ਜੈ ਸਿੰਘ ਛਿੱਬਰ
ਚੰਡੀਗੜ੍ਹ : ਸਭਿਆਚਾਰ ਮਾਮਲੇ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਅਕਾਲੀ ਆਗੂਆਂ ਨੂੰ ਸਿਆਸਤ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਫੋਨ ਕਰਵਾਉਣ ਤੇ ਪੱਤਰ ਭਿਜਵਾਉਣ ਦੀ ਸਲਾਹ ਦਿੱਤੀ ਹੈ।
ਬੁੱਧਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਸਿੱਖਾਂ, ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ, ਇਸ ਮੁੱਦੇ 'ਤੇ ਸਿਆਸਤ ਕਰਨ ਦੀ ਬਜਾਏ ਸੁਖਬੀਰ ਤੇ ਹਰਸਿਮਰਤ ਕੌਰ ਬਾਦਲ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਫੋਨ ਕਰਵਾਉਣਾ ਚਾਹੀਦਾ ਹੈ, ਜਿਵੇਂ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਾ ਫੋਨ ਕੀਤਾ ਸੀ। ਸਿੱਧੂ ਨੇ ਕਿਹਾ ਕਿ ਪਾਕਿਸਤਾਨ 'ਚ ਸਰਕਾਰ ਬਦਲੀ ਹੈ ਤੇ ਸਰਕਾਰ ਦਾ ਰਵੱਈਆ ਵੀ ਬਦਲਾ ਹੈ, ਇਸ ਤਰ੍ਹਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਬਲਕਿ ਰੰਗ 'ਚ ਭੰਗ ਪਾਉਣ ਦੀ ਬਜਾਏ ਸਹਿਯੋਗੀ ਬਣਕੇ ਅੱਗੇ ਆਉਣਾ ਚਾਹੀਦਾ ਹੈ।
ਸੁਖਬੀਰ ਬਾਦਲ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਸਿੱਖ ਪੰਥ ਦੇ ਖੈਰ ਖਵਾਹ ਬਣਨ ਵਾਲਿਆਂ ਦੇ ਰਾਜ ਵਿਚ ਸਿੱਖਾਂ 'ਤੇ ਗੋਲੀਆਂ ਚੱਲੀਆਂ, ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਸੀ। ਉਨ੍ਹਾਂ ਕਿਹਾ ਕਿ ਜੇ ਲੰਬੇ ਸਮੇਂ ਬਾਅਦ ਪਾਕਿਸਤਾਨ ਲਾਂਘਾ ਖੋਲ੍ਹਣ ਲਈ ਰਾਜ਼ੀ ਹੋਇਆ ਹੈ ਤਾਂ ਪਾਕਿਸਤਾਨ ਤੋਂ ਭੈਡੂ ਲਿਆਉਣ ਵਾਲੇ ਅੱਜ ਹੋਛੀ ਰਾਜਨੀਤੀ ਕਰਦੇ ਹੋਏ ਉਸਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾ ਰਹੇ ਹਨ।
ਸਿੱਧੂ ਨੇ ਕਿਹਾ ਕਿ ਉਹ ਸਿੱਖਾਂ ਨਾਲ ਜੁੜੇ ਇਸ ਮੁੱਦੇ 'ਤੇ ਸਿਰ ਝੁਕਾ ਕੇ ਪਿੱਛੇ ਲੱਗਣ ਨੂੰ ਤਿਆਰ ਹੈ ਅਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਰਾਜਨੀਤੀ ਕਰਨ ਦੀ ਬਜਾਏ ਸੜਕਾਂ 'ਤੇ ਉਤਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਿਰਕੂ ਗੱਲਾਂ ਨੂੰ ਲੋਕ ਸਮਝ ਚੁੱਕੇ ਹਨ ਇਸ ਲਈ ਸਿੱਖ ਪੰਥ ਦਾ ਖੈਰ ਖਵਾਹ ਬਣਨ ਵਾਲਿਆਂ ਨੂੰ ਕੌਮ ਲਈ ਵੱਡਾ ਪੁੰਨ ਦਾ ਕੰਮ ਕਰਨਾ ਚਾਹੀਦਾ ਹੈ।
ਆਪ ਦੇ ਬਾਗੀ ਨੇਤਾ ਸੁਖਪਾਲ ਖਹਿਰਾ ਵਲੋਂ ਸਰਬ ਪਾਰਟੀ ਮੀਟਿੰਗ ਬਲਾਉਣ ਦੇ ਮੁੱਦੇ 'ਤੇ ਕਿਹਾ ਕਿ ਉਹ ਇਸ ਮੁੱਦੇ 'ਤੇ ਪਾਰਟੀ ਪ੍ਰਧਾਨ ਨਾਲ ਗੱਲਬਾਤ ਕਰਕੇ ਫੈਸਲਾ ਲੈਣਗੇ।
ਬਾਕਸ --
ਜੱਫੀ ਸਾਜਿਸ਼ ਨਹੀਂ
ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਪਾਕਿ ਸੈਨਾ ਮੁਖੀ ਨੂੰ ਜੱਫੀ ਪਾਉਣਾ ਸਾਜਿਸ਼ ਨਹੀਂ। ਜੱਫੀ ਰਾਫੇਲ ਡੀਲ ਨਹੀਂ, ਜੱਫੀ ਸਿੱਖਾਂ 'ਤੇ ਚੱਲਣ ਵਾਲੀ ਗੋਲੀ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਾਫੀ ਸਾਲਾਂ ਬਾਅਦ ਭਾਰਤ ਪਾਕਿਸਤਾਨ ਦਾ ਮੈਚ ਹੋਣ ਜਾ ਰਿਹਾ ਕੀ ਹੁਣ ਭਾਰਤੀ ਖਿਡਾਰੀ ਜਾਂ ਹੋਰ ਜੱਫੀ ਪਾਉਣ ਦੀ ਬਜਾਏ ਪਿੱਠ ਮੋੜਕੇ ਖੜਨਗੇ?
No comments:
Post a Comment