ਚੰਡੀਗੜ੍ਹ / ਜੈ ਸਿੰਘ ਛਿੱਬਰ
ਅਕਾਲੀ ਭਾਜਪਾ ਗਠਬੰਧਨ ਸਰਕਾਰ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਕਾਂਗਰਸ ਅਤੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ 'ਤੇ ਸ਼ਬਦੀਂ ਹਮਲਾ ਸ਼ੁਰੂ ਕਰ ਰੱਖਿਆ ਹੈ ,ਉਥੇ ਕਾਂਗਰਸ ਅੰਦਰੂਨੀ ਧੜੇਬੰਦੀ ਤੋਂ ਬਾਹਰ ਨਹੀਂ ਨਿਕਲ ਸਕੀ। ਜਿਸ ਕਰਕੇ ਕਾਂਗਰਸ ਪ੍ਰਧਾਨ ਸ੍ਰ ਬਾਜਵਾ ਨੂੰ ਸਰਕਾਰ ਦੇ ਨਾਲ ਨਾਲ ਪਾਰਟੀ ਦੇ ਨੇਤਾਵਾਂ ਨਾਲ ਵੀ ਨਜਿੱਠਣਾ ਪੈ ਰਿਹਾ ਹੈ। ਇਹਨਾਂ ਦਿਨਾਂ ਵਿੱਚ ਸ੍ਰ ਬਾਜਵਾ ਕਾਫੀ ਕਸੂਤੀ ਸਥਿਤੀ 'ਚ ਫਸੇ ਹੋਏ ਦੱਸੇ ਜਾਂਦੇ ਹਨ। ਸੂਤਰ ਦੱਸਦੇ ਹਨ ਕਿ ਸੱਭ ਤੋਂ ਵੱਡੀ ਚੁਣੌਤੀ ਸ੍ਰ ਬਾਜਵਾ ਲਈ ਅਹੁੱਦੇਦਾਰਾਂ ਦੀ ਲਿਸਟ ਨੂੰ ਪ੍ਰਵਾਨ ਕਰਵਾਉਣਾ ਬਣੀ ਹੋਈ ਹੈ,ਕਿਉਂਕਿ ਪ੍ਰਦੇਸ਼ ਕਾਂਗਰਸ ਦੀ ਕਾਰਜ਼ਕਾਰਨੀ ਨੂੰ ਲੈ ਕੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਮੀਤ ਪ੍ਰਧਾਨਾਂ ਅਤੇ ਸਰਕਾਰ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਤੋਂ ਵੀ ਸਹਮਤੀ ਲੈਣ ਦੀ ਗੱਲ ਆਖੀ ਹੈ। ਰਾਹੁਲ ਦੇ ਨਵੇਂ ਦਿਸ਼ਾ ਨਿਰਦੇਸ਼ ਤੋ ਬਾਦ ਸਾਰੇ ਆਗੂ ਆਪੋ- ਆਪਣੇ ਸਮਰਥਕਾਂ ਨੂੰ ਪਾਰਟੀ ਵਿੱਚ ਅਡਜਸਟ ਕਰਵਾਉਣ ਨੂੰ ਲੈ ਕੇ ਹਾਈਕਮਾਂਡ ਤੱਕ ਪਹੁੰਚ ਕਰ ਰਹੇ ਹਨ। ਕਾਂਗਰਸ ਦੇ ਬੁਲਾਰੇ ਸੁਖਪਾਲ ਖਹਿਰਾ ਹੀ ਖੁੱਲ ਕੇ ਅਕਾਲੀ ਭਾਜਪਾ ਸਰਕਾਰ ਦੇ ਖਿਲਾਫ ਬੋਲ ਰਹੇ ਹਨ ਜਦੋਂ ਕਿ ਬਾਕੀ ਦੇ ਆਗੂ ਅਜੇ ਤੇਲ ਦੇਖੋਂ ਤੇਲ ਦੀ ਧਾਰ ਦੇਖੋ ਦੀ ਰਣਨੀਤੀ ਤੇ ਚੱਲ ਰਹੇ ਹਨ।
ਦੂਜੇ ਪਾਸੇ ਗਠਜੋੜ ਸਰਕਾਰ ਨੇ ਕਾਂਗਰਸ ਤੇ ਹਮਲਾ ਬੋਲਦਿਆਂ ਜਿੱਥੇ ਅਖਬਾਰਾਂ ਵਿੱਚ ਸਰਕਾਰ ਦੀ ਪ੍ਰਾਪਤੀਆਂ ਨੂੰ ਲੈ ਕੇ ਇਸ਼ਤਿਹਾਰ ਛਪਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ,ਉਥੇ ਮੰਤਰੀਆਂ ਦੇ ਨਾਮ 'ਤੇ ਵਿਕਾਸ ਕਾਰਜਾ ਨੂੰ ਲੈ ਕੇ ਅਤੇ ਕਾਂਗਰਸ ਦੀ ਨੁਕਤਾਚੀਨੀ ਦੇ ਬਿਆਨਾਂ ਦੀ ਵੀ ਗਿਣਤੀ ਅੱਜਕੱਲ ਵੱਧ ਗਈ ਹੈ। ਇੱਥੇ ਹੀ ਬਸ ਨਹੀਂ ਭਾਜਪਾ ਨਾਲ ਸੰਬੰਧਿਤ ਭਾਰਤੀਆ ਯੁਵਾ ਮੋਰਚਾ ਦੇ ਕਾਰਕੁੰਨਾ ਵਲੋਂ ਬੀਤੇ ਦਿਨ ਸਸਤੇ ਭੋਜਨ ਨੂੰ ਲੈ ਕੇ ਪੇਸ਼ ਕੀਤੇ ਅੰਕੜਿਆਂ ਨੂੰ ਲੈ ਕੇ ਕਾਂਗਰਸੀ ਆਗੂਆਂ ਦੇ ਘਰਾਂ ਅੱਗੇ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭਾਵੇਂ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕਾਂਗਰਸ 'ਤੇ ਹਮਲੇ ਕੀਤੇ ਜਾਂਦੇ ਹਨ ,ਪਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ,ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ,ਸੰਸਦ ਮੈਂਬਰ ਪਰਨੀਤ ਕੌਰ ਬਾਦਲ ਅਤੇ ਸਰਕਾਰ 'ਚ ਸ਼ਾਮਲ ਕਈ ਮੰਤਰੀਆਂ ਵਲੋਂ ਕਾਂਗਰਸ ਦੇ ਨਾਲ ਨਾਲ ਬਾਜਵਾ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਵਲੋਂ ਸਮੇਂ ਸਮੇਂ ਅਕਾਲੀ ਦਲ ,ਭਾਜਪਾ ਆਗੂਆਂ ਅਤੇ ਸਰਕਾਰ ਦੀਆਂ ਨੀਤੀਆਂ ਦੀਆਂ ਨੁਕਤਾਚੀਨੀ ਕਰਦਿਆਂ ਜਵਾਬ ਦਿੱਤਾ ਜਾ ਰਿਹਾ ਹੈ। ਪ੍ਰੰਤੂ ਜਿਸ ਢੰਗ ਨਾਲ ਅਕਾਲੀ ਭਾਜਪਾ ਗਠਜੋੜ ਦੇ ਆਗੂਆਂ ਵਲੋਂ ਕਾਂਗਰਸ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ ,ਉਸ ਮੁਕਾਬਲੇ ਕਾਂਗਰਸ ਕਾਫੀ ਪਛੜੀ ਹੋਈ ਹੈ। ਇੱਕ ਤਰਾਂ ਨਾਲ ਪ੍ਰਤਾਪ ਸਿੰਘ ਬਾਜਵਾ ਇਕੱਲੇ ਹੀ ਰਹਿ ਗਏ ਹਨ , ਸੁਖਪਾਲ ਖਹਿਰਾ ਪਾਰਟੀ ਦਾ ਬੁਲਾਰਾ ਹੋਣ ਦੇ ਨਾਤੇ ਸਰਕਾਰ 'ਤੇ ਹਮਲਾ ਕਰਦੇ ਹਨ। ਜਦੋਂ ਕਿ ਪਾਰਟੀ ਦੇ ਸੀਨੀਅਰ ਆਗੂ ਜਿਹਨਾਂ ਵਿੱਚ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ,ਬੀਬੀ ਰਾਜਿੰਦਰ ਕੌਰ ਭੱਠਲ ,ਸਮਸ਼ੇਰ ਸਿੰਘ ਦੁਲੋਂ ,ਮਹਿੰਦਰ ਸਿੰਘ ਕੇਪੀ,ਲਾਲ ਸਿੰਘ,ਬ੍ਰਹਮ ਮਹਿੰਦਰਾ,ਚੋਧਰੀ ਜਗਜੀਤ ਸਿੰਘ,ਰਾਣਾ ਗੁਰਜੀਤ ਸਿੰਘ ਸਮੇਤ ਪਾਰਟੀ ਦੇ ਸੰਸਦ ਮੈਂਬਰਾਂ ਵਲੋਂ ਇੱਕ ਤਰਾਂ ਨਾਲ ਚੁੱਪ ਹੀ ਧਾਰ ਰੱਖੀ ਹੈ। ਬਾਜਵਾ ਨੂੰ ਆਉਂਦੇ ਦਿਨਾਂ ਵਿੱਚ ਅਕਾਲੀ ਭਾਜਪਾ ਸਰਕਾਰ ਦਾ ਮੂੰਹ ਮੋੜਵਾਂ ਜਵਾਬ ਦੇਣ ਅਤੇ ਕਾਂਗਰਸ 'ਚ ਅੰਦਰੂਨੀ ਗੁੱਟਬੰਦੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਮੁਕਾਬਲਾ ਕਰਨ ਲਈ ਪਾਰਟੀ ਦੇ ਸਾਬਕਾ ਪ੍ਰਧਾਨਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਹੀ ਭਲਾਈ ਹੈ।
No comments:
Post a Comment