Wednesday, 20 June 2018

ਚਹੇਤਿਆਂ ਦੀ ਭਰਤੀ ਲਈ ਮੰਤਰੀ ਨੇ ਮੁੜ ਇਸ਼ਤਿਹਾਰ ਜਾਰੀ ਕਰਵਾਇਆ

ਮਹਿਲਾ ਕਮਿਸ਼ਨ ਦੇ ਸੀ.ਵਾਈਸ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਦੀ ਭਰਤੀ ਦਾ ਮਾਮਲਾ ---

ਜੈ ਸਿੰਘ ਛਿੱਬਰ, 
ਚੰਡੀਗੜ੍ਹ :ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਦੇ ਅਹੁੱਦੇ ਲਈ ਅਰਜ਼ੀਆਂ ਦੀ ਮੰਗ ਕਰਨ ਲਈ ਨਵਾਂ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵਿਭਾਗ ਦੀ ਮੰਤਰੀ ਨੇ ਦੁਬਾਰਾ ਇਸ਼ਤਿਹਾਰ ਜਾਰੀ ਕਰਨ ਦਾ ਫੈਸਲਾ ਆਪਣੀ ਨਜ਼ਦੀਕੀ ਮਹਿਲਾਵਾਂ ਨੂੰ ਅਡਜਸਟ ਕਰਨ ਲਈ ਜਾਰੀ ਕੀਤਾ ਹੈ। ਜਦੋਂ ਕਿ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਭਾਗ ਦਾ ਚਾਰਜ ਲੈਣ ਤੋਂ ਪਹਿਲਾਂ ਹੀ ਫਾਈਲ ਚੱਲ ਰਹੀ ਸੀ। 
ਜਾਣਕਾਰੀ ਅਨੁਸਾਰ ਮੰਤਰੀ ਮੰਡਲ ਦਾ ਵਿਸਥਾਰ ਹੋਣ ਤੋਂ ਬਾਅਦ ਸਮਾਜਿਕ ਸੁਰੱਖਿਆ ਵਿਭਾਗ ਦਾ ਚਾਰਜ ਅਰੁਣਾ ਚੌਧਰੀ ਨੂੰ ਮਿਲ ਗਿਆ। ਵਿਭਾਗ ਨੇ ਸੀਨੀਅਰ ਵਾਈਸ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਤੇ ਮੈਂਬਰ ਦੀ ਭਰਤੀ ਲਈ ਜਦੋਂ ਫਾਈਲ ਮੂਵ ਕੀਤੀ ਤਾਂ ਮੰਤਰੀ ਨੇ ਦੋਵੇਂ ਅਹੁੱਦੇ ਭਰਨ ਲਈ ਮੀਟਿੰਗ ਬਲਾਉਣ ਦੀ ਬਜਾਏ ਦੁਬਾਰਾ ਇਸ਼ਤਿਹਾਰ ਜਾਰੀ ਕਰਨ ਲਈ ਪ੍ਰੀਕ੍ਰਿਆਂ ਸ਼ੁਰੂ ਕਰਨ ਦੇ ਆਦੇਸ਼ ਦੇ ਦਿੱਤੇ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਜਿਹਾ ਫੈਸਲਾ ਮੰਤਰੀ ਵਲੋਂ ਆਪਣੇ ਕੁੱਝ ਚਹੇਤਿਆਂ ਨੂੰ ਅਡਜਸਟ ਕਰਨ ਲਈ ਲਿਆ ਹੈ। 

ਪਹਿਲਾ ਪ੍ਰਾਪਤ ਹੋਈਆਂ ਸਨ 65 ਅਰਜ਼ੀਆਂ -
ਪੰਜਾਬ ਸਰਕਾਰ ਨੇ ਮਹਿਲਾ ਕਮਿਸ਼ਨ ਦੇ ਤਿੰਨੋਂ ਅਹੁੱਦਿਆਂ ਨੂੰ ਭਰਨ ਲਈ 12 ਜਨਵਰੀ ਨੂੰ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ 5 ਫਰਵਰੀ ਤੱਕ ਅੰਤਿਮ ਤਾਰੀਖ ਤੱਕ ਵਿਭਾਗ ਨੂੰ ਚੇਅਰਪਰਸਨ ਦੀ ਅਸਾਮੀ ਲਈ 33, ਸੀਨੀਅਰ ਵਾਈਸ ਚੇਅਰਪਰਸਨ ਲਈ 28, ਵਾਈਸ ਚੇਅਰਪਰਸਨ ਲਈ 37 ਅਤੇ ਮੇਂਬਰਾਂ ਲਈ 51 ਅਰਜ਼ੀਆਂ ਪ੍ਰਾਪਤ ਹੋਈਆਂ ਸਨ। 

ਤਤਕਾਲੀਨ ਮੰਤਰੀ ਨੇ ਭਰਿਆ ਸੀ ਚੇਅਰਪਰਸਨ ਦਾ ਅਹੁੱਦਾ 
ਵਿਭਾਗ ਦੀ ਤਤਕਾਲੀਨ ਮੰਤਰੀ ਰਜੀਆ ਸੁਲਤਾਨਾ ਦੀ ਪ੍ਰਧਾਨਗੀ ਹੇਠ ਮੁੱਖ ਸਕੱਤਰ ਅਤੇ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਦੇ ਆਧਾਰਿਤ ਬਣੀ ਤਿੰਨ ਮੈਂਬਰੀ ਕਮੇਟੀ ਨੇ 7 ਮਾਰਚ ਨੂੰ ਚੇਅਰਪਰਸਨ ਦੇ ਅਹੁੱਦੇ ਲਈ ਮਨੀਸਾ ਗੁਲਾਟੀ, ਡਾ ਸੁਖਮਿੰਦਰ ਕੌਰ ਬਰਾੜ ਅਤੇ ਨਵੇਦਾ ਸੈਣੀ 
ਦਾ ਪੈਨਲ ਮੁੱਖ ਮੰਤਰੀ ਨੂੰ ਭੇਜਿਆ ਸੀ ਅਤੇ ਬਾਕੀ ਅਹੁੱਦਿਆਂ ਲਈ ਬਾਅਦ ਵਿਚ ਮੀਟਿੰਗ ਕਰਕੇ ਫੈਸਲਾ ਲੈਣ ਦਾ ਫੈਸਲਾ ਕੀਤਾ ਸੀ। ਮੁੱਖ ਮੰਤਰੀ ਵਲੋਂ ਮੁਨੀਸ਼ਾ ਗੁਲਾਟੀ ਦੇ ਨਾਮ 'ਤੇ ਮੋਹਰ ਲਗਾ ਦਿੱਤੀ ਸੀ। 
ਸੂਤਰ ਦੱਸਦੇ ਹਨ ਕਿ ਤਿੰਨ ਅਹੁੱਦਿਆਂ ਲਈ ਜਦੋਂ ਇਕੱਠਾ ਇਸ਼ਤਿਹਾਰ ਜਾਰੀ ਕੀਤਾ ਸੀ ਤਾਂ ਸਾਰੇ ਅਹੁੱਦਿਆਂ 'ਤੇ ਉਮੀਦਵਾਰਾਂ ਦੀ ਇਕੱਠੀ ਚੋਣ ਕਰਨੀ ਬਣਦੀ ਸੀ। ਪਰ ਤਿੰਨ ਮੈਂਬਰੀ ਕਮੇਟੀ ਨੇ ਚੇਅਰਪਰਸਨ ਦੇ ਅਹੁੱਦੇ ਲਈ ਤਿੰਨ ਨਾਵਾਂ ਦਾ ਪੈਨਲ ਬਣਾਇਆ ਸੀ। ਚਰਚਾ ਹੈ ਕਿ ਮੁਨੀਸ਼ਾ ਗੁਲਾਟੀ ਨੂੰ ਚੇਅਰਪਰਸਨ ਬਣਾਉਣ ਪਿਛੇ ਇਕ ਸੀਨੀਅਰ ਪੁਲਿਸ ਅਧਿਕਾਰੀ ਤੇ ਇਕ ਵੱਡੇ ਰਾਜਸੀ ਆਗੂ ਦਾ ਅਸ਼ੀਰਵਾਦ ਰਿਹਾ ਹੈ। 

ਪਹਿਲਾਂ ਤੋਂ ਚੱਲ ਰਹੀ ਸੀ ਫਾਈਲ : ਅਰੁਣਾ ਚੌਧਰੀ 
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੇ  ਚਾਰਜ ਲੈਣ ਤੋਂ ਪਹਿਲਾਂ ਹੀ ਵਿਭਾਗ ਦੁਆਰਾ ਇਸ਼ਤਿਹਾਰ ਜਾਰੀ ਕਰਨ ਲਈ ਫਾਈਲ ਚਲਾਈ ਹੋਈ ਸੀ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਹੀ ਸਹੀ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ।

No comments:

Post a Comment