ਵੀਡਿਓ ਵਾਇਰਲ ਹੋਣ ਤੋਂ ਬਾਅਦ ਤਹਿਸੀਲਦਾਰ ਵਿਦੇਸ਼ ਰਵਾਨਾ
ਜੈ ਸਿੰਘ ਛਿੱਬਰ,
ਚੰਡੀਗੜ੍ਹ 24 june :ਖਮਾਣੋਂ ਦੇ ਤਹਿਸੀਲਦਾਰ ਵਲੋਂ ਇਕ ਕਾਂਗਰਸੀ ਵਿਧਾਇਕ ਵਲੋਂ ਨਾਇਬ ਤਹਿਸੀਲਦਾਰ ਦੀ ਨਿਯੁਕਤੀ ਲਈ ਤਿੰਨ ਲੱਖ ਰੁਪਏ ਮੰਗਣ ਦੀ ਵਾਇਰਲ ਹੋਈ ਵੀਡਿਓ ਨੇ ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੋਧੀ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਫੇਸਬੁੱਕ, ਸੋਸ਼ਲ ਵੀਡਿਓ 'ਤੇ ਵਾਇਰਲ ਹੋਈ ਵੀਡਿਓ 'ਚ ਤਹਿਸੀਲਦਾਰ ਪਿੰਡ ਸੰਘੋਲ (ਫਤਿਹਗੜ੍ਹ ਸਾਹਿਬ) ਵਿਖੇ ਬੈਠਣ ਦੀ ਗੱਲ ਕਰ ਰਿਹਾ ਹੈ ਅਤੇ ਦਾਅਵਾ ਕਰਦਾ ਹੈ ਕਿ ਵਿਧਾਇਕ ਨਾਲ ਉਸਦੇ ਚੰਗੇ ਸਬੰਧ ਹਨ ਅਤੇ ਉਸਨੇ ਨਾਇਬ ਤਹਿਸੀਲਦਾਰ ਨੂੰ ਰਾਸ਼ੀ ਘੱਟ ਕਰਨ ਦਾ ਭਰੋਸਾ ਵੀ ਦਿੱਤਾ ਹੈ।
ਉਧਰ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਤਹਿਸੀਲਦਾਰ ਦੀ ਜਨਤਕ ਹੋਈ ਵੀਡਿਓ ਦੇ ਆਧਾਰ 'ਤੇ ਵਿਧਾਇਕ ਦਾ ਨਾਮ ਜਨਤਕ ਕਰਨ ਦੀ ਮੰਗ ਕੀਤੀ ਹੈ।
ਇਥੇ ਦੱਸਣਾ ਬਣਦਾ ਹੈ ਕਿ ਬੀਤੇ ਦੋ ਦਿਨਾਂ ਤੋਂ ਤਹਿਸੀਲਦਾਰ ਖਮਾਣੋਂ ਦੀ ਵਿਧਾਇਕ ਵਲੋਂ ਤਿੰਨ ਲੱਖ ਰੁਪਏ ਦੀ ਮੰਗ ਕਰਨ ਵਾਲੀ ਅਤੇ ਭ੍ਰਿਸ਼ਟਾਚਾਰ ਹੋਣ ਦੀ ਗੱਲ ਕਬੂਲ ਕਰਨ ਵਾਲੀ ਵੀਡਿਓ ਜਨਤਕ ਹੋਈ ਪਈ ਹੈ। ਫੇਸਬੁੱਕ 'ਤੇ ਅਪਲੋਡ ਹੋਈ ਵੀਡਿਓ 'ਤੇ ਲੋਕਾਂ ਵਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਅਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਕੀਤੀ ਜਾ ਰਹੀ ਹੈ।
ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸੰਘੋਲ 'ਚ ਕਿਸੀ ਮੋਟਰ (ਟਿਊਬਵੈਲ) 'ਤੇ ਆਏ ਤਹਿਸੀਲਦਾਰ ਦੀ ਵੀਡਿਓ ਬਣਾਈ ਗਈ ਹੈ। ਵੀਡਿਓ ਵਿਚ ਤਹਿਸੀਲਦਾਰ ਆਮ ਗੱਲਬਾਤ ਵਿਚ ਪੂਰੇ ਸਿਸਟਮ ਦੀ ਪੋਲ ਖੋਲ ਰਿਹਾ ਹੈ ਅਤੇ ਇਹ ਸੱਭ ਕੁੱਝ ਦੋਸਤਾਨਾਂ ਸਬੰਧ ਹੋਣ ਕਰਕੇ ਦੱਸਣ ਦੀ ਵੀ ਗੱਲ ਕਰ ਰਿਹਾ ਹੈ।
ਵਾਇਰਲ ਹੋਈ ਵੀਡਿਓ ਵਿਚ ਤਹਿਸੀਲਦਾਰ ਸਾਹਿਬ ਇਥੋਂ ਤੱਕ ਕਹਿ ਦਿੱਤਾ ਹੈ ਕਿ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾਣ ਵਾਲੇ ਕੰਮਾਂ ਖਾਸਕਰਕੇ ਸਾਲ ਵਿਚ ਦੋ ਪ੍ਰੋਗਰਾਮ 15 ਅਗਸਤ ਤੇ 26 ਜਨਵਰੀ ਦਾ ਸਮਾਰੋਹ ਮਨਾਉਣ ਲਈ ਪ੍ਰਸ਼ਾਸਨ ਵਲੋਂ ਖਰਚ ਉਨ੍ਹਾਂ 'ਤੇ ਪਾਇਆ ਜਾਂਦਾ ਹੈ ਇਸਤੋਂ ਇਲਾਵਾ ਹੋਰ ਵੀ ਵਗਾਰ ਕਰਨੀ ਪੈਂਦੀ ਹੈ। ਤਹਿਸੀਲਦਾਰ ਕਹਿੰਦਾ ਹੈ ਕਿ ਕੋਈ ਵੀ ਅਧਿਕਾਰੀ ਆਪਣੀ ਜੇਬ ਵਿਚੋਂ ਐਨਾ ਖਰਚ ਨਹੀਂ ਕਰ ਸਕਦਾ। ਇਸ ਤਰ੍ਹਾਂ ਉਹ ਤਾਂ ਹਰ ਤਰ੍ਹਾਂ ਦਾ ਕੰਮ ਕਰ ਦਿੰਦਾ ਹੈ।
ਤਹਿਸੀਲਦਾਰ ਦਾ ਹੱਸਦਾ ਹੱਸਦਾ ਇਹ ਗੱਲ ਵੀ ਆਖ ਰਿਹਾ ਹੈ ਕਿ ਲੋਕੀ ਉਸਨੂੰ ਕਹਿੰਦੇ ਹਨ ਕਿ ਜਨਾਬ ਤੁਹਾਡੇ ਖਿਲਾਫ਼ ਹਲਫੀਆਂ ਬਿਆਨ ਵੀ ਅਸੀਂ ਤੁਹਾਡੇ ਕੋਲ੍ਹੋਂ ਹੀ ਤਸਦੀਕ ਕਰਵਾ ਲੈਣਾ ਹੈ। ਤਹਿਸੀਲਦਾਰ ਆਖ ਰਿਹਾ ਹੈ ਕਿ ਉਹ ਕੰਮ ਕਰਨ ਲੱਗਿਆ ਡਰਦਾ ਨਹੀਂ ਤੇ ਨਾ ਹੀ ਕਿਸੇ ਦੀ ਪਰਵਾਹ ਨਹੀਂ ਕਰ ਰਿਹਾ। ਜਦੋਂ ਕਿ ਨਾਇਬ ਤਹਿਸੀਲਦਾਰ ਦੇ ਡਰ ਜਾਣ ਅਤੇ ਹਰ ਕੰਮ ਸੰਕੋਚ ਨਾਲ ਕਰਨ ਅਤੇ ਦਲਿਤ ਵਰਗ ਨਾਲ ਸਬੰਧਿਤ ਹੋਣ ਦੀ ਗੱਲ ਆਖ਼ ਰਿਹਾ ਹੈ।
ਕੈਪਟਨ ਵਿਧਾਇਕ ਦਾ ਨਾਮ ਕਰੇ ਜਨਤਕ : ਖਹਿਰਾ
ਉਧਰ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਤਹਿਸੀਲਦਾਰ ਖਮਾਣੋ ਹਰਫੂਲ ਸਿੰਘ ਦੀ ਸਟਿੰਗ ਵੀਡੀਉ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੋਤੀ ਦਿੱਤੀ ਕਿ ਸੂਬਾ ਵਿੱਚ ਬਿਲਕੁਲ ਉਹਨਾਂ ਦੇ ਨੱਕ ਹੇਠ ਹੋ ਰਹੇ ਸ਼ਰੇਆਮ ਭ੍ਰਿਸ਼ਟਾਚਾਰ ਦੇ ਇਲਜਾਮਾਂ ਉੱਪਰ ਜਵਾਬ ਦੇਣ। ਖਹਿਰਾ ਨੇ ਕਿਹਾ ਕਿ ਤਹਿਸੀਲਦਾਰ ਨੇ ਇਹ ਮੰਨਿਆ ਹੈ ਕਿ ਉਸ ਦੇ ਐਮ.ਐਲ.ਏ ਨਾਲ ਚੰਗੇ ਸਬੰਧ ਹਨ ਅਤੇ ਉਹ ਪੋਸਟਿੰਗ ਦਾ ਰੇਟ ਘਟਵਾਉਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਭ੍ਰਿਸ਼ਟਾਚਾਰ ਰਾਹੀ ਕੋਈ ਪੈਸਾ ਨਾ ਕਮਾਉਣ ਕਾਰਨ ਨਵਾਂ ਨਿਯੁਕਤ ਕੀਤਾ ਤਹਿਸੀਲਦਾਰ ਸਿਰਫ ਇੱਕ ਲੱਖ ਰੁਪਏ ਹੀ ਦੇ ਸਕਦਾ ਹੈ। ਖਹਿਰਾ ਨੇ ਕਿਹਾ ਕਿ ਸਟਿੰਗ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿੱਚ ਪੂਰੀ ਤਰਾਂ ਨਾਲ ਅਸਫਲ ਰਹਿਣ ਦਾ ਖੁਲਾਸਾ ਕਰਦਾ ਹੈ ਅਤੇ ਉਹਨਾਂ ਦਾ ਚੋਣ ਵਾਅਦਾ “ਭ੍ਰਿਸ਼ਟਾਚਾਰ ਖਿਲਾਫ ਜੀਰੋ ਟੋਲਰੈਂਸ“ ਬੁਰੀ ਤਰਾਂ ਨਾਲ ਫਲਾਪ ਸਾਬਿਤ ਹੋਇਆ ਹੈ।
ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਮੁੱਖ ਮੰਤਰੀ ਤਹਿਸੀਲਦਾਰ ਹਰਫੂਲ ਸਿੰਘ ਦੇ ਸਟਿੰਗ ਉੱਪਰ ਕੋਈ ਕਾਰਵਾਈ ਨਹੀਂ ਕਰਨਗੇ ਅਤੇ ਜੇਕਰ ਕੀਤੀ ਵੀ ਤਾਂ ਤਹਿਸੀਲਦਾਰ ਖਿਲਾਫ ਸਿਰਫ ਨਾਂ ਮਾਤਰ ਕਾਰਵਾਈ ਹੋਵੇਗੀ। ਖਹਿਰਾ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਭ੍ਰਿਸ਼ਟਾਚਾਰ ਚੰਡੀਗੜ ਤੋਂ ਸ਼ੁਰੂ ਹੋ ਕੇ ਸੂਬੇ ਦੇ ਹਰੇਕ ਕੋਨੇ ਵਿੱਚ ਪਹੁੰਚਦਾ ਹੈ ਕਿਉਂਕਿ ਸਿਆਸਤਦਾਨ ਇਸ ਨੂੰ ਸਰਪ੍ਰਸਤੀ ਦੇ ਰਹੇ ਹਨ।
-
ਤਹਿਸੀਲਦਾਰ ਵਿਦੇਸ ਦੌਰੇ 'ਤੇ
ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਤਹਿਸੀਲਦਾਰ ਹਰਫੂਲ ਸਿੰਘ ਕੁੱਝ ਦਿਨ ਪਹਿਲਾਂ ਵਿਦੇਸ਼ (ਕੈਨੈਡਾ) ਚਲੇ ਗਏ ਹਨ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਕੈਨੇਡਾ ਵਿਚ ਰਹਿੰਦਾ ਹੈ ਅਤੇ ਬੇਟੇ ਨੂੰ ਮਿਲਣ ਲਈ ਕੁੱਝ ਦਿਨ ਪਹਿਲਾਂ ਹੀ ਵਿਦੇਸ਼ ਗਿਆ ਹੈ। ਤਹਿਸੀਲਦਾਰ ਦੇ ਇਕ ਨਜ਼ਦੀਕੀ ਮਿੱਤਰ ਦਾ ਕਹਿਣਾ ਹੈ ਕਿ ਤਹਿਸੀਲਦਾਰ ਨੇ ਭਰੋਸੇ ਵਿਚ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਅਤੇ ਪੱਤਰਕਾਰ ਦੋਸਤ ਨੇ ਵੀਡੀਓ ਬਣਾਕੇ ਜਨਤਕ ਕਰਕੇ ਦੋਸਤਾਂ ਦਾ ਵਿਸ਼ਵਾਸ਼ ਤੋੜਿਆ ਹੈ।
No comments:
Post a Comment