Friday, 22 June 2018

ਨਾਜ਼ਾਇਜ ਰੇਤ ਖਣਨ : ਸਿਆਸਤਦਾਨਾਂ ਵਲੋਂ ਇਕ ਦੂਸਰੇ 'ਤੇ ਦੋਸ਼ਾਂ ਦੀ ਝੜੀ


ਆਪ ਵਿਧਾਇਕ ਦੇ ਮਾਈਨਿੰਗ 'ਚ ਹਿੱਤਾਂ ਦੀ ਜਾਂਚ ਹੋਵੇ: ਪੰਜਾਬ ਕਾਂਗਰਸ
ਜੈ ਸਿੰਘ ਛਿੱਬਰ, 
ਚੰਡੀਗੜ੍ਹ :ਸਾਹਿਤਕਾਰ ਡਾ ਸੁਰਜੀਤ ਪਾਤਰ ਦਾ ਇਕ ਸ਼ੇਅਰ ਹੈ ,“ ਲੱਗੀ ਜੇ ਤੇਰੇ ਕਾਲਜੇ ਅਜੇ ਛੁਰੀ ਨਹੀਂ, ਇਹ ਨਾ ਸਮਝ ਕੇ ਸ਼ਹਿਰ ਦੇ ਹਾਲਤ ਬੁਰੀ ਨਹੀਂ  ”  ਅੱਜ ਪੰਜਾਬ ਦੇ ਸਿਆਸਤਦਾਨਾਂ 'ਤੇ ਢੁੱਕ ਰਹੀ ਹੈ। ਪਿਛਲੇ ਦੋ ਦਿਨਾਂ ਦੌਰਾਨ ਰੇਤ ਮਾਫੀਆਂ ਗਿਰੋਹ ਵਲੋਂ ਆਪ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆਂ ਅਤੇ ਵਣ ਵਿਭਾਗ ਦੇ ਬਲਾਕ ਅਫਸਰ ਸਮੇਤ ਛੇ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕੀਤਾ ਹੈ। ਪੰਜਾਬ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਅਤੇ ਕਥਿਤ ਬਦਮਾਸ਼ਾਂ ਵਲੋਂ ਲੋਕ ਨੁਮਾਇੰਦਿਆਂ, ਸਰਕਾਰੀ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕਰਨ ਦੇ ਵੱਧ ਰਹੇ ਹੌਸ਼ਲੇ ਨੂੰ ਗੰਭੀਰਤਾਂ ਨਾਲ ਲੈਣ ਦੀ ਬਜਾਏ ਸਿਆਸਤਦਾਨ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗੇ ਹੋਏ ਹਨ। ਰੇਤ ਖਣਨ ਗਿਰੋਹ ਵਲੋਂ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਅਮਨ ਕਾਨੂੰਨ ਦੀ ਸਥਿਤੀ 'ਤੇ ਵਿਚਾਰ ਕਰਨ ਲਈ ਸਿਆਸੀ ਆਗੂਆਂ, ਸਰਕਾਰ ਵਲੋਂ ਸਿਰ ਜੋੜ ਕੇ ਵਿਚਾਰ ਕਰਨ ਦੀ ਬਜਾਏ ਸਿਆਸੀ ਬਿਆਨਬਾਜੀ ਕੀਤੀ ਜਾ ਰਹੀ ਹੈ। 
ਆਪ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆਂ 'ਤੇ ਹਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ਼ ਚੁੱਕੀ ਹੈ। ਹਮਲੇ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਅਜਵਿੰਦਰ ਸਿੰਘ ਵਲੋਂ ਵਿਧਾਇਕ 'ਤੇ ਪੰਜ ਲੱਖ ਰੁਪਏ ਮੰਗਣ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ ਨੇ ਨਾਜ਼ਾਇਜ਼ ਰੇਤ ਖਣਨ ਮੁੱਦੇ 'ਤੇ ਵਿਧਾਇਕ ਅਮਰਜੀਤ ਸਿੰਘ ਸੰਦੋਆਂ ਦੀ ਭੂਮਿਕਾ ਨੂੰ ਲੈ ਕੇ ਆਪ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।  
ਪੰਜਾਬ ਕਾਂਗਰਸ ਵਲੋਂ ਪਾਰਟੀ ਦੇ ਜਨਰਲ ਸਕੱਤਰ ਪਵਨ ਦੀਵਾਨ ਤੇ ਗੁਰਮੇਲ ਸਿੰਘ ਪਹਿਲਵਾਨ ਰਾਹੀਂ  ਮੀਡੀਆਂ ਨੂੰ ਜਾਰੀ ਕੀਤੇ ਬਿਆਨ ਵਿਚ ਸੰਦੋਆ ਦੀ ਮਾਈਨਿੰਗ 'ਚ ਹਿੱਤਾਂ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਉਕਤ ਆਗੂਆਂ ਦਾ ਦੋਸ਼ ਹੈ ਕਿ ਵਿਧਾਇਕ ਖੁਦ ਹੀ ਰੇਤ ਮਾਫੀਆ ਹੈ ਅਤੇ ਉਹ ਆਪ ਸਿੱਧੇ ਤੇ ਅਣਸਿੱਧੇ ਤੌਰ 'ਤੇ ਰੇਤ ਦੀ ਖੁਦਾਈ ਨਾਲ ਜੁੜਿਆ ਹੈ। ਦਿਲਚਸਪ ਗੱਲ ਹੈ ਕਿ ਪਿਛਲੇ ਮਹੀਨੇ ਸ਼ਾਹਕੋਟ ਉਪ ਚੋਣ ਮੌਕੇ ਜਦੋਂ ਨਾਜ਼ਾਇਜ਼ ਰੇਤ ਖਣਨ ਦੇ ਦੋਸ਼ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆਂ (ਹੁਣ ਵਿਧਾਇਕ) 'ਤੇ ਲੱਗੇ ਸਨ ਤਾਂ ਕਾਂਗਰਸੀ ਆਗੂਆਂ ਨੇ ਬਚਾਅ ਕਰਦੇ ਹੋਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। ਹਾਲਾਂਕਿ ਉਸ ਵਕਤ ਇਕ ਵੀਡੀਓ ਵੀ ਸੋਸ਼ਲ ਮੀਡੀਆਂ 'ਤੇ ਵਾਇਰਲ ਹੋਈ ਸੀ। 
ਇਹੀ ਨਹੀਂ ਜਦੋਂ ਸਾਬਕਾ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਆਪਣੇ ਰਸੋਈਏ ਅਮਿਤ ਬਹਾਦਰ ਤੇ ਹੋਰਨਾਂ ਰਾਹੀਂ ਰੇਤ ਖੱਡਾਂ ਲੈਣ ਦਾ ਮਾਮਲਾ ਉਜਾਗਰ ਹੋਇਆ ਸੀ, ਉਦੋਂ ਵੀ ਕਾਂਗਰਸੀ ਆਗੂ ਸਾਬਕਾ ਮੰਤਰੀ ਨੂੰ  ਬੇਕਸੂਰ ਦੱਸਦੇ ਰਹੇ ਹਨ। ਹਾਲਾਂਕਿ ਰੇਤ ਖਣਨ ਦੇ ਮੁੱਦੇ 'ਤੇ ਬੁਰੀ ਤਰ੍ਹਾਂ ਘਿਰੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਦੇ ਅਹੁੱਦੇ 'ਤੇ ਅਸਤੀਫਾ ਦੇਣਾ ਪਿਆ ਸੀ। ਇਸੀ ਤਰ੍ਹਾਂ ਅਕਾਲੀ ਭਾਜਪਾ ਦੇ ਸਾਸ਼ਨ ਦੌਰਾਨ ਵਿਚ ਅਕਾਲੀ ਭਾਜਪਾ ਆਗੂਆਂ 'ਤੇ ਨਾਜ਼ਾਇਜ ਮਾਈਨਿੰਗ ਕਰਵਾਉਣ ਦੇ ਦੋਸ਼ ਲੱਗਦੇ ਰਹੇ ਹਨ। 
ਇਥੇ ਦੱਸਣਾ ਬਣਦਾ ਹੈ ਕਿ ਅਕਾਲੀ ਦਲ ਤੇ ਭਾਜਪਾ ਦੇ ਵਫ਼ਦ ਨੇ ਬੀਤੇ ਕੱਲ੍ਹ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਪਿੰਡ ਸਿਊੰਕ ਵਿਚ ਕੁੱਝ ਨੌਜਵਾਨਾਂ ਵਲੋਂ ਵਣ ਵਿਭਾਗ ਦੇ ਮੁਲਾਜ਼ਮਾਂ 'ਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ। ਪਰ ਇਕ ਚੁਣੇ ਹੋਏ ਵਿਧਾਇਕ 'ਤੇ ਹੋਏ ਹਮਲੇ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਹ ਅਲੱਗ ਗੱਲ ਹੈ ਕਿ ਸੋਸ਼ਲ ਮੀਡੀਆਂ ਵਿਚ ਅਕਾਲੀ ਦਲ ਦੀ ਆਲੋਚਨਾਂ ਹੋਣ ਤੋਂ ਬਾਅਦ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਡਾ ਦਲਜੀਤ ਸਿੰਘ  ਚੀਮਾ ਵਲੋਂ ਹਮਲੇ ਦੀ ਨਿੰਦਾ ਕੀਤੀ ਗਈ ਹੈ।
ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਕੁਦਰਤੀ ਸਰੋਤਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਤੇ ਰੇਤ ਦੇ ਰੇਟ ਅਸਮਾਨੀ ਚੜੇ ਹੋਏ ਹਨ। ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਸਿਆਸੀ ਆਗੂਆਂ, ਹੁਕਮਰਾਨਾਂ ਵਲੋਂ ਕੋਈ ਠੋਸ ਯਤਨ ਨਹੀਂ ਕੀਤਾ ਜਾ ਰਿਹਾ ਹੈ। ਪਰ ਪਿਛਲੇ ਲੰਬੇ ਸਮੇਂ ਤੋਂ ਇਕ ਦੂਸਰੇ 'ਤੇ ਦੂਸ਼ਣਬਾਜ਼ੀ ਲਗਾਈ ਜਾਂਦੀ ਹੈ।

No comments:

Post a Comment