Friday, 11 November 2016

ਐਸ.ਵਾਈ.ਐਲ ਦੇ ਮੁੱਦੇ 'ਤੇ ਪੰਜਾਬ ਭਾਜਪਾ ਦੇ ਸਹਿ ਪ੍ਰਭਾਰੀ ਨੇ ਹਰਿਆਣਾ ਦਾ ਪੱਖ਼ ਪੂਰਿਆ


ਸੁਪਰੀਮ ਕੋਰਟ ਦਾ ਦੇਸ਼ ਹਿੱਤ, ਕਿਸਾਨ ਹਿੱਤ ਵਿੱਚ ਵੱਡਾ ਫੈਸਲਾ –ਕੈਪਟਨ ਅਭਿਮਨਯੂ
ਚੰਡੀਗੜ• 11 ਨਵੰਬਰ ( ਜੈ ਸਿੰਘ ਛਿੱਬਰ) : ਬੇਸ਼ੱਕ ਪੰਜਾਬ ਭਾਜਪਾ ਦੇ ਆਗੂ ਦਰਿਆਈ ਪਾਣੀਆਂ, ਐਸ.ਵਾਈ.ਐਲ ਮਾਮਲੇ 
ਚ ਅਕਾਲੀ ਦਲ ਦੀ ਬੋਲੀ ਬੋਲ ਰਹੇ ਹਨ, ਪਰ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਅਤੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੋਕਹਿਤ,ਦੇਸ਼ ਹਿੱਤ  ਤੇ ਕਿਸਾਨ ਹਿਤ ਵਿੱਚ ਕਹਿੰਦਿਆਂ ਸਾਰਿਆਂ (ਪੰਜਾਬ) ਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਪਾਲਣ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਾ ਮੰਨਣਾ ਜਾਂ ਫਿਰ ਰੋਕਣਾ ਸੰਵਿਧਾਨ ਦੇ ਉਲਟ ਹੈ। ਪੰਜਾਬ ਦੇ ਸਹਿ ਪ੍ਰਭਾਰੀ ਹੋਣ ਦੇ ਨਾਤੇ ਪੰਜਾਬ ਤੇ ਹਰਿਆਣਾ ਦੇ ਹਿਤ ਟਕਰਾਉਣ ਤੇ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਹਰੇਕ ਰਾਜ ਦੀਆਂ ਅਲੱਗ ਅਲੱਗ ਪ੍ਰਸਥਿਤੀਆਂ ਹੁੰਦੀਆਂ ਹਨ, ਪਰ ਉਹ ਸਭਨੂੰ ਰਾਸ਼ਟਰੀ ਤੇ ਕਿਸਾਨ ਹਿਤ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਮੰਨਣ ਲਈ ਪ੍ਰੇਰਿਤ ਕਰਨਗੇ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਤੀਸਰੀ ਵਾਰ ਸਰਕਾਰ ਬਣਾਏਗਾ। ਉਹਨਾਂ ਨੇ ਪੰਜਾਬ ਸਰਕਾਰ ਨੂੰ ਦਰਿਆਈ ਪਾਣੀਆਂ ਦੇ ਮੁੱਦੇ ਨੂੰ ਛੱਡਕੇ ਸੂਬੇ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਆਰਥਿਕ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਨੇ ਖੇਤੀ ਦੇ ਨਾਲ ਨਾਲ ਇੰਡਸਟਰੀ ਤੇ ਹੋਰ ਖੇਤਰ ਵਿੱਚ ਵਧੇਰੇ ਧਿਆਨ ਦਿੱਤਾ ਹੈ ਅਤੇ ਅਲੱਗ ਰਾਜ ਬਣਨ ਸਮੇਂ ਪੰਜਾਬ ਨਾਲੋ ਪਿਛੜਿਆ ਹਰਿਆਣਾ ਅੱਜ ਪੰਜਾਬ ਤੋਂ ਅੱਗੇ ਨਿਕਲ ਚੁੱਕਾ ਹੈ। ਉਹਨਾਂ ਕਿਹਾ ਕਿ ਉਹ ਐਸ.ਵਾਈ.ਐਲ ਮੁੱਦੇ 'ਤੇ ਹਰਿਆਣਾ ਅਤੇ ਦੇਸ਼ ਦੇ ਕਿਸਾਨਾਂ ਨਾਲ ਖੜਨਗੇ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਸਹਿ ਪ੍ਰਭਾਰੀ ਹੋਣ ਦੇ ਨਾਤੇ ਪਾਣੀਆਂ ਦਾ ਮੁੱਦਾ ਉਹਨਾਂ ਦੇ ਕੰਮ ਵਿੱਚ ਰੁਕਾਵਟ ਨਹੀਂ ਬਣੇਗਾ। 

No comments:

Post a Comment