Sunday, 15 July 2018

ਬਾਦਲ ਪਰਿਵਾਰ ਨੇ 121 ਕਰੋੜ ਰੁਪਏ ਉਡਣ ਖਟੋਲੇ ਦੇ ਝੂਟਿਆ 'ਤੇ ਉਡਾ ਦਿੱਤੇ


ਸਰਕਾਰੀ ਹੈਲੀਕਾਪਟਰ ਹੋਣ 'ਤੇ ਵੀ ਪ੍ਰਾਈਵੇਟ ਹੈਲੀਕਾਪਟਰ ਕਿਰਾਏ 'ਤੇ ਲਿਆ 
ਸੁਰਿੰਦਰ ਕੌਰ ਬਾਦਲ ਦੇ ਅਮਰੀਕਾ ਇਲਾਜ ਦੇ ਸਫਰ ਦੇ ਵਸੂਲੇ 8 ਲੱਖ ਰੁਪਏ 


ਜੈ ਸਿੰਘ ਛਿੱਬਰ,
 ਚੰਡੀਗੜ੍ਹ : ਬਾਦਲ ਪਰਿਵਾਰ ਨੇ ਸੱਤਾ ਦੇ ਦਸ ਵਰ੍ਹਿਆਂ ਦੌਰਾਨ ਇਕ ਅਰਬ, 21 ਕਰੋੜ 15 ਲੱਖ ਰੁਪਏ ਉਡਣ ਖਟੋਲੇ (ਹੈਲੀਕਾਪਟਰ/ ਚਾਰਟਰ) 'ਤੇ ਖਰਚ ਕਰ ਦਿੱਤੇ ਹਨ। ਇਹ ਰਾਸ਼ੀ ਤਾਂ ਸਿਰਫ਼ ਪ੍ਰਾਈਵੇਟ ਹੈਲੀਕਾਪਟਰ 'ਤੇ ਝੂਟੇ ਲੈਣ ਲਈ ਖਰਚ ਕੀਤੇ ਹਨ, ਜਦੋਂਕਿ ਸਰਕਾਰੀ ਹੈਲੀਕਾਪਟਰ 'ਤੇ ਸਿਰਫ਼ ਤਿੰਨ ਸਾਲਾਂ ਦੌਰਾਨ 7.27 ਕਰੋੜ ਰੁਪਏ ਅਲੱਗ ਤੋਂ ਖਰਚ ਕੀਤੇ ਹਨ। ਇਸੀ ਤਰ੍ਹਾਂ ਤਤਕਾਲੀ  ਅਕਾਲੀ ਭਾਜਪਾ ਸਰਕਾਰ ਨੇ 37 ਕਰੋੜ ਰੁਪਏ ਦੀ ਲਾਗਤ ਨਾਲ ਖਰੀਦ ਕੀਤਾ ਸਰਕਾਰੀ ਹੈਲੀਕਾਪਟਰ (ਚਾਰਟਰ) ਵੀ ਸਰਕਾਰੀ ਨਿਯਮਾਂ, ਸ਼ਰਤਾਂ ਨੂੰ ਅਣਦੇਖਾ ਕਰਕੇ ਖਰੀਦਿਆ ਹੈ।
ਦਿਲਚਸਪ ਗੱਲ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਪਰ 'ਤੇ ਸਫ਼ਰ ਦੌਰਾਨ 500 ਰੁਪਏ ਭੱਤਾ ਅਲੱਗ ਤੋਂ ਲੈਂਦੇ ਰਹੇ ਹਨ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਬੇਟੇ ਦਲਜੀਤ ਸਿੰਘ ਵਲੋਂ ਸੂਚਨਾ ਅਧਿਕਾਰ ਐਕਟ ਦੇ ਤਹਿਤ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਇਹ ਖੁਲਾਸਾ ਕੀਤਾ ਹੈ। 
ਸਿੱਧੂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਸਿਆਸੀ ਆਗੂਆਂ ਵਿਚ ਬਾਦਲ ਪਰਿਵਾਰ ਸੱਭਤੋਂ ਵੱਧ ਅਮੀਰ ਪਰਿਵਾਰ ਹੈ, ਪਰ ਤੰਗ ਦਿਲੀ ਤੇ ਸੌੜੀ ਸੋਚ ਕਾਰਨ ਉਨ੍ਹਾਂ ਨੇ ਪੰਜਾਬ ਦਾ ਬੇਹੱਦ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਪੰਡ ਥੱਲੇ ਦੱਬੇ ਪੰਜਾਬ ਦੀ ਮਾੜੀ ਵਿੱਤੀ ਹਾਲਤ ਹੋਣ ਦੇ ਬਾਵਜੂਦ ਬਾਦਲ ਪਰਿਵਾਰ ਨੇ ਪੰਜਾਬ ਤੇ ਪੰਜਾਬ ਦੇ ਕੁਦਰਤੀ ਸਰੋਤ ਬਚਾਉਣ ਦੀ ਬਜਾਏ ਸੂਬੇ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਅਤੇ ਆਪਣੇ ਕਾਰੋਬਾਰ ਦਾ ਕਈ ਗੁਣਾ ਮੁਨਾਫ਼ਾ ਵਧਾ ਲਿਆ। 
ਸਿੱਧੂ ਨੇ ਦੱਸਿਆ ਕਿ ਪ੍ਰਾਪਤ ਸੂਚਨਾ ਅਨੁਸਾਰ ਸੁਰਿੰਦਰ ਕੌਰ ਬਾਦਲ ਦਾ ਮੱੈਮੋਰੀਅਲ ਸਲੋਨ ਕੈਟਰਿੰਗ ਇੰਟਰਨੈਸ਼ਨਲ ਸੈਂਟਰ ਅਮਰੀਕਾ ਵਿਚ ਕੈਂਸਰ ਦਾ ਇਲਾਜ਼ ਲਈ 24 ਮਾਰਚ 2010 ਅਤੇ 5 ਨਵੰਬਰ 2010 ਦੌਰਾ ਦਾ ਮੁੱਖ ਮੰਤਰੀ ਨੇ 7,97,354 ਰੁਪਏ ਸਫ਼ਰ ਭੱਤੇ ਵਜੋਂ ਵਸੂਲ ਕੀਤੇ ਹਨ। ਹੈਰਾਨੀ ਦੀ ਗੱਲ ਹੈ ਕਿ ਦਿੱਲੀ ਤੋਂ ਨਿਊਯਾਰਕ ਅਤੇ ਨਿਊਯਾਰਕ ਦੀ ਦੋ ਵਾਰ ਕੀਤੇ ਗਏ ਸਫ਼ਰ ਦੀਆਂ ਟਿਕਟਾਂ ਤੇ ਬੋਰਡਿੰਗ ਪਾਸ ਟਰੇਸ ਨਹੀਂ ਹੋ ਸਕੇ। ਰਿਪੋਰਟ ਵਿਚ ਸਪਸ਼ਟ ਲਿਖਿਆ ਹੋਇਆ ਹੈ ਕਿ ਸ੍ਰੀ ਮਤੀ ਬਾਦਲ ਦੇ ਵਿਦੇਸ਼ੀ ਯਾਤਰਾ ਤੇ ਆਏ ਖਰਚ ਦੀ ਕੇਵਲ ਰਸੀਦ ਭੇਜੀ ਗਈ ਹੈ, ਜਦੋਂ ਕਿ ਐਕਟ ਵਿਚ ਉਪਬੰਧ ਅਨੁਸਾਰ ਟਿਕਟਾਂ ਦੇ ਬੋਰਡਿੰਗ ਪਾਸ ਪੇਸ਼ ਕਰਨੇ ਜਰੂਰੀ ਹਨ। 
ਉਨ੍ਹਾਂ ਕਿਹਾ ਕਿ ਮਾਰਚ 2012 ਤੋਂ ਦਸੰਬਰ 2013 ਤੱਕ ਬਾਦਲ ਨੇ 32 ਗੱਡੀਆਂ 'ਤੇ 8.22 ਕਰੋੜ ਅਤੇ ਸੁਖਬੀਰ ਬਾਦਲ ਨੇ 19 ਗੱਡੀਆਂ 'ਤੇ 5.9 ਕਰੋੜ ਰੁਪਏ ਕੁੱਲ 13.31 ਕਰੋੜ ਰੁਪਏ ਤੇਲ 'ਤੇ ਖਰਚ ਕਰ ਦਿੱਤੇ। ਇਕ ਸਵਾਲ ਦੇ ਜਵਾਬ ਵਿਚ ਸਿੱਧੂ ਨੇ ਮੰਨਿਆਂ ਕਿ ਮੁੱਖ ਮੰਤਰੀ ਹੈਲੀਕਾਪਟਰ ਦੀ ਵਰਤੋ ਦਾ ਅਧਿਕਾਰ ਰੱਖਦਾ ਹੈ, ਪਰ ਨਾਲ ਹੀ ਉਨ੍ਹਾਂ ਕਿ ਜਦੋਂ ਸਰਕਾਰੀ ਹੈਲੀਕਾਪਟਰ ਤਾਂ ਕਿਉਂ ਪ੍ਰਾਈਵੇਟ ਹੈਲੀਕਾਪਟਰ ਚਾਰਟਡ ਕਿਰਾਏ 'ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ, ਗੁਜਰਾਤ, ਅਹਿਮਦਬਾਦ ਜਾਂ ਮੁੰਬਈ ਲਈ ਚੰਡੀਗੜ੍ਹ ਤੋਂ ਹਵਾਈ ਜਹਾਜ਼ ਚੱਲਦੇ ਹਨ, ਉਨ੍ਹਾਂ 'ਤੇ ਵੀ ਸਫ਼ਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਤਾਂ ਸਰਕਾਰੀ ਖਜ਼ਾਨੇ ਵਿਚੋ ਤਨਖਾਹ ਨਾ ਲੈਣ ਦੇ ਬਿਆਨ ਦਿੰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਅਪ੍ਰੈਲ 2016 ਦੀ ਤਨਖਾਹ ਦਾ 1,54,000 ਹਜ਼ਾਰ ਰੁਪਏ ਦਾ ਬਿਲ ਵੀ ਦਿਖਾਇਆ। 
ਸਿੱਧੂ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਤਿੰਨ ਚਾਰ ਹੋਰ ਪ੍ਰੈਸ ਕਾਨਫਰੰਸਾਂ ਕਰਨਗੇ ਅਤੇ ਲੋਕਾਂ ਨੂੰ ਜਾਣੂ ਕਰਵਾਉਣਗੇ ਕਿ ਕਿਵੇਂ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਹਿੱਤਾਂ ਤੇ ਸ਼ੋਹਰਤ ਲਈ ਪੰਜਾਬ ਨੂੰ ਕਰਜ਼ਈ ਬਣਾਇਆ। 

ਕੈਪਟਨ ਸਰਕਾਰ ਨੇ ਰਾਜਪਾਲ ਤੇ ਡੀਜੀਪੀ ਲਈ ਲਿਆ ਹੈਲੀਕਾਪਟਰ 
ਸਿੱਧੂ ਨੇ ਦੱਸਿਆ ਕਿ ਪ੍ਰਾਪਤ ਸੂਚਨਾ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਿਸੇ ਵੀ ਮੰਤਰੀ ਲਈ ਸਰਕਾਰ ਨੇ ਚਾਰਟਡ , ਹੈਲੀਕਾਪਟਰ ਕਿਰਾਏ 'ਤੇ ਨਹੀਂ ਲਿਆ। ਉਨ੍ਹਾਂ ਦੱਸਿਆ ਕਿ 12 ਸਤੰਬਰ 2017 ਨੂੰ ਮੁੱਖ ਸਕੱਤਰ ਤੇ ਡੀ.ਜੀ.ਪੀ ਪੰਜਾਬ ਲਈ ਡੇਰਾ ਸਿਰਸਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਤਪਨ ਹੋਈ ਅਮਨ ਕਾਨੂੰਨ ਦੀ ਸਥਿਤੀ 'ਤੇ ਨਜ਼ਰ ਰੱਖਣ ਚੈਲੇਂਜਰ ਐਵੀਏਸ਼ਨ ਤੋਂ ਪ੍ਰਾਈਵੇਟ ਹੈਲੀਕਾਪਟਰ 'ਤੇ 21,26,197 ਲੱਖ ਰੁਪਏ, ਰਾਜਪਾਲ ਪੰਜਾਬ ਲਈ 24 ਮਾਰਚ ਨੂੰ ਕਿਰਾਏ 'ਤੇ ਲਏ ਹੈਲੀਕਾਪਟਰ 5,96,888 ਰੁਪਏ ਅਤੇ 27 ਤੇ 28 ਮਈ ਨੂੰ 10,61,408 ਲੱਖ ਰੁਪਏ ਯਾਨੀ ਕੁੱਲ 37,85,493 ਰੁਪਏ ਖਰਚ ਕੀਤੇ ਗਏ ਹਨ। 

No comments:

Post a Comment