Sunday, 25 June 2023
ਅਜੌਕੇ ਦੌਰ ਦੀ ਪੱਤਰਕਾਰੀ ਅਤੇ ਸਮਾਜ
ਇਹ ਦੋ ਘਟਨਾਵਾਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਲ 2002 ਤੋਂ 2007 ਦੇ ਰਾਜ ਭਾਗ ਦੀਆਂ ਹਨ। ਪਹਿਲੀ ਘਟਨਾਂ ਖਰੜ੍ਹ ਪੁਲਿਸ ਵਲੋਂ ਪੱਤਰਕਾਰ ਗੌਤਮ ਧੀਰ ਨੂੰ ਗ੍ਰਿਫ਼ਤਾਰ ਕਰਨ ਨਾਲ ਸਬੰਧ ਰੱਖਦੀ ਹੈ। ਗੌਤਮ ਧੀਰ ਉਨ੍ਹਾਂ ਦਿਨਾਂ ਵਿਚ ਇੰਡੀਅਨ ਐਕਸਪ੍ਰੈਸ ਲਈ ਕੰਮ ਕਰਦੇ ਸਨ। ਉਹ ਬਹੁਤ ਤਿੱਖੀ ਖ਼ਬਰ ਲਿਖਦੇ ਸਨ ਜੋ ਹੁਕਮਰਾਨਾਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਚੁੁੱਭਦੀ ਸੀ। ਮੀਡੀਆ ਜਗਤ ਵਿਚ ਜੰਗਲ ਦੀ ਅੱਗ ਵਾਂਗ ਖ਼ਬਰ ਫੈਲ੍ਹ ਗਈ ਕਿ ਪੁਲਿਸ ਨੇ ਗੌਤਮ ਧੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾਂ ਦਾ ਪਤਾ ਲੱਗਣ ’ਤੇ ਚੰਡੀਗੜ੍ਹ ’ਚ ਕੰਮ ਕਰਦੇ ਪੱਤਰਕਾਰ ਪ੍ਰੈੱਸ ਕੱਲਬ ਵਿਚ ਇਕੱਠੇ ਹੋ ਗਏ। ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਸੈਕਟਰ 19 ਸਥਿਤ ਦਫ਼ਤਰ ਵਿਚ ਕਿਸੇ ਸਮਾਗਮ ਵਿਚ ਹਿੱਸਾ ਲੈਣ ਆਏ ਹੋਏ ਸਨ। ਬੱਸ ਫ਼ਿਰ ਕੀ ਸੀ, ਪੱਤਰਕਾਰਾਂ ਨੇ ਬੀਬੀਐਮਬੀ ਦੇ ਦਫ਼ਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਲਿਆ ਅਤੇ ਸਾਰੀ ਗੱਲਬਾਤ ਦੱਸੀ। ਕੈਪਟਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਤੁਸੀਂ ਮੇਰਾ ਘਿਰਾਓ ਕਰੋਗੇ ਤਾਂ ਪੱਤਰਕਾਰਾਂ ਨੇ ਹਾਂ ਵਿਚ ਜਵਾਬ ਦਿੱਤਾ ਕਿ ਏਦਾਂ ਹੀ ਸਮਝ ਲਓ। ਦੋਵੇਂ ਪਾਸਿਓ ਸਵਾਲ ਜਵਾਬ ਵੀ ਹੋਏ। ਚਲੋ ਖੈਰ! ਕੈਪਟਨ ਨੇ ਪੱਤਰਕਾਰਾਂ ਦੀ ਗੱਲ ਸੁਣੀ ਤੇ ਤਤਕਾਲੀ ਡੀ.ਜੀ.ਪੀ, ਐਸ.ਐੱਸ ਵਿਰਕ ਨੂੰ ਪੱਤਰਕਾਰ ਗੌਤਮ ਧੀਰ ਨੂੰ ਛੱਡਣ ਦੇ ਹੁਕਮ ਦੇ ਦਿੱਤੇ। ਉਧਰ ਸੁਮੇਧ ਸੈਣੀ (ਉਦੋਂ ਡੀ.ਆਈ.ਜੀ ਸਨ) ਕਹੇ ਕਿ ਮੈਂ ਗੌਤਮ ਧੀਰ ਨੂੰ ਨਹੀਂ ਛੱਡਣਾ ਬਲਕਿ ਚਾਲਾਨ ਪੇਸ਼ ਕਰੂੰਗਾ। ਵਿਰਕ ਨੇ ਸੁਮੇਧ ਸੈਣੀ ਨੂੰ ਸਪਸ਼ਟ ਰੂਪ ਵਿਚ ਕਿਹਾ ਕਿ ਮੁੱਖ ਮੰਤਰੀ ਸਾਹਿਬ ਦਾ ਹੁਕਮ ਹੈ ਪੱਤਰਕਾਰ ਨੂੰ ਛੱਡ ਦਿਓ। ਪੱਤਰਕਾਰਾਂ ਦੇ ਏਕੇ ਅਤੇ ਦਬਾਅ ਵਿਚ ਪੁਲਿਸ ਨੇ ਪੱਤਰਕਾਰ ਨੂੰ ਰਿਹਾਅ ਕਰ ਦਿੱਤਾ ਹਾਲਾਕਿ ਪੁਲਿਸ ਨੇ ਬਕਾਇਦਾ ਕਾਗਜ਼ਾਂ ਵਿਚ ਗ੍ਰਿਫ਼ਤਾਰੀ ਪਾਈ ਹੋਈ ਸੀ। ਇਹ ਇਕ ਵੱਡੀ ਘਟਨਾਂ ਸੀ ਕਿ ਪੁਲਿਸ ਹਿਰਾਸਤ ਵਿਚੋ ਖਾਸਕਰ ਸੁਮੇਧ ਸੈਣੀ ਵਰਗੇ ਪੁਲਿਸ ਅਫਸਰ ਕੋਲ੍ਹੋ ਕਿਸੇ ਬੰਦੇ ਨੂੰ ਛਡਾਉਣਾ।
ਦੂਜੀ ਘਟਨਾ ਵੀ ਪੱਤਰਕਾਰ ਨਾਲ ਸਬੰਧਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਅਕਾਲੀਆਂ ਖਿਲਾਫ਼ ਮੁਹਿੰਮ ਛੇੜੀ ਹੋਈ ਸੀ। ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਅਕਾਲੀ ਮੰਤਰੀਆਂ ’ਤੇ ਕੇਸ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਨੇ ਗੁਰਦਾਸਪੁਰ ਨਾਲ ਸਬੰਧਤ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਗ੍ਰਿਫ਼ਤਾਰ ਕਰ ਲਿਆ। ਲੰਗਾਹ ਦੀ ਗ੍ਰਿਫ਼ਾਤਰੀ ਤੋਂ ਬਾਅਦ ਵਿਜੀਲੈਂਸ ਨੇ ਚੰਡੀਗੜ੍ਹ ਦੇ ਇਕ ਸੀਨੀਅਰ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਨ ਦੀ ਪੂਰੀ ਤਿਆਰੀ ਕਰ ਲਈ।ਇਸਦੀ ਭਿਣਕ ਪੱਤਰਕਾਰਾਂ ਨੂੰ ਪੈ ਗਈ ਤਾਂ ਪੱਤਰਕਾਰ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਕੋਲ੍ਹ ਪੁੱਜ ਗਏ। ਚਰਚਾ ਹੈ ਕਿ ਉਨ੍ਹਾਂ ਦਿਨਾਂ ਵਿਚ ਹਿੰਦੂ ਦੇ ਪੱਤਰਕਾਰ ਸਰਬਜੀਤ ਪੰਧੇਰ ਹੁਰਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫ਼ੀ ਗੂੜੀ ਮਿੱਤਰਤਾ ਸੀ। ਪੰਧੇਰ ਹੁਰਾਂ ਨੇ ਕੈਪਟਨ ਨੂੰ ਸਪਸ਼ਟ ਕਹਿ ਦਿੱਤਾ ਕਿ ਜੇਕਰ ਪੱਤਰਕਾਰ ਨੂੁੰ ਗ੍ਰਿਫ਼ਤਾਰ ਕੀਤਾ ਤਾਂ ਤੁਹਾਡੇ ਦਰਾਂ ਅੱਗੇ ਕਾਲਾ ਝੰਡਾ ਲੈ ਕੇ ਸੱਭਤੋਂ ਪਹਿਲਾਂ ਉਹ ਬੈਠੇਗਾ। ਇਸ ਤਰ੍ਹਾਂ ਪੱਤਰਕਾਰਾਂ ਨੇ ਉਸ ਸੀਨੀਅਰ ਪੱਤਰਕਾਰ, ਜੋ ਹੁਣ ਇੱਕ ਵੈਬਸਾਈਟ ਦਾ ਸੰਪਾਦਕ ਹੈ, ਨੂੰ ਗ੍ਰਿਫ਼ਤਾਰ ਨਹੀਂ ਹੋਣ ਦਿੱਤਾ। ਅਜਿਹੀਆਂ ਹੋਰ ਵੀ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ।
ਬੀਤੇ ਦੋ ਦਹਾਕਿਆ ਦੌਰਾਨ ਮੀਡੀਆ ਜਗਤ ਵਿਚ ਢੇਰ ਸਾਰਾ ਬਦਲਾਅ ਹੋਇਆ ਹੈ। ਕੱਲ੍ਹ ਸਵੇਰੇ-ਸਵੇਰੇ ਅਮਲੋਹ, ਫਤਿਹਗੜ੍ਹ ਸਾਹਿਬ ਤੋਂ ਕੁੱਝ ਪੱਤਰਕਾਰ ਸਾਥੀਆਂ ਦਾ ਫੋਨ ਆਇਆ; ਜਿਹਨਾਂ ਦੱਸਿਆ ਕਿ ਅਮਲੋਹ ਪੁਲਿਸ ਨੇ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਰਿਸ਼ੂ ਗੋਇਲ ’ਤੇ ਕੇਸ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਸ ਪੱਤਰਕਾਰ ’ਤੇ ਇੱਟਾਂ ਚੋਰੀ ਕਰਨ ਦਾ ਕੇਸ ਦਰਜ਼ ਕੀਤਾ ਹੈ। ਹਾਲਾਂਕਿ ਪੱਤਰਕਾਰ ਵਲੋਂ ਇੱਟਾਂ ਚੋਰੀ ਕਰਨ ਦਾ ਮਾਮਲਾ ਪਹਿਲੀ ਨਜ਼ਰ ਸ਼ੱਕ ਪੈਦਾ ਕਰਦਾ ਹੈ। ਰਿਸ਼ੂ ਗੋਇਲ ਦੇ ਮਾਮਲੇ ਵਿਚ ਪੁਲਿਸ ਨੇ ਪੱਤਰਕਾਰਾਂ ਦੇ ਵਫ਼ਦ ਕੋਲ੍ਹ ਦੱਬੀ ਅਵਾਜ਼ ਵਿਚ ਇਹ ਮੰਨਿਆ ਹੈ ਕਿ ਸਿਆਸੀ ਦਬਾਅ ਹੇਠ ਪਰਚਾ ਦਰਜ਼ ਕੀਤਾ ਗਿਆ ਹੈ। ਪੱਤਰਕਾਰ ਦਾ ਸਿਰਫ਼ ਐਨਾਂ ਕਸੂਰ ਹੈ ਕਿ ਉਸ ਵਲੋਂ ਛਾਪੀਆ ਜਾ ਰਹੀ ਖ਼ਬਰਾਂ ਹੁਕਮਰਾਨਾਂ ਦੇ ਅਨੁਕੂਲ ਨਹੀਂ ਸਨ ਜਾਂ ਇਹ ਕਹਿ ਲਓ ਕਿ ਸੱਤਾ ਧਿਰ ਦੇ ਵਿਰੁੱਧ ਸਨ। ਰਿਸ਼ੂ ਗੋਇਲ ਹੀ ਨਹੀਂ ਹੋਰ ਵੀ ਕਈ ਪੱਤਰਕਾਰਾਂ ’ਤੇ ਪਿਛਲੇ ਸਮਿਆਂ ਦੌਰਾਨ ਝੂਠੇ ਕੇਸ ਦਰਜ਼ ਹੋਏ ਹਨ ਤੇ ਪੁਲਿਸ ਨੂੰ ਕੇਸ ਵਾਪਸ ਵੀ ਲੈਣੇ ਪਏ ਹਨ। ਹੁਕਮਰਾਨ ਪਾਰਟੀ ਦੇ ਇਕ ਨੇਤਾ ਅਤੇ ਪੁਲਿਸ ਅਧਿਕਾਰੀਆਂ ਨੇ ਪੱਤਰਕਾਰ ’ਤੇ ਕੇਸ ਵਾਪਸ ਲੈਣ ਦਾ ਲੇਖਕ ਨੂੰ ਭਰੋਸਾ ਵੀ ਦਿੱਤਾ ਹੈ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਪੱਤਰਕਾਰ ਦਾ ਪੁਲਿਸ ਰਿਮਾਂਡ ਲਿਆ ਗਿਆ ਅਤੇ ਹੁਣ ਉਹ ਕੁੱਝ ਦਿਨ ਜੇਲ੍ਹ ਵਿਚ ਵੀ ਰਹੇਗਾ, ਉਸਦੀ ਸਮਾਜ, ਪਰਿਵਾਰ ਜਾਂ ਰਿਸ਼ਤੇਦਾਰਾਂ ਵਿਚ ਜੋ ਕਿਰਕਰੀ ਹੋਈ ਹੈ, ਉਸਦੀ ਭਰਪਾਈ ਕੌਣ ਭਰੇਗਾ। ਲੋਕਾਂ ਦੀਆਂ ਨਜ਼ਰਾਂ ਵਿਚ ਇਕ ਪੱਤਰਕਾਰ ਨੂੰ ਚੋਰ ਬਣਾ ਦਿੱਤਾ ਗਿਆ ਹੈ।
ਲੋਕਤੰਤਰ ਦਾ ਚੌਥਾ ਥੰਮ ਮੰਨ੍ਹੇ ਜਾਂਦੇ ਮੀਡੀਆ, ਪੱਤਰਕਾਰਾਂ ਦਾ ਲੋਕਾਂ ਅਤੇ ਸਰਕਾਰੀ ਦਰਬਾਰੇ ਚੰਗਾਂ ਅਸਰ ਰਸੂਖ ਰਿਹਾ। ਹੁਕਮਰਾਨਾਂ, ਰਾਜਸੀ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੱਤਰਕਾਰਾਂ ’ਤੇ ਖ਼ਬਰ ਰੋਕਣ ਦਾ ਐਨਾਂ ਦਬਾਅ ਕਦੇ ਨਹੀਂ ਰਿਹਾ ਜਿਸ ਤਰ੍ਹਾਂ ਦਾ ਵਰਤਾਰਾ ਹੁਣ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਪੱਤਰਕਾਰ ਵੀ ਪਹਿਲਾਂ ਵਰਗੇ ਨਹੀਂ ਰਹੇ। ਪ੍ਰੈਸ ਕਲੱਬ ਚੰਡੀਗੜ੍ਹ ਵਲੋਂ ਦਿੱਤੀ ਜਾਂਦੀ ਪਹਿਲੀ ਕਾਲ ਨਾਲ ਪ੍ਰਸ਼ਾਸ਼ਨ ਨੂੰ ਕੰਬਣੀ ਛਿੜ ਜਾਂਦੀ ਸੀ। ਪ੍ਰੈੱਸ ਕਲੱਬ ਤੇ ਅਹੁੱਦੇਦਾਰਾਂ ਦਾ ਆਪਣਾ ਦਬਾਅ ਰਿਹਾ ਹੈ। ਪਰ ਪਿਛਲੇ ਕੁੱਝ ਸਾਲਾਂ ਦੌਰਾਨ ਪੱਤਰਕਾਰਾਂ ਦੇ ਮਾਮਲੇ ਵਿਚ ਪ੍ਰੈੱਸ ਕਲੱਬ ਉਹ ਸਰਗਰਮ ਭੂਮਿਕਾ ਨਹੀਂ ਨਿਭਾਅ ਸਕਿਆ ਜੋ ਕਲੱਬ ਤੋਂ ਉਮੀਦ ਰੱਖੀ ਜਾਂਦੀ ਹੈ। ਚਲੋ ਕੋਈ ਗੱਲ ਨਹੀਂ। ਅਜੇ ਵੀ ਡੁੱਲ੍ਹਾਂ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਪੱਤਰਕਾਰ ਸਮਾਜ ਦਾ ਆਇਨਾ ਹਨ। ਲੋਕਤੰਤਰ ਵਿਚ ਪ੍ਰੈੱਸ ਦੀ ਅਹਿਮ ਭੂਮਿਕਾ ਹੈ ਅਤੇ ਲੋਕਾਂ ਨੂੰ ਮੀਡੀਆ ਤੋਂ ਬਹੁਤ ਉਮੀਦਾ ਹਨ। ਜਦੋਂ ਕਿਸੇ ਨੂੰ ਇਨਸਾਫ਼ ਨਾ ਮਿਲਣ ਵਾਲੇ ਸਾਰੇ ਦਰਵਾਜ਼ੇ ਬੰਦ ਹੁੰਦੇ ਦਿਖਦੇ ਹਨ ਤਾਂ ਉਹ ਪੱਤਰਕਾਰਾਂ ਕੋਲ੍ਹ ਆਉਂਦਾ ਹੈ। ਪੱਤਰਕਾਰਾਂ ਦੀਆਂ ਖ਼ਬਰਾਂ ਨਾਲ ਕਿੰਨੇ ਮਸਲੇ ਹੱਲ ਹੋਏ ਹਨ ਜਾਂ ਕਿੰਨੇ ਵੱਡੇ ਲੋਕਾਂ ਦੇ ਗਲਤ ਕੰਮਾਂ ਦੇ ਭੇਤ ਉਜਾਗਰ ਹੋਏ ਹਨ। ਜਗਰਾਉਂ ਵਿਖੇ ਐਨ.ਆਰ.ਆਈ ਨੂੰ ਮੁੜ ਕੋਠੀ ਦਾ ਕਬਜ਼ਾ ਮਿਲਣ ਦੇ ਮਾਮਲੇ ਵਿਚ ਵੀ ਪ੍ਰੈੱਸ ਦੀ ਭੂਮਿਕਾ ਨੂੰ ਅੱਖੋੋ ਪਰੋਖੇ ਨਹੀਂ ਕੀਤਾ ਜਾ ਸਕਦਾ।
ਪਿਛਲੇ ਦਿਨਾਂ ਦੌਰਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਚੰਦਰ ਚੂਹੜ ਨੂੰ ਵੀ ਇਹ ਕਹਿਣਾ ਪਿਆ ਹੈ ਕਿ ਜੇਕਰ ਜ਼ਮਹੂਰੀਅਤ ਬਹਾਲ ਰੱਖਣੀ ਹੈ ਤਾਂ ਪ੍ਰੈੱਸ ਦੀ ਅਜ਼ਾਦੀ ਬਹੁਤ ਜਰੂਰੀ ਹੈ। ਸੋ, ਅਜੇ ਵੀ ਕੁੱਝ ਨਹੀਂ ਵਿਗੜਿਆ। ਸਮੂਹ ਪੱਤਰਕਾਰ ਭਾਈਚਾਰੇ ਨੂੰ ਇਕੱਠਾ ਹੋਣ ਅਤੇ ਲੋਕ ਹਿਤ ਵਿਚ ਕਦਮ ਚੁੱਕਣ ਵੱਲ੍ਹ ਵੱਧਣਾ ਚਾਹੀਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋ ਇੱਕ ਇਕ ਕਰਕੇ ਸਾਰੇ ਸ਼ਿਕਾਰ ਹੁੰਦੇ ਰਹੋਗੇ। ਬਾਕੀ ਹੁਕਮਰਾਨਾਂ ਨੂੰ ਵੀ ਇਹ ਗੱਲ ਪੱਲ੍ਹੇ ਬੰਨ ਲੈਣੀ ਚਾਹੀਦੀ ਹੈ ਕਿ ਸਮਾਂ ਇਕੋ ਜਿਹਾ ਨਹੀਂ ਰਹਿੰਦਾ।
ਜੈ ਸਿੰਘ ਛਿੱਬਰ
9855452043
Subscribe to:
Post Comments (Atom)
No comments:
Post a Comment