Monday, 11 June 2018

ਪੀ.ਐਚ.ਡੀ ਦਰਕਿਨਾਰ, ਬੀ.ਏ ਪਾਸ ਸਵੀਕਾਰ

   12 ਪੀ.ਐਚ.ਡੀ, ਇਕ ਆਈ.ਏ.ਐਸ.'ਤੇ ਬੀ.ਏ ਪਾਸ ਭਾਰੂ 

    ਉਚੇਰੀ ਵਿੱਦਿਆ ਵਾਲਿਆਂ ਨੂੰ ਅਣਗੌਲਾ ਕਰ ਸਰਕਾਰ ਨੇ ਬੀ ਏ ਪਾਸ ਨੂੰ ਕੀਤਾ ਚੇਅਰਪਰਸਨ ਨਿਯੁਕਤ

ਜੈ ਸਿੰਘ ਛਿੱਬਰ, ਚੰਡੀਗੜ੍ਹ,   
12 ਉਮੀਦਵਾਰ ਪੀ.ਐਚ.ਡੀ, ਇਕ ਸੇਵਾ ਮੁਕਤ ਆਈ.ਏ.ਐਸ, ਇਕ ਸੇਵਾ ਮੁਕਤ ਬ੍ਰਿਗੇਡੀਅਰ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਿਯੁਕਤ ਕਰਨ ਲਈ ਇਕ ਬੀ.ਏ ਪਾਸ ਮਹਿਲਾ ਦੀ ਚੋਣ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਜਿੱਥੇ ਉਮੀਦਵਾਰਾਂ ਵਲੋਂ ਅਰਜ਼ੀਆਂ ਸਬੰਧਿਤ ਵਿਭਾਗ ਨੂੰ ਭੇਜੀਆਂ ਸਨ, ਉਥੇ ਜਿਸ ਉਮੀਦਵਾਰ ਦੀ ਨਿਯੁਕਤੀ ਕੀਤੀ ਗਈ ਹੈ, ਉਸਨੇ ਵਿਭਾਗ ਦੀ ਬਜਾਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਰਜ਼ੀ ਐਡਰੈਸ ਕੀਤੀ ਸੀ। 
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ ਨੇ ਸਰਕਾਰੀ ਅਧਿਕਾਰੀਆਂ ਦੀ ਉਦਾਸੀਨਤਾ ਕਾਰਨ ਜਨਵਰੀ ਵਿਚ ਚੇਅਰਪਰਸਨ ਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਮਾਜਿਕ ਸੁਰੱਖਿਆ ਤੇ ਮਹਿਲਾ ਵਿਕਾਸ ਵਿਭਾਗ ਨੇ ਚੇਅਰਪਰਸਨ, ਸੀਨੀਅਰ ਵਾਈਸ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਦੇ ਅਹੁੱਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਸੀ। ਵਿਭਾਗ ਤੋਂ ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਚੇਅਰਪਰਸਨ ਦੇ ਅਹੁੱਦੇ ਲਈ ਕੁੱਲ 33 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਬਿਨੈ ਪੱਤਰ ਕਰਨ ਵਾਲਿਆਂ ਵਿਚ 12 ਉਮੀਦਵਾਰ ਪੀਐੱਚਡੀ,  ਇਕ ਸੇਵਾਮੁਕਤ ਆਈਏਐਸ ਊਸ਼ਾ ਆਰ ਸ਼ਰਮਾਂ ਅਤੇ ਇੱਕ ਸੇਵਾਮੁਕਤ ਬ੍ਰਿਗੇਡੀਅਰ ਜੀ.ਜੇ ਸਿੰਘ ਸਮੇਤ ਕਈ ਐਮ.ਏ ਪਾਸ ਉਮੀਦਵਾਰ ਨੇ ਬਿਨੈ ਪੱਤਰ ਦਿੱਤਾ ਸੀ। ਆਰ.ਟੀ.ਆਈ ਰਾਹੀਂ ਪ੍ਰਾਪਤ ਸੂਚਨਾ ਮੁਤਾਬਿਕ ਸਾਰੇ ਉਮੀਦਵਾਰਾਂ ਨੇ ਯੋਗਤਾ ਸਰਟੀਫਿਕੇਟ ਦੀਆਂ ਫੋਟੋਆਂ ਕਾਪੀਆਂ ਸਮੇਤ ਆਪਣੇ ਪੂਰੇ ਅਨੁਭਵ ਦਾ ਜ਼ਿਕਰ ਕੀਤਾ ਹੈ, ਪਰ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੀ ਗਈ ਚੇਅਰਪਰਸਨ ਮੁਨੀਸ਼ਾ ਗੁਲਾਟੀ ਵਲੋਂ ਮੁੱਖ ਮੰਤਰੀ ਦੇ ਨਾਮ ਇਕ ਅਰਜ਼ੀ ਅਤੇ ਇਕ ਬਾਇਓਡਾਟਾ ਭੇਜਿਆ ਸੀ। ਇਸਤੋਂ ਇਲਾਵਾ ਯੋਗਤਾ ਦਾ ਕੋਈ ਸਰਟੀਫਿਕੇਟ ਨਹੀਂ ਦਿੱਤਾ। 

--ਮੰਤਰੀ ਦੀ ਅਗਵਾਈ 'ਚ ਬਣੀ ਸੀ ਤਿੰਨ ਮੈਂਬਰੀ ਚੋਣ ਕਮੇਟੀ 
ਸੂਚਨਾ ਮੁਤਾਬਿਕ ਸਮਾਜਿਕ ਸੁੱਰਖਿਆ ਭਲਾਈ ਵਿਭਾਗ ਦੀ ਮੰਤਰੀ (ਉਦੋਂ ਰਜੀਆ ਸੁਲਤਾਨਾ) ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਪੰਜਾਬ ਦੇ ਮੁੱਖ ਸਕੱਤਰ ਦੇ ਆਧਾਰਿਤ ਤਿੰਨ ਮੈਂਬਰੀ ਚੋਣ ਕਮੇਟੀ ਗਠਿਤ ਕੀਤੀ ਗਈ ਸੀ। ਦਿਲਚਸਪ ਗੱਲ ਹੈ ਕਿ ਚੋਣ ਕਮੇਟੀ ਨੇ ਸੀਨੀਅਰ ਉਪ ਚੇਅਰਪਰਸਨ ਅਤੇ ਉਪ ਚੇਅਰਪਰਸਨ ਦੀ ਚੋਣ ਅੱਗੇ ਪਾਉਂਦਿਆਂ ਮੁਨੀਸ਼ਾ ਗੁਲਾਟੀ, ਡਾ. ਸੁਖਮਿੰਦਰ ਕੌਰ ਬਰਾੜ ਸਮੇਤ ਤਿੰਨ ਨਾਵਾਂ ਦਾ ਪੈਨਲ ਮੁੱਖ ਮੰਤਰੀ ਨੂੰ ਭੇਜਿਆ ਸੀ। ਮੁੱਖ ਮੰਤਰੀ ਵਲੋਂ ਮਨੀਸ਼ਾ ਗੁਲਾਟੀ ਦੇ ਨਾਮ 'ਤੇ ਮੋਹਰ ਲਗਾ ਦਿੱਤੀ। ਸੂਤਰ ਦੱਸਦੇ ਹਨ ਜਦੋਂ ਤਿੰਨ ਅਹੁੱਦਿਆਂ ਲਈ ਅਰਜ਼ੀਆਂ ਇਕੱਠੀਆਂ ਮੰਗੀਆਂ ਗਈਆਂ ਸਨ ਤਾਂ ਤਿੰਨ ਅਹੁੱਦੇਦਾਰਾਂ ਦੀ ਚੋਣ ਕਰਨੀ ਬਣਦੀ ਸੀ।

--ਇਹ ਸਨ 12 ਪੀ.ਐਚ.ਡੀ ਉਮੀਦਵਾਰ 
ਜਾਣਕਾਰੀ ਅਨੁਸਾਰ ਡਾ ਕੁਲਵਿੰਦਰ ਕੌਰ ਮੋਹਾਲੀ, ਡਾ ਕੰਵਲਜੀਤ ਕੌਰ ਬੱਲ ਲੁਧਿਆਣਾ, ਡਾ ਰੇਖਾ ਕਾਲੀਆ ਭਾਰਦਵਾਜ ਜਲੰਧਰ, ਡਾ ਸੁਖਮਿੰਦਰ ਕੌਰ ਬਰਾੜ ਮੋਹਾਲੀ, ਡਾ ਅਮਨੀਤ ਗਿੱਲ ਨਿਵਾਸੀ ਸੈਕਟਰ 34 ਏ ਚੰਡੀਗੜ੍ਹ, ਡਾ ਨਿਰਮਲਾ ਦੇਵੀ, ਸ਼੍ਰੀ ਕ੍ਰਿਸ਼ਨਾ ਕੋਸ਼ਿਕ ਸੰਤ ਨਗਰ ਪਟਿਆਲਾ, ਕਿਰਨਜੀਤ ਕੌਰ ਧਾਮੀ, ਪਰਪੀਤ ਬਰਾੜ, ਡਾ ਜਸਬੀਰ ਰਿਸ਼ੀ ਬਹਾਦਰ ਨਗਰ ਜਲੰਧਰ, ਡਾ ਨਿਮੀ  ਬਠਿੰਡਾ ਅਤੇ ਕਾਮਨੀ ਨਵਾਂਸ਼ਹਿਰ ਨੇ ਵੱਖ ਵੱਖ ਵਿਸ਼ਿਆਂ 'ਚ ਪੀ.ਐਚ.ਡੀ ਕੀਤੀ ਹੋਈ ਹੈ। ਇਸੀ ਤਰ੍ਹਾਂ ਊਸ਼ਾ ਆਰ ਸ਼ਰਮਾਂ ਸੇਵਾਮੁਕਤ ਆਈ.ਏ.ਐਸ ਨੇ ਪ੍ਰਾਥਨਾ ਪ ੱਤਰ ਦਿੱਤਾ ਸੀ। 

ਇਹ ਹੈ ਮਨੀਸ਼ਾ ਗੁਲਾਟੀ ਦੀ ਯੋਗਤਾ ---
ਮਨੀਸ਼ਾ ਗੁਲਾਟੀ ਵਲੋਂ ਦਿੱਤੇ ਪ੍ਰਾਥਨਾ ਪੱਤਰ ਅਨੁਸਾਰ ਉਸਦਾ ਜਨਮ ਸਹਾਰਨਪੁਰ (ਯੂ.ਪੀ) ਵਿਖੇ ਹੋਇਆ ਸੀ ਅਤੇ ਬੀ.ਏ (ਆਨਰਜ਼) ਮੇਰਠ ਯੂਨੀਵਰਸਿਟੀ (ਯੂਪੀ) ਤੋਂ ਕੀਤੀ ਹੈ ਅਤੇ ਸਾਲ 2002 ਵਿਚ ਡਿਪਲੋਮਾ ਇਨ ਫੈਸ਼ਨ ਡਿਜਾਇਨਿੰਗ ਨਿਫਟ ਦਿੱਲੀ ਤੋਂ ਕੀਤਾ ਹੋਇਆ ਹੈ। ਸਾਲ 2010 ਵਿਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂਬਰ ਬਣੀ ਅਤੇ ਉਸਤੋਂ ਬਾਅਦ ਕਾਂਗਰਸ ਪਾਰਟੀ ਦੇ ਕਈ ਅਹੁੱਦਿਆਂ 'ਤੇ ਰਹੀ ਹੈ। 

No comments:

Post a Comment