Wednesday, 4 October 2017

ਜਾਅਲੀ ਪੈਨਸ਼ਨ ਲੈਣ ਵਾਲਿਆਂ ਤੇ ਹੋਵੇਗੀ ਕਾਰਵਾਈ


ਬਜੁਰਗਾਂ, ਵਿਧਵਾਵਾਂ, ਅੰਗਹੀਣਾਂ ਦੇ ਖਾਤੇ ਵਿੱਚ ਅੱਜ ਜਮਾ ਹੋਵੇਗੀ ਤਿੰਨ ਮਹੀਨਿਆਂ ਦੀ ਪੈਨਸ਼ਨ

ਅਕਤੂਬਰ 2016 ਤੱਕ ਮਿਲੀ ਸੀ ਪੈਨਸ਼ਨ


ਚੰਡੀਗੜ੍ਹ 21 ਮਈ ( ਜੈ ਸਿੰਘ ਛਿੱਬਰ) : ਪੰਜਾਬ ਦੇ ਕਰੀਬ 19.8 ਲੱਖ ਅੰਗਹੀਣ, ਬੁਢਾਪਾ, ਵਿਧਵਾ ਅਤੇ ਨਿਰਭਰ (ਆਸ਼ਰਿਤ ਬੱਚੇ) ਸਕੀਮ ਤਹਿਤ ਪ੍ਰਤੀ ਮਹੀਨੇ 500 ਰੁਪਏ ਪੈਨਸ਼ਨ ਲੈਣ ਵਾਲੇ ਪੈਨਸ਼ਨਰਾਂ ਦੇ ਖਾਤੇ ਵਿੱਚ ਅੱਜ ਤਿੰਨ ਮਹੀਨਿਆਂ ਦੀ 1500 ਰੁਪਏ ਪੈਨਸ਼ਨ ਜਮਾ ਹੋ ਜਾਵੇਗੀ। ਹਾਲਾਂਕਿ ਤਿੰਨ ਮਹੀਨਿਆਂ ਦੀ ਪੈਨਸ਼ਨ ਲੈਣ ਤੋਂ ਬਾਅਦ ਵੀ ਪੈਨਸ਼ਨਧਾਰਕਾਂ ਦੀ ਦੋ ਮਹੀਨੇ ਦੀ ਬਕਾਇਆ ਰਾਸ਼ੀ ਖੜੀ ਰਹੇਗੀ। ਜਿਸਦਾ ਪੈਨਸ਼ਨ ਧਾਰਕਾਂ ਨੂੰ ਜੂਨ ਮਹੀਨੇ ਵਿੱਚ ਹੋਣ ਵਾਲੇ ਬਜਟ ਤੱਕ ਦਾ ਇੰਤਜਾਰ ਕਰਨਾ ਪਵੇਗਾ।

ਅਕਾਲੀ ਭਾਜਪਾ ਸਰਕਾਰ ਦੌਰਾਨ ਪੈਨਸ਼ਨਰਾਂ ਨੂੰ ਕਦੇ ਵੀ ਰੈਗੂਲਰ ਪੈਨਸ਼ਨ ਨਹੀਂ ਮਿਲੀ ਅਤੇ ਅਕਤੂਬਰ 2016 ਤੱਕ ਦੀ ਪੈਨਸ਼ਨ ਦਾ ਪਿਛਲੀ ਸਰਕਾਰ ਨੇ ਭੁਗਤਾਨ ਕੀਤਾ ਹੋਇਆ ਸੀ। ਪਰ ਪਿਛਲੇ ਮਹੀਨੇ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਤੇ ਸਮਾਜਕ ਸੁਰੱਖਿਆ ਵਿਭਾਗ ਨੂੰ ਮਾਰਚ ਮਹੀਨੇ ਤੱਕ ਦੀ ਪੈਨਸ਼ਨ ਦਾ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਸਨ। ਪਰ, ਵਿੱਤੀ ਹਾਲਤ ਡਾਵਾਂਡੋਲ ਹੋਣ ਕਰਕੇ ਸਰਕਾਰ ਹਰ ਕਦਮ ਫੂਕ ਫੂਕ ਕੇ ਰੱਖ ਰਹੀ ਹੈ। ਵਿੱਤ ਵਿਭਾਗ ਨੇ ਨਵੰਬਰ, ਦਸੰਬਰ 2107 ਤੇ ਜਨਵਰੀ 2018 ਤੱਕ ਦੀ ਪੈਨਸ਼ਨ ਦਾ ਬਜਟ ਪਾਸ ਕਰਕੇ ਸਮਾਜਕ ਸਰੁੱਖਿਆ ਵਿਭਾਗ ਨੂੰ ਦੇ ਦਿੱਤਾ ਹੈ। ਦੱਸਿਆਂ ਜਾਂਦਾ ਹੈ ਕਿ ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀਆਂ ਨੂੰ ਸੋਮਵਾਰ ਤੱਕ ਸਬੰਧਿਤ ਬੈਂਕਾਂ ਵਿੱਚ ਰਾਸ਼ੀ ਜਮਾ੍ਹ ਕਰਵਾਕੇ ਹਰੇਕ ਪੈਨਸ਼ਨ ਧਾਰਕ ਦੇ ਖਾਤੇ ਵਿੱਚ ਰਾਸ਼ੀ ਜਮਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਉਧਰ ਸੂਤਰ ਦੱਸਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਜਟ ਸੈਸ਼ਨ 'ਚ ਪੈਨਸ਼ਨ ਵਧਾਉਣ ਦਾ ਵਾਅਦਾ ਪੂਰਾ ਕਰੇਗੀ। ਚੋਣ ਮੈਨੀਫੈਸਟੋ ਮੁਤਾਬਕ ਦੋ ਹਜਾਰ ਰੁਪਏ ਪੈਨਸ਼ਨ ਦਿੱਤੀ ਜਾਣੀ ਹੈ, ਪਰ ਇਹ ਪੈਨਸ਼ਨ ਹਰਿਆਣਾ ਦੀ ਤਰਜ ਤੇ ਪ੍ਰਤੀ ਸਾਲ 250 ਰੁਪਏ ਪ੍ਰਤੀ ਮਹੀਨਾਂ ਵਧਾਈ ਜਾਵੇਗੀ। ਇਸ ਨਾਲ ਸਰਕਾਰੀ ਖਜ਼ਾਨੇ 'ਤੇ 47.65 ਲੱਖ ਰੁਪਏ ਦਾ ਸਾਲਾਨਾ ਬੋਝ ਪਵੇਗਾ।

ਸੂਤਰ ਇਹ ਵੀ ਦੱਸਦੇ ਹਨ ਕਿ ਸਰਕਾਰ ਵਲੋਂ ਨਵੇਂ ਵਿੱਤੀ ਵਰ੍ਹੇ ਯਾਨੀ ਅਪ੍ਰੈਲ ਤੋਂ ਪੈਨਸ਼ਨਰਜ ਦੀ ਫਿਜੀਕਲ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਪੈਨਸ਼ਨ ਦਿੱਤੀ ਜਾਵੇਗੀ। ਸੂਤਰ ਦੱਸਦੇ ਹਨ ਕਿ ਪਿਛਲੀ ਸਰਕਾਰ ਨੇ ਵੋਟ ਬੈਂਕ ਦੇ ਚੱਕਰ ਵਿੱਚ ਵੱਡੀ ਪੱਧਰ 'ਤੇ ਉਹਨਾਂ ਲੋਕਾਂ ਖਾਸਕਰਕੇ ਬੁਢਾਪਾ ਸਕੀਮ ਤਹਿਤ ਪੈਨਸ਼ਨ ਲਗਾ ਦਿੱਤੀ ਸੀ, ਜੋ ਕਿ ਜਰੂਰਤਮੰਦ ਵੀ ਨਹੀਂ ਸਨ। ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਦੀ ਪੈਨਸ਼ਨ 'ਤੇ ਕੱਟ ਲੱਗਣਾ ਸੁਭਾਵਿਕ ਹੈ। ਦੱਸਿਆਂ ਜਾਂਦਾ ਹੈ ਕਿ ਸਰਕਾਰ ਵਲੋਂ ਫਿਲਹਾਲ ਅਜਿਹੇ ਪੈਨਸ਼ਨਧਾਰਕ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਬਜਾਏ ਪੈਨਸ਼ਨ ਬੰਦ ਕਰਨ ਦਾ ਹੀ ਫੈਸਲਾ ਲਿਆ ਗਿਆ ਹੈ। ਵਰਨਣਯੋਗ ਹੈ ਕਿ ਮੌਜੂਦਾ ਸਮੇਂ 12.81 ਲੱਖ ਬੁਢਾਪਾ, 3.47 ਲੱਖ ਵਿਧਵਾ, 1.23 ਲੱਖ ਨਿਰਭਰ ਬੱਚੇ ਅਤੇ 1.55 ਲੱਖ ਅੰਗਹੀਣ ਪੈਨਸ਼ਨਧਾਰਕ ਹਨ।

No comments:

Post a Comment