Sunday, 3 September 2017

ਗੁਰਦਾਸਪੁਰ ਜ਼ਿਮਨੀ ਚੋਣ -ਕਾਂਗਰਸ ਯੁਵਰਾਜ ਤੇ ਭਾਜਪਾ ਹਰਭਜਨ 'ਤੇ ਪਾ ਰਹੀ ਹੈ ਡੋਰੇ


ਪ੍ਰਤਾਪ ਬਾਜਵਾ ਨੇ ਪਤਨੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਕੀਤਾ ਬੇਟੇ ਲਈ ਦਾਅਵਾ 
ਚੰਡੀਗੜ 21 ਅਗੱਸਤ, ( ਜੈ ਸਿੰਘ ਛਿੱਬਰ) : ਭਾਵੇਂ ਕਿ ਗੁਰਦਾਸਪੁਰ ਜ਼ਿਮਨੀ ਚੋਣ ਬਾਰੇ ਰਸਮੀ ਤੌਰ 'ਤੇ ਕੋਈ ਐਲਾਨ ਨਹੀਂ ਹੋਇਆ। ਪਰ, ਸਿਆਸੀ ਪਾਰਟੀਆਂ ਖਾਸਕਰਕੇ ਭਾਜਪਾ ਤੇ ਕਾਂਗਰਸ ਹਾਈਕਮਾਨ ਨੇ ਯੋਗ ਤੇ ਹਰਮਨ ਪਿਆਰੇ ਉਮੀਦਵਾਰਾਂ ਦੀ ਅੰਦਰਖਾਤੇ ਭਾਲ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਹਾਈਕਮਾਨ ਪਹਿਲਾਂ ਦੀ ਤਰਜ਼ 'ਤੇ ਜ਼ਿਮਨੀ ਚੋਣ ਲਈ ਸੈਲੀਬ੍ਰੇਟੀ ਸਖਸ਼ੀਅਤ ਨੂੰ ਚੋਣ ਮੈਦਾਨ ਵਿੱਚ ਉਤਾਰਨ 'ਤੇ ਵਿਚਾਰ ਕਰ ਰਹੀ ਹੈ। ਇਸੀ ਤਰ•ਾਂ ਕਾਂਗਰਸ ਹਾਈਕਮਾਨ ਖਾਸਕਰਕੇ ਕੈਪਟਨ ਅਮਰਿੰਦਰ ਸਿੰਘ ਲਈ ਇਹ ਸੀਟ ਇੱਜਤ ਦਾ ਸਵਾਲ ਬਣ ਗਈ ਹੈ ਅਤੇ ਕਾਂਗਰਸ ਵੀ ਕਿਸੇ ਵੱਡੇ ਚੇਹਰੇ 'ਤੇ ਦਾਅ ਖੇਡਣਾ ਚਾਹੁੰਦੀ ਹੈ।  
ਸੂਤਰ ਦੱਸਦੇ ਹਨ ਕਿ ਭਾਜਪਾ ਵਲੋਂ ਫਿਰਕੀ ਗੇਂਦਬਾਦ ਹਰਭਜਨ ਸਿੰਘ 'ਤੇ ਡੋਰੇ ਪਾਏ ਜਾ ਰਹੇ ਹਨ। ਹਰਭਜਨ ਸਿੰਘ ਨੇ ਵੀ ਸਿੱਧੇ ਤੌਰ 'ਤੇ ਸਵੀਕਾਰ ਕਰ ਲਿਆ ਹੈ ਕਿ ਉਹਨਾਂ ਕ੍ਰਿਕੇਟ ਤੋਂ ਹਟਕੇ ਨਵੀਂ ਪਾਰੀ ਖੇਡਣ ਦਾ ਮੰਨ ਬਣਾ ਲਿਆ ਹੈ। ਹਾਲਾਂਕਿ ਉਹਨਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਜਾਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਖੁੱਲ• ਕੇ ਬੋਲਣ ਦੀ ਬਜਾਏ ਇਹ ਹੀ ਕਿਹਾ ਹੈ ਕਿ ਜੇਕਰ ਕਿਸੇ ਨੇ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹ ਇਸ ਫੈਸਲੇ 'ਤੇ ਵਿਚਾਰ ਕਰ ਸਕਦੇ ਹਨ। ਪ੍ਰਦੇਸ ਭਾਜਪਾ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਵਲੋਂ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਲਈ ਇੰਚਾਰਜ ਨਿਯੁਕਤ ਕਰ ਦਿੱਤੇ ਹਨ ਤੇ ਬਕਾਇਦਾ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਦਾ ਇਕ ਗੁੱਟ ਸਵਰਗੀ ਫਿਲਮੀ ਸਿਤਾਰੇ ਤੇ ਸਾਂਸਦ ਵਿਨੋਦ ਖੰਨਾਂ ਦੀ ਪਤਨੀ ਕਵਿਤਾ ਖੰਨਾਂ ਨੂੰ ਹਮਦਰਦੀ ਦੀ ਵੋਟ ਲੈਣ ਲਈ ਚੋਣ ਮੈਦਾਨ ਵਿੱਚ ਉਤਾਰਨ ਦੀ ਦਲੀਲ ਦੇ ਰਿਹਾ ਹੈ। ਪਰ ਪਾਰਟੀ ਦੇ ਕਈ ਆਗੂ ਕਵਿਤਾ ਖੰਨਾਂ ਨੂੰ ਉਮੀਦਵਾਰ ਬਨਾਉਮ 'ਤੇ ਵਿਰੋਧ ਕਰ ਰਹੇ ਹਨ ਕਿਉਂਕਿ ਪਿਛਲੀਆਂ ਚੋਣਾਂ ਦੌਰਾਨ ਉਹ ਕੁੱਝ ਹਲਕਿਆਂ, ਪਿੰਡਾਂ 'ਚ ਪਾਰਟੀਆਂ ਵਰਕਰਾਂ, ਲੋਕਾਂ ਨਾਲ ਸਖਤੀ ਨਾਲ ਪੇਸ਼ ਆਏ ਸਨ। ਜਿਸਕਰਕੇ ਸਥਾਨਕ ਆਗੂ ਕਵਿਤਾ ਦਾ ਵਿਰੋਧ ਕਰ ਰਹੇ ਹਨ ਕਿ ਲੋਕਲ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਸੈਲੀਬ੍ਰੇਟੀ ਜਿੱਤਣ ਤੋਂ ਬਾਅਦ ਹਲਕੇ ਵਿੱਚ ਨਹੀਂ ਆਉੰਦਾ। ਇਸੀ ਤਰਾਂ ਸਵਰਨ ਸਲਾਰੀਆਂ ਵੀ ਟਿਕਟ ਲੈਣ ਲਈ ਜੋੜਤੋੜ ਕਰ ਰਿਹਾ ਹੈ। ਸਲਾਰੀਆਂ ਬਾਰੇ ਦੱਸਿਆਂ ਜਾਂਦਾ ਹੈ ਕਿ ਉਸਦੇ ਮੁੰਬਈ ਵਿੱਚ ਵੱਡਾ ਕਾਰੋਬਾਰ ਹੈ। ਸਥਾਨਕ ਭਾਜਪਾ ਆਗੂ ਸਵਰਨ ਸਲਾਰੀਆਂ ਨੂੰ ਟਿਕਟ ਦਿਵਾਉਣ ਦੇ ਇਛੁੱਕ ਹਨ ਕਿਉਂਕਿ ਉਹ ਵੱਡੀ ਰਕਮ ਖਰਚਣ ਦਾ ਦਮ ਰੱਖਦੇ ਹਨ। 
ਦੂਜੇ ਪਾਸੇ ਕਾਂਗਰਸ ਵਲੋਂ ਭਾਰਤੀ ਬੱਲੇਬਾਜ ਯੁਵਰਾਜ 'ਤੇ ਦਾਅ ਖੇਡਣ ਦੀਆਂ ਕਨਸੋਆ ਮਿਲ ਰਹੀਆਂ ਹਨ। ਸੂਤਰ ਦੱਸਦੇ ਹਨ ਕਿ 2019 ਦੀਆਂ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਜ਼ਿਮਨੀ ਚੋਣ ਜਿੱਤ ਕੇ ਜੈਤੂ ਸ਼ੁਰੂਆਤ ਦਾ ਸੁਨੇਹਾ ਦੇਣਾ ਚਾਹੁੰਦੀ ਹੈ। ਕਾਂਗਰਸ ਲਈ ਜਿੱਤਣਾ ਇਸ ਲਈ ਵੀ ਇੱਜਤ ਦਾ ਸਵਾਲ ਹੈ ਕਿ ਫਰਵਰੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਨੂੰ ਚੰਗੀ ਲੀਡ ਮਿਲੀ ਹੈ। 
ਹਾਲਾਂਕਿ ਇਸ ਸੀਟ 'ਤੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਦਾਅਵਾ ਠੋਕਦਿਆਂ ਪਤਨੀ ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ ਨੂੰ ਟਿਕਟ ਦੇਣ ਲਈ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਵੀ ਲਿਖੀ ਹੈ। ਪਰ, ਪਾਰਟੀ ਦੇ ਗੁਰਦਾਸਪੁਰ ਨਾਲ ਸਬੰਧਿਤ ਵਿਧਾਇਕਾਂ ਵਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਸ੍ਰ ਬਾਜਵਾ ਦਾ ਪੈਂਡੂ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਸੁਖ ਸਰਕਾਰੀਆ, ਬਰਿੰਦਰਜੀਤ ਸਿੰਘ ਪਾਹੜਾ ਨਾਲ ਛੱਤੀ ਦਾ ਅੰਕੜਾ ਚੱਲ ਰਿਹਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਤਾਂ ਇਥੋ ਤੱਕ ਕਹਿ ਦਿੱਤਾ  ਹੈ ਕਿ ਜੇਕਰ ਪ੍ਰਤਾਪ ਸਿੰਘ ਅਪਣੀ ਪਤਨੀ ਲਈ ਟਿਕਟ ਮੰਗ ਸਕਦਾ ਹੈ ਤਾਂ ਉਹ ਵੀ ਆਪਣੇ ਬੇਟੇ ਦਮਨਪ੍ਰੀਤ ਸਿੰਘ ਬਾਜਵਾ ਉਰਫ ਦੀਪੂ ਬਾਜਵਾ ਲਈ ਟਿਕਟ ਦਾ ਦਾਅਵਾ ਕਰਦੇ ਹਨ। ਪੰਚਾਇਤ ਮੰਤਰੀ ਨੇ  ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਹਲਕੇ ਕਾਦੀਆਂ, ਧਾਰੀਵਾਲ ਤੇ ਗੁਰਦਾਸਪੁਰ ਸ਼ਹਿਰ 'ਚ ਜਾ ਕੇ ਵੋਟਰਾਂ, ਕਾਂਗਰਸੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਦੀਪੂ ਬਾਜਵਾ ਵਿੱਚੋ ਜ਼ਿਆਦਾ ਲੋਕ ਕਿਸਨੂੰ ਚਾਹੁੰਦੇ ਹਨ। ਸੂਤਰ ਦੱਸਦੇ ਹਨ ਕਿ ਕਾਂਗਰਸ ਦਾ ਕਾਟੋ ਕਲੇਸ਼ ਖਤਮ ਕਰਨ ਤੇ ਜਿੱਤ ਯਕੀਨੀ ਬਨਾਉਣ ਲਈ ਕਾਂਗਰਸ ਵਲੋਂ ਬੱਲੇਬਾਜ਼ ਯੁਵਰਾਜ 'ਤੇ ਡੋਰੇ ਪਾਏ ਜਾ ਰਹੇ ਹਨ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਫਿਰਕੀ ਗੇਂਦਬਾਜ ਤੇ ਬੱਲੇਬਾਜ ਵਿਚੋਂ ਕਿਹੜਾ “ਟਿਕਟ ਵਾਲਾ ਮੈਚ” ਜਿੱਤਣ 'ਚ ਕਾਮਯਾਬ ਹੁੰਦਾ ਹੈ। 

No comments:

Post a Comment