Thursday, 30 May 2019

ਟ੍ਰਿਪਲ ਏ ਫਾਰਮੂਲਾ ਤਹਿਤ ਕੰਮ ਕਰੇਗੀ ਆਪ



--ਆਮ ਆਦਮੀ ਆਰਮੀ ਦੀ ਭਰਤੀ ਮੁਹਿੰਮ ਸ਼ੁਰੂ ਕਰੇਗੀ ਆਪ 

ਜੈ ਸਿੰਘ ਛਿੱਬਰ, ਚੰਡੀਗੜ੍ਹ
ਹਾਲੀਆ ਲੋਕ ਸਭਾ ਚੋਣਾਂ ਵਿਚ ਆਪ ਦੇ ਉਮੀਦਵਾਰ ਭਗਵੰਤ ਮਾਨ ਨੂੰ ਛੱਡਕੇ ਬਾਕੀ  ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋਣ ਅਤੇ ਵੋਟ ਪ੍ਰਤੀਸ਼ਤ ਘੱਟ ਜਾਣ ਤੋਂ ਬਾਅਦ ਪਾਰਟੀ ਵਲੋਂ “ਟ੍ਰਿਪਲ ਏ” ਫਾਰਮੂਲਾ ਤਹਿਤ ਪਾਰਟੀ ਨੂੰ ਮਜਬੂਤ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਾਰਟੀ ਦੇ ਪ੍ਰਧਾਨ ਅਤੇ ਦੇਸ਼ ਵਿਚੋਂ ਪਾਰਟੀ ਦੇ ਇਕ ਮਾਤਰ ਸਾਂਸਦ ਭਗਵੰਤ ਮਾਨ ਦਿੱਲੀ ਵਿਖੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਦਿੱਲੀ ਗਏ ਹੋਏ ਹਨ। ਇਸ ਕਰਕੇ ਪਾਰਟੀ ਵਲੋਂ ਆਉਂਦੇ ਦਿਨਾਂ ਵਿਚ ਕੋਰ ਕਮੇਟੀ ਦੀ ਮੀਟਿੰਗ ਕਰਕੇ ਜਿਥੇ ਹਾਰ ਦੇ ਕਾਰਨ ਲੱਭੇ ਜਾਣਗੇ, ਉਥੇ ਪਾਰਟੀ ਦੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿਚ ਉਮੀਦਵਾਰਾਂ ਨੂੰ ਉਨ੍ਹਾਂ ਦੇ ਹਲਕੇ ਵਿਚ ਆਈਆਂ ਮੁਸ਼ਕਲਾਂ ਅਤੇ ਲੋਕਾਂ ਵਲੋਂ ਸਹਿਯੋਗ ਨਾ ਦੇਣ ਦੇ ਕਾਰਨ 'ਤੇ ਖੁੱਲ੍ਹ ਕੇ ਚਰਚਾ ਕੀਤੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਜਿਹੜੇ ਅਹੁੱਦੇਦਾਰਾਂ, ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨਾਂ ਨੇ ਪਾਰਟੀ ਲਈ ਕੰਮ ਨਹੀਂ ਕੀਤਾ ਉਨ੍ਹਾਂ ਦੀ ਛੁੱਟੀ ਕੀਤੀ ਜਾ ਸਕਦੀ ਹੈ।
ਸੂਤਰ ਦੱਸਦੇ ਹਨ ਕਿ ਦੋ ਸਾਲਾਂ ਦੇ ਅੰਦਰ ਵੋਟ ਪ੍ਰਤੀਸ਼ਤ ਘੱਟ ਜਾਣ ਤੋਂ ਪਾਰਟੀ ਲੀਡਰਸ਼ਿਪ ਕਾਫੀ ਚਿੰਤਤ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਵੀਹ ਵਿਧਾਇਕਾਂ ਨੂੰ ਜਿੱਤ ਹਾਸਲ ਹੋਈ ਸੀ ਅਤੇ ਪਾਰਟੀ ਦਾ ਵੋਟ ਪ੍ਰਤੀਸ਼ਤ 23.7 ਫੀਸਦੀ ਸੀ, ਪਰ ਇਨ੍ਹਾਂ ਚੋਣਾਂ ਵਿਚ ਵੋਟ ਪ੍ਰਤੀਸ਼ਤ ਘੱਟਕੇ 7.38 ਫੀਸਦੀ ਰਹਿ ਗਿਆ ਹੈ। ਜਿਥੇ 2014 ਵਿਚ ਪਾਰਟੀ ਦੇ ਚਾਰ ਸਾਂਸਦ ਚੁਣੇ ਗਏ ਸਨ, ਉਥੇ ਇਨ੍ਹਾਂ ਚੋਣਾਂ ਵਿਚ ਪਾਰਟੀ ਦੇ ਪੱਲੇ ਇਕ ਸੀਟ ਪਈ ਹੈ। ਸੂਤਰ ਦੱਸਦੇ ਹਨ ਕਿ ਹੁਣ ਪਾਰਟੀ ਵਲੋਂ ਟ੍ਰਿਪਲ ਏ, ਯਾਨੀ ਆਮ ਆਦਮੀ ਆਰਮੀ ਫਾਰਮੂਲੇ 'ਤੇ ਕੰਮ ਕੀਤਾ ਜਾਵੇਗਾ। ਪਾਰਟੀ ਵਲੋਂ ਪਿੰਡ ਪੱਧਰ ਤੋਂ ਵਰਕਰਾਂ ਨੂੰ ਨਾਲ ਜੋੜਨ ਲਈ ਆਮ ਆਦਮੀ ਆਰਮੀ ਤਹਿਤ ਭਰਤੀ ਕੀਤੀ ਜਾਵੇਗੀ ਤੇ ਵੱਧ ਤੋਂ ਵੱਧ ਮੈਂਬਰਸ਼ਿਪ ਕਰਕੇ ਨਿਚਲੇ ਪੱਧਰ ਤੋਂ ਪਾਰਟੀ ਦੇ ਜਥੇਬੰਦਕ ਢਾਂਚਾ ਬਣਾਇਆ ਜਾਵੇਗਾ। ਇਸੀ ਤਰ੍ਹਾਂ ਪਾਰਟੀ ਨੇ ਆਉਣ ਵਾਲੇ ਦਿਨਾਂ ਵਿਚ ਬਿਜਲੀ ਦੀਆਂ ਵਧੀਆਂ ਦਰਾਂ ਨੂੰ ਲੈ ਕੇ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕਰਨ ਦੀ ਯੋਜਨਾਂ ਬਣਾਈ ਗਈ ਹੈ।
ਚੋਣਾਂ ਹਾਰ ਜਾਣ ਤੋਂ ਬਾਅਦ ਪਾਰਟੀ ਲੀਡਰਸ਼ਿਪ ਸਦਮੇ ਵਿਚੋਂ ਬਾਹਰ ਨਹੀਂ ਆ ਸਕੀ। ਅਜੇ ਤੱਕ ਕੋਰ ਕਮੇਟੀ ਦੀ ਮੀਟਿੰਗ ਤੱਕ ਨਹੀਂ ਕੀਤੀ ਜਾ ਸਕੀ। ਪਰ, ਪਾਰਟੀ ਦੇ ਬੁਲਾਰੇ ਨੇ ਭਗਵੰਤ ਮਾਨ ਵਲੋਂ ਸ਼ਹੀਦੇ ਏ ਆਜਮ ਭਗਤ ਸਿੰਘ ਦੇ ਪਿੰਡ ਖਟਕੜਕਲ੍ਹਾਂ ਵਿਖੇ ਸਰਧਾਂਜਲੀ ਦੇਣ ਵਾਲੇ ਦਿਨ 24 ਮਈ ਨੂੰ ਗੜਸ਼ੰਕਰ ਵਿਖੇ ਕੋਰ ਕਮੇਟੀ ਦੀ ਮੀਟਿੰਗ ਹੋਣ ਦਾ ਦਾਅਵਾ ਕੀਤਾ ਹੈ। ਪਰ, ਸੂਤਰ ਦੱਸਦੇ ਹਨ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਵਲੋਂ ਅਜੇ ਮੀਟਿੰਗ ਕਰਨ ਲਈ ਸਮਾਂ ਨਹੀਂ ਦਿੱਤਾ ਗਿਆ। ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਦਾ ਕਹਿਣਾ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਜ਼ਲਦ ਕੀਤੀ ਜਾਵੇਗੀ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਪਾਰਟੀ  ਪ੍ਰਧਾਨ ਦਾ ਕੋਰ ਕਮੇਟੀ ਵਿਚ ਹੋਣਾ ਜਰੂਰੀ ਹੈ। ਇਸ ਤਰ੍ਹਾਂ ਪਾਰਟੀ ਪ੍ਰਧਾਨ ਦੀ ਸਲਾਹ ਨਾਲ ਜਲਦ ਹੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ।

ਜਨਰਲ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਮਿਲੇਗਾ 10 ਫੀਸਦੀ ਰਾਖਵਾਂਕਰਨ




--ਅੱਠ ਲੱਖ ਰੁਪਏ ਦੀ ਸਾਲਾਨਾ ਆਮਦਨ ਤੋਂ ਘੱਟ ਵਾਲੇ ਪਰਿਵਾਰਾਂ ਨੂੰ ਮਿਲੇਗਾ ਲਾਭ 
--ਪੰਜ ਏਕੜ ਤੋਂ ਵੱਧ ਜ਼ਮੀਨ ਦੇ ਮਾਲਕਾਂ ਨੂੰ ਨਹੀਂ ਮਿਲੇਗਾ ਲਾਭ

ਜੈ ਸਿੰਘ ਛਿੱਬਰ, ਚੰਡੀਗੜ੍ਹ :
ਪਿਛਲੇ ਲੰਬੇ ਸਮੇਂ ਤੋਂ ਆਰਥਿਕ ਆਧਾਰ 'ਤੇ ਰਾਖਵਾਂਕਰਨ ਦੇਣ ਦੀ ਮੰਗ ਕਰਦੇ ਆ ਰਹੇ ਜਨਰਲ ਸਮਾਜ ਨੂੰ 10 ਨੌਕਰੀਆਂ ਵਿਚ ਦਸ ਫ਼ੀਸਦੀ ਰਾਖਵਾਂਕਰਨ ਦੇਣ ਬਾਰੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰਨ ਨਾਲ ਹੁਣ ਜਨਰਲ ਵਰਗ ਦੇ ਆਰਥਿਕ ਤੌਰ 'ਤੇ ਗਰੀਬ ਲੋਕਾਂ ਨੂੰ ਕੇਂਦਰ ਸਰਕਾਰ ਦੇ ਵਿਭਾਗਾਂ ਦੇ ਨਾਲ ਨਾਲ ਪੰਜਾਬ ਸਰਕਾਰ,ਬੋਰਡਾਂ, ਕਾਰਪੋਰੇਸ਼ਨਾਂ ਵਿਚ ਨੌਕਰੀ ਲੈਣ ਲਈ ਰਾਖਵਾਂਕਰਨ ਦਾ ਲਾਭ ਮਿਲੇਗਾ।
ਸਮਾਜਿਕ ਨਿਆਂ ਤੇ ਘੱਟ ਗਿਣਤੀ ਸਸ਼ਕਤੀਕਰਨ ਵਿਭਾਗ ਦੇ (ਰਿਜਰਵੇਸ਼ਨ ਸੈਲ) ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਕਾਪੀ ਵੱਖ ਵੱਖ ਵਿਭਾਗਾਂ ਦੇ ਮੁਖੀਆਂ, ਬੋਰਡਾਂ, ਕਾਰਪੋਰੇਸ਼ਨਾਂ ਦੇ ਮੁਖੀਆ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ, ਅਨੁਸੂਚਿਤ ਜਾਤੀ ਤੇ ਪਿਛੜੀ ਸ਼੍ਰੇਣੀ ਕਮਿਸ਼ਨ ਨੁੰ ਭੇਜੀ ਗਈ ਹੈ। ਨੋਟੀਫਿਕੇਸ਼ਨ ਵਿਚ ਸਪਸ਼ਟ ਕੀਤਾ ਹੈ ਕਿ ਜਨਰਲ ਵਰਗ ਦੇ ਜਿਹੜੇ ਪਰਿਵਾਰਾਂ ਨੂੰ ਹੁਣ ਤੱਕ ਕੋਈ ਲਾਭ ਨਹੀਂ ਮਿਲਿਆ ਅਤੇ ਜਿਸ ਪਰਿਵਾਰ ਦੀ ਸਾਲਾਨਾ ਆਮਦਨ ਅੱਠ ਲੱਖ ਰੁਪਏ ਤੱਕ ਹੈ, ਉਸਨੂੰ ਰਾਖਵਾਂਕਰਨ ਸਕੀਮ ਦਾ ਲਾਭ ਮਿਲੇਗਾ। ਨੋਟੀਫਿਕੇਸ਼ਨ ਅਨੁਸਾਰ ਰਾਖਵਾਂਕਰਨ ਦਾ ਲਾਭ ਲੈਣ ਵਾਲੇ ਪਰਿਵਾਰ ਵਿਚ ਪਤੀ,ਪਤਨੀ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਲਾਭ ਲੈਣ ਵਾਲਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਲਾਭ ਲੈਣ ਵਾਲਿਆਂ ਦੀ ਸਾਰੇ ਵਸੀਲਿਆਂ ਤੋਂ ਆਮਦਨ ਅੱਠ ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਬਾਕਸ--
ਇਨ੍ਹਾਂ ਨੂੰ ਨਹੀਂ ਮਿਲੇਗਾ ਲਾਭ---
ਨੋਟੀਫਿਕੇਸ਼ਨ ਵਿਚ ਸਪਸ਼ਟ ਕੀਤਾ ਹੈ ਕਿ ਜਿਹੜੇ ਪਰਿਵਾਰ ਦੇ ਕੋਲ੍ਹ ਪੰਜ ਏਕੜ ਜਾਂ ਇਸਤੋਂ ਵੱਧ ਜ਼ਮੀਨ, ਇਕ ਹਜ਼ਾਰ ਵਰਗ ਫੁੱਟ ਵਿਚ ਘਰ, ਨਿਗਮ ਦੇ ਖੇਤਰ ਵਿਚ ਦੋ ਸੋ ਗਜ਼ ਦਾ ਪਲਾਟ ਅਤੇ ਸ਼ਹਿਰੀ ਖ਼ੇਤਰ ਵਿਚ 100 ਗਜ਼ ਜਾ ਇਸਤੋਂ ਵੱਧ ਦਾ ਪਲਾਟ ਹੋਵੇਗਾ, ਨੂੰ ਰਾਖਵਾਂਕਰਨ ਦਾ ਲਾਭ ਨਹੀਂ ਮਿਲੇਗਾ।

Thursday, 23 May 2019

...ਸ਼ੈਰੀ ਦੇਖੀ ਕਿਤੇ ....

...ਸ਼ੈਰੀ ਦੇਖੀ ਕਿਤੇ .... 

ਸ਼ੈਰੀ ਦੇਖੀ ਕਿਤੇ ਫਿਰ ਭਾਵਨਾ ਦੇ ਵਹਿਣ 'ਚ ਨਾ ਵਹਿ ਜਾਈਂ .....ਠੀਕ ਐ ਤੂੰ ਸੱਚ ਬੋਲਦਾ, ਸੱਚ ਬੋਲਿਆ ਭਾਂਬੜ ਤਾਂ ਮੱਚਣਾ ਈ ਐ..ਕੋਈ ਗੱਲ ਨਹੀਂ, ਬੋਲੀ ਚੱਲ, ਦੱਬੀ ਚੱਲ। ਠੀਕ ਐ ਤੂੰ ਹਰ ਕੰਮ ਦਿਲੋ ਕਰਦਾ ...ਪਰ ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿਆਸਤ ਦਿਲ ਅਤੇ ਭਾਵਨਾਵਾਂ ਨਾਲ ਨਹੀਂ ਚੱਲਣੀ...ਏਥੇ ਤਾਂ ਲੋਹੇ ਨੂੰ ਲੋਹਾ ਕੱਟਦਾ ਵਾਲੀ ਕਹਾਵਤ ਮੁਤਾਬਿਕ ਉਨ੍ਹਾਂ ਵਰਗਾ ਹੋਣਾ ਪੈਣਾ...ਮੇਰਾ ਮਤਲਬ ਇਹ ਨਹੀਂ ਕਿ ਦੂਜਿਆਂ ਵਾਂਗ ਰੇਤ ਦੀਆਂ ਖੱਡਾ ਵਿਚ ਮੂੰਹ ਮਾਰਨਾ ਸ਼ੁਰੂ ਕਰਦੇ ...ਸ਼ਰਾਬ ਦਾ ਕਾਰੋਬਾਲ ਸ਼ੰਭਾਲ ਲੈ ਜਾਂ ਫਿਰ ਜੇਬ ਗਰਮ ਕਰਨੀ ਸ਼ੁਰੂ ਕਰ ਦੇ..ਨਾ ਬਾਬਾ ਨਾ ਅਜਿਹਾ ਕੰਮ ਨਹੀਂ ਕਰਨਾ ..ਤੂੰ ਕਰਨਾ ਵੀ ਨਹੀਂ ਹੈ ...ਲੋਕਾਂ ਨੂੰ ਤੇਰੋ 'ਤੇ ਵੱਡੀਆਂ ਉਮੀਦਾਂ ਨੇ ...ਚਮਚੀਂ ਮਾਰਨ ਲਈ ਜੇਹੜਾ ਮਰਜ਼ੀ ਕਿਸੇ ਨੂੰ ਹੀਰੋ ਜਾਂ ਜੀਰੋ ਕਹੀ ਜਾਵੈ ਪਰ ਤੂੰ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ.ਤੂੰ ਲੋਕਾਂ ਦਾ ਹੀਰੋ ਐ...ਲੋਕਾਂ ਨੂੰ ਤੇਰੋ ਤੋਂ ਬਹੁਤ ਉਮੀਦਾਂ ਨੇ..ਇਸ ਕਰਕੇ ਫਿਰ ਭਾਵਨਾਵਾਂ ਦੀ ਕਿਸ਼ਤੀ 'ਚ ਸਫ਼ਰ ਕਰਦਿਆਂ ਕਿਤੇ ਸਮੁੰਦਰ 'ਚ ਛਾਲ ਨਾ ਮਾਰ ਦੇਈਂ  ....ਗੱਲ ਤੂੰ ਸਿੱਧੀ ਅਗਲਿਆਂ ਦੇ ਦਿਲ ਵਿਚ ਠਾਹ ਕਰਕੇ ਮਾਰੀ ਕਿ ਇਹ ਰਲੇ ਹੋਏ ਨੇ...ਇਹ ਤਾਂ ਸਾਰੀ ਦੁਨੀਆਂ ਕਹਿੰਦੀ ਹੈ...ਭਲਿਆ ਲੋਕਾਂ ਤੈਨੂੰ ਵੋਟਾਂ ਤੋਂ ਐਨ ਪਹਿਲਾਂ ਕਹਿਣ ਦੀ ਕਿਆ ਲੋੜ ਸੀ...ਤੂੰ ਗੁਰਦਾਸਪੁਰ ਵਿਚ ਨੰਗੇ ਪੈਰ ਚੱਲਣ ....ਗੁਰੂ ਸਾਹਿਬ ਦੀ ਬੇਅਦਬੀ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ 'ਤੇ ਸਿਆਸਤ ਛੱਡਣ ਦੀ ਗੱਲ ਕਰ ਦਿੱਤੀ...ਭਲਿਆ ਲੋਕਾਂ ਸਿਆਸਤ ਛੱਡਣ ਦੀ ਗੱਲ ਤਾਂ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲਿਆਂ ਨੇ ਨਹੀਂ ਕੀਤੀ...ਤੂੰ ਕਿਉਂ ਕਰੀਂ ਜਾਂਦਾ ..ਪਹਿਲਾਂ ਤੂੰ ਵਿਧਾਨ ਸਭਾ ਵਿਚ ਝੋਲੀ ਅੱਡ ਲਈ ਅਗਲਿਆਂ ਨੇ ਉਦੋਂ ਨੀਂ ਤੇਰੀ ਸੁਣੀ ..ਹੁਣ ਤੂੰ ਫਿਰ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣ 'ਤੇ ਸਿਆਸਤ ਛੱਡਣ ਦੀ ਗੱਲ ਕਰ ਰਿਹਾ ..ਅਮੇਠੀ ਵਿਚ ਰਾਹੁਲ ਗਾਂਧੀ ਦੀ ਹਾਰ 'ਤੇ ਸਿਆਸਤ ਛੱਡਣ ਵਾਲਾ ਤੇਰਾ ਬਿਆਨ ਅਗਲਿਆ ਨੇ ਵਾਇਰਲ ਕਰ ਦਿੱਤਾ..ਅਜੇ ਹੋਰ ਹੋਣਾ ...ਖ਼ਬਰਾਂ ਲੱਗਣੀਆਂ ਤੇ ਲਗਵਾਈਆਂ ਵੀ ਜਾਣਗੀਆਂ....ਪਰ ਤੂੰ ਅਜਿਹਾ ਫੈਸਲਾ ਨਾ ਲੈ ਲਈ ਕਿਤੇ ਆਪਣਾ ਤੇ ਆਪਣੇ  ਚਹੇਤਿਆਂ ਦਾ ਨੁਕਸਾਨ ਕਰ ਲਵੇਂ...ਅਗਲੇ ਚਾਹੁੰਦੇ ਨੇ..ਤੈਨੂੰ ਪ੍ਰਵੋਕ ਵੀ ਕਰ ਰਹੇ ਨੇ ਕਿ ਗੁੱਸੇ 'ਚ ਆਕੇ ਅਸਤੀਫ਼ਾ ਦੇ ਦੇਵੇ.. 
ਪਰ ਮੇਰੀ ਇਕ ਸਲਾਹ ਏ..ਵੈਸੇ ਮੰਨਦਾ ਤਾਂ ਤੂੰ ਹੈ ਨਹੀਂ ..ਸਰਤਾਜ਼ ਵੀ ਕਹਿੰਦਾ ਕਿ “ਬਿਨ੍ਹਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ ” ਫਿਰ ਵੀ ਤੂੰ ਸੱਚਾ ਬੰਦਾ, ਪੰਜਾਬ ਦਾ ਭਲਾ ਚਾਹੁੰਦਾ ਇਸ ਕਰਕੇ ਮੈਥੋ ਵੀ ਰਿਹਾ ਨਹੀਂ ਜਾਂਦਾ...ਕਹਾਵਤ ਹੈ ਕਿ “ਪਹਿਲਾਂ ਤੋਲੋ ਫਿਰ ਬੋਲੋ” ਇਸ ਲਈ ਤੱਤਾ ਤੇ ਕਾਹਲੀ 'ਚ ਬੋਲਣਾ ਬੰਦ ਕਰ...ਆਪਣਿਆਂ ਬੇਗਾਨਿਆਂ ਦੀ ਪਹਿਚਾਣ ਕਰ...ਸਿਆਸਤ ੱਿਵਚ ਭਾਵਨਾਵਾਂ ਤੇ ਬੜਬੋਲਾ ਪਣ ਨਾਲ ਕੰਮ ਨਹੀਂ ਚੱਲਣਾ...ਆਪਣੀ ਜੁਬਾਨ ਨੂੰ ਥੋੜਾ ਕਾਬੂ ਰੱਖਿਆ ਕਰ.. ...ਤੁਹਾਡਾ ਪਰਮ ਮਿੱਤਰ ਜਿਹਨੂੰ ਤੁਸੀਂ ਕਲਾ ਪ੍ਰੀਸਦ ਦਾ ਚੇਅਰਮੈਨ ਲਗਾਇਆ ਉਹ ਵੀ ਕਹਿੰਦਾ “ ਐਨਾਂ ਸੱਚ ਨਾ ਬੋਲ ਕਿ ਕੱਲ੍ਹਾ ਕਿਤੇ ਰਹਿ ਜਾਵੈ ”. ਇਸ ਲਈ ਕੁੱਝ ਮਿੱਤਰਾਂ ਸੱਜਣਾਂ ਦੀ ਪਹਿਚਾਣ ਕਰ..ਕੁੱਝ ਕੁ ਦੀ ਸਲਾਹ ਮੰਨ ਲਿਆ ਕਰ...ਤੁਸੀਂ ਥੋੜਾ ਆਪਣੇ ਵਿਭਾਗ ਕਿੰਨੀ ਧਿਆਨ ਦਿਓ ..ਦੋ ਵਿਭਾਗਾਂ ਰਾਹੀਂ ਤੁਸੀਂ ਬਹੁਤ ਕੁੱਝ ਕਰ ਸਕਦੇ ਹੋ...ਅਜਿਹਾ ਕਰ ਸਕਦੇ ਹੋ ਕਿ ਲੋਕ ਯਾਦ ਰੱਖਣਗੇ..ਪੰਜਾਬੀਆਂ ਲਈ ਰੋਲ ਮਾਡਲ ਬਣ ਸਕਦੇ ਹੋ...ਟੂਰਿਜਮ ਵਿਭਾਗ ਤਾਂ ਕੁੱਝ ਹੱਦ ਤੱਕ ਠੀਕ ਐ ..ਪਰ ਥੌਡਾ ਲੋਕਲ ਬਾਡੀ ਵਾਲੇ ਵਿਭਾਗ ਦੀ ਬਹੁਤ ਸਫਾਈ ਹੋਣ ਵਾਲੀ ਐ...ਗੰਦ ਸ਼ਹਿਰਾਂ, ਪਿੰਡਾਂ ਵਿਚ ਹੀ ਨਹੀਂ ਪਿਆ ਹੋਇਆ..ਥੌਡੇ ਹੈਡਕੁਆਟਰ ਦੀਆਂ ਕਈ ਬਰਾਂਚਾ ਦਾ ਗੰਦ ਸਾਫ ਕਰਨ ਵਾਲਾ...ਕਈਆਂ ਦੀ ਤਾਂ ਸਿੱਧੀ ਸੈਟਿੰਗ ਹੈ...ਕਈ ਸੁਪਰਡੈਂਟ ਤਾਂ ਬਹੁਤੇ ਪਤੰਦਰ ਨੇ ...ਬੱਜਵਾਂ ਮਹੀਨਾਂ ਲੈਂਦੇ...ਇਨਕੁਆਰੀਆਂ, ਚਾਰਜ਼ਸੀਟਾਂ ਦੀਆਂ ਫਾਈਲਾਂ ਦੱਬੀ ਬੈਠੇ ਨੇ...ਜਿਹੜੇ ਕਲਰਕਾਂ, ਈ.ਓ ਨੂੰ ਸਾਲ ਸਾਲ ਤੋਂ ਚਾਰਜਸੀਟ ਕੀਤਾ ਗਿਆ ਹੈ, ਉਨ੍ਹਾਂ ਦੀਆਂ ਫਾਈਲਾਂ ਕਿਉਂ ਦੱਬੀਆਂ ਪਈਆਂ ਨੇ...ਇਹ ਜਾਂਚ ਕਰੋ..ਕਿਨ੍ਹਾਂ ਖਿਲਾਫ਼ ਸ਼ਿਕਾਇਤਾਂ ਪੈਡਿੰਗ ...ਕਿਨ੍ਹਾਂ ਨੇ ਸਰਕਾਰੀ ਧੰਨ ਖਾਧਾ ..ਉਹ ਵਿਆਜ ਸਮੇਤ ਵਾਪਸ ਸਰਕਾਰੀ ਖਾਤੇ ਵਿਚ ਜਮ੍ਹਾਂ ਕਰਵਾਓ ..ਜੇ  ਤੁਸੀਂ ਅਜਿਹਾ ਕਰ ਗਏ ਤਾਂ ਮਿਸਾਲ ਬਣ ਜਾਣੀ...ਇਸ ਕਰਕੇ ਤੁਸੀਂ ਕਿਸੇ ਤੋਂ ਕੀ ਲੈਣਾ...ਚੁੱਪ ਕਰਕੇ ਆਪਣੇ ਦਫ਼ਤਰ ਵਿਚ ਬੈਠੋ ਅਜਿਹਾ ਕੰਮ ਕਰਦੋ ਕਿ ਦੁਨੀਆਂ ਯਾਦ ਰੱਖੇ...ਟੰਗੋ ਮਾਰ ਮਾਰ ਕਾਂ..ਇਹ ਦੁਨੀਆਂ ਸੱਭ ਜਾਣਦੀ ਐ...ਕੌਣ ਮਿਲਿਆ ਹੋਇਆ ਕੌਣ ਨਹੀਂ ਮਿਲਿਆ ਹੋਇਆ...ਕੀਹਦੇ ਕੰਮ, ਧੰਦੇ ਸਾਂਝੇ ਨੇ ਸਭ ਪਤਾ ਲੋਕਾਂ ਨੂੰ... ਤੁਸੀਂ ਛੱਡੋ ਆਪਣਾ ਕੰਮ ਕਰੋ ਦਿਲ ਜਾਨ ਤੋਂ .... ਖੜਾਕ!

--ਜੈ ਸਿੰਘ ਛਿੱਬਰ
9855452043