Wednesday, 19 June 2019

ਅਯੋਗ ਪੈਨਸ਼ਨਧਾਰਕਾਂ 'ਤੇ ਕੈਪਟਨ ਸਰਕਾਰ ਮਿਹਰਵਾਨ !


 

---19,87,196 ਪੈਨਸ਼ਨਧਾਰਕਾਂ ਦੀ ਕਰਵਾਈ ਸੀ ਵੈਰੀਫਿਕੇਸ਼ਨ
---1624269 ਪੈਨਸ਼ਨਧਾਰਕ ਪਾਏ ਗਏ ਸਨ ਯੋਗ

ਜੈ ਸਿੰਘ ਛਿੱਬਰ,
 ਚੰਡੀਗੜ੍ਹ : ਅਕਾਲੀ ਭਾਜਪਾ ਗਠਜੋੜ ਸਰਕਾਰ ਦੌਰਾਨ ਗਲਤ ਢੰਗ ਨਾਲ ਪੈਨਸ਼ਨ ਲੈ ਕੇ ਸਰਕਾਰੀ ਖ਼ਜ਼ਾਨੇ ਨੂੰ ਕਰੋੜਾ ਰੁਪਏ ਦਾ ਚੂਨਾ ਲਗਾਉਣ ਵਾਲਿਆਂ 'ਤੇ ਕੈਪਟਨ ਸਰਕਾਰ ਮਿਹਰਵਾਨ ਹੁੰਦੀ ਨਜ਼ਰ ਆ ਰਹੀ ਹੈ। ਆਲਾ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਮਾਜਿਕ ਸੁਰੱਖਿਆ ਅਧੀਨ ਗਲਤ ਪੈਨਸ਼ਨ ਲੈਣ ਵਾਲੇ ਇਨ੍ਹਾਂ ਪੈਨਸ਼ਨਧਾਰਕਾਂ ਤੋਂ ਜਿਥੇ ਰਿਕਵਰੀ ਕਰਨਾ ਬਹੁਤ ਔਖਾ ਕਾਰਜ਼ ਹੈ, ਇਸੀ ਤਰ੍ਹਾਂ ਰਿਕਵਰੀ ਕਰਨ 'ਤੇ ਸਰਕਾਰ ਦਾ ਲੱਖਾਂ ਰੁਪਏ ਹੋਰ ਖਰਚ ਆ ਸਕਦੇ ਹਨ।
ਜਾਣਕਾਰੀ ਅਨੁਸਾਰ ਸਾਲ 2017 ਵਿਚ ਸਮਾਜਿਕ ਸੁਰੱਖਿਆ ਵਿਭਾਗ ਦੁਆਰਾ ਵੱਖ ਵੱਖ ਕੈਟਾਗਰੀ ਤਹਿਤ 19,87,196 ਲੱਖ ਪੈਨਸ਼ਨਧਾਰਕਾਂ ਨੂੰ 500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਜਾਂਦੀ ਸੀ। ਸੂਬੇ ਵਿਚ ਸੱਤਾ ਪਰਿਵਰਤਨ ਤੋਂ ਬਾਅਦ ਕੈਪਟਨ ਸਰਕਾਰ ਨੇ ਗਲਤ ਢੰਗ ਨਾਲ  ਪੈਨਸ਼ਨ ਲੈਣ ਵਾਲਿਆਂ ਦੀ ਜਾਂਚ ਪੜਤਾਲ, ਸਰਵੈ ਕਰਵਾਇਆ ਤਾਂ ਵੈਰੀਫਿਕੇਸ਼ਨ ਉਪਰੰਤ 1624269 ਲੱਖ ਪੈਨਸ਼ਨ ਧਾਰਕ ਯੋਗ ਪਾਏ ਗਏ। ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਵਿਚ 51328 ਘੱਟ ਉਮਰ ਵਾਲੇ, 9839 ਵੱਧ ਆਮਦਨ ਵਾਲੇ, 32354 ਵੱਧ ਜ਼ਮੀਨ ਵਾਲੇ, 96525 ਗਲਤ ਪਤਾ ਤੇ 99953 ਗੈਰਹਾਜ਼ਰ ਹੋਣ ਕਾਰਨ ਅਤੇ 72928 ਮੌਤ ਹੋਣ ਕਾਰਨ ਅਯੋਗ ਪਾਏ ਗਏ ਸਨ। ਯਾਨੀ ਉਕਤ ਵਿਅਕਤੀ ਗਲਤ ਢੰਗ ਨਾਲ ਪੈਨਸ਼ਨ ਵਸੂਲਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਂਦੇ ਰਹੇ ਹਨ।
ਸੂਤਰ ਦੱਸਦੇ ਹਨ ਕਿ ਇਕ ਵਾਰ ਸਰਕਾਰ ਨੇ ਰਿਕਵਰੀ ਕਰਨ ਦਾ ਫੈਸਲਾ ਕੀਤਾ ਤਾਂ ਮਿਊੰਸਪਲ ਚੋਣਾਂ ਹੋਣ ਕਰਕੇ ਸਰਕਾਰ ਨੇ ਚੁੱਪੀ ਸਾਧ ਲਈ ਸੀ। ਕਈ ਸਿਆਸਤਦਾਨਾਂ ਨੇ ਤਰਕ ਦਿੱਤਾ ਕਿ ਤਿੰਨ ਲੱਖ ਦੇ ਕਰੀਬ ਲੋਕਾਂ ਤੋਂ ਰਿਕਵਰੀ ਕਰਨਾ ਸੌਖਾ ਕੰਮ ਨਹੀਂ ਹੈ, ਇਸ ਨਾਲ ਕਾਂਗਰਸ ਪਾਰਟੀ ਨੂੰ ਆਉਂਦੀਆਂ ਚੋਣਾਂ ਵਿਚ ਨੁਕਸਾਨ ਹੋ ਸਕਦਾ ਹੈ।
ਦਿਲਚਸਪ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੋ ਸਾਲਾਂ ਦੇ ਵਕਫ਼ੇ ਦੌਰਾਨ  ਪੈਨਸ਼ਨ ਧਾਰਕਾਂ ਦੀ ਗਿਣਤੀ 22, 61,645 ( 01 ਅਪ੍ਰੈਲ 2019) ਲੱਖ 'ਤੇ ਪਹੁੰਚ ਗਈ ਹੈ। ਯਾਨੀ ਦੋ ਸਾਲਾਂ ਦੌਰਾਨ ਛੇ ਲੱਖ ਦੇ ਕਰੀਬ ਪੈਨਸ਼ਨਧਾਰਕ ਵੱਧ ਗਏ ਹਨ, ਜੋ ਕਿ ਸਰਕਾਰ ਲਈ ਚਿੰਤਾਂ ਵਾਲੀ ਗੱਲ ਹੈ। ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਵੈਰੀਫਾਈ ਕਰਨ ਤੋਂ ਬਾਅਦ 79,799 ਲਾਭਪਾਤਰੀ ਮੁੜ ਯੋਗ ਪਾਏ ਗਏ ਸਨ, ਜਿਨ੍ਹਾਂ ਦੀ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਬਣਾਈ ਕਮੇਟੀ ਨੇ ਮੁੜ ਤੋਂ ਪੈਨਸ਼ਨ ਚਾਲੂ ਕਰਨ ਦੀ ਸਿਫਾਰਸ਼ ਕਰ ਦਿੱਤੀ ਸੀ।
ਇਥੇ ਦੱਸਿਆ ਜਾਂਦਾ ਹੈ ਕਿ ਕੈਪਟਨ ਸਰਕਾਰ ਵਲੋਂ ਵਿਧਵਾ, ਅੰਗਹੀਣ, ਬੁਢਾਪਾ, ਦੂਸਰਿਆਂ 'ਤੇ ਨਿਰਭਰ ਬੱਚਿਆ ਨੂੰ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਜਦੋਂਕਿ ਅਕਾਲੀ ਭਾਜਪਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੈਨਸ਼ਨ 250 ਰੁਪਏ ਪ੍ਰ੍ਰਤੀ ਮਹੀਨਾਂ ਤੋਂ ਵਾਧਾ ਕਰਦਿਆਂ 500 ਰੁਪਏ ਕਰ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਜੇਕਰ ਸਿਰਫ਼ ਦੋ ਸਾਲਾਂ ਦੌਰਾਨ ਹੀ ਗਲਤ ਢੰਗ ਨਾਲ ਪੈਨਸ਼ਨ ਲੈਣ ਦਾ ਹਿਸਾਬ ਲਗਾਇਆ ਜਾਵੇ ਤਾਂ ਇਹ ਰਾਸ਼ੀ 360 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇਕ ਪਾਸੇ ਸਰਕਾਰ ਸੂਬੇ ਦੀ ਵਿੱਤੀ ਹਾਲਤ ਖਰਾਬ ਹੋਣ ਦੀ ਦੁਹਾਈ ਦੇ ਰਹੀ ਹੈ, ਦੂਸਰੇ ਪਾਸੇ ਖ਼ਜਾਨੇ ਨੂੰ ਚੂਨਾ ਲਗਾਉਣ ਵਾਲਿਆਂ ਖਿਲਾਫ਼ ਸਰਕਾਰ ਵਲੋਂ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ।
ਸਰਕਾਰ ਦੇ ਇਕ ਆਲਾ ਅਫ਼ਸਰ ਦਾ ਕਹਿਣਾ ਹੈ ਕਿ ਰਿਕਵਰੀ ਕਰਨਾ ਬਹੁਤ ਔਖਾ ਕੰਮ ਹੈ ਕਿਉਂਕਿ ਜਿੰਨੀ ਰਿਕਵਰੀ ਕਰਨੀ ਹੈ, ਉਸਤੋਂ ਜ਼ਿਆਦਾ ਖਰਚਾ ਵਸੂਲੀ ਪਰ ਆ  ਸਕਦਾ ਹੈ।
ਜਦੋਂ ਕਿ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਹੈ ਕਿ ਵਿਭਾਗ ਮੁੜ ਤੋਂ ਵੈਰੀਫਿਕੇਸ਼ਨ ਕਰਵਾਉਣ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਤੋਂ ਰਿਕਵਰੀ ਕਰਨ ਲਈ ਪੈਨਸ਼ਨਧਾਰਕਾਂ ਜਾਂ ਫਿਰ ਉਸ ਸਮੇਂ ਤਸਦੀਕ ਕਰਨ ਵਾਲੇ ਮੁਲਾਜ਼ਮਾਂ, ਅਧਿਕਾਰੀਆਂ ਤੋਂ ਰਿਕਵਰ ਕਰਨ 'ਤੇ ਵਿਚਾਰ ਕਰ ਰਹੀ ਹੈ।

ਬਾਕਸ ---
ਸੂਬੇ ਵਿਚ 22,61,645 ਲਾਭਪਾਤਰੀ
ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਸੂਬੇ ਵਿਚ ਬੁਢਾਪਾ ਪੈਨਸ਼ਨ ਸਕੀਮ ਤਹਿਤ 15,13,110, ਵਿਧਵਾ ਤੇ ਨਿਆਸ਼ਰਿਤ ਔਰਤਾਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਤਹਿਤ 4,21,946, ਆਸ਼ਰਿਤ ਬੱਚਿਆ ਨੂੰ ਵਿੱਤੀ ਸਹਾਇਤਾ ਤਹਿਤ 1,42,992 ਅਤੇ ਅਪੰਗ ਵਿਅਕਤੀਆਂ ਨੂੰ ਦਿੱਤੀ ਜਾਂਦੀ ਸਹਾਇਤਾ ਤਹਿਤ 1,83,597 ਪੈਨਸ਼ਨ ਲਾਭਪਾਤਰੀ ਹਨ। 

No comments:

Post a Comment