Wednesday, 11 October 2017

ਅਜ਼ਾਦੀ ਘੁਲਾਟੀਏ ਦੀ ਅੰਨ੍ਹੀ ਵਿਧਵਾ ਨੂੰ ਕੋਈ ਨਹੀਂ ਦਿਖਾ ਰਿਹਾ ਰੋਸ਼ਨੀ

ਪੈਨਸ਼ਨ ਲੈਣ ਲਈ ਵਿਧਵਾ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ 
---ਬੀਮਾਰੀ ਕਾਰਨ ਦੋਵੇਂ  ਪੁੱਤਰ ਵੀ ਕਰ ਚੁੱਕੇ ਹਨ ਜ਼ਹਾਨੋ ਕੂਚ

ਜੈ ਸਿੰਘ ਛਿੱਬਰ
 ਚੰਡੀਗੜ੍ਹ :ਦੇਸ਼ ਲਈ ਮਰ ਮਿਟਣ ਵਾਲਾ ਆਜ਼ਾਦੀ ਘੁਲਾਟੀਆ ਭਾਗ,ਜਿਸਨੂੰ ਤਤਕਾਲੀ ਪ੍ਰਧਾਨ ਮੰਤਰੀ ਸਵਰਗੀ ਇੰਦਰਾਂ ਗਾਂਧੀ ਨੇ ਖ਼ੁਦ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਪਹੁੰਚ ਕੇ ਤੋਮਰ ਪੱਤਰ ਨਾਲ ਸਨਮਾਨਤ ਕੀਤਾ ਸੀ, ਦਾ ਪਰਿਵਾਰ ਅੱਜ ਬੇਭਾਗਾ ਮਹਿਸੂਸ ਕਰ ਰਿਹਾ ਹੈ। ਬੀਮਾਰੀ ਕਾਰਨ ਦੋਵੇਂ ਪੁੱਤਰਾਂ ਨੂੰ ਗੁਆ ਚੁੱਕੀ, ਅੱਖਾਂ ਤੋਂ ਅੰਨ੍ਹੀ ਸੀਤੋਂ ਪਤੀ ਦੀ ਪੈਨਸ਼ਨ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਸੁਤੰਤਰਤਾ ਸੰਗਰਾਮੀ ਸ਼ਾਖਾ) ਨੇ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ ਵਿੱਚ ਸਾਲ 1-9-2010 ਨੂੰ ਪੱਤਰ ਨੰਬਰ 12/33/04-8ਪੀ1248 ਅਨੁਸਾਰ 4250  ਤੋਂ ਵਧਾਕੇ ਪੰਜ ਹਜ਼ਾਰ ਰੁਪਏ ਦੇਣ ਬਾਰੇ ਪੱਤਰ ਜਾਰੀ ਕਰ ਦਿੱਤਾ। ਇਸਤੋਂ ਬਾਦ ਸਰਕਾਰ ਨੇ 2013 ਵਿੱਚ ਪੈਨਸ਼ਨ 'ਚ ਵਾਧਾ ਕਰਦਿਆਂ 7500 ਰੁਪਏ ਮਾਸਿਕ ਕਰ ਦਿੱਤੀ ਹੈ। ਖ਼ਜਾਨਚੀ ਪੁੰਨ ਅਰਥ ਜਾਇਦਾਦ ਪੰਜਾਬ ਵਲੋਂ ਜਿਲ੍ਹਾ ਖ਼ਜਾਨਾਂ ਅਫਸਰ ਜਲੰਧਰ ਨੂੰ ਪੱਤਰ ਨੰਬਰ ਪੀ.ਪੀ.ਓ 7096/609 ਮਿਤੀ 12-7-17 ਨੂੰ ਪੱਤਰ ਜਾਰੀ ਕਰਕੇ ਵਿਧਵਾ ਨੂੰ 1.12.2013 ਤੋਂ ਸਰਕਾਰ ਵਲੋਂ ਵਧਾਈ ਗਈ 7500 ਰੁਪੁਏ ਪੈਨਸ਼ਨ ਦੇਣ ਦਾ ਪੱਤਰ ਵੀ ਜਾਰੀ ਕਰ ਦਿੱਤਾ। ਵਿਧਵਾ ਵਿਭਾਗ ਦਾ ਉਹ ਪੱਤਰ ਲਈ ਦਫ਼ਤਰਾਂ ਦੇ ਚੱਕਰ ਕੱਟ ਰਹੀ ਹੈ ਪਰ ਵਿਧਵਾ ਨੂੰ ਕੋਈ ਅਧਿਕਾਰੀ ਹੱਥ ਪੱਲ੍ਹਾ ਨਹੀਂ ਫੜ੍ਹਾ ਰਿਹਾ। 
ਅੱਜ ਸਿਵਲ ਸਕੱਤਰੇਤ 'ਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ੍ਹ ਫ਼ਰਿਆਦ ਲੈ ਕੇ ਪਹੁੰਚੀ ਵਿਧਵਾ ਨੇ ਆਪਣੇ ਜੀਵਨ ਦੀ ਤ੍ਰਾਸ਼ਦੀ ਦੀਆਂ ਪਰਤਾਂ ਖੋਲ੍ਹਦੇ ਦੱਸਿਆਂ ਕਿ ਜਿਲ੍ਹਾ ਜਲੰਧਰ ਦੇ ਪਿੰਡ ਗਹੇੜੂ ਨਿਵਾਸੀ ਉਸਦੇ ਪਤੀ ਭਾਗ ਪੁੱਤਰ ਫਿਦਾ ਨੇ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਆਜ਼ਾਦ ਹਿੰਦ ਫੌਜ 'ਚ ਭਰਤੀ ਹੋ ਕੇ ਦੇਸ਼ ਲਈ ਲੜਾਈ ਲੜੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਉਸਨੂੰ ਫੌਜ ਵਿੱਚ ਭਰਤੀ ਕਰ ਲਿਆ, ਪਰ ਕਿਸੀ ਕਾਰਨ ਕੁੱਝ ਸਾਲਾਂ ਬਾਅਦ ਸਰੀਰ ਵਿੱਚ ਨੁਕਸ ਪੈਣ ਕਾਰਨ ਸੇਵਾ ਮੁਕਤ ਕਰ ਘਰ ਭੇਜ ਦਿੱਤਾ ਗਿਆ। ਅੰਗਰੇਜਾਂ ਨਾਲ ਲੜਨ ਤੋਂ ਬਾਅਦ ਗਰੀਬੀ ਨਾਲ ਲੜਨ ਲਈ ਚੰਡੀਗੜ੍ਹ 'ਚ ਡਾਕ ਵਿਭਾਗ ਵਿੱਚ ਵੀ ਨੌਕਰੀ ਸ਼ੁਰੂ ਕਰ ਦਿੱਤੀ। ਆਖ਼ਿਰ 26 ਸਤੰਬਰ 2000 ਨੂੰ ਪਤੀ ਦੀ ਮੌਤ ਹੋ ਗਈ। ਸਰਕਾਰੀ ਸਮਾਗਮਾਂ 'ਚ ਮਾਣ ਸਨਮਾਨ ਦੇਣ ਵਾਲੀ ਸਰਕਾਰ, ਪ੍ਰਸ਼ਾਸਨ ਨੇ ਸੰਸਕਾਰ 'ਤੇ ਹਾਜ਼ਰੀ ਲਗਾਉਣੀ ਵੀ ਮੁਨਾਸਿਬ ਨਹੀਂ ਸਮਝੀ। ਪਤੀ ਦੀ ਮੌਤ ਤੋਂ ਬਾਅਦ ਪੈਨਸ਼ਨ ਆਪਣੇ ਨਾਮ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਕੱਟਦੀ ਆ ਰਹੀ ਹੈ। ਪਰ, ਕੋਈ ਅਧਿਕਾਰੀ, ਕਰਮਚਾਰੀ ਲੜ੍ਹ ਪੱਲ੍ਹਾ ਨਹੀਂ ਫੜ੍ਹਾ ਰਿਹਾ। ਇਸੀ ਦੌਰਾਨ ਵੱਡਾ ਪੁੱਤਰ ਜਗਦੀਸ਼ ਗੁਰਦੇ ਫੇਲ੍ਹ ਹੋਣ ਰੱਬ ਨੂੰ ਪਿਆਰਾ ਹੋ ਗਿਆ ਅਤੇ ਛੋਟੇ ਪੁੱਤਰ ਪਰਮਜੀਤ ਨੂੰ ਪੀਲੀਆਂ ਦੀ ਬੀਮਾਰੀ ਨੇ ਜਕੜ ਲਿਆ ਤੇ ਉਹ ਵੀ ਜਹਾਨੋਂ ਕੂਚ ਕਰ ਗਿਆ। ਵਕਤ,ਗੁਰਬਤ ਦੀ ਮਾਰੀ ਵਿਧਵਾ ਅੱਜਕੱਲ੍ਹ ਆਪਣੀ ਬੇਟੀ ਸੁਨੀਤਾ ਨਿਵਾਸੀ ਸਰੀਂਹ ਕੋਲ੍ਹ ਦਿਨ ਗੁਜ਼ਾਰਨ ਨੂੰ ਮਜਬੂਰ ਹੈ। ਸੁਨੀਤਾ ਦਾ ਪਤੀ ਵੀ ਪ੍ਰਾਈਵੇਟ ਕੰਪਨੀ 'ਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਹੈ। 


--ਕਮਿਸ਼ਨ ਨੇ ਡੀਸੀ ਜਲੰਧਰ ਕੀਤਾ ਤਲਬ 
ਵਿਧਵਾ ਦੀ ਸ਼ਿਕਾਇਤ 'ਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਨੂੰ ਪਿਛਲੇ ਸਮੇਂ ਦੌਰਾਨ ਵਿਧਵਾ ਵਲੋਂ ਦਿੱਤੀਆਂ ਅਰਜ਼ੀਆਂ ਤੇ ਕੀਤੀ ਗਈ ਕਾਰਵਾਈ ਬਾਰੇ ਪੂਰੀ ਰਿਪੋਰਟ 17 ਅਕਤੂਬਰ ਨੂੰ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਸ੍ਰੀ ਬਾਘਾ ਨੇ ਦੱਸਿਆਂ ਕਿ ਪਹਿਲਾਂ ਡਿਪਟੀ ਕਮਿਸ਼ਨਰ ਤੋਂ ਪੂਰੀ ਰਿਪੋਰਟ ਲਈ ਜਾਵੇਗੀ ਉਸਤੋਂ ਬਾਅਦ ਸਬੰਧਿਤ ਵਿਭਾਗਾਂ ਤੋਂ ਵੀ ਪੁੱਛ ਗਿੱਛ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

No comments:

Post a Comment