Sunday, 3 September 2017

ਸੱਤੀ ਦੇ ਖੰਭ ਕੁਤਰੇ, ਪਾਤਰ ਸੰਭਾਲਣਗੇ ਕਲਾ ਪ੍ਰੀਸ਼ਦ ਦੀ ਕਮਾਂਡ

ਆਖਰ ਉਹੀ ਹੋਇਆ ਜਿਸਦੀ ਉਮੀਦ ਸੀ---
ਚੰਡੀਗੜ   22 ਅਗਸਤ, ( ਜੈ ਸਿੰਘ ਛਿੱਬਰ) : ਆਖ਼ਰ ਉਹੀ ਹੋਇਆ ਜਿਸਦੀ ਉਮੀਦ ਸੀ। ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸ਼ੀਰਵਾਦ ਸਦਕਾ ਪੰਜਾਬ ਕਲ•ਾ ਪ੍ਰੀਸ਼ਦ ਦੇ ਅਹਿਮ ਅਹੁੱਦੇ ਤੋਂ ਬਿਰਾਜਮਾਨ ਹੋਈ ਉਘੀ ਐਂਕਰ ਸਤਿੰਦਰ ਸੱਤੀ ਨੂੰ ਲਾਂਭੇ ਕਰਦਿਆਂ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਨੂੰ ਕਲ•ਾ ਪ੍ਰੀਸਦ ਦਾ ਮੈਂਬਰ ਨਿਯੁਕਤ ਕਰ ਦਿੱਤਾ ਹੈ। ਵੈਸੇ ਵੀ ਸਿਆਸਤ ਦਾ ਦਸਤੂਰ ਹੈ ਕਿ ਸੱਤਾ ਪਲਟਣ ਤੋਂ ਬਾਅਦ ਸਿਆਸੀ ਮੇਹਰਬਾਨੀ ਵਾਲੀ ਕੁਰਸੀ 'ਤੇ ਸੱਤਾ ਧਿਰ ਬਹੁਤਾ ਚਿਰ ਵਿਰੋਧੀ ਨੂੰ ਟਿੱਕ ਕੇ ਬੈਠਣ ਨਹੀਂ ਦਿੰਦੀ। 
ਪੰਜਾਬ 'ਚ ਸੱਤਾ ਪਰਵਰਤਨ ਤੋਂ ਬਾਅਦ ਸਿਆਸੀ ਲਾਹਾ ਲੈਣ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਦੁਆਰਾ ਪੰਜਾਬ ਕਲਾ ਪ੍ਰੀਸ਼ਦ ਦੀ ਨਿਯੁਕਤ ਕੀਤੀ ਪ੍ਰਸਿੱਧ ਐਂਕਰ ਸਤਿੰਦਰ ਸੱਤੀ ਨੂੰ ਚੇਅਰਪਰਸਨ ਦੇ ਅਹੁੱਦੇ ਤੋਂ ਹਟਾਉਣ ਲਈ ਪੰਜਾਬੀ ਸਾਹਿਤ ਦੀ ਉਚ ਦੁਮਾਲੜੀ ਸ਼ਖ਼ਸੀਅਤ ਸੁਰਜੀਤ ਪਾਤਰ ਨੂੰ ਕੌਂਸਲ ਦਾ ਚੇਅਰਮੈਨ ਨਾਮਜਦ ਕਰ ਦਿੱਤਾ ਹੈ। 
ਹਾਲਾਂਕਿ ਸੁਰਜੀਤ ਪਾਤਰ ਨੂੰ ਰਸਮੀ ਤੌਰ 'ਤੇ ਕੌਂਸਲ ਦੀ ਹੋਣ ਵਾਲੀ ਮੀਟਿੰਗ ਵਿੱਚ ਚੇਅਰਮੈਨ ਚੁਣਿਆ ਜਾਵੇਗਾ, ਪਰ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਖੁਦ ਸੁਰਜੀਤ ਪਾਤਰ ਦੇ ਲੁਧਿਆਣਾ ਘਰ ਪਹੁੰਚਕੇ ਉਹਨਾਂ ਨੂੰ ਕੌਂਸਲ ਦਾ ਚੇਅਰਮੈਨ ਨਾਮਜਦ ਕਰਨ ਵਾਲਾ ਪੱਤਰ ਸੌਂਪ ਦਿੱਤਾ ਹੈ। 
ਦਰਅਸਲ ਵੋਟਾਂ ਦੀ ਘੋਸ਼ਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਖਾਸਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਹਿਤਕ ਤੇ ਕਲਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਲਈ ਸਤਿੰਦਰ ਸੱਤੀ ਨੂੰ ਪੰਜਾਬ ਕਲ•ਾ ਪ੍ਰੀਸ਼ਦ ਦੀ ਅਹਿਮ ਜ਼ਿਮੇਵਾਰੀ ਦਿੱਤੀ ਸੀ। ਸੱਤੀ ਦੀ ਨਿਯੁਕਤੀ 'ਤੇ ਉਸ ਵਕਤ ਹੀ ਪੰਜਾਬ ਦੇ ਸਾਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ ਨੇ ਵਿਰੋਧ ਦਰਜ ਕਰਵਾਇਆ ਸੀ। ਅਕਾਲੀ ਭਾਜਪਾ ਸਰਕਾਰ ਨੂੰ ਇਸਦਾ ਲਾਭ ਹੋਣ ਦੀ ਬਜਾਏ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਲਟਾ ਸਤਿੰਦਰ ਸੱਤੀ 'ਤੇ ਅਕਾਲੀ ਹੋਣ ਦੀ “ਅਕਾਲੀ” ਹੋਣ ਦੀ ਮੋਹਰ ਲੱਗ ਗਈ। 
ਬੁੱਧੀਜੀਵੀਆਂ ਦੀ ਦਲੀਲ ਸੀ ਕਿ ਸਤਿੰਦਰ ਸੱਤੀ ਕੌਂਸਲ ਦੀ ਚੇਅਰਪਰਸਨ ਬਣਨ ਦੇ ਅਹੁੱਦੇ ਦੇ ਹਾਣ ਦੀ ਨਹੀਂ ਹੈ, ਕਿਉਂਕਿ ਇਸ ਅਹੁੱਦੇ 'ਤੇ ਵੱਡੇ ਬੁੱਧੀਜੀਵੀ ਡਾ ਐਮ.ਐਸ ਰੰਧਾਵਾ, ਡਾ ਹਰਚਰਨ ਸਿੰਘ, ਗੁਲਜਾਰ ਸਿੰਘ ਸੰਧੂ, ਆਦਿ ਚੇਅਰਮੈਨ ਰਹਿ ਚੁੱਕੇ ਹਨ। 
ਸੂਤਰ ਦੱਸਦੇ ਹਨ ਕਿ ਸਤਿੰਦਰ ਸੱਤੀ ਨੇ  ਆਪਣੀ ਕੁਰਸੀ ਬਚਾਉਣ ਲਈ ਕਾਫੀ ਜਦੋਜਹਿਦ ਵੀ ਕੀਤੀ। ਪਿਛਲੇ ਸਮੇਂ ਦੌਰਾਨ ਕਈ ਪ੍ਰੋਗਰਾਮ ਵੀ ਕਰਵਾਏ , ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੂੰ ਬਤੌਰ ਮੁੱਖ ਮਹਿਮਾਨ ਵੀ ਸਮਾਗਮਾ 'ਚ ਬੁਲਾਇਆ ਸੀ। ਪਰ ਨਵਜੋਤ ਸਿੱਧੂ ਨੇ ਪਹਿਲੇ ਦਿਨ ਤੋਂ ਹੀ ਸੱਤੀ ਨੂੰ ਅਹੁੱਦੇ ਤੋਂ ਲਾਂਭੇ ਕਰਨ ਦੀ ਠਾਣ ਰੱਖੀ ਸੀ। ਦਿਲਚਸਪ ਗੱਲ ਇਹ ਹੈ ਕਿ ਸਭਿਆਚਾਰ ਮੰਤਰੀ ਨਵਜੋਤ ਸਿੱਧੂ ਵਲੋਂ ਜਦੋਂ ਕਲਚਰ ਪਾਲਸੀ ਬਨਾਉਣ ਲਈ ਪਲੇਠੀ ਮੀਟਿੰਗ ਬੁਲਾਈ ਸੀ, ਉਸ ਵਿੱਚ ਸਤਿੰਦਰ ਸੱਤੀ ਨੂੰ ਮੀਟਿੰਗ ਤੌ ਦੂਰ ਰੱਖਿਆ ਸੀ। ਉਸੀ ਦਿਨ ਤੋਂ ਅੰਦਾਜਾਂ ਹੋ ਗਿਆ ਸੀ ਕਿ ਸੱਤੀ ਨੂੰ ਇਸ ਅਹੁੱਦੇ ਤੋਂ ਹਟਾ ਦਿੱਤਾ ਜਾਵੇਗਾ। 


ਕੈਪਟਨ ਦਾ ਪੰਜਾਬੀ ਸਾਹਿਤਕਾਰ ਨਾਲ ਅੰਗਰੇਜੀ ਮੋਹ
ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਦੀ ਉਨਤੀ ਲਈ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਦੇ ਭਿਸ਼ਮ ਪਿਤਾਮਾ, ਉਚ ਦੁਮਾਲੜੀ ਸ਼ਖ਼ਸੀਅਤ ਕਵੀ ਸੁਰਜੀਤ ਪਾਤਰ ਹੁਰਾਂ ਨੂੰ ਚੇਅਰਮੈਨ ਨਾਮਜ਼ਦ ਕਰਨ 'ਤੇ ਪੰਜਾਬੀ ਹਿਤੈਸ਼ੀਆਂ 'ਚ ਖੁਸ਼ੀ ਦੀ ਲਹਿਰ ਹੈ। ਪਰ, ਕੈਪਟਨ ਦੇ ਅੰਗਰੇਜੀ ਮੋਹ ਤੋਂ ਸਾਹਿਤਕਾਰ, ਪੰਜਾਬੀਆਂ ਹਿਤੈਸੀਆਂ ਨੂੰ ਡੂੰਘੀ ਸੱਟ ਲੱਗੀ ਹੈ। 
ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸ਼ਾਂਝ ਦਾ ਕਹਿਣਾ ਹੈ ਕਿ ਨਿੱਜੀ ਤੌਰ 'ਤੇ ਉਹ ਸੁਰਜੀਤ ਪਾਤਰ ਦੀ ਨਿਯੁਕਤੀ ਦਾ ਸਵਾਗਤ ਕਰਦੇ ਹਨ। ਦੁਸ਼ਾਂਝ ਨੇ ਕਿਹਾ ਕਿ ਅਜਿਹੇ ਸਿਰਮੌਰ ਸੰਸਥਾਵਾਂ 'ਤੇ ਅਜਿਹੇ ਸੁਲਝੇ ਹੋਏ, ਗਿਆਨਵਾਨ, ਬੁੱਧੀਜੀਵੀ ਵਿਅਕਤੀ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ, ਸਰਕਾਰ ਨੇ ਸਲਾਘਾਯੋਗ ਫੈਸਲਾ ਲਿਆ ਹੈ। ਪਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਸ ਅਦਾਰੇ ਜਿਸਨੇ ਪੰਜਾਬੀ ਸਾਹਿਤ, ਸੱਭਿਆਚਾਰ ਤੇ ਪੰਜਾਬੀ ਦੇ ਵਿਕਾਸ ਲਈ ਕੰਮ ਕਰਨਾ ਹੈ, ਦੇ ਚੇਅਰਮੈਨ ਨੂੰ ਅੰਗਰੇਜੀ ਭਾਸ਼ਾ ਵਿੱਚ ਨਿਯੁਕਤੀ ਪੱਤਰ ਦੇਣਾ ਸ਼ਰਮਨਾਕ ਗੱਲ ਹੈ। ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੀ ਪਹਿਲੀ ਤੇ ਸਰਕਾਰੀ ਭਾਸ਼ਾ ਪੰਜਾਬੀ ਹੈ। ਭਾਸ਼ਾ ਐਕਟ ਅਨੁਸਾਰ ਦਫਤਰਾਂ ਚ ਪੱਤਰ ਵਿਹਾਰ ਦਾ ਕੰਮ ਪੰਜਾਬੀ ਵਿਚ ਕਰਨਾ ਲਾਜ਼ਮੀ ਹੈ, ਪਰ ਖੁਦ ਮੁੱਖ ਮੰਤਰੀ ਵਲੋਂ ਪੰਜਾਬੀ ਨੂੰ ਵਿਸਾਰਨਾ ਪੰਜਾਬੀ ਬੋਲੀ ਦਾ ਅਪਮਾਨ ਹੈ। 

No comments:

Post a Comment