Sunday, 27 November 2016

ਪ੍ਰਗਟ ਸਿੰਘ ਤੇ ਨਵਜੋਤ ਸਿੱਧੂ ਅੱਜ ਫੜਨਗੇ ਕਾਂਗਰਸ ਦਾ ਹੱਥ



ਰਾਹੁਲ ਦੀ ਅਗਵਾਈ 'ਚ ਦਿੱਲੀ ਵਿਖੇ ਆਯੋਜਿਤ ਸਮਾਰੋਹ ਦੌਰਾਨ ਹੋਣਗੇ ਕਾਂਗਰਸ 'ਚ ਸ਼ਾਮਲ
ਚੰਡੀਗੜ 27 ਨਵੰਬਰ ( ਜੈ ਸਿੰਘ ਛਿੱਬਰ) : ਜਲੰਧਰ ਤੋਂ ਵਿਧਾਇਕ ਅਤੇ ਉਲੰਪੀਅਨ ਪ੍ਰਗਟ ਸਿੰਘ ਅਤੇ ਅੰਮ੍ਰਿਤਸਰ ਤੋਂ ਭਾਜਪਾ ਦੀ ਵਿਧਾਇਕ ਡਾ ਨਵਜੋਤ ਕੌਰ ਸਿੱਧੂ ਸੋਮਵਾਰ ਨੂੰ ਦਿੱਲੀ ਵਿਖੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰਨਾਂ ਆਗੂਆਂ ਦੀ ਹਾਜ਼ਰੀ ਵਿੱਚ ਰਸਮੀ ਤੌਰ 'ਤੇ ਕਾਂਗਰਸ ਦਾ “ਹੱਥ” ਫੜਨਗੇ।
ਵਿਧਾਇਕ ਪ੍ਰਗਟ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹੈ।
ਜਿਕਰਯੋਗ ਹੈ ਕਿ ਅਕਾਲੀ ਦਲ ਨੂੰ ਅਲਵਿਦਾ ਕਹਿਣ ਉਪਰੰਤ ਪ੍ਰਗਟ ਸਿੰਘ ਨੇ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਸਾਬਕਾ ਸਾਂਸਦ ਨਵਜੋਤ ਸਿੱਧੂ ਦੀ ਅਗਵਾਈ ਹੇਠ ਬੈਂਸ ਭਰਾਵਾਂ ਨਾਲ ਮਿਲਕੇ ਆਵਾਜ ਏ ਪੰਜਾਬ ਵਿੱਚ ਸ਼ਮੂਲੀਅਤ ਕੀਤੀ ਸੀ। ਅਵਾਜ ਏ ਪੰਜਾਬ ਗਠਿਤ ਹੋਣ ਤੋਂ ਬਾਅਦ ਕਾਂਗਰਸ ਤੇ ਆਪ ਨਾਲ ਗਠਜੋੜ ਜਾਂ ਸ਼ਾਮਲ ਹੋਣ ਨੂੰ ਲੈ ਕੇ ਅਕਸਰ ਸਿਆਸੀ ਖਬਰਾਂ ਦੇ ਤੜਕੇ ਲੱਗਦੇ ਰਹੇ। ਆਖਰ ਬੈਂਸ ਭਰਾਵਾਂ ਨੇ ਪਿਛਲੇ ਹਫਤੇ ਆਮ ਆਦਮੀ ਪਾਰਟੀ ਨਾਲ ਚੋਣ ਗੱਠਜੋੜ ਕਰ ਲਿਆ ਸੀ। ਇਸਤੋਂ ਬਾਅਦ ਪ੍ਰਗਟ ਸਿੰਘ ਕੋਲ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਿਨਾ ਕੋਈ ਰਸਤਾ ਨਹੀਂ ਬਚਿਆ। ਇਸੀ ਤਰ•ਾਂ ਭਾਜਪਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਵੀ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਖਿਲਾਫ ਮੋਰਚਾ ਖੋਲ• ਰੱਖਿਆ ਸੀ। ਬੈਂਸ ਭਰਾਵਾਂ ਵਲੋਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੋਂ ਬਾਅਦ ਪ੍ਰਗਟ ਸਿੰਘ ਤੇ ਨਵਜੋਤ ਸਿੱਧੂ ਵਲੋਂ ਬੀਤੇ ਦਿਨ ਦਿੱਲੀ ਵਿਖੇ ਰਾਹੁਲ ਗਾਂਧੀ ਤੇ ਹੋਰਨਾਂ ਆਗੂਆਂ ਨਾਲ ਮੁਲਾਕਾਤ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਦੋਵੇ ਆਗੂਆਂ ਦੀ 28 ਨਵੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖ਼ਬਰ ਨਸ਼ਰ ਕੀਤੀ ਸੀ।
ਇਸਤੋਂ  ਪਹਿਲਾਂ ਅੰਮ੍ਰਿਤਸਰ ਤੋਂ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਅਤੇ ਸਾਬਾਕ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਜਦੋਂ ਕਿ ਬਾਘਾ ਪੁਰਾਣਾ ਤੋਂ ਵਿਧਾਇਕ ਮਹੇਸ਼ਇੰਦਰ ਸਿੰਘ ਅਤੇ ਫਿਲੋਰ ਤੋ ੰਵਿਧਾਇਕ ਅਵਿਨਾਸ਼ ਚੰਦਰ ਅਕਾਲੀ ਦਲ ਤੋਂ ਅਸਤੀਫਾ ਦੇ ਚੁੱਕੇ ਹਨ।

ਨਾਭਾ ਜੇਲ ਮਾਮਲਾ-------- ਏਡੀਜੀਪੀ ਮੁਅੱਤਲ, ਜੇਲ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੌਕਰੀ ਤੋਂ ਬਰਖਾਸਤ

  ਰੋਹਿਤ ਚੌਧਰੀ ਹੋਣਗੇ ਏਡੀਜੀਪੀ ਬਣਾਏ
   ਵਧੀਕ ਮੁੱਖ ਸਕੱਤਰ (ਗ੍ਰਹਿ) ਦੀ ਅਗਵਾਈ ਹੇਠ ਜਾਂਚ ਕਮੇਟੀ ਗਠਿਤ
ਕੈਦੀਆਂ ਦੀ ਜਾਣਕਾਰੀ ਦੇਣ ਵਾਲੇ ਨੂੰ 25 ਲੱਖ ਰੁਪਏ ਦਾ ਮਿਲੇਗਾ ਇਨਾਮ
ਚੰਡੀਗੜ27 ਨਵੰਬਰ ( ਜੈ ਸਿੰਘ ਛਿੱਬਰ) : ਅਤਿ ਸੁਰੱਖਿਆ ਵਾਲੀ ਨਾਭਾ ਜੇਲ• ਵਿਚੋਂ , ਫ਼ਿਲਮੀ ਸਟਾਇਲ ਨਾਲ ਪੁਲਿਸ ਵਰਦੀ 'ਚ ਕੁੱਝ ਵਿਅਕਤੀਆਂ ਵਲੋਂ ਖਾਲਿਸਤਾਨੀ ਸਮਰਥਕ ਅਤੇ ਕੁੱਝ ਗੈਂਗਸਟਰਾਂ ਨੂੰ ਛਡਾਉਣ ਦੀ ਘਟਨਾਂ ਨੇ ਪੰਜਾਬ ਪੁਲਿਸ ਅਤੇ ਜੇਲ•ਾਂ  ਦੀ ਸੁਰੱਖਿਆਂ ਵਿਵਸਥਾਂ 'ਤੇ ਸਵਾਲੀਆਂ ਨਿਸ਼ਾਨ ਲਗਾ ਦਿੱਤਾ ਹੈ। ਪੰਜਾਬ ਸਰਕਾਰ ਨੇ ਘਟਨਾਂ ਤੋਂ ਤੁਰੰਤ ਬਾਦ ਜਿਥੇ ਸੂਬੇ ਅੰਦਰ ਅਤਿ ਸੁਰੱਖਿਆ ਚੌਕਸੀ ( ਰੈਡ ਅਲਰਟ) ਵਰਤਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਉਥੇ ਏ.ਡੀ.ਜੀ.ਪੀ ਜੇਲਾਂ ਐਮ,ਕੇ ਤਿਵਾੜੀ ਨੂੰ ਮੁਅਤਲ ਕਰਦੇ ਹੋਏ , ਉਹਨਾਂ ਦੀ ਜਗਾ ਰੋਹਿਤ ਚੌਧਰੀ ਨੂੰ ਏ.ਡੀ.ਜੀ.ਪੀ ਜੇਲ• ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਜੇਲ• ਦੇ ਸੁਪਰਡੈਂਟ ਪਰਮਜੀਤ ਸਿੰਘ ਸੰਧੂ ਅਤੇ ਡਿਪਟੀ ਜੇਲ• ਸੁਪਰਡੈਂਟ ਕਰਨਦੀਪ ਸਿੰਘ ਸੰਧੂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ  ਅਤੇ  ਸ੍ਰੀ ਐਸ. ਭੂਪਤੀ, ਆਈ.ਪੀ.ਐਸ ਨੂੰ ਨਾਭਾ ਜੇਲ• ਦਾ ਸੁਪਰਡੈਂਟ ਤਾਇਨਾਤ ਕੀਤਾ ਗਿਆ ਹੈ।
ਘਟਨਾਂ ਤੋਂ ਬਾਦ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਵੇਰੇ ਸਿਵਲ, ਪੁਲਿਸ ਅਤੇ ਖੂਫੀਆ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਸਰਕਾਰ ਨੇ ਨਾਭਾ ਘਟਨਾ ਤੋਂ ਉਪਜੇ ਹਾਲਾਤਾਂ ਨੂੰ ਦੇਖਦੇ ਹੋਏ ਅਹਿਮ ਕਦਮ ਉਠਾਉਂਦੇ ਹੋਏ ਜਿਥੇ ਅਧਿਕਾਰੀਆਂ 'ਤੇ ਗਾਜ ਗਿਰਾ ਦਿੱਤੀ, ਉਥੇ ਸੂਬੇ ਭਰ ਵਿਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਜੇਲ•ਾਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਇਸੀ ਤਰ•ਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਨਾਭਾ ਜੇਲ• ਤੋੜਨ ਸਬੰਧੀ ਵਾਪਰੀ ਘਟਨਾ ਬਾਰੇ ਜਾਣੂ ਕਰਵਾਉਂਦਿਆਂ ਦੋਸ਼ੀਆਂ ਨੂੰ ਫੜਣ ਸਬੰਧੀ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਸਰਕਾਰ ਨੇ ਵਧੀਕ ਮੁੱਖ ਸਕੱਤਰ (ਗ੍ਰਹਿ) ਸ੍ਰੀ ਜਗਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਇੱਕ ਜਾਂਚ ਕਮੇਟੀ ਗਠਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਜੋ ਕਿ ਜੇਲ• ਤੋੜਨ ਦੀ ਘਟਨਾ ਵਿਚਲੀਆਂ ਉਣਤਾਈਆਂ ਨੂੰ ਘੋਖੇਗੀ।        ਇਸੇ ਦੌਰਾਨ ਹੀ ਸੂਬਾ ਸਰਕਾਰ ਨੇ ਜੇਲ• ਤੋੜ ਕੇ ਭੱਜੇ ਛੇ ਕੈਦੀਆਂ ਦੀ ਗ੍ਰਿਫਤਾਰੀ ਲਈ ਸੂਚਨਾ ਮੁਹੱਈਆ ਕਰਵਾਉਣ ਵਾਲੇ ਵਿਅਕਤੀ ਨੂੰ 25 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਦਾ ਗਠਨ ਕਰ ਦਿੱਤਾ ਹੈ ਜਿਸ ਦੇ ਮੁੱਖੀ ਇੰਟਰਨਲ ਵਿਜੀਲੈਂਸ ਸੈਲ ਦੇ ਏ.ਡੀ.ਜੀ.ਪੀ ਸ੍ਰੀ ਪ੍ਰਬੋਧ ਕੁਮਾਰ ਹੋਣਗੇ। ਸ੍ਰੀ ਪਰਮਰਾਜ ਸਿੰਘ, ਆਈ.ਜੀ.ਪੀ./ਪਟਿਆਲਾ ਜੋਨ, ਸ੍ਰੀ ਇਸ਼ਵਰ ਸਿੰਘ, ਆਈ.ਜੀ.ਪੀ, ਸ੍ਰੀ ਨਿਲਾਭ ਕਿਸ਼ੋਰ, ਆਈ.ਜੀ./ਕਾਊਂਟਰ ਇੰਟੈਲੀਜੈਂਸ, ਸ੍ਰੀ ਅਮਰ ਸਿੰਘ ਚਾਹਲ, ਡੀ.ਆਈ.ਜੀ./ਪਟਿਆਲਾ ਰੇਂਜ ਅਤੇ ਸ੍ਰੀ ਗੁਰਮੀਤ ਚੌਹਾਨ, ਐਸ.ਐਸ.ਪੀ ਪਟਿਆਲਾ ਇਸ ਦੇ ਮੈਂਬਰ ਹੋਣਗੇ।

ਦਲ ਬਦਲੂਆਂ ਨੂੰ ਟਿਕਟਾਂ ਦੇਣ 'ਤੇ ਕਾਂਗਰਸ 'ਚ ਪਿਆ ਰੱਫੜ


ਨਵੇਂ ਕਾਂਗਰਸੀ ਤੇ ਟਕਸਾਲੀ ਕੇਂਦਰੀ ਆਗੂਆਂ ਕੋਲ ਲਾਬਿੰਗ ਕਰਨ ਲੱਗੇ
ਦੂਲੋਂ ਅਤੇ ਬਾਜਵਾ ਵਲੋਂ ਕਾਂਗਰਸੀ ਪਿਛੋਕੜ ਵਾਲਿਆਂ ਨੂੰ ਟਿਕਟਾਂ ਦੇਣ ਦੀ ਵਕਾਲਤ
ਚੰਡੀਗੜ27 ਨਵੰਬਰ ( ਜੈ ਸਿੰਘ ਛਿੱਬਰ) : “ਤੱਕੜੀ - ਫੁੱਲ” ਛੱਡਕੇ “ਹੱਥ-ਪੰਜਾ” ਫੜਨ  ਵਾਲਿਆਂ ਨੂੰ ਕਾਂਗਰਸੀ ਲੰਗੋਟਾ ਲਾ ਕੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਸਿਆਸੀ ਅਖਾੜੇ ਵਿੱਚ ਭੇਜਣ 'ਤੇ ਕਾਂਗਰਸ ਅੰਦਰ ਕਾਫੀ ਰੱਫੜ ਪਿਆ ਹੋਇਆ ਹੈ। ਕਾਂਗਰਸ ਦਾ ਇੱਕ ਧੜਾ ਸਰਕਾਰ ਬਨਾਉਣ ਲਈ ਜਿੱਤਣ ਵਾਲਿਆਂ ਨੂੰ ਟਿਕਟ ਦੇਣ ਦੀ ਵਕਾਲਤ ਕਰ ਰਿਹਾ ਹੈ ਅਤੇ ਦੂਜਾ ਧੜਾ ਦਲ ਬਦਲੂਆਂ ਨੂੰ ਟਿਕਟਾਂ ਦੇ ਕੇ ਕਾਂਗਰਸ 'ਚ ਬਗਾਵਤ ਹੋਣ ਅਤੇ ਸਾਲ 2012 ਵਾਲਾ ਇਤਿਹਾਸ ਬਣਨ ਅਤੇ ਟਕਸਾਲੀ ਕਾਂਗਰਸੀਆਂ ਦਾ ਮਨੋਬਲ ਡਿੱਗਣ ਦੀਆਂ ਦਲੀਲਾਂ ਦੇ ਰਿਹਾ ਹੈ। ਦਲਬਦਲੂਆਂ ਦੀ ਬਜਾਏ ਟਕਸਾਲੀ, ਵਫਾਦਾਰ, ਪਾਰਟੀ ਦੀ ਰੀੜ ਦੀ ਹੱਡੀ ਵਜੋਂ ਜਾਣੇ ਜਾਂਦੇ ਦਲਿਤਾਂ, ਹਿੰਦੂਆਂ ਤੇ ਪਿਛੜੀ ਸ੍ਰੇਣੀ ਨਾਲ ਸਬੰਧਿਤ ਆਗੂਆਂ ਨੂੰ ਟਿਕਟਾਂ ਦੇਣ ਦੀ ਵਕਾਲਤ ਭਾਵੇਂ ਦੋ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋਂ ਕਰ ਰਹੇ ਹਨ। ਪਰ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਦਾ ਇਕ ਧੜੇ ਅਤੇ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਦਾ ਵੀ ਬਾਜਵਾ ਤੇ ਦੂਲੋਂ ਨੂੰ ਦਲਬਦਲੂਆਂ ਨੂੰ ਟਿਕਟ ਨਾ ਦੇਣ ਦੇ ਮਾਮਲੇਂ ਵਿੱਚ ਗੁਪਚੁੱਪ ਸਮਰਥਨ ਹੈ। ਫ਼ਰਕ ਐਨਾਂ ਕਿ ਟਿਕਟ ਲੈਣ ਦੀ ਉਮੀਦ 'ਚ ਪੰਜਾਬ ਕਾਂਗਰਸ ਦੇ ਆਗੂਆਂ ਨੇ ਚੁੱਪ ਰਹਿਣ 'ਚ ਬੇਹਤਰੀ ਸਮਝੀ ਹੈ।
ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਨਵੇਂ ਨਵੇਂ ਬਣੇ ਕਾਂਗਰਸੀ ਅਤੇ ਟਿਕਟ ਕੱਟਣ ਤੋਂ ਡਰੇ ਕਈ ਕਾਂਗਰਸੀ ਆਗੂ ਦਿੱਲੀ ਵਿੱਚ ਕੇਂਦਰੀ ਆਗੂਆਂ ਕੋਲ• ਲਾਬਿੰਗ ਕਰਨ ਲੱਗੇ ਹੋਏ ਹਨ ਅਤੇ ਉਹਨਾਂ ਦਾ ਹੱਕ ਨਾ ਮਾਰਨ ਦੀਆਂ ਅਪੀਲਾਂ ਕਰ ਰਹੇ ਹਨ।
ਸੂਤਰ ਦੱਸਦੇ ਹਨ ਕਿ ਜਿਹੜੇ ਕਾਂਗਰਸੀ ਆਗੂਆਂ ਨੂੰ ਟਿਕਟ ਕੱਟੇ ਜਾਣ ਦਾ ਡਰ ਹੈ, ਉਹ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਨੌ ਸਾਲਾਂ ਦੌਰਾਨ ਅਕਾਲੀ ਆਗੂਆਂ ਵਲੋਂ ਪੁਲਿਸ ਦੇ ਜਰਿਏ ਕਾਂਗਰਸੀਆਂ 'ਤੇ ਕੀਤੇ ਗਏ ਤਸੱਸ਼ਦ ਅਤੇ ਡਰੱਗ ਮਾਫੀਆਂ ਨਾਲ ਸਬੰਧਿਤ ਸਮੇਂ ਸਮੇਂ ਆਈਆਂ ਤਸਵੀਰਾਂ ਤੇ ਖ਼ਬਰਾਂ ਵੀ ਪੇਸ਼ ਕਰ ਚੁੱਕੇ  ਹਨ। ਦੱਸਿਆਂ ਇਹ ਵੀ ਜਾਂਦਾ ਹੈ ਕਿ ਫਿਲੌਰ ਤੋ ਵਿਧਾਇਕ ਅਵਿਨਾਸ਼ ਚੰਦਰ ਦੀ ਕਾਂਗਰਸ ਵਿੱਚ ਐਂਟਰੀ ਵੀ ਉਹਨਾਂ ਕੋਲੋ ਈ.ਡੀ ਕੋਲੋ ਕੀਤੀ ਗਈ ਪੁੱਛਗਿੱਛ ਤੇ ਨਸ਼ੇ ਦੇ ਤਸਕਰ ਗਾਬਾ ਨਾਲ ਸੰਬੰਧ ਹੋਣ ਕਰਕੇ, ਕਾਂਗਰਸ ਹਾਈਕਮਾਨ ਦੇ ਇਸ਼ਾਰੇ ਤੋਂ ਬਾਦ ਹੀ ਰੋਕੀ ਗਈ ਹੈ।
ਕਈ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਨੌ ਸਾਲਾਂ ਤੋਂ ਅਕਾਲੀਆਂ ਦਾ ਜਬਰ ਜੁਲਮ ਸ਼ਹਿਣ ਕਰ ਰਹੇ ਹਨ,. ਇਸਤਰ•ਾਂ ਹੁਣ ਫਿਰ ਅਕਾਲੀ ਪਿਛੋਕੜ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਤਾਂ ਕਾਂਗਰਸੀਆਂ ਦਾ ਮਨੋਬਲ ਡਿੱਗੇਗਾ।
ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਛੱਡਕੇ ਆਏ ਸਾਰੇ ਵਿਧਾਇਕਾਂ ਜਾਂ ਆਗੂਆਂ ਨੂੰ ਫਿਰ ਤੋਂ ਟਿਕਟਾਂ ਦਿੱਤੀਆਂ ਗਈਆਂ ਤਾਂ ਕਾਂਗਰਸ ਵਿੱਚ ਵੀ ਬਗਾਵਤੀ ਸੁਰਾਂ ਉਠਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

Friday, 25 November 2016

ਟਿਕਟ ਦੇ ਇਛੁਕ17ਯੂਥ ਕਾਂਗਰਸ ਆਗੂਆਂ ਦੀ ਦਿੱਲੀ ਵਿੱਚ ਹੋਈ ਇੰਟਰਵਿਊ


ਰਾਹੁਲ ਗਾਂਧੀ ਯੂਥ ਆਗੂਆਂ ਨੂੰ ਦੇ ਰਹੇ ਵੱਧ ਤਵੱਜੋ
ਸਕਰੀਨਿੰਗ ਕਮੇਟੀ ਦੀ ਹੋਈ ਦਿੱਲੀ ਵਿੱਚ ਦੋ ਦਿਨਾਂ ਬੈਠਕ
ਚੰਡੀਗੜ•, 24 ਨਵੰਬਰ ( ਜੈ ਸਿੰਘ ਛਿੱਬਰ) : ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੀ ਟਿਕਟ ਲੈਣ ਲਈ ਨੌਜਵਾਨਾਂ ਨੇ ਕਾਫੀ ਮਜਬੂਤ ਦਾਅਵੇਦਾਰੀ ਜਤਾਈ  ਹੈ। ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਚੋਣ ਯੁੱਧ ਵਿੱਚ ਨੌਜਵਾਨ ਬ੍ਰਿਗੇਡ ਨੂੰ 40 ਤੋਂ 45 ਸੀਟਾਂ ਦੇਣ ਦਾ ਐਲਾਨ ਕਰ ਚੁੱਕੇ ਹਨ।
ਯੂਥ ਕਾਂਗਰਸ ਦੇ ਕੋਟੇ ਦੀ ਟਿਕਟ ਲੈਣ ਦੇ ਦਾਅਵੇਦਾਰਾਂ ਦੀ ਵੀਰਵਾਰ ਨੂੰ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸੋਕ ਗਹਿਲੋਤ ਦੀ ਪ੍ਰਧਾਨਗੀ ਹੇਠ ਅੱੱਜ ਦੂਸਰੇ ਦਿਨ ਵੀਰਵਾਰ ਨੂੰ ਇੰਟਰਵਿਊ ਲਈ ਗਈ। ਜਾਣਕਾਰੀ ਮੁਤਾਬਕ ਯੂਥ ਕਾਂਗਰਸ ਦੇ ਦਫਤਰ ਸੰਗਠਨ ਦੇ ਉਪ ਪ੍ਰਧਾਨ ਸੂਰਜ ਹੈਗੜੇ ਨੇ ਪੰਜਾਬ ਵਿੱਚ ਯੂਥ ਕਾਂਗਰਸ ਦੇ ਕੋਟੋ ਵਿਚੋਂ ਵਿਧਾਨ ਸਭਾ ਟਿਕਟ ਲਈ 17 ਦਾਅਵੇਦਾਰਾਂ ਦੀ ਇੰਟਰਵਿਊ ਲਈ ਗਈ। ਇਸੀ ਦੌਰਾਨ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਰਾਹੁਲ ਗਾਂਧੀ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਕ੍ਰਿਸ਼ਨਾ ਵੀ ਮੌਜੂਦ ਸਨ।
ਰਾਜਾ ਵੜਿੰਗ ਖੁਦ ਪੰਜਾਬ ਨਾਲੋ ਤਾਲੁਕ ਰੱਖਦੇ ਹਨ ਤੇ ਇਸ ਸਮੇਂ ਗਿੱਦੜਬਾਹਾਂ ਤੋ ਵਿਧਾਇਕ ਹਨ। ਪੰਜਾਬ ਟਿਕਟ ਲਈ ਦਰਖਾਸਤ ਦੇਣ ਵਾਲਿਆਂ ਵਿੱਚ ਮੁਕਤਸਰ ਤੋਂ ਸਿਮਰਜੀਤ ਸਿੰਘ ਬਰਾੜ, ਕੋਟਕਪੁਰਾ ਧੰਨਜੀਤ ਸਿੰਘ., ਮਾਨਸਾ ਗੁਰਪ੍ਰੀਤ ਸਿੰਘ ਵਿੱਕੀ, ਫਾਜੀਲਿਕਾ ਕੁਲਬੀਰ ਜੀਰਾ ਤੇ ਰੰਜਨ ਕੁਮਾਰ, ਫਿਰੋਜਪੁਰ ਸਿਟੀ ਤੋਂ ਦਵਿੰਦਰ ਜੰਗ, ਅੰਮ੍ਰਿਤਸਰ ਤੋਂ ਦਿਨੇਸ ਬਸੀ, ਲੰਬੀ ਤੋਂ ਏਕਮਦੀਪ ਸਿੰਘ, ਤਲਵੰਡੀ ਸਾਬੋ ਤੋ ਖੁਸਬਾਜ ਜਟਾਣਾ, ਮੋਗਾ ਤੋਂ ਮਨਜੀਤ ਸਿੰਘ ਮਾਨ, ਲੁਧਿਆਣਾ ਤੋਂ ਰਾਜੀਵ ਰਾਜਾ, ਪੱਟੀ ਤੋਂ ਹਰਪ੍ਰੀਤ ਸਿੰÎਘ, ਜੰਡਿਆਲਾ ਗੁਰੂ ਤੋਂ ਸੁਖਜਿੰਦਰ ਸਿੰਘ ਡੈਨੀ,  ਸੁਨਾਮ ਦਮਨ ਬਾਜਵਾ, ਦਿੜਬਾ ਤੋਂ ਪੂਨਮ ਕਾਂਗ਼ੜ, ਜਲਾਲਾਬਾਦ ਤੋਂ ਗੋਲਡੀ ਕੰਬੋਜ ਸ਼ਾਮਲ ਹਨ।
ਹੇਗੜੇ ਨੇ ਸਾਰੇ ਦਾਅਵੇਦਾਰਾਂ ਦੀ ਲੰਬੀ ਚਰਚਾ ਕੀਤੀ। ਹੁਣ ਯੂਥ ਕਾਂਗਰਸ ਦਾ ਰਾਸ਼ਟਰੀ ਪ੍ਰਤੀਨਿਧ ਇਸ ਇੰਟਰਵਿਊ ਦੇ ਆਧਾਰ 'ਤੇ ਆਪਣੀ ਸਿਫਾਰਸ਼ ਆਲ ਇੰਡੀਆਂ ਕਾਂਗਰਸ  ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਤੇ ਸਕਰੀਨਿੰਗ ਕਮੇਟੀ ਨੂੰ ਦੇਵਾਗਾ। ਰਾਹੁਲ ਗਾਂਧੀ ਖੁਦ ਚੋਣਾਂ ਵਿੱਚ ਜਿਆਦਾ ਤੋਂ ਜਿਆਦਾ ਤਵੱਜੋ ਦੇਣਾ ਚਾਹੁੰਦੇ ਹਨ।
ਵਰਨਣਯੋਗ ਹੈ ਕਿ ਸ੍ਰੀ ਅਸੋਕ ਗਹਿਲੋਤ ਦੀ ਅਗਵਾਈ ਹੇਠ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ, ਸਾਂਸਦ ਹਰੀਸ਼ ਰਾਵਤ, ਸਾਬਕਾ ਸਾਂਸਦ ਲਛਮੀ ਨਟਰਾਜਨ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਦੇ ਆਧਾਰਿਤ ਸਕਰੀਨਿੰਗ ਕਮੇਟੀ ਬਣਾਈ ਹੈ। ਦੋ ਦਿਨ ਕਮੇਟੀ ਵਲੋਂ ਪੰਜਾਬ ਕਾਂਗਰਸ ਵਲੋਂ ਗਠਿਤ ਕੀਤੀ ਗਈ ਚੋਣ ਕਮੇਟੀ ਦੇ ਮੈਂਬਰਾਂ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਕੋਲੋ ਚੋਣਾਂ ਤੇ ਉਮੀਦਵਾਰਾਂ ਬਾਰੇ ਚਰਚਾ ਕੀਤੀ ਹੈ।

ਪੰਜਾਬੀਆਂ ਦੀਆਂ ਉਮੀਦਾਂ ਦੇ ਅਨੁਕੂਲ ਨਹੀਂ ਰਿਹਾ ਪ੍ਰਧਾਨ ਮੰਤਰੀ ਦਾ ਦੌਰਾ


ਪ੍ਰਧਾਨ ਮੰਤਰੀ ਨੇ ਕੋਈ ਨਵਾਂ ਐਲਾਨ ਤੇ ਸਿਆਸੀ ਗੱਲ ਨਹੀਂ ਕੀਤੀ
ਪੰਜ ਪਿਆਰਿਆਂ 'ਚ ਇੱਕ ਗੁਜਰਾਤੀ ਸੀ - ਮੋਦੀ
ਬਾਦਲ ਤੇ ਸੁਖਬੀਰ ਬਾਦਲ ਨੇ ਵੀ ਨਹੀਂ ਕੀਤੀ ਸਿਆਸੀ ਗੱਲ
ਸ਼੍ਰੀ ਆਨੰਦਪੁਰ ਸਾਹਿਬ/ ਚੰਡੀਗੜ•, 25 ਨਵੰਬਰ ( ਜੈ ਸਿੰਘ ਛਿੱਬਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁੱਕਰਵਾਰ ਨੂੰ ਪੰਜਾਬ ਦੌਰਾ ਪੰਜਾਬੀਆਂ ਦੀਆਂ ਉਮੀਦਾਂ ਦੇ ਅਨੁਕੂਲ ਨਹੀਂ ਰਿਹਾ। ਕਰੀਬ ਢਾਈ ਮਹੀਨੇ ਤੱਕ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਨਮੁਖ ਪੰਜਾਬ ਵਾਸੀਆਂ, ਪੰਜਾਬ ਸਰਕਾਰ ਖਾਸਕਰਕੇ ਅਕਾਲੀ ਆਗੂਆਂ ਨੂੰ ਉਮੀਦਾ ਸਨ ਕਿ ਚੋਣ ਵਰ•ਾਂ ਹੋਣ ਕਰਕੇ ਪ੍ਰਧਾਨ ਮੰਤਰੀਆਂ ਵਾਅਦਿਆਂ ਦੀ ਪਟਾਰੀ ਖੋਲ•ਦੇ ਹੋਏ ਪੰਜਾਬ ਲਈ ਕੋਈ ਨਵੀਂ ਘੋਸ਼ਣਾ ਕਰ ਸਕਦੇ ਹਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹਾ  ਕੁਝ ਨਹੀਂ ਕੀਤਾ।
ਹਾਲਾਂਕਿ ਮੀਡੀਆਂ ਨਾਲ ਜੁੜੇ ਲੋਕਾਂ ਅਤੇ ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਸੀ ਕਿ ਪ੍ਰਧਾਨ ਮੰਤਰੀ ਆਗਾਮੀ ਵਰੇ ਹੋਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਕੋਈ ਵੱਡਾ ਐਲਾਨ ਕਰ ਸਕਦੇ ਹਨ, ਜਾਂ ਫਿਰ ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਭਖੀ ਸਿਆਸਤ ਬਾਰੇ ਵਿਰੋਧੀਆਂ 'ਤੇ ਸਿਆਸੀ ਚੋਟ ਜਰੂਰ ਕਰਨਗੇ। ਪਰ, ਪ੍ਰਧਾਨ ਮੰਤਰੀਆਂ ਸਾਰੀਆਂ ਉਮੀਦਾਂ ਦੇ ਉਲਟ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਜਬਰ ਜੁਲਮ ਦੇ ਖਿਲਾਫ ਕੀਤੇ ਗਏ ਸੰਘਰਸ਼, ਬੀਰਤਾ ਬਾਰੇ ਆਪਣੀ ਗੱਲ ਕੀਤੀ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਜਨਮ ਦਿਵਸ ਦੇ ਸੰਬੰਧ ਵਿੱਚ ਸਰਕਾਰ ਦੁਆਰਾ ਆਯੋਜਿਤ ਸਮਾਗਮ ਵਿੱਚ ਭਾਗ ਲੈਣ ਪਹੁੰਚੇ ਸ੍ਰੀ ਨਰਿੰਦਰ ਮੋਦੀ ਨੇ ਹਿੰਦੀ 'ਚ ਆਪਣਾ ਭਾਸ਼ਣ ਦਿੰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਥਾਪੇ ਗਏ ਪੰਜ ਪਿਆਰਿਆਂ ਵਿਚੋਂ “ਇੱਕ ਪਿਆਰਾ ਦੁਆਰਕਾ ਨਾਲ ਸਬੰਧ ਰੱਖਣ ਵਾਲਾ ਗੁਜਰਾਤੀ ਸੀ। ਪ੍ਰਧਾਨ ਮੰਤਰੀ ਵਲੋਂ ਪੰਜ ਪਿਆਰਾ ਵਿਚੋ ਇੱਕ ਗੁਜਰਾਤੀ ਹੋਣ ਵਾਲੀ ਗੱਲ ਕਹਿਕੇ ਮਾਰਿਆ ਗਿਆ ਸਿਕਸਰ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਗਿਆ ਹੈ। ਪ੍ਰਧਾਨ ਮੰਤਰੀ ਨੇ ਬਾਕੀ ਚਾਰ ਹੋਰ ਪਿਆਰਿਆਂ ਬਾਰੇ ਕੋਈ ਜਿਕਰ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਉਹਨਾਂ ਦਾ ਜਨਮ ਗੁਜਰਾਤ ਵਿੱਚ ਹੋਇਆ ਪਰ ਪੰਜਾਬ ਦੀ ਧਰਤੀ 'ਤੇ ਕਈ ਸਾਲਾਂ ਤੱਕ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਹ ਦੂਜੀ ਵਾਰ ਗੂਰੂ ਦੀ ਨਗਰੀ ਆਨੰਦਪੁਰ ਸਾਹਿਬ ਵਿਖੇ ਆਏ ਹਨ, ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ 300 ਸਾਲਾਂ ਨੂੰ ਲੈ ਕੇ ਆਯੋਜਿਤ ਸਮਾਗਮ ਵਿੱਚ ਆਏ ਸਨ, ਅਤੇ ਅੱਜ ਦੂਜੀ ਵਾਰ, ਪ੍ਰਧਾਨ ਮੰਤਰੀ ਬਣਨ ਬਾਦ ਪਹਿਲੀ ਵਾਰ ਆਏ ਹਨ ਅਤੇ ਉਹਨਾਂ ਲਈ ਸੁਭਾਗ ਵਾਲੀ ਗੱਲ ਹੈ।
ਵਿਸ਼ੇਸ਼ ਗੱਲ ਇਹ ਰਹੀ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਮਾਗਮ 'ਚ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਜਦੋਂਕਿ ਅਕਸਰ ਧਾਰਮਿਕ ਸਟੇਜਾਂ 'ਤੇ ਸ੍ਰ ਬਾਦਲ ਸਿੱਧੇ -ਅਸਿੱਧੇ ਰੂਪ ਵਿੱਚ ਸਮੇਂ ਸਮੇਂ ਦੀਆਂ ਹਕੂਮਤਾਂ ਦਾ ਜਿਕਰ ਕਰਦਿਆਂ ਕੇਂਦਰ ਤੇ ਕਾਂਗਰਸ ਸਰਕਾਰ 'ਤੇ ਤਿੱਖਾ ਹਮਲੇ ਕਰਦੇ ਹਨ। ਪਰ ਅੱਜ ਬਾਦਲ ਪਰਿਵਾਰ ਨੇ ਕੋਈ ਸਿਆਸੀ ਟਿੱਪਣੀ ਨਹੀਂ ਕੀਤੀ। ਬਾਦਲ ਪਰਵਾਰ ਵਲੋਂ ਸਿਆਸੀ ਟਿੱਪਣੀ ਨਾ ਕਰਨ ਨੇ ਵੀ ਰਾਜਸੀ ਹਲਕਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ।

Tuesday, 22 November 2016

ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨੇ ਦਿੱਤਾ ਅਸਤੀਫਾ , ਪੁਲਿਸ ਨੇ ਦਬਾਅ ਪਾਉਣ ਲਈ ਗੈਂਗਸਟਰਾਂ ਬਾਰੇ ਕੀਤੀ ਪੁੱਛਗਿੱਛ

ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨੇ ਪਾਰਟੀ ਤੋਂ ਦਿੱਤਾ ਅਸਤੀਫਾ
ਦਬਾਅ ਪਾਉਣ ਲਈ ਘਰ ਪੁਲਿਸ ਭੇਜੀ , ਪੁਲਿਸ ਨੇ ਗੈਂਗਸਟਰਾਂ ਬਾਰੇ ਕੀਤੀ ਪੁੱਛਗਿਛ
ਚੰਡੀਗੜ•  22 ਨਵੰਬਰ ( ਜੈ ਸਿੰਘ ਛਿੱਬਰ) : ਬਾਘਾ ਪੁਰਾਣਾ ਤੋਂ ਅਕਾਲੀ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਅੱਜ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਪੁਲਿਸ ਨੇ ਦਬਾਅ ਪਾਉਣ ਲਈ ਵਿਧਾਇਕ ਮਹੇਸ਼ ਇੰਦਰ ਸਿੰਘ ਦੇ ਘਰ ਦਸਤਕ ਦਿੱਤੀ ਅਤੇ ਉਹਨਾਂ ਤੋਂ ਕੁੱਝ ਗੈਂਗਸਟਰਾਂ ਬਾਰੇ ਗੱਲਬਾਤ ਕੀਤੀ। ਇਹੀ ਨਹੀਂ ਪੁਲਿਸ ਨੇ ਅਕਾਲੀ ਵਿਧਾਇਕ ਨੂੰ ਆਪਣੇ ਆਪ ਨੂੰ ਸੰਭਾਲਣ ਦੀ ਵੀ ਨਸੀਹਤ ਦਿੱਤੀ ਹੈ। ਰੋਜਾਨਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਮਹੇਸ਼ ਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਬਿਨਾਂ ਕਿਸੀ ਕਾਰਨ ਟਿਕਟ ਕੱਟ ਦਿੱਤੀ ਗਈ ਅਤੇ ਉਹ ਆਪਣੇ ਘਰ ਵਿੱਚ ਬੈਠੇ ਹਨ। ਪਾਰਟੀ ਪ੍ਰਧਾਨ ਵਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਉਹਨਾਂ ਦੇ ਕੁੱਝ ਸਮਰਥਕਾਂ ਨੇ ਰੋਸ ਵਜੋਂ ਅਕਾਲੀ ਦਲ ਅਤੇ ਹੋਰ ਅਹੁੱਦੇਦਾਰੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦੱਸਿਆਂ ਕਿਹਾ ਕਿ ਅਕਾਲੀ ਆਗੂਆਂ ਨੇ ਉਹਨਾਂ ਨੂੰ ਸਮਰਥਕਾਂ ਵਲੋਂ ਅਸਤੀਫਾ ਦਿਵਾਉਣ ਦੀ ਗੱਲ ਕਹੀ। ਸ਼੍ਰ ਮਹੇਸ਼ ਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਕਿਸੇ ਨੂੰ ਅਸਤੀਫਾ ਦੇਣ ਬਾਰੇ ਨਹੀਂ ਕਿਹਾ ਜੇਕਰ ਕਿਸੇ ਸਮਰਥਕ ਨੇ ਭਾਵਨਾਵਾਂ ਦੇ ਵਹਿਣ 'ਚ ਵਹਿੰਦਿਆ ਰੋਸ ਵਜੋਂ ਅਸਤੀਫਾ ਦੇ ਦਿੱਤਾ ਹੈ, ਤਾਂ ਉਹ ਕੀ ਕਰਨ? ਉਹਨਾਂ ਦੱਸਿਆਂ ਕਿ ਇਸ ਘਟਨਾਂ ਤੋਂ ਬਾਅਦ ਉਹਨਾਂ ਦੇ ਘਰ ਪੁਲਿਸ ਭੇਜ ਦਿੱਤੀ ਗਈ। ਪੁਲਿਸ ਨੇ ਦਬਾਅ ਪਾਉਣ ਦੇ ਮਕਸਦ ਵਜੋਂ ਉਹਨਾਂ ਤੋਂ ਕਈ ਗੈਂਗਸਟਰਾਂ ਦਾ ਨਾਮ ਲੈ ਕੇ ਪੁੱਛਗਿੱਛ ਵੀ ਕੀਤੀ ਅਤੇ ਆਪਣੇ ਆਪਨੂੰ ਸੰਭਾਲ ਲੈਣ ਦੀ ਨਸੀਹਤ ਵੀ ਦਿੱਤੀ।
ਸ੍ਰ ਮਹੇਸ਼ਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਕਾਫੀ ਵੱਡਾ ਧੜਾ ਹੈ ਅਤੇ ਭਵਿੱਖ 'ਚ ਕੀ ਫੈਸਲਾ ਲੈਣਾ ਹੈ ਉਹ ਬਾਅਦ 'ਚ ਦੱਸਣਗੇ। ਪਰ ਉਹਨਾ ਨੇ ਘਰ ਪੁਲਿਸ ਭੇਜਣ ਦੀ ਘਟਨਾਂ ਦਾ ਬਹੁਤ ਬੁਰਾ ਮਨਾਇਆ ਹੈ। ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਕਰਤਾਰਪੁਰ ਤੋਂ ਵਿਧਾਇਕ ਸਾਬਕਾ ਜੇਲ• ਮੰਤਰੀ ਸਰਵਣ ਸਿੰਘ ਫਿਲੌਰ, ਪਰਗਟ ਸਿੰਘ, ਅਵਿਨਾਸ਼ ਚੰਦਰ ਵੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।

Friday, 18 November 2016

ਅਕਾਲੀ ਦਲ ਨੂੰ ਝਟਕਾ ਸਰਵਣ ਸਿੰਘ ਫਿਲੌਰ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਲ


 ਅਕਾਲੀ ਦਲ ਨੇ ਮੁੱਢਲੇ ਸਿਧਾਂਤਾ ਨੂੰ ਵਿਸਾਰਿਆ –ਫਿਲੌਰ
 ਕਿਹਾ , ਅਕਾਲੀ ਦਲ 'ਚ ਮਜੀਠਿਆ ਦੀ ਸਰਦਾਰੀ
  ਛੇ ਵਾਰ ਤੋਂ ਵੱਧ ਈ.ਡੀ ਨੇ ਪੁੱਛਗਿੱਛ ਕੀਤੀ , ਕੁੱਝ ਨਾ ਮਿਲਿਆ ੇ
ਚੰਡੀਗੜ 18 ਨਵੰਬਰ ( ਜੈ ਸਿੰਘ ਛਿੱਬਰ) : ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਕਰਤਾਰਪੁਰ ਤੋਂ ਵਿਧਾਇਕ ਸਰਵਣ ਸਿੰਘ ਫਿਲੌਰ ਆਪਣੇ ਸਾਥੀਆਂ ਸਮੇਤ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਕੁੱਲ ਹਿੰਦ ਕਾਂਗਰਸ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਲ ਹੋਏ ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਅਕਾਲੀ ਦਲ ਆਪਣੇ ਮੁੱਢਲੇ ਸਿਧਾਤਾਂ ਤੋਂ ਥਿੜਕ ਗਿਆ ਹੈ ਅਤੇ ਅਕਾਲੀ ਦਲ 'ਚ ਹੁਣ ਬਿਕਰਮ ਸਿੰਘ ਮਜੀਠਿਆਂ ਦਾ ਦਲ ਬਣ ਗਿਆ ਹੈ। ਕੈਪਟਨ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਫਿਲੌਰ ਨੇ ਕਿਹਾ ਕਿ ਉਹ ਛੇ ਵਾਰ ਵਿਧਾਇਕ ਰਹੇ ਹਨ ਪਰੰਤੂ ਦਲਿਤ ਹੋਣ ਦੇ ਨਾਤੇ ਉਹਨਾਂ ਦੀ ਸੀਨੀਅਰਤਾ ਨੂੰ ਨਜਰ ਅੰਦਾਜ ਕਰਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਸ੍ਰ ਫਿਲੌਰ ਨੇ ਕਿਹਾ ਕਿ ਇਨਫੋਰਸਮੇਂਟ ਡਾਇਰੈਕਟੋਰੇਟ (ਈਡੀ) ਨੇ ਛੇ ਤੋਂ ਵੱਧ ਵਾਰ ਉਹਨਾਂ ਦੇ ਬਿਆਨ ਲਏ ਪਰ ਉਹਨਾਂ ਦੇ ਖਿਲਾਫ ਇੱਕ ਵੀ ਦੋਸ਼ ਸਾਬਿਤ ਨਹੀਂ ਹੋ ਸਕਿਆ ਪਰ ਜਿਹੜੇ ਲੋਕਾਂ ਦਾ ਨਾਮ ਮੁੱਖ ਦੋਸ਼ੀਆਂ ਨੇ ਲਿਆ ਉਹਨਾਂ ਨੂੰ ਈ.ਡੀ ਨੇ ਇੱਕ ਵਾਰ ਬਲਾਉਣ ਤੋਂ ਬਾਅਦ ਦੁਬਾਰਾ ਸੰਮਨ ਤੱਕ ਨਹੀਂ ਕੀਤੇ। ਸ੍ਰੀ ਫਿਲੌਰ ਨੇ ਕਿਹਾ ਕਿ ਉਹਨਾਂ ਨੂੰ ਫਿਰ ਫਸਾਉਣ ਦੇ ਯਤਨ ਕੀਤੇ ਜਾ ਰਹੇ ਸਨ ਤੇ ਕਰੀਬ ਤਿੰਨ ਹਫ਼ਤੇ ਪਹਿਲਾਂ ਈ.ਡੀ ਨੇ ਪੁਰਾਣੇ ਦਸਤਾਵੇਜ ਮੰਗੇ ਜੋ ਪਹਿਲਾਂ ਉਹ ਦੇ ਚੁੱਕੇ ਹਨ।
ਸ੍ਰੀ ਫਿਲੌਰ ਨੇ ਦਾਅਵਾ ਕੀਤਾ ਕਿ ਟਿਕਟ ਨਾ ਮਿਲਣ ਕਾਰਨ ਅਕਾਲੀ ਦਲ ਨੂੰ ਨਹੀਂ ਛੱਡਿਆ , ਪਰ ਉਹ ਦਸ ਸਾਲਾਂ ਤੋਂ ਦੇਖ ਰਹੇ ਸਨ ਤੇ ਜਦੋਂ ਹੁਣ ਸਬਰ ਦਾ ਬੰਨ ਟੁੱਟ ਗਿਆ ਤਾਂ ਉਹਨਾਂ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਫਿਲੋਰ ਨੇ ਕਿਹਾ ਕਿ ਸੀਨੀਅਰ ਹੋਣ ਦੇ ਨਾਤੇ ਉਹਨਾਂ ਨੂੰ ਦੋ ਸੈਕਟਰ ਵਿੱਚ ਕੋਠੀ ਅਲਾਟ ਹੋਈ ਸੀ, ਸੱਭ ਤੋਂ ਪਹਿਲਾਂ ਉਹਨਾਂ ਦੀ ਕੋਠੀ ਖੋਹੀ ਗਈ, ਪਰ ਉਹ ਚੁੱਪ ਰਹੇ। ਫਿਰ ਸੀਨੀਅਰਤਾ, ਲੋਕਪ੍ਰਿਯਤਾ ਅਤੇ ਸਿਆਸੀ ਪਿੜ ਵਿਚੋਂ ਬਾਹਰ ਕਰਨ ਲਈ ਬੇਟੇ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਯਤਨ ਕੀਤਾ ਗਿਆ, ਜਦੋਂਕਿ ਈ.ਡੀ ਵਲੋਂ ਬਾਰ ਬਾਰ ਜਾਂਚ ਲਈ ਬਲਾਉਣ ਤੇ ਛੇ -ਛੇ ਘੰਟੇ ਪੁੱਛਗਿੱਛ ਕਰਨ 'ਤੇ ਕੁੱਝ ਵੀ ਦੋਸ਼ ਸਾਬਤ ਨਹੀਂ ਹੋ ਸਕਿਆ।
ਸ੍ਰੀ ਫਿਲੌਰ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਦੁਆਬੇ ਵਿੱਚ ਅਕਾਲੀ ਦਲ ਲਈ ਕੰਮ ਕਰ ਰਿਹਾ ਸੀ , ਹੁਣ ਉਹ ਦੁਆਬੇ ਵਿੱਚ ਅਕਾਲੀ ਦਲ  ਦੀਆਂ ਜੜ•ਾਂ ਪੁੱਟ ਦੇਣਗੇ । ਇੱਕ ਸਵਾਲ ਦੇ ਜਵਾਬ ਵਿੱਚ ਸ੍ਰ ਫਿਲੌਰ ਨੇ ਦੱਸਿਆਂ ਕਿ ਉਹ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਮਿਲੇ ਸਨ ਪਰਉਹਨਾਂ ਨੇ ਸੁਖਬੀਰ ਬਾਦਲ ਨਾਲ ਗੱਲ ਕਰਨ ਨੂੰ ਕਿਹਾ, ਪਰ ਸੁਖਬੀਰ ਨੇ ਵੀ ਕੋਈ ਗੱਲ ਨਹੀਂ ਸੁਣੀ। ਉਹਨਾਂ ਕਿਹਾ ਕਿ ਦਲਿਤਾਂ ਦੀ ਅਕਾਲੀ ਦਲ ਵਿੱਚ ਕੋਈ ਸੁਣਵਾਈ ਨਹੀਂ ਹੈ ਅਤੇ ਵੱਡੇ ਜਗੀਰਦਾਰਾਂ ਦੇ ਹੇਠਾਂ ਦਲਿਤ ਵਿਧਾਇਕਾਂ ਨੂੰ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਲਿਤ ਵਿਧਾਇਕਾਂ ਦੀਆਂ ਸੀਟਾਂ ਹੀ ਅਕਾਲੀ ਦਲ ਵਲੋਂ ਬਦਲੀਆਂ ਗਈਆਂ ਹਨ। ਇਸ ਮੌਕੇ 'ਤੇ ਸ੍ਰੋਮਣੀ ਕਮੇਟੀ ਮੈਂਬਰ ਸਰੂਪ ਸਿੰਘ ਢੇਸੀ, ਹੰਸ ਰਾਜ ਰਾਣਾ, ਅਜੈਬ ਸਿੰਘ, ਕਮਲਜੀਤ ਸਿੰਘ ਘੂੰਮਣ, ਹਰਨੇਕ ਸਿੰਘ ਨੇਕੀ, ਰਾਣਾ ਦੁਸ਼ਾਂਝ, ਸੁਖਪਾਲ ਸਿੰਘ ਰੂਬੀ ਅਤੇ ਆਪ ਦੇ ਵਪਾਰ ਤੇ ਇੰਡਸਟਰੀ ਸੈਲ ਦੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਵੀ ਕਾਂਗਰਸ 'ਚ ਸ਼ਾਮਲ ਹੋਏ।

Wednesday, 16 November 2016

ਪ੍ਰਧਾਨ ਮੰਤਰੀ 15 ਦਿਨਾਂ 'ਚ ਸਾਰੇ ਰਾਜਾਂ 'ਚ ਸਮਝੌਤਾ ਕਰਵਾਏ, ਨਹੀਂ ਤਾਂ ਬਾਦਲ ਭਾਜਪਾ ਨਾਲੋ ਗਠਜੋੜ ਤੋੜੇ - ਚੰਨੀ

ਐਸ.ਵਾਈ.ਐਲ ਮਾਮਲਾ -------

 ਕਿਹਾ , ਜਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ ਪ੍ਰਸਤਾਵ ਕਾਂਗਰਸ ਨੇ ਲਿਆਂਦਾ ਸੀ
 ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਣ ਦਾ ਪ੍ਰਸਤਾਵ ਬੈਂਸ ਭਰਾਵਾਂ ਨੇ ਲਿਆਂਦਾ ਸੀ
ਚੰਡੀਗੜ• 16 ਨਵੰਬਰ ( ਜੈ ਸਿੰਘ ਛਿੱਬਰ) : ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਹਾਕਮ ਧਿਰ ਵਲੋਂ ਵਿਧਾਨ ਸਭਾ 'ਚ ਸਤਲੁੱਜ ਯਮਨਾ ਲਿੰਕ ਨਹਿਰ ਦੇ ਨਿਰਮਾਣ ਅਤੇ ਸਹਿਯੋਗ ਬਾਰੇ ਅਧਿਕਾਰੀਆਂ ਨੂੰ ਕਿਸੀ ਤਰ•ਾਂ ਦਾ ਸਹਿਯੋਗ ਨਾ ਦੇਣ ਬਾਰੇ ਦਿਤੇ ਗਏ ਦਿਸ਼ਾ ਨਿਰਦੇਸ਼ ਦੇ ਫੈਸਲੇ ਨੂੰ ਸਿਆਸੀ ਡਰਾਮਾ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਦਖਲ ਅੰਦਾਜੀ ਦੀ ਮੰਗ ਕਰਦਿਆਂ ਸਾਰੇ ਰਾਜਾਂ ਵਿਚਕਾਰ 15 ਦਿਨਾਂ ਦੇ ਅੰਦਰ ਅੰਦਰ ਫੈਸਲਾ ਕਰਵਾਉਣ ਦੀ ਮੰਗ ਕੀਤੀ ਹੈ। ਜੇਕਰ ਪ੍ਰਧਾਨ ਮੰਤਰੀ ਅਜਿਹਾ ਨਹੀਂ ਕਰਦੇ ਤਾਂ ਮੁੱਖ ਮੰਤਰੀ ਨੂੰ ਕੁਰਬਾਨੀ ਦੇਣ ਦੇ ਦਿੱਤੇ ਜਾ ਰਹੇ ਬਿਆਨ ਅਨੁਸਾਰ ਹਰਸਿਮਰਤ ਕੌਰ  ਬਾਦਲ ਤੋਂ ਕੇਂਦਰੀ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦਿਵਾ ਕਿ ਭਾਜਪਾ ਨਾਲੋ ਗਠਜੋੜ ਤੋੜ ਦੇਣਾ ਚਾਹੀਦਾ ਹੈ।
ਅੱਜ ਵਿਧਾਨ ਸਭਾ 'ਚ ਕਾਂਗਰਸ ਵਿਧਾਇਕ ਦਲ ਦੇ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਸੂਬੇ ਦਾ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ ਸ੍ਰ ਪਰਕਾਸ਼ ਸਿੰਘ ਬਾਦਲ ਨੇ ਇੱਕ ਦਿਨਾਂ ਸੈਸ਼ਨ 'ਚ ਪਾਣੀਆਂ ਦੇ ਮਾਮਲੇ 'ਚ  ਬਿਲ ਜਾਂ ਕਾਨੂੰਨ ਲਿਆਉਣ ਦੀ ਬਜਾਏ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿਵਾਉਣ ਦਾ ਮਤਾ ਲਿਆਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹੇ ਦਿਸ਼ਾ ਨਿਰਦੇਸ਼ ਜਾਂ ਆਦੇਸ਼ ਦੇਣ ਦੇ ਅਧਿਕਾਰ ਤਾਂ ਸਰਕਾਰ ਦੇ ਕੋਲ• ਪਹਿਲਾਂ ਹੀ ਹਨ। ਵਿÎਧਾਨ ਸਭਾ ਦੇ ਰੂਲਜ਼ ਦੀ ਧਾਰਾ 148 ਦਾ ਹਵਾਲਾ ਦਿੰਦੇ ਹੋਏ ਸ੍ਰੀ ਚੰਨੀ ਨੇ ਕਿਹਾ ਕਿ ਵਿਧਾਨ ਸਭਾ ਸਰਕਾਰ ਨੂੰ ਹਦਾਇਤ ਨਹੀਂ ਕਰ ਸਕਦੀ।
ਸ੍ਰ ਚੰਨੀ ਨੇ ਪਿਛਲੇ ਸੈਸ਼ਨ 'ਚ ਕਿਸਾਨਾਂ ਨੂੰ ਜਮੀਨ ਵਾਪਸ ਦੇਣ ਬਾਰੇ ਪ੍ਰਸਤਾਵ ਲਿਆਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਦੋਂ ਕਾਂਗਰਸ ਦੇ ਮਤੇ 'ਨੂੰ ਅਣਦੇਖਾ ਕਰ ਦਿੱਤਾ ਗਿਆ ਸੀ ਹੁਣ ਕਾਂਗਰਸ ਵਾਲੇ ਮਤੇ 'ਤੇ ਆਪਣੀ ਮੋਹਰ ਲਗਾਕੇ ਫੈਸਲਾ ਕਰ ਲਿਆ। ਇਸੀ ਤਰ•ਾਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਣ ਵਾਲਾ ਪ੍ਰਸ਼ਤਾਵ ਵੀ ਬੈਂਸ ਭਰਾ ਲੈ ਕੇ ਆਏ ਸਨ, ਉਦੋਂ ਸਪੀਕਰ ਨੇ ਬੈਂਸ ਭਰਾਵਾਂ ਦਾ ਪ੍ਰਸ਼ਤਾਵ ਮੰਜੂਰ ਨਹੀਂ ਕੀਤਾ ਸੀ। ਉਹਨਾਂ ਕਿਹਾ ਕਿ ਦਿੱਲੀ 'ਚ ਸਰਕਾਰ ਹੋਣ ਦੇ ਬਾਵਜੂਦ ਸ੍ਰ ਬਾਦਲ ਪਾਣੀਆਂ ਦੀ ਰਾਖੀ ਕਰਨ ਲਈ ਫੇਲ• ਹੋਏ ਹਨ ਅਤੇ ਹਕੀਕਤ ਹੈ ਕਿ 1978 'ਚ ਬਤੌਰ ਮੁੱਖ ਮੰਤਰੀ ਪੰਜਾਬ ਸ੍ਰ ਬਾਦਲ ਨੇ ਹਰਿਆਣਾ ਤੋਂ ਪੈਸੇ ਵਸੂਲਕੇ ਐਸ.ਵਾਈ.ਐਲ ਨਹਿਰ ਦਾ ਸਮਝੌਤਾ ਕੀਤਾ ਸੀ, ਬਾਦਲ ਪਰਵਾਰ ਦਾ ਗੜਗਾਓ ਵਿੱਚ ਹੋਟਲ ਵੀ ਐਸ.ਵਾਈ.ਐਲ ਦਾ ਤੋਹਫਾ ਹੈ। ਉਹਨਾਂ ਕਿਹਾ ਕਿ ਕੇਂਦਰ 'ਚ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਅਤੇ ਹਰਿਆਣਾ 'ਚ ਚੋਟਾਲਾ ਪਰਿਵਾਰ ਨਾਲ ਆਪਣੀ ਦੋਸਤੀ ਪਗਾਉਣ ਲਈ ਸ੍ਰ ਬਾਦਲ ਵੱਡੇ ਫੈਸਲੇ ਲੈਣ ਤੋਂ ਪਿਛੇ ਹੱਟ ਰਹੇ ਹਨ ਅਤੇ ਬਾਦਲ –ਮੋਦੀ ਦੇ ਰਾਜ ਵਿੱਚ ਪੰਜਾਬ ਦੇ ਹਿੱਤ ਖੋਹੇ ਜਾ ਰਹੇ ਹਨ। ਸ੍ਰੀ ਚੰਨੀ ਨੇ ਕਿਹਾ ਕਿ ਜੇਕਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਅਕਾਲੀ ਦਲ ਨੇ ਕੇਂਦਰ ਤੇ ਕਾਂਗਰਸ ਖਿਲਾਫ ਰੱਜ ਕੇ ਕੂੜ ਪ੍ਰਚਾਰ ਕਰਨਾ ਸੀ, ਕਿਉਂਕਿ ਬਾਦਲਾਂ ਨੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਕੇਂਦਰ ਦੇ ਖਿਲਾਫ ਕਰ ਦਿੱਤੀਆਂ ਹਨ।

ਅਕਾਲੀ ਦਲ ਵਲੋਂ 69 ਉਮੀਦਵਾਰ ਐਲਾਨੇ- ਢੀਂਡਸਾ ਤੇ ਜਸਟਿਸ ਨਿਰਮਲ ਸਿੰਘ ਦਾ ਹਲਕਾ ਬਦਲਿਆ


ਦੋ ਲੋਕ ਸਭਾ, ਦੋ ਰਾਜ ਸਭਾ ਤੇ ਇੱਕ ਪੁਲਿਸ ਅਧਿਕਾਰੀ ਦੇ ਬੇਟੇ ਨੂੰ ਮਿਲੀ ਟਿਕਟ
ਚਾਰ ਬੀਬੀਆਂ ਵੀ ਟਿਕਟ ਲੈਣ 'ਚ ਹੋਈਆ ਕਾਮਯਾਬ
ਚੰਡੀਗੜ• 16 ਨਵੰਬਰ ( ਜੈ ਸਿੰਘ ਛਿੱਬਰ) : ਅਕਾਲੀ ਦਲ ਨੇ ਆਗਾਮੀ ਵਿਧਾਨ ਸਭਾ  ਚੋਣਾਂ ਦੇ ਮਦੇਨਜ਼ਰ ਅੱਜ 69 ਉਮੀਦਵਾਰ ਐਲਾਨ ਕਰ ਦਿੱਤੇ ਹਨ। ਅਕਾਲੀ  ਦਲ ਵਲੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਹਲਕਾ ਸੁਨਾਮ ਤੋਂ ਬਦਲਕੇ ਲਹਿਰਾ ਅਤੇ ਜਸਟਿਸ ਨਿਰਮਲ ਸਿੰਘ ਨੂੰ ਬਸੀ ਪਠਾਣਾ ਤੋਂ ਚਮਕੌਰ ਸਾਹਿਬ (ਰਾਵਖਾਂ) ਬਦਲ ਦਿੱਤਾ ਗਿਆ ਹੈ। ਪਹਿਲੀ ਲਿਸਟ ਵਿੱਚ ਜਿਥੇ ਚਾਰ ਬੀਬੀਆਂ ਨੂੰ ਸਥਾਨ ਦਿੱਤਾ ਗਿਆ ਹੈ, ਉਥੇ ਇੱਕ ਪੁਲਿਸ ਅਧਿਕਾਰੀ ਦੇ ਬੇਟੇ, ਦੋ ਲੋਕ ਸਭਾ ਮੈਂਬਰਾਂ ਅਤੇ ਦੋ ਰਾਜ ਸਭਾ ਮੈਂਬਰਾਂ ਦੇ ਬੇਟਿਆਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਹੈ।  ਆਮ ਤੌਰ 'ਤੇ ਅਕਾਲੀ ਦਲ ਦੂਸਰੀਆਂ ਪਾਰਟੀਆਂ ਨਾਲੋ  ਉਮੀਦਵਾਰ ਘੋਸ਼ਿਤ ਕਰਨ ਵਿੱਚ ਪਹਿਲਕਦਮੀ ਕਰਦਾ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਵਲੋਂ ਤਿੰਨ ਕਿਸ਼ਤਾਂ ਵਿੱਚ ਆਪਣੇ ਉਮੀਦਵਾਰ ਘੋਸ਼ਿਤ ਕੀਤੇ ਜਾ ਚੁੱਕੇ ਹਨ।
ਪਹਿਲੀ ਲਿਸ਼ਟ ਵਿੱਚ ਸਾਰੇ ਸਾਰੇ ਕੈਬਨਿਟ ਮੰਤਰੀਆਂ ਅਤੇ ਲੱਗਭੱਗ ਸਾਰੇ ਵਿਧਾਇਕਾਂ ਨੂੰ ਫਿਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਸ੍ਰ ਬਾਦਲ ਵਲੋਂ ਜਾਰੀ ਲਿਸਟ ਅਨੁਸਾਰ ਅਜਨਾਲਾ ਤੋਂ ਵਿਧਾਇਕ ਅਮਰਪਾਲ ਸਿੰਘ ਬੋਨੀ, ਰਾਜਾਸਾਂਸ਼ੀ ਤੋਂ ਵੀਰ ਸਿੰਘ ਲਪੋਕੇ, ਮਜੀਠਾ ਤੋਂ ਬਿਕਰਮ ਸਿੰਘ ਮਜੀਠਿਆ, ਅਟਾਰੀ ਤੋਂ ਗੁਲਜਾਰ ਸਿੰਘ ਰਾਣੀਕੇ, ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ, ਬਠਿੰਡਾ ਅਰਬਨ ਤੋਂ ਸਰੂਪ ਚੰਦ ਸਿੰਗਲਾ, ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਮੌੜ ਤੋਂ ਜਨਮੇਜਾ ਸਿੰਘ ਸੇਖੋਂ, ਮਹਿਲ ਕਲਾਂ ਤੋਂ ਅਜੀਤ ਸਿੰਘ ਸ਼ਾਂਤ, ਭਦੌੜ ਤੋਂ ਸੰਤ ਬਲਵੀਰ ਸਿੰਘ ਘੁੰਨਸ, ਬਲੂਆਣਾ ਤੋਂ ਪਰਕਾਸ਼ ਸਿੰਘ ਭੱਟੀ, ਜੀਰਾ ਤੋਂ ਹਰੀ ਸਿੰਘ ਜੀਰਾ, ਫਿਰੋਜਪੁਰ ਰੂਰਲ ਜੋਗਿੰਦਰ ਸਿੰਘ ਜਿੰਦੂ, ਗੁਰੂ ਹਰਸਹਾਏ ਤੋਂ ਵਰਦੇਵ ਸਿੰਘ ਮਾਨ, ਫਰੀਦਕੋਟ ਪਰਮਬੰਸ ਸਿੰਘ ਰੋਮਾਣਾ, ਕੋਟਕਪੁਰਾ ਤੋਂ  ਮਨਤਾਰ ਸਿੰਘ ਬਰਾੜ, ਫਤਿਹਗੜ  ਸਾਹਿਬ ਤੋਂ ਦੀਦਾਰ ਸਿੰਘ ਭੱਟੀ, ਅਮਲੋਹ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ, ਕਾਦੀਆਂ ਤੋਂ ਸੇਵਾ ਸਿੰਘ ਸੇਖਵਾਂ, ਬਟਾਲਾ ਤੋਂ ਲਖਬੀਰ ਸਿੰਘ ਲੋਧੀ ਨੰਗਲ, ਫਤਿਹਗੜ ਚੂੜੀਆਂ ਤੋਂ ਨਿਰਮਲ ਸਿੰਘ ਕਾਹਲੋਂ, ਡੇਰਾ ਬਾਬਾ ਨਾਨਕ ਤੋਂ ਸੁੱਚਾ ਸਿੰਘ ਲੰਗਾਹ, ਉੜਮੁੜ ਤੋਂ ਅਰਵਿੰਦਰ ਸਿੰਘ ਰਸੂਲਪੁਰ, ਚੱਬੇਵਾਲ ਤੋਂ ਸੋਹਨ ਸਿੰਘ ਠੰਡਲ, ਗੜਸੰਕਰ ਤੋਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਫਿਲੌਰ ਤੋਂ ਬਲਦੇਵ ਸਿੰਘ ਖੈਹਰਾ, ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ, ਸ਼ਾਹਕੋਟ ਤੋਂ ਅਜੀਤ ਸਿੰਘ ਕੋਹਾੜ, ਆਦਮਪੁਰ ਤੋਂ ਪਵਨ ਕੁਮਾਰ ਟੀਨੂ, ਕਰਤਾਰਪੁਰ ਤੋਂ ਸੇਠ ਸਤਪਾਲ ਮੱਲ, ਜਲੰਧਰ ਕੈਂਟ ਤੋਂ ਸਰਬਜੀਤ ਸਿੰਘ ਮੱਕੜ, ਕਪੂਰਥਲਾਂ ਤੋਂ ਪਰਮਜੀਤ ਸਿੰਘ ਪੰਮਾ, ਸੁਲਤਾਨਪੁਰ ਲੋਧੀ ਤੋਂ ਬੀਬੀ ਉਪਿੰਦਰਜੀਤ ਕੌਰ, ਖੰਨਾਂ ਤੋਂ ਰਣਜੀਤ ਸਿੰਘ ਤਲਵੰਡੀ, ਸਾਹਨੇਵਾਲ ਤੋਂ ਸ਼ਰਨਜੀਤ ਸਿੰਘ ਢਿਲੋਂ, ਲੁਧਿਆਣਾ ਪੁਰਬੀ ਤੋਂ ਰਣਜੀਤ ਸਿੰਘ ਢਿਲੋਂ, ਲੁਧਿਆਣਾ ਦੱਖਣੀ ਤੋਂ ਹੀਰਾ ਸਿੰਘ ਗਾਬੜੀਆਂ, ਗਿੱਲ ਤੋਂ ਦਰਸ਼ਨ  ਸਿੰਘ ਸ਼ਿਵਾਲਿਕ, ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ, ਸਮਰਾਲਾ ਤੋਂ ਸੰਤਾ ਸਿੰਘ ਉਮੇਦਪੁਰ, ਰਾਏਕੋਟ ਤੋਂ ਇੰਦਰ ਇਕਬਾਲ ਸਿੰਘ ਅਟਵਾਲ, ਆਤਮ ਨਗਰ ਲੁਧਿਆਣਾ ਤੋਂ ਗੁਰਮੀਤ ਸਿੰਘ ਕੁੱਲਰ, ਪਾਇਲ ਤੋਂ ਇਸ਼ਰ ਸਿੰਘ ਮੇਹਰਬਾਨ, ਜਗਰਾਓ ਤੋਂ ਬੀਬੀ ਅਮਰਜੀਤ ਕੌਰ ਸੇਖੋਂ, ਸਰਦੂਲਗੜ ਤੋਂ ਦਿਲਰਾਜ ਸਿੰਘ ਭੂੰਦੜ, ਗਿੱਦੜਬਾਹਾਂ ਤੋਂ ਹਰਦੀਪ ਸਿੰਘ ਡਿੰਪੀ, ਮੁਕਤਸਰ ਤੋਂ ਕੰਵਰਜੀਤ ਸਿੰਘ ਬਰਕੰਦੀ, ਧਰਮਕੋਟ ਤੋਂ ਜਥੇਦਾਰ ਤੋਤਾ ਸਿੰਘ, ਨਿਹਾਲ ਸਿੰਘ ਵਾਲਾ ਤੋਂ ਐਸ.ਆਰ ਕਲੇਰ, ਪਟਿਆਲਾ ਰੁਰਲ ਤੋਂ ਸਤਬੀਰ ਸਿੰਘ ਖੱਟੜਾ, ਘਨੌਰ ਤੋਂ ਹਰਪ੍ਰੀਤ ਕੌਰ, ਸਨੌਰ ਤੋਂ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਸਮਾਣਾ ਤੋਂ ਸੁਰਜੀਤ ਸਿੰਘ ਰੱਖੜਾ, ਸਤੁਰਾਣਾ ਬੀਬੀ ਵਰਿੰਦਰ ਕੌਰ ਲੂੰਬਾ, ਨਾਭਾ ਤੋਂ ਕਬੀਰ ਦਾਸ, ਰੋਪੜ ਤੋਂ ਡਾ ਦਲਜੀਤ ਸਿੰਘ ਚੀਮਾ, ਚਮਕੌਰ ਸਾਹਿਬ ਤੋਂ ਜਸਟਿਸ ਨਿਰਮਲ ਸਿੰਘ, ਡੇਰਾ ਬਸੀ ਐਨ.ਕੇ ਸ਼ਰਮਾ,  ਬੰਗਾ ਤੋਂ ਡਾ ਸੁਖਵਿੰਦਰ ਸਿੰਘ, ਨਵਾਂਸ਼ਹਿਰ ਤੋਂ ਜਰਨੈਲ ਸਿੰਘ ਵਾਹਿਦ, ਬਲਾਚੋਰ ਤੋਂ ਚੌਧਰੀ ਨੰਦ ਲਾਲ, ਲਹਿਰਾ ਤੋਂ ਪਰਮਿੰਦਰ ਸਿੰਘ ਢੀਂਡਸਾ, ਸੰਗਰੂਰ  ਤੋਂ ਪਰਕਾਸ਼ ਚੰਦ ਗਰਗ, ਅਮਰਗੜ ਤੋਂ ਇਕਬਾਲ ਸਿੰਘ ਝੂੰਦਾ, ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ, ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ, ਪੱਟੀ ਤੋਂ ਆਦੇਸ਼ ਪਰਤਾਪ ਸਿੰਘ ਕੈਰੋ, ਖਡੂਰ ਸਾਹਿਬ ਤੋਂ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਟਿਕਟ ਦਿੱਤੀ ਗਈ ਹੈ।

Monday, 14 November 2016

1978 'ਚ ਦੇਵੀ ਲਾਲ ਸਰਕਾਰ ਨੇ ਦਿੱਤੇ ਸਨ ਪੰਜਾਬ ਦੇ ਮੁੱਖ ਮੰਤਰੀ ਨੂੰ ਤਿੰਨ ਕਰੋੜ ਰੁਪਏ -ਚੋਟਾਲਾ


ਚੋਟਾਲਾ ਨੇ ਦਿੱਤਾ 23 ਫਰਵਰੀ ਤੱਕ ਐਸ.ਵਾਈ.ਐਲ ਨਹਿਰ ਬਨਾਉਣ ਦਾ ਅਲਟੀਮੇਟਮ
2002 'ਚ ਓਮ ਪ੍ਰਕਾਸ਼ ਚੋਟਾਲਾ ਦੀ ਸਰਕਾਰ 'ਚ ਆਇਆ ਸੀ ਹਰਿਆਣਾ ਦੇ ਹੱਕ ਵਿੱਚ ਫੈਸਲਾ
ਕਾਂਗਰਸ ਤੇ ਭਾਜਪਾ ਆਗੂਆਂ 'ਤੇ ਲਗਾਇਆ ਦੋਗਲੀ ਭਾਸ਼ਾ  ਵਰਤਣ ਦਾ ਦੋਸ਼

ਚੰਡੀਗੜ੍ਹ 14 ਨਵੰਬਰ ( ਜੈ ਸਿੰਘ ਛਿੱਬਰ) : ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 23 ਫਰਵਰੀ 2017 ਤੱਕ ਐਸ.ਵਾਈ.ਐਲ ਨਹਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਇਨੈਲੋ ਵਲੋਂ ਖੁਦ ਨਹਿਰ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਚੌਟਾਲਾ ਨੇ ਕਿਹਾ ਕਿ ਪਾਰਟੀ ਆਗੂਆਂ ਵਲੋਂ ਜਲਦ ਹੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਸੁਪਰੀਮ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਨਹਿਰ ਦਾ ਕੰਮ ਸ਼ੁਰੂ  ਕਰਵਾਉਣ ਅਤੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਲਈ ਮੰਗ ਕੀਤੀ ਜਾਵੇਗੀ।

ਇਸ ਮੁੱਦੇ ਨੂੰ ਲੈ ਕੇ ਅੱਜ ਸੈਕਟਰ 27 ਸਥਿਤ ਜਾਟ ਭਵਨ 'ਚ ਪਾਰਟੀ ਦੇ ਸੀਨੀਅਰ ਆਗੂਆਂ, ਵਿਧਾਇਕਾਂ, ਮੈਂਬਰ ਪਾਰਲੀਮੈਂਟ ਵਲੋਂ ਸਾਂਝੀ ਮੀਟਿੰਗ ਵੀ ਕੀਤੀ ਗਈ। ਪਾਰਟੀ ਦੇ ਪ੍ਰਧਾਨ ਅਸੋਕ ਅਰੋੜਾ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਦੇ ਆਗੂ ਦੋਗਲੀ ਭਾਸ਼ਾ ਬੋਲ ਰਹੇ ਹਨ। ਸ੍ਰੀ ਅਰੋੜਾ ਨੇ  ਿਕਹਾ ਕਿ ਚੌਧਰੀ ਓਮ ਪ੍ਰਕਾਸ਼ ਚੋਟਾਲਾ ਦੇ ਕਾਰਜਕਾਲ ਦੌਰਾਨ 2002 'ਚ  ਹਰਿਆਣਾ ਸਰਕਾਰ ਦੇ ਹੱਕ ਵਿੱਚ ਫੈਸਲਾ ਆ ਗਿਆ ਸੀ ਪਰੰਤੂ ਕਾਂਗਰਸ ਸਰਕਾਰ ਦੀਆਂ ਨੀਤੀਆਂ ਕਾਰਨ ਦਸ ਸਾਲ ਤੱਕ ਮਾਮਲਾ ਲਟਕਿਆ ਰਿਹਾ। ਸ੍ਰੀ ਅਰੋੜਾ ਨੇ ਦਾਅਵਾ ਕੀਤਾ ਕਿ 1978 ਵਿੱਚ ਚੌਧਰੀ ਦੇਵੀ ਲਾਲ ਨੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੂੰ ਐਸ.ਵਾਈ.ਐਲ ਨਹਿਰ ਦੀ ਖੁਦਾਈ ਲਈ ਤਿੰਨ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਸੀ। ਮੀਟਿੰਗ ਵਿੱਚ ਇਨੈਲੋ ਨੇ ਕਾਂਗਰਸ ਅਤੇ ਭਾਜਪਾ ਆਗੂਆਂ ਵਲੋਂ ਐਸ.ਵਾਈ.ਐਲ ਨਹਿਰ ਬਾਰੇ ਬਿਆਨਬਾਜੀ ਨੂੰ ਲੈ ਕੇ ਨਿੰਦਾ ਮਤਾ ਪਾਸ ਕੀਤਾ ਗਿਆ। ਇਨੌਲੇ ਆਗੂਆਂ ਨੇ ਕਿਹਾ ਕਿ 2004 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਗੈਰ ਸੰਵਿਧਾਨਿਕ ਬਿਲ ਪਾਸ ਕਰਨ ਤੋਂ ਬਾਦ ਹਰਿਆਣਾ ਦੀ ਕਾਂਗਰਸ ਸਰਕਾਰ ਦਸ ਸਾਲ ਤੱਕ ਚੁੱਪ ਬੈਠੀ ਰਹੀ।

ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸੁਪਰੀਮ ਕੋਰਟ ਦਾ ਫੈਸਲਾ ਨਾ ਮੰਨਣ ਦੀ ਗੱਲ ਕਰ ਰਹੇ ਹਨ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਚੁੱਪੀ ਧਾਰ ਰੱਖੀ ਹੈ। ਉਹਨਾਂ ਨੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੂੰ ਪੰਜਾਬ ਭਾਜਪਾ ਦਾ ਸਹਾਇਕ ਪਦ ਦਾ ਅਹੁੱਦਾ ਤਿਆਗਣ ਦੀ ਸਲਾਹ ਦਿੱਤੀ ਹੈ। ਇਨੈਲੋ ਆਗੂਆਂ ਨੇ ਸਰਕਾਰ ਤੋਂ ਹਰਿਆਣਾ ਦਾ ਵਿਸ਼ੇਸ਼ ਸੈਸ਼ਨ ਬਲਾਉਣ ਦੀ ਮੰਗ ਵੀ ਕੀਤੀ।

ਬਾਦਲ , ਸੈਸ਼ਨ ਬੁਲਾਉਣ 'ਤੋਂ ਪਹਿਲਾਂ ਮਾਰਚ ਵਿੱਚ ਪਾਸ ਕੀਤੇ ਮਤੇ ਤੇ ਰਾਜਪਾਲ 'ਤੋ ਮੋਹਰ ਲਗਵਾਉਣ

ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਕੇਵਲ ਇੱਕ ਛਲਾਵਾ : ਜਾਖੜ
ਚੰਡੀਗੜ• 14 ਨਵੰਬਰ ( ਜੈ ਸਿੰਘ ਛਿੱਬਰ) :  ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਆਗੂ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਵਲੋਂ 16 ਨਵੰਬਰ ਨੂੰ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਸਿਆਸੀ ਛਲਾਵਾ ਦੱਸਿਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਪਾਣੀਆਂ ਦੇ ਮੁੱਦੇ 'ਤੇ ਗੰਭੀਰ ਹਨ ਤਾਂ ਪਹਿਲਾਂ 14 ਮਾਰਚ 2016 ਨੂੰ ਪਾਣੀਆਂ ਬਾਰੇ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਪ੍ਰਸਤਾਵ 'ਤੇ ਰਾਜਪਾਲ ਪੰਜਾਬ ਦੀ ਮੋਹਰ ਲਗਵਾਈ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਵਿਧਾਨਸਭਾ ਵਿੱਚ ਸਕਾਰਾਤਮਕ ਸੋਚ ਤਹਿਤ ਹੀ ਸੂਬੇ ਦੇ ਭਖ਼ਦੇ ਮੁੱਦਿਆਂ ਤੇ ਬਹਿਸ ਕਰਨੀ ਚਾਹੀ ਲੇਕਿਨ ਮੁਖ ਮੰਤਰੀ ਤੇ  ਉਪ-ਮੁਖ ਮੰਤਰੀ ਨੇ ਕਦੇ ਵੀ ਉਸਨੂੰ ਗੰਭੀਰਤਾ ਨਾਲ ਨਹੀਂ ਲਿਆ।
ਸ਼੍ਰੀ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ 12 ਜੁਲਾਈ 2004 ਨੂੰ ਇਸ ਪਾਣੀ ਦੇ ਮੁੱਦੇ ਤੇ ਟਰਮੀਨੇਸ਼ਨ ਆਫ ਐਗ੍ਰੀਮੈਂਟ ਐਕਟ ਪਾਸ ਕਰਵਾਉਣ ਦੇ ਬਾਅਦ ਰਾਜਪਾਲ  ਤੋਂ ਮੰਜੂਰੀ ਪ੍ਰਾਪਤ ਕਰ ਲਈ ਸੀ ਲੇਕਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ 14 ਮਾਰਚ 2016 ਨੂੰ ਪੰਜਾਬ ਸਤਲੁਜ, ਯਮੁਨਾ ਲਿੰਕ ਲੈਂਡ (ਟ੍ਰਾਂਸਫਰ ਆਫ ਪ੍ਰਾਪਰਟੀ ਰਾਈਟਸ) ਬਿੱਲ ਪਾਸ ਕੀਤਾ ਗਿਆ ਲੇਕਿਨ ਅੱਜ ਤੱਕ ਰਾਜਪਾਲ ਤੋਂ ਮੰਜੂਰੀ ਹਾਸਿਲ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਨਵਾਂ ਬਿਲ ਲਿਆਉਣ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਪੁਰਾਣੇ ਪਾਸ ਕੀਤੇ ਗਏ ਪ੍ਰਸਤਾਵ 'ਤੇ ਰਾਜਪਾਲ ਦੀ ਮੋਹਰ ਲਗਵਾਉਣੀ ਚਾਹੀਦੀ ਹੈ ਨਹੀਂ ਤਾਂ ਸਮਝਿਆ ਜਾਵੇਗਾ ਕਿ  ਸ਼੍ਰੀ ਬਾਦਲ ਨੂੰ ਪਾਣੀ ਬਾਰੇ ਕੋਈ ਚਿੰਤਾਂ ਨਹੀਂ ਹੈ ਬਲਕਿ ਸਿਰਫ ਰਾਜਨੀਤੀ ਕਰ ਰਹੇ ਹਨ।
ਉਨ•ਾਂ ਕਿਹਾ ਕਿ ਪਾਣੀ ਦੇ ਮੁੱਦੇ ਤੇ ਸੁਪਰੀਮ ਕੋਰਟ ਦੀ ਰਾਏ ਬਾਅਦ ਕਾਂਗਰਸ ਸ਼ਾਂਤਮਈ ਢੰਗ ਨਾਲ ਆਪਣਾ ਰੋਸ਼ ਜਨਹਿਤ ਨੂੰ ਸਾਹਮਣੇ ਰਖਦੇ ਹੋਏ ਪ੍ਰਗਟ ਕਰ ਰਹੀ ਹੈ ਜਦਕਿ ਸ਼੍ਰੀ  ਬਾਦਲ ਲੋਕਾਂ ਦੀ ਭਾਵਨਾਵਾਂ ਭੜਕਾ ਕੇ ਇਸ ਸੂਬੇ  ਨੂੰ ਅਸ਼ਾਂਤ ਬਣਾਉਣ ਦੀ  ਸਾਜਿਸ਼ ਰਚ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਆਗੂਆਂ ਦੀ ਭੜਕਾਓ ਬਿਆਨਾਂ ਦੇ ਕਾਰਨ ਹੀ ਕੇਂਦਰੀ ਸੁਰਖਿਆ ਬਲ ਦੀ 4 ਕੰਪਨੀਆਂ ਪੰਜਾਬ ਵਿੱਚ ਤੈਨਾਤ ਕੀਤੀਆ ਗਈਆਂ ਹਨ। ਬਾਦਲ ਸਾਮਾਜਿਕ, ਰਾਜਨੀਤਕ , ਧਾਰਮਿਕ ਤੇ ਆਰਥਿਕ ਅਵਿਵਸਥਾ ਪੈਦਾ ਕਰਨ ਦੀ ਬਜਾਏ ਸ਼੍ਰੀ ਮੋਦੀ ਨਾਲ ਸੰਪਰਕ ਕਰਨ ਅਤੇ ਸਤਲੁਜ, ਯਮੁਨਾ ਲਿੰਕ ਨਹਿਰ ਦੇ ਮਾਮਲੇ ਤੇ ਪੰਜਾਬ ਦਾ ਪੱਖ ਮਜਬੂਤੀ ਨਾਲ ਰਖੇ।

ਮੰਜੂਰ ਨਹੀਂ ਹੋਏ ਕਾਂਗਰਸੀ ਵਿਧਾਇਕਾਂ ਦੇ ਅਸਤੀਫੇ

 ਕਾਂਗਰਸੀ ਵਿਧਾਇਕਾਂ ਦਾ ਕੱਲ• ਸੈਸ਼ਨ ਵਿੱਚ ਸ਼ਾਮਲ ਹੋਣ ਲਈ ਰਸਤਾ ਖੁੱਲ•ਾ
 ਸਰਕਾਰ ਲਿਆਵੇਗੀ ਐਸ.ਵਾਈ.ਐਲ ਨੂੰ ਲੈ ਕੇ ਵਿਸ਼ੇਸ਼ ਪ੍ਰਸ਼ਤਾਵ
  ਸਰਕਾਰ ਦੀ ਇੱਛਾ 2004 ਦੀ ਤਰ•ਾਂ ਹੁਣ ਕਾਂਗਰਸ ਵੀ ਸਾਥ ਦੇਵੇ
ਚੰਡੀਗੜ• 14 ਨਵੰਬਰ ( ਜੈ ਸਿੰਘ ਛਿੱਬਰ) : ਸੁਪਰੀਮ ਕੋਰਟ ਦਾ ਐਸ.ਵਾਈ.ਐਲ ਮਾਮਲੇ 'ਚ ਪੰਜਾਬ ਵਿਰੋਧੀ ਫੈਸਲਾ ਆਉਣ ਤੋਂ ਬਾਅਦ ਬੇਸ਼ੱਕ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਰੋਸ ਵਜੋਂ 11 ਨਵੰਬਰ ਨੂੰ ਸਮੂਹਿਕ ਅਸਤੀਫੇ ਦੇ ਦਿੱਤੇ ਸਨ, ਪਰ ਅਜੇ ਤੱਕ ਸਪੀਕਰ ਵਲੋਂ ਕਾਂਗਰਸੀ ਵਿਧਾਇਕਾ ਦਾ ਅਸਤੀਫਾ ਮੰਜੂਰ ਨਹੀਂ ਕੀਤਾ ਗਿਆ। ਜਦੋਂਕਿ ਰਾਜਪਾਲ ਪੰਜਾਬ ਨੇ 16 ਨਵੰਬਰ (ਬੁੱਧਵਾਰ) ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਲਾਉਣ ਦੇ ਫੈਸਲੇ 'ਤੇ ਮੋਹਰ ਲਗਾ ਦਿੱਤੀ ਹੈ।
ਵਿਧਾਨ ਸਭਾ ਦੇ ਸੂਤਰਾਂ ਮੁਤਾਬਿਕ ਕਾਂਗਰਸੀ ਵਿਧਾਇਕਾਂ ਦਾ ਅਸਤੀਫਾ ਮੰਜੂਰ ਨਹੀਂ ਹੋਇਆ ਹੈ। ਯਾਨੀ 14 ਵੀਂ ਵਿਧਾਨ ਸਭਾ ਦੇ ਅੰਤਿਮ ਇੱਕ ਦਿਨਾਂ ਸੈਸ਼ਨ ਵਿੱਚ ਆਉਣ ਲਈ ਕਾਂਗਰਸੀ ਵਿਧਾਇਕਾਂ ਦਾ ਰਸਤਾ ਖੁੱਲ•ਾ ਹੈ। ਸੂਤਰ ਦੱਸਦੇ ਹਨ ਕਿ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਇੱਕ ਦਿਨਾ ਸੈਸ਼ਨ ਵਿੱਚ ਪਾਣੀਆਂ ਦੇ ਮਾਮਲੇਂ ਵਿੱਚ ਇੱਕ ਵਿਸ਼ੇਸ਼ ਪ੍ਰਸਤਾਵ/ ਬਿਲ ਲਿਆਂਦਾ ਜਾਵੇਗਾ। ਸਰਕਾਰ ਇਸ ਪ੍ਰਸਤਾਵ ਨੂੰ ਸਰਬ ਸੰਮਤੀ ਨਾਲ ਪਾਸ ਕਰਵਾਉਣਾ ਚਾਹੁੰਦੀ ਹੈ, ਜਦੋਂ 12 ਜੁਲਾਈ 2004 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ  ਪਾਣੀਆਂ ਬਾਰੇ ਸਮਝੋਤੇ ਰੱਦ ਕਰਦਿਆਂ ਨਵਾਂ ਬਿਲ ਲਿਆਂਦਾ ਸੀ, ਤਾਂ ਅਕਾਲੀ ਦਲ ਨੇ ਵੀ ਸਮਰਥਨ ਕੀਤਾ ਸੀ, ਅਤੇ ਬਿਲ ਸਰਬ ਸੰਮਤੀ ਨਾਲ ਪਾਸ ਹੋ ਗਿਆ ਸੀ। ਅਕਾਲੀ ਦਲ ਵੀ ਹੁਣ ਇਹੀ  ਚਾਹੁੰਦਾ ਹੈ ਕਿ ਕਾਂਗਰਸ ਪਾਣੀਆਂ ਦੇ ਮਾਮਲੇਂ 'ਚ ਲਿਆਉਣ ਵਾਲੇ ਪ੍ਰਸ਼ਤਾਵ ਤੇ ਸਰਬ ਸੰਮਤੀ ਨਾਲ ਸਮਰਥਨ ਕਰੇ। ਜੇਕਰ ਕਾਂਗਰਸੀ ਵਿਧਾਇਕ ਇੱਕ ਦਿਨਾਂ ਸੈਸ਼ਨ ਵਿੱਚ ਨਹੀਂ ਜਾਣਗੇ ਤਾਂ ਅਕਾਲੀ ਦਲ ਨੂੰ ਕਾਂਗਰਸ ਖਿਲਾਫ ਬੋਲਣ ਦਾ ਇੱਕ ਹੋਰ ਮੁੱਦਾ ਮਿਲ ਜਾਵੇਗਾ ਕਿ ਪਾਣੀਆਂ ਦੇ ਮੁੱਦੇ 'ਤੇ ਲਿਆਂਦੇ ਗਏ ਬਿਲ 'ਤੇ ਸੈਸ਼ਨ ਵਿੱਚ ਕਾਨੂੰਨ ਬਣਾਉਣ ਤੋਂ ਕਾਂਗਰਸੀ ਵਿਧਾਇਕ ਭੱਜ ਗਏ ਹਨ। ਇਸ ਲਈ ਅਕਾਲੀ ਆਗੂਆਂ ਵਲੋਂ ਵਾਰ ਵਾਰ ਕਾਂਗਰਸੀ ਵਿਧਾਇਕਾਂ ਨੂੰ ਸਦਨ ਵਿੱਚ ਸਰਕਾਰ ਦਾ ਸਾਥ ਦੇਣ ਲਈ ਬਿਆਨ ਦਿੱਤੇ ਜਾ ਰਹੇ ਹਨ। ਪਹਿਲਾਂ ਹੀ ਅਕਾਲੀ ਦਲ ਵਲੋਂ ਪਾਣੀਆਂ ਦੇ ਮੁੱਦੇ 'ਤੇ ਕਾਂਗਰਸ ਖਾਸਕਰਕੇ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ, ਹੁਣ ਜੇਕਰ ਕਾਂਗਰਸੀ ਵਿਧਾਇਕ ਸੈਸ਼ਨ ਵਿੱਚ ਭਾਗ ਨਹੀਂ ਲੈਂਦੇ ਤਾਂ ਅਕਾਲੀ ਦਲ ਨੂੰ ਕਾਂਗਰਸ ਨੂੰ ਘੇਰਨ ਲਈ ਇੱਕ ਹੋਰ ਮੌਕਾ ਮਿਲ ਜਾਵੇਗਾ। ਹਾਲਾਂਕਿ ਪਹਿਲਾ ਵੀ ਪੰਜਾਬ ਸਰਕਾਰ , ਪੰਜਾਬ ਕੋਲ• ਵਾਧੂ ਪਾਣੀ ਨਾ ਹੋਣ ਅਤੇ ਇੱਕ ਬੂੰਦ ਵੀ ਹੋਰ ਸੂਬੇ ਨੂੰ ਨਾ ਦੇਣ ਬਾਰੇ ਪ੍ਰਸਤਾਵ ਸਰਬ ਸੰਮਤੀ ਨਾਲ ਪਾਸ ਕਰ ਚੁੱਕੀ ਹੈ।
ਵਿਧਾਨ ਸਭਾ ਦੇ ਸਪੀਕਰ ਡਾ ਚਰਨਜੀਤ ਸਿੰਘ ਅਟਵਾਲ ਹੁਰਾਂ ਨਾਲ ਸੰਪਰਕ ਨਹੀਂ ਹੋ ਸਕਿਆ , ਪਰੰਤੂ ਉਹਨਾਂ ਦੇ ਸਲਾਹਕਾਰ ਰਾਮ ਨਰਾਇਣ ਯਾਦਵ ਦਾ  ਕਹਿਣਾ ਹੈ ਕਿ ਅਸਤੀਫਾ ਦੇਣਾ ਵਿਧਾਇਕ ਦਾ ਹੱਕ ਹੈ ਅਤੇ ਮੰਜੂਰ ਕਰਨਾ ਸਪੀਕਰ ਦਾ ਅਧਿਕਾਰ ਖੇਤਰ ਹੈ। ਉਹਨਾਂ ਦੱਸਿਆਂ ਕਿ ਸਪੀਕਰ ਵਲੋਂ ਬਕਾਇਦਾ ਨੋਟਿਸ ਦੇ ਕੇ ਵਿਧਾਇਕ ਦਾ ਪੱਖ ਸੁਣਿਆ ਜਾਵੇਗਾ। ਸ੍ਰੀ ਯਾਦਵ ਦਾ ਕਹਿਣਾ ਹੈ ਕਿ ਜਦੋਂ ਤੱਕ ਅਸਤੀਫਾ ਮੰਜੂਰ ਨਹੀਂ ਹੁੰਦਾ ਉਦੋਂ ਤੱਕ ਵਿਧਾਇਕ ਕੋਲ• ਵਿਧਾਨ ਸਭਾ ਸੈਸ਼ਨ 'ਚ ਸ਼ਾਮਲ ਹੋਣ ਦਾ ਪੂਰਨ ਹੱਕ ਹੈ। ਸੂਤਰ ਦੱਸਦੇ ਹਨ ਕਿ 16 ਨਵੰਬਰ ਦੇ ਸੈਸ਼ਨ ਤੋਂ ਬਾਦ ਹੀ 42 ਕਾਂਗਰਸੀ ਵਿਧਾਇਕਾਂ ਅਤੇ ਇੱਕ ਅਜ਼ਾਜ ਵਿਧਾਇਕ ਵਲੋਂ ਸਮੂਹਿਕ ਤੌਰ ਤੇ ਅਸਤੀਫਾ ਦਿੱਤਾ ਗਿਆ ਸੀ। ਜਦੋਂ ਕਿ ਅਕਾਲੀ ਦਲ ਤੋਂ ਮੁਅਤਲ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਤੇ ਪ੍ਰਗਟ ਸਿੰਘ ਵਲੋਂ ਪਹਿਲਾ ਹੀ ਆਪਣਾ ਅਸਤੀਫਾ ਦਿੱਤਾ ਜਾ ਚੁੱਕਾ ਹੈ।

Friday, 11 November 2016

ਸੰਕਟ ਦੀ ਘੜੀ 'ਚ ਕਾਂਗਰਸੀ ਮੈਦਾਨ ਚੋ ਭੱਜੇ - ਅਕਾਲੀ ਦਲ


2004 'ਚ ਪਾਣੀ ਸਮਝੌਤੇ ਰੱਦ ਕਰਨ ਸਮੇਂ ਅਕਾਲੀ ਦਲ ਨੇ ਕਾਂਗਰਸ ਦਾ ਦਿੱਤਾ ਸੀ ਸਾਥ-ਢਿਲੋਂ, ਸੇਖੋਂ
ਚੰਡੀਗੜ•,11 ਨਵੰਬਰ ( ਛਿੱਬਰ) ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਅਤੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਾਂਗਰਸੀ ਵਿਧਾਇਕਾਂ ਵਲੋਂ ਸਮੂਹਿਕ ਅਸਤੀਫੇ ਦੇਣ 'ਤੇ ਪ੍ਰਤੀਕ੍ਰਿਆ ਕਰਦੇ ਹੋਏ ਕਿਹਾ ਕਿ ਕਾਂਗਰਸੀ ਨਿਰਣਾਇਕ ਲੜਾਈ ਮੌਕੇ ਭੱਜ ਗਏ ਹਨ। ਦੋਵੇਂ ਅਕਾਲੀ ਮੰਤਰੀਆਂ ਨੇ ਕਿਹਾ ਕਿ ਸੰਕਟ ਦੀ ਘੜੀ ਵਿਚ ਸੱਦੇ ਇੱਕ ਰੋਜ਼ਾ ਸੰਕਟਕਾਲੀਨ ਵਿਧਾਨ ਸਭਾ ਸ਼ੈਸ਼ਨ ਵਿਚ ਹਿੱਸਾ ਲੈ ਕੇ ਪੰਜਾਬ ਦੇ ਲੋਕਾਂ ਦਾ ਸਾਥ ਦੇਣ ਦੀ ਥਾਂ ਕਾਂਗਰਸੀ ਮੈਦਾਨ ਛੱਡ ਕੇ ਹੀ ਭੱਜ ਗਏ ਹਨ।
ਉਹਨਾਂ ਕਿਹਾ ਕਿ 'ਪੰਜਾਬ ਟਰਮੀਨੇਸ਼ਨ ਆਫ ਐਕਟ 2004'ਨੂੰ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਪਾਸ ਕਰਵਾਉਣ ਲਈ ਸ੍ਰੋਮਣੀ ਅਕਾਲੀ ਦਲ ਨੇ ਉਹਨਾਂ ਦਾ ਡਟ ਕੇ ਸਾਥ ਦਿੱਤਾ ਸੀ ਅਤੇ ਪੂਰੇ ਦੇਸ਼ ਨੂੰ ਇਹ ਸਪੱਸ਼ਟ ਸੁਨੇਹਾ ਦਿੱਤਾ ਸੀ ਕਿ ਉਹਨਾਂ ਵਿਚਕਾਰ ਵਿਚਾਰਧਾਰਕ ਮਤਭੇਦ ਹੋਣ ਦੇ ਬਾਵਜੂਦ ਪਾਣੀਆਂ ਵਾਲਾ ਸਮਝੌਤਾ ਰੱਦ ਕਰਨ ਦੇ ਮੁੱਦੇ ਉੱਤੇ ਸਮੁੱਚਾ ਸੂਬਾ ਇੱਕਜੁਟ ਹੈ।
ਪਰ ਕਾਂਗਰਸ ਨੇ ਅੱਜ ਦੁਬਾਰਾ ਆਈ ਇਸ ਸੰਕਟ ਦੀ ਘੜੀ ਮੌਕੇ ਮੂੰਹ ਦੂਜੇ ਪਾਸੇ ਘੁਮਾ ਲਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ ਵਿਧਾਨ ਸਭਾ ਦੇ ਸੱਦੇ ਗਏ ਇੱਕ ਰੋਜ਼ਾ ਸੰਕਟਕਾਨੀਲ ਸ਼ੈਸ਼ਨ ਵਿੱਚ ਭਾਗ ਲੈਣਾ ਚਾਹੀਦਾ ਸੀ । ਜਿੱਥੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸਮੁੱਚੇ ਹਾਊਸ ਨੂੰ ਰਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ। ਪਰ ਕਾਂਗਰਸ ਨੇ ਇਸ ਸੰਕਟ ਦੀ ਘੜੀ ਸਾਥ ਦੇਣ ਦੀ ਥਾਂ ਵਿਧਾਨ ਸਭਾ 'ਚੋ ਖਿਸਕ ਜਾਣ ਨੂੰ ਪਹਿਲ ਦਿੱਤੀ ਹੈ। ਅਕਾਲੀ ਮੰਤਰੀਆਂ ਨੇ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਅਕਾਲੀ-ਭਾਜਪਾ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਣ ਦੀ ਥਾਂ ਕਾਂਗਰਸੀ ਅਜਿਹੀ ਬਿਆਨਬਾਜ਼ੀ ਕਰਨ 'ਚ ਰੁੱਝੇ ਹੋਏ ਹਨ ਕਿ ਉਹ ਹਰ ਹਲਕੇ ਵਿਚ ਸੀਨੀਅਰ ਅਕਾਲੀ ਆਗੂਆਂ ਦੇ ਪੁਤਲੇ ਫੂਕਣਗੇ। ਉਹਨਾਂ ਕਿਹਾ ਇਹ ਸਮਾਂ ਸਿਆਸੀ ਡਰਾਮੇਬਾਜ਼ੀ ਦਾ ਨਹੀਂ, ਸਗੋਂ ਢੁੱਕਵੇਂ ਵਿਧਾਨਿਕ ਅਤੇ ਪ੍ਰਸਾਸ਼ਨਿਕ ਫੋਰਮਾਂ -ਚਾਹੇ ਉਹ ਸੰਸਦ ਹੋਵੇ ਜਾਂ ਦੇਸ਼ ਦਾ ਰਾਸ਼ਟਰਪਤੀ-ਉੱਤੇ ਰਲ ਕੇ ਆਵਾਜ਼ ਬੁਲੰਦ ਕਰਨ ਦਾ ਹੈ।

ਐਸ.ਵਾਈ.ਐਲ ਦੇ ਮੁੱਦੇ 'ਤੇ ਪੰਜਾਬ ਭਾਜਪਾ ਦੇ ਸਹਿ ਪ੍ਰਭਾਰੀ ਨੇ ਹਰਿਆਣਾ ਦਾ ਪੱਖ਼ ਪੂਰਿਆ


ਸੁਪਰੀਮ ਕੋਰਟ ਦਾ ਦੇਸ਼ ਹਿੱਤ, ਕਿਸਾਨ ਹਿੱਤ ਵਿੱਚ ਵੱਡਾ ਫੈਸਲਾ –ਕੈਪਟਨ ਅਭਿਮਨਯੂ
ਚੰਡੀਗੜ• 11 ਨਵੰਬਰ ( ਜੈ ਸਿੰਘ ਛਿੱਬਰ) : ਬੇਸ਼ੱਕ ਪੰਜਾਬ ਭਾਜਪਾ ਦੇ ਆਗੂ ਦਰਿਆਈ ਪਾਣੀਆਂ, ਐਸ.ਵਾਈ.ਐਲ ਮਾਮਲੇ 
ਚ ਅਕਾਲੀ ਦਲ ਦੀ ਬੋਲੀ ਬੋਲ ਰਹੇ ਹਨ, ਪਰ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਅਤੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੋਕਹਿਤ,ਦੇਸ਼ ਹਿੱਤ  ਤੇ ਕਿਸਾਨ ਹਿਤ ਵਿੱਚ ਕਹਿੰਦਿਆਂ ਸਾਰਿਆਂ (ਪੰਜਾਬ) ਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਪਾਲਣ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਾ ਮੰਨਣਾ ਜਾਂ ਫਿਰ ਰੋਕਣਾ ਸੰਵਿਧਾਨ ਦੇ ਉਲਟ ਹੈ। ਪੰਜਾਬ ਦੇ ਸਹਿ ਪ੍ਰਭਾਰੀ ਹੋਣ ਦੇ ਨਾਤੇ ਪੰਜਾਬ ਤੇ ਹਰਿਆਣਾ ਦੇ ਹਿਤ ਟਕਰਾਉਣ ਤੇ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਹਰੇਕ ਰਾਜ ਦੀਆਂ ਅਲੱਗ ਅਲੱਗ ਪ੍ਰਸਥਿਤੀਆਂ ਹੁੰਦੀਆਂ ਹਨ, ਪਰ ਉਹ ਸਭਨੂੰ ਰਾਸ਼ਟਰੀ ਤੇ ਕਿਸਾਨ ਹਿਤ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਮੰਨਣ ਲਈ ਪ੍ਰੇਰਿਤ ਕਰਨਗੇ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਤੀਸਰੀ ਵਾਰ ਸਰਕਾਰ ਬਣਾਏਗਾ। ਉਹਨਾਂ ਨੇ ਪੰਜਾਬ ਸਰਕਾਰ ਨੂੰ ਦਰਿਆਈ ਪਾਣੀਆਂ ਦੇ ਮੁੱਦੇ ਨੂੰ ਛੱਡਕੇ ਸੂਬੇ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਆਰਥਿਕ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਨੇ ਖੇਤੀ ਦੇ ਨਾਲ ਨਾਲ ਇੰਡਸਟਰੀ ਤੇ ਹੋਰ ਖੇਤਰ ਵਿੱਚ ਵਧੇਰੇ ਧਿਆਨ ਦਿੱਤਾ ਹੈ ਅਤੇ ਅਲੱਗ ਰਾਜ ਬਣਨ ਸਮੇਂ ਪੰਜਾਬ ਨਾਲੋ ਪਿਛੜਿਆ ਹਰਿਆਣਾ ਅੱਜ ਪੰਜਾਬ ਤੋਂ ਅੱਗੇ ਨਿਕਲ ਚੁੱਕਾ ਹੈ। ਉਹਨਾਂ ਕਿਹਾ ਕਿ ਉਹ ਐਸ.ਵਾਈ.ਐਲ ਮੁੱਦੇ 'ਤੇ ਹਰਿਆਣਾ ਅਤੇ ਦੇਸ਼ ਦੇ ਕਿਸਾਨਾਂ ਨਾਲ ਖੜਨਗੇ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਸਹਿ ਪ੍ਰਭਾਰੀ ਹੋਣ ਦੇ ਨਾਤੇ ਪਾਣੀਆਂ ਦਾ ਮੁੱਦਾ ਉਹਨਾਂ ਦੇ ਕੰਮ ਵਿੱਚ ਰੁਕਾਵਟ ਨਹੀਂ ਬਣੇਗਾ। 

ਐਸ.ਵਾਈ.ਐਲ ਮਾਮਲਾ-- ਅਜ਼ਾਦ ਵਿਧਾਇਕ ਸਮੇਤ ਕਾਂਗਰਸ ਦੇ 43 ਵਿਧਾਇਕਾਂ ਨੇ ਸਪੀਕਰ ਨੂੰ ਸੌਂਪੇ ਅਸਤੀਫੇ


ਅੱਜ ਪੰਜਾਬ ਭਰ 'ਚ ਮੋਦੀ ਤੇ ਬਾਦਲ ਦੇ ਫੂਕੇ ਜਾਣਗੇ ਪੁਤਲੇ
13 ਨੂੰ ਹੋਵੇਗੀ ਅਬੋਹਰ ਵਿੱਚ ਰੈਲੀ 
ਕੈਪਟਨ, ਅੰਬਿਕਾ ਸੋਨੀ, ਦੂਲੋਂ, ਬਾਜਵਾ ਸਮੇਤ ਵੱਡੇ ਆਗੂ  ਹਾਜ਼ਰ 
ਅਸਤੀਫਾ ਮੰਜੂਰ ਕਰਨਾ ਸਪੀਕਰ ਦਾ ਅਧਿਕਾਰ – ਸਕੱਤਰ 
ਚੰਡੀਗੜ• 11 ਨਵੰਬਰ ( ਜੈ ਸਿੰਘ ਛਿੱਬਰ) : ਵਿਵਾਦਿਤ ਸਤਲੁੱਜ ਯਮਨਾ ਲਿੰਕ ਨਹਿਰ (ਐਸ.ਵਾਈ.ਐਲ) ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਪਾਣੀ ਦੀ ਸਿਆਸਤ ਪੂਰੀ ਤਰ•ਾਂ ਉਬਾਲੇ ਖਾਣ ਲੱਗੀ ਹੈ। ਦੋਵੇਂ ਸੂਬਿਆਂ ਦੇ ਸਿਆਸੀ ਆਗੂਆਂ ਵਲੋਂ ਲੋਕ ਮੱਤ ਦਾ ਫ਼ਾਇਦਾ ਲੈਣ ਲਈ ਆਪਣੇ ਆਪਣੇ ਤਰਕ ਪੇਸ਼ ਕੀਤੇ ਜਾ ਰਹੇ ਹਨ ਅਤੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਸੁਪਰੀਮ ਕੋਰਟ ਦੇ ਦਰਿਆਈ ਪਾਣੀਆਂ ਨੂੰ ਲੈ ਕੇ ਆਏ ਫੈਸਲੇ ਨੂੰ ਮੰਨਣ ਅਤੇ ਨਾ ਮੰਨਣ ਨੂੰ ਲੈ ਕੇ ਬਜਿੱਦ ਹਨ। 
Êਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਅਜ਼ਾਦ ਵਿਧਾਇਕ ਰਜਨੀਸ਼ ਬੱਬੀ ਸਮੇਤ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਅੱਜ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਨਾਮ ਉਹਨਾਂ ਦੀ ਗੈਰ ਮੋਜੂਦਗੀ ਵਿੱਚ ਅਸਤੀਫ਼ੇ ਵਿਧਾਨ ਸਭਾ ਦੀ ਸਕੱਤਰ ਸਸ਼ੀ ਲਖਨਪਾਲ ਮਿਸ਼ਰਾਂ ਨੂੰ ਸੌਪੇ। ਵਿਧਾਨ ਸਭਾ 'ਚ ਕਾਂਗਰਸ ਵਿਧਾਇਕ ਦਲ ਦੇ ਦਫ਼ਤਰ ਵਿਖੇ ਵਿਧਾਇਕਾਂ ਅਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਸ਼ਮਸ਼ੇਰ ਸਿੰਘ ਦੂਲੋਂ ਤੇ ਪ੍ਰਤਾਪ ਸਿੰਘ ਬਾਜਵਾ ਨਾਲ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਕੀਤੀ। ਇਸ ਮੌਕੇ 'ਤੇ ਕਾਂਗਰਸੀ ਆਗੂਆਂ ਨੇ ਇਕਮੱਤ ਰਾਏ ਦਿੱਤੀ ਕਿ ਦਰਿਆਈ ਪਾਣੀਆਂ ਨੂੰ ਲੈ ਕੇ ਲੋਕਾਂ ਨੂੰ ਅਸਲ ਸਥਿਤੀ ਤੋਂ ਜਾਣੂੰ ਕਰਵਾਇਆ ਜਾਵੇ ਅਤੇ ਪਾਣੀਆਂ ਸਮੇਤ ਹੋਰਨਾਂ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਨੀਵਾਰ ਨੂੰ ਹਰੇਕ ਵਿਧਾਨ ਸਭਾ ਹਲਕੇ ਵਿੱਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਜਾਣਗੇ। ਇਸਤੋਂ ਇਲਾਵਾ ਐਤਵਾਰ 13 ਨਵੰਬਰ ਨੂੰ ਹਰਿਆਣਾ –ਪੰਜਾਬ ਦੀ ਸਰਹੱਦ 'ਤੇ ਪੈਂਦੇ ਪਿੰਡ 'ਚ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆਂ ਕਿ ਕਾਂਗਰਸ ਵਲੋਂ ਪਾਣੀ ਅਤੇ ਹੋਰਨਾਂ ਮੁੱਦਿਆਂ ਨਸ਼ਿਆ, ਬੇਰੁੱਜਗਾਰੀ, ਕਿਰਸਾਨੀ ਨੂੰ ਬਚਾਉਣ ਲਈ ਇੱਕ ਮੁੰਹਿਮ ਸ਼ੁਰੂ ਕੀਤੀ ਜਾਵੇਗੀ। 
ਕੈਪਟਨ ਨੇ ਅੱਜ ਫਿਰ ਦੁਹਰਾਇਆ ਕਿ ਉਹ 1981 ਵਿੱਚ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਕਪੂਰੀ ਵਿਖੇ ਬਤੌਰ ਮੈਂਬਰ ਪਾਰਲੀਮੈਂਟ ਸ਼ਾਮਲ ਹੋਏ ਸਨ, ਪਰ ਨਹਿਰ ਬਾਰੇ ਸਮਝੌਤਾ 1978 'ਚ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਤਤਕਾਲੀਨ ਮੁੱਖ ਮੰਤਰੀ ਦੇਵੀ ਲਾਲ ਨਾਲ ਕੀਤਾ ਸੀ, ਉਸੀ ਸਮਝੌਤੇ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਕਪੂਰੀ (ਪਟਿਆਲਾ) ਵਿਖੇ ਪਹੁੰਚੇ ਸਨ। ਕੈਪਟਨ ਨੇ ਸ੍ਰ ਬਾਦਲ ਖਿਲਾਫ਼ ਤਲਖ ਟਿੱਪਣੀ ਕਰਦਿਆਂ ਕਿਹਾ ਕਿ ਬਾਦਲ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਚੋਣ ਜ਼ਾਬਤਾ ਲੱਗਣ ਤੋਂ ਬਾਦ ਪਿੰਡਾਂ ਦੇ ਲੋਕਾਂ ਨੇ ਬਾਦਲ ਪਰਿਵਾਰ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਣਾ ਅਤੇ ਇਹਨਾਂ ਦੀਆਂ ਗੱਡੀਆਂ ਦੇ ਲੋਕੀ ਸ਼ੀਸ਼ੇ ਤੱਕ ਭੰਨ ਦੇਣਗੇ। ਇਸ ਮੌਕੇ 'ਤੇ ਬਤੌਰ ਅਕਾਲੀ ਵਿਧਾਇਕ ਅਸਤੀਫਾ ਦੇਣ ਵਾਲੇ ਇੰਦਰਬੀਰ ਸਿੰਘ ਬੁਲਾਰੀਆਂ ਵੀ ਹਾਜ਼ਰ ਸਨ। 
ਬਾਕਸ------
ਅਸਤੀਫੇ ਮੰਜੂਰ ਕਰਨਾ ਸਪੀਕਰ ਦਾ ਅਧਿਕਾਰ ਖੇਤਰ –ਸਕੱਤਰ 
ਚੰਡੀਗੜ-ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾਂ ਨੇ ਕਿਹਾ ਕਿ ਕੁੱਲ 43 ਵਿਧਾਇਕਾਂ ਵਲੋਂ ਅਸਤੀਫੇ ਦਿੱਤੇ ਗਏ ਹਨ। ਇਹਨਾਂ ਸਾਰੇ ਅਸਤੀਫਿਆਂ ਨੂੰ ਉਹ ਸਪੀਕਰ ਦੇ ਧਿਆਨ ਵਿੱਚ ਲਿਆਉਣਗੇ ਅਤੇ ਅਸਤੀਫੇ ਮੰਜੂਰ ਕਰਨਾ ਜਾਂ ਨਹੀਂ, ਇਹ ਸਪੀਕਰ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ। ਉਹਨਾਂ ਮੰਨਿਆਂ ਕਿ ਸੰਵਿਧਾਨ ਅਨੁਸਾਰ ਵਿਧਾਇਕਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। 
ਉਧਰ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਨੇ ਬੀਤੇ ਕੱਲ• ਸਪੀਕਰ ਨੂੰ ਅਸਤੀਫੇ ਦੇਣ ਬਾਰੇ ਸੂਚਿਤ ਕਰ ਦਿੱਤਾ ਸੀ, ਪਰ ਉਹ ਜਾਣਬੁੱਝ ਕੇ ਅੱਜ ਗੈਰਹਾਜ਼ਰ ਹੋਏ ਹਨ। ਸ੍ਰ ਚੰਨੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ 16 ਨਵੰਬਰ ਨੂੰ ਸੱਦੇ ਗਏ ਵਿਸ਼ੇਸ਼ ਸੈਸ਼ਨ ਵਿੱਚ ਹਿੱਸਾ ਨਹੀਂ ਲੈਣਗੇ। 

Thursday, 10 November 2016

ਨਾ ਪਾਣੀ ਦੇਵਾਗੇ ਨਾ ਅਸਤੀਫੇ -ਬਾਦਲ

ਪੰਜਾਬ ਮੰਤਰੀ ਮੰਡਲ ਦਾ ਫੇਸਲਾ -----

16 ਨਵੰਬਰ ਨੁੰ ਹੰਗਾਮੀ ਸੈਸ਼ਨ ਸੱਦਿਆ 
8 ਦਸੰਬਰ ਨੁੰ ਮੋਗਾ ਵਿਖੇ ਸੱਦਿਆ ਲੋਕਾਂ ਦਾ ਭਾਰੀ ਇਕੱਠ  
ਚੰਡੀਗੜ•, 10 ਨਵੰਬਰ ( ਜੈ ਸਿੰਘ ਛਿੱਬਰ) : ਪਾਣੀ ਦੇ ਮੁੱਦੇ 'ਤੇ ਸਿਆਸਤ ਇਕ ਵਾਰ ਫਿਰ ਉਬਾਲੇ ਖਾਣ ਲੱਗ ਪਈ ਹੈ। ਪੰਜਾਬ ਮੰਤਰੀ ਮੰਡਲ ਨੇ ਅੱਜ ਸ਼ਾਮ ਹੰਗਾਮੀ ਮੀਟਿੰਗ ਕਰਕੇ ਪਾਣੀ ਦੀ ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਾ ਜਾਣ ਅਤੇ ਐਸ.ਵਾਈ.ਐਲ ਨਹਿਰ ਦੇ ਨਿਰਮਾਣ ਲਈ ਇੱਕ ਵੀ ਇੱਟ ਨਾ ਲੱਗਣ ਦਾ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਹੈ। ਸੁਪਰੀਮ ਕੋਰਟ ਦਾ ਐਸ.ਵਾਈ.ਐਲ ਨਹਿਰ ਬਾਰੇ ਫੈਸਲਾ ਆਉਣ ਤੋਂ ਬਾਦ ਪੰਜਾਬ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਦੇਰ ਸ਼ਾਮ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਦ ਪੱਤਰਕਾਰਾਂ ਨੂੰ ਮੰਤਰੀ ਮੰਡਲ ਵਲੋਂ ਲਏ ਗਏ ਫੈਸਲਿਆਂ ਤੋਂ ਜਾਣੂ ਕਰਵਾਉਂਦਿਆ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ –ਭਾਜਪਾ ਵਿਧਾਇਕਾਂ ਵਲੋਂ ਅਸਤੀਫਾ ਦੇਣ ਤੋਂ ਕੋਰੀ ਨਾਂਹ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ  16 ਨਵੰਬਰ ਨੂੰ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਬਲਾਉਣ ਅਤੇ 8 ਦਸੰਬਰ ਨੂੰ ਮੋਗਾ ਵਿਖੇ 'ਪਾਣੀ ਬਚਾਓ –ਪੰਜਾਬ ਬਚਾਓ ਬੈਨਰ ਹੇਠ ਵੱਡਾ ਇਕੱਠ ਕਰਕੇ ਜਨਮਤ ਦਾ ਪ੍ਰਸਤਾਵ ਪਾਸ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਹੋਵੇ ਜਾ ਨਾਂ ਪਰ ਪੰਜਾਬ ਇੱਕ ਵੀ ਬੂੰਦ ਪਾਣੀ ਨਹੀਂ ਦੇਵੇਗਾ। ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕਾਂ ਵਲੋਂ ਅਸਤੀਫਾ ਦੇਣ ਨੂੰ ਸਿਆਸੀ ਸਟੰਟ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਵਨੀਤ ਬਿਟੂ ਤੇ ਹੋਰ ਲੋਕ ਸਭਾ ਮੈਂਬਰਾਂ ਨੇ ਅਸਤੀਫਾ ਕਿਉੰ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅਗਲੇ ਦੋ ਮਹੀਨਿਆਂ 'ਚ ਵਿਧਾਨ ਸਭਾ ਚੋਣ ਹੋਣ ਵਾਲੀਆਂ ਹਨ ਇਸ ਲਈ ਅਸਤੀਫਾ ਦੇਣਾ ਇਕ ਡਰਾਮਾ ਹੈ। ਉਹਨਾਂ ਕਿਹਾ ਕਿ ਜੇਕਰ ਕੈਪਟਨ ਪਾਣੀਆਂ ਲਈ ਗੰਭੀਰ ਹਨ ਤਾਂ ਉਹ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਅਤੇ ਗਾਂਧੀ ਪਰਵਾਰ ਦਾ ਸਾਥ ਛੱਡਣ। ਬਾਦਲ ਨੇ ਕਿਹਾ ਕਿ ਪਾਣੀਆਂ ਦੀ ਸਮੱਸਿਆਂ ਦੀ ਜੜ• ਕਾਂਗਰਸ ਹੈ। ਉਹਨਾਂ ਕਿਹਾ ਕਿ ਅਕਾਲੀ  ਭਾਜਾਪ ਆਪਣੇ ਹੱਕ ਲਈ ਸ਼ਾਂਤਮਈ ਪ੍ਰਦਰਸ਼ਨ ਕਰਨਗੇ। ਸੁਪਰੀਮ ਕੋਰਟ ਵਲੋਂ ਨਹਿਰ ਦਾ ਨਿਰਮਾਣ   ਪੰਜਾਬ  ਸਰਕਾਰ ਨਹਿਰ ਦੇ ਨਿਰਮਾਣ 'ਤੇ ਕਿਸੀ ਕੀਮਤ ਤੇ ਇੱਕ ਵੀ ਇੱਟ ਲੱਗਣ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਐਸ.ਵਾਈ.ਐਲ ਨਹਿਰ ਵਾਲੀ ਜ਼ਮੀਨ ਪਹਿਲਾਂ ਹੀ ਕਿਸਾਨਾਂ ਦੇ ਕਬਜੇ ਵਿੱਚ ਹੈ। ਬਾਦਲ ਨੇ ਕਿਹਾ ਕਿ ਹਰਿਆਣਾ ਉਹਨਾਂ ਦਾ ਛੋਟਾ ਭਰਾ ਹੈ ਅਤੇ ਉਹਨਾਂ ਦੀ ਨਿੱਜੀ ਤੌਰ ਤੇ ਕਿਸੀ ਨਾਲ ਦੁਸ਼ਮਣੀ ਨਹੀਂ ਹੈ। ਪਰ ਪੰਜਾਬ ਦੇ ਹਿਤਾਂ ਲਈ ਉਹ ਹਮੇਸ਼ਾ ਲੜਦੇ ਰਹਿਣਗੇ। ਉਹਨਾਂ ਕਿਹਾ ਕਿ ਪਾਣੀ ਕੇਵਲ ਤੇ ਕੇਵਲ ਅਕਾਲੀ ਦਲ ਦੀ ਸਰਕਾਰ ਬਚਾ ਸਕਦੀ ਹੈ ਕਾਂਗਰਸ ਨੇ ਤਾਂ ਹਮੇਸ਼ਾਂ ਪਾਣੀ ਲੁਟਿਆ  ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ 1978 'ਚ ਹਰਿਆਣਾ ਸਰਕਾਰ ਨਾਲ ਸਮਝੌਤਾ ਕਰਨ ਤੇ ਦੋ ਕਰੋੜ ਰੁਪਏ ਲੈਣ ਦੇ ਲਗਾਏ ਗਏ ਦੋਸ਼ ਦੇ ਸਬੰਧ ਵਿੱਚ ਬਾਦਲ ਨੇ ਸਪਸ਼ਟ ਕੀਤਾ ਕਿ ਗਿਆਨੀ ਜੈਲ ਸਿੰਘ ਨੇ ਨਹਿਰ ਕੱਢਣ ਲਈ ਬੀਜ ਬੀਜਿਆ ਸੀ। ਉਹਨਾਂ ਨੇ ਨਹਿਰ ਦੇ ਖਿਲਾਫ ਕਪੂਰੀ ਵਿਖੇ ਮੋਰਚਾ ਲਾਇਆ ਸੀ। 
ਬਾਕਸ---
ਅਸਤੀਫਾ ਦਿਤਾ ਤਾ ਰਾਸ਼ਟਰਪਤੀ  ਰਾਜ ਲੱਗਜੂ –ਸੁਖਬੀਰ
ਅਕਾਲੀ ਵਿਧਾਇਕਾਂ ਵਲੋਂ ਅਸਤੀਫਾ ਦੇਣ ਦੇ ਸਵਾਲ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਅਸਤੀਫਾ ਦੇ ਦਿੱਤਾ ਤਾਂ ਗਵਨਰ ਰਾਜ ਲੱਗ ਜਾਵੇਗਾ। ਫਿਰ ਤਾਂ ਨਹਿਰ ਦਾ  ਨਿਰਮਾਣ ਕਰਨ ਵਿੱਚ ਆਸਾਨੀ ਹੋ ਜਾਵੇਗੀ। ਇਸ ਲਈ ਅਸਤੀਫਾ ਨਹੀਂ ਦਿੱਤਾ ਜਾਵੇਗਾ ਸਰਕਾਰ 'ਚ ਰਹਿਕੇ ਪਾਣੀਆਂ ਦੀ ਰਾਖੀ ਕੀਤੀ ਜਾਵੇਗੀ।

ਕੈਪਟਨ ਅਮਰਿੰਦਰ ਸਮੇਤ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਦਿੱਤਾ ਅਸਤੀਫਾ

ਸੁਪਰੀਮ ਕੋਰਟ ਦਾ ਐਸ.ਵਾਈ.ਐਲ 'ਤੇ ਫੈਸਲਾ---

ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਰਾਸ਼ਟਰਪਤੀ ਰਾਜ ਲਗਾਇਆ ਜਾਵੇ -ਕੈਪਟਨ
ਬਾਦਲ , ਮੋਰਚੇ ਲਗਾਕੇ ਪੰਜਾਬ ਦੇ ਹਾਲਾਤ ਖਰਾਬ ਕਰ ਸਕਦਾ –ਕੈਪਟਨ
ਲੋਕਾਂ ਨੂੰ ਦੋ ਤਿਹਾਈ ਬਹੁਮਤ ਦੇਣ ਲਈ ਕੀਤਾ ਜਾਵੇਗਾ ਪ੍ਰੇਰਿਤ
ਕਾਂਗਰਸ ਸਰਕਾਰ ਬਣਨ 'ਤੇ ਪਾਣੀਆਂ ਬਾਰੇ ਦੁਬਾਰਾ ਬਿਲ ਪਾਸ ਕੀਤਾ ਜਾਵੇਗਾ 
ਚੰਡੀਗੜ• 10 ਨਵੰਬਰ ( ਜੈ ਸਿੰਘ ਛਿੱਬਰ) : ਸਰਵਉਚ ਅਦਾਲਤ ਸੁਪਰੀਮ ਕੋਰਟ ਵਲੋਂ ਸਤਲੁੱਜ ਯਮਨਾ ਲਿੰਕ ਨਹਿਰ (ਐਸ.ਵਾਈ.ਐਲ) ਦੇ ਮੁੱਦੇ 'ਤੇ ਪੰਜਾਬ ਵਿਰੋਧੀ ਫੈਸਲਾ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸੀ ਤਰ•ਾਂ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ। ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਸਾਰੇ ਵਿਧਾਇਕਾਂ ਦੇ ਅਸਤੀਫੇ ਵੀਰਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫੇ ਸੌਂਪ ਦੇਣਗੇ। 
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਿਹਾਇਸ਼ 'ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ 'ਤੇ ਕਾਨੂੰਨੀ ਲੜਾਈ ਲੜਨ 'ਚ ਫੇਲ• ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸ੍ਰ ਬਾਦਲ ਪੰਜਾਬ ਦੇ ਹਾਲਾਤ ਖਰਾਬ ਕਰਵਾ ਸਕਦੇ ਹਨ, ਕਿਉਂਕਿ ਬਾਦਲ ਮੋਰਚੇ ਲਾਉਣ ਦੇ ਆਦੀ ਹਨ। ਇਸ ਲਈ ਸਰਕਾਰ ਭੰਗ ਕਰਕੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ 1978 'ਚ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਨਾਲ ਐਸ.ਵਾਈ.ਐਲ ਨਹਿਰ ਬਨਾਉਣ ਦਾ ਸਮਝੌਤਾ ਕੀਤਾ ਸੀ ਅਤੇ ਹਰਿਆਣਾ ਸਰਕਾਰ ਤੋਂ ਦੋ ਕਰੋੜ ਰੁਪਏ ਐਡਵਾਂਸ ਵਿੱਚ ਵਸੂਲ ਕੀਤੇ ਸਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਕਪੂਰੀ ਵਿਖੇ ਨਹਿਰ ਨਿਰਮਾਣ ਲਈ ਟੱਕ ਲਾਉਣ ਦੇ ਮੌਕੇ'ਤੇ ਹਾਜਰ ਹੋਣ ਦੀ ਗੱਲ ਸਵੀਕਾਰ ਕਰਦਿਆਂ ਕਿਹਾ ਕਿ ਉਹ 1981 ਵਿੱਚ (ਕੈਪਟਨ) ਪ੍ਰਧਾਨ ਮੰਤਰੀ ਦੀ ਆਮਦ 'ਤੇ ਮੈਂਬਰ ਪਾਰਲੀਮੈਂਟ ਹੋਣ ਦੀ ਹੈਸ਼ੀਅਤ ਵਿੱਚ ਗਏ ਸਨ। ਜਦੋਂਕਿ ਪਰਕਾਸ਼ ਸਿੰਘ ਬਾਦਲ ਨੇ ਤਾਂ ਤਿੰਨ ਸਾਲ ਪਹਿਲਾਂ ਯਾਨੀ 1978 ਵਿੱਚ ਹਰਿਆਣਾ ਸਰਕਾਰ ਨਾਲ ਐਸ.ਵਾਈ.ਐਲ ਨਹਿਰ ਬਾਰੇ ਸਮਝੌਤਾ ਕਰ ਲਿਆ ਸੀ। ਕੈਪਟਨ ਨੇ ਕਿਹਾ ਕਿ ਹਰਿਆਣਾ ਰਾਇਪੇਰੀਅਨ ਸਟੇਟ ਨਹੀਂ ਹੈ, ਹਰਿਆਣਾ ਕੋਲ• 80 ਲੱਖ ਹੇਕਟੇਅਰ ਜ਼ਮੀਨ ਹੈ ਤੇ 12 ਐਮਏਐਫ ਪਾਣੀ ਮਿਲ ਰਿਹਾ ਹੈ। ਜਦੋਂ ਕਿ ਪੰਜਾਬ ਦੀ 105 ਲੱਖ ਹੇਕਟੇਅਰ ਭੂਮੀ ਹੈ ਤੇ  ਪੰਜਾਬ ਨੂੰ ਪਾਣੀ ਘੱਟ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਹਰਿਆਣਾ ਨੂੰ ਯਮਨਾ ਨਹਿਰ ਤੋਂ ਪਾਣੀ ਵੀ ਮਿਲ ਰਿਹਾ ਹੈ, ਪਰ ਪੰਜਾਬ ਯਮਨਾ ਨਹਿਰ ਦੇ ਪਾਣੀ 'ਤੇ ਰਾਇਪੇਰੀਅਨ ਨਾ ਹੋਣ ਕਰਕੇ ਦਾਅਵਾ ਨਹੀਂ ਕਰ ਰਿਹਾ ਹੈ। 
ਕੈਪਟਨ ਨੇ ਕਿਹਾ ਕਿ ਪਾਣੀਆ ਦੇ ਮੁੱਦੇ 'ਤੇ ਲੋਕਾਂ ਨੂੰ ਦੋ ਤਿਹਾਈ ਬਹੁਮਤ ਦੇਣ ਲਈ ਪ੍ਰੇਰਿਤ ਕਰੇਗੀ ਤਾਂ ਜੋ ਵਿਧਾਨ ਸਭਾ ਵਿੱਚ ਫਿਰ ਤੋਂ ਸਰਕਾਰ ਸੰਵਿਧਾਨ ਅਨੁਸਾਰ ਕਾਨੂੰਨ ਪਾਸ ਕਰ ਸਕੇ। ਕੈਪਟਨ ਕਿਹਾ ਕਿ ਕਾਂਗਰਸ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰ ਹੈ ਅਤੇ ਚੋਣ ਕਮਿਸ਼ਨਰ ਨੂੰ ਦਸੰਬਰ ਵਿੱਚ ਚੋਣਾਂ ਕਰਵਾ ਦੇਣੀਆਂ ਚਾਹੀਦੀਆਂ ਹਨ। ਪਾਰਟੀ ਦੇ ਦੂਸਰੇ ਲੋਕ ਸਭਾ ਮੈਂਬਰਾਂ ਵਲੋਂ ਅਸਤੀਫਾ ਦੇਣ ਦੇ ਸਵਾਲ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਅਪਣਾ ਅਸਤੀਫਾ ਦੇ ਦਿੱਤਾ ਹੈ, ਪਾਰਟੀ ਦਾ ਆਪਣਾ ਪੱਖ ਰੱਖਣ ਲਈ ਲੋਕ ਸਭਾ ਵਿੱਚ ਕੁੱਝ ਮੈਂਬਰਾਂ ਦੀ ਵੀ ਜਰੂਰਤ ਹੈ। ਕੈਪਟਨ ਨੇ ਕਿਹਾ ਕਿ ਉਹਨਾਂ ਖੁਦ ਆਪਣਾ ਅਸਤੀਫਾ ਲੋਕ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਹੈ ਅਤੇ ਸਾਰੇ ਵਿਧਾਇਕਾਂ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਹੈ, ਜੇਕਰ ਸਪੀਕਰ ਵਲੋਂ ਉਹਨਾਂ ਨੂੰ ਬੁਲਾਉਣਗੇ ਤਾਂ ਉਹ ਜਰੂਰ ਜਾਣਗੇ। ਇਸ ਮੌਕੇ 'ਤੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਤੇ ਵਿਧਾਇਕ ਕੇਵਲ ਸਿੰਘ ਢਿਲੋਂ ਵੀ ਹਾਜ਼ਰ ਸਨ। 

Thursday, 3 November 2016

ਸੁਰੱਖਿਆਂ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਪੰਜਾਬ ਭਵਨ 'ਚ ਮੋਬਾਇਲ ਟਾਵਰ 'ਤੇ ਚੜ•ੇ ਬੇਰੁੱਜਗਾਰ ਨੌਜਵਾਨ


ਅਤਿ ਸੁਰੱਖਿਆ ਵਾਲੇ ਜੋਨ 'ਚ ਹਰਿਆਣਾ ਨਿਵਾਸ ਤੇ ਐਮ.ਐਲ.ਏ ਫਲੈਟ ਵੀ ਹਨ
ਪੁਲਿਸ ਦੇ ਸਖਤ ਸੁਰੱਖਿਆਂ ਪ੍ਰਬੰਧਾਂ 'ਤੇ ਲੱਗਿਆ ਸਵਾਲੀਆ ਨਿਸ਼ਾਨ
ਚੰਡੀਗੜ•, 3 ਨਵੰਬਰ ( ਜੈ ਸਿੰਘ ਛਿੱਬਰ) : ਦੋ ਬੇਰੁੱਜਗਾਰ ਅਧਿਆਪਕ ਪੰਜਾਬ ਭਵਨ 'ਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਪੈਟਰੋਲ ਅਤੇ ਹੋਰ ਜਲਣਸ਼ੀਲ ਪਦਾਰਥ ਲੈ ਕੇ ਮੋਬਾਇਲ ਟਾਵਰ 'ਤੇ ਚੜ ਗਏ। ਸਾਰੀ ਰਾਤ ਤੱਕ ਪੁਲਿਸ ਨੂੰ ਘਟਨਾਂ ਬਾਰੇ ਕੋਈ ਉਘ ਸੁੱਘ ਨਹੀਂ ਲੱਗੀ ਜਦੋਂ ਸਵੇਰੇ ਹੋਣ 'ਤੇ ਭੇਦ ਖੁਲਿ•ਆ ਤਾਂ ਪੰਜਾਬ ਤੇ ਚੰਡੀਗੜ• ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਅਤਿ ਸੁਰੱਖਿਆ ਵਾਲੀ ਇਮਾਰਤ 'ਚ ਬੇਰੁੱਜਗਾਰਾਂ ਵਲੋਂ ਅਜਿਹੀ ਘਟਨਾਂ ਨੂੰ ਅੰਜਾਮ ਦੇਣ ਦੀ ਇਹ ਦੂਸਰੀ ਘਟਨਾਂ ਹੈ। ਜਿਸਤੋਂ ਅੰਦਾਜਾਂ ਲਗਾਇਆ ਜਾ ਸਕਦਾ ਹੈ ਕਿ ਸਖ਼ਤ ਸਰੁੱਖਿਆ ਦਾ ਢੰਡੋਰਾ ਦਾ ਪਿਟਣ ਵਾਲੀ ਪੰਜਾਬ ਪੁਲਿਸ ਕਿੰਨੀ ਕੁ ਚੌਕਸ ਹੈ। Ê
ਪੰਜਾਬ ਭਵਨ ਦੇ ਬਿਲਕੁੱਲ ਨਾਲ ਹਰਿਆਣਾ ਨਿਵਾਸ ਹੈ। ਜਿੱਥੇ ਦੋਵੇਂ ਰਾਜਾਂ ਦੇ ਮੁੱਖ ਮੰਤਰੀ, ਮੰਤਰੀਆਂ ਤੋਂ ਇਲਾਵਾਂ ਸੀਨੀਅਰ ਅਧਿਕਾਰੀਆਂ ਵਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਖਾਸ ਗੱਲ ਇਹ ਵੀ ਹੈ ਕਿ ਜਦੋਂ ਵੀ ਪੰਜਾਬ ਭਵਨ 'ਚ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਵਲੋਂ ਪ੍ਰੈਸ ਕਾਨਫਰੰਸ ਜਾਂ ਮੀਟਿੰਗ ਕੀਤੀ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਵਲੋਂ ਪੱਤਰਕਾਰਾਂ ਦੇ ਪ੍ਰਵੇਸ਼ ਕਰਨ 'ਤੇ ਵੀ ਕਈ ਤਰ•ਾਂ ਦੀ ਪੁੱਛ ਪੜਤਾਲ ਤੇ ਤਲਾਸ਼ੀ ਤੱਕ ਲਈ ਜਾਂਦੀ ਹੈ। ਪਰ ਨੌਜਵਾਨਾਂ ਵਲੋਂ ਪੈਟਰੋਲ ਲੈ ਕੇ ਟਾਵਰ 'ਤੇ ਚੜ•ਨਾ ਹੈਰਾਨ ਕਰਨ ਵਾਲੀ ਗੱਲ ਹੈ। ਜੋ ਕਿ ਪੁਲਿਸ ਪ੍ਰਬੰਧਾਂ ਦੀ ਪੋਲ ਖੁੱਲ•ਦੀ ਹੈ।
ਦੱਸਿਆਂ ਜਾਂਦਾ ਹੈ ਕਿ ਸਵੇਰ ਹੋਣ ਤੱਕ ਪੰਜਾਬ ਭਵਨ 'ਚ ਤਾਇਨਾਤ ਸੁਰੱਖਿਆ ਮੁਲਾਜ਼ਮਾ ਨੂੰ ਕੰਨੀ ਖਬਰ ਨਹੀਂ ਸੀ।  ਦਿਨ-ਚੜ•ੇ ਬੇਰੁੱਜਗਾਰ ਅਧਿਆਪਕਾਂ ਵਲੋਂ ਬੈਨਰ ਲਹਿਰਾਉਣ ਅਤੇ ਚੰਡੀਗੜ• ਪੁਲਿਸ ਵਲੋਂ ਸੂਚਨਾਂ ਦੇਣ ਤੋਂ ਬਾਅਦ ਪਤਾ ਲੱਗਿਆ। ਮੌਕੇ 'ਤੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬੁੱਧਵਾਰ –ਵੀਰਵਾਰ ਰਾਤ ਨੂੰ ਪੰਜਾਬ ਸਰਕਾਰ 'ਚ ਸ਼ਾਮਲ ਭਾਜਪਾ ਨਾਲ ਸਬੰਧਿਤ ਇੱਕ ਮੰਤਰੀ ਵਲੋਂ ਆਪਣੇ ਕੁੱਝ ਨਜਦੀਕੀਆਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਸੀ। ਦੱਸਿਆਂ ਜਾਂਦਾ ਹੈ ਕਿ ਡੇਢ –ਦੋ ਸੋ ਦੇ ਕਰੀਬ ਲੋਕ ਰਾਤ ਨੂੰ ਪੰਜਾਬ ਭਵਨ ਵਿੱਚ ਦਾਖਲ ਹੋਏ। ਇਸੀ ਦੌਰਾਨ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਦੋ ਨੌਜਵਾਨ ਮੋਬਾਇਲ ਟਾਵਰ 'ਤੇ ਚੜ• ਗਏ। ਬੇਰੁੱਜਗਾਰਾਂ ਵਲੋਂ ਟਾਵਰ 'ਤੇ ਲਗਾਏ ਗਏ ਬੈਨਰ 'ਤੇ 2005 'ਚ ਐਕਸ ਸਰਵਿਸ ਮੈਨ, ਆਜਾਦੀ ਘੁਲਾਟੀਏ, ਅੰਗਹੀਣ, ਦੀਆਂ ਕਰੀਬ 4500 ਆਸਾਮੀਆਂ ਨੂੰ ਤੁਰੰਤ ਭਰਨ ਦੀ ਮੰਗ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਨੌਜਵਾਨ ਮੋਬਾਇਲ 'ਤੇ ਚੜ•ੇ ਹੋਏ ਸਨ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਫਾਇਰ ਬ੍ਰਿਗੇਡ ਸਮੇਤ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ, ਪਰ ਮੰਗਾਂ ਮੰਨਣ ਤੱਕ ਯੁਵਕ ਨੀਚੇ ਉਤਰਨ ਨੂੰ ਤਿਆਰ ਨਹੀਂ ਹਨ। ਕਰੀਬ ਦੋ ਹਫ਼ਤੇ ਪਹਿਲਾਂ ਬੇਰੁੱਜਗਾਰ ਅਧਿਆਪਕ ਜਿਹਨਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ, ਪੰਜਾਬ ਮਿੰਨੀ ਸਕੱਤਰੇਤ 'ਦੀ ਛੱਤ 'ਤੇ ਚੜ ਗਏ ਸਨ। ਇਹ ਦੋਵੇਂ ਘਟਨਾਵਾਂ ਚੰਡੀਗੜ ਤੇ ਪੰਜਾਬ ਪੁਲਿਸ ਦੀ ਸੁਰੱਖਿਆਂ 'ਤੇ ਸਵਾਲ ਖੜੇ ਕਰਦੇ ਹਨ ਕਿਉਂਕਿ ਚੰਡੀਗੜ• ਵਿੱਚ ਤਾਂ ਬੋਤਲ ਜਾਂ ਕੈਨ ਵਿੱਚ ਪੈਟਰੌਲ ਪਾਉਣ ਦੀ ਸਖਤ ਮਨਾਹੀ ਹੈ।

Wednesday, 2 November 2016

ਪਾਕਿਸਤਾਨ, ਇੰਗਲੈਂਡ, ਅਮਰੀਕਾ ਤੇ ਕਨੈਡਾ ਦੀਆਂ ਟੀਮਾਂ ਨਹੀਂ ਪਾਉਣਗੀਆਂ ਕੌਡੀ

6ਵਾਂ ਵਿਸ਼ਵ ਕਬੱਡੀ ਕੱਪ ਦਾ ਆਗਾਜ ਅੱਜ ਰੂਪਨਗਰ ਤੋਂ ਹੋਵੇਗਾ ------

ਅਰਜਨਟੀਨਾ ਟੀਮ ਪੁੱਜੀ, ਆਸਟਰੇਲੀਆਂ ,ਕੀਨੀਆਂ ਤੇ ਇਰਾਨ ਦੇ ਖਿਡਾਰੀਆਂ ਦੇ ਅੱਜ ਪਹੁੰਚਣ ਦੀ ਉਮੀਦ
ਜੈਤੂਆਂ ਨੂੰ ਮਿਲਣਗੇ ਸਵਾ ਪੰਜ ਕਰੋੜ ਰੁਪਏ ਦੇ ਇਨਾਮ
ਪੰਜਾਬੀ ਕਲਾਕਾਰ ਸੁਣਾਉਣਗੇ ਗੀਤ ਤੇ ਕਮੇਡੀ ਕਲਾਕਾਰ ਲਗਾਉਣਗੇ ਕਮੇਡੀ ਤੜਕਾ
ਚੰਡੀਗੜ• 2 ਨਵੰਬਰ ( ਜੈ ਸਿੰਘ ਛਿੱਬਰ) : ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦਾ ਸ਼ੁਭ ਆਰੰਭ 3 ਨਵੰਬਰ ਨੂੰ ਰੂਪਨਗਰ ਦੇ ਨਹਿਰੂ ਸਟੇਡੀਅਮ ਵਿੱਚ ਕਰਨ ਲਈ ਸਰਕਾਰ ਨੇ ਪੁਖਤਾ ਪ੍ਰਬੰਧ ਕਰ ਲਏ ਹਨ, ਪਰ ਖਬਰ ਲਿਖੇ ਜਾਣ ਤੱਕ ਕੇਵਲ ਅਰਜਨਟੀਨਾ ਦੀ ਟੀਮ ਹੀ ਪਹੁੰਚ ਸਕੀ ਸੀ। ਜਦੋਂਕਿ ਸਰਕਾਰ ਨੂੰ ਆਸਟਰੇਲੀਆਂ, ਕੀਨੀਆਂ ਤੇ ਇਰਾਨ ਦੀ ਟੀਮ ਬੁੱਧਵਾਰ ਸਵੇਰ ਤੱਕ ਪੰਜਾਬ ਪੁੱਜਣ ਦੀਆਂ ਉਮੀਦ ਹੈ।
ਊੜੀ ਸੈਕਟਰ 'ਚ ਫੌਜੀ ਕੈਂਪ ਤੇ ਅੱਤਵਾਦੀ ਹਮਲਾ ਤੋਂ ਬਾਅਦ ਭਾਰਤੀ ਸੈਨਾ ਵਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਦਾ ਅਸਰ ਵਿਸ਼ਵ ਕਬੱਡੀ ਕੱਪ 'ਤੇ ਪੈ ਗਿਆ ਹੈ, ਅਤੇ ਪਹਿਲੀ ਵਾਰ ਹੋਵੇਗਾ ਕਿ ਪਾਕਿਸਤਾਨ ਦੀ ਕਬੱਡੀ ਟੀਮ ਰੇਡ ਨਹੀਂ ਪਾਏਗੀ। ਦਿਲਚਸਪ ਗੱਲ ਇਹ ਹੈ ਕਿ ਭਾਰਤ ਦਾ ਫਾਈਨਲ ਮੈਚ ਪਾਕਿਸਤਾਨ ਦੀ ਟੀਮ ਨਾਲ ਹੋਇਆ ਹੈ ਤੇ ਦੋਵੇਂ ਟੀਮਾਂ ਵਿੱਚ ਪੂਰਾ ਫਸਵਾਂ ਤੇ ਦਿਲਖਿੱਚ ਮੈਚ ਹੁੰਦਾ ਰਿਹਾ ਹੈ। ਸੂਤਰਾਂ ਅਨੁਸਾਰ ਪਹਿਲੀ ਵਾਰ ਤਨਜਾਨੀਆਂ ਦੇਸ਼ ਦੇ ਖਿਡਾਰੀ ਵੀ ਹਿੱਸਾ ਲੈ ਰਹੇ ਹਨ, ਜਦੋਂਕਿ ਇੰਗਲੈਂਡ ਤੇ ਕਨੈਡਾ ਦੇ ਖਿਡਾਰੀਆਂ ਨੇ ਪਿਛਲੇ ਸਾਲ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀ  ਦੀਆਂ ਘਟਨਾਵਾਂ ਕਰਨ ਕਬੱਡੀ ਕੱਪ ਵਿੱਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਹੈ। ਜਦੋਂਕਿ ਸਰਕਾਰ ਵਲੋਂ ਦਿੱਤੇ ਗਏ ਇਸ਼ਤਿਹਾਰਾਂ ਵਿੱਚ ਨਿਊਜੀਲੈਂਡ, ਸ੍ਰੀ ਲੰਕਾਂ, ਸਵੀਡਨ, ਅਸਟਰੇਲੀਆਂ, ਇੰਗਲੈਂਡ, ਕੀਨੀਆਂ,ਅਮਰੀਕਾ, ਇਰਾਨ, ਮੈਕਸੀਕੋ ਦੇਸ਼ਾਂ ਦੀਆਂ ਟੀਮਾਂ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਥੇ ਦੱਸਣਯੋਗ ਹੈ ਕਿ ਪਿਛਲੇ ਸਾਲ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਉਪਜੇ ਰੋਹ ਤੋਂ ਬਾਅਦ ਪਿਛਲੇ ਸਾਲ ਪੰਜਾਬ ਸਰਕਾਰ ਨੇ “ਕਬੱਡੀ” ਦੀ “ਰੇਡ ਪਾਉਣੀ” ਯਾਨੀ ਵਿਸ਼ਵ ਕਬੱਡੀ ਕੱਪ ਮੁਲਤਵੀ ਕਰ ਦਿੱਤਾ ਸੀ, ਪਰ ਅਗਲੇ ਵਰ•ੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਥੇ ਵਿਸ਼ਵ ਕਬੱਡੀ ਕੱਪ ਦਾ ਨਾਮ ਬਦਲਕੇ ਡਾ. ਬੀ.ਆਰ ਅੰਬੇਦਕਰ 6 ਵੇਂ ਵਿਸ਼ਵ ਕਬੱਡੀ ਕੱਪ ਕਰ ਦਿੱਤਾ ਹੈ। ਉਥੇ ਦਰਸ਼ਕਾਂ ਦੀ ਖਿਚ ਬਨਾਉਣ ਲਈ ਉਘੇ ਪੰਜਾਬੀ ਗਾਇਕਾਂ ਤੇ ਕਮੇਡੀ ਕਲਾਕਾਰਾਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ।
ਬੁੱਧਵਾਰ ਸ਼ਾਮ 6 ਵਜੇ ਰੂਪਨਗਰ ਦੇ ਨਹਿਰੂ ਸਟੇਡੀਅਮ ਤੋਂ ਹੋਣ ਵਾਲੇ ਸ਼ੁਰੂਆਤ ਦੌਰਾਨ ਗਿੱਪੀ ਗਰੇਵਾਲ, ਨੂਰਾ ਸਿਸਟਰਜ਼, ਜਸਵਿੰਦਰ ਨਰੂਲਾ ਤੇ ਕਾਮੇਡੀ ਕਲਾਕਾਰ ਭਾਰਤੀ ਪੁੱਜ ਰਹੀ ਹੈ ਜੋ ਕਿ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਇਸੀ ਤਰ•ਾਂ ਸ਼ੈਰੀ ਮਾਨ ਤੇ ਮਿਸ ਪੂਜਾ ਵਲੋਂ ਵੀ ਗੀਤਾ ਦਾ ਤੜਕਾ ਲਾਇਆ ਜਾਵੇਗਾ। ਜੈਤੂ ਟੀਮਾਂ ਨੂੰ ਇਨਾਮ ਦੇਣ ਲਈ ਸਰਕਾਰ ਵਲੋਂ ਸਵਾ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ। ਪੁਰਸ਼ਾਂ ਦੇ ਵਰਗ ਵਿੱਤ ਜੈਤੂ ਨੂੰ ਦੋ ਕਰੋੜ ਰੁਪਏ, ਦੂਸਰੇ ਸਥਾਨ ਵਾਲੇ ਨੂੰ ਇੱਕ ਕਰੋੜ ਤੇ ਤੀਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 51 ਲੱਖ ਰੁਪਏ ਦਾ ਇਨਾਮ ਰੱਖਿਆ ਹੈ, ਜਦੋਂਕਿ ਮਹਿਲਾ ਵਰਗ ਵਿੱਚ ਪਹਿਲਾ ਇਨਾਮ 1 ਕਰੋੜ ਰੁਪਏ, ਦੂਜਾ 51 ਲੱਖ ਤੇ ਤੀਜਾ 25 ਲੱਖ ਰੁਪਏ ਦਾ ਇਨਾਮ ਰੱਖਿਆ ਹੈ।

Tuesday, 1 November 2016

ਕਿਸਾਨਾਂ ਨੂੰ ਫ਼ਸਲੀ ਚੱਕਰ 'ਚੋ ਕੱਢਣ ਤੇ ਸ਼ੂਗਰ ਇੰਡਸਟਰੀ ਬਚਾਉਣ ਦੇ ਦਾਅਵੇ ਖੋਖ਼ਲੇ -


ਦਸ ਸਾਲਾਂ 'ਚ ਖੰਡ ਮਿੱਲਾਂ ਦਾ ਘਾਟਾ 4525.72 ਲੱਖ ਤੋਂ ਵੱਧਕੇ 25962.41   ਲੱਖ ਰੁਪਏ ਹੋਇਆ
ਚੰਡੀਗੜ• 1 ਨਵੰਬਰ ( ਜੈ ਸਿੰਘ ਛਿੱਬਰ) : ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਕੱਢਣ, ਖੇਤੀ ਨੂੰ ਲਾਭਦਾਇਕ ਧੰਦਾ ਬਨਾਉਣ ਅਤੇ ਸੂਬੇ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਲਈ ਨਵੀਂ ਇੰਡਸਟਰੀ ਲਗਾਉਣ ਲਈ ਸਮੇਂ ਦੀਆਂ ਹਕੂਮਤਾਂ ਵਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜੇਕਰ ਧਰਾਤਲ ਸਚਾਈ ਨੂੰ ਪਰਖ਼ਿਆ ਜਾਵੇ ਤਾਂ ਹਕੂਮਤਾਂ ਦੋਵੇਂ ਖ਼ੇਤਰਾਂ ਵਿੱਚ ਨਾਕਾਮ ਸਾਬਿਤ ਹੋਈਆਂ ਹਨ। ਸਰਕਾਰੀ ਅੰਕੜੇ ਦੱਸਦੇ ਹਨ ਕਿ ਫਸਲੀ ਚੱਕਰ ਝੋਨੇ ਤੇ ਕਣਕ ਵਿੱਚੋਂ ਬਾਹਰ ਨਿਕਲਣ ਲਈ ਗੰਨੇ ਦੀ ਫਸਲ ਕਿਸਾਨਾਂ ਲਈ ਲਾਭਦਾਇਕ ਹੋ ਸਕਦੀ ਹੈ, ਪਰ ਗੰਨੇ ਦੇ ਰੇਟ ਵਿੱਚ ਕੋਈ ਖਾਸ ਵਾਧਾ ਨਾ ਹੋਣ ਕਰਕੇ ਅਤੇ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਲਈ ਚੀਨੀ ਦਾ ਸੁਆਦ ਕੌੜਾ ਹੋ ਗਿਆ ਅਤੇ ਸ਼ੂਗਰ ਇੰਡਸਟਰੀ ਦਾ ਘਾਟਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੂਗਰਫੈਡ ਅਤੇ ਸ਼ੂਗਰਕੇਨ ਵਲੋਂ ਅਜੇ ਤੱਕ ਪੰਜਾਬ ਦੀਆਂ 9 ਸਹਿਕਾਰੀ ਖੰਡ ਮਿੱਲਾਂ ਨੂੰ ਚਲਾਉਣ ਲਈ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਗੰਨੇ ਦਾ ਪ੍ਰਤੀ ਕੁਇੰਟਲ ਰੇਟ ਵਧਾਉਣ ਨੂੰ ਲੈ ਕੇ ਵੀ ਸਰਕਾਰ ਵਲੋਂ ਕੋਈ ਫੈਸਲਾ ਨਹੀਂ ਲਿਆ ਗਿਆ। ਪਿਛਲੇ ਸਾਲ 295 ਰੁਪਏ ਪ੍ਰਤੀ ਕੁਇੰਟਲ ਰੇਟ ਸੀ। ਵੈਸੇ ਸ਼ੂਗਰ ਮਿਲਾਂ ਦੇ ਪ੍ਰਬੰਧਕਾਂ ਨੂੰ 15 ਨਵੰਬਰ ਤੱਕ ਮਿਲਾਂ ਚੱਲਣ ਦੀ ਉਮੀਦ ਹੈ।
ਅੰਕੜੇ ਦੱਸਦੇ ਹਨ ਕਿ ਸਾਲ 2010-11 ਵਿੱਚ ਗੰਨੇ ਹੇਠ 37743 ਹੇਕਟੇਅਰ ਰਕਬਾ ਸੀ। ਸਾਲ 2011-12 'ਚ ਛੇ ਹਜਾਰ ਦੇ ਕਰੀਬ ਰਕਬਾ ਵੱਧਕੇ 43331 ਹੇਕਟੇਅਰ ਏਕੜ ਹੋ ਗਿਆ। ਇਸਤੋਂ ਬਾਦ  2012-13ਵਿੱਚ 48765 ਹੇਕਟੇਅਰ ਏਕੜ, 2013-14 ਵਿੱਚ 51427 ਹੇਕਟੇਅਰ ਏਕੜ, 2014-15'ਚ 53264 ਹੇਕਟੇਅਰ ਏਕੜ ਅਤੇ 2015-16 ਵਿੱਚ 54778 ਹੇਕਟੇਅਰ ਏਕੜ ਹੇਠ ਗੰਨੇ ਦੀ ਬੀਜਿਆ ਗਿਆ। ਪਰੰਤੂ ਇਹਨਾਂ ਸਾਲਾਂ ਦੌਰਾਨ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਧਰਨੇ, ਮੁਜ਼ਾਹਰਿਆਂ ਦਾ ਸਹਾਰਾ ਲੈਣਾ ਪਿਆ।
ਜੇਕਰ ਸ਼ੂਗਰ ਇੰਡਸਟਰੀ ਦੀ ਗੱਲ ਕਰੀਏ ਤਾਂ ਸਰਕਾਰੀ ਪ੍ਰਬੰਧਾਂ ਅਧੀਨ ਚੱਲਣ ਵਾਲੀਆਂ ਨੌ ਸ਼ੂਗਰ ਮਿੱਲਾਂ ਲਗਾਤਾਰ ਘਾਟੇ ਵਿੱਚ ਚੱਲ ਰਹੀਆਂ ਹਨ। ਸਮੇਂ ਦੇ ਹੁਕਮਰਾਨਾਂ ਵਲੋਂ ਇੰਡਸਟਰੀ ਨੂੰ ਹੁਲਾਰਾ ਲੈਣ ਲਈ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਸ਼ੂਗਰ ਇੰਡਸਟਰੀ ਨੂੰ ਬਚਾਉਣ ਲਈ ਕੋਈ ਖਾਸ ਯਤਨ ਨਹੀਂ ਕੀਤੇ ਜਾ ਰਹੇ। ਸ਼ੂਗਰਫੈਡ ਦੇ ਅੰਕੜੇ ਦੱਸਦੇ ਹਨ ਕਿ ਫਾਜੀਲਿਕਾ, ਬੁੱਢੇਵਾਲ, ਮੋਰਿੰਡਾ, ਨਕੋਦਰ, ਨਵਾਂਸ਼ਹਿਰ, ਬਟਾਲਾ, ਅਜਨਾਲਾ, ਭੋਗਪੁਰ ਅਤੇ ਗੁਰਦਾਸਪੁਰ ਦਾ ਘਾਟਾ ਦਸ ਸਾਲਾਂ ਵਿੱਚ ਦੁੱਗਣਾ ਤਿੱਗਣਾ ਹੋ ਗਿਆ ਹੈ ਅਤੇ ਕਈ ਮਿੱਲਾਂ ਦਮ ਤੋੜ ਰਹੀਆਂ ਹਨ। ਸਾਲ 2006-07 ਵਿੱਚ ਸ਼ੂਗਰ ਮਿਲਾ ਦਾ ਘਾਟਾ 4525.72 ਲੱਖ ਰੁਪਏ ਸੀ ਜੋਂ ਕਿ 2015-16 ( 31 ਮਾਰਚ ਤੱਕ ਬੈਲੈਂਸ ਸੀਟ) ਵਿੱਚ ਵੱਧਕੇ 25962.41 ਲੱਖ ਰੁਪਏ ਹੋ ਗਿਆ ਹੈ।
ਅੰਕੜਿਆਂ ਅਨੁਸਾਰ ਸਾਲ 2006-07 ਵਿੱਚ ਅਜਨਾਲਾ ਸ਼ੂਗਰ ਮਿੱਲ ਦਾ ਘਾਟਾ 506.34 ਲੱਖ, ਬਟਾਲਾ 452.04 ਲੱਖ, ਭੋਗਪੁਰ ਦਾ 328.28 ਲੱਖ, ਬੁੱਢੇਵਾਲ ਦਾ 364.31 ਲੱਖ, ਫਾਜੀਲਿਕਾ 255.21 ਲੱਖ, ਗੁਰਦਾਸਪੁਰ 533.17 ਲੱਖ, ਮੋਰਿੰਡਾ 820.15 ਲੱਖ, ਨਕੋਦਰ 632.53 ਲੱਖ ਅਤੇ ਨਵਾਸ਼ਹਿਰ ਦਾ 633.69 ਲੱਖ ਰੁਪਏ ਸੀ, ਜੋ ਕਿ ਸਾਲ 2015-16 ਦੀ ਬੈਲੈਂਸ ਸੀਟ ਮੁਤਾਬਿਕ ਇਹ ਘਾਟਾ   ਅਜਨਾਲਾ 2555.78 ਲੱਖ, ਬਟਾਲਾ 2225.74 ਲੱਖ, ਭੋਗਪੁਰ 1839.95 ਲੱਖ, ਬੁੱਢੇਵਾਲ 4620.20 ਲੱਖ, ਫਾਜੀਲਿਕਾ 3722.10 ਲੱਖ, ਗੁਰਦਾਸਪੁਰ 3200.21 ਲੱਖ, ਮੋਰਿੰਡਾ 3426.77ਲੱਖ, ਨਕੋਦਰ 2020.77 ਲੱਖ ਅਤੇ  ਨਵਾਸ਼ਹਿਰ ਦਾ 2150.89 ਲੱਖ ਰੁਪਏ ਹੋ ਗਿਆ ਹੈ। ਇਹਨਾਂ ਹਾਲਾਤਾਂ ਵਿੱਚ ਸ਼ੂਗਰ ਇੰਡਸਟਰੀ ਨੂੰ ਬਚਾਉਣਾ ਵੱਡਾ ਜੋਖਮ ਭਰਿਆ ਕੰਮ ਹੋ ਗਿਆ ਹੈ। ਸ਼ੂਗਰਫੇਡ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਸ਼ੇਖੜੀ ਦਾ ਪੱਖ਼ ਲੈਣ ਲਈ ਕਈ ਵਾਰ ਸੰਪਰਕ ਕਰਨ 'ਤੇ ਵੀ ਸੰਪਰਕ ਨਹੀਂ ਹੋ ਸਕਿਆ।