ਕੈਦੀਆਂ ਦੀਆਂ ਪੀੜਾਂ ਨੇ ਕੈਪਟਨ ਨੂੰ ਧੁਰ ਅੰਦਰ ਤੱਕ ਹਲੂਣਿਆਂ
ਪੋਣਾਂ ਘੰਟਾ ਕੈਦੀਆਂ ਦਾ ਦਰਦ ਸੁਣਦੇ ਰਹੇ ਕੈਪਟਨ
ਜੈ ਸਿੰਘ ਛਿੱਬਰ,
ਚੰਡੀਗੜ੍ਹ :
ਦੋ ਮਹੀਨੇ ਦਾ ਬੱਚਾ ਮਰੀ ਮਾਂ ਦਾ ਦੁੱਧ ਪੀ ਰਿਹਾ ਸੀ। ਇਕ ਫੌਜੀ ਨੇ ਬੱਚੇ ਨੂੰ ਚੁੱਕਿਆ ਤੇ ਅਸਮਾਨ ਵੱਲ ਸੁੱਟਿਆ .. ਦੂਜੇ ਨੇ ਗੋਲੀ ਮਾਰ ਕੇ ਚਿੱਥੜੇ ਉਡਾ ਦਿੱਤੇ। 48 ਘੰਟੇ ਉਹ ਅਲਫ਼ ਨੰਗੇ ਤਪਦੇ ਫਰਸ਼ 'ਤੇ ਬੈਠੇ ਰਹੇ। ਕਈ ਕਈ ਘੰਟੇ ਉਨ੍ਹਾਂ ਨੂੰ ਪੁੱਠੇ ਟੰਗ ਕੇ ਤਸੀਹੇ ਦਿੱਤੇ ਗਏ। ਜੋਧਪੁਰ ਜੇਲ੍ਹ ਵਿਚ ਬੰਦ ਰਹੇ ਕੈਦੀਆਂ ਦੀਆਂ ਅਜਿਹੀਆਂ ਦਰਦ ਭਰੀਆਂ ਕਹਾਣੀਆਂ ਸੁਣਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਧੁਰ ਅੰਦਰੋਂ ਤੱਕ ਹਲੂਣੇ ਗਏ।
ਭਾਵੇਂ ਰਾਜਸੀ ਵਿਰੋਧੀ ਪੰਜਾਬ ਸਰਕਾਰ ਵਲੋਂ ਜੋਧਪੁਰ ਜੇਲ੍ਹ ਵਿਚ ਬੰਦ ਰਹੇ ਕੈਦੀਆਂ ਨੂੰ ਮੁਆਵਜ਼ਾ ਰਾਸ਼ੀ ਦੇ ਚੈਕ ਵੰਡਣ ਦੀ ਰਸਮ ਨੂੰ ਸਿਆਸਤ ਨਾਲ ਜੋੜਕੇ ਦੇਖ ਰਹੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਜੇਲ੍ਹ 'ਚ ਬੰਦ ਰਹੇ ਕੈਦੀਆਂ ਦੀ ਪੀੜ੍ਹਾਂ ਦੀ ਕਹਾਣੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਧੁਰ ਅੰਦਰ ਤੱਕ ਹਲੂਣ ਦਿੱਤਾ। ਕੈਪਟਨ ਨੇ ਕਰੀਬ ਪੌਣਾਂ ਘੰਟੇ ਤੱਕ ਜਦੋਂ ਸਿੱਖ ਕੈਦੀਆਂ ਦੀਆਂ ਪੀੜਾਂ ਸੁਣੀਆਂ ਤਾਂ ਇਕ ਅਧਿਕਾਰੀ ਦੀਆਂ ਅੱਖਾਂ ਵਿਚ ਹੰਝੂ ਵੱਗ ਪਏ ਸਨ।
ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਦਿਨ ਜਦੋਂ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਜੋਧਪੁਰ ਜੇਲ੍ਹ 'ਚ ਬੰਦ ਰਹੇ ਕੈਦੀਆਂ ਦੀ ਕਮੇਟੀ ਦੇ ਮੁਖੀ ਜਸਬੀਰ ਸਿੰਘ ਘੁੰਮਣ ਮੈਂਬਰ ਵਰਕਿੰਗ ਕਮੇਟੀ ਸ੍ਰੋਮਣੀ ਅਕਾਲੀ ਦਲ, ਵਸਣ ਸਿੰਘ, ਤਰਸੇਮ ਸਿੰਘ ਖੇਲ੍ਹਾ, ਰਾਮ ਸਿੰਘ, ਗੁਰਦਰਸ਼ਨ ਸਿੰਘ ਸਾਬਕਾ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਤਾਂ ਇਕ ਘੰਟੇ ਕੈਦੀਆਂ ਦੀ ਵਿਥਿਆਂ ਸੁਣਕੇ ਕੈਪਟਨ ਅਮਰਿੰਦਰ ਸਿੰਘ ਧੁਰ ਅੰਦਰੋਂ ਤੱਕ ਹਲੂਣੇ ਗਏ। ਸਿੱਖ ਕੈਦੀਆਂ ਦੀ ਜੋਖਮ ਭਰੀ, ਬੇਹੱਦ ਤਸ਼ੱਸਦ ਦੀ ਕਹਾਣੀ ਸੁਣਕੇ ਮੁੱਖ ਮੰਤਰੀ ਭਾਵੁਕ ਹੋ ਗਏ ਸਨ।
ਮਰੀ ਮਾਂ ਦੁੱਧ ਚੁੰਘਦਾ ਬੱਚਾ ਵੀ ਹੋਇਆ ਸੀ ਗੋਲੀ ਦਾ ਸ਼ਿਕਾਰ---
ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਸਬੀਰ ਸਿੰਘ ਘੁੰਮਣ ਨੇ ਮੁੱਖ ਮੰਤਰੀ ਨੂੰ ਫੌਜੀ ਕਾਰਵਾਈ ਦਾ ਅੱਖੀਂ ਦੇਖਿਆ ਹਾਲ ਦੱਸਿਆ ਕਿ ਸਾਕਾ ਨੀਲਾ ਤਾਰਾ ਦੌਰਾਨ ਦੋ ਮਹੀਨੇ ਦਾ ਬੱਚਾ ਆਪਣੀ ਮਰੀ ਮਾਂ ਦਾ ਦੁੱਧ ਪੀ ਰਿਹਾ ਸੀ ਤਾਂ ਇਕ ਫੌਜੀ ਨੇ ਬੱਚੇ ਨੂੰ ਚੁੱਕ ਕੇ ਅਸਮਾਨ ਵੱਲ ਸੁੱਟਿਆ ਤੇ ਦੂਜੇ ਨੇ ਗੋਲੀ ਮਾਰ ਕੇ ਬੱਚੇ ਦੇ ਚਿੱਥੜੇ ਉਡਾ ਦਿੱਤੇ। ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ, ਜੋ ਖੁਦ ਆਲ ਇੰਡੀਆਂ ਸਿੱਖ ਸਟੂਡੈੰਟਸ ਫੇਡਰੇਸ਼ਨ ਦੇ ਪ੍ਰਧਾਨ ਰਹੇ ਹਨ, ਨੇ ਦੱਸਿਆ ਕਿ ਉਸ ਸਮੇਤ ਕਈ ਕੈਦੀਆਂ ਨੂੰ 48 ਘੰਟੇ ਤੱਕ ਤਪਦੀ ਧੁੱਪ ਵਿਚ ਅਲਫ ਨੰਗੇ ਕਰਕੇ ਬਿਠਾਇਆ ਗਿਆ ਸੀ। 24 ਘੰਟੇ ਲਈ ਸਿਰਫ ਪੰਜ ਲੀਟਰ ਪਾਣੀ ਦਿੱਤਾ ਗਿਆ। ਜਸਬੀਰ ਸਿੰਘ ਘੁੰਮਣ ਦੱਸਦੇ ਹਨ ਕਿ ਦਰਬਾਰ ਸਾਹਿਬ 'ਚ ਲਾਸ਼ਾਂ ਦੇ ਢੇਰ, ਸਰੋਵਰ ਦਾ ਬਦਰੰਗ ਹੋਇਆ ਪਾਣੀ ਦਾ ਦ੍ਰਿਸ਼ ਜਦੋਂ ਸਾਹਮਣੇ ਆਉਂਦਾ ਹੈ ਤਾਂ ਉਸਦੇ ਰੌਂਗਟੇ ਖੜੇ ਹੋ ਜਾਂਦੇ ਹਨ।
ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਵੀ ਦਿੱਤਾ ----
ਜਸਬੀਰ ਸਿੰਘ ਘੁੰਮਣ ਨੇ ਦਿਲ ਕੰਬਾਊ ਘਟਨਾ ਸੁਣਾਉਂਦਿਆਂ ਕਿਹਾ ਕਿ ਪੰਜ ਸਾਲ ਬਾਅਦ ਜੋਧਪੁਰ ਜੇਲ੍ਹ ਤੋਂ ਰਿਹਾ ਕੀਤਾ ਗਿਆ। ਜਿਉਂ ਹੀ ਪੁਲਿਸ ਨੇ ਉਨ੍ਹਾਂ ਨੂੰ ਆਦਮਪੁਰ ਹਵਾਈ ਅੱਡੇ 'ਤੇ ਛੱਡਿਆਂ ਤਾਂ ਉਸ ਸਮੇਂ ਦੇ ਪੁਲਿਸ ਮੁਖੀ ਕੇ.ਪੀ.ਐਸ ਗਿੱਲ ਨੇ ਆਦਮਪੁਰ ਤੋਂ ਫਿਰ ਗ੍ਰਿਫਤਾਰ ਕਰ ਲਿਆ ਅਤੇ ਜਲੰਧਰ ਜੇਲ੍ਹ ਵਿਚ ਇਕ ਰਾਤ ਬੰਦ ਰੱਖਿਆ। ਦੂਜੇ ਦਿਨ ਵਾਰੰਟ ਲੈ ਕੇ ਉਸਨੂੰ ਗੁਰਦਾਸਪੁਰ ਲਿਜਾ ਕੇ ਤਸ਼ੱਦਦ ਕੀਤਾ ਗਿਆ ਤੇ ਦੋ ਹੱਤਿਆ ਦੇ ਝੂਠੇ ਕੇਸ ਦਰਜ ਕਰ ਦਿੱਤੇ ਗਏ। ਫਿਰ ਬਟਾਲਾ ਵਿਖੇ ਵਾਪਰੀ ਇਕ ਲੁੱਟ ਦੀ ਘਟਨਾਂ ਵੀ ਉਸਦੇ ਸਿਰ ਮੜ ਦਿੱਤੀ ਗਈ। ਇਹੀ ਨਹੀਂ ਪੁਲਿਸ ਨੇ ਅਖ਼ਬਾਰਾਂ ਵਿਚ ਉਸਦੇ ਮੁਕਾਬਲੇ ਵਿਚ ਮਾਰੇ ਜਾਣ ਦੀ ਖ਼ਬਰ ਤੱਕ ਵੀ ਛਪਵਾ ਦਿੱਤੀ ਸੀ।
ਵਸਣ ਸਿੰਘ ਦੀ ਲੱਤ 'ਚ ਹੁਣ ਵੀ ਗੋਲੀ ਫਸੀ ਹੈ---
ਸਿੱਖ ਕੈਦੀਆਂ ਵਿਚ ਵਸਣ ਸਿੰਘ ਇਕ ਅਜਿਹਾ ਵਿਅਕਤੀ ਹੈ, ਜਿਸਦੇ ਖੱਬੇ ਪੱਟ ਵਿਚ ਅਜੇ ਵੀ ਗੋਲੀ (ਬੁਲਟ) ਫਸੀ ਹੋਈ ਹੈ। ਵਸਣ ਸਿੰਘ ਦੱਸਦਾ ਹੈ ਕਿ ਗੋਲੀ ਉਸਦੇ ਸੱਜੀ ਲੱਤ ਵਿਚੋਂ ਆਰ ਪਾਰ ਹੋ ਕੇ ਖੱਬੇ ਪੱਟ ਵਿਚ ਫਸ ਗਈ ਪਰ ਫੌਜ ਨੇ ਉਸਦੀ ਗੋਲੀ ਨਹੀਂ ਕਢਵਾਉਣ ਦਿੱਤੀ। ਬੱਸ ਮੱਲ੍ਹਮ ਪੱਟੀ ਕੀਤੀ ਗਈ ਜਿਸ ਕਰਕੇ ਗੋਲੀ ਪੱਟ ਦੇ ਮਾਸ ਵਿਚ ਫਸ ਗਈ।
28 ਸਾਲ ਬਾਅਦ ਮਿਲਿਆ ਚਾਰ ਲੱਖ ਨਿਗੁਣਾ ਮੁਆਵਜਾ--
ਜਸਬੀਰ ਸਿੰਘ, ਵਸਣ ਸਿੰਘ, ਗੁਰਦਰਸ਼ਨ ਸਿੰਘ ਤੇ ਹੋਰਾਂ ਦਾ ਕਹਿਣਾ ਹੈ ਕਿ ਕਾਨੂੰਨੀ ਲੜਾਈ ਲੜਦੇ ਲੜਦੇ 100 ਦੇ ਕਰੀਬ ਪੀੜਤ ਰੱਬ ਨੂੰ ਪਿਆਰੇ ਹੋ ਗਏ। ਬੱਸ 40 ਸਿੱਖਾਂ ਨੂੰ ਅਦਾਲਤ ਨੇ 28 ਸਾਲ ਬਾਅਦ ਚਾਰ ਲੱਖ ਰੁਪਏ ਮੁਆਵਜ਼ਾ ਅਤੇ ਵਿਆਜ਼ ਸਮੇਤ ਰਾਸ਼ੀ ਦੇਣ ਦੇ ਆਦੇਸ਼ ਦਿੱਤੇ ਹਨ। ਪਰ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਕੋਰਟ ਦੇ ਫੈਸਲੇ ਖਿਲਾਫ਼ ਹਾਈਕੋਰਟ ਵਿਚ ਅਪੀਲ ਦਾਇਰ ਕਰ ਦਿੱਤੀ ਹੈ। ਜਿਸਦੀ ਸੁਣਵਾਈ 2 ਜੁਲਾਈ ਨੂੰ ਨਿਸ਼ਚਿਤ ਹੈ। ਅੱਜ ਦਰਜ਼ਨਾਂ ਸਿੱਖ ਕੈਦੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੁਲਿਸ ਤੇ ਫੌਜ ਨੇ ਗ੍ਰਿਫ਼ਤਾਰ ਕੀਤਾ ਸੀ, ਉਦੋਂ ਉਨ੍ਹਾਂ ਦੀ ਉਮਰ 22 ਤੋਂ 30 ਸਾਲਾਂ ਦੇ ਵਿਚਕਾਰ ਸੀ, ਅੱਜ ਜਦੋਂ ਮੁਆਵਜ਼ਾ ਰਾਸ਼ੀ ਮਿਲੀ ਹੈ ਤਾਂ ਉਨ੍ਹਾਂ ਦੇ ਬੱਚੇ ਵੀ ਜਵਾਨ ਹੋ ਗਏ ਹਨ। ਉਨ੍ਹਾਂ ਨੂੰ ਪੁਲਿਸ ਅਤੇ ਫੌਜ ਵਲੋਂ ਬੇਹਤਾਸਾਂ ਤਸ਼ੱਦਦ ਢਾਹੁਣ ਦਾ ਡਾਹਢਾ ਦੁੱਖ ਹੈ, ਪਰ ਅੱਜ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਲ੍ਹੇ ਜਖ਼ਮਾਂ 'ਤੇ ਮੱਲ੍ਹਮ ਲਗਾਉਣ 'ਤੇ ਕੁੱਝ ਵੀ ਰਾਹਤ ਵੀ ਹੈ।
No comments:
Post a Comment