Sunday, 25 August 2013

ਕੈਪਟਨ ਦੇ ਬਿਆਨ ਤੋਂ ਫਿਰ ਉਭਰੀ ਧੜੇਬੰਦੀ

ਕਾਂਗਰਸੀਆਂ ਦੀ ਧੜੇਬੰਦੀ'ਚ  ਫਸਕੇ ਰਹਿ ਗਈ ਸੂਬਾਈ ਕਾਰਜਕਾਰਨੀ  ਸੂਚੀ

ਕੈਪਟਨ ਦੇ ਬਿਆਨ ਤੋਂ ਫਿਰ  ਉਭਰੀ ਧੜੇਬੰਦੀ 

 ਜੈ ਸਿੰਘ ਛਿੱਬਰ

ਚੰਡੀਗੜ੍ਹ :ਪ੍ਰਦੇਸ਼ ਕਾਂਗਰਸ ਦੀ ਧੜੇਬੰਦੀ  ਖ਼ਤਮ ਹੋਣ ਦੀ ਬਜਾਏ ਵੱਧਦੀ ਜਾ ਰਹੀ  ਹੈ। ਧੜੇਬੰਦੀ ਦੇ ਕਾਰਨ ਹੀ ਕਾਂਗਰਸ ਦੇ ਅਹੁੱਦੇਦਾਰਾਂ ਦੀ ਲਿਸਟ ਦਾ ਮਾਮਲਾ ਵਿਚਾਲੇ ਲਟਕਿਆ ਹੋਇਆ ਹੈ ਅਤੇ ਇੱਕ ਮਹੀਨੇ ਤੱਕ ਕਾਰਜਕਾਰਨੀ ਲਿਸਟ ਜਾਰੀ ਹੋਣ ਦੀ ਸੰਭਾਵਨਾਂ ਵੀ ਮੱਧਮ ਦਿਖ ਰਹੀ ਹੈ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਪਾਰਲੀਮੈਂਟ ਸੈਸ਼ਨ ਦੇ ਚੱਲਣ ਕਾਰਨ ਕੁਲ ਹਿੰਦ ਪ੍ਰਧਾਨ  ਸੋਨੀਆਂ ਗਾਂਧੀ ,ਉਪ ਪ੍ਰਧਾਨ ਰਾਹੁਲ ਗਾਂਧੀ ਵਲੋਂ ਪੰਜਾਬ ਸਮੇਤ ਹੋਰ ਰਾਜਾਂ ਦੇ ਪਾਰਟੀ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਹੀ ਨਹੀਂ ਕੀਤਾ ਜਾ ਰਿਹਾ। ਕਿਉਂਕਿ ਵਿਰੋਧੀ ਧਿਰ ਵਲੋਂ ਵੱਖ ਵੱਖ ਮੁੱਦਿਆਂ ਤੇ ਪਹਿਲਾਂ ਹੀ ਸਰਕਾਰ ਨੂੰ ਲੋਕ ਸਭਾ ਤੇ ਰਾਜ ਸਭਾ ਵਿੱਚ ਘੇਰਿਆ ਜਾ ਰਿਹਾ ਹੈ। ਦੂਸਰਾ ਵੱਡਾ ਕਾਰਨ ਬਾਜਵਾ ਵਲੋਂ ਪ੍ਰਦੇਸ਼ ਕਾਂਗਰਸ ਦੇ ਚਾਰੇ ਉਪ ਪ੍ਰਧਾਨਾਂ ਅਤੇ ਸਰਕਾਰ 'ਚ ਪਾਰਟੀ ਦੇ ਵਿਧਾਨਕਾਰ ਦਲ ਦੇ ਆਗੂ ਸੁਨੀਲ ਕੁਮਾਰ ਜਾਖੜ ਨਾਲ ਅਹੁੱਦੇਦਾਰਾਂ ਦੇ ਨਾਵਾਂ ਨੂੰ ਲੈ ਕੇ ਵਿਚਾਰ ਵਿਟਾਂਦਰਾ ਨਹੀਂ ਕੀਤਾ ਗਿਆ। ਕਿਉਂਕਿ ਸਾਰੇ ਆਗੂ ਆਪਣੇ ਆਪਣੇ ਨਿਕਟ ਸੰਬੰਧੀਆਂ ਨੂੰ ਪ੍ਰਦੇਸ਼ ਕਾਰਜ ਕਾਰਨੀ ਵਿੱਚ ਸਥਾਨ ਦਿਵਾਉਣਾ ਚਾਹੁੰਦੇ ਹਨ,ਜਿਸ ਕਾਰਨ ਫਾਈਨਲ ਲਿਸਟ ਬਨਾਉਣ ਦਾ ਰੇੜਕਾ ਲਟਕਿਆ ਹੋਇਆ ਹੈ।

ਸੂਤਰ ਅਨੁਸਾਰ ਪ੍ਰਦੇਸ਼ ਕਾਂਗਰਸ ਵਲੋਂ ਇੱਕ ਤਾਂ ਸੂਬੇ ਵਿੱਚ ਰੈਲੀਆਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ,ਦੂਸਰਾ 31 ਅਗਸਤ ਨੂੰ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ 'ਤੇ ਚੰਡੀਗੜ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ। ਇਸ ਲਈ ਕਾਰਜਕਾਰਨੀ ਦਾ ਮਾਮਲਾ ਅਗਲੇ ਮਹੀਨੇ ਵਿਚਾਰੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਵੀ ਇੱਕ ਮਹੀਨੇ ਬਾਅਦ ਲਿਸਟ ਜਾਰੀ ਕਰਨ ਦੀ ਗੱਲ ਕਹੀ ਹੈ।

ਸੂਤਰਾਂ ਅਨੁਸਾਰ ਪ੍ਰਤਾਪ ਸਿੰਘ ਬਾਜਵਾ ਅਤੇ ਸਵਰਗੀ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਕੋਟਲੀ ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿਟੂ  ਬੇਅੰਤ ਸਿੰਘ ਦੀ ਬਰਸੀ ਸਮਾਗਮ ਵਿੱਚ ਹਾਈਕਮਾਨ ਦੇ ਵੱਡੇ ਆਗੂਆਂ ਨੂੰ ਬਲਾਉਣਾ ਚਾਹੁੰਦੇ ਹਨ ਤਾਂ ਕਿ ਲੋਕਾਂ ਵਿੱਚ ਇਹ ਸੰਦੇਸ ਦਿੱਤਾ ਜਾ ਸਕੇ ਕਿ ਪਾਰਟੀ ਹਾਈਕਮਾਨ ਉਹਨਾਂ ਦੀ ਪਿੱਠ 'ਤੇ ਹੈ। ਜਦੋਂ ਕਿ ਦੂਸਰੇ ਪਾਸੇ ਬੇਅੰਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਕੈਪਟਨ -ਬਾਜਵਾ ਦੀ ਗੁਟਬੰਦੀ ਦਾ ਅਸਰ ਬਰਸੀ ਸਮਾਗਮ ਤੇ ਪੈਣ ਦਾ ਡਰ ਵੀ ਸਤਾ ਰਿਹਾ ਹੈ। ਕਿਉਂਕਿ ਪਹਿਲਾਂ ਤਾਂ ਕਈ ਮਹੀਨਿਆਂ ਤੱਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਤੋਂ ਦੂਰ ਰਹੇ ਹਨ ਅਤੇ ਬੀਤੇ ਦਿਨ ਉਹਨਾਂ ਪੰਜਾਬ ਦੀ ਸਰਜਮੀਂ 'ਤੇ ਪੈਰ ਧਰਦਿਆਂ ਸੰਗਰੂਰ ਵਿੱਚ ਇਹ ਕਹਿ ਕਿ ਗੁੱਟਬੰਦੀ ਨੂੰ ਹਵਾ ਦਿੱਤੀ ਹੈ ਕਿ ਬਾਜਵਾ ਵਲੋਂ ਕੀਤੀਆਂ ਜਾਂਦੀਆਂ ਰੈਲੀਆਂ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ। ਹਾਲਾਂਕਿ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਾਉਣ ਤੋਂ ਬਾਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰਤੀਕ੍ਰਿਆ ਦਿੰਦਿਆ ਕਿਹਾ ਸੀ ਕਿ ਜੇਕਰ ਹਾਈਕਮਾਨ ਪੁੱਛਦੀ ਤਾਂ ਉਹ ਵਧੀਆ ਬਦਲ ਦੇ ਸਕਦੇ ਸਨ। ਕੈਪਟਨ ਦੇ ਉਸ ਬਿਆਨ ਤੋਂ ਬਾਦ ਹੀ ਸਿਆਸੀ ਸੂਝ ਬੂਝ ਰੱਖਣ ਵਾਲੇ ਸਮਝ ਗਏ ਸਨ ਕਿ ਕੈਪਟਨ ਬਾਜਵਾ ਦੀ ਦਾਲ ਨਹੀਂ ਗਲ ਸਕੇਗੀ। ਦੂਜੇ ਪਾਸੇ ਸਰਕਾਰ 'ਚ ਵਿਰੋਧੀ ਧਿਰ ਦੇ ਆਗੂ ਸੁਨੀਲ ਕੁਮਾਰ ਜਾਖੜ ਦੇ ਬਾਜਵਾ ਨਾਲ ਪਹਿਲਾਂ ਹੀ ਸਬੰਧ ਠੀਕ ਨਹੀਂ ਹਨ ਅਤੇ ਉਹਨਾਂ ਨੇ ਅਹੁੱਦੇਦਾਰਾਂ ਦੀ ਲਿਸਟ ਬਨਾਉਣ ਨੂੰ ਲੈ ਕੇ ਭਰੋਸੇ ਵਿੱਚ ਨਾ ਲੈਣ ਦੀ ਗੱਲ ਹਾਈਕਮਾਨ ਨੂੰ ਆਖੀ ਸੀ। ਜਿਸਤੋਂ ਬਾਦ ਹਾਈਕਮਾਨ ਨੇ ਸੁਨੀਲ ਕੁਮਾਰ ਜਾਖੜ ਅਤੇ ਚਾਰੇ ਉਪ ਪ੍ਰਧਾਨਾ ਨਾਲ ਸਲਾਹ ਮਸ਼ਵਰਾਂ ਕਰਕੇ ਲਿਸਟ ਬਨਾਉਣ ਦੇ ਆਦੇਸ਼ ਦਿੱਤੇ ਸਨ। ਕਾਂਗਰਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਧੜ੍ਹੇ ਨਾਲ ਸੰਬੰਧਿਤ ਬਹੁਤ ਸਾਰੇ ਸੀਨੀਅਰ ਆਗੂ ਜੋ ਪਹਿਲਾਂ ਅਕਸਰ ਕਾਂਗਰਸ ਭਵਨ ਦੇਖੇ ਜਾਂਦੇ ਸਨ ,ਨੇ ਤਾਂ ਕਾਂਗਰਸ ਭਵਨ ਵਿਖੇ ਆਉਣਾ ਹੀ ਛੱਡ ਦਿੱਤਾ ਹੈ। ਜਿੱਥੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਖਿਲਾਫ ਮੋਰਚਾ ਖੋਲਦੇ ਹੋਏ ਸੂਬੇ ਵਿੱਚ ਰੈਲੀਆਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਅਤੇ ਸਰਕਾਰ ਦੀ ਕਾਰਜਸ਼ੈਲੀ 'ਤੇ ਤਿੱਖੀਆਂ ਟਿੱਪਣੀਆਂ ਵੀ ਕਰ ਰਹੇ ਹਨ,ਉਥੇ ਕਾਂਗਰਸ ਦੇ ਹੋਰ ਸੀਨੀਅਰ ਆਗੂਆਂ ਨੇ ਤੇਲ ਦੇਖੋਂ ਤੇਲ ਦੀ ਧਾਰ ਦੇਖੋਂ ਦੀ ਤਰਜ 'ਤੇ ਚੁੱਪੀ ਧਾਰੀ ਹੋਈ ਹੈ। ਸੂਤਰ ਦੱਸਦੇ ਹਨ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ , ਸੁਨੀਲ ਜਾਖੜ ਨਾਲ ਉਨਾਂ ਤੋਂ ਸਰਕਾਰੀ ਕੋਠੀ ਖਾਲੀ ਕਰਵਾਉਣ ਨੂੰ ਲੈ ਕੇ ਕਾਫੀ ਖਫ਼ਾ ਹੈ।

ਭਾਵੇਂ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਧੜੇਬੰਦੀ ਨੂੰ ਖ਼ਤਮ ਕਰਨ ਦੇ ਉਦੇਸ਼ ਤਹਿਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨਗੀ ਦੀ ਵਾਗਡੋਰ ਸੰਭਾਲੀ ਸੀ। ਪਰ ਕਾਂਗਰਸ ਦੀ ਗੁੱਟਬੰਦੀ ਘੱਟਣ ਦੀ ਬਜਾਏ ਵੱਧਦੀ ਜਾ ਰਹੀ ਹੈ। ਹਾਈਕਮਾਨ ਆਉਣ ਵਾਲੇ ਦਿਨਾਂ ਵਿੱਚ ਕੀ ਸਿਆਸੀ ਪੈਂਤੜਾ ਖੇਡਦੀ ਹੈ ਇਹ ਤਾਂ ਸਮਾਂ ਦੱਸੇਗਾ ਪਰੰਤੂ ਹਾਲੇ ਪ੍ਰਦੇਸ਼ ਕਾਂਗਰਸ ਦੇ ਆਗੂਆਂ ਵਿਚਕਾਰ ਦਿਲਾਂ ਦੀ ਦੂਰੀ ਬਣੀ ਹੋਈ ਹੈ।

ਉਧਰ  ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ  ਅਮਰਿੰਦਰ ਸਿੰਘ ਵਲੋਂ ਦਿੱਤੇ ਬਿਆਨ  ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਦੋਂ ਕਿ ਅਹੁੱਦੇਦਾਰਾਂ ਦੀ ਸੂਚੀ ਸਬੰਧੀ ਉਨ੍ਹਾਂ ਕਿਹਾ ਕਿ ਉਹ  ਵਿਅਸਤ ਹੋਣ ਕਾਰਨ ਸੂਚੀ ਬਾਰੇ ਸੋਚ ਨਹੀਂ  ਸਕੇ ਅਤੇ ਦੂਸਰਾ ਕਾਰਨ ਇਹ ਵੀ ਹੈ  ਕਿ ਕਾਂਗਰਸ ਦੇ ਜਨਰਲ ਸਕੱਤਰ ਅਮਰੀਕਾ ਦੌਰੇ ਸਨ ,ਜਿਹਨਾਂ ਨਾਲ ਸੂਚੀ ਨੂੰ ਲੈ ਕੇ ਵਿਚਾਰ  ਵਟਾਂਦਰਾ ਨਹੀਂ ਹੋ ਸਕਿਆ।

No comments:

Post a Comment