ਧਾਰੀਵਾਲ 'ਚ ਘੱਟ ਗਿਣਤੀ ਭਾਈਚਾਰੇ ਦੀ ਕਰੇਗੀ ਵੱਡੀ ਰੈਲੀ
ਪ੍ਰਧਾਨ ਮੰਤਰੀ, ਭਾਜਪਾ ਪ੍ਰਧਾਨ ਕਰਨਗੇ ਰੈਲੀ ਨੂੰ ਸੰਬੋਧਨ
ਜੈ ਸਿੰਘ ਛਿੱਬਰ,
ਚੰਡੀਗੜ੍ਹ :ਆਗਾਮੀ ਲੋਕ ਸਭਾ ਚੋਣਾਂ 'ਚ ਬਦਲਦੇ ਸਿਆਸੀ ਹਾਲਾਤਾਂ ਨੂੰ ਭਾਂਪਦੇ ਹੋਏ ਭਾਜਪਾ ਨੇ ਘੱਟ ਗਿਣਤੀਆਂ ਨਾਲ ਮੋਹ ਦੀਆਂ ਤੰਦਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਨਾਗਪੁਰ ਤੋਂ ਮਿਲੇ ਆਦੇਸ਼ ਤੋਂ ਬਾਅਦ ਭਾਜਪਾ ਹਾਈਕਮਾਨ ਨੇ ਮੁਸਲਮਾਨ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਵਿਸ਼ੇਸ਼ ਮੀਟਿੰਗਾਂ ਅਤੇ ਵੱਡੀਆਂ ਰੈਲੀਆਂ ਕਰਨ ਦੀ ਯੋਜਨਾਂ ਉਲੀਕੀ ਹੈ ਤਾਂ ਜੋ ਭਾਜਪਾ 'ਤੇ ਭਗਵਾਕਰਨ ਅਤੇ ਘੱਟ ਗਿਣਤੀਆਂ ਤੋਂ ਦੂਰੀ ਬਣਾਉਣ ਦੇ ਲੱਗ ਰਹੇ ਦੋਸ਼ਾਂ ਨੂੰ ਧੋਤਾ ਜਾ ਸਕੇ। ਭਰੋਸੇਯੋਗ ਸੂਤਰਾਂ ਅਨੁਸਾਰ ਆਰ.ਐਸ.ਐਸ ਵਲੋਂ ਇੰਦਰੇਸ਼ ਕੁਮਾਰ ਨੂੰ ਮੁਸਲਿਮ ਰਾਸ਼ਟਰੀ ਮੰਚ ਜੋ ਕਿ ਆਰ.ਐਸ.ਐਸ ਦਾ ਇੱਕ ਸ਼ਾਖਾ ਹੈ, ਦੇ ਮਾਰਗ ਦਰਸ਼ਕ ਦੇ ਤੌਰ 'ਤੇ ਕੰਮ ਕਰ ਰਹੇ ਹਨ ਅਤੇ ਬਕਾਇਦਾ ਉਨ੍ਹਾਂ ਵਲੋਂ ਦੇਸ਼ ਭਰ ਦੇ ਮੁਸਲਮਾਨਾਂ ਨੂੰ ਭਾਜਪਾ ਨਾਲ ਜੋੜਨ ਲਈ ਕੰਮ ਕੀਤਾ ਜਾ ਰਿਹਾ ਹੈ।
ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਭਾਜਪਾ ਵਲੋਂ ਅਗਲੇ ਮਹੀਨੇ ਗੁਰਦਾਸਪੁਰ ਜਿਲ੍ਹੇ ਦੇ ਧਾਰੀਵਾਲ ਹਲਕੇ ਵਿਚ ਮੁਸਲਮਾਨ ਤੇ ਇਸਾਈ ਭਾਈਚਾਰੇ ਦੀ ਵੱਡੀ ਰੈਲੀ ਕਰਨ ਦਾ ਫੈਸਲਾ ਕਰ ਲਿਆ ਹੈ। ਦਿਲਚਸਪ ਗੱਲ ਹੈ ਕਿ ਭਾਜਪਾ ਹਾਈਕਮਾਨ ਦੇ ਸਿਖ਼ਰਲੇ ਆਗੂਆਂ ਵਲੋਂ ਖੁਦ ਮੁਸਲਮਾਨ ਅਤੇ ਇਸਾਈ ਭਾਈਚਾਰੇ ਦੇ ਸੀਨੀਅਰ ਆਗੂਆਂ ਨਾਲ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਪੰਜਾਬ ਭਾਜਪਾ ਦੇ ਆਗੂਆਂ ਦੀ ਇਸ ਮਾਮਲੇ ਵਿਚ ਕੋਈ ਸਲਾਹ ਮਸ਼ਵਰਾਂ ਨਹੀਂ ਲਿਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਗੁਰਦਾਸਪੁਰ ਰੈਲੀ ਨੂੰ ਸਫ਼ਲ ਬਣਾਉਣ ਲਈ ਮੁੰਬਈ ਰਹਿੰਦੇ ਇਕ ਭਾਜਪਾ ਆਗੂ ਜੋ ਵੱਡਾ ਕਾਰੋਬਾਰੀ ਹੈ, ਨੂੰ ਜ਼ੁੰਮੇਵਾਰੀ ਦਿੱਤੀ ਗਈ ਹੈ। ਧਾਰੀਵਾਲ ਹਲਕੇ ਵਿਚ ਪਾਰਟੀ ਵਲੋਂ ਘੱਟ ਗਿਣਤੀਆਂ ਨਾਲ ਸਬੰਧਿਤ ਇਕ ਲੱਖ ਲੋਕਾਂ ਦਾ ਇਕੱਠ ਕਰਨ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਦੇਸ਼ ਦੇ ਦੂਸਰੇ ਸੂਬਿਆਂ ਵਿਚ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਪੰਜਾਬ ਦੇ ਮੁਸਲਮਾਨ, ਇਸਾਈ ਤੇ ਘੱਟ ਗਿਣਤੀਆਂ ਨਾਲ ਸਬੰਧਿਤ ਲੋਕਾਂ ਦਾ ਭਾਜਪਾ ਵਿਚ ਵਿਸ਼ਵਾਸ ਬਰਕਰਾਰ ਹੈ। ਦੱਸਿਆ ਜਾਂਦਾ ਹੈ ਕਿ ਇਸ ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਨਿਤਿਨ ਗਡਕਰੀ ਸਮੇਤ ਪਾਰਟੀ ਦੇ ਕਈ ਹੋਰ ਵੱਡੇ ਆਗੂਆਂ ਵਲੋਂ ਸ਼ਿਰਕਤ ਕਰਨ ਤੇ ਲੋਕਾਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਪੰਜਾਬ ਨਾਲ ਸਬੰਧਿਤ ਮੁੰਬਈ ਰਹਿੰਦੇ ਭਾਜਪਾ ਦੇ ਆਗੂ ਨੇ ਧਾਰੀਵਾਲ (ਗੁਰਦਾਸਪੁਰ) 'ਚ ਪਾਰਟੀ ਵਲੋਂ ਰੈਲੀ ਕਰਨ ਦੇ ਫੈਸਲੇ ਦੀ ਪੁਸ਼ਟੀ ਕੀਤੀ ਹੈ। ਉਕਤ ਆਗੂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਇਸਾਈ ਭਾਈਚਾਰ ਦੇ ਇਕ ਲੱਖ ਲੋਕਾਂ ਨੂੰ ਰੈਲੀ ਵਿਚ ਸ਼ਾਮਲ ਕਰਨ ਦੀ ਟੀਚਾ ਰੱਖਿਆ ਗਿਆ ਹੈ।
ਸਮਾਂ ਆਉਣ 'ਤੇ ਦੱਸਿਆ ਜੁਵੇਗਾ : ਮਲਿਕ
ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਰੈਲੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਅਜੇ ਰੈਲੀ ਕਰਨ ਬਾਰੇ ਤਾਰੀਖ ਦਾ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮਾਂ ਆਉਣ 'ਤੇ ਸੱਭ ਕੁੱਝ ਦੱਸਿਆ ਜਾਵੇਗਾ।
No comments:
Post a Comment