਦੀਆਂ, ਧਾਰੀਵਾਲ ਤੇ ਗੁਰਦਾਸਪੁਰ ਸ਼ਹਿਰ 'ਚ ਜਾ ਕੇ ਵੋਟਰਾਂ, ਕਾਂਗਰਸੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਦੀਪੂ ਬਾਜਵਾ ਵਿੱਚੋ ਜ਼ਿਆਦਾ ਲੋਕ ਕਿਸਨੂੰ ਚਾਹੁੰਦੇ ਹਨ। ਸੂਤਰ ਦੱਸਦੇ ਹਨ ਕਿ ਕਾਂਗਰਸ ਦਾ ਕਾਟੋ ਕਲੇਸ਼ ਖਤਮ ਕਰਨ ਤੇ ਜਿੱਤ ਯਕੀਨੀ ਬਨਾਉਣ ਲਈ ਕਾਂਗਰਸ ਵਲੋਂ ਬੱਲੇਬਾਜ਼ ਯੁਵਰਾਜ 'ਤੇ ਡੋਰੇ ਪਾਏ ਜਾ ਰਹੇ ਹਨ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਫਿਰਕੀ ਗੇਂਦਬਾਜ ਤੇ ਬੱਲੇਬਾਜ ਵਿਚੋਂ ਕਿਹੜਾ “ਟਿਕਟ ਵਾਲਾ ਮੈਚ” ਜਿੱਤਣ 'ਚ ਕਾਮਯਾਬ ਹੁੰਦਾ ਹੈ। 

ਸੱਤੀ ਦੇ ਖੰਭ ਕੁਤਰੇ, ਪਾਤਰ ਸੰਭਾਲਣਗੇ ਕਲਾ ਪ੍ਰੀਸ਼ਦ ਦੀ ਕਮਾਂਡ

ਆਖਰ ਉਹੀ ਹੋਇਆ ਜਿਸਦੀ ਉਮੀਦ ਸੀ---
ਚੰਡੀਗੜ   22 ਅਗਸਤ, ( ਜੈ ਸਿੰਘ ਛਿੱਬਰ) : ਆਖ਼ਰ ਉਹੀ ਹੋਇਆ ਜਿਸਦੀ ਉਮੀਦ ਸੀ। ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸ਼ੀਰਵਾਦ ਸਦਕਾ ਪੰਜਾਬ ਕਲ•ਾ ਪ੍ਰੀਸ਼ਦ ਦੇ ਅਹਿਮ ਅਹੁੱਦੇ ਤੋਂ ਬਿਰਾਜਮਾਨ ਹੋਈ ਉਘੀ ਐਂਕਰ ਸਤਿੰਦਰ ਸੱਤੀ ਨੂੰ ਲਾਂਭੇ ਕਰਦਿਆਂ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਨੂੰ ਕਲ•ਾ ਪ੍ਰੀਸਦ ਦਾ ਮੈਂਬਰ ਨਿਯੁਕਤ ਕਰ ਦਿੱਤਾ ਹੈ। ਵੈਸੇ ਵੀ ਸਿਆਸਤ ਦਾ ਦਸਤੂਰ ਹੈ ਕਿ ਸੱਤਾ ਪਲਟਣ ਤੋਂ ਬਾਅਦ ਸਿਆਸੀ ਮੇਹਰਬਾਨੀ ਵਾਲੀ ਕੁਰਸੀ 'ਤੇ ਸੱਤਾ ਧਿਰ ਬਹੁਤਾ ਚਿਰ ਵਿਰੋਧੀ ਨੂੰ ਟਿੱਕ ਕੇ ਬੈਠਣ ਨਹੀਂ ਦਿੰਦੀ। 
ਪੰਜਾਬ 'ਚ ਸੱਤਾ ਪਰਵਰਤਨ ਤੋਂ ਬਾਅਦ ਸਿਆਸੀ ਲਾਹਾ ਲੈਣ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਦੁਆਰਾ ਪੰਜਾਬ ਕਲਾ ਪ੍ਰੀਸ਼ਦ ਦੀ ਨਿਯੁਕਤ ਕੀਤੀ ਪ੍ਰਸਿੱਧ ਐਂਕਰ ਸਤਿੰਦਰ ਸੱਤੀ ਨੂੰ ਚੇਅਰਪਰਸਨ ਦੇ ਅਹੁੱਦੇ ਤੋਂ ਹਟਾਉਣ ਲਈ ਪੰਜਾਬੀ ਸਾਹਿਤ ਦੀ ਉਚ ਦੁਮਾਲੜੀ ਸ਼ਖ਼ਸੀਅਤ ਸੁਰਜੀਤ ਪਾਤਰ ਨੂੰ ਕੌਂਸਲ ਦਾ ਚੇਅਰਮੈਨ ਨਾਮਜਦ ਕਰ ਦਿੱਤਾ ਹੈ। 
ਹਾਲਾਂਕਿ ਸੁਰਜੀਤ ਪਾਤਰ ਨੂੰ ਰਸਮੀ ਤੌਰ 'ਤੇ ਕੌਂਸਲ ਦੀ ਹੋਣ ਵਾਲੀ ਮੀਟਿੰਗ ਵਿੱਚ ਚੇਅਰਮੈਨ ਚੁਣਿਆ ਜਾਵੇਗਾ, ਪਰ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਖੁਦ ਸੁਰਜੀਤ ਪਾਤਰ ਦੇ ਲੁਧਿਆਣਾ ਘਰ ਪਹੁੰਚਕੇ ਉਹਨਾਂ ਨੂੰ ਕੌਂਸਲ ਦਾ ਚੇਅਰਮੈਨ ਨਾਮਜਦ ਕਰਨ ਵਾਲਾ ਪੱਤਰ ਸੌਂਪ ਦਿੱਤਾ ਹੈ। 
ਦਰਅਸਲ ਵੋਟਾਂ ਦੀ ਘੋਸ਼ਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਖਾਸਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਹਿਤਕ ਤੇ ਕਲਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਲਈ ਸਤਿੰਦਰ ਸੱਤੀ ਨੂੰ ਪੰਜਾਬ ਕਲ•ਾ ਪ੍ਰੀਸ਼ਦ ਦੀ ਅਹਿਮ ਜ਼ਿਮੇਵਾਰੀ ਦਿੱਤੀ ਸੀ। ਸੱਤੀ ਦੀ ਨਿਯੁਕਤੀ 'ਤੇ ਉਸ ਵਕਤ ਹੀ ਪੰਜਾਬ ਦੇ ਸਾਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ ਨੇ ਵਿਰੋਧ ਦਰਜ ਕਰਵਾਇਆ ਸੀ। ਅਕਾਲੀ ਭਾਜਪਾ ਸਰਕਾਰ ਨੂੰ ਇਸਦਾ ਲਾਭ ਹੋਣ ਦੀ ਬਜਾਏ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਲਟਾ ਸਤਿੰਦਰ ਸੱਤੀ 'ਤੇ ਅਕਾਲੀ ਹੋਣ ਦੀ “ਅਕਾਲੀ” ਹੋਣ ਦੀ ਮੋਹਰ ਲੱਗ ਗਈ। 
ਬੁੱਧੀਜੀਵੀਆਂ ਦੀ ਦਲੀਲ ਸੀ ਕਿ ਸਤਿੰਦਰ ਸੱਤੀ ਕੌਂਸਲ ਦੀ ਚੇਅਰਪਰਸਨ ਬਣਨ ਦੇ ਅਹੁੱਦੇ ਦੇ ਹਾਣ ਦੀ ਨਹੀਂ ਹੈ, ਕਿਉਂਕਿ ਇਸ ਅਹੁੱਦੇ 'ਤੇ ਵੱਡੇ ਬੁੱਧੀਜੀਵੀ ਡਾ ਐਮ.ਐਸ ਰੰਧਾਵਾ, ਡਾ ਹਰਚਰਨ ਸਿੰਘ, ਗੁਲਜਾਰ ਸਿੰਘ ਸੰਧੂ, ਆਦਿ ਚੇਅਰਮੈਨ ਰਹਿ ਚੁੱਕੇ ਹਨ। 
ਸੂਤਰ ਦੱਸਦੇ ਹਨ ਕਿ ਸਤਿੰਦਰ ਸੱਤੀ ਨੇ  ਆਪਣੀ ਕੁਰਸੀ ਬਚਾਉਣ ਲਈ ਕਾਫੀ ਜਦੋਜਹਿਦ ਵੀ ਕੀਤੀ। ਪਿਛਲੇ ਸਮੇਂ ਦੌਰਾਨ ਕਈ ਪ੍ਰੋਗਰਾਮ ਵੀ ਕਰਵਾਏ , ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੂੰ ਬਤੌਰ ਮੁੱਖ ਮਹਿਮਾਨ ਵੀ ਸਮਾਗਮਾ 'ਚ ਬੁਲਾਇਆ ਸੀ। ਪਰ ਨਵਜੋਤ ਸਿੱਧੂ ਨੇ ਪਹਿਲੇ ਦਿਨ ਤੋਂ ਹੀ ਸੱਤੀ ਨੂੰ ਅਹੁੱਦੇ ਤੋਂ ਲਾਂਭੇ ਕਰਨ ਦੀ ਠਾਣ ਰੱਖੀ ਸੀ। ਦਿਲਚਸਪ ਗੱਲ ਇਹ ਹੈ ਕਿ ਸਭਿਆਚਾਰ ਮੰਤਰੀ ਨਵਜੋਤ ਸਿੱਧੂ ਵਲੋਂ ਜਦੋਂ ਕਲਚਰ ਪਾਲਸੀ ਬਨਾਉਣ ਲਈ ਪਲੇਠੀ ਮੀਟਿੰਗ ਬੁਲਾਈ ਸੀ, ਉਸ ਵਿੱਚ ਸਤਿੰਦਰ ਸੱਤੀ ਨੂੰ ਮੀਟਿੰਗ ਤੌ ਦੂਰ ਰੱਖਿਆ ਸੀ। ਉਸੀ ਦਿਨ ਤੋਂ ਅੰਦਾਜਾਂ ਹੋ ਗਿਆ ਸੀ ਕਿ ਸੱਤੀ ਨੂੰ ਇਸ ਅਹੁੱਦੇ ਤੋਂ ਹਟਾ ਦਿੱਤਾ ਜਾਵੇਗਾ। 


ਕੈਪਟਨ ਦਾ ਪੰਜਾਬੀ ਸਾਹਿਤਕਾਰ ਨਾਲ ਅੰਗਰੇਜੀ ਮੋਹ
ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਦੀ ਉਨਤੀ ਲਈ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਦੇ ਭਿਸ਼ਮ ਪਿਤਾਮਾ, ਉਚ ਦੁਮਾਲੜੀ ਸ਼ਖ਼ਸੀਅਤ ਕਵੀ ਸੁਰਜੀਤ ਪਾਤਰ ਹੁਰਾਂ ਨੂੰ ਚੇਅਰਮੈਨ ਨਾਮਜ਼ਦ ਕਰਨ 'ਤੇ ਪੰਜਾਬੀ ਹਿਤੈਸ਼ੀਆਂ 'ਚ ਖੁਸ਼ੀ ਦੀ ਲਹਿਰ ਹੈ। ਪਰ, ਕੈਪਟਨ ਦੇ ਅੰਗਰੇਜੀ ਮੋਹ ਤੋਂ ਸਾਹਿਤਕਾਰ, ਪੰਜਾਬੀਆਂ ਹਿਤੈਸੀਆਂ ਨੂੰ ਡੂੰਘੀ ਸੱਟ ਲੱਗੀ ਹੈ। 
ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸ਼ਾਂਝ ਦਾ ਕਹਿਣਾ ਹੈ ਕਿ ਨਿੱਜੀ ਤੌਰ 'ਤੇ ਉਹ ਸੁਰਜੀਤ ਪਾਤਰ ਦੀ ਨਿਯੁਕਤੀ ਦਾ ਸਵਾਗਤ ਕਰਦੇ ਹਨ। ਦੁਸ਼ਾਂਝ ਨੇ ਕਿਹਾ ਕਿ ਅਜਿਹੇ ਸਿਰਮੌਰ ਸੰਸਥਾਵਾਂ 'ਤੇ ਅਜਿਹੇ ਸੁਲਝੇ ਹੋਏ, ਗਿਆਨਵਾਨ, ਬੁੱਧੀਜੀਵੀ ਵਿਅਕਤੀ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ, ਸਰਕਾਰ ਨੇ ਸਲਾਘਾਯੋਗ ਫੈਸਲਾ ਲਿਆ ਹੈ। ਪਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਸ ਅਦਾਰੇ ਜਿਸਨੇ ਪੰਜਾਬੀ ਸਾਹਿਤ, ਸੱਭਿਆਚਾਰ ਤੇ ਪੰਜਾਬੀ ਦੇ ਵਿਕਾਸ ਲਈ ਕੰਮ ਕਰਨਾ ਹੈ, ਦੇ ਚੇਅਰਮੈਨ ਨੂੰ ਅੰਗਰੇਜੀ ਭਾਸ਼ਾ ਵਿੱਚ ਨਿਯੁਕਤੀ ਪੱਤਰ ਦੇਣਾ ਸ਼ਰਮਨਾਕ ਗੱਲ ਹੈ। ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੀ ਪਹਿਲੀ ਤੇ ਸਰਕਾਰੀ ਭਾਸ਼ਾ ਪੰਜਾਬੀ ਹੈ। ਭਾਸ਼ਾ ਐਕਟ ਅਨੁਸਾਰ ਦਫਤਰਾਂ ਚ ਪੱਤਰ ਵਿਹਾਰ ਦਾ ਕੰਮ ਪੰਜਾਬੀ ਵਿਚ ਕਰਨਾ ਲਾਜ਼ਮੀ ਹੈ, ਪਰ ਖੁਦ ਮੁੱਖ ਮੰਤਰੀ ਵਲੋਂ ਪੰਜਾਬੀ ਨੂੰ ਵਿਸਾਰਨਾ ਪੰਜਾਬੀ ਬੋਲੀ ਦਾ ਅਪਮਾਨ ਹੈ। 

Friday, 1 September 2017

ਸੌਦਾ ਸਾਧ ਦੇ ਸਲਾਖਾਂ ਪਿੱਛੇ ਜਾਣ ਤੋਂ ਬਾਦ--ਸਿਆਸੀ ਆਗੂਆਂ ਨੇ ਵੱਟੀ ਚੁੱਪੀ,


 ਸੋਸ਼ਲ ਮੀਡੀਆਂ 'ਤੇ ਜੱਜ  ਦੀ ਹੋ ਰਹੀ ਹੈ ਰੱਜਵੀਂ ਤਾਰੀਫ਼
ਚੰਡੀਗੜ 31 ਅਗੱਸਤ, ( ਜੈ ਸਿੰਘ ਛਿੱਬਰ) : ਬਲਾਤਕਾਰ ਦੇ ਦੋਸ਼ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜੇਲ• ਦੀਆਂ ਸਲਾਖਾਂ 'ਚ ਬੰਦ ਹੋ ਗਿਆ ਹੈ। ਪੰਜਾਬ ਤੇ ਹਰਿਆਣਾ ਦੇ ਲੋਕ ਅਦਾਲਤ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਖੁੱਲ•ਕੇ ਸੋਸ਼ਲ ਮੀਡੀਆਂ ਤੇ ਸੱਥਾੱੰ ਵਿੱਚ ਡੇਰਾ ਮੁਖੀ ਖਿਲਾਫ ਬੋਲ ਰਹੇ ਹਨ। ਪਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਚੁੱਪੀ ਧਾਰੀ ਹੋਈ ਹੈ। ਕਾਂਗਰਸ, ਭਾਜਪਾ, ਇਨੈਲੋ ਤੇ ਅਕਾਲੀ ਦਲ ਦਾ ਕੋਈ ਵੀ ਆਗੂ ਡੇਰਾ ਮੁਖੀ ਖਿਲਾਫ ਖੁੱਲ•ਕੇ ਨਹੀਂ ਬੋਲ ਰਿਹਾ। ਇਥੋਂ ਤੱਕ ਕਿ ਤਾਜ਼ਾ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਵਲੋਂ ਖੁੱਲੇ ਤੌਰ 'ਤੇ ਅਕਾਲੀ ਭਾਜਪਾ ਗਠਜੋੜ ਦੀ ਹਮਾਇਤ ਕਰਦਿਆਂ ਕਾਂਗਰਸ ਦਾ ਵਿਰੋਧ ਕੀਤਾ ਸੀ। ਇਸਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਡੇਰਾ ਮੁਖੀ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ। ਦੋਵੇਂ ਆਗੂਆਂ ਨੇ ਪਿਛਲੇ ਦਿਨਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦਾਲਤ ਦੇ ਫੈਸਲੇ 'ਤੇ ਕੋਈ ਟਿਪਣੀ ਨਾ ਕਰਨ ਦੀ ਗੱਲ ਆਖਦਿਆਂ ਖਹਿੜਾ ਛੁਡਾ ਲਿਆ। ਭਾਜਪਾ ਲੀਡਰਸ਼ਿਪ 'ਤੇ ਤਾਂ ਪਹਿਲਾਂ ਹੀ ਡੇਰਾ ਮੁਖੀ ਦੀ ਹਮਾਇਤ ਕਰਨ ਦੇ ਦੋਸ਼ ਲੱਗ ਰਹੇ ਹਨ ਇਥੋ ਤੱਕ ਹਾਈਕੋਰਟ ਨੂੰ ਵੀ ਹਰਿਆਣਾ ਸਰਕਾਰ 'ਤੇ ਵੋਟਾਂ ਦੀ ਖਾਤਰ ਨਰਮੀ ਵਰਤਣ ਤੱਕ ਦੀ ਗੱਲ ਕਹਿਣੀ ਪਈ ਹੈ।
ਭਾਜਪਾ ਦੇ ਸਾਂਸਦ ਸਾਕਸ਼ੀ ਮਹਾਰਾਜ ਤੇ ਪੁਸ਼ਪਿੰਦਰ ਸਿੰਘ ਚੰਦੇਲ ਨੇ ਅਦਾਲਤ ਦੇ ਫੈਸਲੇ 'ਤੇ ਟਿਪਣੀ ਕਰਦਿਆਂ ਫੈਸਲੇ ਨੂੰ ਗਲਤ ਦੱਸਿਆ ਹੈ। ਸਾਕਸ਼ੀ ਮਹਾਰਾਜ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਅਦਾਲਤ ਇਕ ਵਿਅਕਤੀ ਦੀ ਸੁਣ ਰਹੀ ਹੈ ਕਰੋੜਾਂ ਭਗਤਾਂ ਦੀ ਨਹੀਂ ਸੁਣ ਰਹੀ।
ਸਿਰਫ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖੈਹਰਾ ਨੇ ਅੱਜ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ 'ਚ ਡੇਰੇ ਦੀ ਕਿਸੀ ਵੀ ਤਰ•ਾਂ ਦੀ ਮੱਦਦ ਨਾ ਲੈਣ ਦੀ ਗੱਲ ਆਖੀ ਹੈ। ਖੈਹਰਾ ਨੇ ਕਿਹਾ ਕਿ ਉਹ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਗੱਲ ਕਰਨਗੇ ਕਿ ਭਵਿੱਖ ਵਿੱਚ ਕਿਸੀ ਵੀ ਡੇਰੇ ਤੋਂ ਮੱਦਦ ਨਾ ਲਈ ਜਾਵੇ।

ਸੂਤਰ ਦੱਸਦੇ ਹਨ ਕਿ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂ ਚੁੱਪ ਰਹਿਣ 'ਚ ਭਲਾਈ ਸਮਝ ਰਹੇ ਹਨ। ਚਰਚਾ ਹੈ ਕਿ ਪੰਜਾਬ ਵਿੱਚ ਅਗਲੇ ਵਰ•ੇ ਹੋਣ ਵਾਲੀਆਂ ਪੰਚਾਇਤ ਚੋਣਾਂ ਅਤੇ ਨਗਰ ਨਿਗਮਾਂ, ਨਗਰ ਕੌਂਸਲਾਂ ਦੀਆਂ ਚੋਣਾਂ ਕਾਰਨ ਵੀ ਸਿਆਸੀ ਆਗੂਆਂ ਨੇ ਚੁੱਪੀ ਵੱਟ ਰੱਖੀ ਹੈ। ਕਈ ਆਗੂਆਂ ਨੇ ਆਪਣਾ ਨਾਮ ਗੁਪਤ ਰੱਖਣ 'ਤੇ ਦੱਸਿਆਂ ਕਿ ਬੇਸ਼ੱਕ ਡੇਰਾ ਮੁਖੀ ਨੂੰ ਜੇਲ• ਹੋ ਗਈ ਹੈ, ਪਰ ਡੇਰੇ ਦੇ ਪ੍ਰੇਮੀ ਜੋ ਆਮ ਵੋਟਰ ਹਨ, ਉਹ ਤਾਂ ਬਾਹਰ ਹਨ। ਅਦਾਲਤ ਨੇ ਡੇਰੇ ਨੂੰ ਜੇਲ• 'ਚ ਭੇਜ ਦਿੱਤਾ ਹੈ, ਫਿਰ ਬਿਨਾਂ ਵਜ•ਾ ਬਿਆਨਬਾਜੀ ਕਰਕੇ ਕਿਉਂ ਡੇਰਾ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਵੇ। ਜਦਕਿ ਸੋਸ਼ਲ ਮੀਡੀਆਂ 'ਤੇ ਲੋਕਾਂ ਵਲੋਂ ਡੇਰੇ ਮੁਖੀ ਤੇ ਉਸਦੀ ਮੂੰਹ ਬੋਲੀ ਭੈਣ ਹਨੀਪ੍ਰੀਤ ਦੇ ਖਿਲਾਫ ਰੱਜਕੇ ਭੜਾਸ ਕੱਢੀ ਜਾ ਰਹੀ ਹੈ।
Ñਸਿਆਸੀ ਆਗੂਆਂ ਵਲੋਂ ਚੁੱਪ ਰਹਿਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਵੱਖ ਵੱਖ ਚੋਣਾਂ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਮੱਦਦ ਲਈ ਡੇਰਾ ਮੁੱਖੀ ਅੱਗੇ ਸੀਸ ਝਕਾਉਂਦੇ ਰਹੇ ਹਨ। ਇਹਨਾਂ ਹਾਲਤਾਂ 'ਚ ਉਹ ਬੋਲਣ ਤੋਂ ਵੀ ਕਤਰਾ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਕੁੱਝ ਆਗੂ ਦੱਬੀ ਅਵਾਜ਼ ਖੁਸ਼ੀ ਵੀ ਜਤਾ ਰਹੇ ਹਨ। ਸਿਆਸੀ ਸੱਥਾਂ 'ਚ ਚਰਚਾ ਇਹ ਵੀ ਹੈ ਕਿ ਜੋ ਹੋਣਾ ਸੀ ਉਹ ਹੋ ਗਿਆ ਹੈ। ਹੁਣ ਗੱਲਬਾਤਾਂ ਜਾਂ ਬਿਆਨਬਾਜ਼ੀ ਨਾਲ ਮਾਹੌਲ ਖਰਾਬ ਕਰਨ ਤੋਂ ਬਚਿਆ ਜਾਵੇ। ਇਹੀ ਕਾਰਨ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮੂੰਹ ਨਹੀਂ ਖੋਲਿ•ਆ।
ਬਾਕਸ
ਜੱਜ ਦੀ ਹੋ ਰਹੀ ਰੱਜਵੀਂ ਤਾਰੀਫ਼
ਡੇਰਾ ਮੁਖੀ ਨੂੰ 20 ਸਾਲ ਲਈ ਜੇਲ• ਦੀਆਂ ਸਲਾਖਾਂ ਪਿੱਛੇ ਭੇਜਣ ਵਾਲੇ ਸੀਬੀਆਈ ਅਦਾਲਤ ਦੇ ਜੱਜ ਦੀਆਂ ਸੋਸ਼ਲ ਮੀਡੀਆਂ 'ਤੇ ਰੱਜਕੇ ਤਾਰੀਫਾਂ ਹੋ ਰਹੀਆਂ ਹਨ। ਕਈ ਲੋਕਾਂ ਨੇ ਫੇਸਬੁੱਕ , ਵਟਸਅਪ 'ਤੇ ਪ੍ਰੋਫਾਈਲ ਫੋਟੋ ਵੀ ਜੱਜ ਦੀ ਲਗਾ ਦਿੱਤੀ ਹੈ। ਡੇਰਾ ਪ੍ਰੇਮੀਆਂ 'ਚ ਗੁੱਸਾ ਹੈ ਕਿਸੇ ਕਿਸੇ ਨੇ ਰੋਸ ਜਤਾਉਂਦਿਆ ਗਲਤ ਫੈਸਲਾ ਵੀ ਦੱਸਿਆ ਹੈ। ਪਰ, ਜ਼ਿਆਦਾਤਰ ਲੋਕਾਂ ਵਲੋਂ ਜੱਜ ਦੀ ਰੱਜਵੀ ਤਾਰੀਫ਼ ਕੀਤੀ ਜਾ ਰਹੀ ਹੈ।