ਚੰਡੀਗੜ੍ਹ 16 ਅਗਸਤ/ ਜੈ ਸਿੰਘ ਛਿੱਬਰ
ਗਰੀਬ ਲੋਕਾਂ ਦੀ ਅਜ਼ਾਦੀ ਦਿਵਸ ਮੌਕੇ 'ਤੇ ਨਵਾਂ ਘਰ ਮਿਲਣ ਦੀ ਹਸਰਤ ਪੁਰੀ ਨਹੀਂ ਹੋ ਸਕੀ। ਗਰੀਬਾਂ,ਝੁੱਗੀ ਝੋਂਪੜੀ 'ਚ ਰਹਿਣ ਵਾਲੇ ਸੈਂਕੜੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਖਾਸਕਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਅਜ਼ਾਦੀ ਦਿਵਸ ਮੌਕੇ'ਤੇ ਨਵਾਂ ਘਰ ਦੇਣ ਦਾ ਵਾਅਦਾ ਵਫਾ ਨਾ ਹੋ ਸਕਿਆ ਅਤੇ ਪਰਿਵਾਰਾਂ ਦੇ ਪੱਲੇ ਮਾਯੂਸੀ ਤੋਂ ਇਲਾਵਾ ਕੁੱਝ ਪੱਲੇ ਨਹੀਂ ਪਿਆ।
ਵਰਨਣਯੋਗ ਗੱਲ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਚੁੰਨੀ ਲਾਲ ਭਗਤ ਨੇ ਗਰੀਬੀ ਰੇਖਾਂ 'ਤੇ ਨੀਚੇ ਰਹਿੰਦੇ ਪਰਿਵਾਰਾਂ ਨੂੰ 15 ਅਗਸਤ ਦੇ ਦਿਨ 1600 ਨਵੇਂ ਘਰ ਦੇਣ ਦਾ ਵਾਅਦਾ ਕੀਤਾ ਸੀ। ਅਕਸਰ ਗਰੀਬਾਂ ਨੂੰ ਭਰਮਾਉਣ ਲਈ ਮੁੱਖ ਮੰਤਰੀ ਸਮੇਤ ਪੰਜਾਬ ਸਰਕਾਰ ਦੇ ਮੰਤਰੀ ਰੋਜਾਨਾਂ ਵੱਡੇ ਵੱਡੇ ਦਾਅਵੇ ਕਰਕੇ ਲੋਕਾਂ ਨੂੰ ਸਬਜ਼ਬਾਗ ਦਿਖਾਉਂਦੇ ਹਨ। ਪਰ ਅਸਲੀਅਤ ਕੁੱਝ ਹੋਰ ਹੀ ਹੁੰਦੀ ਹੈ।
ਬੀਤੇ 24 ਜੁਲਾਈ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਚੂੰਨੀ ਲਾਲ ਭਗਤ ਦੇ ਨਾਮ ਹੇਠ ਲੋਕ ਸੰਪਰਕ ਵਿਭਾਗ ਨੇ ਜਾਰੀ ਪ੍ਰੈਸ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦੀ ਭਲਾਈ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆ ਪੰਜਾਬ ਸਰਕਾਰ ਨੇ ਸੂਬੇ ਦੇ ਸ਼ਹਿਰਾਂ ਵਿੱਚ ਰਹਿੰਦੇ ਝੁੱਗੀ ਝੌਪੜੀ ਵਾਲਿਆਂ ਨੂੰ ਘਰ ਬਣਾਉਣ ਦੀ ਬਣਾਈ ਯੋਜਨਾ ਤਹਿਤ ਲੁਧਿਆਣਾ ਵਿਖੇ ਝੁੱਗੀ-ਝੌਪੜੀ ਵਾਲਿਆਂ ਨੂੰ 15 ਅਗਸਤ ਨੂੰ 1600 ਨਵੇਂ ਮਕਾਨ ਦਿੱਤੇ ਜਾਣਗੇ।
ਭਗਤ ਨੇ ਦਾਅਵਾ ਕੀਤਾ ਸੀ ਕਿ ਲੁਧਿਆਣਾ ਵਿਖੇ ਝੁੱਗੀ-ਝੌਪੜੀ ਵਾਲਿਆਂ ਲਈ ਕੁੱਲ 21.43 ਏਕੜ ਜਗ੍ਹਾਂ ਵਿੱਚ 113.53 ਕਰੋੜ ਦੀ ਲਾਗਤ ਨਾਲ 4832 ਨਵੇਂ ਘਰ ਬਣਾਏ ਜਾ ਰਹੇ ਹਨ ਜਿਹੜੇ ਅਗਲੇ ਸਾਲ 31 ਮਾਰਚ ਤੋਂ ਪਹਿਲਾਂ ਮੁਕੰਮਲ ਹੋ ਜਾਣਗੇ ਅਤੇ 1600 ਮਕਾਨ ਬਣ ਕੇ ਤਿਆਰ ਹੋ ਗਏ ਹਨ ਜਿਹੜੇ 15 ਅਗਸਤ ਤੱਕ ਝੱਗੀ-ਝੌਪੜੀ ਵਾਲਿਆਂ ਦੇ ਸੁਪੁਰਦ ਕੀਤੇ ਜਾਣਗੇ। ਮੰਤਰੀ ਅਨੁਸਾਰ ਇਹ 4832 ਘਰ ਗਿਆਸਪੁਰਾ ਵਿਖੇ 2496, ਮੁੰਡੀਆਂ ਕਲਾਂ ਵਿਖੇ 1200 ਤੇ ਢੰਡਾਰੀ ਕਲਾਂ ਵਿਖੇ 1136 ਘਰ ਬਣ ਰਹੇ ਹਨ।
ਸੂਤਰ ਦੱਸਦੇ ਹਨ ਕਿ ਗਰੀਬੀ ਰੇਖਾ ਤੇ ਨੀਚੇ ਰਹਿੰਦੇ ਝੁੱਗੀ-ਝੌਪੜੀ ਵਾਲੇ ਪਰਿਵਾਰਾਂ ਨੂੰ ਘਰ ਅਲਾਟ ਕਰਨ ਲਈ ਸਰਕਾਰ ਨੇ ਕੁੱਲ ਕੀਮਤ ਦੀ ਦਸ ਪ੍ਰਤੀਸਤ ਰਾਸ਼ੀ ਸਬੰਧਿਤ ਪਰਿਵਾਰ ਤੋਂ ਪ੍ਰਾਪਤ ਕਰਨੀ ਹੈ। ਇਹ ਰਾਸ਼ੀ ਦੇਣ ਲਈ ਗਰੀਬ ਪਰਿਵਾਰ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੇ ਕਿਉਂਕਿ ਲੋਕਾਂ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੈ। ਦੂਸਰਾ ਵੱਡਾ ਕਾਰਨ ਇਹ ਵੀ ਹੈ ਕਿ ਉਕਤ ਘਰਾਂ ਦਾ ਨਿਰਮਾਣ ਕਾਰਜ ਪੂਰਾ ਨਹੀਂ ਹੋ ਸਕਿਆ ਅਤੇ ਤੁਰੰਤ ਪ੍ਰਭਾਵ ਦੇ ਗਰੀਬ ਲੋਕਾਂ ਨੂੰ ਇਹਨਾਂ ਘਰਾਂ ਵਿੱਚ ਸ਼ਿਫਟ ਨਹੀਂ ਕੀਤਾ ਜਾ ਸਕਦਾ। ਵਿਭਾਗ ਦੇ ਮੰਤਰੀ ਦਾ ਬਿਆਨ ਲੋਕਾਂ ਲਈ ਸਬਜਬਾਗ ਦਿਖਾਉਣ ਤੋਂ ਬਿਨਾ ਕੁੱਝ ਨਹੀਂ ਸੀ।
ਉਧਰ ਵਿਭਾਗ ਦੇ ਮੰਤਰੀ ਚੁੰਨੀ ਲਾਲ ਭਗਤ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਸਮਾਂ ਨਾ ਮਿਲਣ ਦੀ ਵਜ੍ਹਾ ਕਾਰਨ ਘਰ ਦੇਣ ਦਾ ਪ੍ਰੋਗਰਾਮ ਬਣ ਨਹੀਂ ਸਕਿਆ। ਉਹਨਾਂ ਕਿਹਾ ਕਿ ਅਗਲੇ ਪੰਦਰਾਂ ਦਿਨਾਂ ਤੱਕ ਇਹ ਘਰ ਅਲਾਟ ਕੀਤੇ ਜਾਣਗੇ।
No comments:
Post a Comment