Friday, 14 September 2018

ਕਾਲਾ ਪੀਲੀਆ ਨੇ ਪੈਰ ਪਸਾਰੇ, ਤੈਨੂੰ ਫਿਕਰ ਨਾ ਕੋਈ ਸਰਕਾਰੇ


25 ਮਹੀਨਿਆਂ 'ਚ 48737 ਮਰੀਜ਼ਾਂ ਦੀ ਹੋਈ ਪਹਿਚਾਣ 
ਸੰਗਰੂਰ 'ਚ ਸੱਭ ਤੋਂ ਵੱਧ, ਪਠਾਨਕੋਟ 'ਚ ਸੱਭ ਤੋਂ ਘੱਟ ਮਰੀਜ਼ 

ਜੈ ਸਿੰਘ ਛਿੱਬਰ,
ਚੰਡੀਗੜ੍ਹ 
ਪੰਜਾਬ ਵਿਚ ਕਾਲਾ ਪੀਲੀਆ (ਹੈਪੇਟਾਈਟਸ ਸੀ) ਬਹੁਤ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਪੰਜਾਬ ਦਾ ਕੋਈ ਵੀ ਜਿਲ੍ਹਾ ਇਸ ਬੀਮਾਰੀ ਦੀ ਲਪੇਟ ਤੋਂ ਬਚਿਆ ਨਹੀਂ ਹੈ ਅਤੇ ਰੋਜ਼ਾਨਾ 60 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ 25 ਮਹੀਨਿਆਂ ਵਿਚ 48737 ਮਰੀਜ਼ ਹੈਪੇਟਾਈਟਸ ਸੀ ਦੇ ਸ਼ਿਕਾਰ ਹੋਏ ਹਨ। ਮਾਲਵਾ ਅਤੇ ਮਾਝਾ ਦੇ ਜਿਲ੍ਹਿਆਂ ਵਿਚ ਸੱਭਤੋਂ ਵੱਧ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ। ਪਠਾਨਕੋਟ ਜਿਲ੍ਹੇ ਵਿਚ ਕੇਵਲ 86 ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ ਜਦੋਂਕਿ ਸੰਗਰੂਰ ਵਿਚ ਸੱਭਤੋਂ ਵੱਧ 7158 ਮਰੀਜ਼ ਸਾਹਮਣੇ ਆਏ ਹਨ। 
ਸਿਹਤ ਮਾਹਿਰਾ ਦਾ ਮੰਨਣਾ ਹੈ ਕਿ ਹੈਪੇਟਾਈਟਸ ਸੀ ਦੇ ਫੈਲਾਅ ਦਾ ਕਾਰਨ ਹੈਪੇਟਾਈਟਸ ਬੀ ਤੋਂ ਸੀ ਹੋਣਾ ਜਾਂ ਫਿਰ ਸਰਿੰਜ ਦੀ ਇਕ ਤੋਂ ਵੱਧ ਵਿਅਕਤੀਆਂ ਵਲੋ ਵਰਤੋ ਕਰਨਾ ਹੈ। ਸਿਹਤ ਮਾਹਿਰ ਡਾ ਪਿਆਰਾ ਲਾਲ ਗਰਗ ਅਨੁਸਾਰ ਇੰਨੇ ਵੱਡੇ ਅੰਕੜੇ ਦੱਸਦੇ ਹਨ ਕਿ ਪੰਜਾਬ ਵਿਚ ਨਸ਼ਿਆਂ ਖਾਸਕਰਕੇ ਇਕ ਨਸ਼ੇੜੀ ਵਲੋਂ ਵਰਤੀ ਗਈ ਸਰਿੰਜ ਦਾ ਦੂਸਰੇ ਵਿਅਕਤੀ ਵਲੋਂ ਵਰਤਣ ਦਾ ਰੁਝਾਨ ਨਿਰੰਤਰ ਜਾਰੀ ਹੈ। ਹਾਲਾਂਕਿ ਸਿਹਤ ਵਿਭਾਗ ਵਲੋਂ ਮੰਗੀ ਗਈ ਮੁਕੰਮਲ ਸੂਚਨਾ ਉਪਲਬਧ ਨਹੀਂ ਕਰਵਾਈ ਗਈ ਫਿਰ ਵੀ ਸਟੇਟ ਪ੍ਰੋਗਰਾਮ ਅਫਸਰ (ਐਸ.ਸੀ.ਵੀ) ਵਲੋਂ ਜੋ ਸੂਚਨਾ ਮੁਹੱਈਆ ਕਰਵਾਈ ਗਈ ਹੈ, ਉਸਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸੂਚਨਾ ਅਨੁਸਾਰ 16 ਜੂਨ 2016 ਤੋਂ 31 ਦਸੰਬਰ 2016 ਤੱਕ 19456 ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ। ਇਸੀ ਤਰ੍ਹਾਂ ਇਕ ਜਨਵਰੀ 2017 ਤੋਂ 31 ਦਸੰਬਰ ਤੱਕ 19922 ਅਤੇ ਜਨਵਰੀ 2018 ਤੋਂ 10 ਜੁਲਾਈ 2018 ਤੱਕ 9359  ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ। ਇਹ ਮਰੀਜ਼ ਉਹ ਹਨ ਜਿਹੜੇ ਪੰਜਾਬ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿਚ ਰਜਿਸਟਰਡ ਹੋਏ ਹਨ, ਜਦੋਂ ਕਿ ਕਾਲਾ ਪੀਲੀਆਂ ਦੇ ਸ਼ਿਕਾਰ ਲੋਕਾਂ, ਮਰੀਜ਼ਾਂ ਦੀ ਵੱਧ ਗਿਣਤੀ ਦੇ ਅਨੁਮਾਨ ਨੂੰ ਨਕਾਰਿਆ ਨਹੀਂ ਜਾ ਸਕਦਾ। 

ਇਵੇਂ ਫੈਲਦਾ ਹੈ ਕਾਲਾ ਪੀਲੀਆ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹੈਪੇਟਾਈਟਸ ਬੀ ਗੰਦੇ ਪਾਣੀ ਖਾਸਕਰਕੇ ਸੀਵਰੇਜ ਦੀ ਮਿਲਾਵਟ ਵਾਲੇ ਗੰਦੇ ਪਾਣੀ ਨਾਲ ਫੈਲਦਾ ਹੈ। ਅਗਰ ਹੈਪੇਟਾਈਟਸ ਬੀ ਦੇ ਮਰੀਜ਼ਾਂ ਦਾ ਖੂਨ ਜਾਂ ਸਰਿੰਜ ਕਿਸੇ ਹੋਰ ਵਿਅਕਤੀ 'ਤੇ ਲਗਾ ਦਿੱਤੀ ਜਾਂਦੀ ਹੈ ਤਾਂ ਸਬੰਧਿਤ ਵਿਅਕਤੀ ਹੈਪੇਟਾਈਟਸ ਸੀ (ਕਾਲਾ ਪੀਲੀਆ) ਦਾ ਮਰੀਜ਼ ਹੋ ਜਾਂਦਾ ਹੈ। ਜੇਕਰ ਮਰੀਜ਼ ਦਾ ਸਹੀ ਸਮੇਂ ਇਲਾਜ਼ ਨਹੀਂ ਹੁੰਦਾ ਤਾਂ ਮਰੀਜ਼ ਜਹਾਨੋ ਕੂਚ ਵੀ ਕਰ ਜਾਂਦਾ ਹੈ। 

ਸੰਗਰੂਰ 'ਚ ਸੱਭ ਤੋਂ ਵੱਧ 7158 ਪਠਾਨਕੋਟ 'ਚ ਸੱਭ ਤੋਂ ਘੱਟ 86 ਮਰੀਜ਼ 
ਅੰਕੜਿਆਂ ਅਨੁਸਾਰ ਸੱਭਤੋਂ ਵੱਧ ਸੰਗਰੂਰ ਜਿਲ੍ਹੇ ਵਿਚ 7158 ਅਤੇ ਸੱਭਤੋਂ ਘੱਟ ਪਠਾਨਕੋਟ ਜਿਲ੍ਹੇ ਵਿਚ 86 ਮਰੀਜ਼ ਰਜਿਸਟਰਡ ਹੋਏ ਹਨ। ਜਦੋਂ ਕਿ ਅੰਮ੍ਰਿਤਸਰ ਵਿਚ 2894, ੂਬਠਿੰਡਾ 3435, ਬਰਨਾਲਾ 2012, ਫਰੀਦਕੋਟ 3797, ਸ੍ਰੀ ਫਤਿਹਗੜ ਸਾਹਿਬ 717, ਫਾਜੀਲਿਕਾ 1335, ਫਿਰੋਜਪੁਰ 1876, ਗੁਰਦਾਸਪੁਰ 1119, ਹੁਸ਼ਿਆਰਪੁਰ 1051, ਜਲੰਧਰ 1347, ਕਪੂਰਥਲਾ 865, ਲੁਧਿਆਣਾ 2755, ਮਾਨਸਾ 2600, ਮੋਗਾ 3467, ਮੁਕਤਸਰ 3938,ਪਟਿਆਲਾ 1908, ਰੂਪਨਗਰ 378, ਮੋਹਾਲੀ 290, ਨਵਾਂਸ਼ਹਿਰ 1458 ਅਤੇ ਤਰਨ ਤਾਰਨ ਵਿਖੇ 4251 ਮਰੀਜ਼ ਰਜਿਸਟਰਡ ਕੀਤੇ ਗਏ ਹਨ। ਸਿਹਤ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਇਹ ਮਰੀਜ਼ ਸਿਰਫ ਸਰਕਾਰੀ ਹਸਪਤਾਲਾਂ ਵਿਚ ਇਲਾਜ਼ ਕਰਵਾਉਣ ਵਾਲਿਆਂ ਦੇ ਹਨ, ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਜਾਂ ਪੰਜਾਬ ਤੋਂ ਬਾਹਰ ਇਲਾਜ਼ ਕਰਵਾਉਣ ਵਾਲਿਆਂ ਦਾ ਸਿਹਤ ਵਿਭਾਗ ਕੋਈ ਰਿਕਾਰਡ ਨਹੀਂ ਹੈ।

No comments:

Post a Comment