Tuesday, 26 June 2018

ਡਰੱਗ ਦੇ 16,305 ਕੇਸਾਂ 'ਚ 18,800 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ



ਪੰਜਾਬ ਨੇ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਮਨਾਇਆ ਅੰਤਰਰਾਸ਼ਟਰੀ ਦਿਵਸ 
ਚੰਡੀਗੜ੍ਹ 
ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਐਸ.ਟੀ.ਐਫ. (ਸਪੈਸ਼ਲ ਟਾਸਕ ਫੋਰਸ) ਨੇ ਨਸ਼ੀਲੇ  ਪਦਾਰਥਾਂ ਦੀ ਤਸਕਰੀ ਰੋਕਣ ਲਈ ਸਰਹੱਦ ਪਾਰ ਅਤੇ ਅੰਤਰ-ਰਾਜ ਬਾਰਡਰ  ਦੀਆਂ ਸਪਲਾਈ ਲਾਈਨਾਂ ਤੇ ਸਫ਼ਲਤਾਪੂਰਵਕ ਰੋਕ ਲਗਾਈ ਹੈ। ਜਿਸ ਦੇ ਨਤੀਜੇ ਵਜੋਂ ਐਨ.ਡੀ.ਪੀ.ਐਸ. ਐਕਟ ਤਹਿਤ ਰਜਿਸਟਰਡ ਕੇਸਾਂ ਦੀ ਗਿਣਤੀ ਵਧ ਕੇ 16,305 ਹੋ ਗਈ ਅਤੇ 16 ਮਾਰਚ, 2017 ਤੱਕ 18,800 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲੀਸ ਅਤੇ ਐਸ.ਟੀ.ਐਫ. ਵੱਲੋਂ 377.787 ਕਿਲੋਗਾ੍ਰਮ ਹੈਰੋਇਨ, 14.336 ਕਿਲੋਗ੍ਰਾਮ ਸਮੈਕ, 116.603 ਕਿਲੋਗਾ੍ਰਮ ਚਰਸ, 1040.531 ਕਿਲੋਗਾ੍ਰਮ ਅਫੀਮ, 50588 ਕਿਲੋਗਾ੍ਰਮ ਭੁੱਕੀ ਅਤੇ 9.035 ਕਿਲੋਗਾ੍ਰਮ ਬਰਫ਼ ਸਮੇਤ 44929 ਟੀਕੇ, 48,10,540 ਗੋਲੀਆਂ/ਕੈਪਸੂਲ ਜ਼ਬਤ ਕੀਤੇ ਗਏ ਹਨ। 
ਅੱਜ ਅੰਤਰ ਰਾਸ਼ਟਰੀ ਡਰੱਗ ਵਿਰੋਧੀ ਦਿਵਸ ਦੇ ਮੌਕੇ 'ਤੇ ਅੰਕੜੇ ਪੇਸ਼ ਕਰਦੇ ਹੋਏ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਨਸ਼ਿਆਂ ਦੀ ਸਮੱਸਿਆ 'ਤੇ ਨਕੇਲ ਕਸਣ ਲਈ ਸਿਹਤ ਵਿਭਾਗ ਨੇ ਮੋਗਾ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਵੀ ਅਜ਼ਮਾਇਸ਼ੀ ਆਧਾਰ 'ਤੇ ਆਊਟਪੇਸ਼ੈਂਟ ਓਪੀਓਡ ਅਸਸਿਟਡ ਟਰੀਟਮੈਂਟ ਮਾਡਲ ਦੀ ਸ਼ੁਰੂਆਤ ਕੀਤੀ ਹੈ ਅਤੇ ਨਸ਼ਾ-ਮੁਕਤੀ ਟਰੀਟਮੈਂਟ ਤੱਕ ਸੁਖਾਲੀ ਪਹੁੰਚ ਕਰਨ ਲਈ ਸੂਬੇ ਭਰ ਦੇ 60 ਵਾਧੂ ਓ.ਓ.ਏ.ਟੀ. ਕੇਂਦਰਾਂ ਨੂੰ ਚਾਲੂ ਕੀਤਾ ਗਿਆ ਹੈ। ਇਨ੍ਹਾਂ ਇਲਾਜ ਕੇਂਦਰਾਂ ਦਾ ਮੰਤਵ ਨਸ਼ਾ ਪੀੜਤਾਂ ਨੂੰ ਸੁਖਾਲਾ ਅਤੇ ਪਹੁੰਚਯੋਗ ਇਲਾਜ ਮੁਹੱਇਆ ਕਰਵਾਉਣਾ ਹੈ।
ਬੁਲਾਰੇ ਨੇ ਦੱਸਿਆ ਕਿ ਲਗਪਗ 4.8 ਲੱਖ ਡੈਪੋ ਵਲੰਟੀਅਰ ਰਜਿਸਟਰਡ ਕੀਤੇ ਗਏ ਹਨ ਜੋ ਕਿ ਸੂਬੇ ਵਿੱਚ ਲੋੜਵੰਦਾਂ ਨੂੰ ਨਸ਼ਾ-ਮੁਕਤੀ ਅਤੇ ਮੁੜ ਵਸੇਵਾ ਸੇਵਾਵਾਂ ਦਾ ਲਾਭ ਉਠਾਉਣ ਵਿੱਚ ਮਦਦ ਕਰ ਰਹੇ ਹਨ। ਪੰਜਾਬ ਸਰਕਾਰ ਨੇ ਸੂਬੇ ਦੇ ਹਰੇਕ ਪਿੰਡ/ਵਾਰਡ ਵਿੱਚ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਕਾਇਮ ਕੀਤੀਆਂ ਹਨ, ਜਿਨ੍ਹਾਂ ਦੇ 15 ਹਜ਼ਾਰ ਮੈਂਬਰ ਹਨ। ਉਨ੍ਹਾਂ ਕਿਹਾ ਕਿ ਐਸਟੀਐਫ ਨੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਤਰਨ ਤਾਰਨ ਜ਼ਿਲ੍ਹੇ ਦੀਆਂ ਚਾਰ ਸਬ ਡਿਵੀਜ਼ਨਾਂ ਵਿੱਚ ਪਾਇਲਟ ਪ੍ਰਾਜੈਕਟ ਵਜੋਂ 'ਬਡੀ ਪ੍ਰੋਗਰਾਮ' ਸ਼ੁਰੂ ਕੀਤਾ ਹੈ ਤਾਂ ਜੋ ਸਕੂਲ ਤੇ ਕਾਲਜ/ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਪਕੜ ਵਿੱਚ ਆਉਣ ਤੋਂ ਬਚਾਇਆ ਜਾ ਸਕੇ। ਐਸਟੀਐਫ ਨੇ ਸਬੰਧਤ ਸਕੂਲਾਂ ਵਿੱਚ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਵਿੱਚ ਨਸ਼ਿਆਂ ਦੇ ਨੇੜੇ ਨਾ ਜਾਣ ਦੀ ਵਿਵਹਾਰਕ ਪਹੁੰਚ ਵਿਕਸਤ ਕਰਨ ਲਈ 545 ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਸਿਖਲਾਈ ਦਿੱਤੀ ਹੈ।

(ਛਿੱਬਰ)


No comments:

Post a Comment