Sunday, 8 October 2017

ਰੁੱਸਿਆ ਨੂੰ ਮਨਾਉਣ ਲੱਗੇ ਸੁਖਬੀਰ


ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
--ਆਉਣ ਵਾਲੇ ਦਿਨਾਂ 'ਚ ਟੌਹੜਾ ਧੜੇ ਦੇ ਆਗੂਆਂ ਨਾਲ ਕਰਨਗੇ ਮੁਲਾਕਾਤ

ਜੈ ਸਿੰਘ ਛਿੱਬਰ,

 ਚੰਡੀਗੜ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁੱਚਾ ਸਿੰਘ ਲੰਗਾਹ ਦੀ ਘਟਨਾਂ ਨਾਲ ਅਕਾਲੀ ਦਲ ਨੂੰ ਲੱਗੇ ਵੱਡੇ ਝਟਕੇ ਦੀ ਪੂਰਤੀ ਲਈ ਟਕਸਾਲੀ ਤੇ ਪੁਰਾਣੇ ਅਕਾਲੀ ਆਗੂਆਂ, ਵਰਕਰਾਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਨੇ ਸ਼ਨੀਵਾਰ ਰਾਤ ਨੂੰ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਕਰੀਬ ਦੋ ਘੰਟੇ ਬਟਾਲਾ ਨੇੜੇ ਛੋਟੇ ਘੁੰਮਣ ਪਿੰਡ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਦੇ ਡੇਰੇ ਵਿੱਚ ਬੰਦ ਕਮਰਾ ਮੁਲਾਕਾਤ ਕਰਕੇ ਪੁਰਾਣੇ ਗਿਲ੍ਹੇ ਸ਼ਿਕਵੇਂ ਭੁੱਲਕੇ ਅਕਾਲੀ ਦਲ ਨਾਲ ਮੁੜ ਜੁੜਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਦੱਸਿਆਂ ਜਾਂਦਾ ਹੈ ਕਿ ਇਸ ਮੌਕੇ ਬਿਕਰਮ ਸਿੰਘ ਮਜੀਠਿਆ, ਵਿਰਸਾ ਸਿੰਘ ਵਲਟੋਹਾ, ਦਿਆਲ ਸਿੰਘ ਕੋਲਿਆਂਵਾਲੀ, ਬੁਲਾਰੇ ਤੇ ਸਕੱਤਰ ਡਾ ਦਲਜੀਤ ਸਿੰਘ ਚੀਮਾ ਸਮੇਤ ਕੁੱਝ ਹੋਰ ਅਕਾਲੀ ਆਗੂ ਹਾਜ਼ਰ ਸਨ। ਪਰ, ਸੁਖਬੀਰ ਨੇ ਉਹਨਾਂ ਨੂੰ ਕਮਰੇ ਵਿੱਚ ਦਾਖਲ ਨਹੀਂ ਹੋਣ ਦਿੱਤਾ। ਅਕਾਲੀ ਸੂਤਰ ਦੱਸਦੇ ਹਨ ਕਿ ਸੁਖਬੀਰ ਬਾਦਲ ਗੁਰਦਾਸਪੁਰ 'ਚ ਸੁੱਚਾ ਸਿੰਘ ਲੰਗਾਹ ਦੀ ਘਟਨਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਕਰਨਾ ਚਾਹੁੰਦੇ ਹਨ। ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਧਾਰਮਿਕ ਖੇਤਰ ਭਾਵ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕਰਨ ਦੀ ਜੁੰਮੇਵਾਰੀ ਦੇਣ ਦੀ ਸੁਖਬੀਰ ਬਾਦਲ ਨੇ ਹਾਮੀ ਭਰ ਦਿੱਤੀ ਹੈ। ਦੱਸਿਆਂ ਜਾਂਦਾ ਹੈ ਕਿ ਸੁਖਬੀਰ ਨਾਲ ਹੋਈ ਮੀਟਿੰਗ 'ਚ
ਸ਼ਹੀਦ ਭਾਈ ਸਤਵੰਤ ਸਿੰਘ ਦੇ ਭਰਾ ਭਾਈ ਸਰਵਣ ਸਿੰਘ, ਭਤੀਜਾ ਭਾਈ ਸੁਖਵਿੰਦਰ ਸਿੰਘ, ਛੋਟੇ ਘੁੰਮਣਾਂ ਡੇਰੇ ਦੇ ਮੁਖੀ ਬਾਬਾ ਬੁੱਧ ਸਿੰਘ ਅਤੇ ਗਿਆਨੀ ਨਵਤੇਜ ਸਿੰਘ ਸ਼ਾਮਲ ਸਨ।
ਰਾਤ ਕਰੀਬ ਅੱਠ ਵਜੇ ਤੱਕ ਹੋਈ ਮੀਟਿੰਗ ਵਿੱਚ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਰਵਾਇਤੀ ਪੰਥਕ ਰੂਪ ਵਿਚ ਲਿਆਉਣ ਲਈ ਭਾਈ ਸਤਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਅਕਾਲੀ ਦਲ ਵਿਚ ਸਰਗਰਮ ਹੋਣ ਗੁਰਦਾਸਪੁਰ ਵਿਚ ਪਾਰਟੀ ਦਾ ਪੰਥਕ ਆਧਾਰ ਕਾਇਮ ਕਰਨ ਲਈ ਜ਼ਿੰਮੇਵਾਰੀ ਸੰਭਾਲਣ ਲਈ ਆਖਿਆ ਹੈ।  ਸ਼੍ਰੋਮਣੀ ਕਮੇਟੀ ਚੋਣਾਂ ਦੀ ਸੰਭਾਵਨਾ ਨੂੰ ਅੱਗੇ ਰੱਖਦਿਆਂ ਗੁਰਸਿੱਖ ਨੌਜਵਾਨਾਂ ਨੂੰ ਪੰਥਕ ਸਿਆਸਤ ਵਿਚ ਸਰਗਰਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਫਤਹਿਗੜ੍ਹ ਚੂੜੀਆਂ ਹਲਕੇ ਤੋਂ ਆਪ ਦੇ ਆਗੂ ਗੁਰਵਿੰਦਰ ਸਿੰਘ ਸ਼ਾਮਪੁਰਾ ਨੂੰ ਵੀ ਅਕਾਲੀ ਦਲ ਵਿਚ ਸ਼ਾਮਲ ਕਰਕੇ ਸ਼੍ਰੋਮਣੀ ਕਮੇਟੀ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਸਰਗਰਮ ਹੋਣ ਲਈ ਕਿਹਾ ਹੈ। ਸਰਵਣ ਸਿੰਘ ਅਗਵਾਨ ਨੂੰ ਸੁਖਬੀਰ ਬਾਦਲ ਨੇ ਨਿਊਜ਼ੀਲੈਂਡ ਤੋਂ ਉਚੇਚੇ ਤੌਰ 'ਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਚੰਗੇ ਕਿਰਦਾਰ ਵਾਲੇ ਪੰਥਕ ਆਗੂਆਂ ਨੂੰ ਅਕਾਲੀ ਦਲ ਵਿਚ ਲਿਆਉਣ ਲਈ ਬੁਲਾਇਆ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਦਲ ਵਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਧੜੇ ਨਾਲ ਸਬੰਧਿਤ ਆਗੂ ਜੋ ਪਿਛਲੇ ਕਾਫੀ ਸਮੇਂ ਤੋਂ ਨੁੱਕਰੇ ਲੱਗੇ ਮਹਿਸੂਸ ਕਰ ਰਹੇ ਹਨ, ਨੂੰ ਮਨਾਉਣ ਲਈ ਵੀ ਸੁਖਬੀਰ ਬਾਦਲ ਅਗਲੇ ਦਿਨਾਂ ਵਿੱਚ ਮੀਟਿੰਗਾਂ ਕਰਨਗੇ।
ਉਧਰ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰਕ ਮੈਂਬਰ ਸੁਖਵਿੰਦਰ ਸਿੰਘ ਨੇ ਸੁਖਬੀਰ ਬਾਦਲ ਨਾਲ ਮੀਟਿੰਗ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆਂ ਕਿ ਉਹਨਾਂ ਦੇ ਪਰਿਵਾਰ ਨੇ ਧਾਰਮਿਕ ਸੇਵਾ ਕਰਨ ਦੀ ਹਾਮੀ ਭਰੀ ਹੈ। ਉਹਨਾਂ ਕਿਹਾ ਕਿ ਪਰਿਵਾਰ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ, ਪਹਿਲਾਂ ਤੋਂ ਹੀ ਪਰਿਵਾਰ ਪੰਥ ਦੀ ਸੇਵਾ ਕਰਦਾ ਰਿਹਾ ਹੈ। ਉਹਨਾਂ ਦੱਸਿਆਂ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਖੁਦ ਉਹਨਾਂ ਦੇ ਘਰ ਆ ਕੇ ਚਾਚਾ ਸਰਵਣ ਸਿੰਘ ਨੂੰ ਸ੍ਰੋਮਣੀ ਕਮੇਟੀ ਦੀ ਟਿਕਟ ਦੇਣ ਦੀ ਗੱਲ ਆਖੀ ਸੀ, ਪਰ ਸੁੱਚਾ ਸਿੰਘ ਲੰਗਾਹ ਦੇ ਦਖਲ ਕਾਰਨ ਟਿਕਟ ਕੱਟ ਦਿੱਤੀ ਗਈ ਸੀ।
ਯਾਦ ਰਹੇ ਇਸਤੋਂ ਪਹਿਲਾ ਸੁਖਬੀਰ ਬਾਦਲ ਨੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾਂ ਦੇ ਭਰਾਤਾ ਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੰਤੋਖ ਸਿੰਘ ਰੰਧਾਵਾਂ ਦੇ ਬੇਟੇ ਇੰਦਰਜੀਤ ਸਿੰਘ ਰੰਧਾਵਾਂ ਨੂੰ ਵੀ ਅਕਾਲੀ ਦਲ ਵਿੱਚ ਸ਼ਾਮਲ ਕਰ ਚੁੱਕੇ ਹਨ।

No comments:

Post a Comment