---15 ਦਸੰਬਰ ਤੱਕ ਰਾਸ਼ੀ ਦਾ ਪ੍ਰਬੰਧ ਨਾ ਕਰਨ 'ਤੇ ਬੰਦ ਹੋ ਸਕਦੀ ਹੈ ਕੇਂਦਰੀ ਗਰਾਂਟ
--ਵਿੱਤੀ ਸਾਧਨ ਜਟਾਉਣ ਲਈ ਮੁੱਖ ਮੰਤਰੀ ਅੱਜ ਕਰਨਗੇ ਉਚ ਅਧਿਕਾਰੀਆਂ ਨਾਲ ਮੀਟਿੰਗ
ਜੈ ਸਿੰਘ ਛਿੱਬਰ, ਚੰਡੀਗੜ੍ਹ
ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੇ ਕੇਂਦਰੀ ਸਕੀਮਾਂ ਨੂੰ ਚਾਲੂ ਰੱਖਣ ਲਈ ਅਜੇ ਤੱਕ ਕੇਂਦਰੀ ਸਪਾਂਸਰ ਸਕੀਮਾਂ ਵਿਚ ਧੇਲਾਂ ਨਹੀਂ ਪਾਇਆ। ਜੇਕਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 15 ਦਸੰਬਰ ਤੱਕ ਕੇਂਦਰੀ ਸਕੀਮਾਂ 'ਚ ਆਪਣੇ ਹਿੱਸੇ ਦੇ ਅਨੁਪਾਤ ਮੁਤਾਬਕ ਰਾਸ਼ੀ ਦਾ ਪ੍ਰਬੰਧ ਨਾ ਕੀਤਾ ਤਾਂ ਪੰਜਾਬ ਸਰਕਾਰ ਨੂੰ ਕੇਂਦਰੀ ਗਰਾਂਟਾਂ ਤੋਂ ਹੱਥ ਧੋਣਾ ਪੈ ਸਕਦਾ ਹੈ।
ਸੂਤਰਾਂ ਮੁਤਾਬਿਕ ਕੇਂਦਰੀ ਸਕੀਮਾਂ ਨੂੰ ਜਾਰੀ ਰੱਖਣ ਲਈ ਪੰਜਾਬ ਸਰਕਾਰ ਵਲੋਂ ਆਪਣੇ ਹਿੱਸੇ ਦੀ ਰਾਸ਼ੀ ਦਾ ਪ੍ਰਬੰਧ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵਿੱਤ ਵਿਭਾਗ ਤੇ ਹੋਰਨਾਂ ਵਿਭਾਗਾਂ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਰੱਖੀ ਹੈ। ਸੂਤਰ ਦੱਸਦੇ ਹਨ ਕਿ ਮੀਟਿੰਗ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ।
ਸੂਤਰ ਦੱਸਦੇ ਹਨ ਕਿ ਮੀਟਿੰਗ ਵਿੱਚ ਆਰਥਿਕ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਵਿੱਤੀ ਸੰਕਟ ਤੋਂ ਬਾਹਰ ਕੱਢਣ ਲਈ ਜਰੂਰੀ ਕਦਮ ਚੁੱਕਣ,ਕੇਂਦਰੀ ਸਕੀਮਾਂ ਨੂੰ ਚਾਲੂ ਰੱਖਣ ਲਈ ਰਾਜ ਸਰਕਾਰ ਦੇ ਹਿੱਸੇ ਮੁਤਾਬਿਕ ਨਿਰਧਾਰਤ ਗਰਾਂਟ ਦੇਣ ,ਕਰਜ਼ਾ ਮੁਆਫੀ ਸਕੀਮ ਸਮੇਤ ਹੋਰਨਾਂ ਵਾਅਦਿਆਂ ਨੂੰ ਲਾਗੂ ਕਰਨ ਬਾਰੇ ਚਰਚਾ ਕੀਤੇ ਜਾਣ ਦੀ ਸੰਭਾਵਨਾਂ ਹੈ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਕੇਂਦਰੀ ਸਪਾਂਸਰ ਸਕੀਮਾਂ ਲਈ ਆਪਣੇ ਹਿੱਸੇ ਦੇ 70 ਕਰੋੜ ਰੁਪਏ ਦੇਣੇ ਸਨ ਤੇ ਇਸ ਵਿਚੋ 50 ਕਰੋੜ ਰੁਪਏ ਭੇਜ ਦਿਤੇ ਹਨ ਤਾਂ ਕਿ ਕੇਂਦਰੀ ਸਪਾਂਸਰ ਸਕੀਮਾਂ ਨੂੰ ਜਾਰੀ ਰੱਖਿਆ ਜਾ ਸਕੇ। ਇਸੇ ਤਰਾਂ ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਖੇਤੀਬਾੜੀ ਸਮੇਤ ਹੋਰਨਾਂ ਵਿਭਾਗਾਂ ਦੀਆਂ ਕੇਂਦਰੀ ਸਪਾਂਸਰ ਸਕੀਮਾਂ ਨੂੰ ਚਾਲੂ ਰੱਖਣ ਲਈ ਰਾਸ਼ੀ ਦਾ ਪ੍ਰਬੰਧ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
--ਬਾਕਸ
--ਤਿੰਨ ਮਹੀਨੇ ਪਹਿਲਾਂ ਦਸ ਹਜ਼ਾਰ ਕਰੋੜ ਟੈਕਸ ਲਾਉਣ 'ਤੇ ਹੋਈ ਸੀ ਚਰਚਾ
ਤਿੰਨ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ ਸੀ, ਜਿਸ ਵਿੱਚ ਦਸ ਹਜ਼ਾਰ ਕਰੋੜ ਦੇ ਟੈਕਸ ਲਾਉਣ ਲਈ ਚਰਚਾ ਕੀਤੀ ਗਈ ਸੀ। ਪਰ ਗੁਰਦਾਸਪੁਰ ਜ਼ਿਮਨੀ ਚੋਣ ਅਤੇ ਨਗਰ ਕੌਂਸਲ ਦੀਆਂ ਚੋਣਾਂ ਸਿਰ 'ਤੇ ਹੋਣ ਕਾਰਨ ਸਰਕਾਰ ਨੇ ਨਵੇਂ ਟੈਕਸ ਲਾਉਣ ਦਾ ਫੈਸਲਾ ਟਾਲ ਦਿੱਤਾ ਸੀ।
ਬੀਤੇ ਕੱਲ੍ਹ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ ਵਿਚ 9.33 ਫੀਸਦੀ ਵਾਧਾ ਕਰਕੇ ਲੋਕਾਂ 'ਤੇ 2522.62 ਕਰੋੜ ਦਾ ਭਾਰ ਪਾ ਦਿਤਾ ਹੈ। ਬਿਜਲੀ ਉਪਭੋਗਤਾਵਾਂ ਨੂੰ ਹਰੇਕ ਮਹੀਨਾ ਵਾਧੇ ਕਾਰਨ 210.21 ਕਰੋੜ ਅਤੇ ਬਕਾਇਆ ਰਾਸ਼ੀ ਦੇ ਭੁਗਤਾਨ ਵਜੋਂ 163.50 ਕਰੋੜ ਰੁਪਏ ਪ੍ਰਤੀ ਮਹੀਨਾ ਅਦਾ ਕਰਨੇ ਪੈਣਗੇ। ਇਸਤੋਂ ਇਲਾਵਾ ਬਿਜਲੀ ਦਰਾਂ 'ਤੇ ਬਿਜਲੀ ਡਿਊਟੀ ਤੇ ਸੈੱਸ ਸਮੇਤ 18 ਫੀਸਦੀ ਹੋਰ ਰਕਮ ਵੀ ਦੇਣੀ ਪਵੇਗੀ। ਭਾਵੇਂ ਕਿ ਸਰਕਾਰ ਵਿਰੋਧੀ ਸਿਆਸੀ ਆਗੂ ਤੇ ਆਮ ਉਪਭੋਗਤਾ ਬਿਜਲੀ ਦਰਾਂ ਦੇ ਵਾਧੇ ਦਾ ਵਿਰੋਧ ਕਰ ਰਹੇ ਹਨ, ਪਰ ਮੁੱਖ ਮੰਤਰੀ ਨੇ ਇਕ ਬਿਆਨ ਰਾਹੀਂ ਵਾਧੇ ਨੂੰ ਵਾਜਬ ਦੱਸਿਆ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸੂਬੇ ਦੀ ਆਰਥਿਕ ਹਾਲਤ ਠੀਕ ਕਰਨ ਲਈ ਸਰਕਾਰ ਕੋਲ੍ਹ ਟੈਕਸ ਲਗਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ।