Saturday, 10 August 2013

ਰਾਜਸੀ ਗੱਠਜੋੜ

ਵਿਧਾਇਕ ਚੰਨੀ ਤੇ ਸਾਂਸਦ ਬਿੱਟੂ ਹੋਏ ਘਿਓ ਖਿਚੜੀ

ਚੰਡੀਗੜ /ਜੈ ਸਿੰਘ ਛਿੱਬਰ

ਪੰਜਾਬ ਕਾਂਗਰਸ ਦੀ ਸਿਆਸਤ 'ਚ ਹੋਈ ਉਥਲ ਪੁਥਲ ਤੋਂ ਬਾਦ ਵਿਧਾਇਕ ਚਰਨਜੀਤ ਸਿੰਘ ਚੰਨੀ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਵਿੱਚਕਾਰ ਬਣੀ ਸਿਆਸੀ ਕੁੜੱਤਣ ਖਤਮ ਹੋ ਗਈ ਹੈ। ਰੂਪਨਗਰ ਜਿਲ੍ਹੇ ਦੀ ਸਿਆਸਤ ਦੇ ਬਦਲੇ ਸਮੀਕਰਣ ਅਤੇ ਆਗਾਮੀ ਲੋਕ ਸਭਾ ਚੌਣਾਂ ਦੋਵੇਂ ਆਗੂਆਂ ਵਿਚਕਾਰ ਪਿਆਰ ਦਾ ਹੱਥ ਵਧਾਉਣ ਦਾ ਸਬੱਬ ਬਣਿਆ ਹੈ। ਰਾਜਸੀ ਵਿਸ਼ਲੇਸਕਾਂ ਦਾ ਕਹਿਣਾ ਹੈ ਕਿ ਵੋਟ  ਰਾਜਨੀਤੀ ਕਾਰਨ ਹੀ ਚੰਨੀ ਅਤੇ ਬਿੱਟੂ ਨੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਨੇੜ੍ਹੇ ਨੇੜ੍ਹੇ ਹੋਣਾ ਹੀ ਬੇਹਤਰ ਸਮਝਾ ਹੈ।

ਰਾਜਸੀ ਪੰਡਤਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੌਣਾਂ ਦੋਵੋਂ ਆਗੂਆਂ ਨੂੰ ਨੇੜੇ ਲਿਆਉਣ ਦਾ ਕਾਰਨ ਬਣੀਆਂ ਹਨ। ਸੂਤਰ ਦੱਸਦੇ ਹਨ ਕਿ ਵਿਧਾਇਕ ਚਰਨਜੀਤ ਸਿੰਘ ਚੰਨੀ ਲੋਕ ਸਭਾ ਹਲਕਾ ਸ਼ੀ ਫਤਿਹਗੜ ਸਾਹਿਬ (ਰਾਖਵਾਂ) ਤੋਂ ਆਗਾਮੀ ਲੋਕ ਸਭਾ ਚੋਣਾਂ ਲੜਨ ਦਾ ਇੱਛੁਕ ਹੈ। ਉਹ ਟਿਕਟ ਲੈਣ ਲਈ ਦਿੱਲੀ ਵਿੱਚ ਆਪਣੇ ਸਿਆਸੀ ਅਕਾਵਾਂ ਨਾਲ ਜੁਗਾੜਬਾਜੀ ਦੀਆਂ ਗੋਂਦਾ ਵੀ ਗੁੰਦ ਰਿਹਾ ਹੈ। ਜਦੋਂ ਕਿ ਬਿੱਟੂ ਫਿਰ ਤੋਂ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਮੰਨੇ ਜਾਂਦੇ ਹਨ। ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਜਿੱਥੋਂ ਚੰਨੀ ਵਿਧਾਇਕ ਹਨ,ਹਲਕਾ ਆਨੰਦਪੁਰ ਸਾਹਿਬ ਅਧੀਨ ਆਉਂਦਾ ਹੈ ,ਇਸਤੋਂ ਇਲਾਵਾ ਉਸਦਾ ਜੱਦੀ ਘਰ ਖਰੜ੍ਹ ਹੋਣ ਕਰਕੇ ਅਤੇ ਖਰੜ ਨਗਰ ਕੌਂਸਲ ਦਾ ਪ੍ਰਧਾਨ ਰਹਿਣ ਕਰਕੇ ਇਸ ਖੇਤਰ ਵਿੱਚ ਵੀ ਆਧਾਰ ਹੈ। ਦੂਜੇ ਪਾਸੇ ਸ੍ਰੀ ਫਤਿਹਗੜ ਸਾਹਿਬ ਲੋਕ ਸਭਾ ਹਲਕੇ ਵਿੱਚ ਖੰਨਾ ਵਿਧਾਨ ਸਭਾ ਹਲਕਾ ਪੈਂਦਾ ਹੈ,ਜਿੱਥੋਂ ਬਿੱਟੂ ਦਾ ਚਚੇਰਾ ਭਰਾ ਗੁਰਕੀਰਤ ਸਿੰਘ ਕੋਟਲੀ ਵਿਧਾਇਕ ਹੈ। ਯਾਨੀ ਵੋਟ ਬੈਂਕ ਦੀ ਮਜਬੂਰੀ ਨੂੰ ਭਾਂਪਦੇ ਹੋਏ ਦੋਵੇਂ ਨੇਤਾਵਾਂ ਨੇ ਪਿਛਲੇ ਮਤਭੇਦਾਂ ਨੂੰ ਦਰਕਿਨਾਰ ਕਰਦੇ ਹੋਏ ਦੋਸਤੀ ਦਾ ਹੱਥ ਮਿਲਾਉਣ ਵਿੱਚ ਹੀ ਭਲਾ ਸਮਝਿਆ ਹੈ। ਅਜਕੱਲ ਜਿਲੇ ਵਿੱਚ ਦੋਵੇਂ ਆਗੂ ਇਕੱਠੇ ਚੱਲ ਰਹੇ ਹਨ।

ਦੋਵੇਂ ਆਗੂਆਂ ਵਿਚਕਾਰ ਨੇੜਤਾ ਹੋਣ ਦਾ ਵੱਡਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਚੰਨੀ ਅਜਕੱਲ ਪ੍ਰਦੇਸ ਕਾੰਗਰਸ ਦਾ ਮੀਤ ਪ੍ਰਧਾਨ ਹੈ ਅਤੇ ਮਾਲਵਾ ਖ਼ੇਤਰ ਦਾ ਇੰਚਾਰਜ ਵੀ ਹੈ। ਇਹੀ ਨਹੀਂ ਚੰਨੀ ਰੂਪਨਗਰ ਜ਼ਿਲ੍ਹੇ ਦਾ ਇੱਕ ਮਾਤਰ ਕਾਂਗਰਸੀ ਵਿਧਾਇਕ ਹੈ। ਦੋਵੇਂ ਨੇਤਾਵਾਂ ਦੇ ਜ਼ਿਲ੍ਹੇ ਦੇ ਸਿਆਸੀ ਵਿਰੋਧੀ ਵੀ ਇੱਕੋ ਦੱਸੇ ਜਾਂਦੇ ਹਨ। ਇਨ੍ਹਾਂ ਹਾਲਾਤਾਂ ਵਿੱਚ ਦੋਵੇ ਆਗੂ ਰਾਜਨੀਤਿਕ ਸ਼ਕਤੀ ਨੂੰ ਬਣਾਈ ਰੱਖਣ ਲਈ ਨੇੜੇ ਨੇੜੇ ਹੋ ਗਏ ਹਨ।

ਵਰਨਣਯੋਗ ਹੈ ਕਿ ਜਦੋਂ ਚੰਨੀ  ਅਜ਼ਾਦ ਵਿਧਾਇਕ ਸਨ ਤੇ ਅਕਾਲੀ ਦਲ ਨੂੰ ਸਮਰਥਨ ਦਿੱਤਾ ਹੋਇਆ ਸੀ ,ਉਦੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਜੋ ਕਿ ਯੂਥ ਕਾਂਗਰਸ ਦੇ ਪ੍ਰਧਾਨ ਵੀ ਸਨ, ਨੇ ਆਪਣੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਜੀਪੀ (ਹੁਣ ਅਕਾਲੀ ਦਲ) ਨੂੰ ਸਰਪ੍ਰਸਤੀ ਦਿੰਦਿਆ ਹਲਕਾ ਚਮਕੌਰ ਸਾਹਿਬ ਵਿੱਚ ਉਤਾਰਿਆ ਸੀ। ਲੋਕਾਂ ਨੂੰ ਉਮੀਦ ਸੀ ਕਿ ਬਿੱਟੂ ਜੀਪੀ ਨੂੰ ਟਿਕਟ ਦਿਵਾਉਣ ਵਿੱਚ ਮਦਦ ਕਰੇਗਾ। ਬਿੱਟੂ ਦੇ ਕਾਰਨ ਹੀ ਹਲਕੇ ਦੇ ਕਾਂਗਰਸੀ ਲੋਕਾਂ ਨੇ ਜੀਪੀ ਨੂੰ  ਸਮਰਥਨ ਵੀ ਦਿੱਤਾ ਸੀ। ਇਸਤੋਂ ਚੰਨੀ ਖਫਾ ਹੋ ਗਿਆ ਸੀ। ਜਦੋਂ ਕੈਪਟਨ ਅਮਰਿੰਦਰ ਸਿੰਘ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਚੰਨੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਫਿਰ ਵੀ ਦੋਵਾਂ ਵਿੱਚ ਦੂਰ ਬਣੀ ਰਹੀ ਸੀ। ਪੰ੍ਰਤੂ ਚੰਨੀ ਦੇ  ਵਿਧਾਇਕ ਬਣਨ ਅਤੇ ਪ੍ਰਦੇਸ ਕਾਂਗਰਸ ਦਾ ਮੀਤ ਪ੍ਰਧਾਨ ਬਣਨ ਨਾਲ ਅਤੇ ਬਿੱਟੂ ਦੇ ਯੂਥ ਕਾਂਗਰਸ ਦੇ ਪ੍ਰਧਾਨਗੀ ਦਾ ਅਹੁੱਦਾ ਖੁੱਸ ਜਾਣ ਤੋਂ ਬਾਦ ਜਿਲ੍ਹੇ ਦੀ ਸਿਆਸਤ ਦੇ ਸਮੀਕਰਨ ਬਦਲ ਗਏ ਹਨ। 

ਲੋਕ ਸਭਾ ਚੋਣਾ ਨੂੰ ਲੈ ਕੇ ਦੋਵਾਂ ਵਿੱਚ ਬਣੀ ਨੇੜਤਾ ਕਦੋਂ ਤੱਕ ਬਰਕਰਾਰ ਰਹਿੰਦੀ ਹੈ ਇਹ ਤਾਂ ਸਮਾਂ ਦੱਸੇਗਾ ਪ੍ਰੰਤੂ ਅਜਕੱਲ੍ਹ ਦੋਵੇਂ ਘਿਓ ਖਿਚੜੀ ਬਣੇ ਹੋਏ ਹਨ।

1 comment: