Monday, 2 July 2018

ਨਸ਼ੇ : ਸਿਆਸਤ ਤੇ ਲੋਕ

ਨਸ਼ਾ : ਸਿਆਸਤ ਤੇ ਲੋਕ 
       
ਚਿੱਟੇ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ ਹੈ ..ਕਈ ਘਰਾਂ ਦੇ ਚਿਰਾਗ ਬੁੱਝ ਗਏ ..ਮਾਵਾਂ, ਭੈਣਾਂ ਦੇ ਕੀਰਨਿਆ ਨੇ ਦਿਲ ਨੂੰ ਧੁਰ ਅੰਦਰ ਤੱਕ ਹਲ਼ੂਣ ਦਿੱਤਾ ...ਪੰਜਾਬ ਹਿਤੇਸ਼ੀਆਂ, ਸਾਹਿਤਕਾਰਾਂ ਲੇਖਕਾਂ ,ਨਾਟਕਕਾਰਾਂ ,ਪੱਤਰਕਾਰਾਂ ਅਤੇ ਮਾਵਾਂ ਦਾ ਦਰਦ ਸਮਝਦਿਆ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ 'ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫ਼ਤਾ ' ਮਨਾਉਣ ਦਾ ਹੋਕਾ ਦਿੱਤਾ ।
ਨਾਟਕਕਾਰ ਪਾਲੀ ਭੁਪਿੰਦਰ, ਪੱਤਰਕਾਰ ਬਲਤੇਜ ਪਨੂੰ, ਵਕੀਲ ਸਿੰਘ ਸਮੇਤ ਕੁਝ ਦਰਦਮੰਦੀਆਂ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ  1ਤੋ 7 ਜੁਲਾਈ ਤੱਕ 'ਚਿੱਟੇ ਖਿਲਾਫ਼ ਕਾਲਾ ਹਫ਼ਤਾ ' ਅਤੇ ' ਮਰੋ ਜਾਂ ਵਿਰੋਧ ਕਰੋ ' ਦੇ ਬੈਨਰ ਹੇਠ ਸੋਸ਼ਲ ਮੀਡੀਆ ਤੇ ਇਕ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਇਸ ਮੁਹਿੰਮ ਨੂੰ ਸੋਸ਼ਲ ਮੀਡੀਆ ਤੇ ਐਨਾ ਹੁੰਗਾਰਾ ਮਿਲਿਆ ਕਿ ਲੋਕ ਆਪ ਮੁਹਾਰੇ ਮੁਹਿੰਮ ਦਾ ਹਿੱਸਾ ਬਣਨ ਲੱਗੇ। 
ਸੋਸ਼ਲ ਮੀਡੀਆ ਤੇ ਮੁਹਿੰਮ ਚਲਾਉਣ ਵਾਲੇ ਇਨ੍ਹਾਂ ਪੰਜਾਬ ਹਿਤੈਸ਼ੀਆਂ ਨੇ ਨੌਜਵਾਨਾਂ ਨੂੰ ਕਾਲੀ ਪੱਗ ਬੰਨਣ , ਅੌਰਤਾਂ ਨੂੰ ਕਾਲੀ ਚੁੰਨੀ ਲੈਣ,ਕਾਲੇ ਬੈਜ ਲਾਓਣ,ਕਾਲੇ ਕੱਪੜੇ ਪਾਉਣ ਦੇ ਨਾਲ ਨਾਲ ਸੜਕਾਂ ਤੇ ਨਾ ਉਤਰਨ,ਕੋਈ ਟਰੈਫਿਕ ਜਾਮ ਨਾ ਕਾਰਨ,  ਕਿਸੇ ਤਰ੍ਹਾਂ ਦਾ ਧਰਨਾ ਪ੍ਰਦਰਸ਼ਨ ਨਾ ਕਰਨ ਦਾ  ਸੱਦਾ ਦਿੱਤਾ ਸੀ।
ਪਰ ਦੂਜੇ ਪਾਸੇ ਇਸ ਨਾਜ਼ੁਕ ਤੇ ਗੰਭੀਰ ਮੁੱਦੇ 'ਤੇ ਇੱਕ ਵਾਰ ਫਿਰ ਸਿਆਸਤਦਾਨਾਂ ਨੇ ਆਪਣੀ ਸਿਆਸਤ ਸ਼ੁਰੂ ਕਰ ਦਿੱਤੀ। 
ਕੋਈ ਸ਼ੱਕ ਨਹੀਂ ਕਿ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੁੱਕ ਕੇ ਚਾਰ ਹਫਤਿਆਂ ਚ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ।ਸਰਕਾਰ ਨਸ਼ਿਆਂ ਦੇ ਮੁੱਦੇ ਤੇ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ।
ਪਰ ਦੁੱਖ ਤੇ ਹੈਰਾਨ ਕਰਨ ਵਾਲੀ ਖਬਰ ਇਹ ਹੈ ਕਿ ਦਸ ਸਾਲ ਤੱਕ ਸੱਤਾ ਦਾ ਆਨੰਦ ਲੈਣ ਵਾਲੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਵੱਲੋਂ ਵੀ ਨਸ਼ਿਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ   ਦਸ ਸਾਲਾਂ ਤੱਕ ਸੱਤਾ ਦਾ ਅਨੰਦ ਲੇਣ ਵਾਲੇ ਭਾਜਪਾ ਆਗੂਆਂ ਨੇ ਪਹਿਲਾਂ ਆਵਾਜ਼ ਕਿਉਂ ਨਹੀਂ ਚੁੱਕੀ। ਦੁੱਖ ਇਸ ਗੱਲ ਦਾ ਹੈ ਕਿ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਚੁੱਕ ਸੁੰਹ ਲੈਣ ਦੀ ਗੱਲ ਕਰ ਰਹੇ ਨੇ ਪਰ ਪਿਛਲੇ ਦਸ ਸਾਲਾਂ ਵਿੱਚ ਕੀਹਨੇ ਕੀ ਕੀਤਾ ਇਸ ਨੂੰ ਲੈ ਕੇ ਉਹ  ਮੂੰਹ ਨੂੰ ਜਿੰਦਾ ਲਾ ਲੈੰਦੇ ਹਨ। 
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕੁਝ ਸਵਾਈ ਆਗੂਆਂ ਨੇ ਵੀ ਚੰਡੀਗੜ੍ਹ ਵਿੱਚ ਧਰਨਾ ਦਿੱਤਾ । ਆਪ ਆਗੂਆਂ ਨੇ ਵੀ ਇਸ ਨਾਜ਼ੁਕ ਮੁੱਦੇ ਤੇ ਸਿਆਸਤ ਕਰਨ ਨੂੰ ਤਰਜ਼ੀਹ ਦਿੱਤੀ ਇਹ ਗੱਲ ਵੱਖਰੀ ਹੈ ਕਿ ਉਹ ਸਮੇਂ ਸਮੇਂ ਨਸ਼ੇ ਦੇ ਮੁੱਦੇ ਤੇ ਬੋਲਦੇ ਰਹੇ ਹਨ । 
ਚਾਹੀਦਾ ਤਾਂ ਇਹ ਸੀ ਕਿ ਸਿਆਸਤਦਾਨ  ਇਸ ਨਾਜ਼ੁਕ ਮੁੱਦੇ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ..ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨ ਦੀ ਥਾਂ ਨਸ਼ਿਆਂ ਨੂੰ ਰੋਕਣ ਲਈ ਕੋਈ ਹੱਲ ਕੱਢਣ ਦਾ ਯਤਨ ਕਰਦੇ । ਪਰ ਮੀਡੀਆ ਵਿੱਚ ਆਉਣ ਅਤੇ ਆਪਣੀ ਸਿਆਸਤ ਚਮਕਾਉਣ ਲਈ ਇਹ ਸੜਕਾਂ ਤੇ ਉਤਰ ਆਏ।
ਪੰਜਾਬ ਦੇ ਦਰਦ ਨੂੰ ਸਮਝਣ ਵਾਲੇ, ਨੌਜਵਾਨੀ ਨੂੰ ਬਚਾਉਣ ਵਾਲੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਇਨ੍ਹਾਂ ਸਿਆਸੀ ਆਗੂਆਂ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਨਸ਼ੇ ਨੂੰ ਰੋਕਣ ਲਈ ਤੁਹਾਡੇ ਜਾਂ ਤੁਹਾਡੀ ਪਾਰਟੀ ਕੋਲ ਕੀ ਹੱਲ ਹੈ ? ਦੂਜੀ ਗੱਲ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਨਸ਼ਿਆਂ ਦੇ ਮੁੱਦੇ ਤੇ ਦਿੱਤੇ ਜਾ ਰਹੇ ਕਿਸੇ ਧਰਨੇ  ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ...ਤਾਂ ਜੋ ਇਨ੍ਹਾਂ ਸਿਆਸਤਦਾਨਾਂ ਨੂੰ ਸਬਕ ਮਿਲੇ ਕਿ ਲੋਕ ਹੁਣ ਲਾਮਬੰਦ ਹੋ ਗਏ ਨੇ ਅਤੇ ਬਹੁਤੀ ਦੇਰ ਇਨ੍ਹਾਂ ਦੀਆਂ ਲੂੰਬੜ ਚਾਲਾਂ ਵਿਚ ਨਹੀਂ ਫਸਣਗੇ...ਸਿਆਸਤਦਾਨ ਤਾਂ ਪਿਛਲੇ ਡੇਢ ਦੋ ਦਹਾਕਿਆਂ ਤੋਂ ਇਸ ਮੁੱਦੇ ਤੇ ਨੌਜਵਾਨਾਂ ਦੀ ਜ਼ਿੰਦਗੀਆਂ ਅਤੇ ਲਾਸ਼ਾਂ ਤੇ ਸਿਆਸੀ ਰੋਟੀਆਂ ਸੇਕ ਰਹੇ ਹਨ। 
ਲੋਕਾਂ ਨੂੰ ਆਪਣੇ ਪੁੱਤ ਬਚਾਉਣ ਲਈ ਖੁਦ ਹੀ ਅੱਗੇ ਆਉਣਾ ਪਵੇਗਾ.. ਗੁਰਬਾਣੀ ਦਾ ਵੀ ਫੁਰਮਾਨ ਹੈ "ਆਪਣੇ ਹੱਥੀਂ ਆਪਣਾ ਕਾਜ ਸਵਾਰੀਏ "
ਜਾਗੋ ਪੰਜਾਬੀਓ ਜਾਗੋ। 
ਜੈ ਸਿੰਘ ਛਿੱਬਰ.ਚੰਡੀਗੜ੍ਹ 
9855452043

No comments:

Post a Comment