ਜੈ ਸਿੰਘ ਛਿੱਬਰ
ਚੰਡੀਗੜ੍ਹ : ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨੇ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਖ਼ਤਮ ਕਰਨਾ ਹੀ ਦੇਸ਼ ਭਗਤੀ ਹੈ। ਵਿਅਕਤੀ ਕਿਸੀ ਵੀ ਸਿਆਸੀ ਪਾਰਟੀ, ਧਰਮ, ਜਾਤ, ਸਮਾਜ ਨਾਲ ਸਬੰਧ ਰੱਖ ਸਕਦਾ ਹੈ ਅਤੇ ਕਿਸੀ ਵੀ ਵਿਚਾਰ ਧਾਰਾ ਨੂੰ ਮੰਨ ਸਕਦਾ ਹੈ। ਪਰ ਪਿਛਲੇ ਸਮੇਂ ਦੇਸ਼ ਅੰਦਰ ਨਫ਼ਰਤ ਦੀ ਫਸਲ ਬੀਜੀ ਜਾ ਰਹੀ ਹੈ। ਜੋ ਕਿ ਦੇਸ਼ ਲਈ ਘਾਤਕ ਹੈ। ਲੁਧਿਆਣਾ 'ਚ ਆਰ.ਐਸ.ਐਸ ਆਗੂ ਦੀ ਹੱਤਿਆ ਦੀ ਨਿੰਦਾ ਕਰਦੇ ਕਨ੍ਹਈਆਂ ਕੁਮਾਰ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਕਿਸੀ ਵੀ ਵਿਚਾਰਧਾਰਾ ਮੰਨਣ ਦਾ ਹੱਕ ਹੈ, ਜੇਕਰ ਕੋਈ ਕਾਨੂੰਨ , ਸੰਵਿਧਾਨ ਦਾ ਉਲੰਘਣ ਕਰਦਾ ਹੈ ਤਾਂ ਉਸ 'ਤੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀਹੈ। ਪਰ ਕਿਸੇ ਦੀਆਂ ਭਾਵਨਾਵਾਂ, ਜਾਂ ਅਵਾਜ਼ ਨੂੰ ਦਬਾਉਣ ਲਈ ਗੋਲੀ ਮਾਰਨਾ, ਕੁੱਟ ਮਾਰ ਕਰਨੀ ਦਾ ਕਿਸੇ ਹੱਕ ਨੂੰ ਨਹੀਂ ਹੈ। ਉਹਨਾਂ ਕਿਹਾ ਕਿ ਦੇਸ਼ 'ਚ ਪਿਛਲੇ ਸਮੇਂ ਦੌਰਾਨ ਕਈ ਪੱਤਰਕਾਰਾਂ, ਲੇਖਕਾਂ ਤੇ ਅਲੱਗ ਅਲੱਗ ਵਿਚਾਰਧਾਰਾ ਰੱਖਣ ਵਾਲਿਆਂ ਦਾ ਕਤਲ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਰੋਟੀ,ਕੱਪੜਾ, ਮਕਾਨ, ਸਿੱਖਿਆ ਅਤੇ ਸਿਹਤ ਸੁਵਿਧਾਵਾਂ ਲੋਕਾਂ ਦੀਆਂ ਸਹੂਲਤਾਂ ਹਨ। ਇਹ ਮੁੱਢਲੇ ਅਧਿਕਾਰਾਂ ਵਿੱਚ ਦਰਜ਼ ਹੈ। ਪਰ, ਪਿਛਲੇ ਲੰਬੇ ਸਮੇਂ ਤੋਂ ਹਾਕਮਾਂ ਨੇ ਸਿਹਤ ਸੇਵਾਵਾਂ ਤੇ ਸਿੱਖਿਆਂ 'ਤੇ ਜੀ.ਡੀ.ਪੀ ਦਾ ਸਿਰਫ 2 ਪ੍ਰਤੀਸ਼ਤ ਹੀ ਖਰਚ ਕੀਤਾ ਹੈ। ਰਾਸ਼ਟਰ ਦਾ ਨਿਰਮਾਣ ਕਰਨ ਲਈ ਸਿੱਖਿਆ ਤੇ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਅੱਜ ਪ੍ਰੈਸ ਕਲੱਬ 'ਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਨ੍ਹਈਆਂ ਕੁਮਾਰ ਨੇ ਕਿਹਾ ਕਿ ਨੋਟਬੰਦੀ ਅਤੇ ਜੀ.ਐਸ.ਟੀ ਲਾਗੂ ਹੋਣ ਨਾਲ ਦੇਸ਼ ਦੇ ਵੱਡੇ ਉਦਯੋਗਿਕ ਘੁਰਾਣਿਆਂ ਨੂੰ ਲਾਭ ਹੋਇਆ ਹੈ, ਜਦਕਿ ਛੋਟੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ। ਇਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸੰਵਿਧਾਨ ਨਾਲ ਛੇੜਛਾੜ ਕਰਨਾ ਦੇਸ਼ ਲਈ ਘਾਤਕ ਹੋ ਸਕਦਾ ਹੈ, ਇਸ ਨਾਲ ਦੇਸ਼ ਦਾ ਵਿਕਾਸ ਨਹੀਂ ਬਲਕਿ ਵਿਨਾਸ਼ ਹੋ ਸਕਦਾ ਹੈ। ਉਹਨਾਂ ਕਿਹਾ ਕਿ ਰਾਜਨੀਤੀ ਕਿੱਤਾ ਨਹੀਂ ਹੈ, ਬਲਕਿ ਸਮਾਜ ਪ੍ਰਤੀ ਇੱਕ ਵੱਡੀ ਜੁੰਮੇਵਾਰੀ ਹੈ। ਪਰ ਦੁਖਦਾਈ ਗੱਲ ਇਹ ਹੈ ਕਿ ਰਾਜਨੀਤੀ ਨਾਲ ਜੁੜੇ ਲੋਕਾਂ ਨੇ ਇਸਨੂੰ ਕਿੱਤਾ ਮੰਨ ਲਿਆ ਹੈ। ਇਹੀ ਕਾਰਨ ਹੈ ਕਿ ਅੱਜ ਸਿਆਸਤ ਨਾਲ ਜੁੜੇ ਲੋਕਾਂ ਦੇ ਨਾਮ ਭ੍ਰਿਸ਼ਟਾਚਾਰ ਮਾਮਲਿਆਂ 'ਚ ਸਾਹਮਣੇ ਆ ਰਹੇ ਹਨ।
ਰਾਖਵਾਂਕਰਨ ਦੇ ਮੁੱਦੇ 'ਤੇ ਉਹਨਾਂ ਕਿਹਾ ਕਿ ਜਦ ਤੱਕ ਦੇਸ਼ ਵਿੱਚ ਅਸਮਾਨਤਾਂ, ਭੇਦਭਾਵ, ਊਚ ਨੀਚ ਦਾ ਮਾਹੌਲ ਰਹੇਗਾ, ਰਾਖਵਾਂਕਰਨ ਰਹੇਗਾ ਅਤੇ ਰਾਖਵਾਕਰਨ 'ਤੇ ਲੋਕਾਂ ਨੂੰ ਅਧੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸੱਭਤੋਂ ਪਹਿਲਾਂ ਲੋਕਾਂ ਨੂੰ ਭੇਦਭਾਵ ਖ਼ਤਮ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜਦ ਸਿਆਸੀ ਪਾਰਟੀਆਂ ਸਿਧਾਂਤਾਂ ਤੋਂ ਪਿਛੇ ਹਟ ਜਾਂਦੀਆਂ ਹਨ ਤਾਂ ਉਹ ਖੁਦ ਪਤਨ ਦਾ ਰਸਤਾ ਚੁਣ ਲੈਂਦੀਆਂ ਹਨ।
No comments:
Post a Comment