Tuesday, 1 November 2016

ਕਿਸਾਨਾਂ ਨੂੰ ਫ਼ਸਲੀ ਚੱਕਰ 'ਚੋ ਕੱਢਣ ਤੇ ਸ਼ੂਗਰ ਇੰਡਸਟਰੀ ਬਚਾਉਣ ਦੇ ਦਾਅਵੇ ਖੋਖ਼ਲੇ -


ਦਸ ਸਾਲਾਂ 'ਚ ਖੰਡ ਮਿੱਲਾਂ ਦਾ ਘਾਟਾ 4525.72 ਲੱਖ ਤੋਂ ਵੱਧਕੇ 25962.41   ਲੱਖ ਰੁਪਏ ਹੋਇਆ
ਚੰਡੀਗੜ• 1 ਨਵੰਬਰ ( ਜੈ ਸਿੰਘ ਛਿੱਬਰ) : ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਕੱਢਣ, ਖੇਤੀ ਨੂੰ ਲਾਭਦਾਇਕ ਧੰਦਾ ਬਨਾਉਣ ਅਤੇ ਸੂਬੇ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਲਈ ਨਵੀਂ ਇੰਡਸਟਰੀ ਲਗਾਉਣ ਲਈ ਸਮੇਂ ਦੀਆਂ ਹਕੂਮਤਾਂ ਵਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜੇਕਰ ਧਰਾਤਲ ਸਚਾਈ ਨੂੰ ਪਰਖ਼ਿਆ ਜਾਵੇ ਤਾਂ ਹਕੂਮਤਾਂ ਦੋਵੇਂ ਖ਼ੇਤਰਾਂ ਵਿੱਚ ਨਾਕਾਮ ਸਾਬਿਤ ਹੋਈਆਂ ਹਨ। ਸਰਕਾਰੀ ਅੰਕੜੇ ਦੱਸਦੇ ਹਨ ਕਿ ਫਸਲੀ ਚੱਕਰ ਝੋਨੇ ਤੇ ਕਣਕ ਵਿੱਚੋਂ ਬਾਹਰ ਨਿਕਲਣ ਲਈ ਗੰਨੇ ਦੀ ਫਸਲ ਕਿਸਾਨਾਂ ਲਈ ਲਾਭਦਾਇਕ ਹੋ ਸਕਦੀ ਹੈ, ਪਰ ਗੰਨੇ ਦੇ ਰੇਟ ਵਿੱਚ ਕੋਈ ਖਾਸ ਵਾਧਾ ਨਾ ਹੋਣ ਕਰਕੇ ਅਤੇ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਲਈ ਚੀਨੀ ਦਾ ਸੁਆਦ ਕੌੜਾ ਹੋ ਗਿਆ ਅਤੇ ਸ਼ੂਗਰ ਇੰਡਸਟਰੀ ਦਾ ਘਾਟਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੂਗਰਫੈਡ ਅਤੇ ਸ਼ੂਗਰਕੇਨ ਵਲੋਂ ਅਜੇ ਤੱਕ ਪੰਜਾਬ ਦੀਆਂ 9 ਸਹਿਕਾਰੀ ਖੰਡ ਮਿੱਲਾਂ ਨੂੰ ਚਲਾਉਣ ਲਈ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਗੰਨੇ ਦਾ ਪ੍ਰਤੀ ਕੁਇੰਟਲ ਰੇਟ ਵਧਾਉਣ ਨੂੰ ਲੈ ਕੇ ਵੀ ਸਰਕਾਰ ਵਲੋਂ ਕੋਈ ਫੈਸਲਾ ਨਹੀਂ ਲਿਆ ਗਿਆ। ਪਿਛਲੇ ਸਾਲ 295 ਰੁਪਏ ਪ੍ਰਤੀ ਕੁਇੰਟਲ ਰੇਟ ਸੀ। ਵੈਸੇ ਸ਼ੂਗਰ ਮਿਲਾਂ ਦੇ ਪ੍ਰਬੰਧਕਾਂ ਨੂੰ 15 ਨਵੰਬਰ ਤੱਕ ਮਿਲਾਂ ਚੱਲਣ ਦੀ ਉਮੀਦ ਹੈ।
ਅੰਕੜੇ ਦੱਸਦੇ ਹਨ ਕਿ ਸਾਲ 2010-11 ਵਿੱਚ ਗੰਨੇ ਹੇਠ 37743 ਹੇਕਟੇਅਰ ਰਕਬਾ ਸੀ। ਸਾਲ 2011-12 'ਚ ਛੇ ਹਜਾਰ ਦੇ ਕਰੀਬ ਰਕਬਾ ਵੱਧਕੇ 43331 ਹੇਕਟੇਅਰ ਏਕੜ ਹੋ ਗਿਆ। ਇਸਤੋਂ ਬਾਦ  2012-13ਵਿੱਚ 48765 ਹੇਕਟੇਅਰ ਏਕੜ, 2013-14 ਵਿੱਚ 51427 ਹੇਕਟੇਅਰ ਏਕੜ, 2014-15'ਚ 53264 ਹੇਕਟੇਅਰ ਏਕੜ ਅਤੇ 2015-16 ਵਿੱਚ 54778 ਹੇਕਟੇਅਰ ਏਕੜ ਹੇਠ ਗੰਨੇ ਦੀ ਬੀਜਿਆ ਗਿਆ। ਪਰੰਤੂ ਇਹਨਾਂ ਸਾਲਾਂ ਦੌਰਾਨ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਧਰਨੇ, ਮੁਜ਼ਾਹਰਿਆਂ ਦਾ ਸਹਾਰਾ ਲੈਣਾ ਪਿਆ।
ਜੇਕਰ ਸ਼ੂਗਰ ਇੰਡਸਟਰੀ ਦੀ ਗੱਲ ਕਰੀਏ ਤਾਂ ਸਰਕਾਰੀ ਪ੍ਰਬੰਧਾਂ ਅਧੀਨ ਚੱਲਣ ਵਾਲੀਆਂ ਨੌ ਸ਼ੂਗਰ ਮਿੱਲਾਂ ਲਗਾਤਾਰ ਘਾਟੇ ਵਿੱਚ ਚੱਲ ਰਹੀਆਂ ਹਨ। ਸਮੇਂ ਦੇ ਹੁਕਮਰਾਨਾਂ ਵਲੋਂ ਇੰਡਸਟਰੀ ਨੂੰ ਹੁਲਾਰਾ ਲੈਣ ਲਈ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਸ਼ੂਗਰ ਇੰਡਸਟਰੀ ਨੂੰ ਬਚਾਉਣ ਲਈ ਕੋਈ ਖਾਸ ਯਤਨ ਨਹੀਂ ਕੀਤੇ ਜਾ ਰਹੇ। ਸ਼ੂਗਰਫੈਡ ਦੇ ਅੰਕੜੇ ਦੱਸਦੇ ਹਨ ਕਿ ਫਾਜੀਲਿਕਾ, ਬੁੱਢੇਵਾਲ, ਮੋਰਿੰਡਾ, ਨਕੋਦਰ, ਨਵਾਂਸ਼ਹਿਰ, ਬਟਾਲਾ, ਅਜਨਾਲਾ, ਭੋਗਪੁਰ ਅਤੇ ਗੁਰਦਾਸਪੁਰ ਦਾ ਘਾਟਾ ਦਸ ਸਾਲਾਂ ਵਿੱਚ ਦੁੱਗਣਾ ਤਿੱਗਣਾ ਹੋ ਗਿਆ ਹੈ ਅਤੇ ਕਈ ਮਿੱਲਾਂ ਦਮ ਤੋੜ ਰਹੀਆਂ ਹਨ। ਸਾਲ 2006-07 ਵਿੱਚ ਸ਼ੂਗਰ ਮਿਲਾ ਦਾ ਘਾਟਾ 4525.72 ਲੱਖ ਰੁਪਏ ਸੀ ਜੋਂ ਕਿ 2015-16 ( 31 ਮਾਰਚ ਤੱਕ ਬੈਲੈਂਸ ਸੀਟ) ਵਿੱਚ ਵੱਧਕੇ 25962.41 ਲੱਖ ਰੁਪਏ ਹੋ ਗਿਆ ਹੈ।
ਅੰਕੜਿਆਂ ਅਨੁਸਾਰ ਸਾਲ 2006-07 ਵਿੱਚ ਅਜਨਾਲਾ ਸ਼ੂਗਰ ਮਿੱਲ ਦਾ ਘਾਟਾ 506.34 ਲੱਖ, ਬਟਾਲਾ 452.04 ਲੱਖ, ਭੋਗਪੁਰ ਦਾ 328.28 ਲੱਖ, ਬੁੱਢੇਵਾਲ ਦਾ 364.31 ਲੱਖ, ਫਾਜੀਲਿਕਾ 255.21 ਲੱਖ, ਗੁਰਦਾਸਪੁਰ 533.17 ਲੱਖ, ਮੋਰਿੰਡਾ 820.15 ਲੱਖ, ਨਕੋਦਰ 632.53 ਲੱਖ ਅਤੇ ਨਵਾਸ਼ਹਿਰ ਦਾ 633.69 ਲੱਖ ਰੁਪਏ ਸੀ, ਜੋ ਕਿ ਸਾਲ 2015-16 ਦੀ ਬੈਲੈਂਸ ਸੀਟ ਮੁਤਾਬਿਕ ਇਹ ਘਾਟਾ   ਅਜਨਾਲਾ 2555.78 ਲੱਖ, ਬਟਾਲਾ 2225.74 ਲੱਖ, ਭੋਗਪੁਰ 1839.95 ਲੱਖ, ਬੁੱਢੇਵਾਲ 4620.20 ਲੱਖ, ਫਾਜੀਲਿਕਾ 3722.10 ਲੱਖ, ਗੁਰਦਾਸਪੁਰ 3200.21 ਲੱਖ, ਮੋਰਿੰਡਾ 3426.77ਲੱਖ, ਨਕੋਦਰ 2020.77 ਲੱਖ ਅਤੇ  ਨਵਾਸ਼ਹਿਰ ਦਾ 2150.89 ਲੱਖ ਰੁਪਏ ਹੋ ਗਿਆ ਹੈ। ਇਹਨਾਂ ਹਾਲਾਤਾਂ ਵਿੱਚ ਸ਼ੂਗਰ ਇੰਡਸਟਰੀ ਨੂੰ ਬਚਾਉਣਾ ਵੱਡਾ ਜੋਖਮ ਭਰਿਆ ਕੰਮ ਹੋ ਗਿਆ ਹੈ। ਸ਼ੂਗਰਫੇਡ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਸ਼ੇਖੜੀ ਦਾ ਪੱਖ਼ ਲੈਣ ਲਈ ਕਈ ਵਾਰ ਸੰਪਰਕ ਕਰਨ 'ਤੇ ਵੀ ਸੰਪਰਕ ਨਹੀਂ ਹੋ ਸਕਿਆ।  

No comments:

Post a Comment