Wednesday, 13 July 2016

ਪੰਜਾਬ ਦੇ 35, ਹਰਿਆਣਾ ਦੇ 21 ਬਲਾਕਾਂ 'ਚ ਧਰਤੀ ਹੇਠਲੇ ਪਾਣੀ ਦਾ ਵੱਡਾ ਸੰਕਟ


ਖੇਤੀ ਲਈ ਸੀਵਰੇਜ ਟਰੀਟ ਪਾਣੀ ਦੀ ਵਰਤੋਂ ਕੀਤੀ ਜਾਵੇ -ਸੰਤ ਸੀਂਚੇਵਾਲ
ਗੰਗਾਂ ਦੇ ਨਾਲ ਲੱਗਦੇ 1657 ਪਿੰਡਾਂ 'ਚ ਕੇਂਦਰ ਸੀਂਚੇਵਾਲ ਮਾਡਲ ਨੂੰ ਅਪਣਾਏਗੀ
ਚੰਡੀਗੜ• 13 ਜੁਲਾਈ ( ਜੈ ਸਿੰਘ ਛਿੱਬਰ) : ਪੰਜਾਬ ਤੇ ਹਰਿਆਣਾ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ, ਜੇਕਰ ਲੋਕਾਂ ਨੇ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਦੋਵੇਂ ਰਾਜਾਂ ਵਿੱਚ ਸੋਕੇ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ। ਪੰਜਾਬ ਦੇ 145 ਬਲਾਕਾਂ ਵਿਚੋਂ 35 ਅਤੇ ਹਰਿਆਣਾ ਦੇ 117 ਬਲਾਕਾਂ ਵਿਚੋਂ 21 ਬਲਾਕ ਅਜਿਹੇ ਹਨ, ਜਿਥੇ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਡਿੱਗ ਗਿਆ ਹੈ, ਜਿਹੜੇ ਕਿ ਖੇਤੀਬਾੜੀ ਵਿਭਾਗ ਵਲੋਂ ਡਾਰਕ ਜੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ। ਇਹ ਅੰਕੜੇ ਅੱਜ ਪੰਜਾਬ ਤੇ ਹਰਿਆਣਾ ਦੇ ਪੈਂਡੂ ਇਲਾਕਿਆ 'ਚ ਜਲ ਪ੍ਰਬੰਧਨ ਦੀ ਚੁਨੌਤੀ ਤੇ ਕੂਟ ਨੀਤੀਆਂ ਵਿਸ਼ੇ 'ਤੇ ਨਾਬਾਰਡ ਵਲੋਂ ਆਯੋਜਿਤ ਸੈਮੀਨਾਰ ਦੌਰਾਨ ਸਾਹਮਣੇ ਆਏ ਹਨ। ਵੱਖ ਵੱਖ ਬੁਲਾਰਿਆਂ ਨੇ ਜਿਥੇ ਝੋਨੇ ਦੀ ਫਸਲ 'ਚ ਪਾਣੀ ਦਾ ਸੱਭ ਤੋਂ ਵੱਧ ਅਤੇ ਸ਼ਹਿਰੀ ਖੇਤਰਾਂ ਵਿੱਚ ਹੋ ਰਹੇ ਪਾਣੀ ਦੇ ਦੁਰਪ੍ਰਯੋਗ ਨੂੰ ਰੋਕਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਲੋਕ ਨਾ ਸੰਭਲੇ ਤਾਂ ਆਉਣ ਵਾਲੀਆਂ ਪੀੜ•ੀਆਂ ਨੂੰ ਪਾਣੀ ਲਈ ਵੱਡਾ ਖਤਰਾ ਖੜਾ ਹੋ ਜਾਵੇਗਾ। 
ਇਸ ਮੌਕੇ 'ਤੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਂਚੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਗੰਗਾਂ ਨਦੀ ਦੇ ਆਲੇ ਦੁਆਲੇ ਸਥਿਤ 1657 ਪਿੰਡਾਂ 'ਚ ਸੀਂਚੇਵਾਲ ਮਾਡਲ ਨੂੰ ਅਪਣਾਇਆ ਜਾ ਰਿਹਾ ਹੈ, ਤਾਂ ਜੋ ਗੰਗਾਂ ਦੀ ਸਫਾਈ ਕੀਤੀ ਜਾ ਸਕੇ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਂਚੇਵਾਲ ਨੇ ਕਿਹਾ ਕਿ ਜੇਕਰ ਸੀਵਰੇਜ ਦੇ ਪਾਣੀ ਨੂੰ ਟਰੀਟ ਕਰਕੇ ਖੇਤੀ ਲਈ ਵਰਤਿਆਂ ਜਾਵੇ ਤਾਂ ਇਸ ਨਾਲ ਧਰਤੀ ਹੇਠਲੇ ਤੇ ਧਰਤੀ ਦੇ ਉਪਰ ਵਾਲੇ ਪਾਣੀ ਦੀ ਸਮੱਸਿਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਟਰੀਟ ਕੀਤਾ ਗਿਆ ਪਾਣੀ ਫਸਲਾਂ ਲਈ ਕਾਫੀ ਲਾਹੇਵੰਦ ਸਾਬਤ ਹੋ ਰਿਹਾ ਹੈ, ਕਿਉਕਿ ਇਸ ਨਾਲ ਬੇਲੋੜੀ ਖਾਦ ਤੋਂ ਵੀ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਵਲੋਂ ਕਰੋੜਾ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ, ਗਲੀਆਂ ਨਾਲੀਆਂ ਬਨਾਉਣ ਨੂੰ ਲੈ ਕੇ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਪਰ ਉਹਨਾਂ ਦਾ ਕੋਈ ਸਾਰਥਕ ਹੱਲ ਨਹੀਂ ਨਿਕਲ ਰਿਹਾ। ਜਦੋਂਕਿ ਸਰਕਾਰਾਂ ਨੂੰ ਪਿੰਡਾਂ ਵਿੱਚ ਸਥਿਤ ਛੱਪੜਾਂ 'ਤੇ ਇੱਕ ਮੋਟਰ ਲਗਾਉਣ ਦੀ ਜਰੂਰਤ ਹੈ। ਇਸ ਨਾਲ ਛੱਪੜਾਂ ਦੀ ਸਫਾਈ ਵੀ ਹੋਵੇਗੀ ਤੇ ਬਰਸਾਤ ਦੇ ਪਾਣੀ ਨੂੰ ਇਕੱਠਾ ਵੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਤੇ ਬਾਅਦ ਵੀ ਪਾਣੀ  ਨੂੰ ਸਾਫ ਕੀਤਾ ਜਾਂਦਾ ਹੈ। ਜੇਕਰ ਸਰਕਾਰ ਤੇ ਉਦਯੋਗਪਤੀ ਪਹਿਲਾਂ ਹੀ ਪਾਣੀ ਦੀ ਬਚਤ, ਸਫਾਈ ਵੱਲ ਧਿਆਨ ਦੇਣ ਤਾਂ ਵੱਡੀਆਂ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਪਿੰਡਾਂ ਵਿੱਚ ਸਧਾਰਨ ਸੀਂਚੇਵਾਲ ਮਾਡਲ (ਤਿੰਨ ਖੂਹ ਵਾਲਾ ਪਲਾਂਟ) ਤਹਤ ਪਲਾਂਟ ਲਗਾਉਣ ਦੀ ਸਲਾਹ ਦਿੱਤੀ ਹੈ, ਇਸ ਨਾਲ ਪੈਸੇ ਤੇ ਪਾਣੀ ਦੀ ਖੂਬ ਬਚਤ ਹੋਵੇਗੀ। 
ਇਸ ਮੌਕੇ 'ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਬੀ.ਐਸ ਢਿਲੋਂ ਨੇ ਕਿਹਾ ਕਿ ਫਸਲੀ ਚੱਕਰ ਤੋੜਨ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਸਹੀ ਮਾਅਨੇ 'ਤੇ ਅਮਲ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ 1960 'ਚ 2.28 ਲੱਖ ਹੈਕਟੇਅਰ ਰਕਬਾ ਝੋਨੇ ਹੇਠਾ ਸੀ ਅਤੇ 16  ਲੱਖ ਹੈਕਟੇਅਰ 'ਚ ਝੋਨਾ ਲਗਾਉਣ ਲਈ ਪਾਣੀ ਹੈ ਪਰੰਤੂ ਅੱਜ 30 ਲੱਖ ਹੈਕਟੇਅਰ 'ਚ ਝੋਨਾ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਲਦੀ ਪੱਕਣ ਵਾਲੀਆਂ ਫਸਲਾਂ, ਫੁਆਰਾ ਤਕਨੀਕ ਵੱਲ ਧਿਆਨ ਦੇਣ ਦੀ ਜਰੂਰਤ ਹੈ। 

No comments:

Post a Comment