Monday, 9 July 2018

ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਪੁਲਿਸ ਮੁਕਾਬਲੇ ਦੌਰਾਨ ਜਖ਼ਮੀ, ਗ੍ਰਿਫ਼ਤਾਰ



ਦੋ ਗੋਲੀਆਂ ਵੱਜੀਆਂ ਪੀ.ਜੀ.ਆਈ ਚੰਡੀਗੜ੍ਹ 'ਚ ਦਾਖਲ 
ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੇ ਸਾਂਝੇ ਆਪਰੇਸ਼ਨ 'ਚ ਫੜਿਆ 


ਜੈ ਸਿੰਘ ਛਿੱਬਰ,
ਚੰਡੀਗੜ੍ਹ 9 july : ਪੰਜਾਬ ਪੁਲਿਸ ਨੇ ਅੱਜ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਨਾਮੀ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਉਰਫ਼ ਢਾਹਾ ਨੂੰ ਸੈਕਟਰ 43 'ਚੋ ਮਾਮੂਲੀ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਸੈਕਟਰ 43 ਬੱਸ ਅੱਡੇ ਦੇ ਨੇੜ੍ਹੇ ਜਲੰਧਰ ਪੁਲਿਸ ਅਤੇ ਇੰਟੈਲੀਜੈਂਸ ਪੁਲਿਸ ਵਲੋਂ ਪੁਖ਼ਤਾ ਜਾਣਕਾਰੀ ਦੇ ਆਧਾਰ 'ਤੇ ਨਾਕਾ ਲਗਾਇਆ ਹੋਇਆ ਸੀ, ਜਦੋਂ ਪੁਲਿਸ ਨੇ ਦਿਲਪ੍ਰੀਤ ਸਿੰਘ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਅੱਗਿਓ ਦਿਲਪ੍ਰੀਤ ਸਿੰਘ ਨੇ ਪੁਲਿਸ ਪਾਰਟੀ 'ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਦੌਰਾਨ ਪੁਲਿਸ ਵਲੋਂ ਦੋ ਗੋਲੀਆਂ ਚਲਾਈਆਂ ਗਈਆਂ ਜੋ ਗੈਂਗਸਟਰ ਦਿਲਪ੍ਰੀਤ ਸਿੰਘ ਦੀਆਂ ਲੱਤਾਂ (ਪੱਟ) ਵਿਚ ਵੱਜੀਆਂ। ਪੁਲਿਸ ਨੇ ਤੁਰੰਤ ਦਿਲਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲੈ ਪਹਿਲਾਂ ਛੇ ਫੇਜ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਬਾਦ ਵਿਚ ਉਸਨੂੰ ਪੀ.ਜੀ.ਆਈ 'ਚ ਰੈਫਰ ਕੀਤਾ ਗਿਆ। ਦਿਲਪ੍ਰੀਤ ਸਿੰਘ ਉਰਫ ਬਾਬਾ ਪਿੰਡ ਢਾਹਾ ਥਾਣਾ ਨੂਰਪੁਰਬੇਦੀ ਜਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹੈ। 
ਅੱਜ ਦੇਰ ਸ਼ਾਮ ਜਲੰਧਰ ਦੇ ਐਸ.ਐਸ.ਪੀ (ਦੇਹਾਤ) ਗੁਰਪ੍ਰੀਤ ਸਿੰਘ ਭੁੱਲਰ ਅਤੇ ਇੰਟੈਲੀਜੈਂਸ ਵਿੰਗ ਦੇ ਏ.ਆਈ.ਜੀ ਵਰਿੰਦਰਪਾਲ ਸਿੰਘ ਨੇ ਸਾਂਝੀ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਨੇ ਚੰਡੀਗੜ੍ਹ ਪੁਲਿਸ ਦਾ ਸਹਿਯੋਗ ਲਿਆ ਸੀ, ਜਦੋਂ ਕਿ ਪੂਰੀ ਜਾਣਕਾਰੀ ਤੇ ਆਪਰੇਸ਼ਨ ਪੰਜਾਬ ਪੁਲਿਸ ਦਾ ਸੀ। ਪੁਲਿਸ ਨੇ ਦੋਸ਼ੀ ਕੋਲੋ ਬਰਾਮਦ ਗੱਡੀ ਵਿਚੋਂ ਇਕ ਪਿਸਤੌਲ 30 ਬੋਰ, ਇਕ 30 ਬੋਰ ਦੀ ਰਾਇਫਲ ਤੇ 28 ਕਾਰਤੂਸ, 12 ਬੋਰ ਦੇ 59 ਕਾਰਤੂਸ, ਇਕ ਬੈਲਟ ਕਾਰਤੂਸ ਵਾਲੀ, ਨਕਲੀ ਦਾੜੀ ਮੁੱਛ, ਦੋ ਜਾਅਲੀ ਨੰਬਰ ਪਲੇਟ, ਤਿੰਨ ਹਾਕੀਆਂ ਤੇ ਇਕ ਰਾਡ ਬਰਾਮਦ ਹੋਈ ਹੈ। 
ਐਸ.ਐਸ.ਪੀ ਅਨੁਸਾਰ ਕ੍ਰਾਈਮ ਬ੍ਰਾਂਚ ਨੂੰ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਚੰਡੀਗੜ੍ਹ ਵਿਚ ਰਹਿਣ ਸੈਕਟਰ 43 ਕੋਲ ਕਿਸੇ ਵਿਅਕਤੀ ਨੂੰ ਮਿਲਣ ਦੀ ਪੁਖ਼ਤਾ ਜਾਣਕਾਰੀ ਸੀ। 
ਸੋਮਵਾਰ ਦੁਪਹਿਰ ਪੌਣੇ ਬਾਰਾਂ ਵਜੇ ਦੇ ਕਰੀਬ ਦਿਲਪ੍ਰੀਤ ਸਿੰਘ ਢਾਹਾ ਉਰਫ਼ ਬਾਬਾ ਸਵੀਫ਼ਟ ਕਾਰ ਨੰਬਰ ਐਚ.ਆਰ 04 ਜੀ 0834 ਵਿਚ ਸੈਕਟਰ 43 ਬੱਸ ਸਟੈਂਡ ਵੱਲ ਜਾ ਰਿਹਾ ਸੀ। ਅੱਗੇ ਪੰਜਾਬ ਪੁਲਿਸ ਵਲੋਂ ਸੈਕਟਰ 43 ਕਚਿਹਰੀਆਂ ਦੇ ਕੋਲ੍ਹ ਨਾਕਾ ਲਾਇਆ ਹੋਇਆ ਸੀ। ਪੁਲਿਸ ਨੇ ਦਿਲਪ੍ਰੀਤ ਸਿੰਘ ਬਾਬਾ  ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਗੱਡੀ ਵਾਪਸ ਮੋੜਨ ਦਾ ਯਤਨ ਕੀਤਾ ਜਦੋਂ ਕਿ ਪਹਿਲਾਂ ਹੀ ਬਣਾਈ ਵਿਉਂਤੀਬੰਦੀ ਅਨੁਸਾਰ ਚੰਡੀਗੜ੍ਹ ਪੁਲਿਸ ਦਾ ਇੰਸਪੈਕਟਰ ਅਮਨਜੋਤ ਸਿੰਘ ਉਸਦਾ ਪਿੱਛਾ ਕਰ ਰਿਹਾ ਸੀ ਤੇ ਪਿੱਛੇ ਤੋਂ ਦਿਲਪ੍ਰੀਤ ਦੀ ਗੱਡੀ ਵਿਚ ਗੱਡੀ ਮਾਰ ਦਿੱਤੀ। ਗੈਂਗਸਟਰ ਨੇ ਪੁਲਿਸ ਪਾਰਟੀ ਨੂੰ ਦੇਖਕੇ ਗੋਲੀ ਚਲਾ ਦਿੱਤੀ ਤਾਂ ਪੁਲਿਸ ਨੇ ਜਵਾਬੀ ਗੋਲੀ ਚਲਾਈ ਅਤੇ ਦੋ ਗੋਲੀਆਂ ਦਿਲਪ੍ਰੀਤ ਸਿੰਘ ਬਾਬਾ ਦੀਆਂ ਲੱਤਾਂ ਵਿਚ ਲੱਗੀਆਂ। 

ਪਿਛਲੇ ਸਾਲ ਤੋਂ ਚੰਡੀਗੜ੍ਹ ਰਹਿ ਰਿਹਾ ਸੀ 
ਐਸ.ਐਸ.ਪੀ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਦਿਲਪ੍ਰੀਤ ਸਿੰਘ ਆਪਣੀ ਦੋਸਤ ਰੁਪਿੰਦਰ ਕੌਰ ਨਾਲ ਮਕਾਨ ਨੰਬਰ 2567 ਸੈਕਟਰ 38 ਵਿਚ ਰਹਿ ਰਿਹਾ ਸੀ। ਇਸੀ ਤਰ੍ਹਾਂ ਦਿਲਪ੍ਰੀਤ ਸਿੰਘ ਨੇ ਵਾਹਿਗੂਰ ਨਗਰ ਨਵਾਂਸ਼ਹਿਰ ਵਿਚ ਆਪਣੀ ਠਾਹਰ ਬਣਾਈ ਹੋਈ ਸੀ ਉਥੇ ਹਰਪ੍ਰੀਤ ਕੌਰ ਨਾਲ ਰਹਿ ਰਿਹਾ ਸੀ। ਪੁਲਿਸ ਨੂੰ ਤਲਾਸ਼ੀ ਦੌਰਾਨ ਇਕ ਕਿਲੋ ਹੋਰੋਇਨ ਅਤੇ ਕੁੱਝ ਤਾਕਤ ਵਧਾਉਣ ਕੈਪਸੂਲ ਵੀ ਬਰਾਮਦ ਹੋਏ ਹਨ। 
ਪੁਲਿਸ ਅਨੁਸਾਰ ਦੋਸ਼ੀ ਨੇ ਕਲੀਨਸ਼ੇਵ ਕੀਤੀ ਹੋਈ ਸੀ ਤਾਂ ਜੋ ਪਹਿਚਾਣ ਛੁਪਾਈ ਜਾ ਸਕੇ। ਜਦੋਂ ਕਿ ਫੇਸਬੁੱਕ 'ਤੇ ਫੋਟੋ ਅਪਲੋਡ ਕਰਨ ਲਈ ਉਹ ਨਕਲੀ ਦਾੜ੍ਹੀ ਮੁੱਛ ਲਗਾ ਦਿੰਦਾ ਸੀ। ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਹੋਰ ਗੈਂਗਸ਼ਟਰਾਂ ਨੂੰ ਚਿੱਟਾ, ਹੈਰੋਇਨ ਆਦਿ ਸਪਲਾਈ ਕਰਦਾ ਸੀ। 

ਇਨ੍ਹਾਂ ਅਧਿਕਾਰੀਆਂ ਨੇ ਦਿੱਤਾ ਅਪਰੇਸ਼ਨ ਨੂੰ ਅੰਜਾਮ 
ਪੰਜਾਬ ਪੁਲਿਸ ਵਲੋਂ ਕੀਤੇ ਗਏ ਅਪ੍ਰੇਸ਼ਨ ਸਮੇਂ ਜਲੰਧਰ ਦੇ ਡੀ.ਐਸ.ਪੀ ਮੁਕੇਸ਼ ਕੁਮਾਰ, ਸੀ.ਆਈ.ਏ ਇੰਚਾਰਜ ਇੰਸਪੈਕਟਰ ਮੁਕੇਸ਼ ਕੁਮਾਰ, ਸਪੈਸ਼ਲ ਕ੍ਰਾਈਮ ਬ੍ਰਾਂਚ ਦੇ ਡੀਐਸਪੀ ਤੇਜਿੰਦਰ ਸਿੰਘ ਸੰਧੂ, ਡੀਐੱਸਪੀ ਰਾਕੇਸ਼ ਯਾਦਵ, ਇੰਸਪੈਕਟਰ ਗੁਰਚਰਨ ਸਿੰਘ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਵਲੋਂ ਪੂਰੇ ਆਪਰੇਸ਼ਨ ਨੂੰ 


25 ਕੇਸਾਂ ਵਿਚ ਪੁਲਿਸ ਨੂੰ ਲੌੜੀਂਦਾ ਸੀ --
ਐਸ.ਐਸ.ਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਖਿਲਾਫ ਪੰਜਾਬ ਵਿਚ 25 ਕੇਸ ਦਰਜ਼ ਹਨ, ਜਿਨ੍ਹਾਂ ਵਿਚ ਪੁਲਿਸ ਨੂੰ ਲੋੜੀਂਦਾ ਸੀ। ਇਸੀ ਤਰ੍ਹਾਂ ਮਹਾਰਾਸ਼ਟਰ ਵਿਚ ਵੀ ਦੋਸ਼ੀ ਖਿਲਾਫ ਕੇਸ ਦਰਜ ਹੈ। ਜਾਣਕਾਰੀ ਅਨੁਸਾਰ ਕਰੀਬ ਦੋ ਸਾਲ ਪਹਿਲਾਂ ਸਰਪੰਚ ਸਤਨਾਮ ਸਿੰਘ ਦੇ ਕਤਲ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੂੰ ਦਿਲਪ੍ਰੀਤ ਸਿੰਘ ਬਾਬਾ ਲੌੜੀਂਦਾ ਸੀ। ਇਸੀ ਤਰ੍ਹਾਂ ਪੰਜਾਬ  ਪੁਲਿਸ ਨੂੰ ਵੀ ਕਈ ਮਾਮਲਿਆਂ ਵਿਚ ਦਿਲਪ੍ਰੀਤ ਸਿੰਘ ਬਾਬਾ ਲੌੜੀਂਦਾ ਸੀ। ਦਿਲਪ੍ਰੀਤ 'ਤੇ ਕੁੱਝ ਮਹੀਨੇ ਪਹਿਲਾਂ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਗੋਲੀ ਮਾਰਨ ਦਾ ਵੀ ਦੋਸ਼ ਹੈ। ਇਸੀ ਤਰ੍ਹਾਂ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਵੀ ਧਮਕੀ ਦਿੱਤੀ ਸੀ। 

ਪੁਲਿਸ ਹਿਰਾਸਤ ਤੋਂ ਫਰਾਰ ਹੋਇਆ ਸੀ--
ਜਾਣਕਾਰੀ ਅਨੁਸਾਰ ਕਿਸੇ ਮਾਮਲੇ ਵਿਚ ਉਹ ਹੁਸ਼ਿਆਰਪੁਰ ਜੇਲ੍ਹ ਵਿਚ ਬੰਦ ਸੀ ਅਤੇ ਨੂਰਪੁਰਬੇਦੀ ਪੁਲਿਸ ਥਾਣਾ ਅਧੀਨ ਦਰਜ਼ ਇਕ ਮਾਮਲੇ ਵਿਚ ਪੁਲਿਸ ਉਸਨੂੰ ਰੋਪੜ ਅਦਾਲਤ ਵਿਚ ਪੇਸ਼ ਕਰਨ ਲਈ ਲਿਆ ਰਹੀ ਸੀ, ਇਸੀ ਦੌਰਾਨ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। 

ਅੱਜ ਦਰਜ਼ ਹੋਏ ਤਿੰਨ ਮਾਮਲੇ ---
ਐਸ.ਐਸ.ਪੀ ਨੇ ਦੱਸਿਆ ਕਿ ਅੱਜ ਵਾਕਿਆ (ਘਟਨਾਂ ਸਥਾਨ) ਚੰਡੀਗੜ੍ਹ ਦਾ ਹੋਣ ਕਰਕੇ ਸੈਕਟਰ 36 ਪੁਲਿਸ ਸਟੇਸ਼ਨ 'ਚ ਡੀ.ਐਸ.ਪੀ ਤਜਿੰਦਰ ਸਿੰਘ ਦੇ ਬਿਆਨਾਂ 'ਤੇ ਕੇਸ ਦਰਜ ਕਰਵਾਇਆ ਗਿਆ ਹੈ। ਇਸੀ ਤਰ੍ਹਾਂ ਇੰਟੈਲੀਜੈਂਸ ਵਿੰਗ ਨੇ ਇਕ ਮੁਕਦਮਾ ਮੋਹਾਲੀ ਥਾਣੇ  ਅਤੇ ਇਕ ਮਾਮਲਾ ਨਵਾਂਸ਼ਹਿਰ ਥਾਣੇ ਵਿਚ ਦਰਜ਼ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀ ਖਿਲਾਫ ਇਰਾਦਾ ਕਤਲ, ਆਰਮਜ਼ ਐਕਟ, ਐਨ.ਡੀ.ਪੀ.ਐਸ ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਹੈ। ਪੁਲਿਸ ਦਿਲਪ੍ਰੀਤ ਸਿੰਘ ਬਾਬਾ ਦੀ ਗ੍ਰਿਫ਼ਤਾਰੀ ਨੂੰ ਵੱਡੀ ਕਾਮਯਾਬੀ ਮੰਨ ਰਹੀ ਹੈ।

No comments:

Post a Comment